ਹਿੰਦੂ ਜਾਗਰਣ ਵੇਦਿਕੇ

ਹਿੰਦੂਤਵ ਦੀ ਚੜ੍ਹਤ ਕਿਵੇਂ ਹੋਈ-7
ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐਸ਼ ਐਸ਼) ਨੇ ਆਪਣੀ ਹੋਂਦ ਦੇ ਕਰੀਬ ਨੌਂ ਦਹਾਕਿਆਂ ਦੌਰਾਨ ਬੜੇ ਉਤਰਾ-ਚੜ੍ਹਾਅ ਦੇਖੇ ਹਨ। ਅੱਜ ਕੱਲ੍ਹ ਇਸ ਦੇ ਸਿਆਸੀ ਵਿੰਗ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਹੱਥਾਂ ਵਿਚ ਭਾਰਤ ਦੀ ਹਕੂਮਤ ਹੈ। ਇਸ ਵੇਲੇ ਇਹ ਸੰਸਾਰ ਦੀ ਸਭ ਤੋਂ ਵੱਡੀ ਪਾਰਟੀ ਹੈ ਅਤੇ ਆਰ. ਐਸ਼ ਐਸ਼ ਸੰਸਾਰ ਦੀ ਸਭ ਤੋਂ ਵੱਡੀ ਵਾਲੰਟੀਅਰ ਸੰਸਥਾ। ਉਘੇ ਪੱਤਰਕਾਰ ਧੀਰੇਂਦਰ ਕੁਮਾਰ ਝਾਅ ਨੇ ਵੱਖ-ਵੱਖ ਸੂਬਿਆਂ ਵਿਚ ਹਿੰਦੂਤਵੀ ਤਾਕਤਾਂ ਦੀ ਚੜ੍ਹਤ ਲਈ ਆਧਾਰ ਬਣੀਆਂ ਜਥੇਬੰਦੀਆਂ ਬਾਰੇ ਚਰਚਾ ਆਪਣੀ ਕਿਤਾਬ ‘ਸ਼ੈਡੋ ਆਰਮੀਜ਼’ (ਹਿੰਦੂਤਵੀ ਲਸ਼ਕਰ) ਵਿਚ ਕੀਤੀ ਹੈ। ਇਸ ਕਿਸ਼ਤ ਵਿਚ ਕਰਨਾਟਕ ਵਿਚ ਸ੍ਰੀ ਰਾਮ ਸੈਨਾ ਤੋਂ ਬਾਅਦ ਦੀ ਪੈਦਾਇਸ਼ ਹਿੰਦੂ ਜਾਗਰਣ ਵੇਦਿਕੇ ਬਾਰੇ ਖੁਲਾਸੇ ਕੀਤੇ ਗਏ ਹਨ।

-ਸੰਪਾਦਕ

ਧੀਰੇਂਦਰ ਕੁਮਾਰ ਝਾਅ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਮੰਗਲੌਰ ਵਿਚ ਸ੍ਰੀ ਰਾਮ ਸੈਨਾ ਦੀ ਲੀਡਰਸ਼ਿਪ ਕਮਜ਼ੋਰ ਹੋਣ ਕਾਰਨ ਸ਼ਰੀਕ ਜਥੇਬੰਦੀ ਬਜਰੰਗ ਦਲ ਵਲੋਂ ਆਪਣਾ ਖੁੱਸਿਆ ਆਧਾਰ ਮੁੜ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਦੇ ਨਾਲ-ਨਾਲ ਸ੍ਰੀ ਰਾਮ ਸੈਨਾ ਵੀ ਪੂਰੀ ਤਰ੍ਹਾਂ ਸਰਗਰਮ ਰਹੀ ਅਤੇ ਇਸ ਦੇ ਆਗੂ ਜਥੇਬੰਦੀ ਦੀ ‘ਹਿੰਦੂ’ ਪਛਾਣ ਪੱਕੇ ਪੈਰੀਂ ਕਰਨ ਦੀਆਂ ਕੋਸ਼ਿਸ਼ਾਂ ਵਿਚ ਜੁਟੇ ਰਹੇ। 24 ਅਗਸਤ 2008 ਨੂੰ ਸੈਨਾ ਦੇ ਕੁਝ ਕਾਰਿੰਦੇ ਦਿੱਲੀ ਵਿਚ ‘ਸਹਮਤ’ ਨਾਂ ਦੀ ਐਨ.ਜੀ.ਓ. ਵਲੋਂ ਲਾਈ ਕਲਾ ਪ੍ਰਦਰਸ਼ਨੀ ਵਿਚ ਵੜ ਗਏ ਅਤੇ ਐਮ.ਐਫ਼ ਹੁਸੈਨ ਦੀਆਂ ਕਈ ਪੇਟਿੰਗਾਂ ਨਸ਼ਟ ਕਰ ਦਿੱਤੀਆਂ। ਉਹ ਜਾਂਦੇ ਹੋਏ ਉਥੇ ਕੁਝ ਪਂੈਫਲਿਟ ਵੀ ਸੁੱਟ ਗਏ, ਜਿਨ੍ਹਾਂ ਵਿਚ ਹੁਸੈਨ ਦੀ ਬਦਖੋਹੀ ਕੀਤੀ ਗਈ ਸੀ।
ਉਸੇ ਸਾਲ ਸਤੰਬਰ ਵਿਚ ਸ੍ਰੀ ਰਾਮ ਸੈਨਾ ਦੇ ਕਰਤਾ-ਧਰਤਾ ਪ੍ਰਮੋਦ ਮੁਥਾਲਿਕ ਨੇ ਐਲਾਨ ਕੀਤਾ ਕਿ ਸ੍ਰੀ ਰਾਮ ਸੈਨਾ ਦੇ 700 ਕਾਰਿੰਦੇ ਆਤਮਘਾਤੀ ਹਮਲਿਆਂ ਦੀ ਸਿਖਲਾਈ ਲੈ ਰਹੇ ਹਨ। ਉਸ ਦਾ ਐਲਾਨ ਬੰਗਲੌਰ ਬੰਬ ਧਮਾਕਿਆਂ ਤੋਂ ਬਾਅਦ ਆਇਆ। ਉਸ ਨੇ ਮੰਗਲੌਰ ਵਿਚ ਜਨਤਕ ਇਕੱਠ ਵਿਚ ਐਲਾਨ ਕੀਤਾ, “ਅਸੀਂ ਹੋਰ ਸਬਰ ਨਹੀਂ ਕਰ ਸਕਦੇ। ਹਿੰਦੂਵਾਦ ਨੂੰ ਬਚਾਉਣ ਲਈ ਇਕੋ ਮੰਤਰ ‘ਅਦਲੇ ਦਾ ਬਦਲਾ’ ਬਚਿਆ ਹੈ। ਜੇ ਹਿੰਦੂ ਆਸਥਾ ਦੇ ਕੇਂਦਰਾਂ ਉਪਰ ਹਮਲਾ ਹੁੰਦਾ ਹੈ, ਤਾਂ ਉਸ ਤੋਂ ਦੁੱਗਣੀ ਗਿਣਤੀ ਵਿਚ ਵਿਰੋਧੀ ਧਿਰ ਦੇ ਆਸਥਾ ਕੇਂਦਰ ਤਬਾਹ ਕਰ ਦਿੱਤੇ ਜਾਣਗੇ। ਜੇ ਕਿਸੇ ਦੂਜੇ ਧਰਮ ਦੇ ਲੋਕਾਂ ਨੇ ਹਿੰਦੂ ਲੜਕੀਆਂ ਨੂੰ ਵਰਗਲਾ ਕੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਤਾਂ ਵਿਰੋਧੀ ਧਰਮਾਂ ਦੀਆਂ ਦੁੱਗਣੀਆਂ ਲੜਕੀਆਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ।”
ਜਨਵਰੀ 2009 ਵਿਚ ਕਰਨਾਟਕ ਪੁਲਿਸ ਨੇ 2008 ਦੀਆਂ ਅਸੈਂਬਲੀ ਚੋਣ ਸਮੇਂ ਹੁਬਲੀ ਬੰਬ ਧਮਾਕਿਆਂ ਸਬੰਧੀ 9 ਜਣਿਆਂ ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ ਧਮਾਕਿਆਂ ਦਾ ਯੋਜਨਾਘਾੜਾ ਨਾਗਰਾਜ ਜੰਬਾਗੀ, ਸੈਨਾ ਕਾਰਕੁਨ ਸੀ, ਜੋ ਮੁਥਾਲਿਕ ਦਾ ਨੇੜਲਾ ਸਾਥੀ ਸੀ।
ਇਸ ਦੇ ਬਾਵਜੂਦ ਸ੍ਰੀ ਰਾਮ ਸੈਨਾ ਕਦੇ ਵੀ ਕੌਮੀ ਜਾਂ ਕੌਮਾਂਤਰੀ ਮੀਡੀਆ ਦੀਆਂ ਸੁਰਖੀਆਂ ਵਿਚ ਨਾ ਆਉਂਦੀ, ਜੇ ਇਸ ਦੇ ਕਾਰਿੰਦੇ 24 ਜਨਵਰੀ 2009 ਨੂੰ ਮੰਗਲੌਰ ਦੀ ਪੱਬ ‘ਅਮਨੇਸ਼ੀਆ’ ਵਿਚ ਨਾ ਵੜਦੇ ਅਤੇ ਉਥੇ ਮੁਟਿਆਰਾਂ ਦੀ ਬੇਤਹਾਸ਼ਾ ਕੁੱਟਮਾਰ ਨਾ ਕਰਦੇ। ਸੈਨਾ ਦਾ ਕਹਿਣਾ ਸੀ ਕਿ ਉਹ ਉਥੇ ਸ਼ੱਰੇਆਮ ਸ਼ਰਾਬ ਪੀ ਕੇ ਹਿੰਦੂ ‘ਮਰਿਆਦਾ ਤੇ ਰਵਾਇਤਾਂ’ ਦੀ ਉਲੰਘਣਾ ਕਰ ਰਹੀਆਂ ਸਨ। ਇਸ ਘਟਨਾ ਦੀ ਵੀਡੀਓ ਯੂ-ਟਿਊਬ ‘ਤੇ ਸਭ ਤੋਂ ਵੱਧ ਦੇਖੀ ਗਈ। ਇਹ ਵੀ ਭੇਤ ਵਾਲੀ ਗੱਲ ਹੈ ਕਿ ਇਕ ਟੀ.ਵੀ. ਸਮੂਹ ਦੀ ਟੋਲੀ ਉਸ ਥਾਂ ਮੌਜੂਦ ਕਿਵੇਂ ਸੀ, ਜੋ ਪੱਬ ਵਿਚ ਅਣਐਲਾਨੇ ਹਮਲੇ ਨੂੰ ਫਿਲਮਾਉਣ ਲਈ ਤਿਆਰ-ਬਰ-ਤਿਆਰ ਸੀ। ਇਸ ਰਿਕਾਰਡਿੰਗ ਨੇ ਕੌਮੀ ਪੱਧਰ ‘ਤੇ ਗੁੱਸੇ ਦੀ ਲਹਿਰ ਪੈਦਾ ਕਰ ਦਿੱਤੀ, ਕਿਉਂਕਿ ਦੋ ਦਿਨ ਪਿਛੋਂ ਹੀ ਗਣਤੰਤਰ ਦਿਵਸ ਸੀ। ਜਦੋਂ ਟੀ.ਵੀ. ਚੈਨਲਾਂ ਨੇ ਸੈਨਾ ਦੇ ਕਾਰਿੰਦਿਆਂ ਵਲੋਂ ਔਰਤਾਂ ਦੇ ਥੱਪੜ ਮਾਰਨ ਅਤੇ ਕੁੱਟ-ਮਾਰ ਕਰਨ ਕਰਕੇ ਉਨ੍ਹਾਂ ਨੂੰ ਪੱਬ ਵਿਚੋਂ ਭਜਾਉਣ ਦੀ ਰਿਕਾਰਡਿੰਗ ਪ੍ਰਸਾਰਤ ਕੀਤੀ ਤਾਂ ਅਜਿਹਾ ਤਿੱਖਾ ਵਾਦ-ਵਿਵਾਦ ਪੈਦਾ ਹੋ ਗਿਆ ਕਿ ਫਰਾਂਸ, ਰੂਸ ਅਤੇ ਜਰਮਨੀ ਦੇ ਟੀ.ਵੀ. ਚੈਨਲਾਂ ਦੇ ਨਿਊਜ਼ ਪ੍ਰੋਡਿਊਸਰਾਂ ਨੇ ਵੀ ਆਪਣੇ ਪੱਤਰਕਾਰ ਉਥੇ ਰਿਪੋਰਟਿੰਗ ਲਈ ਭੇਜ ਦਿੱਤੇ।
ਸ਼ੁਰੂ-ਸ਼ੁਰੂ ਵਿਚ ਕਰਨਾਟਕ ਦੀ ਭਾਜਪਾ ਸਰਕਾਰ ਨੇ ਇਸ ਨੂੰ ਨਜ਼ਰ-ਅੰਦਾਜ਼ ਕਰਨਾ ਚਾਹਿਆ, ਪਰ ਜਿਉਂ ਹੀ ਇਹ ਰਿਕਾਰਡਿੰਗ ਟੈਲੀਵਿਜ਼ਨ ਚੈਨਲਾਂ ‘ਤੇ ਦਿਖਾਈ ਜਾਣ ਲੱਗੀ ਤਾਂ 26 ਜਨਵਰੀ 2009 ਦੀ ਸ਼ਾਮ ਤੱਕ ਮਹਾਂਰਾਸ਼ਟਰ ਸਰਕਾਰ ਸੈਨਾ ਦੇ 17 ਆਗੂਆਂ ਤੇ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਲਈ ਮਜਬੂਰ ਹੋ ਗਈ। ਮੁਥਾਲਿਕ, ਜੋ ਉਸ ਵਕਤ ਮਹਾਂਰਾਸ਼ਟਰ ਵਿਚ ਬ੍ਰਾਹਮਣ ਸੰਮੇਲਨ ਵਿਚ ਸ਼ਾਮਲ ਸੀ, ਨੇ ਘਟਨਾ ਨੂੰ ਇਹ ਦਾਅਵਾ ਕਰਦਿਆਂ ਜਾਇਜ਼ ਠਹਿਰਾਇਆ ਕਿ ਲੜਕੀਆਂ ਦਾ ਪੱਬਾਂ ਵਿਚ ਜਾਣਾ ਸਵੀਕਾਰ ਨਹੀਂ ਕੀਤਾ ਜਾ ਸਕਦਾ। ਉਸ ਨੇ ਇਹ ਵੀ ਕਿਹਾ ਕਿ ਇਸ ‘ਮਾਮੂਲੀ ਜਿਹੀ ਘਟਨਾ ਨੂੰ ਤੂਲ ਦੇ ਕੇ ਭਾਜਪਾ ਦੀ ਰਾਜ ਸਰਕਾਰ ਨੂੰ ਬਦਨਾਮ’ ਕੀਤਾ ਜਾ ਰਿਹਾ ਹੈ। ਅਗਲੇ ਹੀ ਦਿਨ ਜਦੋਂ ਉਹ ਕਰਨਾਟਕ ਵਿਚ ਦਾਖਲ ਹੋਇਆ, ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਪਿਛੋਂ ਮੰਗਲੌਰ ਵਿਚ ਸੈਨਾ ਦੇ ਕੁਝ ਹੋਰ ਬੰਦੇ ਵੀ ਗ੍ਰਿਫਤਾਰ ਕੀਤੇ ਗਏ।
ਥੋੜ੍ਹੇ ਦਿਨਾਂ ਪਿਛੋਂ ਮੁਥਾਲਿਕ ਅਤੇ ਅਤਾਵਰ ਸਣੇ ਸ੍ਰੀ ਰਾਮ ਸੈਨਾ ਦੇ ਸਾਰੇ ਬੰਦੇ ਜ਼ਮਾਨਤ ‘ਤੇ ਰਿਹਾ ਕਰ ਦਿੱਤੇ ਗਏ। ਸੈਨਾ ਮੁਖੀ ਨੇ ਇਸ ਨੂੰ ਆਪਣੀ ਜਿੱਤ ਕਰਾਰ ਦਿੱਤਾ। ਉਸ ਨੇ ਅਦਾਲਤ ਦੇ ਬਾਹਰ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ, “ਇਹ ਉਨ੍ਹਾਂ ਸਾਰੇ ਲੋਕਾਂ ਦੀ ਜਿੱਤ ਹੈ ਜੋ ਮੰਗਲੌਰ ਵਿਚ ਪੱਬ ਸਭਿਆਚਾਰ ਖਿਲਾਫ ਲੜ ਰਹੇ ਹਨ। ਅਸੀਂ ਜੋ ਮੰਗਲੌਰ ਵਿਚ ਕੀਤਾ, ਉਹ ਵੱਡੀ ਕਾਮਯਾਬੀ ਦੀ ਕਥਾ ਹੈ, ਅਸੀਂ ਅਸ਼ਲੀਲਤਾ ਖਿਲਾਫ ਲੜ ਰਹੇ ਹਾਂ। ਅਸੀਂ ਆਪਣੇ ਕਾਰਕੁਨਾਂ ਦੇ ਇਸ ਸਭ ਕਾਸੇ ਲਈ ਸ਼ੁਕਰਗੁਜ਼ਾਰ ਹਾਂ।”
ਕਰੀਬ ਸੱਤ ਸਾਲ ਬਾਅਦ ਆਪਣੇ ਹੁਬਲੀ ਵਿਚਲੇ ਗੁਪਤਵਾਸ ਵਿਚ ਮੇਰੇ ਨਾਲ ਗੱਲਬਾਤ ਦੌਰਾਨ ਉਸ ਨੇ ਪੱਬ ਹਮਲੇ ਨੂੰ ‘ਇਕੋ ਇਕ ਸਭ ਤੋਂ ਵੱਧ ਅਹਿਮḔ ਕਾਰਕ ਦੱਸਿਆ, ਜਿਸ ਨੇ ਸ੍ਰੀ ਰਾਮ ਸੈਨਾ ਦੇ ਵੱਡੇ ਪੱਧਰ ‘ਤੇ ਵਿਸਥਾਰ ਲਈ ਰਾਹ ਪੱਧਰਾ ਕਰ ਦਿੱਤਾ। ਉਸ ਮੁਤਾਬਕ ‘ਪੱਬ ਹਮਲੇ ਤੱਕ ਸਾਡੀਆਂ ਇਕਾਈਆਂ ਸਿਰਫ ਉਤਰੀ ਅਤੇ ਤੱਟਵਰਤੀ ਕਰਨਾਟਕ ਵਿਚ ਸਨ। ਘਟਨਾ ਪਿਛੋਂ ਸੈਨਾ ਦੀਆਂ ਇਕਾਈਆਂ ਪੂਰੇ ਰਾਜ ਵਿਚ ਬਣ ਗਈਆਂ, ਇਥੋਂ ਤੱਕ ਕਿ ਗੋਆ, ਮਹਾਰਾਸ਼ਟਰ, ਕੇਰਲ, ਆਂਧਰਾ ਪ੍ਰਦੇਸ਼, ਰਾਜਸਥਾਨ ਅਤੇ ਦਿੱਲੀ ਵਿਚ ਵੀ ਬਣ ਗਈਆਂ।
2009 ਦੇ ਸ਼ੁਰੂ ਵਿਚ ਅਜੇ ਪੱਬ ਹਮਲਿਆਂ ਦਾ ਹੋ-ਹੱਲਾ ਮੱਠਾ ਹੀ ਪਿਆ ਸੀ, ਸ੍ਰੀ ਰਾਮ ਸੈਨਾ ਨੇ ਐਲਾਨ ਕਰ ਦਿੱਤਾ ਕਿ ਉਹ ਨੌਜਵਾਨ ਲੜਕੇ ਲੜਕੀਆਂ ਨੂੰ ਵੈਲੇਨਟਾਈਨ ਡੇਅ ਨਹੀਂ ਮਨਾਉਣ ਦੇਣਗੇ। 13 ਫਰਵਰੀ ਤੱਕ ਸਭ ਪਾਸਿਓਂ ਬਣੇ ਦਬਾਓ ਕਾਰਨ ਕਰਨਾਟਕ ਪੁਲਿਸ ਪੂਰੇ ਰਾਜ ਅੰਦਰ ਮੁਥਾਲਿਕ ਸਮੇਤ ਸੈਨਾ ਕਾਰਕੁਨਾਂ ਨੂੰ ਇਹਤਿਆਤੀ ਹਿਰਾਸਤ ਵਿਚ ਲੈਣ ਲਈ ਮਜਬੂਰ ਹੋ ਗਈ। ਸੰਸਥਾ ਦੇ ਗੁੱਸਾ ਭੜਕਾਉਣ ਦੇ ਕਾਰਿਆਂ ਅਤੇ ਧਮਕੀਆਂ ਕਾਰਨ ਔਰਤਾਂ ਨੇ ਮੁਥਾਲਿਕ ਅਤੇ ਉਸ ਦੀ ਸੈਨਾ ਖਿਲਾਫ ਵਿਲੱਖਣ ਮੁਹਿੰਮ ਛੇੜ ਦਿੱਤੀ। 14 ਫਰਵਰੀ ਨੂੰ ਜਦੋਂ ਸੈਨਾ ਮੁਖੀ ਅਤੇ ਉਸ ਦੇ ਕਈ ਲਫਟੈਣ ਕਰਨਾਟਕ ਦੀਆਂ ਜੇਲ੍ਹਾਂ ਵਿਚ ਸਨ ਤਾਂ ਔਰਤ ਕਾਰਕੁਨਾਂ ਨੇ ਮੁਥਾਲਿਕ ਦੇ ਹੁਬਲੀ ਵਿਚਲੇ ਸਦਰ-ਮੁਕਾਮ ਨੂੰ ‘ਪਿੰਕ ਚੱਡੀ’ ਪੈਕਟ ਭੇਜੇ। ਸੈਨਾ ਮੁਖੀ ਨੂੰ ਪੂਰੇ ਮੁਲਕ ਵਿਚੋਂ 1500 ਪਿੰਕ ਚੱਡੀਆਂ ਪ੍ਰਾਪਤ ਹੋਈਆਂ। ਇਸ ਮੁਹਿੰਮ ਨੇ ਮੁਥਾਲਿਕ ਨੂੰ ਇੰਨਾ ਚਿੜਾਇਆ ਕਿ ਜੇਲ੍ਹ ਵਿਚੋਂ ਬਾਹਰ ਆਉਣ ਪਿਛੋਂ ਉਸ ਨੇ 22 ਫਰਵਰੀ 2009 ਨੂੰ ਵਿਸ਼ੇਸ ਪ੍ਰੈੱਸ ਕਾਨਫਰੰਸ ਕਰਕੇ ਇਸ ਨੂੰ ਦੁਸ਼ਟਾਂ ਦਾ ਕਾਰਾ ਕਰਾਰ ਦਿੰਦਿਆਂ ਐਲਾਨ ਕੀਤਾ ਕਿ ਉਸ ਨੇ 25 ਵਕੀਲਾਂ ਦੀ ਟੀਮ ਖੜ੍ਹੀ ਕੀਤੀ ਹੈ, ਜੋ ‘ਚੱਡੀ ਪਾਰਸਲ’ ਭੇਜਣ ਵਾਲਿਆਂ ਖਿਲਾਫ ਮਾਨਹਾਨੀ ਦਾ ਕੇਸ ਦਾਇਰ ਕਰੇਗੀ।
ਇਸ ਦੌਰਾਨ ਸੈਨਾ ਦੀਆਂ ਸਰਗਰਮੀਆਂ ਰਾਜ ਦੇ ਤੱਟੀ ਖੇਤਰ ਵਿਚ ਬੇਰੋਕ ਜਾਰੀ ਰਹੀਆਂ। 15 ਜੁਲਾਈ 2009 ਨੂੰ ਸੈਨਾ ਦੇ ਕੁਝ ਮੈਂਬਰ ਮੰਗਲੌਰ ਵਿਚ ਇਕ ਹਿੰਦੂ ਵਿਆਹ ਸਮਾਗਮ ਵਿਚ ਜਾ ਧਮਕੇ ਅਤੇ ਮੁਸਲਿਮ ਮਹਿਮਾਨ ਦੇ ਸਮਾਗਮ ਵਿਚ ਸ਼ਾਮਲ ਹੋਣ ਕਾਰਨ ਉਸ ‘ਤੇ ਹਮਲਾ ਕਰ ਦਿੱਤਾ। ਉਹ ਮੁਸਲਿਮ ਮੁੰਡਿਆਂ ਵਲੋਂ ਹਿੰਦੂ ਕੁੜੀਆਂ ਨਾਲ ਸਾਧਾਰਨ ਗੱਲਬਾਤ ਕਰਨ ‘ਤੇ ਮੁਸਲਿਮ ਮੁੰਡਿਆਂ ‘ਤੇ ਲਗਾਤਾਰ ਹਮਲੇ ਕਰਦੇ ਸਨ ਅਤੇ ਇਸ ਨੂੰ ‘ਲਵ ਜਹਾਦ’ ਦਾ ਨਾਂ ਦੇ ਕੇ ਜ਼ਹਿਰੀਲੇ ਪ੍ਰਚਾਰ ਅਤੇ ਹਮਲਿਆਂ ਰਾਹੀਂ ਭਾਵਨਾਵਾਂ ਭੜਕਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਉਂਦੇ ਸਨ। ਉਨ੍ਹਾਂ ਅਨੁਸਾਰ ਇਹ ਮੁਸਲਮਾਨਾਂ ਦੀ ਹਿੰਦੂ ਕੁੜੀਆਂ ਨਾਲ ਵਿਆਹ ਕਰਕੇ ਉਨ੍ਹਾਂ ਨੂੰ ਇਸਲਾਮ ਵਿਚ ਸ਼ਾਮਲ ਕਰਨ ਦੀ ਸਾਜ਼ਿਸ਼ ਹੈ।
ਮਈ 2010 ‘ਚ ਸ੍ਰੀ ਰਾਮ ਸੈਨਾ ਨੈਤਿਕਤਾ ਦਾ ਮੁਖੌਟਾ ਲੀਰੋ-ਲੀਰ ਹੋ ਗਿਆ, ਜਦੋਂ ‘ਤਹਿਲਕਾ’ ਰਸਾਲੇ ਨੇ ਛੇ ਹਫਤਿਆਂ ਦੀ ਗੁਪਤ ਛਾਣਬੀਣ ਦੌਰਾਨ ਉਸ ਦਾ ਸ਼ੱਕੀ ਕਿਰਦਾਰ ਸਾਹਮਣੇ ਲਿਆਂਦਾ। ਰਸਾਲੇ ਨੇ ਰਿਪੋਰਟ ਵਿਚ ਕਿਹਾ ਕਿ ਇਸ ਹਿੰਦੂਤਵੀ ਜਥੇਬੰਦੀ ਦੇ ਆਗੂ ਅਤੇ ਕਾਡਰ ਪ੍ਰਤੀਬੱਧ ਵਿਚਾਰਵਾਨ ਨਹੀਂ ਹਨ, ਜੋ ਇਕ ‘ਮਕਸਦ’ ਲਈ ਆਪ-ਮੁਹਾਰੇ ਹਿੰਸਕ, ਕਾਨੂੰਨ ਤੋੜੂ ਕਾਰਵਾਈਆਂ ਕਰਨ ਲੱਗ ਜਾਣ। ਉਨ੍ਹਾਂ ਦਾ ਮੁਖੌਟਾ ਬੁਰੀ ਤਰ੍ਹਾਂ ਲਹਿ ਗਿਆ ਕਿ ਇਹ ਤਾਂ ਅਜਿਹੇ ਸਨਕੀ ਠੱਗ ਹਨ, ਜਿਨ੍ਹਾਂ ਨੂੰ ਪੈਸੇ ਦੇ ਕੇ ਕੋਈ ਵੀ ਜੁਰਮ ਕਰਨ ਲਈ ਖਰੀਦ ਸਕਦਾ ਹੈ।
ਇਸ ਰਿਪੋਰਟ ਲਈ ‘ਤਹਿਲਕਾ’ ਦਾ ਪੱਤਰਕਾਰ ਪ੍ਰਮੋਦ ਮੁਥਾਲਿਕ ਨੂੰ ਕਲਾਕਾਰ ਦਾ ਭੇਸ ਧਾਰ ਕੇ ਮਿਲਿਆ ਅਤੇ ਉਸ ਨੂੰ ਪੁੱਛਿਆ ਕਿ ਸ੍ਰੀ ਰਾਮ ਸੈਨਾ ਉਸ ਦੀ ਪੇਂਟਿੰਗ ਦੀ ਨੁਮਾਇਸ਼ ‘ਤੇ ਗਿਣ-ਮਿਥ ਕੇ ਪੈਸੇ ਲੈ ਕੇ, ਹਮਲੇ ਦਾ ਨਾਟਕ ਕਰ ਸਕਦੀ ਹੈ ਤਾਂ ਜੋ ਇਸ ਤਰ੍ਹਾਂ ਮਚੇ ਘਮਸਾਣ ਕਾਰਨ ਲੋਕਾਂ ਦੀ ਨੁਮਾਇਸ਼ ਬਾਰੇ ਦਿਲਚਸਪੀ ਪੈਦਾ ਹੋਵੇ ਅਤੇ ਦੇਸ਼-ਵਿਦੇਸ਼ ਵਿਚ ਆਪਣੀਆਂ ਪੇਂਟਿੰਗ ਵੇਚਣ ਵਿਚ ਮਦਦ ਕਰੇ। ਮੁਥਾਲਿਕ ਪੈਸੇ ਲੈ ਕੇ ਇਹ ਕਾਰਵਾਈ ਕਰਨ ਲਈ ਤਿਆਰ ਹੀ ਨਹੀਂ ਹੋਇਆ ਸਗੋਂ ਉਸ ਨੇ ਬੰਗਲੌਰ ਇਕਾਈ ਦੇ ਪ੍ਰਧਾਨ ਬਸੰਤ ਕੁਮਾਰ ਭਵਾਨੀ ਅਤੇ ਮੰਗਲੌਰ ਦੇ ਵੱਡੇ ਆਗੂ ਪ੍ਰਸਾਦ ਅਤਾਵਰ ਸਮੇਤ ਸੈਨਾ ਮੈਂਬਰਾਂ ਨਾਲ ਪੱਤਰਕਾਰ ਦਾ ਸੰਪਰਕ ਵੀ ਕਰਵਾਇਆ। ਮੁਥਾਲਿਕ ਨੇ 10,000 ਰੁਪਏ ਦੀ ਉਹ ਰਕਮ ਫੜ ਕੇ ਆਪਣੀ ਜੇਬ ਵਿਚ ਪਾਉਣ ਤੋਂ ਵੀ ਭੋਰਾ ਝਿਜਕ ਨਾ ਦਿਖਾਈ ਜੋ ਪੇਸ਼ਕਸ਼ ਜਰਨਲਿਸਟ ਵਲੋਂ ਉਸ ਨੂੰ ਹਿੰਦੂਤਵੀ ‘ਮਕਸਦ’ ਦੀ ਪੂਰਤੀ ਲਈ ਕੀਤੀ ਗਈ ਸੀ।
ਇਸ ਤੋਂ ਥੋੜ੍ਹੇ ਦਿਨ ਬਾਅਦ ਹੀ ਇਹ ਖੁਫੀਆ ਪੱਤਰਕਾਰ ਭਵਾਨੀ ਨੂੰ ਮਿਲਿਆ, ਜੋ ਕਿੱਤੇ ਵਜੋਂ ਪ੍ਰਾਪਰਟੀ ਕਾਰੋਬਾਰੀ ਸੀ ਅਤੇ ਉਸ ਨੇ ਖੁਫੀਆ ਤਰੀਕੇ ਨਾਲ ਉਸ ਨਾਲ ਕੀਤੀ ਸਾਰੀ ਗੱਲਬਾਤ ਰਿਕਾਰਡ ਕਰ ਲਈ। ਗੱਲਬਾਤ ਬੰਗਲੌਰ ਦੇ ਇਕ ਖਾਸ ਇਲਾਕੇ ਵਿਚ ਯੋਜਨਾਬੱਧ ਹਮਲਾ ਕਰਨ ਬਾਬਤ ਸੀ ਕਿ ਇਸ ਦਾ ਪ੍ਰਭਾਵ ਵੱਧ ਤੋਂ ਵੱਧ ਕਿਵੇਂ ਪਵੇ। ਦੋਹਾਂ ਨੇ ਇਸ ਦੇ ਇਵਜ਼ ਵਿਚ ਸੈਨਾ ਆਗੂ ਨੂੰ ਦਿੱਤੀ ਜਾਣ ਵਾਲੀ ਰਕਮ ਬਾਰੇ ਵੀ ਗੱਲਬਾਤ ਕੀਤੀ।
ਅਤਾਵਰ, ਜਿਸ ਨੂੰ ਤਹਿਲਕਾ ਪੱਤਰਕਾਰ ਮੰਗਲੌਰ ‘ਚ ਮਿਲਿਆ, ਕੈਮਰੇ ਅੱਗੇ ਇਹ ਕਹਿੰਦਾ ਰਿਕਾਰਡ ਕਰ ਲਿਆ ਗਿਆ ਕਿ ਉਹ ਗ੍ਰਿਫਤਾਰੀ ਤੋਂ ਬਚ ਰਿਹਾ ਹੈ, ਕਿਉਂਕਿ ਅੰਡਰ ਵਰਲਡ ਡੌਨ ਰਵੀ ਪੁਜਾਰੀ ਦੇ ਹੁਕਮ ਵਜਾਉਣ ਕਾਰਨ ਉਸ ਦੇ ਵਰੰਟ ਕੱਢੇ ਹੋਏ ਸਨ। ਪੁਜਾਰੀ ਮੁੰਬਈ ਦੇ ਗੈਂਗਸਟਰ ਛੋਟਾ ਰਾਜਨ ਨਾਲ ਕੰਮ ਕਰ ਚੁਕਾ ਸੀ ਅਤੇ ਬਾਅਦ ਵਿਚ ਉਸ ਨੇ ਅੰਡਰ ਵਰਲਡ ਦੇ ਸਰਗਨੇ ਦਾਊਦ ਇਬਰਾਹੀਮ ਨਾਲ ਵੀ ਕੰਮ ਕੀਤਾ। ਉਸ ਪਿਛੋਂ ਹੀ ਉਸ ਨੇ ਆਪਣਾ ਵੱਖਰਾ ਸਾਮਰਾਜ ਸਥਾਪਤ ਕੀਤਾ। ਪੁਜਾਰੀ ਦਾ ਸਾਥੀ ਹੋਣ ਕਾਰਨ ਅਤਾਵਰ ‘ਤੇ ਕਰਨਾਟਕ ਦੇ ਤੱਟਵਰਤੀ ਖੇਤਰਾਂ ਦੇ ਵਪਾਰੀਆਂ ਅਤੇ ਬਿਲਡਰਾਂ ਨੂੰ ਧਮਕੀਆਂ ਦੇ ਕੇ ਫਿਰੌਤੀਆਂ ਲੈਣ ਦਾ ਦੋਸ਼ ਸੀ। ਇਹ ਸਾਰਾ ਕਾਲਾ ਧੰਦਾ ਵਿਦੇਸ਼ਾਂ ਤੋਂ ਕੰਟਰੋਲ ਕੀਤਾ ਜਾਂਦਾ ਸੀ। ਤਹਿਲਕਾ ਪੱਤਰਕਾਰ ਵਲੋਂ ਉਸ ਨੂੰ ਪਹਿਲੀ ਵਾਰ ਮਿਲਣ ਦੇ 6 ਦਿਨ ਬਾਅਦ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਹਿਲਾਂ ਉਸ ਨੂੰ ਮੰਗਲੌਰ ਦੀ ਜੇਲ੍ਹ ਵਿਚ ਭੇਜਿਆ ਗਿਆ ਤੇ ਫਿਰ ਬੇਲਾਰੀ ਦੀ ਉਚ ਸੁਰੱਖਿਆ ਜੇਲ੍ਹ ਵਿਚ ਬਦਲ ਦਿੱਤਾ ਗਿਆ। ਫਿਰ ਵੀ ਉਸ ਨੇ ਪੱਤਰਕਾਰ ਨਾਲ ਸੰਪਰਕ ਬਣਾਈ ਰੱਖਿਆ ਜੋ ਉਸ ਨੂੰ ਮੰਗਲੌਰ ਅਤੇ ਬੇਲਾਰੀ ਵਿਚ ਜੇਲ੍ਹ ਦੀਆਂ ਸੀਖਾਂ ਪਿੱਛੇ ਵੀ ਮਿਲਿਆ ਜਿਥੋਂ ਉਸ ਨੇ ਨੁਮਾਇਸ਼ ‘ਤੇ ਹਮਲੇ ਵਾਲੇ ਵਾਅਦੇ ਨੂੰ ਪੂਰਾ ਕਰਨ ਲਈ ਸਹਿਮਤੀ ਦਿੱਤੀ।

ਮਈ 2010 ਵਿਚ ਅਤਾਵਰ ਦੀ ਗ੍ਰਿਫਤਾਰੀ ਦੇ ਦੋ ਖਾਸ ਨਤੀਜੇ ਨਿਕਲੇ। ਪਹਿਲਾ, ਉਸ ਨੇ ਸ੍ਰੀ ਰਾਮ ਸੈਨਾ ਦੇ ਕਰਨਾਟਕ ਦੇ ਤੱਟਵਰਤੀ ਖੇਤਰ ਦੇ ਸਾਰੇ ਖਾਸ ਆਗੂਆਂ ਨੂੰ ਰੂਹਪੋਸ਼ ਹੋਣ ਲਈ ਮਜਬੂਰ ਕਰ ਦਿੱਤਾ ਅਤੇ ਉਨ੍ਹਾਂ ਖੇਤਰਾਂ ਵਿਚ ਇਸ ਦੀਆਂ ਕਾਰਵਾਈਆਂ ਮੱਠੀਆਂ ਪੈ ਗਈਆਂ, ਜਿਥੇ ਇਸ ਦਾ ਸਭ ਤੋਂ ਵੱਧ ਦਬਦਬਾ ਸੀ। ਦੂਜਾ, ਇਸ ਨੇ ਸੰਘ ਪਰਿਵਾਰ ਦੇ ਫੈਲਣ ਲਈ ਮੈਦਾਨ ਮੋਕਲਾ ਕਰ ਦਿੱਤਾ, ਜਿਥੇ ਕੁਝ ਵਧੇਰੇ ਹੀ ਸਰਗਰਮ ਸੈਨਾ ਨੇ ਮੰਗਲੌਰ ਅਤੇ ਹੋਰ ਨੇੜਲੇ ਇਲਾਕਿਆਂ ਵਿਚ ਕਿਸੇ ਹੋਰ ਜਥੇਬੰਦੀ ਦੀ ਸਰਗਰਮੀ ਲਈ ਸਾਰੇ ਰਸਤੇ ਬੰਦ ਕਰ ਦਿੱਤੇ।
ਬਜਰੰਗ ਦਲ ਇਹ ਖਲਾਅ ਭਰਨ ਲਈ ਤੁਰੰਤ ਅੱਗੇ ਆਇਆ। ਆਰ.ਐਸ਼ਐਸ਼ ਨੇ ਮੁਥਾਲਿਕ ਧੜੇ ਦੇ ਉਨ੍ਹਾਂ ਮੈਂਬਰਾਂ ਨੂੰ ਆਪਣੇ ਵਿਚ ਸ਼ਾਮਲ ਕਰਨ ਲਈ ਜਾਲ ਫੈਲਾ ਦਿੱਤਾ, ਜੋ ਪਾਲਾ ਬਦਲਣ ਲਈ ਤਿਆਰ ਸਨ। ਸੈਨਾ ਦੇ ਬਹੁਤੇ ਆਗੂ ਬਜਰੰਗ ਦਲ ਵਿਚ ਵਾਪਸ ਨਹੀਂ ਆ ਸਕਦੇ ਕਿਉਂਕਿ ਉਨ੍ਹਾਂ ਨੇ ਉਸੇ ਤੋਂ ਵੱਖਰੇ ਹੋ ਕੇ ਜਥੇਬੰਦੀ ਬਣਾਈ ਸੀ, ਇਸ ਲਈ ਆਰ.ਐਸ਼ਐਸ਼ ਨੇ ਆਪਣੀ ਇਕ ਹੋਰ ਸੰਸਥਾ ‘ਹਿੰਦੂ ਜਾਗਰਣ ਵੇਦਿਕੇ’ ਸੁਰਜੀਤ ਕਰ ਲਈ, ਜੋ ਉਦੋਂ ਤਕ ਅਣਗੌਲੀ ਹੋਣ ਕਾਰਨ ਠੱਪ ਪਈ ਸੀ।
ਵੇਦਿਕੇ ਲਈ ਵਧਾਰੇ-ਪਸਾਰੇ ਦਾ ਰਸਤਾ 2011 ਦੇ ਸ਼ੁਰੂ ਵਿਚ ਖੁੱਲ੍ਹਿਆ, ਜਦੋਂ ਮੰਗਲੌਰ ਤੋਂ ਅਹਿਮ ਸੈਨਾ ਆਗੂ ਸੁਭਾਸ਼ ਪਡਿਲ ਆਪਣੇ ਕਈ ਭਰੋਸੇਯੋਗ ਲਫਟੈਣਾਂ-ਸੁਰੇਸ਼ ਪਾਡਿਲ ਤੇ ਸ਼ਰਤ ਪਾਡਾਵਿਨਾਨਗੜੀ ਸਮੇਤ ਇਸ ਨਵੀਂ ਸੰਸਥਾ ਵਿਚ ਆ ਗਿਆ। ਸੁਭਾਸ਼ ਸੈਨਾ ਦੇ ਕੋਰ ਗਰੁੱਪ ਦਾ ਆਗੂ ਸੀ, ਜੋ ਸੰਘ ਪਰਿਵਾਰ ਦੇ ਬ੍ਰਾਹਮਣਵਾਦੀ ਸਭਿਆਚਾਰ ਕਾਰਨ ਉਸ ਨੂੰ ਰੋਸ ਵਜੋਂ ਛੱਡ ਕੇ ਚਲਾ ਗਿਆ ਸੀ ਅਤੇ ਉਹ 2006 ਵਿਚ ਵਾਲਕੇ ਦੇ ਘਰ ਵਿਚ ਹੋਈ ਮੀਟਿੰਗ ਵਿਚ ਵੀ ਸ਼ਾਮਲ ਸੀ। ਉਸ ਨੇ ਸ੍ਰੀ ਰਾਮ ਸੈਨਾ ਦਾ ਸਾਥ ਉਸ ਵੇਲੇ ਵੀ ਨਹੀਂ ਸੀ ਛੱਡਿਆ, ਜਦੋਂ ਵਾਲਕੇ ਅਤੇ ਅਤਾਵਰ 2007 ਵਿਚ ਬਾਗੀ ਹੋ ਕੇ ਚਲੇ ਗਏ ਸਨ।
ਮੰਗਲੌਰ ਵਿਚ ਸੁਭਾਸ਼ ਨੇ ਲੜਨ-ਭਿੜਨ ਵਾਲੇ ਆਗੂ ਦਾ ਅਕਸ ਬਣਾ ਲਿਆ ਸੀ, ਪਰ ਸੈਨਾ ਵਿਚ ਪ੍ਰਸਾਦ ਅਤਾਵਰ ਨਾਲ ਉਸ ਦਾ ਰਿਸ਼ਤਾ ਤਣਾਓ ਵਾਲਾ ਸੀ। 2008 ਵਿਚ ਅਖਬਾਰ Ḕਦੀ ਹਿੰਦੂḔ ਵਿਚ ਛਪੀ ਇਕ ਰਿਪੋਰਟ ਅਨੁਸਾਰ ਜਦੋਂ ਸੈਨਾ ਨੇ ਰਾਮ ਸੇਤੂ ਵਿਵਾਦ ‘ਤੇ ਮੰਗਲੌਰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੁਭਾਸ਼ ਨੇ ਦੋ ਪੱਤਰਕਾਰਾਂ ‘ਤੇ ਹਮਲਾ ਕਰ ਦਿੱਤਾ, ਜਿਨ੍ਹਾਂ ਨੇ ਉਸ ਨੂੰ ਉਨ੍ਹਾਂ ਦੁਕਾਨਾਂ ਦੀ ਭੰਨਤੋੜ ਕਰਦਿਆਂ ਫੜ ਲਿਆ ਸੀ, ਜਿਨ੍ਹਾਂ ਦੇ ਮਾਲਕ ਬੰਦ ਦੇ ਸੱਦੇ ਦੀ ਹਮਾਇਤ ਨਹੀਂ ਕਰ ਰਹੇ ਸਨ। ਉਦੋਂ ਅਤਾਵਰ ਨੇ ਸੁਭਾਸ਼ ਦੇ ਥੱਪੜ ਜੜ ਦਿੱਤਾ ਸੀ ਅਤੇ ਪੱਤਰਕਾਰਾਂ ਤੋਂ ਮੁਆਫੀ ਮੰਗ ਲਈ ਸੀ। ਜਨਵਰੀ 2009 ਦੇ ਪੱਬ ਹਮਲੇ ਵਿਚ ਮੁੱਖ ਭੂਮਿਕਾ ਹੋਣ ਦੇ ਬਾਵਜੂਦ ਸੁਭਾਸ਼ ਸਮਝਦਾ ਸੀ ਕਿ ਅਤਾਵਰ ਉਸ ‘ਤੇ ਹਾਵੀ ਹੋ ਰਿਹਾ ਹੈ। ਉਸ ਨੇ ਦਾਅਵਾ ਕੀਤਾ ਸੀ ਕਿ ਹਮਲੇ ਦੀ ਯੋਜਨਾ ਉਸ ਨੇ ਬਣਾਈ ਸੀ। ਇਹ ਪੱਬ ਹਮਲੇ ਸਮੇਂ ਸੁਭਾਸ਼ ਦੀ ਬੇਰਹਿਮੀ ਹੀ ਸੀ, ਜੋ ਟੀ.ਵੀ. ਦੀ ਫੁਟੇਜ ਵਿਚ ਕੈਦ ਹੋਈ ਅਤੇ ਜਿਸ ਦੀ ਬਦੌਲਤ ਸਥਾਨਕ ਹਿੰਦੂਤਵੀ ਜਗਤ ਵਿਚ ਉਸ ਨੂੰ ਮਾਣ-ਤਾਣ ਤੇ ਰੁਤਬਾ ਮਿਲਿਆ। ਛੇਤੀ ਹੀ ਉਸ ਨੇ ਕਿਰਾਏ ਦੇ ਗੁੰਡੇ ਦੇ ਤੌਰ ‘ਤੇ ਆਪਣਾ ਦਬਦਬਾ ਬਣਾ ਲਿਆ।
ਜਦੋਂ ਮਈ 2010 ਵਿਚ ਅਤਾਵਰ ਫਿਰੌਤੀ ਦੇ ਕਾਲੇ ਧੰਦੇ ਵਿਚ ਫੜਿਆ ਗਿਆ ਤਾਂ ਸੁਭਾਸ਼ ਅਤੇ ਉਸ ਦੇ ਕੁਝ ਜੋਟੀਦਾਰ ਥੋੜ੍ਹੇ ਮਹੀਨਿਆਂ ਲਈ ਰੂਹਪੋਸ਼ ਹੋ ਗਏ। ਇਸ ਪਿਛੋਂ ਹੀ ਫਰਵਰੀ 2011 ਵਿਚ ਉਹ ‘ਹਿੰਦੂ ਜਾਗਰਣ ਵੇਦਿਕੇ’ ਵਿਚ ਸ਼ਾਮਲ ਹੋਏ, ਸ਼ਾਇਦ ਰਾਜ ਵਿਚਲੀ ਭਾਜਪਾ ਸਰਕਾਰ ਤੋਂ ਸੁਰੱਖਿਆ ਛੱਤਰੀ ਲੈਣ ਦੇ ਮਨੋਰਥ ਨਾਲ। ਥੋੜ੍ਹੇ ਸਮੇਂ ਲਈ ਵੇਦਿਕੇ ਵਿਚ ਚੁੱਪ-ਚੁਪੀਤੇ ਕੰਮ ਕਰਨ ਤੋਂ ਬਾਅਦ ਉਸ ਨੇ ਆਪਣੀਆਂ ਸਰਗਰਮੀਆਂ ਮੁੜ ਵਿੱਢ ਦਿੱਤੀਆਂ ਅਤੇ 2012 ਵਿਚ ਨਾਲ ਹੀ ਆਰ.ਐਸ਼ਐਸ਼ ਦੀ ਜਥੇਬੰਦੀ ਨੂੰ ਸੁਰਜੀਤ ਕਰ ਲਿਆ।
ਉਸੇ ਸਾਲ 25 ਮਈ ਨੂੰ ਠੇਕੇਦਾਰਾਂ ਅਤੇ ਮੰਗਲੌਰ ਸਪੈਸ਼ਲ ਇਕਨਾਮਿਕ ਜ਼ੋਨ ਦੇ ਅਧਿਕਾਰੀਆਂ ਤੇ ਉਸ ਖਿਲਾਫ ਐਫ਼ਆਈ.ਆਰ. ਦਰਜ ਹੋ ਗਈ, ਕਿਉਂਕਿ ਉਨ੍ਹਾਂ ਨੇ ਇਕ ਕਿਸਾਨ ਪਰਿਵਾਰ ਵਲੋਂ ਜ਼ਮੀਨ ‘ਤੇ ਕਬਜੇ ਦਾ ਵਿਰੋਧ ਕਰਨ ‘ਤੇ ਉਨ੍ਹਾਂ ਦੀ ਕੁੱਟਮਾਰ ਕੀਤੀ ਸੀ। ਇਸ ਹਮਲੇ ਵਿਚ ਦੋ ਬੱਚਿਆਂ ਸਮੇਤ ਪਰਿਵਾਰ ਚੇ ਚਾਰ ਜੀਅ ਜ਼ਖਮੀ ਹੋ ਗਏ ਸਨ। 26 ਜੁਲਾਈ 2012 ਨੂੰ ਸੁਭਾਸ਼ ਦੀ ਵੇਦਿਕੇ ਸੰਸਥਾ ਦੇ ਚੇਲਿਆਂ ਨੇ ਮੁੰਡੀਪੂ ਤੋਂ ਮੰਗਲੌਰ ਜਾ ਰਹੀ ਬੱਸ ਵਿਚ ਸਵਾਰ ਇਕ ਹਿੰਦੂ ਲੜਕੀ ਤੇ ਮੁਸਲਿਮ ਲੜਕੇ ਨੂੰ ਅਗਵਾ ਕਰ ਲਿਆ ਅਤੇ ਉਨ੍ਹਾਂ ਦੀ ਕੁੱਟਮਾਰ ਕੀਤੀ। ਇਸ ਜੋੜੇ ਨੂੰ ਬਾਅਦ ਵਿਚ ਪੁਲਿਸ ਦੇ ਸਪੁਰਦ ਕਰ ਦਿੱਤਾ। ਅਗਵਾਕਾਰਾਂ ਖਿਲਾਫ ਕੋਈ ਕਾਰਵਾਈ ਨਾ ਹੋਈ।
ਦੋ ਦਿਨ ਪਿਛੋਂ 28 ਜੁਲਾਈ 2012 ਨੂੰ ਵੇਦਿਕੇ ਨੇ ਸੈਨਾ ਵਾਲੀ ਬਦਨਾਮੀ ਖੱਟ ਲਈ, ਜਦੋਂ ਭੜਕਾਊ ਕਾਰਵਾਈਆਂ ਜਾਰੀ ਰੱਖਦਿਆਂ ਸੁਭਾਸ਼ ਅਤੇ ਉਸ ਦੇ ਸਾਥੀ ਮੰਗਲੌਰ ਦੇ ਪਾਡਿਲ ਪਿੰਡ ਵਿਚ ‘ਮਾਰਨਿੰਗ ਮਿਸਟ ਹੋਮਸਟੇਅ’ ਵਿਚ ਜਨਮ ਦਿਨ ਮਨਾ ਰਹੇ ਮੁੰਡੇ-ਕੁੜੀਆਂ ‘ਤੇ ਟੁੱਟ ਪਏ ਅਤੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਹ ਹਮਲਾ ਸੈਨਾ ਦੇ 2009 ਦੇ ਵਹਿਸ਼ੀ ਪੱਬ ਹਮਲੇ ਦੀ ਨਕਲ ਹੀ ਸੀ, ਜਿਸ ਨਾਲ ਇਸ ਦੀ ਚਰਚਾ ਮੁੜ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਮੀਡੀਏ ਵਿਚ ਹੋ ਗਈ।

ਪ੍ਰਸਾਦ ਅਤਾਵਰ ਦੀ ਗ੍ਰਿਫਤਾਰੀ ਅਤੇ ਵੱਡੀ ਗਿਣਤੀ ਆਗੂਆਂ ਤੇ ਕਾਰਿੰਦਿਆਂ ਦੇ ਜਥੇਬੰਦੀ ਛੱਡ ਜਾਣ ਕਾਰਨ ਤੱਟਵਰਤੀ ਕਰਨਾਟਕ ਵਿਚ ਸ੍ਰੀ ਰਾਮ ਸੈਨਾ ਪੂਰੀ ਤਰ੍ਹਾਂ ਠੱਪ ਹੋ ਗਈ। ਉਂਜ, ਰਾਜ ਦੀਆਂ ਹੋਰਾਂ ਥਾਂਵਾਂ ‘ਤੇ ਇਸ ਦੀਆਂ ਸਰਗਰਮੀਆਂ ਜਾਰੀ ਸਨ। 2013 ਵਿਚ ਮੁਥਾਲਿਕ ਨੇ ਆਪਣੇ ਹੁਬਲੀ ਵਿਚਲੇ ਸਦਰ-ਮੁਕਾਮ ਤੋਂ ਕੰਮ ਕਰਦਿਆਂ ਸ੍ਰੀ ਰਾਮ ਸੈਨਾ ਨੂੰ ਛੱਡ ਕੇ ਚਲੇ ਗਏ ਮੈਂਬਰਾਂ ਨੂੰ ਮੁੜ ਇਕੱਠਾ ਕਰਨਾ ਸ਼ੁਰੂ ਕੀਤਾ। ਮੁੜ ਸੁਰਜੀਤੀ ਦੀ ਆਪਣੀ ਯੁੱਧਨੀਤੀ ਤਹਿਤ ਉਸ ਨੇ ‘ਸਨਾਤਨ ਸੰਸਥਾ’ ਨਾਲ ਸਬੰਧ ਜੋੜਨੇ ਸ਼ੁਰੂ ਕੀਤੇ। ਇਹ ਵੀ ਸੈਨਾ ਵਾਂਗ ਪੱਛਮੀ ਭਾਰਤ ਵਿਚ ਕੰਮ ਕਰਦੀ ਅਹਿਮ ਹਿੰਦੂਤਵੀ ਜਥੇਬੰਦੀ ਹੈ, ਜੋ ਤਕਨੀਕੀ ਤੌਰ ‘ਤੇ ਸੰਘ ਪਰਿਵਾਰ ਨਾਲ ਜੁੜੀ ਹੋਈ ਨਹੀਂ, ਪਰ ਵਿਚਾਰਧਾਰਕ ਤੌਰ ‘ਤੇ ਇਸ ਦੀ ਵਿਚਾਰਧਾਰਾ ਵੀ ਉਹੀ ਹੈ।
ਮੁਥਾਲਿਕ ਕਹਿੰਦਾ ਹੈ, “ਰੂਹਾਨੀਅਤ ਨੂੰ ਸਾਧਨ ਬਣਾ ਕੇ ਹਿੰਦੂਤਵ ਨੂੰ ਪ੍ਰਫੁਲਿਤ ਕਰਦੀ ਸਨਾਤਨ ਸੰਸਥਾ ਤੇਜ਼ੀ ਨਾਲ ਅੱਗੇ ਵਧ ਰਹੀ ਹੈ। 2012 ਤੋਂ ਲੈ ਕੇ ਹਰ ਸਾਲ ਜੂਨ ਵਿਚ ਇਹ ਪੌਂਡਾ ਵਿਚ ਹਿੰਦੂ ਜਥੇਬੰਦੀਆਂ ਦੀ ਕੁੱਲ ਭਾਰਤੀ ਕਾਨਫਰੰਸ ਕਰਦੀ ਹੈ। ਮੈਂ 2013 ਅਤੇ 2014 ਦੀਆਂ ਦੋ ਕਾਨਫਰੰਸਾਂ ਵਿਚ ਸ਼ਾਮਲ ਸੀ, ਪਰ ਜੂਨ 2015 ਵਿਚ ਗੋਆ ਸਰਕਾਰ ਨੇ ਮੈਨੂੰ ਕਾਨਫਰੰਸ ਵਿਚ ਜਾਣ ਦੀ ਆਗਿਆ ਨਾ ਦਿੱਤੀ। ਇਸ ਰਿਸ਼ਤੇ ਦਾ ਲਾਭ ਦੋਹਾਂ ਜਥੇਬੰਦੀਆਂ ਨੂੰ ਹੋਇਆ। ਅਸੀਂ ਆਪਣੇ ਕਾਰਿੰਦਿਆਂ ਨੂੰ ਸੰਬੋਧਨ ਕਰਨ ਲਈ ਸਨਾਤਨ ਸੰਸਥਾ ਦੇ ਸਾਧਕਾਂ ਨੂੰ ਸੱਦਦੇ ਰਹਿੰਦੇ ਹਾਂ।”
2014 ਦੇ ਸ਼ੁਰੂ ਵਿਚ ਲੋਕ ਸਭਾ ਚੋਣਾਂ ਨੇੜੇ ਆ ਗਈਆਂ ਸਨ। ਉਦੋਂ ਸ੍ਰੀ ਰਾਮ ਸੈਨਾ ਨੇ ਪੁਨਰ-ਜਾਗ੍ਰਿਤੀ ਕ੍ਰਾਂਤੀ ਮਹਿਸੂਸ ਕੀਤੀ। ਬਹੁਤ ਸਾਰੇ ਪੁਰਾਣੇ ਮੈਂਬਰ ਸੰਸਥਾ ਵਿਚ ਮੁੜ ਸ਼ਾਮਲ ਹੋ ਰਹੇ ਸਨ। ਵਾਲਕੇ ਦੱਸਦਾ ਹੈ, “2013 ਅਤੇ 2014 ਦਰਮਿਆਨ, ਮੁਥਾਲਿਕ ਤਿੰਨ ਵਾਰੀ ਮੇਰੇ ਕੋਲ ਆਇਆ ਅਤੇ ਮੈਨੂੰ ਇਕ ਵਾਰ ਫਿਰ ਤੱਟਵਰਤੀ ਕਰਨਾਟਕ ਵਿਚ ਸੈਨਾ ਦੀ ਕਮਾਨ ਸਾਂਭਣ ਲਈ ਕਿਹਾ।” ਵਾਲਕੇ ਨੇ ਇਨ੍ਹਾਂ ਸਾਲਾਂ ਦੌਰਾਨ ਆਪਣੇ ਵਫਾਦਾਰਾਂ ਦੀ ਜੁੰਡਲੀ ਨੂੰ ਆਪਣੇ ਨਾਲ ਜੋੜੀ ਰੱਖਿਆ ਸੀ ਹਾਲਾਂਕਿ ਇਸ ਸਮੇਂ ਵਿਚ ਉਹ ਹਿੰਦੂਤਵ ਦੀ ਕਿਸੇ ਤਰ੍ਹਾਂ ਦੀ ਸੜਕੀ ਸਿਆਸਤ ਵਿਚ ਸ਼ਾਮਲ ਨਹੀਂ ਸੀ ਹੋਇਆ।
ਮਾਰਚ 2014 ਤੱਕ ਮੁਥਾਲਿਕ ਦੇ ਮੁੜ ਸੁਰਜੀਤੀ ਦੇ ਯਤਨਾਂ ਵਿਚ ਗੰਭੀਰਤਾ ਆ ਗਈ, ਜੋ ਭਾਜਪਾ ਨੂੰ ਵੀ ਧੂਹ ਪਾਉਣ ਲੱਗੇ। ਭਾਜਪਾ ਹਰ ਉਸ ਤੀਲੇ ਨੂੰ ਜੋੜਨਾ ਚਾਹੁੰਦੀ ਸੀ, ਜੋ ਮੁਲਕ ਵਿਚ ਹਿੰਦੂਤਵੀ ਤਾਕਤ ਦਾ ਚਿੰਨ੍ਹ ਹੋਵੇ ਤਾਂ ਜੁ ਉਹ ਲੋਕ ਸਭਾ ਚੋਣਾਂ ਦਾ ਭਵਸਾਗਰ ਪਾਰ ਕਰ ਸਕੇ, ਪਰ ਭਗਵੀਂ ਪਾਰਟੀ ਦੀ ਅੰਦੂਰਨੀ ਸਿਆਸਤ ਨੇ ਕਿਸੇ ਵੀ ਤਰ੍ਹਾਂ ਦੀ ਸੁਲ੍ਹਾ ਦਾ ਭੋਗ ਪਾ ਦਿੱਤਾ ਸੀ।
(ਚਲਦਾ)