ਕਸ਼ਮੀਰ ਬਾਰੇ ਸੱਤਾ ਦਾ ਝੂਠ ਬੇਨਕਾਬ

ਕਸ਼ਮੀਰ ਵਾਦੀ ਵਿਚ ਪਾਬੰਦੀਆਂ ਨੂੰ ਦੋ ਮਹੀਨੇ ਹੋ ਗਏ ਹਨ। ਭਾਜਪਾ ਸਰਕਾਰ ਅਤੇ ਇਸ ਦੇ ਆਗੂ ਲਗਾਤਾਰ ਦਾਅਵੇ ਕਰ ਰਹੇ ਹਨ ਕਿ ਉਥੇ ‘ਸਭ ਅੱਛਾ’ ਹੈ, ਪਰ ਹੁਣ ਤਕ ਵੱਖ-ਵੱਖ ਵਿਦਵਾਨਾਂ ਅਤੇ ਮਨੁੱਖੀ ਹੱਕਾਂ ਲਈ ਕੰਮ ਕਰਦੇ ਕਾਰਕੁਨਾਂ ਨੇ ਜਿੰਨੀਆਂ ਵੀ ਰਿਪੋਰਟਾਂ ਉਥੋਂ ਦੇ ਹਾਲਾਤ ਬਾਰੇ ਤਿਆਰ ਕੀਤੀਆਂ ਹਨ, ਉਨ੍ਹਾਂ ਦਾ ਤੱਤ-ਸਾਰ ਇਹੀ ਹੈ ਕਿ ਉਥੇ ਲੋਕਾਂ ਦਾ ਜੀਣਾ ਵੀ ਮੁਹਾਲ ਹੋਇਆ ਪਿਆ ਹੈ। ਹਾਲ ਹੀ ਵਿਚ ਪੰਜ ਔਰਤ ਕਾਰਕੁਨਾਂ ਨੇ ਵਾਦੀ ਦਾ ਦੌਰਾ ਕਰਕੇ ਰਿਪੋਰਟ ਨਸ਼ਰ ਕੀਤੀ ਹੈ, ਜਿਸ ਵਿਚ ਵਾਦੀ ਦੀ ਹਕੀਕਤ ਪੇਸ਼ ਕੀਤੀ ਗਈ ਹੈ। ਇਸ ਰਿਪੋਰਟ ਦਾ ਤਰਜਮਾ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ।

-ਸੰਪਾਦਕ

ਸਾਥੀ ਅਬਦੁਲ ਸਤਾਰ ਰੰਜੂਰ ਦੀਆਂ ਇਹ ਸਤਰਾਂ ਖੁੱਲ੍ਹੀ ਜੇਲ੍ਹ ਬਣੀ ਸਰਜ਼ਮੀਨ ਵਿਚ ਸਾਡੇ ਚਾਰ ਦਿਨਾਂ ਸਫਰ ਦੌਰਾਨ ਸਾਡੇ ਲਈ ਚਾਨਣ ਮੁਨਾਰਾ ਸਨ (1990 ਵਿਚ ਰੰਜੂਰ ਦੀ ਹੱਤਿਆ ਕਰ ਦਿੱਤੀ ਗਈ ਸੀ):
ਖਿੜ ਜਾਣਗੀਆਂ ਬਸੰਤ ਦੀਆਂ ਕਲੀਆਂ
ਮੁੱਕ ਜਾਏਗੀ ਬੁਲਬੁਲਾਂ ਦੀ ਪੀੜਾ
ਭਰ ਜਾਣਗੇ ਆਸ਼ਕਾਂ ਦੇ ਜ਼ਖਮ
ਨਹੀਂ ਰਹੇਗਾ ਮਰੀਜ਼ ਦਾ ਸੰਤਾਪ
ਪੂਰੀ ਹੋ ਜਾਵੇਗੀ ਰੰਜੂਰ ਦੀ ਤਮੰਨਾ
ਜਦੋਂ ਗਰੀਬ ਗੁਰਬੇ ਰਾਜ ਕਰਨਗੇ
ਗੌਰਵ ਦਾ ਤਾਜ ਸਜਾ ਕੇ
ਅਸੀਂ 5 ਔਰਤਾਂ ਦੀ ਟੀਮ ਨੇ 17 ਤੋਂ 21 ਸਤੰਬਰ 2019 ਕਸ਼ਮੀਰ ਦਾ ਦੌਰਾ ਕੀਤਾ। ਅਸੀਂ ਅੱਖੀਂ ਦੇਖਣਾ ਚਾਹੁੰਦੀਆਂ ਸੀ ਕਿ ਕੈਦ ਦਾ ਲੋਕਾਂ, ਖਾਸ ਕਰਕੇ ਔਰਤਾਂ ਅਤੇ ਬੱਚਿਆਂ ਉਪਰ ਕੀ ਅਸਰ ਪਿਆ ਹੈ। ਟੀਮ ਵਿਚ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵਿਮੈਨ ਦੀ ਐਨੀ ਰਾਜਾ, ਕਵਲਜੀਤ ਕੌਰ, ਪਾਂਖੁੜੀ ਜ਼ਹੀਰ, ਪ੍ਰਗਤੀਸ਼ੀਲ ਮਹਿਲਾ ਸੰਗਠਨ ਦੀ ਪੂਨਮ ਕੌਸ਼ਿਕ ਅਤੇ ਮੁਸਲਿਮ ਵਿਮੈਨਜ਼ ਫੋਰਮ ਦੀ ਸਈਦਾ ਹਮੀਦ ਸ਼ਾਮਲ ਸਨ।
ਸ੍ਰੀਨਗਰ ਦੇ ਨਾਲ-ਨਾਲ ਅਸੀਂ ਸ਼ੋਪੀਆਂ, ਪੁਲਵਾਮਾ ਅਤੇ ਬਾਂਦੀਪੋਰਾ ਜ਼ਿਲ੍ਹਿਆਂ ਦੇ ਬਹੁਤ ਸਾਰੇ ਪਿੰਡਾਂ ਵਿਚ ਗਈਆਂ। ਅਸੀਂ ਹਸਪਤਾਲਾਂ, ਸਕੂਲਾਂ, ਘਰਾਂ, ਬਾਜ਼ਾਰਾਂ ਵਿਚ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਦੇ ਮਰਦਾਂ, ਔਰਤਾਂ, ਨੌਜਵਾਨਾਂ ਅਤੇ ਬੱਚਿਆਂ ਨਾਲ ਗੱਲਬਾਤ ਕੀਤੀ। ਇਹ ਰਿਪੋਰਟ 43 ਦਿਨਾਂ ਤੋਂ ਲੋਹ-ਪਿੰਜਰੇ ਵਿਚ ਡੱਕੇ ਅਵਾਮ ਦੀ ਜ਼ਿੰਦਗੀ ਦਾ ਅੱਖੀਂ ਡਿੱਠਾ ਹਾਲ ਹੈ।
ਦੁਕਾਨਾਂ, ਹੋਟਲ, ਸਕੂਲ, ਕਾਲਜ, ਸੰਸਥਾਵਾਂ ਅਤੇ ਯੂਨੀਵਰਸਿਟੀਆਂ ਸਭ ਬੰਦ, ਸੜਕਾਂ ਸੁੰਨ-ਮਸਾਨ। ਇਹ ਸੀ ਹਵਾਈ ਅੱਡੇ ਤੋਂ ਚੱਲ ਕੇ ਦੇਖੀ ਪਹਿਲੀ ਝਲਕ। ਇਹ ਸਜ਼ਾ ਦੇਣ ਵਾਲਾ ਦਮ-ਘੋਟੂ ਮਾਹੌਲ ਜਾਪਦਾ ਸੀ।
ਅਸੀਂ ਉਥੇ ਸ਼ਿਕਾਰਿਆਂ, ਹਾਊਸ ਬੋਟਾਂ, ਡੱਲ ਝੀਲ, ਕਮਲ ਤੋਂ ਐਨ ਉਲਟ ਮੰਜ਼ਰ ਦੇਖਿਆ – ਇਹ ਆਪਣੇ ਘਰਾਂ ਦੇ ਬੂਹਿਆਂ ਅੱਗੇ ਖੜ੍ਹੀਆਂ ਕਿਸੇ ਜ਼ੁਬੈਦਾ, ਸ਼ਮੀਮਾ, ਖੁਰਸ਼ੀਦਾ ਵਰਗੀਆਂ ਔਰਤਾਂ ਦੀ ਤਸਵੀਰ ਸੀ ਜਿਨ੍ਹਾਂ ਨੂੰ ਅਜੇ ਵੀ ਆਪਣੇ 14, 15, 17 ਅਤੇ 19 ਸਾਲ ਦੇ ਪੁੱਤਰਾਂ ਦੀ ਉਡੀਕ ਹੈ। ਹਰ ਇਕ ਦੇ ਦਿਲ ਉਪਰ ਉਨ੍ਹਾਂ ਦੀ ਆਖਰੀ ਝਲਕ ਉਕਰੀ ਹੋਈ ਹੈ। ਉਨ੍ਹਾਂ ਉਮੀਦ ਦਾ ਪੱਲਾ ਨਹੀਂ ਛੱਡਿਆ ਪਰ ਉਹ ਇਹ ਵੀ ਜਾਣਦੀਆਂ ਹਨ ਕਿ ਉਨ੍ਹਾਂ ਨੂੰ ਆਪਣੇ ਪੁੱਤਰਾਂ ਦੇ ਤਸੀਹਿਆਂ ਨਾਲ ਕੋਹੇ ਜਿਸਮਾਂ ਜਾਂ ਉਨ੍ਹਾਂ ਦੀਆਂ ਲਾਸ਼ਾਂ ਦਾ ਦੀਦਾਰ ਕਰਨ ਲਈ ਬਹੁਤ ਲੰਮੀ ਇੰਤਜ਼ਾਰ ਕਰਨੀ ਪਵੇਗੀ। ‘ਅਸੀਂ ਕੈਦ ਹਾਂ’… ਹਰ ਥਾਂ ਇਹੀ ਸੁਣਨ ਨੂੰ ਮਿਲਦਾ ਹੈ। ਡਾਕਟਰ, ਅਧਿਆਪਕ, ਵਿਦਿਆਰਥੀ, ਕਾਮੇ ਸਾਨੂੰ ਸਵਾਲ ਕਰਦੇ ਹਨ: “ਦਿੱਲੀ ਵਿਚ ਜੇ ਪੰਜ ਮਿੰਟ ਵੀ ਇੰਟਰਨੈਟ ਬੰਦ ਹੋ ਜਾਵੇ ਤਾਂ ਤੁਸੀਂ ਕੀ ਕਰੋਗੇ?” ਸਾਡੇ ਕੋਲ ਕੋਈ ਜਵਾਬ ਨਹੀਂ ਸੀ।
ਚਾਰੇ ਜ਼ਿਲ੍ਹਿਆਂ ਦੇ ਪਿੰਡ ਵਾਸੀਆਂ ਦਾ ਅਨੁਭਵ ਇਕੋ ਜਿਹਾ ਸੀ। ਉਨ੍ਹਾਂ ਨੇ ਦੱਸਿਆ, ਮਗਰਬ ਦੀ ਦੁਆ ਤੋਂ ਬਾਅਦ 8 ਵਜੇ ਹੀ ਬੱਤੀਆਂ ਬੁਝ ਜਾਂਦੀਆਂ ਹਨ। ਬਾਂਦੀਪੋਰਾ ਵਿਚ ਅਸੀਂ ਇਕ ਕੁੜੀ ਦੇਖੀ। ਉਸ ਨੇ ਇਹ ਸੋਚ ਕੇ ਲੈਂਪ ਜਗਦਾ ਰੱਖਣ ਦੀ ਗੁਸਤਾਖੀ ਕਰ ਲਈ ਕਿ ਸ਼ਾਇਦ ਛੇਤੀ ਹੀ ਸਕੂਲ ਖੁੱਲ੍ਹ ਗਏ ਤਾਂ ਇਮਤਿਹਾਨ ਹੋਣਗੇ। ‘ਕਰਫਿਊ’ ਦੀ ਇਸ ਉਲੰਘਣਾ ਤੋਂ ਖਫਾ ਹੋਏ ਫੌਜੀ ਕੰਧਾਂ ਟੱਪ ਕੇ ਘਰ ਵਿਚ ਜਾ ਵੜੇ। ਉਸ ਦੇ ਬਾਪ ਅਤੇ ਭਰਾ ਨੂੰ ਫੜ ਕੇ ਲੈ ਗਏ। ਕਿਸੇ ਨੇ ਪੁੱਛਣ ਦੀ ਹਿੰਮਤ ਨਹੀਂ ਕੀਤੀ- ‘ਕੀ ਪੁੱਛਗਿੱਛ ਕਰਨੀ ਹੈ?’ ਦੋਵੇਂ ਉਦੋਂ ਤੋਂ ਨਜ਼ਰਬੰਦ ਹਨ। ‘ਅਸੀਂ ਜ਼ੋਰ ਦਿੰਦੀਆਂ ਹਾਂ ਕਿ 6 ਵਜੇ ਤੋਂ ਬਾਅਦ ਕੋਈ ਵੀ ਮਰਦ ਜਾਂ ਲੜਕਾ ਬੂਹਿਓਂ ਬਾਹਰ ਨਾ ਜਾਵੇ। ਤ੍ਰਿਕਾਲਾਂ ਪੈਣ ‘ਤੇ ਉਨ੍ਹਾਂ ਦਾ ਬਾਹਰ ਨਜ਼ਰ ਆ ਜਾਣਾ ਖਤਰਾ ਮੁੱਲ ਲੈਣ ਸਮਾਨ ਹੈ। ਅਣਸਰਦੇ ਨੂੰ ਅਸੀਂ ਔਰਤਾਂ ਹੀ ਬਾਹਰ ਜਾਂਦੀਆਂ ਹਾਂ’। ਇਹ ਬਾਂਦੀਪੋਰਾ ਲਾਗੇ ਦੇ ਇਕ ਪਿੰਡ ਦੀ ਔਰਤ ਜ਼ਰੀਨਾ ਦੇ ਬੋਲ ਹਨ। ‘ਮੇਰੀ ਚਾਰ ਸਾਲ ਦੀ ਬੱਚੀ ਵੀ ਜੇ ਹਨੇਰਾ ਹੋਣ ‘ਤੇ ਬਾਹਰ ਕੁੱਤਾ ਭੌਂਕਦਾ ਸੁਣ ਲਵੇ ਤਾਂ ਤੁਰੰਤ ਬੁੱਲ੍ਹਾਂ ‘ਤੇ ਉਂਗਲ ਰੱਖ ਲੈਂਦੀ ਹੈ। ਕੁੱਤੇ ਭੌਂਕਣ ਦਾ ਭਾਵ ਹੈ ਫੌਜ ਦੀ ਆਮਦ’।
ਮੌਤ ਵੀ ਤਸੀਹਿਆਂ ਤੋਂ ਘੱਟ ਨਹੀਂ। ‘ਲੋਕ ਬੇਖਬਰ ਜਾਂ ਬਿਨਾ ਸੋਗ ਮਨਾਏ ਮਰ ਰਹੇ ਹਨ। ਮੈਂ ਆਪਣੀ ਅੰਮੀ ਦੇ ਚਲਾਣੇ ਬਾਰੇ ਆਪਣੀਆਂ ਭੈਣਾਂ ਨੂੰ ਕਿਵੇਂ ਦੱਸਾਂ?’ ਗ਼ੁਲਾਮ ਅਹਿਮਦ ਦਾ ਗਲਾ ਭਰ ਆਇਆ। ‘ਉਹ ਤਰਾਲ, ਪਟਨ ਵਿਚ ਰਹਿੰਦੀਆਂ ਹਨ। ਮੈਨੂੰ ਉਸ ਦੀ ਅੰਤਮ ਰਸਮ ਉਸ ਦੇ ਢਿੱਡੋਂ ਜਾਇਆਂ ਤੋਂ ਬਗੈਰ ਹੀ ਕਰਨੀ ਪਈ।’ ਹਰ ਥਾਂ ਇਹੋ ਦਰਦ ਕਹਾਣੀ ਸੀ। ਲੋਕਾਂ ਕੋਲ ਆਪਣੇ ਪਿਆਰਿਆਂ ਨੂੰ ਖਬਰ ਭੇਜਣ ਦਾ ਕੋਈ ਜ਼ਰੀਆ ਨਹੀਂ ਹੈ। 43 ਦਿਨ ਮੌਤ ਦੀ ਖਾਮੋਸ਼ੀ ਵਾਂਗ ਹਨ।
ਆਵਾਜਾਈ ਦੇ ਕੋਈ ਸਾਧਨ ਨਹੀਂ। ਅਣਸਰਦੇ ਨੂੰ ਲੋਕ ਗੱਡੀਆਂ ਕਿਰਾਏ ‘ਤੇ ਲੈਂਦੇ ਹਨ। ਅਸੀਂ ਦੇਖਿਆ ਸੜਕਾਂ ‘ਤੇ ਖੜ੍ਹੀਆਂ ਔਰਤਾਂ ਕਾਰਾਂ ਅਤੇ ਮੋਟਰਬਾਈਕਾਂ ਨੂੰ ਲਿਫਟ ਲਈ ਹੱਥ ਦੇ ਰਹੀਆਂ ਸਨ। ਉਹ ਰੁਕ ਜਾਂਦੇ ਹਨ: ਦੋਨੋਂ ਪਾਸੇ ਚਿਹਰਿਆਂ ਉਪਰ ਅਣਕਹੀ ਬੇਵਸੀ ਹੈ। ਇਕ ਆਦਮੀ ਦੱਸਦਾ ਹੈ, ‘ਮੈਂ ਆਪਣੇ ਬਾਈਕ ‘ਤੇ ਆਵੰਤੀਪੁਰਾ ਜਾ ਰਿਹਾ ਸੀ। ਇਕ ਔਰਤ ਨੇ ਰੁਕਣ ਲਈ ਇਸ਼ਾਰਾ ਕੀਤਾ। ਮੈਂ ਉਸ ਨੂੰ ਬਿਠਾ ਲਿਆ। ਬਾਈਕ ਸਪੀਡ ਬ੍ਰੇਕਰ ‘ਤੇ ਪਲਟ ਗਿਆ। ਉਹ ਡਿਗ ਪਈ। ਮੈਂ ਉਸ ਨੂੰ ਹਸਪਤਾਲ ਲੈ ਕੇ ਗਿਆ। ਉਹ ਬੇਸੁਰਤ ਸੀ। ਮੈਂ ਗਰੀਬ ਆਦਮੀ ਹਘ, ਉਸ ਦਾ ਇਲਾਜ ਕਿਵੇਂ ਕਰਵਾ ਸਕਦਾ ਸੀ? ਪਰ ਕਿਸ ਨੂੰ ਤੇ ਕਿਵੇਂ ਖਬਰ ਕਰਦਾ?’ ਅਸੀਂ ਜਿਥੇ ਵੀ ਗਈਆਂ, ਹਰ ਥਾਂ ਇਹੀ ਕਹਾਣੀ ਸੁਣਨ ਨੂੰ ਮਿਲੀ।
ਸ੍ਰੀਨਗਰ ਦੇ ਲੱਲਾ ਡੇਡ ਔਰਤ ਹਸਪਤਾਲ ਦੀਆਂ ਬਹੁਤ ਸਾਰੀਆਂ ਨੌਜਵਾਨ ਡਾਕਟਰਾਂ ਨੇ 4 ਅਗਸਤ ਤੋਂ ਲੈ ਕੇ ਉਨ੍ਹਾਂ ਨੂੰ ਪੇਸ਼ ਆ ਰਹੀਆਂ ਰੁਕਾਵਟਾਂ ਦੇ ਤਲਖ ਅਨੁਭਵ ਬਿਆਨ ਕੀਤੇ। ‘ਔਰਤਾਂ ਜਣੇਪੇ ਲਈ ਵਕਤ ਸਿਰ ਹਸਪਤਾਲ ਨਹੀਂ ਆ ਸਕਦੀਆਂ। ਐਂਬੂਲੈਂਸਾਂ ਬਹੁਤ ਘੱਟ ਹਨ। ਜਿੰਨੀਆਂ ਕੁ ਹਨ, ਉਨ੍ਹਾਂ ਨੂੰ ਥਾਂ-ਥਾਂ ਨਾਕਿਆਂ ਉਪਰ ਰੋਕਿਆ ਜਾ ਰਿਹਾ ਹੈ। ਨਤੀਜਾ? ਲੇਟ ਜਣੇਪੇ ਵਾਲੇ ਬਹੁਤ ਸਾਰੇ ਬੱਚੇ ਅਪਾਹਜ ਪੈਦਾ ਹੋ ਰਹੇ ਹਨ। ਮਾਪਿਆਂ ਲਈ ਇਹ ਤਾਉਮਰ ਦੀ ਮੁਸੀਬਤ ਹੈ।’ ਇਸ ਤੋਂ ਉਲਟ, ਇਹ ਵੀ ਦੱਸਿਆ ਗਿਆ ਕਿ ਮੌਜੂਦਾ ਤਣਾਓ ਅਤੇ ਖੌਫ ਦੇ ਆਲਮ ਕਾਰਨ ਬੱਚੇ ਵਕਤ ਤੋਂ ਪਹਿਲਾਂ ਪੈਦਾ ਹੋ ਰਹੇ ਹਨ। ਇਕ ਔਰਤ ਡਾਕਟਰ ਨੇ ਆਪਣਾ ਗਲਾ ਫੜ ਕੇ ਆਪਣਾ ਅਨੁਭਵ ਇਉਂ ਬਿਆਨ ਕੀਤਾ, ‘ਇੰਜ ਮਹਿਸੂਸ ਹੁੰਦਾ ਹੈ ਕਿ ਸਰਕਾਰ ਨੇ ਸਾਡੀ ਸੰਘੀ ਨੱਪੀ ਹੋਈ ਹੈ ਅਤੇ ਨਾਲ ਹੀ ਸਾਨੂੰ ਬੋਲਣ ਲਈ ਕਹਿ ਰਹੀ ਹੈ।’
ਬਾਂਦੀਪੋਰਾ ਦੀ ਇਕ ਸੀਨੀਅਰ ਡਾਕਟਰ ਨੇ ਦੱਸਿਆ ਕਿ ਕੁਲਗਾਮ, ਕੁਪਵਾੜਾ ਅਤੇ ਹੋਰ ਜ਼ਿਲ੍ਹਿਆਂ ਤੋਂ ਮਰੀਜ਼ ਆਉਂਦੇ ਹਨ। ਹੁਣ ਪਹਿਲਾਂ ਦੇ ਮੁਕਾਬਲੇ ਮਾਨਸਿਕ ਰੋਗਾਂ, ਦਿਲ ਦੇ ਦੌਰੇ ਦੇ ਜ਼ਿਆਦਾ ਕੇਸ ਆ ਰਹੇ ਹਨ। ਐਮਰਜੈਂਸੀ ਲਈ ਜੂਨੀਅਰ ਡਾਕਟਰ ਸੀਨੀਅਰਾਂ ਦੀ ਮਦਦ ਲੈਣਾ ਚਾਹੁੰਦੇ ਹਨ ਲੇਕਿਨ ਉਨ੍ਹਾਂ ਨਾਲ ਰਾਬਤਾ ਬਣਾਉਣ ਦਾ ਕੋਈ ਸਾਧਨ ਨਹੀਂ। ਉਨ੍ਹਾਂ ਦੇ ਹਸਪਤਾਲ ਤੋਂ ਬਾਹਰ ਹੋਣ ਦੀ ਸੂਰਤ ਵਿਚ ਜੂਨੀਅਰ ਸੜਕਾਂ-ਗਲੀਆਂ ਉਪਰ ਉਚੀ-ਉਚੀ ਆਵਾਜ਼ਾਂ ਮਾਰਦੇ ਉਨ੍ਹਾਂ ਨੂੰ ਲੱਭਦੇ ਫਿਰਦੇ ਨਜ਼ਰ ਆਉਂਦੇ ਹਨ। ਸ਼ੇਰੇ-ਕਸ਼ਮੀਰ ਮੈਡੀਕਲ ਇੰਸਟੀਚਿਊਟ ਦੇ ਹੱਡੀਆਂ ਦੇ ਇਕ ਡਾਕਟਰ ਨੂੰ ਡਿਊਟੀ ਜਾਂਦੇ ਵਕਤ ਫੌਜ ਨੇ ਨਾਕੇ ਉਪਰ ਰੋਕ ਲਿਆ ਅਤੇ ਸੱਤ ਦਿਨ ਹਿਰਾਸਤ ਵਿਚ ਰੱਖਿਆ। ਸ਼ੋਪੀਆਂ ਵਿਚ ਸਾਫੀਆ ਦਾ ਕੈਂਸਰ ਦਾ ਅਪਰੇਸ਼ਨ ਹੋਇਆ ਸੀ। ਉਹ ਕਹਿੰਦੀ ਹੈ, ‘ਬਿਮਾਰੀ ਦੁਬਾਰਾ ਹੋਣ ‘ਤੇ ਮੇਰਾ ਤੁਰੰਤ ਮੁਆਇਨਾ ਜ਼ਰੂਰੀ ਹੈ। ਮੈਂ ਆਪਣੇ ਡਾਕਟਰ ਕੋਲ ਨਹੀਂ ਜਾ ਸਕਦੀ। ਇਕੋ-ਇਕ ਹੱਲ ਸ਼ਹਿਰ ਜਾਣਾ ਹੈ ਲੇਕਿਨ ਮੈਂ ਉਥੇ ਕਿਵੇਂ ਜਾਵਾਂ? ਜੇ ਮੈਂ ਚਲੇ ਵੀ ਜਾਵਾਂ, ਕੀ ਉਹ ਉਥੇ ਮਿਲੇਗਾ?’ ਇੰਟਰਨੈਟ ਆਧਾਰਤ ਸਰਕਾਰੀ ਸਕੀਮ ‘ਆਯੁਸ਼ਮਾਨ ਭਾਰਤ’ ਡਾਕਟਰਾਂ ਅਤੇ ਮਰੀਜ਼ਾਂ ਦੀ ਪਹੁੰਚ ਤੋਂ ਬਾਹਰ ਹੈ।
ਸਾਡੇ ਅੱਗੇ ਖੜ੍ਹੀਆਂ ਪਿੰਡਾਂ ਦੀਆਂ ਔਰਤਾਂ ਦੀਆਂ ਸੁੰਨ-ਮਸਾਨ ਨਜ਼ਰਾਂ ਸਾਨੂੰ ਘੂਰ ਰਹੀਆਂ ਹਨ। ‘ਸਾਨੂੰ ਕਿਵੇਂ ਪਤਾ ਲੱਗੇ, ਉਹ ਕਿਥੇ ਹਨ? ਸਾਡੇ ਪੁੱਤਰਾਂ ਨੂੰ ਘਰੋਂ ਫੜ ਕੇ ਲੈ ਗਏ। ਜਦੋਂ ਸਾਡੇ ਬੰਦੇ ਥਾਣੇ ਜਾਂਦੇ ਹਨ, ਉਹ ਅੱਗੇ ਸਦਰ-ਮੁਕਾਮ ਵੱਲ ਤੋਰ ਦਿੰਦੇ ਹਨ। ਉਹ ਰਾਹ ਜਾਂਦਿਆਂ ਨੂੰ ਰੋਕ ਕੇ ਲਿਫਟ ਦੇਣ ਲਈ ਤਰਲੇ ਕਰਦੇ ਹਨ ਅਤੇ ਕੁਝ ਕਾਮਯਾਬ ਵੀ ਹੋ ਜਾਂਦੇ ਹਨ। ਅੱਗੇ ਪੁਲਿਸ ਦਫਤਰਾਂ ਵਿਚ ‘ਪੱਥਰਬਾਜ਼ਾਂ’ ਦੇ ਨਾਵਾਂ ਦੀਆਂ ਸੂਚੀਆਂ ਟੰਗੀਆਂ ਮਿਲਦੀਆਂ ਹਨ ਜੋ ਵੱਖ-ਵੱਖ ਜੇਲ੍ਹਾਂ ਵਿਚ ਬੰਦ ਹਨ- ਆਗਰਾ, ਜੋਧਪੁਰ, ਅੰਬੇਡਕਰ ਨਗਰ, ਝੱਜਰ ਆਦਿ। ਲਾਗੇ ਖੜ੍ਹਾ ਇਕ ਬੰਦਾ ਕਹਿੰਦਾ ਹੈ, ‘ਬਾ ਜੀ ਅਸੀਂ ਕੁਚਲ ਦਿੱਤੇ ਗਏ ਹਾਂ। ਸਾਡੇ ਵਿਚੋਂ ਕੁਝ ਉਧਾਰ ਪੈਸੇ ਫੜ ਕੇ ਸੈਂਕੜੇ ਮੀਲ ਜਾਂਦੇ ਹਨ, ਅੱਗਿਓਂ ਉਕਾ ਹੀ ਅਣਜਾਣ ਸ਼ਹਿਰਾਂ ਦੇ ਵੱਢ ਖਾਣੇ ਜੇਲ੍ਹ ਗਾਰਡ ਸਾਨੂੰ ਟੁੱਟ ਕੇ ਪੈ ਜਾਂਦੇ ਹਨ।’
ਗੁਰਦੁਆਰਿਆਂ ਵਿਚ ਜੋ ਔਰਤਾਂ ਸਾਨੂੰ ਮਿਲੀਆਂ, ਉਨ੍ਹਾਂ ਨੇ ਦੱਸਿਆ ਕਿ ਉਹ ਕਸ਼ਮੀਰ ਵਿਚ ਸਦਾ ਸੁਰੱਖਿਅਤ ਮਹਿਸੂਸ ਕਰਦੀਆਂ ਹਨ। ‘ਬਾਕੀ ਹਿੰਦੁਸਤਾਨ ਵਿਚ ਔਰਤਾਂ ਨਾਲ ਛੇੜਖਾਨੀ ਦੀਆਂ ਜੋ ਖਬਰਾਂ ਸੁਣਨ ਨੂੰ ਮਿਲਦੀਆਂ ਹਨ, ਉਹ ਕਸ਼ਮੀਰ ਵਿਚ ਨਹੀਂ।’ ਮੁਟਿਆਰਾਂ ਨੇ ਸ਼ਿਕਾਇਤ ਕੀਤੀ ਕਿ ਇਥੇ ਤਾਂ ਉਨ੍ਹਾਂ ਨੂੰ ਫੌਜ ਤੰਗ ਕਰ ਰਹੀ ਹੈ, ਉਨ੍ਹਾਂ ਦੇ ਬੁਰਕੇ ਵੀ ਲੁਹਾਏ ਜਾਂਦੇ ਹਨ।
‘ਫੌਜ ਨੌਜਵਾਨ ਮੁੰਡਿਆਂ ਨੂੰ ਚੁੱਕ ਲਿਜਾਂਦੀ ਹੈ; ਇਉਂ ਲੱਗਦਾ ਹੈ ਕਿ ਫੌਜ ਨੂੰ ਉਨ੍ਹਾਂ ਦੀ ਝਲਕ ਤੋਂ ਹੀ ਨਫਰਤ ਹੈ। ਜਦੋਂ ਬਾਪ ਆਪਣੇ ਬੱਚਿਆਂ ਨੂੰ ਛੁਡਾਉਣ ਲਈ ਜਾਂਦੇ ਹਨ, ਉਨ੍ਹਾਂ ਤੋਂ ਵੀਹ ਹਜ਼ਾਰ ਤੋਂ ਲੈ ਕੇ ਸੱਠ ਹਜ਼ਾਰ ਤਕ ਵਸੂਲੇ ਜਾਂਦੇ ਹਨ’। ਕਸ਼ਮੀਰੀ ਲੜਕਿਆਂ ਲਈ ਉਨ੍ਹਾਂ ਦੀ ਨਫਰਤ ਇੰਨੀ ਜ਼ਾਹਰਾ ਹੈ ਕਿ ਬੂਹਾ ਖੜਕਾਏ ਜਾਣ ‘ਤੇ ਬਜ਼ੁਰਗ ਨੂੰ ਹੀ ਕੁੰਡਾ ਖੋਲ੍ਹਣ ਲਈ ਭੇਜਿਆ ਜਾਂਦਾ ਹੈ। ‘ਅਸੀਂ ਉਮੀਦ ਅਤੇ ਦੁਆ ਕਰਦੇ ਹਾਂ ਕਿ ਉਹ ਬਜ਼ੁਰਗ ਨੂੰ ਬਖਸ਼ ਦੇਣਗੇ ਲੇਕਿਨ ਚਾਹੇ ਬਜ਼ੁਰਗ ਹੋਵੇ ਜਾਂ ਨੌਜਵਾਨ ਜਾਂ ਅੱਲ੍ਹੜ ਮੁੰਡਾ, ਉਨ੍ਹਾਂ ਦੇ ਥੱਪੜ ਕਿਸੇ ਦਾ ਲਿਹਾਜ਼ ਨਹੀਂ ਕਰਦੇ। ਬਾ ਜੀ, ਅਸੀਂ ਤਾਂ ਆਪਣੇ ਬੂਹੇ ਇਸ ਤਰ੍ਹਾਂ ਬੰਦ ਰੱਖਦੇ ਹਾਂ ਤਾਂ ਜੁ ਇਕੋ ਠੁੱਡਾ ਮਾਰਨ ‘ਤੇ ਖੁੱਲ੍ਹ ਜਾਣ’। ਇਹ ਸਾਧਾਰਨ ਬੋਲ ਕਿੰਨੇ ਵਿਡੰਬਨਾ ਵਾਲੇ ਹਨ!
14-15 ਸਾਲ ਦੇ ਲੜਕਿਆਂ ਨੂੰ ਫੜ ਕੇ ਲੈ ਗਏ ਅਤੇ ਤਸੀਹੇ ਦਿੱਤੇ ਗਏ, ਕੁਝ ਨੂੰ ਤਾਂ ਡੇਢ-ਡੇਢ ਮਹੀਨਾ। ਉਨ੍ਹਾਂ ਦੇ ਪੇਪਰ ਕਬਜ਼ੇ ਵਿਚ ਲੈ ਲਏ ਜਾਂਦੇ ਹਨ, ਪਰਿਵਾਰਾਂ ਨੂੰ ਵੀ ਨਹੀਂ ਦੱਸਿਆ ਜਾਂਦਾ। ਪੁਰਾਣੀ ਐਫ਼ਆਈ.ਆਰ. ਬੰਦ ਨਹੀਂ ਕੀਤੀਆਂ ਜਾਂਦੀਆਂ। ਫੋਨ ਖੋਹ ਲਏ ਜਾਂਦੇ ਹਨ; ਤੇ ਹੁਕਮ ਸੁਣਾ ਦਿੱਤਾ ਜਾਂਦਾ ਹੈ ਕਿ ਫੌਜੀ ਕੈਂਪ ਤੋਂ ਆ ਕੇ ਲੈ ਲਓ। ਸਮਝ ਤੋਂ ਕੰਮ ਲੈਂਦਿਆਂ ਕੋਈ ਵੀ ਫੋਨ ਲੈਣ ਨਹੀਂ ਗਿਆ, ਚਾਹੇ ਇਹ ਮਹਿੰਗਾ ਫੋਨ ਹੀ ਸੀ। ਇਕ ਔਰਤ ਨੇ ਦੱਸਿਆ, ਕਿਵੇਂ ਉਹ ਉਸ ਦੇ 22 ਸਾਲ ਦੇ ਲੜਕੇ ਨੂੰ ਫੜਨ ਆਏ। ਉਸ ਦੇ ਹੱਥ ਉਪਰ ਪਲਸਤਰ ਲੱਗਿਆ ਹੋਣ ਕਾਰਨ ਉਹ ਉਸ ਦੀ ਥਾਂ ਉਸ ਦੇ 14 ਸਾਲ ਦੇ ਛੋਟੇ ਭਰਾ ਨੂੰ ਫੜ ਕੇ ਲੈ ਗਏ। ਇਕ ਹੋਰ ਪਿੰਡ ਵਿਚ ਸਾਨੂੰ ਜਾਣਕਾਰੀ ਮਿਲੀ ਕਿ ਦੋ ਹੋਰ ਬੰਦਿਆਂ ਦੀ ਵਹਿਸ਼ੀ ਕੁੱਟਮਾਰ ਕੀਤੀ ਗਈ ਸੀ। ਬਿਨਾ ਵਜ੍ਹਾ। 20 ਦਿਨ ਬਾਅਦ ਉਨ੍ਹਾਂ ਵਿਚੋਂ ਇਕ ਟੁੱਟਿਆ ਸਰੀਰ ਅਤੇ ਜ਼ਖਮੀ ਮਨ ਲੈ ਕੇ ਪਰਤਿਆ। ਇਕ ਅਜੇ ਵੀ ਹਿਰਾਸਤ ਵਿਚ ਹੈ। ਸਾਨੂੰ ਜੋ ਅੰਦਾਜ਼ਾ ਦੱਸਿਆ, ਉਸ ਮੁਤਾਬਿਕ, ਫੜੋ-ਫੜਾਈ ‘ਚ 13000 ਲੜਕਿਆਂ ਨੂੰ ਚੁੱਕਿਆ ਗਿਆ ਹੈ। ‘ਉਹ ਤਾਂ ਸਾਡਾ ਰਾਸ਼ਨ ਵੀ ਨਹੀਂ ਛੱਡਦੇ। ਅਕਸਰ ਰਾਤਾਂ ਨੂੰ ਘਰਾਂ ਦੀ ਚੈਕਿੰਗ ਦੌਰਾਨ ਫੌਜੀ ਦਸਤੇ ਆ ਕੇ ਪਰਿਵਾਰ ਨੂੰ ਘਰ ਤੋਂ ਬਾਹਰ ਕੱਢ ਦਿੰਦੇ ਹਨ’। ਐਸ਼ਪੀ.ਓ. ਦੀ ਨੌਕਰੀ ਕਰ ਰਹੇ ਇਕ ਨੌਜਵਾਨ ਨੇ ਦੱਸਿਆ, ‘ਅਸੀਂ ਆਪਣੇ ਘਰਾਂ ਵਿਚ ਚੋਖੀ ਮਾਤਰਾ ਵਿਚ ਚੌਲ, ਦਾਲਾਂ, ਖੁਰਾਕੀ ਤੇਲ ਆਦਿ ਜਮਾਂ੍ਹ ਰੱਖਦੇ ਹਾਂ। ਕਦੇ ਰਾਸ਼ਨ ਦੇ ਡੱਬਿਆਂ ਵਿਚ ਮਿੱਟੀ ਦਾ ਤੇਲ ਪਾ ਦਿੱਤਾ ਜਾਂਦਾ ਹੈ, ਕਦੇ ਕੋਲਾ ਰਲਾ ਦਿੱਤਾ ਜਾਂਦਾ ਹੈ’।
ਅਨੰਤਨਾਗ ਤੋਂ ਤਹਿਮੀਨਾ ਨੇ ਪਿੱਛੇ ਜਿਹੇ ਆਪਣੇ ਸ਼ੌਹਰ ਨੂੰ ਕਿਹਾ, ‘ਆਪਾਂ ਇਕ ਹੋਰ ਬੱਚਾ ਜੰਮ ਲਈਏ। ਜੇ ਸਾਡਾ ਫੈਜ਼ ਮਾਰਿਆ ਗਿਆ, ਘੱਟੋ-ਘੱਟ ਸਾਨੂੰ ਕੋਈ ਆਪਣਾ ਕਹਿਣ ਵਾਲਾ ਤਾਂ ਹੋਵੇਗਾ’। ਅਬਦੁਲ ਹਲੀਮ ਖਾਮੋਸ਼ ਸੀ। ਜਦੋਂ ਤਹਿਮੀਨਾ ਨੇ ਇਹ ਗੱਲ ਕਹੀ ਤਾਂ ਉਸ ਨੂੰ ਆਪਣੇ ਹੱਥਾਂ ਉਪਰ ਆਪਣੇ ਨਿੱਕੇ ਬੱਚੇ ਦੀ ਲਾਸ਼ ਦਾ ਝਓਲਾ ਪਿਆ। ਉਹ ਦੱਸਦਾ ਹੈ: ‘ਯਹ ਸੁਨ ਕਰ ਮੇਰੀ ਰੂਹ ਕਾਂਪ ਗਈ।’
ਕਾਰਨਾ ਤੋਂ ਤੀਹ ਸਾਲ ਦਾ ਵਕੀਲ ਆਪਣੇ ਕਿਰਾਏ ਦੇ ਮਕਾਨ ਵਿਚ ਮ੍ਰਿਤਕ ਮਿਲਿਆ। ਉਹ ਬਹੁਤ ਉਦਾਸ ਰਹਿੰਦਾ ਸੀ। ਬਾਰ ਐਸੋਸੀਏਸ਼ਨ ਦੇ ਸਕੱਤਰ ਨੇ ਉਸ ਬਾਰੇ ਸੋਗ ਬਿਆਨ ਜਾਰੀ ਕੀਤਾ। ਇਸ ਤੋਂ ਤੁਰੰਤ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਿਉਂ? ਅਸੀਂ ਜੰਮੂ ਕਸ਼ਮੀਰ ਦੇ ਇਕ ਪੁਲਿਸ ਵਾਲੇ ਨਾਲ ਵੀ ਗੱਲ ਕੀਤੀ। ਉਨ੍ਹਾਂ ਸਾਰਿਆਂ ਤੋਂ ਬੰਦੂਕਾਂ ਵਾਪਸ ਲੈ ਲਈਆਂ ਗਈਆਂ ਅਤੇ ਡੰਡੇ ਫੜਾ ਦਿੱਤੇ ਗਏ। ਅਸੀਂ ਪੁੱਛਿਆ- ‘ਬੰਦੂਕਾਂ ਖੁੱਸ ਜਾਣ ‘ਤੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ?’ ਜਵਾਬ ਸੀ, ‘ਚੰਗਾ ਤੇ ਮਾੜਾ ਦੋਨੋਂ’। ‘ਕਿਉਂ?’ ‘ਚੰਗਾ ਇਸ ਲਈ, ਸਾਨੂੰ ਸਦਾ ਇਹੀ ਡਰ ਰਹਿੰਦਾ ਸੀ ਕਿ ਕਿਤੇ ਖੋਹ ਨਾ ਲਈਆਂ ਜਾਣ। ਬੁਰਾ ਇਸ ਲਈ, ਕਿਉਂਕਿ ਗੋਲੀਬਾਰੀ ਵਿਚ ਹੁਣ ਸਾਡੇ ਕੋਲ ਆਪਣੀ ਰਾਖੀ ਕਰਨ ਲਈ ਕੁਝ ਨਹੀਂ ਹੈ’। ਇਕ ਔਰਤ ਸੁਰੱਖਿਆ ਗਾਰਡ ਨੇ ਕਿਹਾ, ‘ਹਿੰਦੁਸਤਾਨ ਸਰਕਾਰ ਇਸ ਨੂੰ ਫਲਸਤੀਨ ਬਣਾਉਣਾ ਚਾਹੁੰਦੀ ਹੈ। ਅਸੀਂ ਕਸ਼ਮੀਰੀ ਇਸ ਦਾ ਟਾਕਰਾ ਕਰਾਂਗੇ’।
‘ਅਸੀਂ ਜਿਥੇ ਵੀ ਗਏ, ਉਥੇ ਇਹ ਦੋ ਬੇਕਿਰਕ ਜਜ਼ਬਾਤ ਦੇਖਣ ਨੂੰ ਮਿਲੇ। ਪਹਿਲਾ, ਆਜ਼ਾਦੀ ਦੀ ਖਾਹਸ਼; ਉਹ ਹਿੰਦੁਸਤਾਨ ਜਾਂ ਪਾਕਿਸਤਾਨ ਵਿਚੋਂ ਕਿਸੇ ਨੂੰ ਨਹੀਂ ਚਾਹੁੰਦੇ। 70 ਸਾਲਾਂ ਵਿਚ ਜ਼ਲਾਲਤ ਅਤੇ ਤਸੀਹਿਆਂ ਨੇ ਉਨ੍ਹਾਂ ਨੂੰ ਉਸ ਮੁਕਾਮ ‘ਤੇ ਪਹੁੰਚਾ ਦਿੱਤਾ ਹੈ ਜਿਥੋਂ ਵਾਪਸੀ ਸੰਭਵ ਨਹੀਂ। ਕੁਝ ਕਹਿੰਦੇ ਹਨ ਕਿ ਧਾਰਾ 370 ਦਾ ਭੋਗ ਪਾਏ ਜਾਣ ਨੇ ਉਨ੍ਹਾਂ ਦਾ ਭਾਰਤ ਨਾਲ ਆਖਰੀ ਨਾਤਾ ਵੀ ਤੋੜ ਦਿੱਤਾ ਹੈ। ਸਰਕਾਰ ਨੇ ਤਾਂ ਸਦਾ ਭਾਰਤੀ ਸਟੇਟ ਦਾ ਸਾਥ ਦੇਣ ਵਾਲਿਆਂ ਨੂੰ ਵੀ ਰੱਦ ਕਰ ਦਿੱਤਾ ਹੈ। ‘ਲਿਹਾਜ਼ਾ, ਉਨ੍ਹਾਂ ਦੀਆਂ ਨਜ਼ਰਾਂ ਵਿਚ ਸਾਡੀ ਆਮ ਕਸ਼ਮੀਰੀਆਂ ਦੀ ਕੀ ਵੁੱਕਤ ਹੈ?’ ਉਨ੍ਹਾਂ ਦੇ ਤਮਾਮ ਆਗੂ ਪਬਲਿਕ ਸਕਿਓਰਿਟੀ ਐਕਟ ਤਹਿਤ ਕੈਦ ਹਨ ਜਾਂ ਘਰਾਂ ਵਿਚ ਨਜ਼ਰਬੰਦ ਹਨ, ਇਨ੍ਹਾਂ ਹਾਲਾਤ ਵਿਚ ਆਮ ਲੋਕ ਆਪਣੇ ਆਗੂ ਖੁਦ ਹੀ ਬਣ ਗਏ ਹਨ। ਉਨ੍ਹਾਂ ਦਾ ਸੰਤਾਪ ਅਕਹਿ ਹੈ, ਨਾਲ ਹੀ ਉਨ੍ਹਾਂ ਦਾ ਤਹੱਮਲ ਵੀ। ਦੂਜਾ ਸੀ, ਬੇਕਸੂਰਾਂ ‘ਤੇ ਵਹਿਸ਼ਤ ਢਾਹੁਣ ਦਾ ਅਮਲ ਬੰਦ ਕਰਨ ਦੀ ਮੰਗ ਕਰਦੇ ਮਾਵਾਂ ਦੇ ਵੈਣ (ਜਿਨ੍ਹਾਂ ਨੇ ਤਸੀਹਿਆਂ ਨਾਲ ਕੋਹੀਆਂ ਐਨੇ ਬੱਚਿਆਂ ਦੀਆਂ ਲਾਸ਼ਾਂ ਦੇਖੀਆਂ ਹਨ)। ਬੰਦੂਕ ਤੇ ਫੌਜੀ ਬੂਟਾਂ ਵਲੋਂ ਉਨ੍ਹਾਂ ਦੇ ਬੱਚਿਆਂ ਦੀਆਂ ਜ਼ਿੰਦਾਂ ਨੂੰ ਕੋਹਣ ਦਾ ਸਿਲਸਿਲਾ ਬੰਦ ਹੋਣਾ ਚਾਹੀਦਾ ਹੈ।
ਕਸ਼ਮੀਰ ਵਿਚ ਆਪਣੇ ਕਿਆਮ ਦੌਰਾਨ ਜੋ ਕੁਝ ਦੇਖਿਆ-ਸੁਣਿਆ, ਉਸ ਬਾਰੇ ਰਿਪੋਰਟ ਦੀ ਸਮਾਪਤੀ ਅਸੀਂ ਦੋ ਸਿੱਟਿਆਂ ਨਾਲ ਕਰ ਰਹੀਆਂ ਹਾਂ। ਕਸ਼ਮੀਰੀਆਂ ਨੇ ਭਾਰਤ ਸਰਕਾਰ ਅਤੇ ਫੌਜ ਦੀ ਵਹਿਸ਼ਤ ਅਤੇ ਬਲੈਕਆਊਟ ਦਾ ਮੁਕਾਬਲਾ ਕਰਦਿਆਂ ਪਿਛਲੇ 50 ਸਾਲਾਂ ਵਿਚ ਕਮਾਲ ਦੀ ਲਚਕ ਦਿਖਾਈ ਹੈ। ਅਸੀਂ ਜੋ ਦਰਦ ਕਹਾਣੀਆਂ ਉਨ੍ਹਾਂ ਦੇ ਮੂੰਹੋਂ ਸੁਣੀਆਂ, ਉਹ ਕੰਬਣੀ ਛੇੜਨ ਵਾਲੀਆਂ ਹਨ। ਕਸ਼ਮੀਰੀਆਂ ਦੇ ਹੌਸਲੇ ਅਤੇ ਸਿਰੜ ਨੂੰ ਸਲਾਮ। ਦੂਜਾ, ਅਸੀਂ ਦੁਹਰਾ ਦੇਈਏ ਕਿ ਉਥੇ ਸਹਿਜ ਹਾਲਤ ਵਾਲੀ ਕੋਈ ਗੱਲ ਨਹੀਂ। ਹਾਲਾਤ ਹੌਲੀ-ਹੌਲੀ ਸਹਿਜ ਹੋ ਰਹੇ ਹਨ, ਇਹ ਦਾਅਵੇ ਕਰਨ ਵਾਲੇ ਤੱਥਾਂ ਨੂੰ ਤੋੜ-ਮਰੋੜ ਕੇ ਝੂਠੇ ਦਾਅਵੇ ਕਰ ਰਹੇ ਹਨ।
ਰਿਪੋਰਟ ਦਾ ਆਗਾਜ਼ ਅਸੀਂ ਕਸ਼ਮੀਰ ਸ਼ਾਇਰ ਰੰਜੂਰ ਦੀਆਂ ਸਤਰਾਂ ਨਾਲ ਕੀਤਾ ਸੀ, ਸਮਾਪਤੀ ਅਸੀਂ ਹਿੰਦੀ ਕਵੀ ਦੁਸ਼ਿਯੰਤ ਦੀਆਂ ਸਤਰਾਂ ਨਾਲ ਕਰ ਰਹੇ ਹਾਂ:
ਹੋ ਗਈ ਹੈ ਪੀੜ ਪਰਬਤ ਸੀ
ਪਿਘਲਨੀ ਚਾਹੀਏ,
ਇਸ ਹਿਮਾਲਾ ਸੇ ਕੋਈ
ਗੰਗਾ ਨਿਕਲਨੀ ਚਾਹੀਏ।
(ਅਨੁਵਾਦ : ਬੂਟਾ ਸਿੰਘ)