ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਆਪਣਿਆਂ ਤੇ ਪਰਾਇਆਂ ਦੇ ਫਰਕ ਦੀ ਗੱਲ ਕਰਦਿਆਂ ਕਿਹਾ ਸੀ ਕਿ ਆਪਣੇ ਸਿਰਫ ਉਹ ਹੀ ਨਹੀਂ ਹੁੰਦੇ ਜਿਨ੍ਹਾਂ ਨਾਲ ਖੂਨ ਦੀ ਸਾਂਝ ਹੋਵੇ, ਸਗੋਂ ਆਪਣੇ ਤਾਂ ਉਹ ਹੁੰਦੇ ਹਨ, ਜਿਨ੍ਹਾਂ ਨਾਲ ਰੂਹ ਦੀ ਸਾਂਝ ਹੋਵੇ। ਉਹ ਕਹਿੰਦੇ ਹਨ, “ਆਪਣਿਆਂ ਨੂੰ ਪਰਾਏ ਹੋਣ ਵਿਚ ਪਲ ਨਹੀਂ ਲੱਗਦਾ ਜਦ ਕਿ ਪਰਾਇਆਂ ਨੂੰ ਆਪਣਾ ਬਣਾਉਣ ਵਿਚ ਮੁੱਦਤਾਂ ਲੱਗ ਜਾਂਦੀਆਂ। ਆਪਣੇ ਕਦੇ ਵੀ ਪਰਾਏ ਹੋ ਸਕਦੇ ਨੇ,
ਪਰ ਜੇ ਪਰਾਏ ਆਪਣੇ ਬਣ ਜਾਣ ਤਾਂ ਉਨ੍ਹਾਂ ਦਾ ਪਰਾਏ ਹੋਣਾ ਬਹੁਤ ਹੀ ਅਸੰਭਵ ਹੁੰਦਾ।” ਸਮਾਜ ਅੱਜ ਅਮੀਰ-ਗਰੀਬ, ਊਚ-ਨੀਚ ਅਤੇ ਹੋਰ ਅਨੇਕਾਂ ਤਰ੍ਹਾਂ ਦੀਆਂ ਵੰਡੀਆਂ ਵਿਚ ਵੰਡਿਆ ਹੋਇਆ ਹੈ, ਪਰ ਇਹ ਵੰਡੀਆਂ ਰੱਬ ਨੇ ਨਹੀਂ ਪਾਈਆਂ। ਹਥਲੇ ਲੇਖ ਵਿਚ ਡਾ. ਭੰਡਾਲ ਨੇ ਊਚ-ਨੀਚ ਦੀਆਂ ਪਰਤਾਂ ਫਰੋਲਦਿਆਂ ਕਿਹਾ ਹੈ, “ਛੋਟਾ ਜਾਂ ਵੱਡਾ ਸਿਰਫ ਮਨੁੱਖ ਨੇ ਹੀ ਬਣਾਇਆ। ਬਿਰਖਾਂ, ਪਰਿੰਦਿਆਂ ਜਾਂ ਕਾਇਨਾਤ ਵਿਚ ਕੁਝ ਵੀ ਛੋਟਾ ਜਾਂ ਵੱਡਾ ਨਹੀਂ ਹੁੰਦਾ। ਸਭ ਬਰਾਬਰ। ਸਭ ਦਾ ਇਕਸਾਰ ਤੇ ਆਪਣੀ ਵਿੱਤ ਅਨੁਸਾਰ ਬਣਦਾ-ਸਰਦਾ ਯੋਗਦਾਨ।” ਉਹ ਦੱਸਦੇ ਹਨ, ਅੱਜ ਵੱਡੇ ਤੇ ਛੋਟੇ ਘਰਾਂ ਦਾ ਫਰਕ ਪਾਇਆ ਜਾ ਰਿਹਾ ਹੈ, ਪਰ ਉਹ ਕਹਿੰਦੇ ਹਨ, “ਸੌਣ ਲੱਗਿਆਂ ਪਾਈਆਂ ਬਾਤਾਂ ਤੇ ਹੁੰਗਾਰੇ, ਬੱਚਿਆਂ ਦੀਆਂ ਕੰਧਾਂ ‘ਤੇ ਮਾਰੀਆਂ ਲੀਕਾਂ, ਪਾਇਆ ਹੋਇਆ ਖਿਲਾਰਾ ਜਾਂ ਮਚਾਇਆ ਧਮੱਚੜ ਹੀ ਘਰ ਨੂੰ ਜਿਉਣ ਜੋਗਾ ਕਰਦਾ।” ਉਨ੍ਹਾਂ ਦੀ ਨਸੀਹਤ ਹੈ, “ਲੋੜ ਹੈ, ਨਿੱਕੇ-ਵੱਡੇ ਦੇ ਬਖੇੜੇ ਨੂੰ ਆਪਣੀ ਸੋਚ, ਜੀਵਨ ਅਤੇ ਦਿੱਖ ਵਿਚੋਂ ਮਨਫੀ ਕਰ ਕੇ ਸਭ ਨੂੰ ਇਕ ਹੀ ਦ੍ਰਿਸ਼ਟੀ ਨਾਲ ਦੇਖਣ ਦੀ।” -ਸੰਪਾਦਕ
ਡਾ. ਗੁਰਬਖਸ਼ ਸਿੰਘ ਭੰਡਾਲ
ਕੋਈ ਵੀ ਛੋਟਾ ਜਾਂ ਵੱਡਾ ਨਹੀਂ ਹੁੰਦਾ। ਇਹ ਤਾਂ ਸਾਡੀ ਸੋਚ ਵਿਚਲਾ ਅਸਾਵਾਂਪਣ। ਦੀਦਿਆਂ ਵਿਚ ਛੁਪਿਆ ਭੈਂਗਾਪਣ ਹੀ ਸਾਡੀ ਨਜ਼ਰ ਨੂੰ ਧੁਆਂਖਦਾ।
ਕੁਝ ਲੋਕ ਉਚੇ ਹੋ ਕੇ ਸਦਾ ਨੀਵੇਂ ਹੀ ਰਹਿੰਦੇ, ਤੇ ਕੁਝ ਛੋਟੇ ਲੋਕ ਜਦ ਉਚੇ ਹੋ ਜਾਂਦੇ ਤਾਂ ਉਚਾਪਣ ਉਨ੍ਹਾਂ ਦੇ ਸਿਰ ਨੂੰ ਚੜ੍ਹ ਜਾਂਦਾ, ਜਦੋਂ ਕਿ ਸਦਾ ਨੀਵੇਂ ਰਹਿ ਕੇ ਨਿਮਰਤਾ ਅਤੇ ਨਿਰਮਾਣਤਾ ਦਾ ਸਿਰਨਾਵਾਂ ਬਣਨ ਵਾਲੇ ਸਦਾ ਉਚੇ ਹੀ ਰਹਿੰਦੇ।
ਛੋਟਾ ਜਾਂ ਵੱਡਾ ਮਨੁੱਖੀ ਫਿਤਰਤ ਦੀ ਨਾ-ਬਰਾਬਰੀ ਦਾ ਪ੍ਰਤੀਕ। ਮਨ-ਬਰੂਹਾਂ ਵਿਚ ਛੁਪੀ ਹੀਣ ਭਾਵਨਾ ਦਾ ਪ੍ਰਗਟਾਓ, ਜੋ ਬਣਦਾ ਏ ਮਨੁੱਖੀ ਸ਼ਖਸੀਅਤ ਦਾ ਘਟਾਓ।
ਛੋਟਾ ਜਾਂ ਵੱਡਾ ਸਿਰਫ ਮਨੁੱਖ ਨੇ ਹੀ ਬਣਾਇਆ। ਬਿਰਖਾਂ, ਪਰਿੰਦਿਆਂ ਜਾਂ ਕਾਇਨਾਤ ਵਿਚ ਕੁਝ ਵੀ ਛੋਟਾ ਜਾਂ ਵੱਡਾ ਨਹੀਂ ਹੁੰਦਾ। ਸਭ ਬਰਾਬਰ। ਸਭ ਦਾ ਇਕਸਾਰ ਤੇ ਆਪਣੀ ਵਿੱਤ ਅਨੁਸਾਰ ਬਣਦਾ-ਸਰਦਾ ਯੋਗਦਾਨ। ਇਸ ਵਿਚ ਹਰੇਕ ਦੇ ਯੋਗਦਾਨ ਨੂੰ ਕਦੀ ਵੀ ਛੁਟਿਆਇਆ ਨਹੀਂ ਜਾ ਸਕਦਾ।
ਛੋਟੇ ਜਾਂ ਵੱਡੇ ਦੀ ਵਰਗ-ਵੰਡ ਵਿਚ ਇਕੱਲਾ ਮਨੁੱਖ ਹੀ ਨਹੀਂ, ਇਸ ਵਿਚ ਬਹੁਤ ਸਾਰੇ ਆਉਂਦੇ। ਆਲੇ-ਦੁਆਲੇ ਵਿਚ ਪਸਰੇ ਪਸਾਰੇ ਨੂੰ ਮਨੁੱਖ ਨੇ ਛੋਟਾ, ਵੱਡਾ, ਦਰਮਿਆਨਾ ਆਦਿ ਬਹੁਤ ਸਾਰੇ ਵਰਗਾਂ ਵਿਚ ਵੰਡ ਕੇ, ਉਨ੍ਹਾਂ ਵਿਚ ਪਾੜਾ ਪਾਉਣ ਅਤੇ ਨਫਰਤ ਦੀ ਕੰਧ ਉਸਾਰਨ ਦੀ ਵਿਉਂਤਬੰਦੀ ਕੀਤੀ ਏ। ਇਹ ਸਿਰਫ ਕੁਝ ਕੁ ਉਨ੍ਹਾਂ ਲੋਕਾਂ ਨੂੰ ਮੁਫੀਦ ਏ, ਜੋ ਆਪਣੀ ਹਉਮੈ ਤੇ ਹੰਕਾਰ ਨਾਲ ਦੂਜਿਆਂ ‘ਤੇ ਹਕੂਮਤ ਚਲਾਉਣ ਅਤੇ ਉਨ੍ਹਾਂ ਨੂੰ ਨੀਵਾਂ ਦਿਖਾਉਣ ਤੀਕ ਹੀ ਸੀਮਤ। ਇਹ ਮਨੁੱਖੀ ਨੀਚਤਾ ਦੀ ਸਭ ਤੋਂ ਡੂੰਘੀ ਰਸਾਤਲ।
ਮਨੁੱਖ ਨੇ ਮਨੁੱਖ ਨੂੰ ਪਹਿਲਾਂ ਜਾਤਾਂ ਵਿਚ ਵੰਡਿਆ। ਫਿਰ ਜਾਤਾਂ ਨੂੰ ਊਚ-ਨੀਚ ਵਿਚ ਵੰਡ ਕੇ, ਖੁਦ ਨੂੰ ਉਚੀ ਜਾਤ ਅਤੇ ਦੂਜੇ ਨੂੰ ਨੀਵੀਂ ਜਾਤ ਦਾ ਦਿਖਾਉਣ ਲਈ ਹਰ ਹਰਬਾ ਵਰਤਿਆ ਏ ਅਤੇ ਵਰਤ ਰਿਹਾ ਏ। ਮਨੁੱਖੀ ਬਰਾਬਰੀ ਦਾ ਪੈਗਾਮ ਦੇਣ ਵਾਲੇ ਧਾਰਮਿਕ ਸੰਦੇਸ਼ਾਂ ਨੂੰ ਦਰ-ਕਿਨਾਰ ਕਰਕੇ, ਆਪੋ-ਆਪਣੇ ਧਾਰਮਿਕ ਅਦਾਰੇ ਬਣਾ ਲਏ। ਕੁਝ ਨੂੰ ਅਛੂਤ ਆਖ ਕੇ ਮੰਦਿਰ ਵਿਚ ਜਾਣ ਦੀ ਮਨਾਹੀ ਕੀਤੀ। ਜਦ ਜੱਟਵਾਦ ਨੇ ਕੁਝ ਕੁ ਨੂੰ ਗੁਰਦੁਆਰੇ ਜਾਣ ਤੋਂ ਰੋਕਿਆ ਤਾਂ ਲੁਬਾਣਿਆਂ, ਰਵਿਦਾਸੀਆਂ, ਰਾਮਗੜੀਆਂ ਕਬੀਰਪੰਥੀਆਂ ਆਦਿ ਦੇ ਗੁਰਦੁਆਰੇ ਹੋਂਦ ਵਿਚ ਆ ਗਏ। ਸ਼ੀਆ ਅਤੇ ਸੁੰਨੀ ਮੁਸਲਮਾਨ ਇਕ ਥਾਂ ‘ਤੇ ਇਬਾਦਤ ਨਹੀਂ ਕਰ ਸਕਦੇ।
‘ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ’ ਦੀ ਭਾਵਨਾ ਨੂੰ ਤਾਂ ਅਸੀਂ ਹਜ਼ਮ ਕਰਕੇ ਡੱਕਾਰ ਵੀ ਨਹੀਂ ਮਾਰਦੇ, ਇਸ ‘ਤੇ ਅਮਲ ਕੀ ਕਰਨਾ?
ਵੱਡੇਪਣ ਅਤੇ ਛੋਟੇਪਣ ਦੀ ਇੰਤਹਾ ਹੀ ਹੈ ਕਿ ਔਰਤਾਂ ਮਸਜਿਦ ਵਿਚ ਨਮਾਜ਼ ਨਹੀਂ ਅਦਾ ਕਰ ਸਕਦੀਆਂ। ਕੁਝ ਮੰਦਿਰਾਂ ਵਿਚ ਤਾਂ ਔਰਤਾਂ ਦੇ ਜਾਣ ‘ਤੇ ਪਾਬੰਦੀ ਹੈ। ਹਰਿਮੰਦਰ ਸਾਹਿਬ ਵਿਚ ਔਰਤਾਂ ਦੇ ਕੀਰਤਨ ਕਰਨ ਦੀ ਮਨਾਹੀ ਉਸ ਧਾਰਮਿਕ ਸੰਸਥਾ ਨੇ ਲਾਈ ਏ, ਜੋ ਗੁਰੂ ਗੰ੍ਰਥ ਸਾਹਿਬ ਦੀ ਵਿਚਾਰਧਾਰਾ ਨੂੰ ਫੈਲਾਉਣ ਅਤੇ ਅਪਨਾਉਣ ਲਈ ਹੀ ਬਣੀ ਸੀ। ਗੁਰ-ਸੋਚ ਨੂੰ ਦਫਨ ਕਰਨ ਵਿਚ ਵੀ ਇਹੀ ਸੰਸਥਾ ਮੋਹਰੀ ਭੂਮਿਕਾ ਨਿਭਾ ਰਹੀ ਏ। ਔਰਤ ਤੇ ਮਰਦ ਦਾ ਇਹ ਵਖਰੇਵਾਂ ਕਿਉਂ? ਔਰਤ ਨੂੰ ਨੀਵਾਂ ਸਮਝਣ ਤੇ ਮਰਦ ਦਾ ਖੁਦ ਨੂੰ ਉਚਾ ਸਮਝਣਾ, ਕਿਹੜੀ ਸੋਚ ਦਾ ਲਖਾਇਕ ਏ?
ਮਨੁੱਖ ਨੇ ਸਿਰਫ ਮਨੁੱਖਾਂ ਵਿਚ ਹੀ ਵੰਡੀਆਂ ਨਹੀਂ ਪਾਈਆਂ, ਸਗੋਂ ਉਸ ਨੇ ਕਿੱਤਿਆਂ ਨੂੰ ਵੀ ਵੰਡ ਕੇ, ਕਿਸੇ ਨੂੰ ਨੀਵਾਂ ਅਤੇ ਕਿਸੇ ਨੂੰ ਉਚਾ ਬਣਾ ਦਿਤਾ ਏ। ਕੰਮ ਕੋਈ ਵੀ ਮਾੜਾ ਨਹੀਂ ਹੁੰਦਾ, ਪਰ ਇਹ ਕੇਹੀ ਮਾਨਸਿਕਤਾ ਕਿ ਚਪੜਾਸੀ/ਸਫਾਈ ਸੇਵਕ ਨੂੰ ਬਹੁਤ ਹੀ ਛੋਟਾ ਸਮਝ ਕੇ ਦੁਰਕਾਰਿਆ ਤੇ ਝਿੜਕਿਆ ਜਾਂਦਾ, ਜਦੋਂ ਕਿ ਅਫਸਰ ਹਰਦਮ ਧੌਂਸ ਜਮਾਉਂਦਾ, ਮਾਤਹਿਤਾਂ ਨੂੰ ਨਿੱਜ ਲਈ ਵਰਤਣ ਦੀ ਤਾਕ ਵਿਚ ਰਹਿੰਦਾ। ਨੌਕਰੀਆਂ ਦੀ ਇਹ ਵੰਡ ਸਿਰਫ ਭਾਰਤ ਵਰਗੇ ਦੇਸ਼ਾਂ ਵਿਚ ਹੀ ਹੈ। ਵਿਕਸਿਤ ਦੇਸ਼ਾਂ ਵਿਚ ਹਰ ਕਾਮਾ ਬਰਾਬਰ। ਵੱਡੇ ਅਦਾਰੇ ਦਾ ਮਾਲਕ ਵੀ ਖੁਦ ਕੁਰਸੀ ਸਾਫ ਕਰੇਗਾ। ਖੁਦ ਪਾਣੀ ਦਾ ਗਿਲਾਸ ਲੈਣ ਸਮੇਤ ਹਰੇਕ ਕੰਮ ਆਪ ਹੀ ਕਰੇਗਾ। ਉਥੇ ਮਾਲਕ ਜਾਂ ਅਫਸਰ ਘੰਟੀ ਨਹੀਂ ਮਾਰਦਾ। ਸਭ ਹੀ ਅਫਸਰ ਅਤੇ ਸਾਰੇ ਹੀ ਕਾਮੇ। ਮਨੁੱਖ ਨੂੰ ਬਰਾਬਰ ਦਾ ਸਮਝ ਕੇ ਆਦਰ ਤੇ ਮਾਣ ਕੀਤਾ ਜਾਂਦਾ। ਕੋਈ ਵੀ ਨੀਵਾਂ ਜਾਂ ਉਚਾ ਨਹੀਂ। ਯਾਦ ਰਹੇ, ਕੰਮ ਸਿਰਫ ਕੰਮ ਹੀ ਹੁੰਦਾ ਅਤੇ ਕੋਈ ਵੀ ਕੰਮ ਮਾੜਾ ਨਹੀਂ। ਮਾੜੀ ਤਾਂ ਭਾਵਨਾ ਹੁੰਦੀ, ਜੋ ਕਿਸੇ ਵੀ ਕੰਮ ਨੂੰ ਚੰਗੇਰਾ ਵੀ ਬਣਾ ਸਕਦੀ ਏ ਤੇ ਮਾੜਾ ਵੀ। ਕੰਮ ਨੂੰ ਕੰਮ ਸਮਝ ਕੇ ਕੀਤਾ ਜਾਵੇ ਤਾਂ ਇਸ ਵਰਗੀ ਕੋਈ ਨੇਕਨੀਅਤੀ ਨਹੀਂ। ਇਹ ਹੀ ਸਭ ਤੋਂ ਵੱਡਾ ਕਰਮ-ਧਰਮ। ਇਹ ਕਰਮਯੋਗਤਾ ਹੀ ਮਨੁੱਖੀ ਕਰਮ-ਜਾਚਨਾ ਬਣ ਕੇ ਉਸ ਦੀ ਸੋਚ ਵਿਚਲੀਆਂ ਤਰਜ਼ੀਹਾਂ ਨੂੰ ਅਮੀਰੀ ਬਖਸ਼ਦੀ। ਮੇਰਾ ਦੋਸਤ ਸੀ, ਆਰਮੀ ਵਿਚ ਕਰਨਲ। ‘ਕੇਰਾਂ ਮਿਲਣ ‘ਤੇ ਕਹਿਣ ਲੱਗਾ ਕਿ ਮੈਂ ਆਪਣੇ ਬੇਟੇ ਨੂੰ ਕਿਹਾ ਹੈ ਕਿ ਜੋ ਕੁਝ ਵੀ ਕਰਨਾ ਜਾਂ ਬਣਨਾ ਹੈ, ਉਚਤਮ ਦਰਜੇ ਦਾ ਹੋਣਾ ਚਾਹੀਦਾ। ਭਾਵੇਂ ਤੂੰ ਮੋਚੀ ਬਣ, ਦਰਜੀ ਬਣ ਜਾਂ ਝਾੜੂ-ਬਰਦਾਰ। ਮੁੱਲ ਕੰਮ ਦਾ ਪੈਂਦਾ ਏ, ਕੁਰਸੀ ਦਾ ਨਹੀਂ।
ਮਨੁੱਖੀ ਫਿਤਰਤ ਵਿਚ ਵੱਸੇ ਵੱਡੇਪਣ ਦਾ ਫਤੂਰ ਹੀ ਹੈ ਕਿ ਉਹ ਵੱਡੇ ਤੋਂ ਵੱਡੇ ਘਰਾਂ ਦਾ ਚਾਹਵਾਨ ਹੋ ਕੇ ਆਪਣੇ ਘਰ ਨੂੰ ਦੂਜੇ ਨਾਲੋਂ ਵੱਡਾ ਦਿਖਾਉਣ ਲਈ ਯੋਗ-ਅਯੋਗ ਤਰੀਕੇ ਵਰਤਣ ਤੋਂ ਵੀ ਗੁਰੇਜ਼ ਨਹੀਂ ਕਰਦਾ। ਇਸੇ ਕਰਕੇ ਵੱਡੇ ਘਰਾਂ ਵਿਚ ਅਕਸਰ ਬੌਣੇ ਲੋਕ ਰਹਿੰਦੇ ਨੇ। ਘਰ ਕਦੇ ਵੀ ਵੱਡਾ ਜਾਂ ਛੋਟਾ ਨਹੀਂ ਹੁੰਦਾ। ਸਗੋਂ ਘਰ ਉਹ ਹੀ ਘਰ ਹੁੰਦਾ, ਜੋ ਘਰ ਵਾਲੇ ਘਰ ਵਾਲਿਆਂ ਲਈ ਬਣਾਉਂਦੇ। ਘਰ ਵਾਲੇ ਇਸ ਵਿਚ ਰਹਿ ਕੇ ਘਰ ਨੂੰ ਉਸ ਦੇ ਸੱਚੇ-ਸੁੱਚੇ ਅਰਥਾਂ ਨਾਲ ਨਿਵਾਜਦੇ। ਵੱਡੇ ਵੱਡੇ ਘਰਾਂ ਵਿਚ ਅਕਸਰ ਹੀ ਸੁੰਨ ਪਸਰੀ ਰਹਿੰਦੀ। ਇਸ ਦੇ ਕਮਰਿਆਂ ਨੂੰ ਉਹ ਖਲੂਸ ਤੇ ਹੁਲਾਸ ਹਾਸਲ ਨਹੀਂ ਹੁੰਦਾ, ਜੋ ਛੋਟੇ ਜਿਹੇ ਘਰ ਵਿਚ ਕੋਲ-ਕੋਲ ਡਾਹੇ ਮੰਜਿਆਂ ‘ਤੇ ਸੌਣ ਵਾਲਿਆਂ ਨੂੰ ਹੁੰਦਾ। ਹੁਣ ਘਰ ਤਾਂ ਵੱਡੇ ਹੋ ਗਏ, ਪਰ ਇਸ ਵਿਚ ਰਹਿਣ ਵਾਲੇ ਬਹੁਤ ਹੀ ਛੋਟੇ। ਕਮਰਿਆਂ ਵਿਚ ਵੰਡਿਆ ਘਰ ਹੁਣ ਟੁਕੜਿਆਂ ਨੂੰ ਸਾਂਭਣ ਵਿਚ ਆਪਣੀ ਹੋਂਦ ਗਵਾ ਲੈਂਦਾ ਕਿਉਂਕਿ ਘਰ ਨੂੰ ਘਰ ਦੇ ਅਰਥ ਦੇਣ ਵਾਲੇ ਖੁਦ ਹੀ ਗੁੰਮਸ਼ੁਦੀ ਦਾ ਸਿਰਲੇਖ ਬਣ ਗਏ ਨੇ। ਸੌਣ ਲੱਗਿਆਂ ਪਾਈਆਂ ਬਾਤਾਂ ਤੇ ਹੁੰਗਾਰੇ, ਬੱਚਿਆਂ ਦੀਆਂ ਕੰਧਾਂ ‘ਤੇ ਮਾਰੀਆਂ ਲੀਕਾਂ, ਪਾਇਆ ਹੋਇਆ ਖਿਲਾਰਾ ਜਾਂ ਮਚਾਇਆ ਧਮੱਚੜ ਹੀ ਘਰ ਨੂੰ ਜਿਉਣ ਜੋਗਾ ਕਰਦਾ। ਘਰਾਂ ਨੂੰ ਛੋਟਿਆਂ ਜਾਂ ਵੱਡਿਆਂ ਵਿਚ ਨਾ ਵੰਡੋ, ਸਗੋਂ ਇਸ ‘ਚੋਂ ਮਿਲਣ ਵਾਲੀਆਂ ਖੁਸ਼ੀਆਂ, ਉਪਜਣ ਵਾਲੇ ਖੇੜੇ ਅਤੇ ਪਨਪੇ ਨਿੱਘ ਤੇ ਅਪਣੱਤ ਦੀ ਜਰਖੇਜ਼ਤਾ ਨੂੰ ਆਧਾਰ ਬਣਾ ਕੇ ਘਰਾਂ ਦਾ ਵਰਗੀਕਰਣ ਕਰੋਗੇ ਤਾਂ ਹਰ ਘਰ ਹੀ ਘਰ ਬਣਨ ਦੇ ਰਾਹ ਤੁਰ ਪਵੇਗਾ। ਫਿਰ ਘਰ ਨੂੰ ਵੱਡੇ ਜਾਂ ਛੋਟੇ ਦਾ ਖਿਆਲ ਨਹੀਂ ਆਵੇਗਾ, ਸਗੋਂ ਘਰ ਸਿਰਜਣ ਦਾ ਸੁਪਨਾ ਹੀ ਉਸ ਦੀ ਬੰਦਗੀ ਹੋਵੇਗੀ।
ਆਮ ਲੋਕਾਈ ਨੂੰ ਧਰਮ ਅਤੇ ਅਧਰਮ ਵਿਚ ਵੰਡ ਕੇ, ਅਡੰਬਰੀ ਲੋਕਾਂ ਨੇ ਵੱਖਰਾ ਸੰਸਾਰ ਸਿਰਜਣ ਲਈ ਅਜਿਹਾ ਕਦਮ ਪੁੱਟਿਆ, ਜਿਸ ਨੇ ਸੰਸਾਰ ਵਿਚ ਮੁਸ਼ਕਿਲਾਂ ਹੀ ਮੁਸ਼ਕਿਲਾਂ ਪੈਦਾ ਕੀਤੀਆਂ। ਦਰਅਸਲ ਧਰਮੀ ਲੋਕ ਜਦ ਮੁਖੌਟਿਆਂ ਵਿਚ ਜੀਣਾ ਸ਼ੁਰੂ ਕਰਦੇ ਤਾਂ ਉਹ ਅਧਰਮੀ ਹੀ ਹੁੰਦੇ। ਇਸ ਅਧਰਮਪੁਣੇ ਵਿਚੋਂ ਹੀ ਕੁਝ ਲੋਕਾਂ ਨੇ ਜਦ ਆਪਣੇ ਧਰਮ ਨੂੰ ਦੂਜੇ ਧਰਮਾਂ ਨਾਲੋਂ ਵੱਡਾ ਅਤੇ ਦੂਜੇ ਦੇ ਧਰਮ ਨੂੰ ਨੀਵਾਂ ਦਿਖਾਉਣ ਲਈ ਯਤਨ ਅਰੰਭੇ ਤਾਂ ਧਰਮ ਦੀ ਆਸਥਾ ਜ਼ਾਰੋ-ਜ਼ਾਰ ਰੋਈ। ਇਹ ਸਿਲਸਿਲਾ ਹੁਣ ਤੀਕ ਵੀ ਜਾਰੀ। ਕੋਈ ਵੀ ਇਸ ਵੱਡੇ-ਛੋਟੇ ਦਾ ਨਿਪਟਾਰਾ ਕਰਨ ਅਤੇ ਇਸ ਪਾੜ ਨੂੰ ਪੂਰਨ ਲਈ ਤਿਆਰ ਨਹੀਂ। ਹਰੇਕ ਆਪਣੇ ਪੈਂਤੜੇ ‘ਤੇ ਅਡੋਲ ਅਤੇ ਦੂਜੇ ਨੂੰ ਨੀਵਾਂ ਸਾਬਤ ਕਰਨ ਲਈ ਬਜ਼ਿੱਦ। ਹੁਣ ਧਾਰਮਿਕ ਅਦਬ ਤੇ ਅਦੀਬ ਤਾਂ ਅੰਤਿਮ ਅਰਦਾਸ ਦੀ ਹੀ ਉਡੀਕ ਕਰ ਰਹੇ ਨੇ। ਲੋੜ ਹੈ, ਸਭ ਧਰਮਾਂ ਨੂੰ ਸਮਾਨ ਸਮਝ ਕੇ ਉਨ੍ਹਾਂ ਦੀਆਂ ਸਿਖਿਆਵਾਂ ਨੂੰ ਜੀਵਨ-ਜਾਚ ਦਾ ਮੂਲ ਮੰਤਰ ਬਣਾਇਆ ਜਾਵੇ। ਇਸ ਨੇ ਹੀ ਜੀਵਨ ਨੂੰ ਸੁਹੰਢਣੀ ਜੀਵਨ-ਜਾਚ ਦੇਣੀ ਹੁੰਦੀ।
ਬੜਾ ਦੁੱਖ ਹੁੰਦਾ ਜਦ ਸੰਵੇਦਨਸ਼ੀਲ ਲੋਕ ਵੀ ਵੱਡੇ ਜਾਂ ਛੋਟੇ ਵਿਚ ਉਲਝ ਕੇ ਆਪਣੇ ਸੁਹਜ, ਸੰਵੇਦਨਾ, ਕਲਾ-ਬਿਰਤੀ ਅਤੇ ਕਿਰਤ-ਕਰਮ ਨੂੰ ਕਲੰਕਤ ਕਰਨ ਵੰਨੀਂ ਰੁਚਿਤ ਹੋ ਜਾਂਦੇ। ਕੇਹੀ ਸੋਚ ਕਿ ਆਪਣੇ ਧੜੇ ਦਾ ਪੱਖ ਪੂਰਨ ਲਈ, ਦੂਜੇ ਦੀ ਕਵਿਤਾ/ਕਲਾ ਨੂੰ ਹੀਣੀ ਅਤੇ ਆਪਣੇ ਦੀ ਕਵਿਤਾ ਨੂੰ ਉਤਮ ਕਹਿਣਾ! ਇਹ ਸੋਚ ਅਜੋਕੇ ਸਾਹਿਤਕਾਰਾਂ, ਕਲਾਕਾਰਾਂ ਅਤੇ ਬੁੱਧੀਜੀਵੀਆਂ ਵਿਚ ਆਮ ਹੀ ਭਾਰੂ। ਇਸ ਨੇ ਅਦਬ ਦਾ ਜਿੰਨਾ ਨੁਕਸਾਨ ਕੀਤਾ, ਹੋਰ ਕਿਸੇ ਨੇ ਨਹੀਂ ਕੀਤਾ। ਆਮ ਲੋਕ ਅਦਬੀ ਅਤੇ ਵਿਦਵਾਨਾਂ ਕੋਲੋਂ ਸੇਧ ਲੈਣ ਲਈ ਉਤਸੁਕ ਹੁੰਦੇ। ਜਦ ਅਜੋਕੇ ਬੁੱਧੀਜੀਵੀ ਹੀ ਸੇਧਹੀਣ ਹੋ ਜਾਣ ਅਤੇ ਕਿਸੇ ਨੂੰ ਉਚਾ ਤੇ ਕਿਸੇ ਨੂੰ ਨੀਵਾਂ ਦਿਖਾਉਣ ਲਈ ਆਪਣੀ ਸਮਰੱਥਾ ਅਤੇ ਊਰਜਾ ਲਾਉਣ ਲੱਗ ਪੈਣ ਤਾਂ ਇਸ ਨੂੰ ਕੀ ਕਹੋਗੇ? ਇਹ ਲੋਕ ਸਮਾਜ ਨੂੰ ਕਿਹੜੇ ਸੁਚਾਰੂ ਜਾਂ ਉਚਾਰੂ ਪਾਸੇ ਲਿਜਾਣਗੇ? ਸਹੀ ਸੋਚਣ ਤੇ ਸਮਝਣ ਲਈ ਆਪਣੇ ਅੰਤਰੀਵ ਵਿਚ ਝਾਤੀ ਮਾਰਨ ਅਤੇ ਆਪਣੇ ਆਪ ਨੂੰ ‘ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੇ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥’ ਨੂੰ ਆਪਣੀ ਦਿੱਭ-ਦ੍ਰਿਸ਼ਟੀ ਦਾ ਹਿੱਸਾ ਬਣਾਵਾਂਗੇ ਤਾਂ ਖੁਦ ਵਿਕਾਸ ਦੇ ਨਾਲ ਨਾਲ ਅਸੀਂ ਸਮਾਜਕ ਵਿਕਾਸ ਵਿਚ ਵੀ ਭਰਪੂਰ ਤੇ ਉਸਾਰੂ ਯੋਗਦਾਨ ਪਾਉਣ ਵਿਚ ਸਹਾਈ ਹੋਵਾਂਗੇ।
ਡਾਕਟਰ, ਇੰਜੀਨੀਅਰ ਅਧਿਆਪਕ ਜਾਂ ਕਿਸੇ ਪੇਸ਼ੇਵਰ ਨੂੰ ਛੋਟੇ ਜਾਂ ਵੱਡੇ ‘ਚ ਨਹੀਂ ਵੰਡੀਦਾ। ਇਸ ਨਾਲ ਉਨ੍ਹਾਂ ਦੀ ਲਿਆਕਤ, ਯੋਗਤਾ ਅਤੇ ਸਿਆਣਪ ਹੀ ਨਕਾਰਦੇ ਹਾਂ। ਸਗੋਂ ਕਿੱਤੇ ਵਿਚਲੀ ਮੁਹਾਰਤ ਵਿਚੋਂ ਹੀ ਪਰਖਣਾ ਚਾਹੀਦਾ, ਨਾ ਕਿ ਨਿੱਕੇ/ਵੱਡੇ ਦੇ ਅੰਤਰ ਵਿਚ ਉਲਝ ਕੇ ਬੇਲੋੜੀਆਂ ਘੁਣਤਰਾਂ ਨੂੰ ਜਨਮ ਦੇਣਾ ਚਾਹੀਦਾ। ਕਿਸੇ ਨੂੰ ਨੀਚ ਕਹਿ ਕੇ ਉਸ ਵਿਚ ਹੀਣ ਭਾਵਨਾ ਪੈਦਾ ਕਰਨੀ, ਸਭ ਤੋਂ ਵੱਡਾ ਪਾਪ। ਇਸ ਪਾਪ ਤੋਂ ਉਮਰ ਭਰ ਨਿਜਾਤ ਨਹੀਂ ਪਾ ਸਕਦੇ ਕਿਉਂਕਿ ਪਾਪ ਦਾ ਦਾਗ ਕਿਸੇ ਨਾ ਕਿਸੇ ਰੂਪ ਵਿਚ ਅੰਤਰ ਆਤਮਾ ਨੂੰ ਪੀੜਤ ਜਰੂਰ ਕਰੇਗਾ।
ਬਿਰਖ ਕੋਈ ਵੀ ਵੱਡਾ ਜਾਂ ਨਿੱਕਾ ਨਹੀਂ ਹੁੰਦਾ। ਹਰ ਬਿਰਖ ਨੂੰ ਹੀ ਫੁੱਲ ਤੇ ਫਲ ਲਗਦੇ। ਉਹ ਕਾਇਨਾਤ ਨੂੰ ਹੋਰ ਸੁੰਦਰ ਅਤੇ ਸਦੀਵ ਬਣਾਉਣ ਵਿਚ ਆਪਣਾ ਯੋਗਦਾਨ ਪਾਉਂਦਾ।
ਨਿੱਕੇ ਜਾਂ ਵੱਡੇ ਦੀ ਵਰਣ-ਵੰਡ ਨੂੰ ਕਿੰਜ ਕਿਆਸੋਗੇ, ਜਦ ਨਿੱਕੇ ਦੀ ਅਹਿਮੀਅਤ ਕਈ ਵਾਰ ਵੱਡਿਆਂ ਤੋਂ ਵੀ ਵੱਧ ਹੁੰਦੀ। ਸਾਈਕਲ ਦੇ ਟਾਇਰ ਦਾ ਨਿੱਕਾ ਜਿਹਾ ਵਾਲਵ, ਸਾਈਕਲ ਲਈ ਸਭ ਤੋਂ ਅਹਿਮ। ਸਾਈਕਲ ਬੇਕਾਰ ਹੀ ਹੋ ਜਾਂਦਾ, ਜਦ ਟਿਊਬ ਵਿਚਲਾ ਵਾਲਵ ਹੀ ਲੀਕ ਹੋ ਜਾਵੇ ਜਾਂ ਟਿਊਬ ਫੱਟ ਜਾਵੇ। ਸਾਈਕਲ ਦੇ ਕੁੱਤੇ ਨਿੱਕੇ ਜਿਹੇ ਰਬੜ ਦੇ ਟੁਕੜੇ ਹੁੰਦੇ ਅਤੇ ਇਨ੍ਹਾਂ ਦੇ ਫੇਲ੍ਹ ਹੋਣ ‘ਤੇ ਸਾਈਕਲ ਨੂੰ ਕਿੰਜ ਚਲਾਵੋਗੇ? ਸਾਈਕਲ ਦਾ ਹਰ ਹਿੱਸਾ ਹੀ ਉਨਾ ਹੀ ਅਹਿਮ, ਜਿੰਨਾ ਇਸ ਦਾ ਵਾਲਵ ਜਾਂ ਕੁੱਤੇ। ਇਕ ਨਿੱਕਾ ਜਿਹਾ ਕਿਣਕਾ ਅੱਖ ਵਿਚ ਪੈ ਜਾਵੇ ਤਾਂ ਦ੍ਰਿਸ਼ਟੀ ਧੁੰਦਲੀ ਹੋ ਜਾਂਦੀ, ਅੱਖ ਵਿਚ ਵਗਦਾ ਪਾਣੀ ਸਾਡੇ ਲਈ ਔਖਿਆਈ ਤੇ ਪੀੜਾ ਬਣਦਾ। ਕਿਣਕੇ ਦੇ ਅੱਖ ‘ਚੋਂ ਬਾਹਰ ਨਿਕਲਣ ‘ਤੇ ਹੀ ਅਸੀਂ ਰਾਹਤ ਮਹਿਸੂਸ ਕਰਦੇ। ਨਿੱਕੇ ਨਿੱਕੇ ਤੀਲੇ ਰਲ ਕੇ ਆਲ੍ਹਣਾ ਬਣਾਉਂਦੇ। ਇਕ ਇਕ ਇੱਟ ਹੀ ਘਰ ਨੂੰ ਸਿਰਜਣ ਵਿਚ ਸਹਾਈ ਹੁੰਦੀ। ਕੱਖਾਂ ਨੂੰ ਇਕੱਠੇ ਕਰਕੇ ਹੀ ਕੁੱਲੀ, ਝੌਂਪੜੀ, ਛੰਨ ਜਾਂ ਢਾਰਾ ਬਣਦਾ। ਇਕ ਕੱਖ ਦੀ ਅਹਿਮੀਅਤ ਨੂੰ ਕਿੰਜ ਨਕਾਰੋਗੇ? ਜੇ ਇਕ ਕੱਖ ਨੂੰ ਅੱਗ ਲੱਗ ਜਾਵੇ ਤਾਂ ਸਭ ਕੁਝ ਸੜ ਕੇ ਸੁਆਹ। ਸੋ, ਕੋਈ ਨਹੀਂ ਨਿੱਕਾ, ਨਿਤਾਣਾ ਜਾਂ ਨਿਮਾਣਾ। ਹਰੇਕ ਦੀ ਆਪਣੀ ਅਹਿਮੀਅਤ ਤੇ ਸਾਰਥਕਤਾ। ਉਸ ਸਾਰਥਕਤਾ ਵਿਚੋਂ ਹੀ ਉਸ ਦੀ ਹੋਂਦ ਨੂੰ ਕਿਆਸਣ ਤੇ ਸਮਝਣ ਦੀ ਸੋਝੀ ਹੋਣੀ ਚਾਹੀਦੀ।
ਕੋਈ ਵੀ ਕੌਮ, ਸਮਾਜ ਜਾਂ ਦੇਸ਼ ਛੋਟਾ ਜਾਂ ਵੱਡਾ ਨਹੀਂ ਹੁੰਦਾ। ਸਗੋਂ ਕੌਮੀਅਤ ਤੇ ਸਮਾਜਕ ਸਰੋਕਾਰਾਂ ਵਿਚਲੀ ਸੰਜੀਦਗੀ, ਦੇਸ਼ਾਂ ਵਿਚਲਾ ਮਿਲਵਰਤਣ, ਸਮੂਹਕ ਭਲਾਈ ਅਤੇ ਸ਼ੁਭ-ਚਿੰਤਨ ਨੂੰ ਸੋਚ ਦਾ ਹਿੱਸਾ ਬਣਾ ਕੇ ਹੀ ਚੰਗੇਰੇ ਭਵਿੱਖ ਵੰਨੀਂ ਕਦਮ ਉਠਾਏ ਜਾ ਸਕਦੇ। ਕੌਮਾਂ ਰਲ ਕੇ ਸਮਾਜ ਦੀ ਸਿਰਜਣਾ ਕਰਦੀਆਂ, ਸਮਾਜ ਦੇ ਵੱਖ ਵੱਖ ਰੂਪ ਹੀ ਕਿਸੇ ਦੇਸ਼ ਦੀ ਮੁਢਲੀ ਇਕਾਈ ਹੁੰਦੇ ਅਤੇ ਵੱਖ-ਵੱਖ ਦੇਸ਼ਾਂ ਦੇ ਸਮੂਹ ਨੂੰ ਹੀ ਸੰਸਾਰ ਦਾ ਨਾਂ ਦਿੱਤਾ ਜਾਂਦਾ। ਇਕਸਾਰ ਅਤੇ ਇਕਸੰਗ ਵਿਚੋਂ ਹੀ ਸਮੂਹਕ ਰੂਪ ਪ੍ਰਗਟਦਾ, ਜਿਸ ਵਿਚ ਛੋਟੇ-ਵੱਡੇ ਦਾ ਫਰਕ ਮਿਟ ਜਾਂਦਾ।
ਨਿੱਕੇ ਨਿੱਕੇ ਤਾਰੇ ਅੰਬਰ ਦਾ ਹੀ ਹਿੱਸਾ। ਇਹ ਰਲ ਕੇ ਚਾਨਣ ਦਾ ਵਣਜ ਕਰਦੇ। ਸਮੁੱਚੇ ਖਲਾਅ ਨੂੰ ਸੁੰਦਰ ਬਣਾਉਂਦੇ ਅਤੇ ਚਾਨਣ ਦਾ ਪਸਾਰ ਕਰਦੇ। ਸੂਰਜ ਤੇ ਚੰਦ ਦੀ ਵੀ ਉਹੀ ਭੂਮਿਕਾ ਹੈ, ਜੋ ਟੁੱਟਦੇ ਤਾਰੇ ਦੀ, ਜੁਗਨੂੰ ਦੀ ਜਾਂ ਉਜੜੀ ਮਜ਼ਾਰ ‘ਤੇ ਜਗਦੇ ਚਿਰਾਗ ਦੀ ਹੁੰਦੀ। ਸਾਰੇ ਹੀ ਹਨੇਰਿਆਂ ਨੂੰ ਦੂਰ ਕਰ, ਰਾਤ ਦੀ ਵੱਖੀ ਵਿਚ ਚਾਨਣ ਦੀ ਜੋਤ ਜਗਾਉਂਦੇ ਅਤੇ ਭੁੱਲੇ ਭਟਕੇ ਰਾਹੀਆਂ ਨੂੰ ਮਾਰਗ ਦਿਖਾਉਂਦੇ। ਕਰਮ-ਜਾਚਨਾ ਹੀ ਸੁਘੜਤਾ ਅਤੇ ਸਿਆਣਪ ਨਾਲ ਮਾਨਵਵਾਦੀ ਵਰਤਾਰਾ ਬਣਦੀ।
ਇਕ ਬੂੰਦ ਦੀ ਅਹਿਮੀਅਤ ਕਿਸੇ ਪਿਆਸੇ ਨੂੰ ਪੁੱਛਣਾ। ਇਕ ਤ੍ਰੇਲ-ਤੁਪਕੇ ਨੂੰ ਫੁੱਲ ‘ਤੇ ਥਰਥਰਾਉਂਦੇ ਅਤੇ ਰੰਗਾਂ ਨੂੰ ਪੁਣਦਿਆਂ ਦੇਖਣਾ, ਤੁਹਾਨੂੰ ਅੰਬਰ ਵਿਚ ਲਟਕਦੇ ਜਲ ਕਣਾਂ ਰਾਹੀਂ ਸਿਰਜੀ ਸਤਰੰਗੀ ਦੀ ਵੀ ਯਾਦ ਆਵੇਗੀ। ਸਮੁੰਦਰ ਦਾ ਪਾਣੀ ਕਦੇ ਸਤਰੰਗੀ ਨਹੀਂ ਬਣਾ ਸਕਦਾ, ਪਰ ਇਹ ਅਲੋਕਾਰੀ ਤੇ ਇਲਾਹੀ ਕਾਰਜ ਸਿਰਫ ਬੂੰਦਾਂ ਦੇ ਹਿੱਸੇ ਆਇਆ। ਤਿੱਪ ਦੀ ਕੀਮਤ ਵੀ ਉਨੀ ਹੁੰਦੀ, ਜਿੰਨੀ ਬੁੱਕ ਪਾਣੀ ਦੀ। ਦੋਹਾਂ ਦੀ ਆਪੋ ਆਪਣੀ ਸਾਰਥਕਤਾ, ਆਪੋ ਆਪਣੇ ਕਿਰਦਾਰ ਅਤੇ ਇਸ ਵਿਚੋਂ ਹੀ ਇਨ੍ਹਾਂ ਦੀ ਸੋਚ ਅਤੇ ਸਮਰੱਥਾ ਨੂੰ ਮਿਲਦਾ ਨਵੀਨਤਮ ਉਭਾਰ।
ਲੋੜ ਹੈ, ਨਿੱਕੇ-ਵੱਡੇ ਦੇ ਬਖੇੜੇ ਨੂੰ ਆਪਣੀ ਸੋਚ, ਜੀਵਨ ਅਤੇ ਦਿੱਖ ਵਿਚੋਂ ਮਨਫੀ ਕਰ ਕੇ ਸਭ ਨੂੰ ਇਕ ਹੀ ਦ੍ਰਿਸ਼ਟੀ ਨਾਲ ਦੇਖਣ ਤੇ ਇਸ ਦੀ ਉਪਭੋਗਤਾ ਨੂੰ ਇਸ ਦੇ ਸੰਦਰਭ ਵਿਚ ਵਿਚਾਰਨ ਦੀ ਆਦਤ ਪਾਈਏ। ਇਸ ਨਾਲ ਜੀਵਨੀ-ਅੰਤਰਾਂ ਨੂੰ ਸਦਾ ਲਈ ਖਤਮ ਕਰ ਸਕੋਗੇ। ਜੀਵਨ ਦੇ ਇਸ ਮੂਲ-ਮੰਤਰ ਨੂੰ ਜ਼ਿੰਦਗੀ ਦਾ ਸੁਜੱਗ ਤੇ ਸੁਯੋਗ ਸਾਥ ਬਣਾਓ। ਪਗਡੰਡੀ ਹੀ ਰਾਹ ਬਣਦੇ ਅਤੇ ਇਹੀ ਰਾਹ ਹੀ ਵੱਡੇ ਮਾਰਗ ਬਣਨ ਦੀ ਸਮਰੱਥਾ ਰੱਖਦੇ। ਮਨ ਵਿਚ ਪਾਲੇ ਨੀਵਿਆਂ ਦੇ ਭਰਮ ਨੂੰ ਦੂਰ ਕਰੋ। ਉਨ੍ਹਾਂ ਨੂੰ ਉਪਰ ਉਠਾਓ। ਆਪਣੇ ਬਰਾਬਰ ਕਰਨ ਦੀ ਸੋਝੀ, ਮਨ-ਬੀਹੀ ਵਿਚ ਗੁਣਗੁਣਾਓ। ਜ਼ਿੰਦਗੀ ਦਾ ਨਾਦ ਤੁਹਾਡਾ ਹਾਸਲ ਹੋਵੇਗਾ।
‘ਮੈਂ ਨੀਵਾਂ ਮੇਰਾ ਮੁਰਸ਼ਦ ਉਚਾ ਅਤੇ ਅਸਾਂ ਉਚਿਆਂ ਦੇ ਸੰਗ ਲਾਈਆਂ, ਸਦਕੇ ਜਾਵਾਂ ਉਨ੍ਹਾਂ ਉਚਿਆਂ ਤਾਈਂ ਜਿਨ੍ਹਾਂ ਨੀਵਿਆਂ ਨਾਲ ਨਿਭਾਈਆਂ’ ਦੇ ਬੋਲਾਂ ਦੀ ਰੂਹ-ਬੀਹੀ ਵਿਚ ਹੇਕ ਲਾਉਣ ਵਾਲੇ ਲੋਕ, ਜੀਵਨ ਦਾ ਸੁੱਚਾ ਹਾਸਲ। ਅਜਿਹਾ ਹਾਸਲ ਬਣਨ ਲਈ ਮਨ ਵਿਚ ਲੋਚਾ ਜਰੂਰ ਪੈਦਾ ਕਰਨੀ। ਕਲਮ ਸ਼ੁਕਰ-ਗੁਜ਼ਾਰ ਹੋਵੇਗੀ।