ਨੰਦ ਸਿੰਘ ਬਰਾੜ
ਫੋਨ: 916-501-3974
ਬੱਚੇ ਸਾਡੀ ਬਹੁਮੁੱਲੀ ਸੌਗਾਤ ਤਾਂ ਹੁੰਦੇ ਹੀ ਹਨ, ਕੀਮਤੀ ਸਰਮਾਇਆ ਵੀ ਹਨ। ਅਸੀਂ ਹਮੇਸ਼ਾ ਚਾਹੁੰਦੇ ਹਾਂ ਕਿ ਉਹ ਸਦਾ ਸਿਹਤਮੰਦ ਤੇ ਆਗਿਆਕਾਰੀ ਰਹਿਣ, ਚੰਗੇ ਚਾਲ-ਚਲਨ ਵਾਲੇ ਤੇ ਸਦਾਚਾਰੀ ਬਣਨ ਅਤੇ ਜ਼ਿੰਦਗੀ ਵਿਚ ਪੂਰੇ ਸਫਲ ਹੋਣ। ਇਸ ਲਈ ਉਨ੍ਹਾਂ ਦੀ ਹਰ ਤਰ੍ਹਾਂ ਦੀ ਦੇਖ ਭਾਲ ਕਰਨੀ ਸਾਡਾ ਮੁਢਲਾ ਫਰਜ਼ ਬਣਦਾ ਹੈ। ਇਨ੍ਹਾਂ ਮੁਲਕਾਂ ਵਿਚ ਬੱਚਿਆਂ ਦੇ ਸਰਵਪੱਖੀ ਵਿਕਾਸ ਵਾਸਤੇ ਹਰ ਤਰ੍ਹਾਂ ਦੀਆਂ ਵਧੀਆ ਸਹੂਲਤਾਂ ਮੌਜੂਦ ਹਨ, ਪਰ ਫੇਰ ਵੀ ਸਾਨੂੰ, ਕਰੀਬ ਸਭ ਨੂੰ ਹੀ ਅੰਦਰੋਂ ਕਿਤੇ ਨਾ ਕਿਤੇ ਫਿਕਰ ਬਣਿਆ ਰਹਿੰਦਾ ਹੈ ਕਿ ਕਿਤੇ ਉਹ ਕਿਸੇ ਗਲਤ ਪਾਸੇ ਨਾ ਚਲੇ ਜਾਣ, ਗਲਤ ਸੰਗਤ ਵਿਚ ਨਾ ਪੈ ਜਾਣ, ਡਰੱਗਾਂ ਵਾਲੇ ਪਾਸੇ ਨਾ ਤੁਰ ਪੈਣ ਆਦਿ। ਸਾਡਾ ਇਹ ਤੌਖਲਾ ਪੂਰੀ ਤਰ੍ਹਾਂ ਨਿਰਮੂਲ ਵੀ ਨਹੀਂ, ਕਿਉਂਕਿ ਅਸੀਂ ਆਪਣੇ ਆਲੇ-ਦੁਆਲੇ ਤੋਂ ਨੌਜਵਾਨਾਂ ਸਬੰਧੀ ਅਜਿਹੀਆਂ ਘਟਨਾਵਾਂ ਸੁਣਦੇ ਰਹਿੰਦੇ ਹਾਂ| ਮੈਨੂੰ ਲਗਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਵਿਵੇਕਵਾਦੀ ਬਣਾ ਕੇ ਅਜਿਹੀਆਂ ਚਿੰਤਾਵਾਂ ਤੋਂ ਮੁਕਤ ਹੋ ਸਕਦੇ ਹਾਂ।
ਇਹ ਵਿਵੇਕਵਾਦ ਹੈ ਕੀ? ਅੱਗੇ ਵਧਣ ਤੋਂ ਪਹਿਲਾਂ ਵਿਵੇਕਵਾਦ ਬਾਰੇ ਕੁਝ ਸਮਝ ਬਣਾ ਲਈਏ। ਵਿਵੇਕ ਅਤੇ ਵਿਵੇਕਬੁੱਧੀ ਦਾ ਅਰਥ ਠੀਕ ਅਤੇ ਗਲਤ ਜਾਂ ਸਤਿ ਅਤੇ ਅਸਤਿ ਦੀ ਪਰਖ ਕਰਕੇ ਅਸਲੀਅਤ ਨੂੰ ਜਾਣਨ ਵਾਲੀ ਸਮਝ ਹੁੰਦੀ ਹੈ। ਵੱਖ ਵੱਖ ਵਿਚਾਰਧਾਰਾ ਵਾਲੇ ਵਿਦਵਾਨ ਇਸ ਦੇ ਅਰਥਾਂ ਨੂੰ ਆਪੋ ਆਪਣੀ ਵਿਚਾਰਧਾਰਾ ਅਨੁਸਾਰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਜਿਥੇ ਅਧਿਆਤਮਕ ਵਿਦਵਾਨਾਂ ਅਨੁਸਾਰ ਵਿਵੇਕ (ਬਿਬੇਕ) ਬੁੱਧੀ ਸਿਰਫ ਗੁਰੂ ਦੀ ਬਖਸ਼ਿਸ਼ ਨਾਲ ਪ੍ਰਾਪਤ ਹੋ ਸਕਦੀ ਹੈ ਅਤੇ ਇਸ ਅਨੁਸਾਰ ਚੱਲ ਕੇ ਹੀ ਪਰਮਾਤਮਾ ਨਾਲ ਮੇਲ ਸੰਭਵ ਹੈ| ਉਥੇ ਹੀ ਮੇਰੇ ਵਰਗੇ ਆਮ ਸਮਝ ਵਾਲੇ ਬੰਦਿਆਂ ਲਈ ਵਿਵੇਕਵਾਦ ਰੋਜ ਰੋਜ ਦੇ ਕੰਮਾਂ ਕਾਰਾਂ ਤੇ ਵਰਤੋਂ ਵਿਹਾਰ ਵਾਸਤੇ ਬਹੁਤ ਜਰੂਰੀ ਹੈ। ਜੇ ਵਿਵੇਕਵਾਦ ਨੂੰ ਸੌਖੇ ਤਰ੍ਹਾਂ ਦੱਸਣਾ ਹੋਵੇ ਤਾਂ ਕਹਿ ਸਕਦੇ ਹਾਂ ਕਿ ਪ੍ਰਤੱਖ ਪ੍ਰਮਾਣ ਅਨੁਸਾਰ ਅਨੁਮਾਨ ਲਾ ਕੇ ਅਤੇ ਦਲੀਲ ਨਾਲ ਸੱਚਾਈ ਦੇ ਨੇੜੇ ਤੋਂ ਨੇੜੇ ਪਹੁੰਚਣ ਦਾ ਢੰਗ ਵਿਵੇਕਵਾਦ ਹੁੰਦਾ ਹੈ। ਅਜੋਕੇ ਸਮੇਂ ਵਿਵੇਕਵਾਦ ਨੂੰ ਤਰਕਸ਼ੀਲ ਵਿਚਾਰਧਾਰਾ ਜਾਂ ਵਿਗਿਆਨਕ ਸੋਚ ਵੀ ਕਿਹਾ ਜਾਂਦਾ ਹੈ।
ਇਕ ਉਘਾ ਤਰਕਸ਼ੀਲ ਅਤੇ ਵਿਗਿਆਨਕ ਸੋਚ ਵਾਲਾ ਵਿਦਵਾਨ ਵਿਵੇਕਵਾਦ ਨੂੰ ਸਮਝਾਉਣ ਵਾਸਤੇ ਇਕ ਆਮ ਜਿਹੀ ਮਿਸਾਲ ਦੇ ਕੇ ਕਹਿੰਦਾ ਹੈ, ਮੰਨ ਲਓ ਤੁਸੀਂ ਜੰਗਲ ਵਿਚ ਭਟਕ ਗਏ ਹੋ। ਸ਼ਾਮ ਹੋ ਰਹੀ ਹੈ। ਤੁਸੀਂ ਜਿਧਰ ਵੀ ਜਾਂਦੇ ਹੋ, ਸੰਘਣਾ ਜੰਗਲ ਹੀ ਵੇਖਦੇ ਹੋ। ਜੰਗਲ ਵਿਚ ਹਨੇਰਾ ਵੀ ਜਲਦੀ ਹੋਣ ਲਗਦਾ ਹੈ। ਐਸੀ ਹਾਲਤ ਵਿਚ ਤੁਸੀਂ ਪੂਰੀ ਤਰ੍ਹਾਂ ਘਬਰਾਏ ਹੋਏ ਹੋ ਕਿ ਅੱਜ ਕਿਸੇ ਜੰਗਲੀ ਜਾਨਵਰ ਦਾ ਸ਼ਿਕਾਰ ਹੋਣ ਤੋਂ ਬਚਣਾ ਮੁਸ਼ਕਿਲ ਹੈ। ਐਨੇ ਨੂੰ ਤੁਹਾਨੂੰ ਇਕ ਪਾਸੇ ਧੂੰਆਂ ਦਿਸਦਾ ਹੈ ਤੇ ਤੁਹਾਨੂੰ ਇਕ ਦਮ ਸਕੂਨ ਮਿਲਦਾ ਹੈ| ਥੋੜ੍ਹੇ ਚਿਰ ਵਿਚ ਤੁਹਾਨੂੰ ਥੋੜ੍ਹੀ ਥੋੜ੍ਹੀ ਦੂਰੀ ‘ਤੇ ਉਸੇ ਤਰ੍ਹਾਂ ਦੇ 5-6 ਹੋਰ ਧੂੰਏਂ ਉਠਦੇ ਦਿਸਦੇ ਹਨ। ਅਜਿਹਾ ਦੇਖ ਕੇ ਤੁਸੀਂ ਕਰੀਬ ਨਿਸ਼ਚਿੰਤ ਹੋ ਜਾਂਦੇ ਹੋ।
ਸਾਨੂੰ ਪਤਾ ਹੈ, ਧੂੰਏਂ ਵਾਸਤੇ ਉਥੇ ਅੱਗ ਹੋਣੀ ਚਾਹੀਦੀ ਹੈ। ਸਾਨੂੰ ਆਪਣੇ ਤਜਰਬੇ ਤੋਂ ਇਹ ਵੀ ਪਤਾ ਹੁੰਦਾ ਹੈ ਕਿ ਇਕਸਾਰ ਧੂੰਏਂ ਵਾਸਤੇ ਨਿਯਮਿਤ ਅੱਗ ਚਾਹੀਦੀ ਹੈ। ਅਸੀਂ ਇਹ ਵੀ ਜਾਣਦੇ ਹਾਂ ਕਿ ਨਿਯਮਿਤ ਅੱਗ ਸਿਰਫ ਮਨੁੱਖ ਹੀ ਮਚਾ ਸਕਦਾ ਹੈ। ਇਸ ਲਈ ਜਰੂਰੀ ਹੈ, ਉਥੇ ਕੋਈ ਮਨੁੱਖ ਹੀ ਅੱਗ ਮਚਾ ਰਿਹਾ ਹੋਵੇਗਾ। ਤੁਸੀਂ ਧੂੰਆਂ ਨੇੜੇ ਨੇੜੇ 5-7 ਥਾਂਵਾਂ ਤੋਂ ਉਡਦਾ ਵੇਖਦੇ ਹੋ ਤਾਂ ਇਸ ਦਾ ਮਤਲਬ ਹੋਇਆ ਕਿ ਉਥੇ ਕੋਈ ਛੋਟਾ ਮੋਟਾ ਪਿੰਡ ਹੋਵੇਗਾ। ਇਸ ਸਭ ਨਾਲ ਤੁਹਾਨੂੰ ਤਸੱਲੀ ਹੋ ਜਾਂਦੀ ਹੈ ਕਿ ਤੁਹਾਨੂੰ ਉਥੋਂ ਖਾਣ ਪੀਣ ਨੂੰ ਮਿਲ ਸਕੇਗਾ ਅਤੇ ਰਾਤ ਗੁਜਾਰਨ ਦਾ ਪ੍ਰਬੰਧ ਵੀ ਹੋ ਜਾਵੇਗਾ।
ਇਥੇ ਪ੍ਰਤੱਖ ਪ੍ਰਮਾਣ ਸਿਰਫ ਧੂੰਆਂ ਹੈ, ਜਿਸ ਤੋਂ ਅੰਦਾਜ਼ਾ ਲਾ ਕੇ ਅਸੀਂ ਕਿਸੇ ਸਹੀ ਨਤੀਜੇ ‘ਤੇ ਪੁਜੇ ਹਾਂ। ਇਹ ਇਕ ਛੋਟੀ ਜਿਹੀ ਮਿਸਾਲ ਹੈ। ਜ਼ਿੰਦਗੀ ਵਿਚ ਹਰ ਰੋਜ ਸਾਨੂੰ ਅਨੇਕਾਂ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਥੇ ਅਸੀਂ ਪ੍ਰਤੱਖ ਪ੍ਰਮਾਣ ਤੋਂ ਆਪਣੇ ਪਿਛਲੇ ਤਜਰਬਿਆਂ ਦੇ ਆਧਾਰ ‘ਤੇ ਸਹੀ ਅੰਦਾਜ਼ਾ ਲਾ ਕੇ ਸਹੀ ਨਤੀਜਿਆਂ ‘ਤੇ ਪਹੁੰਚ ਸਕਦੇ ਹਾਂ। ਇਸੇ ਨੂੰ ਹੀ ਵਿਗਿਆਨਕ ਦ੍ਰਿਸ਼ਟੀਕੋਣ, ਤਰਕਸ਼ੀਲ ਵਿਚਾਰਧਾਰਾ ਜਾਂ ਵਿਵੇਕਵਾਦ ਕਿਹਾ ਜਾਂਦਾ ਹੈ।
ਅਗਲਾ ਸਵਾਲ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਵਿਵੇਕਸ਼ੀਲ ਕਿਵੇਂ ਬਣਾ ਸਕਦੇ ਹਾਂ? ਇਹ ਕੰਮ ਕੋਈ ਬਹੁਤਾ ਮੁਸ਼ਕਿਲ ਨਹੀਂ, ਜੇ ਅਸੀਂ ਜਾਣ ਲਈਏ ਕਿ ਬੱਚਾ ਜਨਮ ਤੋਂ ਲੈ ਕੇ ਵਿਕਾਸ ਕਿਸ ਤਰ੍ਹਾਂ ਕਰਦਾ ਹੈ ਅਤੇ ਕਿਹੜੇ ਕਿਹੜੇ ਪੜਾਵਾਂ ਵਿਚੋਂ ਲੰਘਦਾ ਹੈ, ਖਾਸ ਕਰਕੇ ਉਸ ਦਾ ਦਿਮਾਗੀ ਭਾਵ ਮਾਨਸਿਕ ਵਿਕਾਸ ਕਿਵੇਂ ਕਿਵੇਂ ਹੁੰਦਾ ਹੈ।
ਅਸੀਂ ਆਮ ਕਹਿੰਦੇ ਹਾਂ ਕਿ ਬੱਚਾ ਆਪਣੇ ਮਾਂ-ਬਾਪ ‘ਤੇ ਹੀ ਜਾਂਦਾ ਹੈ। ਪ੍ਰਚਲਿਤ ਕਹਾਵਤ ਹੈ, ‘ਜੈਸੀ ਕੋਕੋ ਵੈਸੇ ਕੋਕੋ ਦੇ ਬੱਚੇ’, ਪਰ ਮਨੋਵਿਗਿਆਨੀ ਦਸਦੇ ਹਨ ਕਿ ਬੱਚਾ ਸਰੀਰਕ ਬਣਤਰ ਭਾਵ ਨੈਣ ਨਕਸ਼, ਰੰਗ ਰੂਪ, ਕੱਦ ਕਾਠ ਵਗੈਰਾ, ਸਮੇਤ ਦਿਮਾਗ ਅਤੇ ਗਿਆਨ ਇੰਦਰੀਆਂ ਦੀ ਬਣਤਰ ਦੇ, ਤਾਂ ਮਾਪਿਆਂ ਤੋਂ ਵਿਰਾਸਤ ਵਿਚ ਪ੍ਰਾਪਤ ਕਰਦਾ ਹੈ, ਪਰ ਮਨ ਭਾਵ ਦਿਮਾਗ ਅਤੇ ਉਸ ਦੀਆਂ ਗਿਆਨ ਇੰਦਰੀਆਂ ਦਾ ਵਿਕਾਸ ਉਸ ਦੇ ਜਨਮ ਤੋਂ ਬਾਅਦ ਹੁੰਦਾ ਹੈ। ਕਹਿ ਸਕਦੇ ਹਾਂ ਕਿ ਉਸ ਦੇ ਦਿਮਾਗ ਅਤੇ ਗਿਆਨ ਇੰਦਰੀਆਂ ਦੀ ਬਣਤਰ ਤਾਂ ਹੁੰਦੀ ਹੈ, ਪਰ ਉਨ੍ਹਾਂ ਵਿਚ ਕਿਸੇ ਕਿਸਮ ਦੀ ਸੋਚ ਅਤੇ ਸੰਵੇਦਨਾ ਆਦਿ ਮੌਜੂਦ ਨਹੀਂ ਹੁੰਦੀ, ਭਾਵ ਉਹ ਖਾਲੀ ਹੁੰਦੇ ਹਨ। ਜਨਮ ਪਿਛੋਂ ਉਹ ਦੇਖਣਾ, ਸੁਣਨਾ, ਛੂਹਣਾ, ਸਵਾਦ ਪਰਖਣਾ, ਸਮਝਣਾ, ਬੋਲਣਾ, ਤੁਰਨਾ, ਸੋਚਣਾ ਆਦਿ ਆਪਣੇ ਪਰਿਵਾਰ ਅਤੇ ਆਲੇ-ਦੁਆਲੇ ਤੋਂ ਨਕਲ ਕਰਕੇ ਸਿਖਦਾ ਹੈ। ਜਿਸ ਤਰ੍ਹਾਂ ਦਾ ਮਾਹੌਲ ਹੋਵੇਗਾ, ਉਸੇ ਤਰ੍ਹਾਂ ਦਾ ਉਹ ਗ੍ਰਹਿਣ ਕਰੇਗਾ। ਮਨੋਵਿਗਿਆਨੀਆਂ ਅਨੁਸਾਰ ਬੱਚੇ ਦੀ ਉਮਰ ਦੇ ਪਹਿਲੇ ਪੰਜ ਸਾਲ ਉਸ ਦੇ ਮਾਨਸਿਕ ਵਿਕਾਸ ਵਾਸਤੇ ਬਹੁਤ ਅਹਿਮ ਹੁੰਦੇ ਹਨ, ਕਿਉਂਕਿ ਬਹੁਤਾ ਕਰਕੇ ਉਮਰ ਦੇ ਇਸ ਪੜਾਅ ਦੌਰਾਨ ਹੀ ਉਸ ਦੇ ਮਾਨਸਿਕ ਵਿਕਾਸ (ੀਥ) ਦੀ ਦਰ ਨਿਸ਼ਚਿਤ ਹੁੰਦੀ ਹੈ। ਇਸ ਲਈ ਸਾਨੂੰ ਘਰ ਦਾ ਮਾਹੌਲ ਇਸ ਤਰ੍ਹਾਂ ਦਾ ਬਣਾਉਣਾ ਚਾਹੀਦਾ ਹੈ, ਜੋ ਉਸ ਦੇ ਵਿਕਾਸ ਵਾਸਤੇ ਸਾਜਗਾਰ ਹੋਵੇ।
ਆਪਾਂ ਬੱਚੇ ਦੇ ਜਨਮ ਪਿਛੋਂ ਉਸ ਦੇ ਦਿਮਾਗ ਅਤੇ ਗਿਆਨ ਇੰਦਰੀਆਂ ਦੀ ਹਾਲਤ ਨੂੰ ਖਾਲੀ ਮੈਮਰੀ ਚਿੱਪ ਨਾਲ ਤੁਲਨਾ ਦੇ ਸਕਦੇ ਹਾਂ। ਇਹ ਤੁਲਨਾ ਕੁਝ ਹੱਦ ਤੱਕ ਸਹੀ ਹੈ, ਫਰਕ ਸਿਰਫ ਇਹ ਹੈ ਕਿ ਮੈਮਰੀ ਚਿੱਪ ਵਿਚ ਓਹੀ ਭਰਦਾ ਹੈ, ਜੋ ਅਸੀਂ ਆਪਣੀ ਮਰਜੀ ਨਾਲ ਭਰਨਾ ਚਾਹੁੰਦੇ ਹਾਂ, ਪਰ ਬੱਚਾ ਉਹ ਸਭ ਕੁਝ ਸਿਖਦਾ ਜਾਂਦਾ ਹੈ, ਜੋ ਆਲੇ ਦੁਆਲੇ ਦੇਖਦਾ ਹੈ। ਇਸ ਲਈ ਸਾਨੂੰ ਬੱਚਿਆਂ ਦੀ ਮੌਜੂਦਗੀ ਪ੍ਰਤੀ ਹਮੇਸ਼ਾ ਸੁਚੇਤ ਰਹਿਣਾ ਚਾਹੀਦਾ ਹੈ। ਮੰਨ ਲਓ, ਸਾਨੂੰ ਘਰੇ ਫੋਨ ਆਉਂਦਾ ਹੈ, ਪਰ ਅਸੀਂ ਟਾਲਣਾ ਚਾਹੁੰਦੇ ਹਾਂ। ਅਸੀਂ ਬੱਚੇ ਦੀ ਮੌਜੂਦਗੀ ਨੂੰ ਨਜ਼ਰਅੰਦਾਜ਼ ਕਰਕੇ ਕਹਿ ਦਿੰਦੇ ਹਾਂ ਕਿ ਮੈਂ ਅਜੇ ਬਾਹਰ ਹਾਂ, ਘਰੇ ਜਾ ਕੇ ਫੋਨ ਕਰਾਂਗਾ। ਇਸੇ ਤਰ੍ਹਾਂ ਕਦੇ ਕੋਈ ਮਿਲਣ ਆ ਜਾਂਦਾ ਹੈ। ਅਸੀਂ ਉਹਦੇ ਨਾਲ ਵਧੀਆ ਵਧੀਆ ਬੋਲਦੇ ਤੇ ਵਿਹਾਰ ਕਰਦੇ ਹਾਂ, ਜਿਵੇਂ ਉਸ ਦੇ ਆਉਣ ਨਾਲ ਸਾਨੂੰ ਬਹੁਤ ਖੁਸ਼ੀ ਹੋਈ ਹੁੰਦੀ ਹੈ, ਪਰ ਜਿਉਂ ਹੀ ਉਹ ਚਲਾ ਜਾਂਦਾ ਹੈ, ਉਸ ਦੀ ਬਦਖੋਹੀ ਕਰਨੀ ਸ਼ੁਰੂ ਕਰ ਦਿੰਦੇ ਹਾਂ ਕਿ ਕਿਵੇਂ ਮੂੰਹ ਚੱਕ ਕੇ ਆ ਜਾਂਦਾ ਹੈ। ਬੱਚੇ ਵਾਸਤੇ ਉਸ ਦੇ ਮਾਪੇ ਸਭ ਤੋਂ ਵੱਧ ਸਤਿਕਾਰਯੋਗ ਹੁੰਦੇ ਹਨ ਅਤੇ ਇਕ ਤਰ੍ਹਾਂ ਨਾਲ ਉਹ ਉਨ੍ਹਾਂ ਦੇ ਆਦਰਸ਼ ਹੁੰਦੇ ਹਨ, ਪਰ ਅਜਿਹੀਆਂ ਗੱਲਾਂ ਦਾ ਬੱਚੇ ਦੇ ਮਾਨਸਿਕ ਵਿਕਾਸ ‘ਤੇ ਬਹੁਤ ਮਾੜਾ ਅਸਰ ਪੈਂਦਾ ਹੈ ਤੇ ਉਹ ਆਪਣੇ ਮਾਪਿਆਂ ਪ੍ਰਤੀ ਵੀ ਕੁਝ ਨਿਰਾਸ਼ ਹੋਣ ਲੱਗਦੇ ਹਨ।
ਬੱਚਿਆਂ ਦੇ ਵਿਕਾਸ ਦਾ ਅਗਲਾ ਪੜਾਅ ਉਦੋਂ ਸ਼ੁਰੂ ਹੁੰਦਾ ਹੈ, ਜਦੋਂ ਉਹ ਸਵਾਲ ਪੁੱਛਣ ਲਗਦਾ ਹੈ। ਵਿਕਾਸ ਦਾ ਇਹ ਪੜਾਅ ਉਸ ਦੇ ਮਾਨਸਿਕ ਵਿਕਾਸ ਦੀ ਦਿਸ਼ਾ ਨਿਰਧਾਰਤ ਕਰਨ ਵਾਸਤੇ ਬਹੁਤ ਹੀ ਅਹਿਮ ਹੁੰਦਾ ਹੈ। ਇਸ ਸਮੇਂ ਧਰਤੀ ਦੀ ਹਰ ਵਸਤੂ ਉਹਦੇ ਵਾਸਤੇ ਨਵੀਂ ਅਤੇ ਅਦਭੁੱਤ ਹੁੰਦੀ ਹੈ। ਉਹ ਹਰ ਚੀਜ਼ ਜਾਣਨ ਵਾਸਤੇ ਉਤਸੁਕ ਹੁੰਦਾ ਹੈ। ਇਸ ਲਈ ਉਹ ਹਰ ਸਮੇਂ ਸਵਾਲ ਪੁੱਛਦਾ ਰਹਿੰਦਾ ਹੈ ਅਤੇ ਜਵਾਬ ਜਾਣਨ ਲਈ ਕਾਹਲਾ ਹੁੰਦਾ ਹੈ। ਉਸ ਦੇ ਵਿਕਾਸ ਨੂੰ ਸਹੀ ਦਿਸ਼ਾ ਦੇਣ ਵਾਸਤੇ ਸਾਡੇ ਲਈ ਇਹ ਸੁਨਹਿਰੀ ਸਮਾਂ ਹੁੰਦਾ ਹੈ। ਇਸ ਸਮੇਂ ਨੂੰ ਵਾਧੂ ਭੁਕਾਈ ਜਾਣ ਕੇ ਬਰਬਾਦ ਨਹੀਂ ਹੋਣ ਦੇਣਾ ਚਾਹੀਦਾ, ਸਗੋਂ ਇਸ ਦੀ ਯੋਗ ਵਰਤੋਂ ਕਰਨੀ ਚਾਹੀਦੀ ਹੈ। ਸਾਨੂੰ ਉਸ ਦੇ ਹਰ ਸਵਾਲ ਦਾ ਜਵਾਬ ਸਹੀ ਸਹੀ ਉਸ ਦੀ ਉਮਰ ਅਨੁਸਾਰ ਅਤੇ ਉਸ ਦੀ ਤਸੱਲੀ ਕਰਵਾਉਣ ਵਾਲਾ ਹੋਣਾ ਚਾਹੀਦਾ ਹੈ, ਟਾਲ ਮਟੋਲ ਵਾਲਾ ਨਹੀਂ। ਇਹੀ ਨਹੀਂ, ਸਾਨੂੰ ਸਗੋਂ ਉਸ ਨੂੰ ਸਵਾਲ ਪੁੱਛਣ ਲਈ ਉਤਸ਼ਾਹਤ ਕਰਦੇ ਰਹਿਣਾ ਚਾਹੀਦਾ ਹੈ। ਕਦੇ ਕਦੇ ਸਾਨੂੰ ਉਸ ਤੋਂ ਛੋਟੇ ਛੋਟੇ ਸਵਾਲ ਪੁੱਛ ਕੇ ਉਸ ਨੂੰ ਜਵਾਬ ਦੇਣ ਲਈ ਵੀ ਪ੍ਰੇਰਨਾ ਚਾਹੀਦਾ ਹੈ| ਇਹ ਉਸ ਦੇ ਆਤਮਵਿਸ਼ਵਾਸ ਵਿਚ ਵਾਧਾ ਕਰਦਾ ਹੈ।
ਕਦੇ ਕਦੇ ਅਜਿਹਾ ਹੋ ਸਕਦਾ ਹੈ ਕਿ ਸਾਨੂੰ ਉਸ ਦੇ ਕਿਸੇ ਇਕ ਸਵਾਲ ਦਾ ਜਵਾਬ ਜਾਂ ਤਾਂ ਪਤਾ ਨਾ ਹੋਵੇ ਜਾਂ ਪਤਾ ਤਾਂ ਹੋਵੇ ਪਰ ਸਾਨੂੰ ਸਮਝ ਨਾ ਆਉਂਦੀ ਹੋਵੇ ਕਿ ਉਸ ਨੂੰ ਕਿਵੇਂ ਸਮਝਾਇਆ ਜਾਵੇ। ਅਜਿਹੇ ਮੌਕੇ ‘ਤੇ ਘਬਰਾਉਣ ਦੀ ਲੋੜ ਨਹੀਂ ਹੁੰਦੀ ਅਤੇ ਨਾ ਹੀ ਟਾਲ ਮਟੋਲ ਵਾਲਾ ਵਤੀਰਾ ਅਪਨਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਇਹ ਗੱਲ ਤਾਂ ਬਿਲਕੁਲ ਨਹੀਂ ਕਰਨੀ ਚਾਹੀਦੀ ਕਿ ‘ਐਵੇਂ ਪੁੱਠੇ ਸਿੱਧੇ ਸਵਾਲ ਕਰਦਾ ਰਹਿੰਦਾ ਹੈਂ, ਆਪਣੀ ਪੜ੍ਹਾਈ ਵੱਲ ਧਿਆਨ ਦਿਆ ਕਰ। ਜਾਹ ਜਾ ਕੇ ਆਪਣਾ ਹੋਮ ਵਰਕ ਕਰ।’ ਅਜਿਹਾ ਰਵੱਈਆ ਉਸ ਵਾਸਤੇ ਘੱਟੋ ਘੱਟ ਦੋ ਤਰ੍ਹਾਂ ਨਾਲ ਘਾਤਕ ਹੋ ਸਕਦਾ ਹੈ। ਪਹਿਲਾ ਇਸ ਰਵੱਈਏ ਤੋਂ ਡਰ ਕੇ ਉਹ ਸਵਾਲ ਕਰਨ ਤੋਂ ਘਬਰਾਏਗਾ ਅਤੇ ਹਰ ਚੀਜ਼ ਨੂੰ ਜਿਵੇਂ ਹੈ, ਉਸੇ ਤਰ੍ਹਾਂ ਸਮਝਣ ਦੇ ਰੁਝਾਨ ਵੱਲ ਤੁਰੇਗਾ, ਜੋ ਉਸ ਨੂੰ ਹੌਲੀ ਹੌਲੀ ਅੰਧਵਿਸ਼ਵਾਸੀ ਬਣਾ ਦੇਵੇਗਾ। ਦੂਜਾ, ਜੇ ਉਸ ਦੀ ਉਤਸੁਕਤਾ ਮਾਪਿਆਂ ਤੋਂ ਸੰਤੁਸ਼ਟ ਨਹੀਂ ਹੁੰਦੀ ਤੇ ਉਵੇਂ ਰਹਿੰਦੀ ਹੈ ਤਾਂ ਉਹ ਉਸ ਦਾ ਉਤਰ ਆਪਣੀ ਸਮਝ ਅਨੁਸਾਰ ਕਿਆਸ ਕਰ ਲਵੇਗਾ ਜਾਂ ਬਾਹਰੋਂ ਲੱਭਣ ਦੀ ਕੋਸ਼ਿਸ਼ ਕਰੇਗਾ। ਇਨ੍ਹਾਂ ਕਰਨਾਂ ਕਰਕੇ ਉਸ ਦੇ ਗਲਤ ਦਿਸ਼ਾ ਵੱਲ ਜਾਣ ਦਾ ਖਤਰਾ ਵਧ ਸਕਦਾ ਹੈ।
ਮਨੋਵਿਗਿਆਨੀਆਂ ਅਨੁਸਾਰ ਉਪਰੋਕਤ ਰਵੱਈਆ ਅਪਨਾਉਣ ਦੀ ਥਾਂ ਅਸੀਂ ਅਜਿਹੇ ਮੌਕੇ ਨੂੰ ਸਗੋਂ ਸੁਨਹਿਰੀ ਮੌਕਾ ਸਮਝ ਕੇ ਇਸ ਨੂੰ ਹਾਂ ਪੱਖੀ ਅਸਰ ਵਾਸਤੇ ਵਰਤ ਸਕਦੇ ਹਾਂ। ਅਜਿਹੇ ਮੌਕੇ ਉਸ ਨੂੰ ਦਸਣਾ ਚਾਹੀਦਾ ਹੈ ਕਿ ਸਵਾਲ ਤੇਰਾ ਬਹੁਤ ਵਧੀਆ ਹੈ, ਪਰ ਮੈਨੂੰ ਇਸ ਦਾ ਜਵਾਬ ਪੂਰੀ ਤਰ੍ਹਾਂ ਠੀਕ ਠੀਕ ਪਤਾ ਨਹੀਂ ਹੈ। ਇਸ ਵਾਸਤੇ ਮੈਂ ਕਿਸੇ ਸਿਆਣੇ ਤੋਂ ਸਮਝ ਕੇ ਦੱਸਾਂਗਾ। ਜੇ ਤੈਨੂੰ ਕਿਤੋਂ ਪਤਾ ਲੱਗੇ ਜਾਂ ਕੰਪਿਊਟਰ ‘ਤੇ ਸਰਚ ਕਰਕੇ ਪਤਾ ਲਾਵੇਂ ਤਾਂ ਮੈਨੂੰ ਜਰੂਰ ਦੱਸੀਂ। ਆਪਣੇ ਆਪ ਹੀ ਉਸ ਨੂੰ ਠੀਕ ਨਾ ਸਮਝ ਲਵੀਂ ਸਗੋਂ ਆਪਾਂ ਵਿਚਾਰ ਕਰਕੇ ਸਹੀ ਸਹੀ ਜਵਾਬ ਲੱਭ ਲਵਾਂਗੇ।
ਇਸ ਵਤੀਰੇ ਦਾ ਉਸ ‘ਤੇ ਕਈ ਤਰ੍ਹਾਂ ਨਾਲ ਹਾਂ ਪੱਖੀ ਅਸਰ ਹੋਵੇਗਾ। ਪਹਿਲਾ, ਉਸ ਦਾ ਤੁਹਾਡੇ ਪ੍ਰਤੀ ਵਿਸ਼ਵਾਸ ਹੋਰ ਪੱਕਾ ਹੋਵੇਗਾ, ਕਿਉਂਕਿ ਉਸ ਨੂੰ ਭਰੋਸਾ ਬਣੇਗਾ ਕਿ ਤੁਸੀਂ ਉਸ ਦੀ ਮਦਦ ਵਾਸਤੇ ਹਰ ਸੰਭਵ ਕੋਸ਼ਿਸ਼ ਕਰਦੇ ਹੋ। ਦੂਜਾ, ਉਸ ਨੂੰ ਆਪਣੇ ਆਪ ‘ਤੇ ਯਕੀਨ ਬਝੇਗਾ ਕਿ ਜੋ ਸਵਾਲ ਉਸ ਦੇ ਮਨ ਵਿਚ ਉਠਦੇ ਹਨ, ਉਹ ਐਵੇਂ ਵਾਧੂ ਨਹੀਂ ਹੁੰਦੇ ਅਤੇ ਉਸ ਅੰਦਰ ਆਪਣੀ ਉਤਸੁਕਤਾ ਸਬੰਧੀ ਸੁਆਲ ਪੁੱਛਣ ਦਾ ਅਤੇ ਵੱਧ ਤੋਂ ਵੱਧ ਜਾਣਨ ਦਾ ਉਤਸ਼ਾਹ ਵਧੇਗਾ। ਇਸ ਦੇ ਨਾਲ ਹੀ ਜਦੋਂ ਉਹ ਆਪਣੇ ਵਲੋਂ ਲੱਭੀ ਗਈ ਜਾਣਕਾਰੀ ਬਾਰੇ ਤੁਹਾਡੇ ਨਾਲ ਵਿਚਾਰ ਸਾਂਝੇ ਕਰੇਗਾ ਤਾਂ ਉਸ ਨੂੰ ਵਿਵੇਕ ਨਾਲ ਸਮੱਸਿਆ ਹੱਲ ਕਰਨ ਦਾ ਅਭਿਆਸ ਵੀ ਹੋਵੇਗਾ ਅਤੇ ਆਪਣੀ ਹਰ ਸਮੱਸਿਆ ਤੁਹਾਡੇ ਨਾਲ ਸਾਂਝੀ ਕਰਨ ਦਾ ਸੁਭਾਅ ਬਣੇਗਾ।
ਆਮ ਤੌਰ ‘ਤੇ ਅਸੀਂ ਦੋ ਕਿਸਮਾਂ ਦੇ ਸਵਾਲਾਂ ਕਰਕੇ ਸ਼ਸ਼ੋਪੰਜ ਵਿਚ ਪੈਂਦੇ ਹਾਂ। ਪਹਿਲਾ, ਧਰਮ ਸਬੰਧੀ ਰੀਤਾਂ ਰਸਮਾਂ ਬਾਰੇ ਸਵਾਲਾਂ ਨਾਲ, ਕਿਉਂਕਿ ਬੱਚੇ ਇਨ੍ਹਾਂ ਸਬੰਧੀ ਕਈ ਤਰ੍ਹਾਂ ਦੇ ਅਣਕਿਆਸੇ ਸਵਾਲ ਪੁਛਦੇ ਹਨ ਅਤੇ ਦੂਜਾ, ਉਮਰ ਦੇ ਵਧਣ ਨਾਲ ਸੈਕਸ ਸਬੰਧੀ ਸਵਾਲਾਂ ਕਰਕੇ। ਅਜਿਹੇ ਸਵਾਲਾਂ ਕਰਕੇ ਇਕ ਦਮ ਸਾਨੂੰ ਕੁਝ ਮੁਸ਼ਕਿਲ ਲੱਗੇਗੀ, ਪਰ ਵਿਵੇਕ ਬੁੱਧੀ ਵਰਤ ਕੇ ਅਸੀਂ ਉਨ੍ਹਾਂ ਦੇ ਹਰ ਸਵਾਲ ਦਾ ਜਵਾਬ ਦੇ ਸਕਦੇ ਹਾਂ। ਅਜਿਹੇ ਵਿਹਾਰ ਨਾਲ ਬੱਚੇ ਆਪਣੀ ਹਰ ਸਮੱਸਿਆ ਤੁਹਾਡੇ ਨਾਲ ਸਾਂਝੀ ਕਰਨ ਲੱਗਣਗੇ ਅਤੇ ਕਿਸੇ ਤਰ੍ਹਾਂ ਦੇ ਗਲਤ ਰਾਹ ‘ਤੇ ਜਾਣ ਅਤੇ ਗਲਤ ਸੰਗਤ ਵਿਚ ਪੈਣ ਤੋਂ ਬਚੇ ਰਹਿਣਗੇ। ਜਦੋਂ ਉਨ੍ਹਾਂ ਦੀ ਹਰ ਸਮੱਸਿਆ ਤੁਹਾਡੇ ਰਾਹੀਂ ਹੱਲ ਹੁੰਦੀ ਰਹੇਗੀ ਤਾਂ ਉਹ ਕਦੇ ਵੀ ਨਸ਼ਿਆਂ ਆਦਿ ਵੱਲ ਨਹੀਂ ਜਾਣਗੇ।
ਸੋ ਉਪਰੋਕਤ ਤਰ੍ਹਾਂ ਦੇ ਵਿਹਾਰ ਨਾਲ ਅਸੀਂ ਆਪਣੇ ਬੱਚਿਆਂ ਨੂੰ ਵਿਵੇਕਸ਼ੀਲ ਬਣਾ ਲਵਾਂਗੇ। ਸਿਰਫ ਇਹੀ ਨਹੀਂ, ਆਪਾਂ ਬੱਚਿਆਂ ਨੂੰ ਵਿਵੇਕਸ਼ੀਲ ਬਣਾਉਂਦੇ ਬਣਾਉਂਦੇ ਆਪ ਵੀ ਅਨੇਕਾਂ ਅੰਧਵਿਸ਼ਵਾਸਾਂ ‘ਚੋਂ ਬਾਹਰ ਨਿਕਲ ਜਾਵਾਂਗੇ। ਮਾਨਵ ਸਮਾਜ ਵਿਚ ਅੰਧਵਿਸ਼ਵਾਸ ਇੱਕ ਅਜਿਹਾ ਜ਼ਹਿਰ ਹੈ, ਜਿਸ ਨਾਲ ਸਮਾਜ ਵਿਚ ਆਪਸੀ ਬੇਵਿਸ਼ਵਾਸੀ ਪੈਦਾ ਹੁੰਦੀ ਹੈ, ਜੋ ਆਪਸੀ ਨਫਰਤ ਦਾ ਸਭ ਤੋਂ ਵੱਡਾ ਕਾਰਨ ਬਣਦੀ ਹੈ। ਇਸ ਦੇ ਉਲਟ ਵਿਵੇਕਸ਼ੀਲ ਬਣਨ ਨਾਲ ਆਪਸੀ ਪ੍ਰੇਮ ਅਤੇ ਮਿਲਵਰਤਣ ਵਧਦਾ ਹੈ, ਜਿਸ ਨਾਲ ਸਮੁੱਚਾ ਸਮਾਜ ਭਗਤ ਰਵਿਦਾਸ ਜੀ ਦੇ ਸੰਕਲਪ ਵਾਲਾ ਬੇਗਮਪੁਰਾ ਬਣ ਸਕਦਾ ਹੈ।