ਭਾਰਤ ਦੀ ਕੇਂਦਰ ਸਰਕਾਰ ਜਿਸ ਦੀ ਅਗਵਾਈ ਭਾਰਤੀ ਜਨਤਾ ਪਾਰਟੀ ਕੋਲ ਹੈ, ਦੀ ਪਾਕਿਸਤਾਨ ਬਾਰੇ ਪਹੁੰਚ ਕਿਸੇ ਤੋਂ ਲੁਕੀ ਹੋਈ ਨਹੀਂ। ਪਿਛਲੀਆਂ ਲੋਕ ਸਭਾ ਚੋਣਾਂ ਵਿਚ ਇਸ ਨੇ ਬਹੁਤ ਚੁਸਤੀ ਨਾਲ ਲੋਕਾਂ ਦਾ ਧਿਆਨ ਆਮ ਮਾਮਲਿਆਂ ਤੋਂ ਭਟਕਾ ਕੇ ਸਿਰਫ ਪਾਕਿਸਤਾਨ ਉਤੇ ਕੇਂਦਰਤ ਕਰ ਦਿੱਤਾ ਸੀ ਅਤੇ ਫਿਰ ਰਾਸ਼ਟਰਵਾਦ ਦੀ ਮੁਹਾਰਨੀ ਪੜ੍ਹ ਕੇ ਤਕੜੀਆਂ ਵੋਟਾਂ ਵੀ ਬਟੋਰ ਲਈਆਂ ਸਨ। ਕੇਂਦਰ ਸਰਕਾਰ ਦੀ ਅਜਿਹੀ ਪਹੁੰਚ ਪੰਜਾਬ ਨੂੰ ਸਦਾ ਹੀ ਮਹਿੰਗੀ ਪਈ ਹੈ।
ਪਿਛਲੇ ਕੁਝ ਸਮੇਂ ਤੋਂ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਮੌਕੇ ਦੋਹਾਂ ਪੰਜਾਬ ਦੇ ਨਜ਼ਦੀਕ ਆਉਣ ਲਈ ਰਾਹ ਖੁੱਲ੍ਹਣ ਲੱਗ ਪਏ ਸਨ, ਪਰ ਕੇਂਦਰ ਸਰਕਾਰ ਨੇ ਇਸ ਵਿਚ ਅੜਿੱਕੇ ਪਾਉਣ ਵਿਚ ਕੋਈ ਕਸਰ ਨਹੀਂ ਛੱਡੀ। ਇਸ ਦੇ ਬਾਵਜੂਦ ਕਰਤਾਰਪੁਰ ਲਾਂਘੇ ਦਾ ਕੰਮ-ਕਾਰ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ। ਉਘੇ ਵਿਦਵਾਨ ਅਭੈ ਸਿੰਘ ਨੇ ਆਪਣੇ ਇਸ ਲੇਖ ਵਿਚ ਹਾਲਾਤ ਦਾ ਜਾਇਜ਼ਾ ਲੈਂਦਿਆਂ ਦੋਹਾਂ ਮੁਲਕਾਂ ਵਿਚਾਲੇ ਦੁਵੱਲਾ ਲਾਂਘਾ ਖੋਲ੍ਹਣ ‘ਤੇ ਜ਼ੋਰ ਦਿੱਤਾ ਹੈ ਤਾਂ ਜੋ ਦੋਹਾਂ ਪਾਸਿਆਂ ਦੇ ਲੋਕ ਇਕ-ਦੂਜੇ ਨੂੰ ਘੁੱਟ ਗਲਵੱਕੜੀ ਪਾ ਸਕਣ। -ਸੰਪਾਦਕ
ਅਭੈ ਸਿੰਘ
ਫੋਨ: +91-98783-75903
ਪਾਕਿਸਤਾਨ ਵਿਚ ਸਰਹੱਦ ਦੇ ਬਿਲਕੁਲ ਨਜ਼ਦੀਕ ਪੈਂਦੇ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਬਾਰੇ ਕਾਫੀ ਦੇਰ ਤੋਂ ਚਰਚਾ ਚਲਦੀਆਂ ਰਹੀਆਂ ਹਨ। ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਵੀ ਪਾਕਿਸਤਾਨ ਵਿਚ ਹੈ ਤੇ ਜਿਥੇ ਉਨ੍ਹਾਂ ਆਖਰੀ ਦਿਨ ਬਿਤਾਏ, ਉਹ ਵੀ। ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਡੇਰਾ ਬਾਬਾ ਨਾਨਕ ਤੋਂ ਸਰਹੱਦ ਦੇ ਸਿਰਫ 4 ਕਿਲੋਮੀਟਰ ਅੱਗੇ ਹੈ। ਇਥੇ ਬੀਐਸਐਫ ਦੇ ਇਕ ਅਫਸਰ ਨੇ ਪੱਕਾ ਥੜ੍ਹਾ ਬਣਾ ਕੇ ਉਪਰ ਦੂਰਬੀਨ ਫਿੱਟ ਕਰ ਦਿੱਤੀ ਸੀ। ਲੋਕੀਂ ਸਿਰ ਢੱਕ ਕੇ ਦੂਰਬੀਨ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੇ ਤੇ ਹੱਥ ਜੋੜ ਕੇ ਸ਼ਰਧਾ ਭੇਂਟ ਕਰਦੇ। ਇਸ ਦੂਰਬੀਨ ਦੇ ਕੋਲ ਹੀ ਇਕ ਗੁਰਦੁਆਰਾ ਵੀ ਬਣ ਗਿਆ ਜਿੱਥੇ ਲੋਕ ਆਰਾਮ ਕਰਦੇ ਅਤੇ ਪ੍ਰਸ਼ਾਦ ਪਾਣੀ ਵੀ ਛਕਦੇ ਹਨ।
ਲੋਕੀਂ ਗੱਲਾਂ ਤਾਂ ਕਰਦੇ ਸਨ ਕਿ ਇਥੋਂ ਪਾਕਿਸਤਾਨ ਵਿਚੋਂ ਦੀ ਲਾਂਘਾ ਬਣ ਜਾਵੇ ਅਤੇ ਜਾ ਕੇ ਦਰਸ਼ਨ ਕੀਤੇ ਜਾਣ ਪਰ ਕੋਈ ਗੰਭੀਰ ਨਹੀਂ ਸਨ। ਕੋਈ ਨਹੀਂ ਸੋਚਦਾ ਸੀ ਕਿ ਇਹ ਸੱਚਮੁੱਚ ਬਣ ਜਾਵੇਗਾ। ਸਿੱਖ ਸੰਸਥਾਵਾਂ ਦੇ ਕਹਿਣ Ḕਤੇ ਭਾਰਤ ਸਰਕਾਰ ਨੇ ਪਾਕਿਸਤਾਨ ਨੂੰ ਇਕ ਦੋ ਪੱਤਰ ਤਾਂ ਲਿਖੇ ਪਰ ਕਦੇ ਜ਼ੋਰ ਨਾਲ ਮੰਗ ਨਹੀਂ ਰੱਖੀ ਸੀ। ਨਵਾਜ਼ ਸ਼ਰੀਫ ਦਿੱਲੀ ਆਏ ਅਤੇ ਨਰਿੰਦਰ ਮੋਦੀ ਲਾਹੌਰ ਗਏ ਪਰ ਕਿਸੇ ਗੱਲ ਨਹੀਂ ਛੇੜੀ; ਲੇਕਿਨ ਇਹ ਤਾਂ ਪਤਾ ਨਹੀਂ ਕੀ ਸੋਚ ਸੀ ਕਿ ਪਾਕਿਸਤਾਨ ਦੀ ਨਵੀਂ ਬਣੀ ਸਰਕਾਰ ਨੇ ਚੋਣ ਜਿੱਤਣ ਦੇ ਨਾਲ ਹੀ ਕਰਤਾਰਪੁਰ ਸਾਹਿਬ ਲਾਂਘੇ ਦਾ ਮਨ ਬਣਾ ਲਿਆ।
ਸਭ ਜਾਣਦੇ ਹਨ ਕਿ ਇਮਰਾਨ ਖਾਨ ਦੀ ਜਿੱਤ ਵਿਚ ਪਾਕਿਸਤਾਨ ਦੀ ਫੌਜ ਦਾ ਵੱਡਾ ਹੱਥ ਸੀ। ਇਸੇ ਲਈ ਕਈ ਲੋਕ ਕਹਿੰਦੇ ਹਨ ਕਿ ਇਹ ਫੌਜ ਦੀ ਹੀ ਕੋਈ ਸਕੀਮ ਸੀ ਅਤੇ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿਚ ਗਏ ਨਵਜੋਤ ਸਿੰਘ ਸਿੱਧੂ ਨੂੰ ਫੌਜ ਦੇ ਸਰਬਰਾਹ ਕਮਰ ਜਾਵੇਦ ਬਾਜਵਾ ਨੇ ਹੀ ਇਸ ਦਾ ਸੰਕੇਤ ਦਿੱਤਾ।
ਸਾਡੇ ਵਾਲੇ ਪਾਸੇ ਫਜ਼ੂਲ ਹੀ ਬਹਿਸ ਚੱਲੀ ਕਿ ਕੀ ਇਸ ਦਾ ਸਿਹਰਾ ਅਕਾਲੀ ਪਾਰਟੀ ਨੂੰ ਜਾਵੇ ਜਾਂ ਕੇਂਦਰ ਦੀ ਸਰਕਾਰ ਨੂੰ ਜਾਂ ਫਿਰ ਨਵਜੋਤ ਸਿੰਘ ਸਿੱਧੂ ਨੂੰ ਜਿਸ ਨਾਲ ਜਨਰਲ ਬਾਜਵਾ ਨੇ ਗੱਲ ਕੀਤੀ ਸੀ। ਅਸਲ ਗੱਲ ਇਹ ਹੈ ਕਿ ਇਹ ਨਿਰੋਲ ਪਾਕਿਸਤਾਨ ਦੀ ਸਰਕਾਰ ਦਾ ਆਪਣਾ ਫੈਸਲਾ ਸੀ ਤੇ ਦੁੱਖ ਦੀ ਗੱਲ ਹੈ ਕਿ ਅਕਾਲੀ ਲੀਡਰਾਂ, ਪੰਜਾਬ ਸਰਕਾਰ ਅਤੇ ਹੋਰ ਸਿੱਖ ਜਥੇਬੰਦੀਆਂ ਨੇ ਪਾਕਿਸਤਾਨ ਸਰਕਾਰ ਤੇ ਇਮਰਾਨ ਖਾਨ ਦਾ ਰਸਮੀ ਧੰਨਵਾਦ ਵੀ ਨਹੀਂ ਕੀਤਾ। ਇਸ ਨੂੰ ਪਾਕਿਸਤਾਨ ਸਰਕਾਰ ਦੀ ਸਾਜ਼ਿਸ਼ ਵੀ ਕਿਹਾ ਗਿਆ ਪਰ ਇਹ ਸਵਾਗਤ ਯੋਗ ਸੀ, ਇਹ ਚੰਗੀ ਨੀਤੀ ਸੀ, ਕਿਉਂਕਿ ਇਮਾਰਾਨ ਖਾਨ ਨੇ ਜਲਦੀ ਹੀ ਕਸ਼ਮੀਰੀ ਪੰਡਤਾਂ ਦੇ ਸਥਾਨ ਸ਼ਾਰਧਾ ਪੀਠ ਦਾ ਰਸਤਾ ਖੋਲ੍ਹਣ ਦੀ ਪੇਸ਼ ਕਰ ਦਿੱਤੀ ਸੀ। ਵੱਡੇ ਦੁੱਖ ਦੀ ਗੱਲ ਹੈ ਕਿ ਅਸੀਂ ਇਸ ਦਾ ਠੀਕ ਹੁੰਗਾਰਾ ਨਹੀਂ ਦਿੱਤਾ ਅਤੇ ਵਿਹਾਰਕ ਕਾਰਵਾਈ ਨਹੀਂ ਤੋਰੀ।
ਸ਼ਾਰਧਾ ਪੀਠ ਹਿੰਦੋਸਤਾਨ ਪਾਕਿਸਤਾਨ ਸਰਹੱਦ ਜਿਸ ਨੂੰ ਉਥੇ ਕੰਟਰੋਲ ਲਾਈਨ (ਰੇਖਾ) ਕਿਹਾ ਜਾਂਦਾ ਹੈ, ਤੋਂ 40 ਕਿਲੋਮੀਟਰ ਹੈ। ਇਹ ਬਹੁਤ ਰਮਣੀਕ ਇਲਾਕਾ ਹੈ ਅਤੇ ਰਸਤੇ ਵਿਚ ਕਈ ਪਿੰਡ ਆਉਂਦੇ ਹਨ। ਜੇ ਇਹ ਲਾਂਘਾ ਅਮਲ ਵਿਚ ਆ ਜਾਵੇ ਤਾਂ ਸਿਰਫ ਕਸ਼ਮੀਰੀ ਪੰਡਤਾਂ ਦੀ ਹੀ ਗੱਲ ਨਹੀਂ, ਦੋ ਕਸ਼ਮੀਰਾਂ ਦੇ ਆਪਸੀ ਰਾਬਤੇ ਦਾ ਰਾਹ ਖੁੱਲ੍ਹ ਜਾਂਦਾ ਹੈ। ਅੱਗੇ ਜਾ ਕੇ ਇਹ ਲਾਂਘਾ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਦੀ ਬਹੁਤ ਚੰਗੀ ਸ਼ੁਰੂਆਤ ਹੋ ਸਕਦਾ ਸੀ। ਇਸ ਦੇ ਨਾਲ ਹੋਰ ਕਈ ਕਿਸਮ ਦੇ ਲਾਂਘਿਆਂ ਦੀ ਮੰਗ ਉਠ ਸਕਦੀ ਸੀ ਤੇ ਕਈ ਰਸਤੇ ਖੁੱਲ੍ਹਦੇ ਸਨ। ਦਰਅਸਲ ਕਈ ਤਰ੍ਹਾਂ ਦੇ ਲਾਂਘੇ ਅਤੇ ਲੋਕਾਂ ਦੇ ਆਪਸੀ ਮੇਲ ਜੋਲ ਦੇ ਵਧਦੇ ਰਸਤੇ ਹੀ ਭਾਰਤ ਤੇ ਪਾਕਿਸਤਾਨ ਦੇ ਚੰਗੇ ਸਬੰਧਾਂ ਦੀ ਬੁਨਿਆਦ ਬਣ ਸਕਦੇ ਹਨ ਤੇ ਸਾਡੇ ਕਈ ਮਸਲਿਆਂ ਦਾ ਇਕ ਤਰ੍ਹਾਂ ਦਾ ਵਿਹਾਰਕ ਹੱਲ।
ਕਸ਼ਮੀਰ ਵਾਦੀ ਵਿਚ ਹੀ ਇਕ ਜਗ੍ਹਾ Ḕਮੱਠਾ ਬਾਜ਼ੀ ਸ਼ਰੀਫ ਦੀ ਦਰਗਾਹḔ ਸਰਹੱਦ ਤੋਂ ਸਿਰਫ 500 ਮੀਟਰ ਸਾਡੇ ਵਾਲੇ ਪਾਸੇ ਪੈਂਦੀ ਹੈ। ਪਹਿਲਾਂ ਇਥੇ ਦੋਹਾਂ ਪਾਸਿਆਂ ਦੇ ਲੋਕ ਅਣਐਲਾਨੇ ਇੰਤਜ਼ਾਮ ਨਾਲ ਹੀ ਆ ਕੇ ਇਬਾਦਤ ਕਰਦੇ ਤੇ ਵਾਪਸ ਚਲੇ ਜਾਂਦੇ ਰਹੇ। ਫਿਰ 1981 ਵਿਚ ਬਾਕਾਇਦਾ ਤੌਰ Ḕਤੇ ਰਸਤਾ ਖੋਲ੍ਹ ਦਿੱਤਾ। ਉਧਰੋਂ ਗਿਣ ਕੇ ਲੋਕ ਲੰਘਾਏ ਜਾਂਦੇ ਤੇ ਵਾਪਸੀ ਵੇਲੇ ਵੀ ਗਿਣ ਲਏ ਜਾਂਦੇ। ਇਸ ਨੂੰ 1983 ਵਿਚ ਬੰਦ ਕਰ ਦਿੱਤਾ ਗਿਆ। ਫਿਰ ਇਧਰੋਂ ਜਦੋਂ ਲਾਊਡ ਸਪੀਕਰ ਉਪਰ ਰਾਤਾਂ ਨੂੰ ਨਮਾਜ਼ ਪੜ੍ਹੀ ਜਾਂਦੀ ਤਾਂ ਦੂਸਰੀ ਤਰਫ ਦੇ ਲੋਕ ਦੂਰ ਖੜ੍ਹੇ ਹੋ ਕੇ ਹੀ ਸਿਜਦਾ ਕਰ ਲੈਂਦੇ। ਦੁੱਖ ਦੀ ਗੱਲ ਹੈ ਕਿ 1990 ਵਿਚ ਇਹ ਲਾਊਡ ਸਪੀਕਰ ਵੀ ਬੰਦ ਕਰਵਾ ਦਿੱਤੇ। ਹੁਣ ਢੁਕਵਾਂ ਮੌਕਾ ਹੈ, ਭਾਰਤ ਸਰਕਾਰ ਨੂੰ ਪਾਕਿਸਤਾਨ ਵੱਲੋਂ 4 ਕਿਲੋਮੀਟਰ ਲਾਂਘਾ ਖੋਲ੍ਹਣ ਦੇ ਹੁੰਗਾਰੇ ਵਜੋਂ ਮੱਠਾ ਸ਼ਰੀਫ ਦਾ ਇਹ ਅੱਧਾ ਕਿਲੋਮੀਟਰ ਦਾ ਰਸਤਾ ਜ਼ਰੂਰ ਖੋਲ੍ਹਣਾ ਚਾਹੀਦਾ ਹੈ।
ਇਸੇ ਤਰ੍ਹਾਂ ਸਰਹੱਦ ਦੇ ਦੋਹੀਂ ਪਾਸੀਂ ਕਈ ਤਰ੍ਹਾਂ ਦੇ ਅਸਥਾਨ ਹਨ ਜਿਨ੍ਹਾਂ ਉਪਰ ਦੋਹਾਂ ਪਾਸਿਆਂ ਦੇ ਲੋਕ ਕਈ ਜਗ੍ਹਾ ਦੂਰੋਂ ਤੇ ਕਈ ਜਗ੍ਹਾ ਤਾਂ ਨਜ਼ਦੀਕ ਆ ਕੇ ਵੀ ਸਿਜਦਾ ਕਰਦੇ ਹਨ। ਇਨ੍ਹਾਂ ਨੂੰ ਵਿਧੀਵਤ ਬਣਾ ਦੇਣਾ ਚਾਹੀਦਾ ਹੈ। ਡੇਰਾ ਬਾਬਾ ਨਾਨਕ ਦੇ ਨਜ਼ਦੀਕ ਵੀ ਅਜਿਹੀਆਂ ਮਜ਼ਾਰਾਂ ਹਨ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਨੌਸ਼ਹਿਰਾ ਵਿਚ ਵੀ। ਉਧਰ ਹੁਣੇ ਹੁਣੇ ਚੀਨ ਨੇ ਲਾਹੌਰ ਵਿਚ ਆਪਣੇ ਸਫਾਰਤਖਾਨੇ ਦਾ ਵੀਜ਼ਾ ਕੇਂਦਰ ਖੋਲ੍ਹਿਆ ਹੈ। ਅਜਿਹਾ ਕੇਂਦਰ ਭਾਰਤ ਦਾ ਵੀ ਖੁੱਲ੍ਹ ਸਕਦਾ ਹੈ ਅਤੇ ਅੰਮ੍ਰਿਤਸਰ ਵਿਚ ਪਾਕਿਸਤਾਨ ਦਾ, ਤਾਂ ਜੋ ਲੋਕ ਅੰਮ੍ਰਿਤਸਰ ਤੇ ਲਾਹੌਰ ਦਰਮਿਆਨ ਆਉਣਾ ਜਾਣਾ, ਘੁੰਮਣਾ ਫਿਰਨਾ ਬਣਾ ਸਕਣ। ਕਿਹਾ ਜਾਵੇਗਾ ਕਿ ਅਜੇ ਹਾਲਾਤ ਕਸ਼ੀਦਗੀ ਭਰੇ ਹਨ, ਅਜਿਹੀਆਂ ਗੱਲ ਸੰਭਵ ਨਹੀਂ; ਪਰ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਤਾਂ ਇਸੇ ਕਸ਼ੀਦਗੀ ਵਿਚ ਹੀ ਸੰਭਵ ਹੋ ਰਿਹਾ ਹੈ। ਫਿਰ ਲੋਕਾਂ ਦਾ ਆਉਣਾ ਜਾਣਾ ਹੀ ਕਸ਼ੀਦਗੀਆਂ ਦੂਰ ਕਰਨ ਦਾ ਸਭ ਤੋਂ ਕਾਰਾਗਰ ਸਾਧਨ ਹੈ। ਹਾਂ, ਜਿਨ੍ਹਾਂ ਦਾ ਸਿਆਸੀ ਆਧਾਰ ਹੀ ਕਸ਼ੀਦਗੀਆਂ ਹਨ, ਉਨ੍ਹਾਂ ਦੀ ਗੱਲ ਉਕਾ ਵੱਖਰੀ ਹੈ।
ਇਸ ਵੇਲੇ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਮੁੱਖ ਚਰਚਾ ਪਾਕਿਸਤਾਨ ਵੱਲੋਂ ਲਗਾਈ 20 ਡਾਲਰ ਦੀ ਫੀਸ ਬਾਰੇ ਹੈ ਜੋ 1400 ਰੁਪਏ ਬਣਦੀ ਹੈ। ਪਹਿਲਾਂ ਇਸ ਗੱਲ ਦਾ ਖਿਆਲ ਨਹੀਂ ਸੀ ਅਤੇ ਨਾ ਹੀ ਇਹ ਸੀ ਕਿ ਇਸ ਵਾਸਤੇ ਇੰਨੀਆਂ ਵੱਡੀਆਂ ਬਿਲਡਿੰਗਾਂ ਬਣਨਗੀਆਂ। ਪਾਕਿਸਤਾਨ ਦਾ ਪੱਖ ਹੈ ਕਿ ਵੱਡੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਤੇ ਉਹ ਖਰਚੇ ਦਾ ਸਿਰਫ 10 ਫੀਸਦੀ ਹੀ ਲੈ ਰਹੇ ਹਨ। ਦੂਜੇ ਪਾਸੇ ਸਾਨੂੰ ਇਹ ਲਗਦਾ ਹੈ ਕਿ 4 ਕਿਲੋਮੀਟਰ ਵਾਸਤੇ ਇੰਨੀਆਂ ਸਹੂਲਤਾਂ ਦੀ ਲੋੜ ਹੀ ਨਹੀਂ ਸੀ। ਤੁਸੀਂ ਬੰਦਿਆਂ ਦੀ ਸ਼ਨਾਖਤ ਲੈ ਕੇ ਤੋਰੀ ਜਾਵੋ ਤੇ ਗਿਣਤੀ ਕਰਦੇ ਜਾਓ। ਫਿਰ ਵੀ ਉਹ ਦੂਸਰਾ ਮੁਲਕ ਹੈ, ਉਸ ਦੀਆਂ ਆਪਣੀਆਂ ਜ਼ਰੂਰਤਾਂ ਹੋ ਸਕਦੀਆਂ ਹਨ, ਅਸੀਂ ਜ਼ਿਆਦਾ ਨੁਕਤਾਚੀਨੀ ਨਹੀਂ ਕਰ ਸਕਦੇ। ਅਸੀਂ ਜਾਣਦੇ ਹਾਂ, ਲੋਕ ਇਸ ਫੀਸ ਤੋਂ ਖੁਸ਼ ਨਹੀਂ ਪਰ ਦੇਣ ਬਾਰੇ ਬਿਨਾ ਉਜ਼ਰ ਤਿਆਰ ਹੋਣਗੇ। ਇਸ ਬਾਰੇ ਅਕਾਲੀ ਲੀਡਰਾਂ ਅਤੇ ਅਮਰਿੰਦਰ ਸਿੰਘ ਵੱਲੋਂ ਜਜ਼ੀਆ ਕਹਿਣਾ ਬਹੁਤ ਗ਼ਲਤ ਹੈ। ਇਹ ਗੱਲ ਕਿਸੇ ਠੀਕ ਤਰੀਕੇ ਨਾਲ ਨਾਲ ਵੀ ਕੀਤੀ ਜਾ ਸਕਦੀ ਹੈ।
ਚੰਗਾ ਤਾਂ ਇਹ ਹੈ ਕਿ ਭਾਰਤ ਆਪਣੇ ਵੱਲੋਂ ਹੋਰ ਲਾਂਘੇ ਖੋਲ੍ਹੇ, ਬਿਨਾ ਫੀਸ ਚੰਗੀਆਂ ਸਹੂਲਤਾਂ ਦੀ ਮਿਸਾਲ ਪੇਸ਼ ਕਰੇ। ਹੋਰ ਚੰਗਾ ਹੋਵੇ ਕਿ ਭਾਰਤ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਆਪਣੇ ਵੱਲੋਂ ਹੀ ਦੋ ਤਰਫਾ ਬਣਾਉਣ ਦੀ ਤਜਵੀਜ਼ ਕਰੇ। ਹਫਤੇ ਵਿਚ ਦੋ ਦਿਨ ਜਾਂ ਸ਼ੁਰੂਆਤ ਵਿਚ ਸਿਰਫ ਇਕ ਦਿਨ ਪਾਕਿਸਤਾਨ ਦੇ ਨਾਗਰਿਕਾਂ ਵਾਸਤੇ ਡੇਰਾ ਬਾਬਾ ਨਾਨਕ ਆਉਣ ਦੀ ਖਾਤਰ ਰੱਖਿਆ ਜਾਵੇ। ਇਸ ਦੀ ਕੋਈ ਫੀਸ ਨਾ ਹੋਵੇ। ਇਸ ਵਿਚ ਉਥੋਂ ਦੇ ਸਿੱਖ ਆਉਣ, ਹਿੰਦੂ ਆਉਣ, ਮੁਸਲਿਮ ਆਉਣ, ਸਭ ਦਾ ਸਵਾਗਤ ਹੋਵੇ। ਉਹ ਆ ਕੇ ਡੇਰਾ ਬਾਬਾ ਨਾਨਕ ਦਰਬਾਰ ਸਾਹਿਬ ਦੇ ਦਰਸ਼ਨ ਕਰਨ, ਲੰਗਰ ਛਕਣ ਅਤੇ ਪਿੰਡ ਵਿਚ ਵੀ ਘੁੰਮਣ। ਉਹ ਵੀ ਖੁਸ਼ ਹੋਣਗੇ ਅਤੇ ਸਾਡੇ ਲੋਕ ਵੀ। ਇਥੇ ਵੱਖ ਵੱਖ ਚੀਜ਼ਾਂ ਦੀਆਂ ਦੁਕਾਨਾਂ ਲੱਗ ਸਕਦੀਆਂ ਹਨ ਜਿਸ ਵਿਚ ਉਹ ਖਰੀਦੋ ਫਰੋਖਤ ਕਰਨ, ਸਾਡੇ ਵਪਾਰੀ ਵੀ ਖੁਸ਼ ਹੋਣ ਤੇ ਉਹ ਵੀ ਥੈਲੇ ਭਰ ਕੇ ਲੈ ਕੇ ਜਾਣ।
ਇਸ ਨਾਲ ਵੱਡੇ ਮਕਸਦ ਦੀ ਪੂਰਤੀ ਹੋ ਸਕਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ Ḕਸਭ ਭੇਦ ਭੁਲਾ ਕੇ ਮਨੁਖਤਾ ਦੀ ਸਾਂਝḔ ਦੇ ਮੁੱਖ ਸੰਦੇਸ਼ ਨੂੰ ਅਮਲੀ ਰੂਪ ਵਿਚ ਦੂਰ ਦਰਾਜ ਤੱਕ ਪਹੁੰਚਾਇਆ ਜਾ ਸਕਦਾ ਹੈ, ਸਿਰਫ ਇਸੇ ਤਰੀਕੇ ਨਾਲ।