ਜਲ੍ਹਿਆਂਵਾਲਾ ਕਾਂਡ ਦੇ ਪੀੜਤ ਹੱਕਾਂ ਲਈ ਡਟੇ

ਅੰਮ੍ਰਿਤਸਰ: ਪਾਕਿਸਤਾਨ ਸਥਿਤ ਲਾਹੌਰ ਦੀ ਕੋਟ ਲੱਖਪਤ ਜੇਲ੍ਹ ਵਿਚ ਹੋਏ ਜਾਨਲੇਵਾ ਹਮਲੇ ਮਗਰੋਂ ਮਾਰੇ ਗਏ ਸਰਬਜੀਤ ਸਿੰਘ ਨੂੰ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਸ਼ਹੀਦ ਐਲਾਨ ਕੇ ਉਸ ਦੇ ਪਰਿਵਾਰ ਨੂੰ ਵੱਡੀ ਧਨ ਰਾਸ਼ੀ ਤੇ ਹੋਰ ਸਹੂਲਤਾਂ ਦਿੱਤੇ ਜਾਣ ਮਗਰੋਂ ਜਲ੍ਹਿਆਂਵਾਲਾ ਬਾਗ ਸ਼ਹੀਦ ਪਰਿਵਾਰ ਸਮਿਤੀ ਦੇ ਮੈਂਬਰਾਂ ਨੇ ਵੀ ਮੰਗ ਕੀਤੀ ਹੈ ਕਿ 13 ਅਪਰੈਲ 1919 ਨੂੰ ਜਲ੍ਹਿਆਂਵਾਲਾ ਬਾਗ ਗੋਲੀ ਕਾਂਡ ਵਿਚ ਸ਼ਹੀਦ ਹੋਏ ਲੋਕਾਂ ਦੇ ਪਰਿਵਾਰਾਂ ਨੂੰ ਵੀ ਇਹ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ।
ਸਰਬਜੀਤ ਦੇ ਪਰਿਵਾਰ ਨੂੰ ਕੇਂਦਰ ਸਰਕਾਰ ਨੇ 25 ਲੱਖ ਰੁਪਏ ਨਕਦ ਤੇ ਹੋਰ ਸਹੂਲਤਾਂ ਤੇ ਪੰਜਾਬ ਸਰਕਾਰ ਨੇ ਇਕ ਕਰੋੜ ਰੁਪਏ ਤੇ ਹੋਰ ਸਹੂਲਤਾਂ ਦਿੱਤੀਆਂ ਹਨ। ਜਲ੍ਹਿਆਂਵਾਲਾ ਬਾਗ ਸ਼ਹੀਦ ਪਰਿਵਾਰ ਸਮਿਤੀ ਦੇ ਪ੍ਰਧਾਨ ਭੂਸ਼ਣ ਬਹਿਲ ਤੇ ਹੋਰ ਮੈਂਬਰਾਂ ਨੇ ਮੰਗ ਕੀਤੀ ਕਿ ਕੇਂਦਰ ਤੇ ਪੰਜਾਬ ਸਰਕਾਰ ਦੋਵਾਂ ਨੇ ਸਰਬਜੀਤ ਦੇ ਪਰਿਵਾਰ ਲਈ ਆਪਣੇ ਖਜ਼ਾਨੇ ਦੇ ਮੂੰਹ ਖੋਲ੍ਹ ਦਿੱਤੇ ਹਨ। ਜਦੋਂਕਿ 94 ਸਾਲ ਪਹਿਲਾਂ ਜਲ੍ਹਿਆਂਵਾਲਾ ਬਾਗ ਗੋਲੀ ਕਾਂਡ ਵਿਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਦੇਸ਼ ਦੀ ਆਜ਼ਾਦੀ ਦੇ 65 ਸਾਲ ਬਾਅਦ ਵੀ ਸ਼ਹੀਦ ਪਰਿਵਾਰ ਵਾਲੀਆਂ ਸਹੂਲਤਾਂ ਨਹੀਂ ਮਿਲੀਆਂ ਹਨ। ਕੇਂਦਰ ਸਰਕਾਰ ਵੱਲੋਂ ਜਲ੍ਹਿਆਂਵਾਲਾ ਬਾਗ ਗੋਲੀ ਕਾਂਡ ਵਿਚ ਸ਼ਹੀਦ ਹੋਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਵੀ ਸ਼ਹੀਦ ਪਰਿਵਾਰ ਦਾ ਦਰਜਾ ਦਿੱਤਾ ਜਾ ਚੁੱਕਾ ਹੈ ਪਰ ਇਹ ਦਰਜਾ ਇਕ ਕਾਗਜ਼ ਦਾ ਟੁਕੜਾ ਹੀ ਸਾਬਤ ਹੋਇਆ ਹੈ। ਉਨ੍ਹਾਂ ਆਖਿਆ ਕਿ ਉਹ ਸਰਬਜੀਤ ਦੇ ਪਰਿਵਾਰ ਨੂੰ ਮਿਲੀਆਂ ਸਹੂਲਤਾਂ ਖ਼ਿਲਾਫ਼ ਨਹੀਂ ਹਨ ਪਰ ਜਿਨ੍ਹਾਂ ਲੋਕਾਂ ਨੇ ਆਜ਼ਾਦੀ ਸੰਗਰਾਮ ਵੇਲੇ ਸੀਨੇ ‘ਤੇ ਗੋਲੀਆਂ ਖਾਧੀਆਂ ਤੇ ਕਈ ਤਸ਼ੱਦਦ ਝੱਲੇ, ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਇਹ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਸ਼ਹੀਦਾਂ ਦੇ ਪਰਿਵਾਰਾਂ ਨੂੰ ਪੈਨਸ਼ਨ, ਰੇਲਵੇ ਪਾਸ ਤੇ ਹੋਰ ਸਹੂਲਤਾਂ ਦਿੱਤੀਆਂ ਜਾਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਹੋਰਾਂ ਸ਼ਹੀਦ ਪਰਿਵਾਰਾਂ ਵਾਂਗ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਹੂਲਤਾਂ ਨਾ ਮਿਲੀਆਂ ਤਾਂ ਇਨ੍ਹਾਂ ਪਰਿਵਾਰਾਂ ਨੂੰ ਇਕ ਵਾਰ ਮੁੜ ਆਪਣਾ ਹੱਕ ਲੈਣ ਲਈ ਸੰਘਰਸ਼ ਦੇ ਰਾਹ ‘ਤੇ ਤੁਰਨਾ ਪਵੇਗਾ। ਜ਼ਿਕਰਯੋਗ ਹੈ ਕਿ ਜਲ੍ਹਿਆਂਵਾਲਾ ਬਾਗ ਗੋਲੀ ਕਾਂਡ ਨੂੰ ਵਾਪਰਿਆਂ ਭਾਵੇਂ 94 ਸਾਲ ਹੋ ਚੁੱਕੇ ਹਨ ਪਰ ਹੁਣ ਤੱਕ ਇਸ ਘਟਨਾ ਵਿਚ ਮਾਰੇ ਗਏ ਲੋਕਾਂ ਦੀ ਇਕ ਪ੍ਰਮਾਣਿਤ ਸੂਚੀ ਤਿਆਰ ਨਹੀਂ ਹੋ ਸਕੀ। ਇਸ ਵੇਲੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਮੌਜੂਦ ਸੂਚੀ ਵਿਚ ਸ਼ਹੀਦਾਂ ਦੀ ਗਿਣਤੀ 501, ਜਲ੍ਹਿਆਂਵਾਲਾ ਬਾਗ ਸ਼ਹੀਦ ਪਰਿਵਾਰ ਸਮਿਤੀ ਕੋਲ ਮੌਜੂਦ ਸੂਚੀ ਵਿਚ ਸ਼ਹੀਦਾਂ ਦੀ ਗਿਣਤੀ 464 ਤੇ ਜਲ੍ਹਿਆਂਵਾਲਾ ਬਾਗ ਯਾਦਗਾਰ ਟਰਸੱਟ ਕੋਲ ਸ਼ਹੀਦਾਂ ਦੀ ਗਿਣਤੀ 388 ਹੈ।

Be the first to comment

Leave a Reply

Your email address will not be published.