ਬਲਜੀਤ ਬਾਸੀ
ਕਿਸੇ ਦੀ ਕਮਰ ਬਹੁਤ ਮੋਟੀ ਹੋਵੇ ਤਾਂ ਆਮ ਤੌਰ ‘ਤੇ ਉਸ ਨੂੰ ਛੇੜਨ ਲਈ ਕਿਹਾ ਜਾਂਦਾ ਹੈ ਕਿ ਤੇਰੀ ਕਮਰ ਹੈ ਕਿ ਕਮਰਾ। ਅਖਬਾਰਾਂ ਵਿਚ ਪ੍ਰੇਰਨਾਰਥ ਲੇਖ ਜਾਂ ਇਸ਼ਤਿਹਾਰ ਪੜ੍ਹਨ ਨੂੰ ਮਿਲਦੇ ਰਹਿੰਦੇ ਹਨ ਕਿ ਜੇ ਤੁਹਾਡੀ ਕਮਰ ਵਿਚ ਚਰਬੀ ਚੜ੍ਹ ਕੇ ਕਮਰਾ ਬਣ ਚੁਕੀ ਹੈ ਤਾਂ ਫਲਾਣੇ ਫਲਾਣੇ ਨੁਸਖੇ ਅਜਮਾਓ। ਕਿਸ ਔਰਤ ਦੀ ਕਾਮਨਾ ਨਹੀਂ ਕਿ ਉਸ ਦੀ ਕਮਰ ਪਤਲੀ ਹੋਵੇ? ਮਰਦ ਪਤਲੀ ਕਮਰੀਆ ‘ਤੇ ਮਰਦੇ ਹਨ। ਮੁਕੇਸ਼-ਲਤਾ ਦੇ ਇਕ ਗੀਤ ਦੇ ਬੋਲ ਹਨ, ‘ਪਤਲੀ ਕਮਰ ਹੈ, ਤਿਰਛੀ ਨਜ਼ਰ ਹੈ।’ ਪੰਜਾਬੀਆਂ ਦੀ ਝਾਕਣੀ ਵੀ ਔਰਤ-ਸਰੀਰ ਦੇ ਇਸੇ ਹਿੱਸੇ ‘ਤੇ ਟਿਕੀ ਰਹਿੰਦੀ ਹੈ, ‘ਲੱਕ ਤੇਰਾ ਪਤਲਾ ਜਿਹਾ।’ ਉਂਜ ਵੀ ਕਮਰਾ ਸ਼ਬਦ ਤੋਂ ਕੰਨਾ ਹੀ ਉਤਾਰਨਾ ਹੈ, ਕਮਰ ਸਾਹਮਣੇ ਪ੍ਰਗਟ ਹੋ ਜਾਵੇਗੀ! ਕੀ ਕਮਰ ਤੇ ਕਮਰਾ ਸ਼ਬਦ ਵਿਚ ਕੋਈ ਭਾਵੁਕ ਸਾਂਝ ਹੈ?
ਕੁਝ ਸਾਲ ਪਹਿਲਾਂ ਅਸੀਂ ਇੱਕ ਲੇਖ ਵਿਚ ਕਾਮਰੇਡ, ਕਮਰਾ, ਕੈਮਰਾ, ਚੈਂਬਰ ਆਦਿ ਬਾਰੇ ਲਿਖ ਆਏ ਹਾਂ। ਨਿਰੁਕਤੀ ਪੱਖੋਂ ਇਹ ਸਾਰੇ ਇੱਕ ਦੂਜੇ ਨਾਲ ਸਬੰਧਤ ਸੰਕਲਪ ਹਨ, ਜਿਨ੍ਹਾਂ ਵਿਚ ‘ਕਾਸੇ ਦੇ ਘਿਰੇ ਹੋਏ ਹੋਣ ਦਾ’ ਤੋਂ ਮੁਰਾਦ ਹੈ। ਇਨ੍ਹਾਂ ਸ਼ਬਦਾਂ ਦਾ ਪਿਛੋਕੜ ਭਾਵੇਂ ਯੂਰਪੀ ਹੈ, ਪਰ ਇਹ ਲਗਭਗ ਸਾਰੀਆਂ ਭਾਰਤੀ ਭਾਸ਼ਾਵਾਂ ਵਿਚ ਰਚੇ-ਮਿਚੇ ਹੋਏ ਹਨ। ਇਨ੍ਹਾਂ ਦੇ ਬਹੁਤ ਪਿਛੇ ਇਕੋ ਸ਼ਬਦ ਕਾਰਗਰ ਹੈ। ਅੱਜ ਅਸੀਂ ਇਨ੍ਹਾਂ ਨੂੰ ਇੱਕ ਸਾਂਝੇ ਭਾਰੋਪੀ ਮੂਲ ਵਿਚ ਪਰੋ ਕੇ ਸਮਝਣ ਦੀ ਕੋਸ਼ਿਸ਼ ਕਰਦਿਆਂ ਇਨ੍ਹਾਂ ਦੇ ਹਿੰਦ-ਆਰਿਆਈ ਭਾਸ਼ਾਵਾਂ ਵਿਚ ਸਜਾਤੀ ਲੱਭਣ ਦਾ ਯਤਨ ਕਰਾਂਗੇ।
ਪਹਿਲਾਂ ਇਨ੍ਹਾਂ ਦੇ ਸਬੰਧਾਂ ਦਾ ਮੁੜ ਖੁਲਾਸਾ ਕਰ ਲਈਏ। ਨਿਰੁਕਤ-ਸ਼ਾਸਤਰੀਆਂ ਨੇ ਇਨ੍ਹਾਂ ਸ਼ਬਦਾਂ ਦੇ ਧੁਰ ਪਿਛੇ ਪ੍ਰਾਚੀਨ ਗਰੀਕ ਕਮਰ (ਖਅਮਅਰਅ) ਲੱਭਿਆ ਹੈ। ਕਮਰੇ ਦੇ ਅਰਥ ਵਾਲਾ ਚੈਂਬਰ ਸ਼ਬਦ ਦਰਅਸਲ ਇਸੇ ਕਮਰ ਦਾ ਹੀ ਇੱਕ ਭੇਦ ਹੈ। ਕਈ ਭਾਸ਼ਾਵਾਂ ਵਿਚ ਇਹ ਸ਼ਬਦ ਜੱਜ ਆਦਿ ਦੇ ਕਮਰੇ ਜਾਂ ਵਿਧਾਨ ਸਭਾ ਦੇ ਕਿਸੇ ਸਦਨ ਜਾਂ ਬੈਠਕ ਲਈ ਹੀ ਰੂੜ ਹੋ ਗਿਆ ਹੈ। ਗਰੀਕ ਦਾ ਇਹ ਸ਼ਬਦ ਮੁਢਲੇ ਤੌਰ ‘ਤੇ ਕਿਸੇ ਵੀ ਡਾਟਦਾਰ ਵਲਗਣ, ਮਹਿਰਾਬ, ਗੁੰਬਦ ਜਾਂ ਅਜਿਹੀ ਬਣਤਰ ਵੱਲ ਸੰਕੇਤ ਕਰਦਾ ਹੈ, ਜਿਸ ਦਾ ਢੱਕਣ ਵਿਕ੍ਰਿਤ ਜਾਂ ਢਾਲਵਾਂ ਹੋਵੇ। ਬਹੁਤ ਸਾਰੀਆਂ ਪੁਰਾਣੀਆਂ ਇਮਾਰਤਾਂ, ਤਾਕੀਆਂ, ਦਰਵਾਜਿਆਂ, ਪੁਲਾਂ ਆਦਿ ਦੀਆਂ ਛੱਤਾਂ ਡਾਟਦਾਰ ਹੁੰਦੀਆਂ ਹਨ। ਡਾਟਦਾਰ ਤੋਂ ਦੀਵਾਰਾਂ ਵਾਲੇ ਵਗਲੇ ਕਮਰੇ ਦਾ ਭਾਵ ਵਿਕਸਿਤ ਹੋਣਾ ਸਹਿਜ ਵਰਤਾਰਾ ਹੈ। ਗਰੀਕ ਕਮਰ ਲਾਤੀਨੀ ਵਿਚ ਗਿਆ ਤਾਂ ਇਸ ਦਾ ਰੂਪ ਕੈਮਰਾ (ਛਅਮeਰਅ) ਜਿਹਾ ਹੋ ਗਿਆ, ਜਿਸ ਵਿਚ ਇਹੀ ਅਰਥ ਰਹੇ। ਇਸ ਕੈਮਰਾ ਤੋਂ ਹੋਰ ਰੁਮਾਂਸ ਭਾਸ਼ਾਵਾਂ ਜਿਵੇਂ ਇਤਾਲਵੀ, ਸਪੈਨਿਸ਼, ਫਰਾਂਸੀਸੀ, ਰੁਮਾਨੀਅਨ ਵਿਚ ਰਲਦੇ-ਮਿਲਦੇ ਅਰਥਾਂ ਵਾਲੇ ਸ਼ਬਦ ਬਣੇ। ਫਰਾਂਸੀਸੀ ਵਿਚ ਇਸ ਦਾ ਰੂਪ ਚੈਂਬਰ ਜਿਹਾ ਸੀ ਤੇ ਇਹੋ ਅੰਗਰੇਜ਼ੀ ਵਿਚ ਚਲਾ ਗਿਆ। ਰੁਮਾਨੀਅਨ ਤੇ ਡੱਚ ਭਾਸ਼ਾਵਾਂ ਵਿਚ ਕਮਰੇ ਲਈ ਕਾਮੇਰਾ ਸ਼ਬਦ ਹੈ। ਹਾਬਸਨ-ਜਾਬਸਨ ਕੋਸ਼ ਅਨੁਸਾਰ ਅੰਦਰ, ਕੋਠੜੀ ਆਦਿ ਦੇ ਅਰਥਾਂ ਵਾਲਾ ਕਮਰਾ ਸ਼ਬਦ ਪੁਰਤਗਾਲੀ ਭਾਸ਼ਾ ਦਾ ਹੈ, ਜੋ ਅੱਜ ਤੋਂ ਕੋਈ ਪੰਜ ਸਦੀਆਂ ਪਹਿਲਾਂ ਪੁਰਤਗਾਲੀਆਂ ਦੇ ਭਾਰਤ ਵਿਚ ਆਂਸ਼ਕ ਸ਼ਾਸਨ ਦੌਰਾਨ ਭਾਰਤੀ ਖਿੱਤੇ ਵਿਚ ਪਧਾਰਿਆ ਤਾਂ ਘਰ ਘਰ ਕਮਰੇ ਬਣਨ ਲੱਗੇ!
ਲਾਤੀਨੀ ਕੈਮਰਾ ਔਬਸਕਯੁਰਾ ਦਾ ਸ਼ਾਬਦਿਕ ਅਰਥ ਹੈ, ਹਨੇਰਾ ਡੱਬਾ। ਇਹ ਇਕ ਅਜਿਹਾ ਜੁਗਾੜ ਹੈ, ਜਿਸ ਦਾ ਡੱਬਾ ਅੰਦਰੋਂ ਕਾਲੇ ਰੰਗ ਦਾ ਹੁੰਦਾ ਹੈ ਅਤੇ ਜਿਸ ਦੇ ਇਕ ਪਾਸੇ ਲੈਂਜ਼ ਲਾ ਕੇ ਬਾਹਰਲੀਆਂ ਚੀਜ਼ਾਂ ਦੇ ਬਿੰਬ ਪਰਤਾਏ ਜਾਂਦੇ ਹਨ। ਅਸੀਂ ਸਕੂਲਾਂ ਵਿਚ ਸੂਈ-ਛੇਕ-ਕੈਮਰੇ ਬਾਰੇ ਪੜ੍ਹਿਆ ਹੈ, ਜੋ ਲਗਭਗ ਇਹੀ ਚੀਜ਼ ਹੈ। ਆਧੁਨਿਕ ਫੋਟੋਆਂ ਖਿੱਚਣ ਵਾਲੇ ਕੈਮਰੇ ਦਾ ਵਿਚਾਰ ਇਸੇ ਵਰਤਾਰੇ ਤੋਂ ਹੀ ਪੈਦਾ ਹੋਇਆ ਤੇ ਇਸੇ ਨੂੰ ਇਹ ਨਾਂ ਬਖਸ਼ਿਆ ਗਿਆ। ਹੌਲੀ ਹੌਲੀ ‘ਕੈਮਰਾ ਔਬਸਕਯੁਰਾ’ ਸ਼ਬਦ ਤੋਂ ਔਬਸਕਯੁਰਾ ਸ਼ਬਦ ਖਿਸਕ ਗਿਆ ਤੇ ਬਾਕੀ ਕੈਮਰਾ ਹੀ ਰਹਿ ਗਿਆ, ਜੋ ਅੱਜ ਤੱਕ ਪ੍ਰਚਲਿਤ ਹੈ।
ਕਮਰ ਸ਼ਬਦ ਗਰੀਕ ਤੋਂ ਲਾਤੀਨੀ ਵੱਲ ਹੁੰਦਾ ਹੋਇਆ ਸਪੈਨਿਸ਼ ਵਿਚ ਪੁੱਜਾ ਤਾਂ ਇਸ ਨੇ ਕਾਮਾਰੇਡਾ ਜਿਹਾ ਰੂਪ ਧਾਰਿਆ, ਜਿਸ ਦਾ ਅਰਥ ਹੋਇਆ, ਇਕੋ ਕਮਰੇ ਵਿਚ ਰਹਿਣ ਵਾਲਾ ਜਾਂ ਕਹਿ ਲਵੋ ਹਮ-ਕਮਰਾ। ਕੇਮੇਰਾਦ ਬਣ ਕੇ ਇਹੋ ਸ਼ਬਦ ਸੋਲ੍ਹਵੀਂ ਸਦੀ ਵਿਚ ਫਰਾਂਸੀਸੀ ਰਾਹੀਂ ਅੰਗਰੇਜ਼ੀ ਵਿਚ ਦਾਖਿਲ ਹੋਇਆ ਤਾਂ ਇਸ ਦਾ ਅਰਥ ਵਿਸਤਾਰ ਹੋ ਕੇ ਇਹ ਸਾਥੀ ਦਾ ਸੰਕੇਤਕ ਬਣ ਗਿਆ।
ਇਕ ਇਤਲਾਹ ਅਨੁਸਾਰ 1884 ਵਿਚ ਸੋਸ਼ਲਿਸਟਾਂ ਅਤੇ ਕਮਿਉਨਿਸਟਾਂ ਨੇ ਆਪਣੀ ਵਿਸ਼ੇਸ਼ ਪਛਾਣ ਦਰਸਾਉਣ ਲਈ ਮਿਸਟਰ ਦੇ ਟਾਕਰੇ ‘ਤੇ ਇਸ ਸ਼ਬਦ ਨੂੰ ਆਪਣੇ ਨਾਂਵਾਂ ਦੇ ਅੱਗੇ ਲਾਉਣਾ ਸ਼ੁਰੂ ਕਰ ਦਿੱਤਾ। ਕਾਮਰੇਡਾਂ ਦੇ ਭਾਰਤੀ ਹਮਰਾਹੀ ਇਸ ਦਾ ਅਨੁਵਾਦ ਕਰਕੇ ਆਪਣੇ ਨਾਂ ਅੱਗੇ ਸਾਥੀ ਸ਼ਬਦ ਦੀ ਵਰਤੋਂ ਕਰਨ ਲੱਗ ਪਏ। ਇਹ ਵੱਖਰੀ ਗੱਲ ਹੈ ਕਿ ਕਾਮਰੇਡ ਸ਼ਬਦ ਇੱਕ ਤਰ੍ਹਾਂ ਕਮਿਉਨਿਸਟ ਦਾ ਸਮਾਨਅਰਥਕ ਵੀ ਹੋ ਗਿਆ, ਪਰ ਸਾਥੀ ਵਿਚ ਇਹ ਜਾਨ ਨਾ ਪੈ ਸਕੀ।
ਕੁਝ ਸ੍ਰੋਤ ਇਨ੍ਹਾਂ ਸ਼ਬਦਾਂ ਦਾ ਪਿੱਛਾ ਗਰੀਕ ਤੱਕ ਹੀ ਲਿਜਾਂਦੇ ਹਨ ਤੇ ਇਸ ਤੋਂ ਅੱਗੇ ਇਸ ਦੀਆਂ ਜੜ੍ਹਾਂ ਨਾ ਫਰੋਲਦਿਆਂ ਇਸ ਦੀ ਵਿਉਤਪਤੀ ਨੂੰ ਅਗਿਆਤ ਗਰਦਾਨਦੇ ਹਨ; ਪਰ ਕੁਝ ਇੱਕ ਥਾਂਵਾਂ ‘ਤੇ ਮੈਂ ਇਸ ਭਾਵ ਪਿਛੇ ਸਾਂਝੇ ਭਾਰੋਪੀ ਮੂਲ ਦਾ ਜ਼ਿਕਰ ਦੇਖਿਆ ਹੈ, ਭਾਵੇਂ ਮੈਂ ਇਸ ਦੇ ਸਹੀ ਹੋਣ ਬਾਰੇ ਬਹੁਤਾ ਸੁਨਿਸਚਿਤ ਨਹੀਂ। ਨਿਰੁਕਤ ਸ਼ਾਸਤਰੀ ਅਜਿਤ ਵਡਨੇਰਕਰ ਅਨੁਸਾਰ ਇਹ ਮੂਲ ਹੈ, ‘ਖਅਮ’ ਜਿਸ ਵਿਚ ਕਮਾਨੀਦਾਰ, ਡਾਟ, ਵਕ੍ਰਤਾ, ਮਹਿਰਾਬ, ਝੁਕਾਉ ਦੇ ਭਾਵ ਹਨ।
ਪੁਰਾਣੇ ਜ਼ਮਾਨੇ ਤੋਂ ਹੀ ਛੱਤਾਂ ਡਾਟਦਾਰ ਜਾਂ ਢਾਲਵੀਆਂ ਹੁੰਦੀਆਂ ਸਨ। ਇਥੋਂ ਤੱਕ ਕਿ ਛੰਨਾਂ, ਛੱਪਰ ਵੀ ਢਾਲਵੇਂ ਹੀ ਹੁੰਦੇ ਸਨ। ਇਸੇ ਪ੍ਰਸੰਗ ਵਿਚ ਅਸੀਂ ਫਾਰਸੀ ਵਲੋਂ ਆਇਆ ਤੀਰ ਕਮਾਨ ਸ਼ਬਦ-ਜੁੱਟ ਵਿਚਲਾ ਕਮਾਨ ਸ਼ਬਦ ਵਿਚਾਰ ਸਕਦੇ ਹਾਂ। ਕਮਾਨ ਧਨੁਖ ਨੂੰ ਆਖਦੇ ਹਨ, ‘ਤਰਕਸ ਤੀਰ ਕਮਾਣ ਸਾਂਗ ਤੇਗਬੰਦ ਗੁਣ ਧਾਤੁ॥’ (ਗੁਰੂ ਨਾਨਕ ਦੇਵ)। ਕਮਾਨ ਇਕ ਝੁਕਿਆ ਹੋਇਆ, ਖਮਦਾਰ, ਮੁੜਿਆ ਸੰਦ ਹੈ, ਜਿਸ ਨੂੰ ਚਿੱਲੇ ਨਾਲ ਖਿੱਚ ਕੇ ਤੀਰ ਚਲਾਇਆ ਜਾਂਦਾ ਹੈ। ਬਰਮੇ ਦੀ ਕਮਾਣੀ ਵੀ ਇਸੇ ਪ੍ਰਕਾਰ ਦੀ ਖਮਦਾਰ ਹੁੰਦੀ ਹੈ। ਕਮਾਣਚਾ ਜਾਂ ਕਮਾਨਚਾ ਛੋਟੀ ਕਮਾਨ ਨੂੰ ਆਖਦੇ ਹਨ। ਸਾਜ਼ ਵਜਾਉਣ ਵਾਲਾ ਗਜ਼ ਅਤੇ ਰੂੰ ਪਿੰਜਣ ਵਾਲਾ ਸੰਦ ਵੀ ਕਮਾਨਚਾ ਅਖਵਾਉਂਦਾ ਹੈ। ਫਾਰਸੀ ਵਿਚ ਸਤਰੰਗੀ ਪੀਂਘ ਨੂੰ ਕਮਾਨ-ਏ-ਰੁਸਤਮ ਕਿਹਾ ਜਾਂਦਾ ਹੈ। ਫਾਰਸੀ ਵਿਚ ਕਮਾਨ ਦਾ ਇੱਕ ਰੁਪਾਂਤਰ ਖਮਾਨ ਵੀ ਹੈ, ਜਿਸ ਦਾ ਮਤਲਬ ਕਮਾਨ ਤੋਂ ਇਲਾਵਾ ਟੇਢ, ਝੁਕਣ, ਦੋ ਟੇਢੀਆਂ ਚੀਜ਼ਾਂ ਵੀ ਹੈ।
ਇਥੇ ਲੱਕ ਦੇ ਅਰਥਾਂ ਵਾਲਾ ਕਮਰ ਸ਼ਬਦ ਵੀ ਥਾਂ ਸਿਰ ਹੈ। ਫਾਰਸੀ ਵਲੋਂ ਆਏ ਕਮਰ ਸ਼ਬਦ ਵਿਚ ਵੀ ਝੁਕਾਉ, ਵਕ੍ਰਤਾ, ਗੁਲਾਈ, ਖਮ ਦੇ ਭਾਵ ਸਪੱਸ਼ਟ ਹਨ। ਕਮਰ ਨੂੰ ਖਿੱਚ ਕੇ ਰੱਖਣ ਵਾਲੀ ਦਵਾਈ ਨੂੰ ਕਮਰਕੱਸ ਆਖਦੇ ਹਨ। ਲੱਕ ਬੰਨ੍ਹ ਕੇ ਰੱਖਣ ਵਾਲਾ ਅਰਥਾਤ ਹਮੇਸ਼ਾ ਤਿਆਰ-ਬਰ-ਤਿਆਰ ਆਦਮੀ ਨੂੰ ਵੀ ਕਮਰਕਸ ਆਖਦੇ ਹਨ। ਲੱਕ ਨੂੰ ਬੰਨ੍ਹਣ ਵਾਲਾ ਪਟਕਾ ਕਮਰਕੱਸਾ ਹੁੰਦਾ ਹੈ। ‘ਕਮਰ ਕੱਸਾ ਕਰਨਾ’ ਮੁਹਾਵਰੇ ਦਾ ਅਰਥ ਬਣ ਗਿਆ, ਕਿਸੇ ਮੁਹਿੰਮ ਲਈ ਤਿਆਰ ਹੋ ਜਾਣਾ। ਇਸ ਨੂੰ ਲੱਕ ਬੰਨ੍ਹਣਾ ਵੀ ਆਖਦੇ ਹਨ। ਲੱਕ ਬੰਨ੍ਹਣ ਵਾਲੇ ਪਰਨੇ ਨੂੰ ਕਮਰਬੰਦ ਆਖਦੇ ਹਨ। ਗੁਰੂ ਨਾਨਕ ਦੇਵ ਨੇ ਸੰਤੋਖ ਨੂੰ ਹੀ ਕਮਰਬੰਦ ਕਿਹਾ ਹੈ, ‘ਕਮਰਬੰਦੁ ਸੰਤੋਖ ਕਾ ਧਨੁ ਜੋਬਨੁ ਤੇਰਾ ਨਾਮੁ॥’ ਇਹ ਸ਼ਬਦ ਛੁਮਮeਰਬੁਨਦ ਵਜੋਂ ਅੰਗਰੇਜ਼ੀ ਵਿਚ ਵੀ ਚਲਾ ਗਿਆ ਹੈ। ਅੱਜ ਕਲ੍ਹ ਪਾਰਟੀਆਂ ਸਮੇਂ ਔਰਤਾਂ ਅਤੇ ਮਰਦਾਂ ਦੇ ਪਹਿਰਾਵੇ ਵਿਚ ਕਮਰਬੰਦ ਦਾ ਫੈਸ਼ਨ ਹੋ ਗਿਆ ਹੈ।
ਅਸੀਂ ਪਿਛੇ ਕਮਰਾ ਸ਼ਬਦ ਨੂੰ ਪੁਰਤਗਾਲੀ ਦਾ ਮਾਂਗਵਾਂ ਸ਼ਬਦ ਦੱਸਿਆ ਹੈ, ਪਰ ਫਾਰਸੀ ਦੇ ਕਮਰਾ ਸ਼ਬਦ ਦੇ ਇਸ ਪ੍ਰਕਾਰ ਦੇ ਅਰਥਾਂ ਤੋਂ ਹੋਰ ਤਸਵੀਰ ਉਘੜਦੀ ਹੈ, “ਰਾਤ ਨੂੰ ਚੌਪਾਏ ਬੰਨ੍ਹਣ ਦੀ ਥਾਂ; ਵਾੜਾ; ਮਹਿਲ ਜਾਂ ਮਹਿਰਾਬਦਾਰ ਤਾਕ; ਉਚੀ ਕੰਧ; ਅੰਗਰੇਜ਼ੀ ਢੰਗ ਨਾਲ ਬਣਾਇਆ ਕੋਠਾ, ਹੁਜਰਾ, ਕੋਠੜੀ; ਰੇਲ ਜਾਂ ਜਹਾਜ ਦਾ ਡੱਬਾ।” ਇਸ ਤੋਂ ਅੰਦਾਜ਼ਾ ਲੱਗਦਾ ਹੈ ਕਿ ਜਾਂ ਤਾਂ ਸਾਡਾ ਕਮਰਾ ਸ਼ਬਦ ਪੁਰਤਗਾਲੀ ਤੋਂ ਫਾਰਸੀ ਥਾਣੀਂ ਭਾਰਤੀ ਭਾਸ਼ਾਵਾਂ ਵਿਚ ਪੁੱਜਾ ਜਾਂ ਇਸ ਦਾ ਫਾਰਸੀ ਵਿਚ ਸੁਤੰਤਰ ਤੌਰ ‘ਤੇ ਕਮ ਧਾਤੂ ਤੋਂ ਵਿਕਾਸ ਹੋਇਆ ਜਾਂ ਫਿਰ ਦੋਵੇਂ ਗੱਲਾਂ ਹੋਈਆਂ।
ਫਾਰਸੀ ‘ਖਮ’ ਸ਼ਬਦ ਵੀ ਕਮ ਦਾ ਹੀ ਰੁਪਾਂਤਰ ਹੈ। ਖਮ ਵਿਚ ਝੁਕਾਉ, ਵਕ੍ਰਤਾ, ਵਿੰਗ, ਟੇਢ, ਲਿਫ ਦੇ ਭਾਵ ਹਨ। ਖਮ ਤੋਂ ਬਣੇ ਖਮਦਾਰ ਦਾ ਅਰਥ ਹੈ-ਟੇਢਾ, ਝੁਕਿਆ, ਮੁੜਿਆ। ਫਾਰਸੀ ਬੋਲ ‘ਖ਼ਮ ਬਾਸ਼’ ਦਾ ਸ਼ਾਬਦਿਕ ਅਰਥ ਹੈ, ਝੁਕ ਜਾਹ, ਅਰਥਾਤ ਕਿਹਾ ਮੰਨ। ਇਥੇ ਕਮੰਦ ਸ਼ਬਦ ਵੀ ਥਾਂ ਸਿਰ ਹੈ। ਕਮੰਦ ਇਕ ਅਜਿਹੀ ਰੱਸੀ ਹੁੰਦੀ ਹੈ, ਜਿਸ ਨੂੰ ਲੜਾਈ ਸਮੇਂ ਸੁੱਟ ਕੇ ਦੁਸ਼ਮਣ ਦੇ ਗਲੇ ਵਿਚ ਫਸਾ ਲਿਆ ਜਾਂਦਾ ਹੈ ਤੇ ਫਿਰ ਖਿੱਚ ਕੇ ਕਾਬੂ ਕਰ ਲਿਆ ਜਾਂਦਾ ਹੈ। ਕਿਸੇ ਚੀਜ਼ ਜਾਂ ਵਿਅਕਤੀ ਨੂੰ ਕਮੰਦ ਪਾ ਕੇ ਉਚੀ ਥਾਂ ‘ਤੇ ਚੜ੍ਹਾ ਦਿੱਤਾ ਜਾਂਦਾ ਹੈ। ਚੋਰਾਂ ਦੇ ਅਜਿਹੇ ਰੱਸੇ ਅਤੇ ਹੋਰ ਅੱਗੇ ਰੱਸੀ ਵਾਲੀ ਪੌੜੀ ਨੂੰ ਵੀ ਕਮੰਦ ਕਿਹਾ ਜਾਂਦਾ ਹੈ। ਇਸ ਦਾ ਇਕ ਰੂਪ ਖਮੰਦ ਵੀ ਹੈ। ਇਸ ਸ਼ਬਦ ਵਿਚ ਕਮ/ਖਮ ਸਪੱਸ਼ਟ ਝਲਕਦਾ ਹੈ। ਇਸ ਸ਼ਬਦ ਨੂੰ ਫਾਹੀ ਦੇ ਅਰਥਾਂ ਵਿਚ ਲਿਆ ਜਾਂਦਾ ਹੈ। ਮਰਦ ਲਈ ਔਰਤ ਦਾ ਹੁਸਨ ਕਮੰਦ (ਫਾਹੀ) ਹੀ ਤਾਂ ਹੁੰਦਾ ਹੈ, ਅਲੀ ਹੈਦਰ ਮੁਲਤਾਨੀ ਤੋਂ ਪੁੱਛੋ,
ਅਲਿਫ-ਓਸ ਸੁਨਹਰੀ ਫੰਨੜੇ ਦਾ,
ਦਿਲ ਡੰਗੜਾ ਮੈਨੂੰ ਕਮੰਦ ਥੀਆ।
ਸੋਨੇ ਦੀ ਵਾਲੜੀ ਕੰਨ ਦੀ ਨੂੰ,
ਮਿਲ ਉਹ ਕਮੰਦ ਦੋ-ਚੰਦ ਥੀਆ।
ਰੱਸੀ ਦੇ ਇੱਕ ਖਾਸ ਤਰ੍ਹਾਂ ਦੇ ਵਲ ਨੂੰ ਕਮੰਦ ਵਲ ਆਖਿਆ ਜਾਂਦਾ ਹੈ। ਸਮਾਨੰਤਰ ਵਿਕਾਸ ਦੀ ਮਿਸਾਲ ਹੈ, ਸੰਸਕ੍ਰਿਤ ਦੇ ਇੱਕ ਧਾਤੂ ‘ਕੁਟ’ ਤੋਂ ਬਣੇ ਸ਼ਬਦ। ਇਸ ਧਾਤੂ ਵਿਚ ਵੀ ਝੁਕਾਉ, ਖਮ, ਵਿੰਗ ਦੇ ਭਾਵ ਹਨ। ਕੁਟੀਆ, ਕੁਟੀਰ ਆਦਿ ਸ਼ਬਦ ਇਸੇ ਤੋਂ ਬਣੇ। ਧਿਆਨ ਦਿਉ, ਛੱਪਰ ਵਾਲੀ ਕੁਟੀਆ ਦੀ ਛੱਤ ਢਾਲਵੀਂ ਜਾਂ ਮੁੜਵੀਂ ਹੁੰਦੀ ਹੈ।