ਸੰਸਾਰ ਦੀ ਸੱਥ ਮੂਹਰੇ ਇਮਰਾਨ ਖਾਨ ਦੀ ਥਿੜਕਣ

-ਜਤਿੰਦਰ ਪਨੂੰ
ਭਾਰਤ ਜਿਹੇ ਵੱਡੇ ਦੇਸ਼ ਨੂੰ ਦੋ ਥਾਂਈਂ ਵੰਡ ਕੇ ਅੰਗਰੇਜ਼ਾਂ ਨੇ ਇੱਕ ਵੱਖਰਾ ਦੇਸ਼ ਪਾਕਿਸਤਾਨ ਸਿਰਜਿਆ ਸੀ। ਉਸ ਨੂੰ ਵੀ ਇੱਕੋ ਥਾਂ ਨਹੀਂ ਸੀ ਰੱਖਿਆ ਅਤੇ ਦੋ ਥਾਂਈਂ ਵੰਡ ਕੇ ਪੂਰਬੀ ਅਤੇ ਪੱਛਮੀ ਪਾਕਿਸਤਾਨ ਬਣਾ ਕੇ ਦੋਹਾਂ ਦੀ ਸਰਕਾਰ ਇੱਕੋ ਥਾਂ ਕਰਾਚੀ ਤੋਂ ਚਲਾਉਣ ਲਈ ਕਿਹਾ ਸੀ। ਏਧਰ ਪੰਜਾਬ ਵੰਡ ਕੇ ਦੋ ਥਾਂਈਂ ਕੀਤਾ ਗਿਆ ਅਤੇ ਦੂਜੇ ਪਾਸੇ ਬੰਗਾਲ ਦੋ ਥਾਂਈਂ ਵੰਡ ਕੇ ਇਸ ਵਿਚੋਂ ਪੂਰਬੀ ਪਾਕਿਸਤਾਨ ਬਣਾਇਆ ਗਿਆ, ਜੋ ਫਿਰ ਪਾਕਿਸਤਾਨ ਤੋਂ ਟੁੱਟ ਕੇ ਵੱਖਰਾ ਬੰਗਲਾ ਦੇਸ਼ ਬਣਨ ਦੀ ਘਟਨਾ ਵਾਪਰੀ ਸੀ।

ਕਾਰਨ ਇਹ ਸੀ ਕਿ ਪੂਰਬੀ ਪਾਕਿਸਤਾਨ ਦੀ ਜਨਤਾ ਦੇ ਹਰਮਨ ਪਿਆਰੇ ਆਗੂ ਸ਼ੇਖ ਮੁਜੀਬ-ਉਰ-ਰਹਿਮਾਨ ਨੂੰ ਜਦੋਂ ਪੂਰਬੀ ਅਤੇ ਪੱਛਮੀ-ਸਾਂਝੇ ਪਾਕਿਸਤਾਨ ਦੀ ਕੌਮੀ ਅਸੈਂਬਲੀ ਦੀਆਂ ਚੋਣਾਂ ਦੌਰਾਨ ਕੁੱਲ ਤਿੰਨ ਸੌ ਸੀਟਾਂ ਵਿਚੋਂ ਇੱਕ ਸੌ ਸੱਠ ਦੀ ਬਹੁ-ਸੰਮਤੀ ਮਿਲ ਗਈ ਤਾਂ ਉਸ ਨੂੰ ਸਹੁੰ ਚੁੱਕਣ ਤੋਂ ਰੋਕ ਕੇ ਜੇਲ੍ਹ ਵਿਚ ਸੁੱਟ ਦਿੱਤਾ ਗਿਆ ਸੀ, ਜਿਸ ਤੋਂ ਹਾਲਾਤ ਵਿਗੜੇ ਅਤੇ ਬੰਗਲਾ ਦੇਸ਼ ਵੱਖਰਾ ਹੋਣ ਦੀ ਨੌਬਤ ਆ ਗਈ ਸੀ।
ਜਦੋਂ ਹਾਲੇ ਇੱਕ ਦੇਸ਼ ਤੋੜ ਕੇ ਦੋ ਬਣਾਏ ਗਏ ਅਤੇ ਦੋਂਹ ਥਾਂਈਂ ਵੰਡਿਆ ਪਾਕਿਸਤਾਨ ਬਣਿਆ ਹੀ ਸੀ, ਦੋਹਾਂ ਦੀ ਪਹਿਲੀ ਜੰਗ ਛਿਮਾਹੀ ਦੇ ਅੰਦਰ ਹੀ ਹੋ ਗਈ ਸੀ। ਉਹ ਜੰਗ ਕਸ਼ਮੀਰ ਦੀ ਰਿਆਸਤ ਬਾਰੇ ਸੀ। ਉਸ ਪਿੱਛੋਂ ਭਾਰਤ ਅਤੇ ਪਾਕਿਸਤਾਨ ਦੀਆਂ ਅੱਜ ਤੱਕ ਚਾਰ ਜੰਗਾਂ ਹੋ ਚੁਕੀਆਂ ਹਨ, ਜੋ ਭਾਵੇਂ ਧਰਤੀ ‘ਤੇ ਲੜੀਆਂ ਗਈਆਂ ਤੇ ਭਾਵੇਂ ਆਕਾਸ਼ ਵਿਚ, ਪਰ ਆਪਣੇ ਇਲਾਕੇ ਵਿਚ ਲੜੀਆਂ ਗਈਆਂ ਸਨ। ਇਸ ਵੇਲੇ ਇੱਕ ਜੰਗ ਦੁਨੀਆਂ ਦੇ ਦੂਜੇ ਸਿਰੇ ਅਮਰੀਕਾ ਵਿਚ ਜਾ ਕੇ ਫੌਜਾਂ ਦੀ ਥਾਂ ਡਿਪਲੋਮੈਟਿਕ ਪੱਧਰ ‘ਤੇ ਲੜੀ ਜਾ ਰਹੀ ਹੈ ਅਤੇ ਇਸ ਜੰਗ ਵਿਚ ਹਰ ਰੋਜ਼ ਨਵੀਂ ਖਬਰ ਸੁਣਨ ਨੂੰ ਮਿਲਦੀ ਹੈ। ਦੋਹਾਂ ਦੇਸ਼ਾਂ ਦੇ ਮੁਖੀਆਂ ਦਾ ਸਾਰਾ ਜ਼ੋਰ ਇਸ ਜੰਗ ‘ਤੇ ਲੱਗਾ ਪਿਆ ਹੈ।
ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਧੜੱਲੇਦਾਰ ਬੁਲਾਰਾ ਅਤੇ ਲਾਮਬੰਦੀ ਕਰਨ ਦੀਆਂ ਮੁਹਿੰਮਾਂ ਦਾ ਮਾਹਰ ਸਮਝਿਆ ਜਾਂਦਾ ਹੈ ਤੇ ਉਸ ਦੀ ਅਜਿਹੀ ਮੁਹਾਰਤ ਦੇਸ਼ ਤੋਂ ਨਿਕਲ ਕੇ ਸੰਸਾਰ ਪਿੜ ਵਿਚ ਪਹੁੰਚ ਗਈ ਹੈ। ਹਿਊਸਟਨ (ਟੈਕਸਸ) ਵਿਚ ਉਸ ਲਈ ਕੀਤੇ ਗਏ ਵੱਡੇ ਸ਼ੋਅ ਵਿਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੀ ਆਇਆ ਅਤੇ ਇਸ ਬਹਾਨੇ ਜਿਸ ਅਮਰੀਕੀ ਮੀਡੀਏ ਨੇ ਨਰਿੰਦਰ ਮੋਦੀ ਦੇ ਸ਼ੋਅ ਨੂੰ ਸਿਰਫ ਭਾਰਤੀਆਂ ਦਾ ਇਕੱਠ ਮੰਨਣਾ ਸੀ ਤੇ ਖਾਸ ਥਾਂ ਨਹੀਂ ਸੀ ਦੇਣੀ, ਉਸ ਨੇ ਵੀ ਆਪਣੇ ਰਾਸ਼ਟਰਪਤੀ ਕਾਰਨ ਇਸ ਨੂੰ ਪੂਰੀ ਕਵਰੇਜ ਦਿੱਤੀ।
ਪ੍ਰਧਾਨ ਮੰਤਰੀ ਮੋਦੀ ਇਸ ਦੌਰਾਨ ਦਿੱਤੇ ਭਾਸ਼ਣ ਵਿਚ ਅਮਰੀਕੀ ਰਾਸ਼ਟਰਪਤੀ ਦੀ ਅਗਲੇ ਸਾਲ ਹੋਣ ਵਾਲੀ ਚੋਣ ਦਾ ਚੱਕਾ ਬੰਨ੍ਹਣ ਲਈ ਭਾਰਤੀ ਚੋਣ ਮੁਹਿੰਮ ਦੇ ‘ਅਬ ਕੀ ਬਾਰ, ਮੋਦੀ ਸਰਕਾਰ’ ਦੇ ਨਾਅਰੇ ਵਾਂਗ ਅਮਰੀਕਾ ਲਈ ‘ਅਬ ਕੀ ਬਾਰ, ਟਰੰਪ ਸਰਕਾਰ’ ਦਾ ਨਾਅਰਾ ਦੇਣ ਤੱਕ ਵੀ ਪਹੁੰਚ ਗਿਆ। ਇਹ ਗੱਲ ਚੰਗੀ ਨਹੀਂ ਹੋਈ। ਭਾਰਤ ਦੀ ਨੀਤੀ ਕਿਸੇ ਦੇਸ਼ ਵਿਚ ਚੋਣ ਦੌਰਾਨ ਦਖਲ ਦੇਣ ਦੀ ਕਦੇ ਨਹੀਂ ਸੀ ਰਹੀ। ਪ੍ਰਧਾਨ ਮੰਤਰੀ ਮੋਦੀ ਦਾ ਇਹ ਕਦਮ ਅਮਰੀਕੀ ਚੋਣਾਂ ਵਿਚ ਦਖਲ ਸੀ। ਰਾਸ਼ਟਰਪਤੀ ਦੀ ਪਿਛਲੀ ਚੋਣ ਦੌਰਾਨ ਉਥੇ ਰੂਸ ਵੱਲੋਂ ਦਿੱਤੇ ਕਿਸੇ ਦਖਲ ਦੀ ਚਰਚਾ ਅਜੇ ਤੱਕ ਕਿਸੇ ਸਿਰੇ ਨਹੀਂ ਲੱਗੀ ਤੇ ਨਰਿੰਦਰ ਮੋਦੀ ਦੇ ਇਸ ਭਾਸ਼ਣ ਨਾਲ ਅਗਲੀ ਚੋਣ ਵਿਚ ਭਾਰਤ ਦੇ ਦਖਲ ਦਾ ਅਗੇਤਾ ਦੋਸ਼ ਲੱਗਣ ਦਾ ਪਿੜ ਬੰਨ੍ਹ ਦਿੱਤਾ ਗਿਆ ਹੈ।
ਅਸੀਂ ਇਹ ਗੱਲ ਨਹੀਂ ਕਹਿਣਾ ਚਾਹੁੰਦੇ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਭਾਸ਼ਣ ਦੇ ਅਸਰ ਹੇਠ ਪਾਕਿਸਤਾਨ ਦੇ ਖਿਲਾਫ ਭਾਰਤ ਦੇ ਡਿਪਲੋਮੈਟਿਕ ਪੈਂਤੜੇ ਦਾ ਸਾਥ ਦਿੱਤਾ ਜਾਂ ਭਾਰਤ ਦੀ ਜਾਇਜ਼ ਸਮਝ ਨਾਲ ਖੜੋਨ ਦਾ ਫਰਜ਼ ਨਿਭਾਇਆ ਹੈ, ਪਰ ਏਨੀ ਗੱਲ ਸਾਫ ਹੈ ਕਿ ਉਹ ਭਾਰਤ ਨਾਲ ਖੜ੍ਹਾ ਹੈ। ਪਾਕਿਸਤਾਨ ਤੋਂ ਆਏ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪੈਰ-ਪੈਰ ‘ਤੇ ਏਨੀ ਬੇਇੱਜਤੀ ਹੁੰਦੀ ਦਿਖਾਈ ਦਿੱਤੀ, ਜਿੰਨੀ ਅੱਜ ਤੱਕ ਕਿਸੇ ਹੋਰ ਪ੍ਰਧਾਨ ਮੰਤਰੀ ਦੀ ਨਹੀਂ ਸੀ ਹੋਈ। ਹਵਾਈ ਅੱਡੇ ‘ਤੇ ਕੋਈ ਲੈਣ ਨਹੀਂ ਗਿਆ ਤਾਂ ਖਾਸ ਫਰਕ ਨਹੀਂ, ਪਰ ਰਾਸ਼ਟਰਪਤੀ ਟਰੰਪ ਵੱਲੋਂ ਉਸ ਨਾਲ ਲਾਈ ਸਾਂਝੀ ਪ੍ਰੈਸ ਕਾਨਫਰੰਸ ਵਿਚ ਜੋ ਵਿਹਾਰ ਕੀਤਾ ਗਿਆ ਤੇ ਇਸ ਦੌਰਾਨ ਇੱਕ ਸਵਾਲ ਕਰਨ ਵਾਲੇ ਪੱਤਰਕਾਰ ਬਾਰੇ ਟਰੰਪ ਨੇ ਇਮਰਾਨ ਖਾਨ ਨੂੰ ਜਿਵੇਂ ਕਿਹਾ ਕਿ ਏਦਾਂ ਦੇ ਪੱਤਰਕਾਰ ਕਿੱਥੋਂ ਲੈ ਆਉਂਦੇ ਹੋ, ਉਹ ਸਭ ਲਈ ਹੈਰਾਨ ਕਰਨ ਵਾਲੀ ਗੱਲ ਸੀ।
ਫਿਰ ਅਗਲਾ ਮੌਕਾ ਯੂ. ਐਨ. ਸੈਸ਼ਨ ਵਿਚ ਭਾਰਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਦੇ ਭਾਸ਼ਣਾਂ ਦਾ ਸੀ, ਜਿਸ ਵਿਚ ਕਿਹੜਾ ਕੀ ਕਹਿੰਦਾ ਹੈ, ਇਸ ਵੱਲ ਦੁਨੀਆਂ ਭਰ ਦੇ ਲੋਕਾਂ ਦੇ ਕੰਨ ਲੱਗੇ ਹੋਏ ਸਨ। ਭਾਰਤ ਦੇ ਪ੍ਰਧਾਨ ਮੰਤਰੀ ਨੇ ਆਪਣੇ ਪੱਕੇ ਰੌਂਅ ਮੁਤਾਬਕ ਅਤਿਵਾਦ ਦਾ ਮੁੱਦਾ ਚੁੱਕਿਆ ਅਤੇ ਨਾਲ ਭਾਰਤ ਦੇ ਵਿਕਾਸ ਦੀਆਂ ਗੱਲਾਂ ਦਾ ਗੁਤਾਵਾ ਕਰ ਕੇ ਇੱਕ ਏਦਾਂ ਦਾ ਮਾਹੌਲ ਸਿਰਜ ਲਿਆ ਕਿ ਅਗਲੀ ਗੱਲ ਵੀ ਕਹਿੰਦਾ ਹੋਇਆ ਪਾਕਿਸਤਾਨ ਦਾ ਨਾਂ ਲਏ ਬਿਨਾ ਉਸ ‘ਤੇ ਚੋਟ ਕਰਦਾ ਗਿਆ।
ਪਾਕਿਸਤਾਨ ਦਾ ਪ੍ਰਧਾਨ ਮੰਤਰੀ ਇਸ ਕਲਾ ਦਾ ਏਨਾ ਮਾਹਰ ਵੀ ਨਹੀਂ ਅਤੇ ਇਸ ਪੱਖੋਂ ਉਸ ਕੋਲ ਬਹੁਤਾ ਕੁਝ ਕਹਿਣ ਲਈ ਵੀ ਨਹੀਂ, ਇਸ ਕਾਰਨ ਬੜੇ ਥੋੜ੍ਹੇ ਹੋਰ ਮੁੱਦੇ ਛੇੜ ਕੇ ਬਾਅਦ ਵਿਚ ਸਿੱਧੇ ਭਾਰਤ ਵਿਰੋਧੀ ਨੁਕਤਿਆਂ ‘ਤੇ ਬੋਲਣ ਲੱਗ ਪਿਆ। ਕਸ਼ਮੀਰ ਦਾ ਮੁੱਦਾ ਤਾਂ ਉਸ ਨੇ ਚੁੱਕਣਾ ਹੀ ਸੀ, ਉਹ ਇਹ ਵੀ ਸਮਝਾਉਣ ਲੱਗਾ ਰਿਹਾ ਕਿ ਇਸਲਾਮ ਅਤੇ ਅਤਿਵਾਦ ਨੂੰ ਆਪੋ ਵਿਚ ਰਲਗੱਡ ਕਰਨ ਨਾਲ ਨੁਕਸਾਨ ਹੁੰਦਾ ਹੈ, ਪਰ ਅੰਤ ਵਿਚ ਇਸ ਗੱਲ ‘ਤੇ ਆ ਗਿਆ ਕਿ ਜੇ ਭਾਰਤ ਨਾਲ ਜੰਗ ਹੋਣ ਦੀ ਸਥਿਤੀ ਬਣੀ ਤਾਂ ਸਾਰੀ ਦੁਨੀਆਂ ਭੁਗਤੇਗੀ। ਉਸ ਨੇ ਸਾਫ ਸ਼ਬਦਾਂ ਵਿਚ ਕਿਹਾ ਕਿ ਉਸ ਦਾ ਦੇਸ਼ ਭਾਰਤ ਵਾਂਗ ਐਟਮੀ ਤਾਕਤ ਹੈ ਅਤੇ ਲੜਾਈ ਵਿਚ ਉਹ ਜਾਂ ਹਾਰ ਮੰਨਣਗੇ ਜਾਂ ਆਖਰੀ ਸਾਹ ਤੱਕ ਲੜਨਗੇ ਤੇ ਇਸ ਸਥਿਤੀ ਵਿਚ ਜੋ ਨੌਬਤ ਆ ਸਕਦੀ ਹੈ, ਬਾਕੀ ਦੁਨੀਆਂ ਉਸ ਦੇ ਅਸਰ ਤੋਂ ਬਚੀ ਰਹਿਣ ਦੀ ਆਸ ਬਿਲਕੁਲ ਨਹੀਂ ਕਰ ਸਕਦੀ। ਦਹਿਸ਼ਤਗਰਦੀ ਦੇ ਮੁੱਦੇ ‘ਤੇ ਆਪਣੇ ਦੇਸ਼ ਦੀ ਸਫਾਈ ਦੇਣ ਦੀ ਕੋਸ਼ਿਸ਼ ਵੀ ਉਸ ਨੇ ਬੜੀ ਕੀਤੀ, ਪਰ ਕੰਮ ਪਹਿਲਾਂ ਹੀ ਵਿਗੜ ਚੁਕਾ ਸੀ।
ਪਹਿਲਾਂ ਵਿਗੜ ਚੁਕੇ ਕੰਮ ਦੀ ਗੱਲ ਅਸੀਂ ਇਸ ਲਈ ਕਹਿੰਦੇ ਹਾਂ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਯੂ. ਐਨ. ਓ. ਦੇ ਮੰਚ ਤੋਂ ਬੋਲਣ ਦੇ ਇੱਕ ਦਿਨ ਪਹਿਲਾਂ ਇਹ ਗੱਲ ਕਹਿ ਚੁਕਾ ਸੀ ਕਿ ਅਮਰੀਕਾ ਦੇ ਕਹਿਣ ‘ਤੇ ਤਾਲਿਬਾਨ ਤੇ ਅਲ ਕਾਇਦਾ ਨੂੰ ਟਰੇਨਿੰਗ ਦੇ ਕੇ ਉਸ ਦੇ ਦੇਸ਼ ਦੀ ਫੌਜ ਨੇ ਖੜ੍ਹੇ ਕੀਤਾ ਸੀ। ਨਾਂ ਭਾਵੇਂ ਅਮਰੀਕਾ ਦਾ ਲਿਆ ਕਿ ਉਸ ਦੇ ਕਹੇ ‘ਤੇ ਇਹ ਕੰਮ ਕੀਤਾ ਸੀ, ਪਰ ਅਸਲ ਵਿਚ ਉਸ ਨੇ ਇਹ ਗੱਲ ਮੰਨ ਲਈ ਕਿ ਦਹਿਸ਼ਤਗਰਦਾਂ ਨੂੰ ਟਰੇਨਿੰਗ ਦੇਣ ਅਤੇ ਦੂਜੇ ਦੇਸ਼ਾਂ ਵਿਚ ਭੇਜਣ ਦਾ ਗੁਨਾਹ ਉਸ ਦੇ ਦੇਸ਼ ਦੀ ਫੌਜ ਕਰਦੀ ਰਹੀ ਸੀ। ਜੇ ਅਮਰੀਕਾ ਦੇ ਕਹਿਣ ‘ਤੇ ਵੀ ਕੀਤਾ ਸੀ ਤਾਂ ਇਸ ਬਹਾਨੇ ਇਮਰਾਨ ਖਾਨ ਨੇ ਇਹ ਗੱਲ ਮੰਨ ਲਈ ਕਿ ਜਦੋਂ ਭਾਰਤ ਪੁਲਾੜ ਵੱਲ ਉਡਾਰੀ ਲਾਉਣ ਸਮੇਤ ਕਈ ਕਦਮ ਵਿਕਾਸ ਵੱਲ ਵਧਾਉਣ ਲੱਗਾ ਪਿਆ ਸੀ, ਉਦੋਂ ਇਮਰਾਨ ਖਾਨ ਦਾ ਦੇਸ਼ ਕਦੇ ਅਮਰੀਕਾ ਅਤੇ ਕਦੇ ਕਿਸੇ ਹੋਰ ਦੇਸ਼ ਵਾਲਿਆਂ ਲਈ ਭਾੜੇ ਦੇ ਕਾਰਿੰਦੇ ਵਾਂਗ ਗੰਦੇ ਤੋਂ ਗੰਦਾ ਕੰਮ ਕਰਦਾ ਰਿਹਾ ਸੀ।
ਦੋਸ਼ ਭਾਵੇਂ ਪਿਛਲੀਆਂ ਸਰਕਾਰਾਂ ਸਿਰ ਥੱਪ ਦਿੱਤਾ ਜਾਵੇ, ਪਰ ਇਸ ਨਾਲ ਭੰਡੀ ਤਾਂ ਪਾਕਿਸਤਾਨ ਦੇਸ਼, ਉਸ ਦੀ ਫੌਜ ਅਤੇ ਉਸ ਕੌਮ ਦੀ ਹੀ ਹੁੰਦੀ ਸੀ। ਇਸ ਕਾਰਨ ਜਦੋਂ ਉਹ ਅਮਰੀਕਾ ਵਿਚ ਏਦਾਂ ਦੇ ਥਿੜਕਣਾਂ ਭਰਪੂਰ ਪੈਂਤੜੇ ਵਰਤ ਰਿਹਾ ਸੀ ਤੇ ਇਥੋਂ ਤੱਕ ਕਹੀ ਜਾਂਦਾ ਸੀ ਕਿ ਜਿਸ ਦਬਾਅ ਹੇਠ ਮੈਂ ਕੰਮ ਕਰਦਾ ਪਿਆ ਹਾਂ, ਕੋਈ ਹੋਰ ਆਗੂ ਹੁੰਦਾ ਤਾਂ ਉਸ ਨੂੰ ਹਾਰਟ ਅਟੈਕ ਹੋ ਜਾਂਦਾ ਤਾਂ ਉਸ ਦੀ ਬੇਵੱਸੀ ਵੀ ਜਾਹਰ ਹੁੰਦੀ ਅਤੇ ਕੂਟਨੀਤੀ ਦਾ ਅਨਾੜੀਪੁਣਾ ਵੀ। ਉਸ ਦੇ ਲੋਕ ਵੀ ਇਸ ਤੋਂ ਖੁਸ਼ ਨਹੀਂ ਹੋ ਸਕਦੇ।
ਅਸੀਂ ਭਾਰਤੀ ਲੋਕ ਜਦੋਂ ਕਹਿੰਦੇ ਹਾਂ ਕਿ ਅਸੀਂ ਤਰੱਕੀ ਬਹੁਤ ਕੀਤੀ ਹੈ ਤਾਂ ਅਗਲੀ ਗੱਲ ਕਹਿਣ ਲਈ ਯੋਗ ਆਧਾਰ ਨਹੀਂ ਦੱਸ ਸਕਦੇ ਕਿ ਤਰੱਕੀ ਦਾ ਲਾਭ ਹਰ ਭਾਰਤੀ ਨੂੰ ਸਾਵਾਂ ਮਿਲਿਆ ਹੈ, ਪਰ ਪਾਕਿਸਤਾਨ ਦਾ ਆਜ਼ਾਦੀ ਤੋਂ ਬਾਅਦ ਸਾਰਾ ਧਿਆਨ ਹੀ ਭਾਰਤ ਦੇ ਵਿਰੋਧ ਵਾਸਤੇ ਲੱਗਾ ਰਿਹਾ ਹੈ। ਉਨ੍ਹਾਂ ਨੇ ਇੱਕੋ ਗੱਲ ਅਜਿਹੀ ਕੀਤੀ, ਜਿਸ ਨਾਲ ਸੰਸਾਰ ਦਾ ਧਿਆਨ ਖਿੱਚਣ ਦਾ ਯਤਨ ਕਰਦੇ ਹਨ ਤੇ ਉਹ ਗੱਲ ਐਟਮੀ ਸ਼ਕਤੀ ਹਾਸਲ ਕਰਨਾ ਹੈ, ਪਰ ਇਸ ਕੰਮ ਵਿਚ ਵੀ ਉਨ੍ਹਾਂ ਦਾ ਓਨਾ ਯੋਗਦਾਨ ਆਪਣਾ ਨਹੀਂ, ਜਿੰਨਾ ਇਸਲਾਮੀ ਦੇਸ਼ਾਂ ਦਾ ਹੈ, ਜਿਨ੍ਹਾਂ ਤੋਂ ਇਹ ਕਹਿ ਕੇ ਪੈਸਾ ਲਿਆ ਸੀ ਕਿ ਇਹ ਬੰਬ ਪਾਕਿਸਤਾਨ ਵਾਸਤੇ ਨਹੀਂ, ਅਸੀਂ ਇਸਲਾਮੀ ਬੰਬ ਬਣਾਉਣਾ ਹੈ।
ਅੱਜ ਜਦੋਂ ਪਾਕਿਸਤਾਨ ਸਰਕਾਰ ਦਾ ਮੁਖੀ ਮੰਨ ਰਿਹਾ ਹੈ ਕਿ ਉਸ ਦੇ ਦੇਸ਼ ਦੀਆਂ ਸਰਕਾਰਾਂ ਤੇ ਫੌਜਾਂ ਨੇ ਅਲ ਕਾਇਦਾ ਤੇ ਤਾਲਿਬਾਨ ਜਿਹੇ ਗਰੁੱਪਾਂ ਨੂੰ ਤਿਆਰ ਕਰਨ ਦਾ ਗੁਨਾਹ ਕੀਤਾ ਹੋਇਆ ਹੈ ਤਾਂ ਇਹ ਦੂਜਾ ਮੁੱਦਾ ਹੈ, ਜਿਸ ਨਾਲ ਉਹ ਸਾਰੀ ਦੁਨੀਆਂ ਦਾ ਧਿਆਨ ਖਿੱਚ ਰਿਹਾ ਹੈ, ਪਰ ਇਹ ਮੁੱਦਾ ਕੋਈ ਇੱਜਤ ਬਣਾਉਣ ਵਾਲਾ ਤਾਂ ਨਹੀਂ, ਹੋਰ ਵੀ ਬੱਦੂ ਕਰਨ ਵਾਲਾ ਹੈ।
ਆਪੋ ਵਿਚ ਚਾਰ ਜੰਗਾਂ ਦੋਹਾਂ ਦੇਸ਼ਾਂ ਦੀ ਆਪਣੀ ਧਰਤੀ ਅਤੇ ਆਪਣੇ ਆਕਾਸ਼ ਵਿਚ ਲੜ ਚੁਕੇ ਦੋਵੇਂ ਦੇਸ਼ ਇਸ ਵੇਲੇ ਜਦੋਂ ਸੰਸਾਰ ਦੀ ਸੱਥ ਮੂਹਰੇ ਇੱਕ ਡਿਪਲੋਮੈਟਿਕ ਜੰਗ ਲੜਦੇ ਪਏ ਹਨ, ਇਸ ਵਿਚ ਵੀ ਭਾਰਤੀ ਪੱਖ ਦੀ ਗੱਲ ਹੋਵੇ ਜਾਂ ਨਾ, ਪਾਕਿਸਤਾਨ ਦੇ ਹੱਕ ਵਿਚ ਹੁੰਗਾਰਾ ਦੇਣ ਵਾਲਾ ਕੋਈ ਨਹੀਂ ਲੱਭਾ। ਇਥੋਂ ਤੱਕ ਕਿ ਚੀਨ ਜਿਹਾ ਉਸ ਦੀ ਚਿਰਾਂ ਤੋਂ ਸਰਪ੍ਰਸਤੀ ਕਰਦਾ ਆਇਆ ਦੇਸ਼, ਜਿਸ ਦੀ ਬਹੁਤ ਸਾਰੀ ਪੂੰਜੀ ਪਾਕਿਸਤਾਨ ਵਿਚਲੇ ਪ੍ਰਾਜੈਕਟਾਂ ‘ਤੇ ਲੱਗੀ ਹੋਣ ਕਰ ਕੇ ਉਸ ਲਈ ਪਾਕਿਸਤਾਨ ਦੀ ਮਦਦ ਕਰਨਾ ਇੱਕ ਮਜਬੂਰੀ ਵੀ ਹੈ, ਉਹ ਵੀ ਇਸ ਵੇਲੇ ਪਾਕਿਸਤਾਨ ਲਈ ਇੱਕ ਖਾਸ ਹੱਦ ਤੋਂ ਅੱਗੇ ਜਾਣ ਵਾਸਤੇ ਤਿਆਰ ਨਹੀਂ।
ਪਾਕਿਸਤਾਨ ਬੁਰੀ ਤਰ੍ਹਾਂ ਨਿੱਖੜ ਚੁਕਾ ਹੈ। ਸਾਨੂੰ ਅਜਿਹੀ ਕੋਈ ਚਿੰਤਾ ਨਹੀਂ ਕਿ ਇਸ ਜੰਗ ਵਿਚ ਦੋਹਾਂ ਵਿਚੋਂ ਕੌਣ ਜਿੱਤੇਗਾ, ਸਗੋਂ ਇਸ ਗੱਲ ਬਾਰੇ ਚਿੰਤਾ ਹੈ ਕਿ ਜੋ ਕੁਝ ਇਮਰਾਨ ਖਾਨ ਸੰਸਾਰ ਦੀ ਸੱਥ ਮੂਹਰੇ ਕਹਿ ਆਇਆ ਹੈ, ਇਸ ਨਾਲ ਉਹ ਹੀਰੋ ਤਾਂ ਬਣਿਆ ਨਹੀਂ, ਪਰ ਆਪਣੀ ਬੇਇੱਜਤੀ ਮੰਨ ਕੇ ਪਾਕਿਸਤਾਨੀ ਫੌਜ ਕੋਈ ਇਹੋ ਜਿਹਾ ਚੰਦ ਚਾੜ੍ਹ ਸਕਦੀ ਹੈ, ਜੋ ਉਸ ਨੇ ਕਈ ਵਾਰ ਚਾੜ੍ਹਿਆ ਹੈ। ਇਮਰਾਨ ਖਾਨ ਇਸ ਵਕਤ ਭਾਰਤ ਦੇ ਲੋਕਾਂ ਦੇ ਗੁੱਸੇ ਦਾ ਪਾਤਰ ਹੋਣਾ ਚਾਹੀਦਾ ਹੈ ਕਿ ਤਰਸ ਦਾ, ਇਹ ਫੈਸਲਾ ਕਰਨਾ ਬੜਾ ਔਖਾ ਹੈ।