ਖੋਜ ਸਬਦ ਮੈ ਲੇਹਿ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਜਿੱਥੇ ਸਿੱਖੀ ਸਿੱਖ ਨੂੰ ਕੁਦਰਤ ਅਤੇ ਇਸ ਦੇ ਕਾਦਰ ਦੇ ਸੱਚੇ, ਅਰਥਾਤ ਕਦੇ ਨਾ ਬਦਲਣ ਵਾਲੇ ਸਦੀਵੀ ਗਿਆਨ ਨਾਲ ਜੋੜਦੀ ਹੈ, ਉਥੇ ਅਜੋਕਾ ਸਿੱਖ ਕੁਦਰਤ ਅਤੇ ਕਾਦਰ ਦਾ ਗਿਆਨ ਪ੍ਰਾਪਤ ਕਰਨ ਦੀ ਥਾਂ ਕਾਦਰ ਦੀ ਫੋਕੀ ਪ੍ਰਸ਼ੰਸਾ ਨਾਲ ਜੁੜ ਗਿਆ ਹੈ। ਜਿੱਥੇ ਗੁਰੂ ਸਾਹਿਬ ਨੇ ਅੰਧ-ਵਿਸ਼ਵਾਸੀ ਕਰਮ-ਕਾਂਡ ਦਾ ਪਰਦਾ ਫਾਸ਼ ਕਰਕੇ ਮਨੁੱਖ ਨੂੰ ਗਿਆਨ ਦਾ ਰਾਹ ਦਰਸਾਇਆ ਸੀ, ਉਥੇ ਅਜੋਕਾ ਸਿੱਖ ਚਾਨਣ ਦੀ ਸੇਧ ਵਾਲਾ ਸਿੱਧਾ ਰਾਹ ਛੱਡ ਕੇ ਫਿਰ ਭਰਮ ਤੇ ਭੁਲੇਖਿਆਂ ਵਾਲੇ ਪਾਸੇ ਤੁਰਿਆ ਜਾ ਰਿਹਾ ਹੈ।

ਆਪਣੇ ਸਵਾਰਥ ਵਿਚ ਕਾਹਲਾ ਪੈ ਕੇ ਗੁਰੂ ਨਾਨਕ ਦੀ ਸਿੱਖੀ ਦਾ ਪੱਲਾ ਛੱਡ ਗਿਆ ਹੈ। ਸਿੱਖੀ ਨੂੰ ਧਰਮ ਸਮਝ ਬੈਠਾ ਹੈ ਤੇ ਗੁਰੂ ਬਾਬੇ ਰਾਹੀਂ ਨਿਖੇਧੇ ਰੀਤੀ ਰਿਵਾਜ਼ਾਂ ਨੂੰ ਉਸ ਧਰਮ ਦੁਆਲੇ ਮੁੜ ਸਿਰਜ ਬੈਠਾ ਹੈ। ਧਾਰਮਿਕ ਰੀਤੀ ਰਿਵਾਜ਼ਾਂ ਵਿਚ ਫਸ ਕੇ ਗਿਆਨ ਦੀ ਥਾਂ ਗਿਆਨ-ਵਿਹੂਣੀ ਭਗਤੀ ਵਿਚ ਪੈ ਗਿਆ ਹੈ। ਸ਼ਾਇਦ ਉਹ ਕਰਮ ਕਾਂਡ ਦੀਆਂ ਫੌੜ੍ਹੀਆਂ ਤੋਂ ਬਿਨਾ ਚੱਲ ਹੀ ਨਹੀਂ ਸਕਦਾ। ਗੁਰੂ ਸਾਹਿਬ ਦੇ ਦਰਸਾਏ ਵਿਕਲਪ ਦੇ ਬਾਵਜੂਦ ਇਹ ਆਪਣੇ ਆਪ ਨੂੰ ਕਮਜ਼ੋਰ, ਨਿਤਾਣਾ ਤੇ ਦਿਸ਼ਾਹੀਣ ਸਮਝਦਾ ਹੈ। ਗਿਆਨ ਦੀ ਖੋਜ ਕਰਨ ਦੀ ਥਾਂ ਪੂਜਾ-ਪਾਠ ਤੇ ਅਰਜੋਈਆਂ ਵਿਚ ਵਿਲੀਨ ਹੋ ਗਿਆ ਹੈ।
ਉਹ ਇਕ ਵਾਰ ਵੀ ਨਹੀਂ ਸੋਚਦਾ ਕਿ ਗਿਆਨ ਤੋਂ ਬਿਨਾ ਪ੍ਰਸ਼ੰਸਾ ਬੇਮਾਇਨਾ ਹੈ ਭਾਵੇਂ ਇਹ ਕਿਸੇ ਦੀ ਵੀ ਹੋਵੇ। ਭਲਾ ਬਿਨਾ ਜਾਣੇ ਪਛਾਣੇ ਕੋਈ ਕਿਸੇ ਦੀ ਕੀ ਪ੍ਰਸ਼ੰਸਾ ਕਰ ਸਕਦਾ ਹੈ? ਗਿਆਨ ਬਿਨਾ ਉਸਤਤ ਜਾਂ ਨਿੰਦਾ ਹੋ ਹੀ ਨਹੀਂ ਸਕਦੀ, ਪਰ ਅਜੋਕਾ ਸਿੱਖ ਇਹ ਸਭ ਕੁਝ ਕਰਦਾ ਹੈ ਤੇ ਇਸ ਦਾ ਦਿਖਾਵਾ ਵੀ ਕਰਦਾ ਹੈ। ਗੁਰੂ ਸਾਹਿਬ ਦੀ ਸਿੱਧੀ ਤੇ ਸਪਸ਼ਟ ਸਿੱਖਿਆ ਸਦੀਆਂ ਬਾਅਦ ਵੀ ਉਸ ਦਾ ਭਗਤੀ ਭਾਵ ਵਾਲਾ ਪੁਰਾਤਨ ਮੋਹ ਭੰਗ ਨਹੀਂ ਕਰ ਸਕੀ। ਪੁਰਾਤਨ ਹਿੰਦੂਵਾਦ ਦੀ ਦੇਖਾ ਦੇਖੀ ਤੇ ਸਵਾਰਥਵਸ ਉਹ ਇਸ ਪ੍ਰਸ਼ੰਸਕ ਬਿਰਤੀ ਨਾਲ ਅਜਿਹਾ ਚੰਬੜਿਆ ਕਿ ਗੁਰੂ ਸਾਹਿਬ ਦੇ ਸਿਧਾਂਤ ਨੂੰ ਵੀ ਇਸ ਦੇ ਪਿੱਛੇ ਤੋਰ ਲਿਆ। ਗੁਰੂ ਨਾਨਕ ਦੇ ਸਿੱਖੀ ਸਿਧਾਂਤ ਤੋਂ ਬੇਮੁਖ ਹੋ ਕੇ ਉਸ ਨੇ ਸਿੱਖੀ ਦੇ ਨਾਂ ਹੇਠ ਹੀ ਪੂਜਾ-ਪਾਠ ਦੀਆਂ ਕ੍ਰਿਆਵਾਂ, ਮਾਨਤਾਵਾਂ ਤੇ ਸੰਸਥਾਵਾਂ ਦਾ ਇਕ ਨਵਾਂ ਤਾਣਾ ਬਾਣਾ ਬੁਣ ਲਿਆ ਤੇ ਗੁਰੂ ਨਾਨਕ ਨੂੰ ਉਸ ਦਾ ਸੰਸਥਾਪਕ ਧਾਰ ਲਿਆ। ਇਸ ਰਵਾਇਤੀ ਤਾਣੇ ਬਾਣੇ ਵਿਚ ਉਲਝ ਕੇ ਉਹ ਫੋਕੀ ਹਉਮੈ ਵਿਚ ਆ ਗਿਆ ਤੇ ਆਪਣੇ ਜਿਹੇ ਦੂਜੇ ਧਰਮੀਆਂ ਦੀ ਬੋਲੀ ਬੋਲਣ ਲੱਗ ਪਿਆ। ਗੁਰੂ ਸਾਹਿਬ ਨੇ ਜਿੱਥੋਂ ਕੱਢਿਆ ਸੀ ਉਥੇ ਹੀ ਫਿਸਲ ਗਿਆ। ਗੁਰੂ ਸਾਹਿਬ ਦਾ ਸੱਚ ਦੇ ਗਿਆਨ ਦਾ ਸੰਕਲਪ ਉਸ ਦੇ ਸਿਰ ਉਤੋਂ ਦੀ Ḕਪੰਖ ਕਰḔ ਕੇ ਉਡਰ ਗਿਆ ਹੈ।
ਇਸ ਲਈ ਅਜੋਕਾ ਸਿੱਖ ਗੁਰੂ ਨਾਨਕ ਦੀ ਸਿੱਖੀ ਨੂੰ ਬੜੇ ਵੱਡੇ ਇਰਾਦੇ ਨਾਲ ਮੁੱਢ ਤੋਂ ਸਿੱਖ ਕੇ ਹੀ ਉਨ੍ਹਾਂ ਦੇ ਰੁਸ਼ਨਾਏ ਰਾਹ ਨਾਲ ਜੁੜ ਸਕਦਾ ਹੈ। ਇਸ ਲਈ ਸਭ ਸਿੱਖਾਂ ਨੂੰ ਇਹ ਸੰਦੇਸ਼ ਦੇਣਾ ਸਮੇਂ ਦੀ ਲੋੜ ਹੈ ਕਿ ਉਹ ਸਿੱਖੀ ਸਿਧਾਂਤ ਸਿੱਖਣ ਸਮਝਣ, ਗੁਰ ਸ਼ਬਦ ਘੋਖਣ, ਗੁਰਬੁੱਧੀ ਨਾਲ ਜੁੜਨ ਤੇ ਗਿਆਨ ਪਰਮਗਤ ਪਾਉਣ।
ਪਰ ਅਚੰਭੇ ਦੀ ਗੱਲ ਇਹ ਹੈ ਕਿ ਕਿਸੇ ਵੀ ਵਿਦਵਾਨ ਸੱਜਣ ਨੇ ਅੱਜ ਤੀਕ ਇਹ ਨਹੀਂ ਦੱਸਿਆ ਕਿ ਗੁਰੂ ਨਾਨਕ ਦਾ ਇਹ ਸਿੱਖੀ ਸਿਧਾਂਤ ਕੀ ਹੈ ਤੇ ਇਹ ਕਿੱਥੇ ਹੈ? ਕਿਸੇ ਸਿੱਖ ਨੇ ਆਪ ਵੀ ਇਸ ਨੂੰ ਕਦੇ ਜਾਣਨ ਦੀ ਕੋਸ਼ਿਸ ਨਹੀਂ ਕੀਤੀ। ਹਾਲਤ ਇਹ ਹੈ ਕਿ ਅੱਜ ਗੁਰੂ ਨਾਨਕ ਤੋਂ 550 ਸਾਲ ਪਿਛੋਂ ਵੀ ਕਿਸੇ ਨੂੰ ਸਿੱਖੀ ਦੇ ਸਹੀ ਅਰਥਾਂ ਦਾ ਪਤਾ ਨਹੀਂ। ਗੁਰੂ ਸਾਹਿਬ ਦੇ ਜਨਮ ਦਿਹਾੜੇ ‘ਤੇ ਹਰ ਸਾਲ ਹਜ਼ਾਰਾਂ-ਲੱਖਾਂ ਲੋਕ ਬੋਲ ਕੇ ਜਾਂ ਲਿਖ ਕੇ ਉਨ੍ਹਾਂ ਦੀ ਸਿਖਿਆ ਤੇ ਮਹਾਨਤਾ ਦੇ ਗੁਣ ਗਾਉਂਦੇ ਹਨ। ਸਾਲ ਦਰ ਸਾਲ ਉਹ ਭਾਈ ਗੁਰਦਾਸ ਦੀ ਤੁਕ “ਮਿਟੀ ਧੁੰਧ ਜਗੁ ਚਾਨਣੁ ਹੋਆ” ਉਚਾਰ ਕੇ ਦੱਸਦੇ ਹਨ ਕਿ ਗੁਰੂ ਸਾਹਿਬ ਗਿਆਨ ਦੇ ਚਾਨਣ ਮੁਨਾਰੇ ਸਨ ਤੇ ਉਨ੍ਹਾਂ ਨੇ ਮਾਨਵਤਾ ਨੂੰ ਅੰਧਕਾਰ ‘ਚੋਂ ਕੱਢ ਕੇ ਤਾਰਿਆ ਹੈ। ਪਰ ਅੱਜ ਤੀਕ ਉਨ੍ਹਾਂ ਵਿਚੋਂ ਕਿਸੇ ਇਕ ਨੇ ਵੀ ਇਹ ਨਾ ਦੱਸਿਆ, ਤੇ ਨਾ ਹੀ ਕਿਸੇ ਨੇ ਉਨ੍ਹਾਂ ਤੋਂ ਪੁੱਛਿਆ, ਕਿ ਉਹ ਚਾਨਣ ਕੀ ਸੀ ਜਿਸ ਦੀ ਲੋਅ ਨੇ ਸਦੀਆਂ ਦਾ ਅੰਧਕਾਰ ਅਲੋਪ ਕਰ ਦਿੱਤਾ। ਲਗਦਾ ਹੈ ਕਿ ਚਾਨਣ ਦੀ ਰੱਟ ਲਾਉਂਦਾ ਅਜੋਕਾ ਸਿੱਖ ਵਿਦਵਾਨ ਆਪ ਹੀ ਇਸ ਬਾਰੇ ਜਾਗਰੂਕ ਨਹੀਂ ਹੈ।
ਇਹ ਕੋਈ ਅਤਿ-ਕਥਨੀ ਨਹੀਂ ਕਿ ਅਜੋਕਾ ਸਿੱਖ ਵਿਦਵਾਨ ਗੁਰੂ ਨਾਨਕ ਦੀ ਸਿੱਖੀ ਬਾਰੇ ਬੇਖਬਰ ਹੈ। ਇਸੇ ਲਈ ਉਹ ਇਸ ਬਾਰੇ ਨਾ ਖੁਲ੍ਹ ਕੇ ਗੱਲ ਕਰਦਾ ਹੈ, ਨਾ ਡੂੰਘਾਈ ਵਿਚ ਜਾਂਦਾ ਹੈ। ਇਸ ਗੱਲ ਨੂੰ ਕੋਈ ਵੀ ਅਜ਼ਮਾ ਕੇ ਦੇਖ ਸਕਦਾ ਹੈ। ਕਿਸੇ ਵੀ ਸਿੱਖ ਵਿਦਵਾਨ, ਗਿਆਨੀ, ਪ੍ਰਚਾਰਕ ਜਾਂ ਬਾਬੇ ਤੋਂ ਪੁੱਛ ਕੇ ਵੇਖ ਲਵੋ ਕਿ ਸਿੱਖੀ ਸਿਧਾਂਤ ਕੀ ਹੈ? ਉਹ ਇਹੀ ਕਹੇਗਾ ਕਿ ਇਹ ਗੁਰੂ ਨਾਨਕ ਦੁਆਰਾ ਸਥਾਪਤ ਕੀਤਾ ਹੋਇਆ ਇਕ ਨਵੀਨ ਧਰਮ ਹੈ, ਜੋ ਮੰਨੂਵਾਦੀ-ਬ੍ਰਾਹਮਣਵਾਦੀ ਹਿੰਦੂ ਕਰਮ-ਕਾਂਡਾਂ ਦੀ ਨਿਖੇਧੀ ਕਰਦਾ ਹੈ ਤੇ ਇਕ ਸਰਬ-ਸ਼ਕਤੀਮਾਨ ਪਰਮਾਤਮਾ ਦੀ ਭਗਤੀ ‘ਤੇ ਜੋਰ ਦਿੰਦਾ ਹੈ। ਉਹ ਗੁਰੂ ਸਾਹਿਬ ਦੀਆਂ ਸਮਾਜਕ ਤੇ ਨਿਜੀ ਵਿਹਾਰ ਬਾਰੇ ਸਿਖਿਆਵਾਂ ਦਾ ਜ਼ਿਕਰ ਕਰ ਕੇ ਇਹ ਵੀ ਦੱਸੇਗਾ ਕਿ ਹੱਕ ਹਲਾਲ ਦੀ ਕਿਰਤ ਕਰਨਾ, ਵੰਡ ਛਕਣਾ, ਨਾਮ ਜਪਣਾ, ਪਖੰਡ ਤੋਂ ਦੂਰ ਰਹਿਣਾ, ਇਸਤਰੀ ਜਾਤੀ ਨੂੰ ਬਰਾਬਰੀ ਦੇਣਾ, ਜਾਤ ਪਾਤ ਪ੍ਰਥਾ ਨੂੰ ਨਕਾਰਨਾ, ਤੇ ਦੂਜੇ ਧਰਮਾਂ ਨੂੰ ਸਨਮਾਨ ਦੇਣਾ ਆਦਿ ਸਿੱਖੀ ਦੀਆਂ ਪ੍ਰੱਮੁਖ ਧਾਰਨਾਵਾਂ ਹਨ। ਹੋਰ ਪੁੱਛਣ ‘ਤੇ ਉਹ ਇਹ ਵੀ ਕਹਿ ਸਕਦਾ ਹੈ ਕਿ ਸਿੱਖ ਧਰਮ ਇਕ Ḕਵਿਗਿਆਨਕ ਧਰਮḔ ਹੈ। ਆਪਣੇ ਇਸ ਕਥਨ ਦੀ ਪੁਸ਼ਟੀ ਲਈ ਉਹ “ਲਖ ਅਗਾਸਾ ਆਗਾਸ”, “ਧਰਤੀ ਹੋਰ ਪਰੈ ਹੋਰ ਹੋਰ”, “ਧਵਲੇ ਉਪਰ ਕੇਤਾ ਭਾਰ”, “ਅਰਬਦ ਨਰਬਦ ਧੁੰਦੂਕਾਰਾ” ਆਦਿ ਗੁਰੂ ਸਾਹਿਬ ਦੀਆਂ ਕਈ ਪੰਕਤੀਆਂ ਵੀ ਬੋਲ ਸਕਦਾ ਹੈ। ਗੱਲ ਕੀ ਉਹ Ḕਸਿੱਖ ਧਰਮḔ ਦੀ ਪ੍ਰਸ਼ੰਸਾ ਕਰਦਾ ਅਜਿਹਾ ਸਭ ਕੁਝ ਦੱਸੇਗਾ, ਜੋ ਉਸ ਨੇ ਸੁਣਿਆ ਹੈ, ਪਰ ḔਸਿੱਖੀḔ ਕੀ ਹੈ, ਇਸ ਬਾਰੇ ਇਕ ਸ਼ਬਦ ਵੀ ਨਹੀਂ ਉਚਾਰੇਗਾ।
ਬੜੇ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਕੋਈ ਵੀ ਸਿੱਖ ਵਿਦਵਾਨ ਇਸ ਤੋਂ ਅੱਗੇ ਕੁਝ ਨਹੀਂ ਦੱਸ ਸਕੇਗਾ, ਕਿਉਂਕਿ ਉਸ ਦੀ ਸਿਖਿਆ ਹੀ ਅਜਿਹੀ ਰਹੀ ਹੈ। ਉਹ ਇਸ ਰਾਹ ਕਦੇ ਗਿਆ ਹੀ ਨਹੀਂ ਹੈ। ਕੋਈ ਵੀ ਸਿੱਖ ਵਿਦਵਾਨ ਸਿੱਖੀ ਸਿਧਾਂਤ ਦੇ ਧੁਰੇ ਨੇੜਲੀ ਗੱਲ ਨਹੀਂ ਕਰੇਗਾ, ਕਿਉਂਕਿ ਇਹ ਉਸ ਦੀ ਜਾਣਕਾਰੀ ਤੋਂ ਬਾਹਰ ਦਾ ਵਿਸ਼ਾ ਹੈ। ਦਰਅਸਲ ਸਿੱਖ ਵਿਦਵਾਨਾਂ ਨੇ ਸਿੱਖੀ ਨੂੰ ਗਿਆਨ ਦਾ ਨਹੀਂ ਪੂਜਾ-ਪਾਠ ਦਾ ਵਿਧਾਨ ਸਮਝਿਆ ਹੋਇਆ ਹੈ। ਪੂਜਾ ਪਾਠ ਬਾਹਰੀ ਪ੍ਰਗਟਾਵਾ ਹੈ, ਜਿਸ ‘ਤੇ ਵਿਖਾਵੇ ਦੀਆਂ ਕ੍ਰਿਆਵਾਂ ਦੇ ਕਈ ਹੋਰ ਛੋਟੇ ਵੱਡੇ ਅਡੰਬਰ ਉਸਰੇ ਹੋਏ ਹਨ। ਇਨ੍ਹਾਂ ਨੂੰ ਆਮ ਸਮਝ ਵਾਲੇ ਵਿਅਕਤੀ ਲਈ ਦੇਖਣਾ ਤੇ ਕਰਨਾ ਅਤਿ ਆਸਾਨ ਹੈ। ਇਨ੍ਹਾਂ ਦੀ ਸਮਝ ਲਈ ਕਿਸੇ ਸਕੂਲ ਜਾਣ ਦੀ ਲੋੜ ਨਹੀਂ, ਇਹ ਤਾਂ ਦੂਜਿਆਂ ਨੂੰ ਦੇਖ ਦਿਖਾ ਕੇ ਹੀ ਆ ਜਾਂਦੇ ਹਨ। ਬਸ ਇਕ ਖਾਸ ਕਿਸਮ ਦਾ ਬਾਣਾ ਪਾ ਕੇ, ਸਵੇਰੇ ਸ਼ਾਮ ਬਾਣੀ ਦਾ ਨਿੱਤ-ਨੇਮੀ ਪਾਠ ਕਰਕੇ, ਧਾਰਮਿਕ ਰਹੁ ਰੀਤਾਂ ਨੂੰ ਸਿਰੜ ਨਾਲ ਪੁਗਾ ਕੇ ਤੇ ਸੁੱਚਮ ਸਫਾਈ ਦਾ ਪ੍ਰਦਰਸ਼ਨ ਕਰਕੇ ਹਰ ਕੋਈ ਇਸ ਧਰਮ ਵਿਚ ਬਰਾਬਰ ਦਾ ਭਾਗੀਦਾਰ ਹੋ ਸਕਦਾ ਹੈ। ਪਰ ਗਿਆਨ ਤਾਂ ਸਿੱਖਣ ਨਾਲ ਹੀ ਆਵੇਗਾ। ਸਿੱਖੀ ਦਾ ਰਸਤਾ ਔਖਾ ਹੈ। ਇਹ ਮਿਹਨਤ, ਸੰਤੋਖ ਤੇ ਸੰਜਮ ਦੀ ਮੰਗ ਕਰਦਾ ਹੈ। ਇਸ ਨੂੰ ਸਿੱਖਣਾ ਅਤਿ ਜਰੂਰੀ ਹੈ ਕਿਉਂਕਿ ਸਿੱਖਿਆ ਤੇ ਗਿਆਨ ਬਿਨਾ ਸਿੱਖੀ ਚਲ ਹੀ ਨਹੀਂ ਸਕਦੀ।
ਸਿੱਖੀ ਨੂੰ ਸਿੱਖਣ ਲਈ ਇਸ ਦੀ ਆਮ ਸ਼ਬਦਾਵਲੀ, ਵਿਸ਼ੇਸ਼ ਸ਼ਬਦਾਂ ਦੇ ਅਰਥ, ਅਰਥਾਂ ਵਿਚੋਂ ਬਣੀਆਂ ਧਾਰਨਾਵਾਂ, ਧਾਰਨਾਵਾਂ ਦਾ ਵਿਧਾਨ, ਤੇ ਵਿਧਾਨ ਦੇ ਕੇਂਦਰੀ ਬਿੰਦੂ ਭਾਵ ਸੱਚ ਨੂੰ ਉਜਾਗਰ ਕਰਨ ਵਾਲੇ ਨਵੇਂ ਸਬਕ ਸਿੱਖਣੇ ਹੀ ਪੈਣਗੇ। ਕਈ ਧਾਰਨਾਵਾਂ ਨੂੰ ਸਮਝਣ ਲਈ ਡਾਇਗ੍ਰਾਮ, ਟੇਬਲ, ਅਲਜਬਰਾਈ ਫੰਕਸ਼ਨ, ਪੈਰਾਡਾਈਮ ਤੇ ਕੈਮਿਸਟਰੀ ਫਿਜ਼ਿਕਸ ਆਦਿ ਦੇ ਫਾਰਮੂਲਿਆਂ ਦੀ ਲੋੜ ਵੀ ਪੈ ਸਕਦੀ ਹੈ। ਇਸ ਤੋਂ ਵੀ ਵੱਡੀ ਗੱਲ ਇਹ ਕਿ ਇਨ੍ਹਾਂ ਸਭ ਨੂੰ ਵਿਗਿਆਨ ਦੇ ਪਰਿਪੇਖ ਵਿਚ ਵੇਖਣ ਤੇ ਆਲਮੀ ਵਿਗਿਆਨ ਨਾਲ ਜੋੜ ਕੇ ਅੱਗੇ ਤੋਰਨ ਦੀ ਲੋੜ ਹੈ, ਜੋ ਵਿਸ਼ੇਸ਼ ਸਿੱਖਿਆ-ਪੱਧਰ ‘ਤੇ ਆਮ ਨਾਲੋਂ ਉਪਰਲੇ ਵਿਸ਼ਲੇਸ਼ਣ ਦੀ ਮੰਗ ਕਰਦੀ ਹੈ।
ਇੰਨਾ ਹੀ ਨਹੀਂ, ਮਾਰਗ ਗਿਆਨ ਦੀਆਂ ਸੱਚ ਸਬੰਧੀ ਮਾਨਤਾਵਾਂ ਨੂੰ ਮਨ ਵਿਚ ਧਾਰਨ ਤੋ ਪਹਿਲਾਂ ਮਨ ਨੂੰ ਅਗਿਆਨ ਭਰੀਆਂ ਕਰਮਕਾਂਡੀ ਮਾਨਤਾਵਾਂ ਤੇ ਰਵਾਇਤਾਂ ਤੋਂ ਪੂਰੀ ਤਰ੍ਹਾਂ ਖਾਲੀ ਕਰਨ ਦੀ ਲੋੜ ਹੈ। ਇਹ ਵੀ ਸਮਝਣਾ ਜਰੂਰੀ ਹੈ ਕਿ ਕੂੜ ਅਤੇ ਕੂੜ ਉਤੇ ਉਸਰੇ ਕਰਮ-ਤੰਤਰ ਦੀ ਜੀਵਨ ਵਿਚ ਕੋਈ ਥਾਂ ਨਹੀਂ ਅਤੇ ਨਾ ਹੀ ਇਨ੍ਹਾਂ ਦੇ ਸਮਾਨੰਤਰ ਕੋਈ ਨਵਾਂ ਕਰਮ-ਤੰਤਰ ਪੈਦਾ ਕਰਨ ਦੀ ਲੋੜ ਹੈ। ਸਿੱਖੀ ਉਪਦੇਸ਼ ਦਾ ਸਾਰੰਸ਼ ਖਾਸ ਧਾਰਮਿਕ ਵਸਤਰਾਂ, ਚੜ੍ਹਾਵਿਆਂ, ਮੱਥਿਆਂ, ਨਿੱਤਨੇਮੀ ਪਾਠਾਂ, ਜਾਪਾਂ, ਜਪਮਾਲੀਆਂ ਤੇ ਸਰੋਵਰੀ ਇਸ਼ਨਾਨਾਂ ਵਿਚ ਨਹੀਂ ਅਤੇ ਨਾ ਹੀ ਇਹ ਤਰਕ-ਬੁੱਧੀ ਨੂੰ ਦਬਾਉਣ ਵਿਚ ਹੈ। ਇਹ ਤਾਂ ਸਤਿਨਾਮ ਭਾਵ ਸੱਚ ਦੀ ਪ੍ਰਕ੍ਰਿਤੀ ਨੂੰ ਨਿਰਪੇਖਤਾ ਨਾਲ ਭਾਲਣ, ਖੋਜਣ ਤੇ ਘੋਖਣ ਵਿਚ ਹੈ। ਇਹ ਕੇਵਲ ਸੁਤੰਤਰ ਸੋਚ, ਨਿਰੰਤਰ ਖੋਜ, ਸੁਭਾਵਕ ਪ੍ਰਸ਼ਨ-ਪ੍ਰਵਿਰਤੀ, ਤੇ ਵਿਚਾਰਾਂ ਦੇ ਬੇਰੋਕ ਪ੍ਰਗਟਾਅ ਵਿਚ ਹੈ ਤਾਂ ਜੋ ਸੱਚੇ ਸੁੱਚੇ, ਨਰੋਏ ਤੇ ਤਰਕ-ਸੰਗਤ ਵਿਚਾਰ ਕੂੜੇ ਵਿਚਾਰਾਂ ਨਾਲ ਨਿਸੰਗ ਭਿੜ ਸਕਣ ਤੇ ਇਨ੍ਹਾਂ ਨੂੰ ਨਿਹੱਥੇ ਕਰ ਕੇ ਮਨੁੱਖ ਨੂੰ ਸੱਚਾਈ ਤੀਕ ਪਹੁੰਚਾਉਣ ਵਿਚ ਮਦਦ ਕਰਨ। ਸੰਖੇਪ ਵਿਚ ਅਜੋਕੇ ਹਰ ਸਿੱਖ ਨੂੰ ਇਹ ਸਿੱਖਣਾ ਹੀ ਪਵੇਗਾ ਕਿ ਉਹ ਕੇਵਲ ਸੱਚ ਨਾਲ ਪ੍ਰਣਾਇਆ ਹੋਇਆ ਹੈ ਤੇ ਸੱਚ ਤੋਂ ਬਿਨਾ ਹੋਰ ਕਿਸੇ ਵੀ ਚੀਜ਼ ਨਾਲ ਨਹੀਂ। ਇਹ ਵੀ ਕਿ ਇਸ ਮੂਲ ਸੰਕਲਪ ਦੀ ਰਾਖੀ ਲਈ ਉਹ ਹਰ ਧਾਰਨਾ ਦਾ ਪ੍ਰੀਤਿਆਗ ਕਰਨ ਲਈ ਤੱਤਪਰ ਹੈ।
ਸਪਸ਼ਟ ਹੈ ਕਿ ਸਿੱਖੀ ਸਿਖਿਆ ਤੇ ਸਿੱਖਣ ਨਾਲ ਸਬੰਧਤ ਮਸਲਾ ਹੈ, ਇਸ ਲਈ ਇਸ ਨੂੰ ਗ੍ਰਹਿਣ ਕਰਨ ਲਈ ਸਿਖਲਾਈ ਦੀ ਲੋੜ ਹੈ ਅਤੇ ਸਿਖਲਾਈ ਲਈ ਵਿਧੀ, ਵਿਚਾਰ, ਲਗਨ ਤੇ ਮਿਹਨਤ ਦੀ। ਸਿੱਟਾ ਇਹ ਕਿ ਸਾਰੇ ਸਿੱਖ ਸੱਜਣਾਂ ਨੂੰ ਹੱਠ ਕਰਕੇ ਸੰਜੀਦਗੀ ਨਾਲ ਪੁਰਾਣਾ ਪੜਚੋਲਣ ਤੇ ਨਵਾਂ ਜਾਣਨ ਦੀ ਲੋੜ ਹੈ। ਉਨ੍ਹਾਂ ਨੂੰ ਕਾਗਜ਼ ਤੇ ਕਲਮ ਲੈ ਕੇ ਬਾਣੀ ਅੱਗੇ ਬੈਠਣ ਦੀ ਲੋੜ ਹੈ ਤੇ ਤਰ੍ਹਾਂ ਤਰ੍ਹਾਂ ਦੇ ਪ੍ਰਸ਼ਨ ਪੁੱਛ ਕੇ ਨਿਰਲੇਪਤਾ ਤੇ ਨਿਰਪੱਖਤਾ ਨਾਲ Ḕਸ਼ਬਦ-ਗੁਰੂḔ ਦੇ ਸੱਚੇ ਅਰਥ ਘੋਖਣ ਦੀ ਵਿਧੀ ਅਪਨਾਉਣ ਦੀ ਲੋੜ ਹੈ।
ਪਰ ਤ੍ਰਾਸਦੀ ਇਹ ਹੈ ਕਿ ਅਜੋਕਾ ਸਿੱਖ ਇਹ ਸਭ ਕੁਝ ਨਹੀਂ ਕਰਦਾ। ਅਜੋਕਾ ਸਿੱਖ ਨਾ ਤਾਂ ਸਹੀ ਅਰਥਾਂ ਵਿਚ ਬਾਣੀ ਪੜ੍ਹਦਾ ਹੈ ਤੇ ਨਾ ਸੁਣਦਾ ਹੈ। ਪੜ੍ਹਨ ਦੀ ਥਾਂ ਉਹ ਜਾਪ ਭਾਵ ਪਾਠ ਕਰਦਾ ਹੈ ਤੇ ਸੁਣਨ ਦੀ ਥਾਂ ਅਖੰਡ ਪਾਠ। ਅੱਗੇ ਪਿੱਛੇ ਉਹ ਧਿਆਨ ਨਾਲ ਸੋਚਣ ਦੀ ਥਾਂ ਇਨ੍ਹਾਂ ਦੋਹਾਂ ਰੁਝੇਵਿਆਂ ਦਾ ਬੰਦੋਬਸਤ ਕਰਦਾ ਹੈ। ਪਾਠਾਂ ਲਈ ਸਮਾਂ ਨਿਸ਼ਚਿਤ ਕਰਦਾ ਹੈ, ਪਾਠੀਆਂ ਦਾ ਇੰਤਜ਼ਾਮ ਕਰਦਾ ਹੈ, ਸੁਣਨ ਵਾਲਿਆਂ ਨੂੰ ਸੱਦਣ ਲਈ ਸੱਦਾ ਪੱਤਰ ਭੇਜਦਾ ਹੈ, ਲੰਗਰ ਲਈ ਮਾਇਆ ਇੱਕਠੀ ਕਰਦਾ ਹੈ, ਰਸਦ ਖਰੀਦਦਾ ਹੈ, ਖਰਚੇ ਦੇ ਬਿਲਾਂ ਦਾ ਭੁਗਤਾਨ ਕਰਦਾ ਹੈ, ਦਰੀਆਂ ਵਿਛਾਉਂਦਾ ਤੇ ਚੁੱਕਦਾ ਹੈ। ਬਾਣੀ ਵਿਚ ਅਜਿਹੇ ਕੰਮਾਂ ਨੂੰ Ḕਅਵਰ ਕਾਜḔ ਦੀ ਕਿਸਮ ਵਿਚ ਰੱਖਿਆ ਗਿਆ ਹੈ। ਇਹ ਸਿੱਖੀ ਤੋਂ ਬਾਹਰ ਦੀਆਂ ਗੱਲਾਂ ਹਨ। ਜੇ ਉਹ ਮਾੜੀ ਮੋਟੀ ਬਾਣੀ ਸੁਣ ਵੀ ਲਵੇ ਤਾਂ ਉਸ ਨੂੰ ਸਮਝ ਨਹੀਂ ਸਕਦਾ ਕਿਉਂਕਿ ਸਮਝ ਲਈ ਸਹੀ ਰੁਚੀ, ਸਹੀ ਪ੍ਰਸੰਗ ਤੇ ਸਹੀ ਸਿੱਖਿਆ ਦੀ ਲੋੜ ਹੈ, ਜੋ ਉਹ ਸਹਿਜੇ ਜੁਟਾ ਨਹੀਂ ਸਕਦਾ। ਜੇ ਇਕ ਅੱਧੀ ਤੁਕ ਨੂੰ ਸਮਝ ਕੇ ਵਿਚਾਰ ਵੀ ਕਰ ਲਵੇ ਤਾਂ ਉਹ ਵੀ ਕਿਸੇ ਲੇਖੇ ਨਹੀਂ ਕਿਉਂਕਿ ਅਜਿਹੇ ਵਿਚਾਰ ਦੀ ਸਥਿਤੀ ਵੀ ਲੜੀ ਤੋਂ ਵਿਛੜੇ ਮਣਕੇ ਵਾਂਗ ਹੁੰਦੀ ਹੈ ਜੋ ਸਹੀ ਭਾਵ ਨਹੀਂ ਦੇ ਸਕਦਾ। ਇਸ ਲਈ ਅਜੋਕੇ ਸਿੱਖ ਨੂੰ ਸਿੱਖੀ ਸਿੱਖਣ ਦੀ ਲੋੜ ਹੈ।
ਕਿਉਂਕਿ ਅਜੋਕਾ ਸਿੱਖ ਸਿੱਖੀ ਦੇ ਅਧਿਐਨ ਨਾਲੋਂ ਟੁੱਟ ਚੁਕਾ ਹੈ, ਇਸ ਲਈ ਉਹ ਆਪਣੇ ਆਪ ਨਾਲੋਂ ਵੀ ਵਿਛੜ ਗਿਆ ਹੈ। ਉਸ ਨੂੰ ਸਮਝ ਨਹੀਂ ਆਉਂਦਾ ਕਿ ਕੀ ਕਰੇ? ਅੰਦਰੂਨੀ ਘਬਰਾਹਟ ਵਿਚ ਉਹ ਦੋਹਰੇ ਭਾਵ ਦੀਆਂ ਤਰਕਹੀਣ ਗੱਲਾਂ ਕਰਦਾ ਹੈ। ਸਿੱਖੀ ਨੂੰ ਦੂਜੇ ਧਰਮਾਂ ਮੁਕਾਬਲੇ ਰੱਖ ਕੇ ਮਾਪਦਾ ਹੈ। ਗੁਰੂ ਸਾਹਿਬ ਦੀਆਂ ਕੁਝ ਕੁ ਤੁਕਾਂ ਬੋਲ ਕੇ ਦੂਜੇ ਧਰਮਾਂ ਦੇ ਸਤਿਕਾਰ ਵਜੋਂ ਵਰਤਦਾ ਹੈ ਤੇ ਦੂਜੇ ਹੀ ਛਿਣ ਕੁਝ ਹੋਰ ਤੁਕਾਂ ਸੁਣਾ ਕੇ ਉਨ੍ਹਾਂ ਹੀ ਧਰਮਾਂ ਨੂੰ ਭੰਡਦਾ ਹੈ। ਕਦੇ ਮਾਨਵਤਾ ਦੀ ਗੱਲ ਕਰਦਾ ਹੈ, ਕਦੇ ਸੰਪਰਦਾਇਕਤਾ ਦੀ। ਬਾਣੀ ਤੋਂ ਟੁੱਟ ਕੇ ਉਸ ਦਾ ਮਨੋਬਲ ਥਿੜ੍ਹਕ ਗਿਆ ਹੈ। ਉਸ ਦੇ ਹਰ ਮਸਲੇ ਦੀ ਜੜ੍ਹ ਕੋਈ ਦੂਜਾ ਧਰਮ ਬਣ ਗਿਆ ਹੈ। ਉਸ ਨੂੰ ਹਰ ਅਣਸੁਖਾਵੀਂ ਘਟਨਾ ਪਿੱਛੇ ਕਿਸੇ ਦੂਜੇ ਧਰਮ ਦਾ ਸਾਜਿਸ਼ੀ ਹੱਥ ਨਜ਼ਰ ਆਉਂਦਾ ਹੈ। ਉਹ ਆਪਣੇ ਪੰਥ ਭਾਵ ਧਾਰਮਿਕ ਫਿਰਕੇ ਦੀ ਹੋਂਦ ਤੇ ਏਕੇ ਲਈ ਚਿੰਤਿਤ ਹੈ। ਉਸ ਨੂੰ ਡਰ ਹੈ ਕਿ ਕਿਤੇ ਉਸ ਦੀ ਸਿੱਖੀ ਨੂੰ ਕਿਸੇ ਬਹੁਗਿਣਤੀ ਧਰਮ ਦਾ Ḕਅਜ਼ਗਰḔ ਨਾ ਨਿਗਲ ਜਾਵੇ। ਉਹ ੴ ਨੂੰ ਪਰਮਾਤਮਾ ਮੰਨਦਾ ਹੈ ਪਰ ਇਸ ਵਿਚਲਾ ḔਓḔ ਵੈਦਿਕ ḔਓਮḔ ਵਿਚੋਂ ਲਿਆ ਗਿਆ ਮੰਨਦਾ ਹੈ। ਉਹ ਰੱਬ ਨੂੰ ਇਕ ਮੰਨਦਾ ਹੈ, ਪਰ ਆਸਥਾ ਵੱਖ ਵੱਖ ਡੇਰਿਆਂ ਵਿਚ ਰੱਖਦਾ ਹੈ। ਹਰ ਡੇਰੇ ਦਾ ਆਪਣਾ ਬਾਣਾ, ਆਪਣੀ ਰਹਿਤ-ਮਰਿਆਦਾ, ਆਪਣਾ ਅੰਮ੍ਰਿਤ ਪ੍ਰਚਾਰ, ਆਪਣਾ ਵੋਟ ਬੈਂਕ, ਆਪਣੀ ਹਥਿਆਰਬੰਦ ਸਿਕਿਉਰਿਟੀ, ਆਪਣੀ ਹਉਮੈ, ਆਪਣੀ ਧੌਂਸ ਤੇ ਆਪਣੀ ਰਾਜਨੀਤੀ ਹੈ। ਇਸ ਲਈ ਇਨ੍ਹਾਂ ਨਾਲ ਜੁੜ ਕੇ ਉਹ ਆਪ ਹੀ ਪੰਥ ਨੂੰ ਅੰਦਰੋਂ ਪਾੜਨ ਦੀ ਕ੍ਰਿਆ ਵਿਚ ਭਾਗੀਦਾਰ ਹੁੰਦਾ ਹੈ। ਭਾਵ ਉਹ ਉਪਰੋਂ ਪੰਥ ਦੇ ਏਕੇ ਦੀ ਗੁਹਾਰ ਲਾਉਂਦਾ ਹੈ, ਪਰ ਅੰਦਰੋਂ ਇਸ ਨੂੰ ਫਾੜੀ ਫਾੜੀ ਕਰਨ ਵਿਚ ਰੁਝਾ ਹੁੰਦਾ ਹੈ ਤੇ ਅਜੋਕਾ ਸਿੱਖ ਗੁਰੂ ਨਾਨਕ ਦੀ ਸਿੱਖੀ ਵਾਲੀ ਪਛਾਣ ਭੁਲਾ ਕੇ ਮੁੜ ਨਾਥਵਾਦੀ ਪ੍ਰਵਿਰਤੀਆਂ ਵਿਚ ਗੁਆਚ ਗਿਆ ਹੈ।
ਇਸ ਸਭ ਦਾ ਕਾਰਨ ਇਹ ਹੈ ਕਿ ਅਜੋਕੇ ਸਿੱਖ ਨੂੰ ਪਤਾ ਹੀ ਨਹੀਂ ਕਿ ਗੁਰੂ ਨਾਨਕ ਦਾ ਸਿੱਖੀ ਸਿਧਾਂਤ ਅਜਿਹੀ ਠੋਸ ਚੱਟਾਨ ‘ਤੇ ਟਿਕਿਆ ਹੋਇਆ ਹੈ, ਜਿਥੋਂ ਇਸ ਨੂੰ ਸੰਸਾਰ ਦੀ ਕੋਈ ਤਾਕਤ ਹਿਲਾ ਨਹੀਂ ਸਕਦੀ। ਮਿਥਿਹਾਸਕ ਅਤਿਕਥਨੀਆਂ ਤੇ ਫੋਕਟ ਕਰਮ-ਕਾਂਡ ਤੋਂ ਇਸ ਨੂੰ ਕੋਈ ਖਤਰਾ ਨਹੀਂ। ਸਿੱਖੀ ਵਿਗਿਆਨ ਹੀ ਨਹੀਂ, ਸਗੋਂ ਵਿਗਿਆਨ ਦੀ ਮਾਂ ਹੈ। ਜਿੱਥੇ ਇਹ ਹੋਵੇਗੀ ਵਿਗਿਆਨ ਇਸ ਦੀ ਸੇਵਾ ਵਿਚ ਨਾਲ ਖੜ੍ਹਾ ਹੋਵੇਗਾ। ਜਿੱਥੇ ਵਿਗਿਆਨ ਹੈ, ਉਥੇ ਕੋਈ ਧਰਮ ਜਾਂ ਨਹੀਂ ਸਕਦਾ। ਇਹੀ ਕਾਰਨ ਹੈ ਕਿ ਸਿੱਖੀ ਨੂੰ ਸਿੱਖ ਧਰਮ ਮੰਨਣ ਵਾਲਾ ਅਜੋਕਾ ਸਿੱਖ ਵੀ ਦੂਜੇ ਧਰਮਾਂ ਦੇ ਵਿਸ਼ਵਾਸੀਆਂ ਵਾਂਗ ਵਿਗਿਆਨ ਤੋਂ ਡਰਦਾ ਹੈ। ਉਹ ਇਸ ਨੂੰ ਸਿੱਖ ਸਿਧਾਂਤ ਦਾ ਸਭ ਤੋਂ ਵੱਡਾ ਵਫਾਦਾਰ ਸਮਝਣ ਦੀ ਥਾਂ ਸਭ ਤੋਂ ਵੱਡਾ ਪ੍ਰਤੀਦਵੰਧੀ ਤੇ ਸਭ ਤੋਂ ਕੱਟੜ ਦੁਸ਼ਮਣ ਮੰਨਦਾ ਹੈ!
ਗੱਲ ਫਿਰ ਉਥੇ ਹੀ ਆ ਜਾਂਦੀ ਹੈ ਕਿ ਅਜੋਕਾ ਸਿੱਖ ਤੇ ਸਿੱਖ ਵਿਦਵਾਨ ਗੁਰਸ਼ਬਦ ਨਾਲ ਜੁੜਨ ਤੇ ਨਿਰਪੱਖ ਹੋ ਕੇ ਸਿੱਖ ਸਿਧਾਂਤ ਦੀ ਖੋਜ ਕਰਨ। ਗੁਰੂ ਸਾਹਿਬ ਜੋ ਕੁਝ ਲਿਖ ਕੇ ਛੱਡ ਗਏ ਹਨ, ਉਸ ਨੂੰ ਕਿਸੇ ਪ੍ਰਮਾਣ ਜਾਂ ਕਿਸੇ ਦੀ ਵਿਆਖਿਆ ਦੀ ਲੋੜ ਨਹੀਂ ਹੈ। ਸਿੱਖ ਆਪ ਇਸ ਨੂੰ ਸਮਝਣ ਦੇ ਸਮਰਥ ਹਨ, ਜੇ ਉਹ ਸੱਚੇ ਮਨ ਤੇ ਸਿਰੜ ਨਾਲ ਖੋਜਣ। Ḕਖੋਜ ਸਬਦ ਮੈ ਲੇਹਿḔ ਦਾ ਵਾਕ ਕੇਵਲ ਅਰਦਾਸ ਵਿਚ ਬੋਲਣ ਲਈ ਨਹੀਂ ਬਣਿਆ। ਇਸ ਵਿਚਲਾ ਆਦੇਸ਼ ਅਜੋਕੇ ਸਿੱਖ ਲਈ ਮਾਰਗ ਦਰਸ਼ਨ ਦਾ ਪਹਿਲਾ ਦਿਸ਼ਾ ਸੰਕੇਤ ਹੈ।