ਗਦਰੀ ਯੋਧਿਆਂ ਦਾ ਇਨਕਲਾਬੀ ਪਿੰਡ ਖੁਰਦਪੁਰ

ਭਾਰਤ ਦੀ ਆਜ਼ਾਦੀ ਦੇ ਸੰਗਰਾਮ ਵਿਚ ਗਦਰੀਆਂ ਦਾ ਯੋਗਦਾਨ ਸਭ ਤੋਂ ਨਿਵੇਕਲਾ ਹੈ। ਇਨ੍ਹਾਂ ਜੁਝਾਰੂਆਂ, ਜੋ ਪਰਦੇਸੀ ਧਰਤੀ Ḕਤੇ ਵੱਖ-ਵੱਖ ਤਰ੍ਹਾਂ ਦੀਆਂ ਦੁਸ਼ਵਾਰੀਆਂ ਨਾਲ ਪਹਿਲਾਂ ਹੀ ਜੂਝ ਰਹੇ ਸਨ, ਨੇ ਅੰਗਰੇਜ਼ ਹਾਕਮਾਂ ਨਾਲ ਸਿੱਧਾ ਮੱਥਾ ਲਾਉਣ ਬਾਰੇ ਸੋਚਿਆ ਅਤੇ ਆਪੋ-ਆਪਣੇ ਥਾਂ ਲੋਕਾਂ ਨੂੰ ਲਾਮਬੰਦ ਕਰਨਾ ਅਰੰਭ ਕਰ ਦਿੱਤਾ। ਸੰਘਰਸ਼ ਦੇ ਇਸ ਰਣ ਤੱਤੇ ਵਿਚ ਨਿਤਰਨ ਵਾਲਿਆਂ ਵਿਚ ਪਿੰਡ ਖੁਰਦਪੁਰ ਦੇ ਸੂਰਮਿਆਂ ਦਾ ਨਾਂ ਬੜੇ ਮਾਣ ਨਾਲ ਲਿਆ ਜਾਂਦਾ ਹੈ। ਕ੍ਰਿਪਾਲ ਸਿੰਘ ਸੰਧੂ ਨੇ ਇਸ ਪਿੰਡ ਦੇ ਇਸ ਪਿਛੋਕੜ ਬਾਰੇ ਚਰਚਾ ਇਸ ਲੇਖ ਵਿਚ ਕੀਤੀ ਹੈ।

-ਸੰਪਾਦਕ

ਕ੍ਰਿਪਾਲ ਸਿੰਘ ਸੰਧੂ
ਫੋਨ: 559-259-4844

ਹਿੰਦੋਸਤਾਨ ਦੀ ਜੰਗ-ਏ-ਆਜ਼ਾਦੀ ਵਿਚ ਗਦਰ ਲਹਿਰ ਦੀ ਆਪਣੀ ਨਿਵੇਕਲੀ ਥਾਂ ਹੈ। ਇਸ ਲਹਿਰ ਦੇ ਸਿਰਲੱਥ ਸੂਰਮਿਆਂ, ਯੋਧਿਆਂ, ਦੇਸ਼ ਭਗਤਾਂ ਦੇ ਪਿੰਡ ਆਸਮਾਨ ‘ਤੇ ਚਮਕਦੇ ਸਿਤਾਰੇ ਹਨ। ਇਨ੍ਹਾਂ ਸਿਤਾਰਿਆਂ ‘ਚੋਂ ਧਰੂ ਤਾਰੇ ਵਾਂਗ ਚਮਕਦਾ ਨਾਂ ਪਿੰਡ ਖੁਰਦਪੁਰ ਦਾ ਹੈ। ਇਹ ਨਗਰ ਜਲੰਧਰ ਤੋਂ ਹੁਸ਼ਿਆਰਪੁਰ ਨਾਲ ਮਿਲਾਉਂਦੀ ਪੱਕੀ ਸੜਕ ਕਿਨਾਰੇ ਦੋਹਾਂ ਸ਼ਹਿਰਾਂ ਦੇ ਅੱਧ ਵਿਚਕਾਰ ਵਸਿਆ ਅਠਵਾਲ ਗੋਤ ਦੇ ਬਹਾਦਰ ਸਿਰੜੀ ਦੂਰ ਅੰਦੇਸ਼ ਮਿਹਨਤੀ ਤੇ ਕੌਮਪ੍ਰਸਤ ਜੱਟਾਂ ਦਾ ਹੈ। ਇਸ ਪਿੰਡ ਵਿਚ ਬੇਜ਼ਮੀਨੇ ਹੋਰ ਕਿੱਤੇ ਕਰਦੇ ਅਤੇ ਮਿਹਨਤ ਮਜ਼ਦੂਰੀ ਕਰਨ ਵਾਲੇ ਲੋਕ ਵੀ ਆਪਸ ਵਿਚ ਘੁਲ-ਮਿਲ ਕੇ ਰਹਿੰਦੇ ਹਨ। ਕਸਬਾ ਆਦਮਪੁਰ ਤੇ ਖੁਰਦਪੁਰ ਨੂੰ ਨਹਿਰ ਬਿਸਤ ਦੁਆਬ ਜੁਦਾ ਕਰਦੀ ਹੈ, ਵੈਸੇ ਆਦਮਪੁਰ ਵਾਲੇ ਪਾਸੇ ਰੇਲਵੇ ਸਟੇਸ਼ਨ ਦਾ ਨਾਂ ਖੁਰਦਪੁਰ ਹੈ। ਇਸੇ ਤਰ੍ਹਾਂ ਆਦਮਪੁਰ ਵਾਲੇ ਪਾਸੇ ਨਹਿਰ ਦੇ ਕਿਨਾਰੇ ਬਣੇ ਕੰਨਿਆ ਸੈਕੰਡਰੀ ਸਕੂਲ ਖੁਰਦਪੁਰ ਦਾ ਹੀ ਨਾਂ ਵੱਜਦਾ ਹੈ।
ਆਮ ਦੰਦ ਕਥਾਵਾਂ ਤੇ ਕੁਝ ਇਤਿਹਾਸਕਾਰਾਂ ਦਾ ਖਿਆਲ ਹੈ ਕਿ ਅਠਵਾਲ ਗੋਤ ਦੇ ਵਡਾਰੂ ਜਦੋਂ ਕਦੇ ਕਬੀਲੇ ਦੀ ਸ਼ਕਲ ਵਿਚ ਰਹਿੰਦੇ ਹੋਣਗੇ, ਊਠਾਂ ਦਾ ਵਪਾਰ ਕਰਦੇ ਹੋਣ ਕਰਕੇ ਪਹਿਲਾਂ ਕਬੀਲੇ ਨੂੰ ਊਠਵਾਲ ਜਾਂ ਉਠਵਾਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਰਿਹਾ ਹੋਵੇਗਾ। ਫਿਰ ਹੌਲੀ-ਹੌਲੀ ਸ਼ਬਦ ਬਣਤਰ ਅਧੀਨ ਉਠਵਾਲ ਸ਼ਬਦ ਅਠਵਾਲ ਵਿਚ ਬਦਲ ਗਿਆ ਹੋਵੇਗਾ। ਇਹ ਵੀ ਕਿਹਾ ਜਾਂਦਾ ਹੈ ਕਿ ਕੋਈ 25 ਕੁ ਪੀੜ੍ਹੀਆਂ ਪਹਿਲਾਂ ਇਹ ਕਬੀਲਾ ਜਲ ਸੋਮਿਆਂ ਤੇ ਚਰਾਗਾਹਾਂ ਦੀ ਭਾਲ ਵਿਚ ਇਧਰ ਦੋ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਦੋਆਬੇ ਵੱਲ ਆਇਆ ਹੋਵੇਗਾ। ਫਿਰ ਇਥੋਂ ਦੇ ਪੌਣ-ਪਾਣੀ, ਜ਼ਰਖੇਜ਼ ਧਰਤੀ ਤੇ ਖੁੱਲ੍ਹੇ-ਡੁੱਲ੍ਹੇ ਸਰਸਬਜ਼ ਚਰਾਗਾਹਾਂ ਦੇਖ ਕੇ ਪੱਕੇ ਤੌਰ ‘ਤੇ ਇਥੇ ਰਹਿਣ ਦਾ ਮਨ ਬਣਾ ਲਿਆ ਹੋਵੇਗਾ।
ਇਕ ਸਦੀ ਤੋਂ ਵੀ ਪਹਿਲਾਂ ਥੱਲੇ ਵਾਲੇ ਪਾਣੀ ਦੀ ਪੱਧਰ Ḕਤੇ ਹੀ ਹੋਣ ਕਰਕੇ ਕਈ ਥਾਂਈਂ ਪਾਣੀ ਉਚੇ ਤੋਂ ਥੱਲੇ ਵਾਲੇ ਪਾਸੇ ਆਮ ਵਗਦਾ ਰਹਿੰਦਾ ਹੋਣ ਕਰਕੇ ਇਸ ਖਿੱਤੇ ਨੂੰ ਸੀਰੋਵਾਲ ਵੀ ਕਿਹਾ ਜਾਂਦਾ ਸੀ। ਇਸ ਦੀ ਖਾਸ ਗੱਲ ਇਹ ਵੀ ਸੀ ਕਿ ਫਲਦਾਰ ਤੇ ਛਾਂਦਾਰ ਰੁਖ ਆਪ ਮੁਹਾਰੇ ਉਗ ਪੈਂਦੇ ਅਤੇ ਬੜੀ ਜਲਦੀ ਵੱਡੇ ਬਣ ਜਾਂਦੇ ਜੋ ਕੁਦਰਤ ਦੇ ਅਸੂਲਾਂ ਅਨੁਸਾਰ, ਵਾਤਾਵਰਨ ਤੇ ਹਵਾ ਨੂੰ ਸਾਫ-ਸੁਥਰਾ ਤੇ ਸ਼ੁਧ ਰੱਖਣ ਵਿਚ ਹਮੇਸ਼ਾ ਮਦਦਗਾਰ ਸਾਬਤ ਹੁੰਦੇ।
ਇਹ ਪਿੰਡ ਦੋ ਮੋਢੀ ਸਕੇ ਭਰਾਵਾਂ ਹਰੀਆ ਤੇ ਬੱਗਾ ਨੇ ਵਸਾਇਆ ਸੀ। ਬੱਗਾ ਬੇਔਲਾਦ ਹੀ ਮਰ ਗਿਆ ਅਤੇ ਹਰੀਏ ਦੇ ਸੱਤ ਪੁੱਤਰ ਹੋਏ ਜਿਨ੍ਹਾਂ ਦੇ ਨਾਂਵਾਂ ‘ਤੇ ਖੁਰਦਪੁਰ ਵਿਚ ਸੱਤ ਪੱਤੀਆਂ ਹਨ। ਪੰਜਾਬ ਵਿਚ ਅਠਵਾਲ ਗੋਤ ਦੇ ਕਈ ਪਿੰਡ ਹਨ; ਜਿਵੇਂ ਫਗਵਾੜਾ ਨੇੜੇ ਪਿੰਡ ਸਿੰਧਵਾਂ ਅਤੇ ਫਰਾਲਾ। ਅਠਵਾਲ ਗੋਤ ਪਾਕਿਸਤਾਨ ਵਿਚ ਵੀ ਬਹੁਤ ਹੈ। ਹੋ ਸਕਦਾ ਹੈ, ਕਈ ਸਦੀਆਂ ਪਹਿਲਾਂ ਧਰਮ ਬਦਲ ਗਏ ਹੋਣ। ਪਿੰਡ ਵਿਚ ਸਿੱਖ ਮਿਸਲਾਂ ਵੇਲੇ ਕੱਚੀ ਗੜ੍ਹੀ ਦੇ ਨਿਸ਼ਾਨ ਵੀ ਮਿਲਦੇ ਹਨ। ਕਸਬਾ ਆਦਮਪੁਰ ਅਤੇ ਅਲਾਵਲਪੁਰ, ਜੋ ਖੁਰਦਪੁਰ ਦੇ ਲਹਿੰਦੇ ਪਾਸੇ ਹਨ, ਦੋ ਸਕੇ ਪਠਾਣ ਭਰਾਵਾਂ-ਆਦਮ ਖਾਂ ਅਤੇ ਅਲਾਵਲ ਖਾਂ ਨੇ ਵਸਾਏ ਸਨ। ਇਨ੍ਹਾਂ ਪਿੰਡਾਂ ਦੇ ਇਰਦ-ਗਿਰਦ ਮੁਸਲਿਮ ਆਬਾਦੀ ਕਾਫੀ ਸੀ। ਹੋ ਸਕਦਾ ਹੈ, ਜੰਗ ਦੇ ਖਤਰੇ ਨੂੰ ਧਿਆਨ ਵਿਚ ਰੱਖਦਿਆਂ ਇਹ ਗੜ੍ਹੀ ਕਦੀ ਹਥਿਆਰ ਵਗੈਰਾ ਰੱਖਣ ਲਈ ਬਣਾਈ ਹੋਵੇ।
ਜਦੋਂ ਹਿੰਦੋਸਤਾਨ ਵਿਚ ਸਨਾਤਨੀ, ਅੰਧ-ਵਿਸ਼ਵਾਸੀ ਸੋਚ ਆਪਣੇ ਪੂਰੇ ਜੋਬਨ ‘ਤੇ ਸੀ ਤਾਂ ਆਰੀਆ ਸਮਾਜੀ ਲਹਿਰ ਦਾ ਜਨਮ ਹੋਇਆ ਜੋ ਅਗਾਂਹ ਵਧੂ ਵਿਚਾਰਾਂ ਦੀ ਧਾਰਨੀ ਸੀ। ਇਸ ਵਿਚ ਥੋੜ੍ਹਾ ਬਹੁਤ ਵਿਗਿਆਨਕ ਨਜ਼ਰੀਏ ਦੀ ਝਲਕ ਵੀ ਪੈਂਦੀ ਸੀ। ਇਸ ਦੇ ਨਾਲ ਹੀ ਸਿੰਘ ਸਭਾ ਲਹਿਰ ਵੀ ਵਜੂਦ ਵਿਚ ਆਈ। ਪੰਜਾਬ ਵਿਚ ਇਸ ਲਹਿਰ ਦੇ ਆਗੂ ਗਿਆਨੀ ਗੁਰਦਿੱਤ ਸਿੰਘ ਸਨ ਜੋ ਅਕਸਰ ਖੁਰਦਪੁਰ ਆਉਂਦੇ-ਜਾਂਦੇ ਸਨ। ਉਨ੍ਹਾਂ ਨੇ ਪਿੰਡ ਦੇ ਚੰਦ ਇਕ ਮੋਹਰੀ ਆਗੂਆਂ ਨਾਲ ਲੜਕੀਆਂ ਦੀ ਪੜ੍ਹਾਈ ਸਮੇਂ ਦੀ ਲੋੜ ਦੱਸ ਕੇ ਸਕੂਲ ਖੋਲ੍ਹਣ ‘ਤੇ ਜ਼ੋਰ ਦਿੱਤਾ। ਮੁੰਡਿਆਂ ਦਾ ਸਰਕਾਰੀ ਮਿਡਲ ਸਕੂਲ ਆਦਮਪੁਰ ਵਿਚ ਪੱਕੀ ਸੜਕ ਕਿਨਾਰੇ ਖੁੱਲ੍ਹ ਚੁੱਕਾ ਸੀ। ਗਿਆਨੀ ਗੁਰਦਿੱਤ ਸਿੰਘ ਦੇ ਕਹਿਣ ‘ਤੇ ਪਿੰਡ ਵਾਲਿਆਂ ਪਹਿਲਾਂ ਸਰਦਾਰ ਵਰਿਆਮ ਸਿੰਘ ਦੇ ਘਰ ਲੜਕੀਆਂ ਦਾ ਸਕੂਲ ਚਾਲੂ ਕੀਤਾ। ਇਲਾਕੇ ਦੇ ਲੋਕਾਂ ਨੇ ਲੜਕੀਆਂ ਨੂੰ ਦਾਖਲ ਕਰਾਉਣਾ ਸ਼ੁਰੂ ਕਰ ਦਿੱਤਾ। ਮਗਰੋਂ ਲੋੜ ਮਹਿਸੂਸ ਕਰਦਿਆਂ ਪਿੰਡ ਵਾਲਿਆਂ ਨੇ ਆਦਮਪੁਰ ਵਾਲੇ ਪਾਸੇ ਪੱਕੀ ਸੜਕ ਕਿਨਾਰੇ ਕੁਝ ਕਮਰੇ ਬਣਾ ਕੇ ਕੰਨਿਆ ਸਕੂਲ ਚਾਲੂ ਕੀਤਾ।
ਪਿੰਡ ਦੇ ਵਸਨੀਕ ਸ਼ ਬੁੱਧ ਸਿੰਘ ਅਠਵਾਲ ਚੰਗੇ ਖਾਦੇ-ਪੀਂਦੇ ਪਰਿਵਾਰ ‘ਚੋਂ ਸਨ ਅਤੇ ਸਫਲ ਕਿਸਾਨ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਦੇ ਘਰ 15 ਸਤੰਬਰ 1882 ਨੂੰ ਸ਼ੁਕਰਵਾਰ ਵਾਲੇ ਦਿਨ ਬੱਚੇ ਨੇ ਜਨਮ ਲਿਆ ਜਿਸ ਦਾ ਨਾਂ ਬਲਵੰਤ ਸਿੰਘ ਰੱਖਿਆ ਗਿਆ। ਬਲਵੰਤ ਸਿੰਘ ਆਦਮਪੁਰ ਵਾਲੇ ਸਰਕਾਰੀ ਮਿਡਲ ਸਕੂਲ ਤੋਂ ਅੱਠ ਜਮਾਤਾਂ ਪਾਸ ਕਰਕੇ ਫੌਜ ਵਿਚ ਭਰਤੀ ਹੋ ਗਿਆ। ਉਸ ਦੀ ਸ਼ਾਦੀ ਨੂਰਪੁਰ ਪਿੰਡ ਦੀ ਬੀਬੀ ਕਰਤਾਰ ਕੌਰ ਨਾਲ ਹੋਈ। ਬਲਵੰਤ ਸਿੰਘ ਨੇ 1905 ਵਿਚ ਫੌਜ ਦੀ ਨੌਕਰੀ ਛੱਡ ਦਿੱਤੀ ਅਤੇ 1906 ਵਿਚ ਕਲਕੱਤੇ ਦੀ ਬੰਦਰਗਾਹ ਤੋਂ ਸਮੁੰਦਰੀ ਜਹਾਜ਼ ਵਿਚ ਸਵਾਰ ਹੋ ਵੈਨਕੂਵਰ (ਕੈਨੇਡਾ) ਪਹੁੰਚ ਗਿਆ। ਉਸ ਨੇ ਪਹਿਲਾਂ ਲੱਕੜ ਮਿਲ ਵਿਚ ਸਖਤ ਕੰਮ ਕੀਤਾ। ਕੈਨੇਡਾ ਦੇ ਸੂਬੇ ਹਾਂਡਰਸ ਦਾ ਪੌਣ-ਪਾਣੀ ਅਤੇ ਰਹਿਣ-ਸਹਿਣ ਮਨੁੱਖ ਜਾਤੀ ਦੇ ਅਨੁਕੂਲ ਨਹੀਂ ਸੀ ਪਰ ਸਰਕਾਰ ਸੂਬੇ ਨੂੰ ਆਬਾਦ ਕਰਨਾ ਚਾਹੁੰਦੀ ਸੀ ਅਤੇ ਪਰਵਾਸੀ ਪੰਜਾਬੀਆਂ ਨੂੰ ਜ਼ਬਰਦਸਤੀ ਹਾਂਡਰਸ ਭੇਜ ਰਹੀ ਸੀ।
ਬਲਵੰਤ ਸਿੰਘ ਨੇ ਇਸ ਫੈਸਲੇ ਖਿਲਾਫ ਲੜਾਈ ਲੜੀ ਅਤੇ ਕਾਮਯਾਬੀ ਹਾਸਲ ਕੀਤੀ। ਫਿਰ ਕੈਨੇਡਾ ਰਹਿੰਦੇ ਹਿੰਦੋਸਤਾਨੀਆਂ ਤੇ ਪੰਜਾਬੀਆਂ ਦੇ ਪਰਿਵਾਰ ਮੰਗਵਾਉਣ ਲਈ 1908-1909 ਵਿਚ ਸਰਕਾਰ ਦੇ ਇਮੀਗਰੇਸ਼ਨ ਮਹਿਕਮੇ ਨਾਲ ਕਾਨੂੰਨੀ ਲੜਾਈ ਲੜ ਕੇ ਪਰਿਵਾਰ ਮੰਗਵਾਉਣ ਵਿਚ ਕਾਮਯਾਬੀ ਹਾਸਲ ਕੀਤੀ ਅਤੇ ਕਾਨੂੰਨ ਬਣਵਾਇਆ।
1913 ਵਿਚ ਬਲਵੰਤ ਸਿੰਘ ਪੰਜਾਬ ਆਏ ਅਤੇ ਕੌਮੀ ਆਗੂਆਂ ਨਾਲ ਵੱਖ-ਵੱਖ ਸ਼ਹਿਰਾਂ ਵਿਚ ਇਕੱਠ ਕਰਕੇ ਭਾਸ਼ਨ ਦਿੱਤੇ ਕਿ ਕੈਨੇਡਾ ਵੀ ਬਰਤਾਨੀਆ ਸਰਕਾਰ ਦੇ ਅਧੀਨ ਹੋਣ ਕਰਕੇ ਇਥੇ ਹਿੰਦੋਸਤਾਨ ਤੇ ਉਥੇ ਕੈਨੇਡਾ ਵਿਚ ਹਿੰਦੋਸਤਾਨੀਆਂ, ਪੰਜਾਬੀਆਂ ਨਾਲ ਵਿਤਕਰਾ ਕੀਤਾ ਜਾਂਦਾ ਹੈ, ਇਸ ਲਈ ਸਾਨੂੰ ਹਿੰਮਤ ਤੇ ਦਲੇਰੀ ਨਾਲ ਇਕੱਠਿਆਂ ਹੋ ਆਪਣੇ ਹੱਕਾਂ ਲਈ ਲੜਾਈ ਜਾਰੀ ਰੱਖਣੀ ਚਾਹੀਦੀ ਹੈ। 1914 ਵਿਚ ਉਨ੍ਹਾਂ ਕਾਮਾਗਾਟਾ ਮਾਰੂ ਯੋਜਨਾ ਬਾਰੇ ਵਿਸ਼ੇਸ਼ ਵਿਅਕਤੀਆਂ ਨਾਲ ਸਲਾਹ-ਮਸ਼ਵਰਾ ਕਰਕੇ ਗੁਰਦਿੱਤ ਸਿੰਘ ਸਰਹਾਲੀ ਨੂੰ ਪ੍ਰੇਰਿਆ ਤੇ ਰਜ਼ਾਮੰਦ ਕਰ ਲਿਆ। ਉਦੋਂ ਅਜੇ ਕਾਮਾਗਾਟਾ ਮਾਰੂ ਜਹਾਜ਼ ਕੈਨੇਡਾ ਦੇ ਪਾਣੀਆਂ ਵਿਚ ਸੀ। ਇਉਂ ਉਹ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫਰਾਂ ਨੂੰ ਕੈਨੇਡਾ ਦੀ ਧਰਤੀ ‘ਤੇ ਉਤਰਨ ਦੀ ਇਜਾਜ਼ਤ ਲਈ ਸਰਕਾਰ ਦੇ ਇਮੀਗਰੇਸ਼ਨ ਮਹਿਕਮੇ ਨਾਲ ਕਾਨੂੰਨੀ ਲੜਾਈ ਲੜਨ ਵਾਲੇ ਮੋਹਰੀਆਂ ‘ਚੋਂ ਸਨ।
ਅਮਰੀਕਾ ਦੀ ਧਰਤੀ ‘ਤੇ ਪਰਵਾਸੀ ਹਿੰਦੋਸਤਾਨੀਆਂ ਵਿਚ ਵੱਡੀ ਗਿਣਤੀ ਪੰਜਾਬੀਆਂ ਦੀ ਸੀ। ਉਨ੍ਹਾਂ ਨੇ ਬ੍ਰਿਟਿਸ਼ ਸਰਕਾਰ ਤੋਂ ਹਿੰਦੋਸਤਾਨ ਨੂੰ ਹਥਿਆਰਬੰਦ ਘੋਲ ਰਾਹੀਂ ਆਜ਼ਾਦ ਕਰਵਾਉਣ ਦੇ ਮਕਸਦ ਨਾਲ 1913-14 ਵਿਚ ਗਦਰ ਪਾਰਟੀ ਬਣਾਈ। ਅਮਰੀਕਾ ਵਿਚ ਤਾਂ ਕੀ, ਜਿਨ੍ਹਾਂ ਜਿਨ੍ਹਾਂ ਮੁਲਕਾਂ ਵਿਚ ਪਰਵਾਸੀ ਕਾਮੇ ਕੰਮ ਕਰਦੇ ਸਨ, ਉਥੇ ਗਦਰ ਪਾਰਟੀ ਦੀਆਂ ਸ਼ਾਖਾਵਾਂ ਬਣਾ ਲਈਆਂ। ਇਸ ਤਰ੍ਹਾਂ ਇਹ ਪਰਵਾਸੀ ਕਾਮੇ ਗਦਰ ਪਾਰਟੀ ਦੇ ਸਰਗਰਮ ਮੈਂਬਰ ਬਣਦੇ ਗਏ। ਗਦਰ ਪਰਟੀ ਵਲੋਂ ਕੱਢੀ ਜਾਂਦੀ ਹਫਤਾਵਾਰੀ ਅਖਬਾਰ ‘ਗਦਰ’ ਬੜੇ ਜੋਸ਼ ਨਾਲ ਪੜ੍ਹਦੇ-ਸੁਣਦੇ। ਬਲਵੰਤ ਸਿੰਘ ਕੈਨੇਡਾ ਵਿਚ ਗਦਰ ਪਾਰਟੀ ਦੀ ਸ਼ਾਖ ਦੇ ਮੁੱਖ ਆਗੂਆਂ ਵਜੋਂ ਜਾਣੇ ਜਾਣ ਲੱਗੇ। ਖੁਰਦਪੁਰ ਦਾ ਇਕ ਹੋਰ ਵਸਨੀਕ ਰੰਗਾ ਸਿੰਘ ਵੀ ਕੈਨੇਡਾ ਵਿਚ ਪਾਰਟੀ ਦਾ ਸਰਗਰਮ ਮੈਂਬਰ ਬਣ ਗਿਆ।
ਗਦਰ ਪਾਰਟੀ ਦੇ ਆਉਣ ਵਾਲੇ ਪ੍ਰੋਗਰਾਮ ਨੂੰ ਭਾਂਪਦਿਆਂ ਬਲਵੰਤ ਸਿੰਘ ਨੇ ਆਪਣਾ ਪਰਿਵਾਰ ਭਾਈ ਵਤਨ ਸਿੰਘ ਸਾਰੀ ਨਾਲ ਖੁਰਦਪੁਰ ਭੇਜ ਦਿੱਤਾ। ਗਦਰ ਪਾਰਟੀ ਨੇ ਹਿੰਦੋਸਤਾਨ ਨੂੰ ਬ੍ਰਿਟਿਸ਼ ਸਰਕਾਰ ਤੋਂ ਆਜ਼ਾਦ ਕਰਵਾਉਣ ਲਈ ਪਾਰਟੀ ਦੇ ਕਾਰਕੁਨਾਂ ਨੂੰ ਵਤਨ ਪਹੁੰਚਣ ਦਾ ਸੱਦਾ ਦਿੱਤਾ ਤਾਂ ਬਲਵੰਤ ਸਿੰਘ ਠਾਕੁਰ ਸਿੰਘ ਨਾਲ ਸਿਆਮ ਹੁੰਦੇ ਹੋਏ ਬੈਂਕਾਕ ਪਹੁੰਚ ਗਏ। ਉਥੇ ਭਾਈ ਬਲਵੰਤ ਸਿੰਘ ਨੂੰ ਬਵਾਸੀਰ ਦੀ ਬਿਮਾਰੀ ਦਾ ਦਬਾਅ ਇੰਨਾ ਵਧ ਗਿਆ ਕਿ ਬੈਂਕਾਕ ਦੇ ਹਸਪਤਾਲ ਦਾਖਲ ਹੋਣਾ ਪਿਆ ਜਿਸ ਦਾ ਸਰਕਾਰ ਨੂੰ ਆਪਣੇ ਸੂਹੀਆਂ ਰਾਹੀਂ ਪਤਾ ਲਗ ਗਿਆ। ਉਸ ਨੂੰ ਗ੍ਰਿਫਤਾਰ ਕਰਕੇ ਲਾਹੌਰ ਸੈਂਟਰਲ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ।
ਦੂਜੇ ਬੰਨੇ ਰੰਗਾ ਸਿੰਘ ਗੁਪਤ ਤਰੀਕੇ ਨਾਲ ਪੰਜਾਬ ਪਹੁੰਚਣ ਵਿਚ ਕਾਮਯਾਬ ਹੋ ਗਿਆ ਅਤੇ ਗਦਰ ਪਾਰਟੀ ਵਿਚ ਸਰਗਰਮ ਹਿੱਸਾ ਲੈਣ ਲੱਗਾ। ਗਦਰ ਪਾਰਟੀ ਦੇ ਕਾਰਕੁਨਾਂ ਨੇ ਹਥਿਆਰਾਂ ਦੀ ਲੋੜ ਪੂਰੀ ਕਰਨ ਲਈ ਸਰਕਾਰੀ ਹਥਿਆਰ ਖੋਹਣ ਦਾ ਪ੍ਰੋਗਰਾਮ ਬਣਾਇਆ। ਪਤਾ ਕੀਤਾ ਕਿ ਪੁਲਿਸ ਵਾਲੇ ਨਹਿਰ ਦੇ ਪੁਲ ‘ਤੇ ਨਾਕਾ ਲਾਉਂਦੇ ਹਨ, ਉਨ੍ਹਾਂ ਪਾਸੋਂ ਹਥਿਆਰ ਖੋਹੇ ਜਾਣ। ਰੰਗਾ ਸਿੰਘ ਖੁਰਦਪੁਰ, ਬੰਤਾ ਸਿੰਘ ਸੁੰਗਵਾਲ ਤੇ ਕੁਝ ਹੋਰ ਗਦਰੀ ਪ੍ਰੋਗਰਾਮ ਅਨੁਸਾਰ ਨਾਕੇ ਵਾਲੀ ਜਗ੍ਹਾ ‘ਤੇ ਗਏ। ਉਥੇ ਅਗਾਂਹ ਪੁਲਿਸ ਨਾਲ ਝੜਪ ਹੋ ਗਈ ਅਤੇ ਕਾਂਸਟੇਬਲ ਮਾਰਿਆ ਗਿਆ। ਕੁਝ ਹਥਿਆਰ ਇਨ੍ਹਾਂ ਦੇ ਹੱਥ ਲੱਗੇ ਪਰ ਮੁਖਬਰ ਦੀ ਇਤਲਾਹ ‘ਤੇ ਗਦਰੀ ਸੂਰਮਾ ਰੰਗਾ ਸਿੰਘ ਪੁਲਿਸ ਦੀ ਗ੍ਰਿਫਤ ਵਿਚ ਆ ਗਿਆ ਅਤੇ ਉਸ ਨੂੰ ਲਾਹੌਰ ਸੈਂਟਰਲ ਜੇਲ੍ਹ ਭੇਜ ਦਿੱਤਾ ਗਿਆ। ਉਥੇ ਉਸ ਉਤੇ ਮੁਕੱਦਮਾ ਚੱਲਿਆ ਅਤੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਇਉਂ ਉਹ 18 ਜੂਨ 1916 ਨੂੰ ਆਜ਼ਾਦੀ ਦੀ ਦੇਵੀ ਤੋਂ ਆਪਣੀ ਕੀਮਤੀ ਜ਼ਿੰਦਗੀ ਵਾਰ ਗਿਆ। ਲਾਹੌਰ ਸਾਜ਼ਿਸ਼ ਕੇਸ ਤਹਿਤ ਮੁਕੱਦਮਾ ਚੱਲਿਆ ਅਤੇ ਗਦਰੀ ਬਲਵੰਤ ਸਿੰਘ ਵਾਸੀ ਖੁਰਦਪੁਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। 29 ਮਾਰਚ 1917 ਨੂੰ ਇਸ ਗਦਰੀ ਸੂਰਮੇ ਨੇ ਆਜ਼ਾਦੀ ਲਈ ਆਪਣੀ ਜਾਨ ਵਾਰ ਦਿੱਤੀ।
ਗਦਰੀ ਯੋਧਿਆਂ ਦੇ ਪਿੰਡ ਖੁਰਦਪੁਰ ਵਿਚ ਦੇਸ਼ ਭਗਤ ਵੇਲੇ-ਕੁਵੇਲੇ ਪਨਾਹ ਲੈਣ ਆਉਂਦੇ-ਜਾਂਦੇ ਰਹਿੰਦੇ ਸਨ। ਇਥੇ ਹੀ ਬਸ ਨਹੀਂ, ਇਹ ਪਿੰਡ ਬੱਬਰ ਅਕਾਲੀਆਂ ਦਾ ਵੀ ਗੜ੍ਹ ਸੀ। ਗੁਰਦੁਆਰਾ ਸੁਧਾਰ ਲਹਿਰ ਵੇਲੇ ਵੀ ਅਤੇ ਅਕਾਲੀਆਂ ਦੇ ਮੋਰਚਿਆਂ ਸਮੇਂ ਵੀ ਪਿੰਡ ਵਾਲੇ ਹਰ ਮੋਰਚੇ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੇ। ਬੱਬਰ ਅਕਾਲੀਆਂ ਦਾ ਤਾਂ ਇਹ ਭਰੋਸੇਯੋਗ ਅੱਡਾ ਸੀ। ਇਥੋਂ ਦਾ ਜੋਗਿੰਦਰ ਸਿੰਘ ਅਠਵਾਲ ਬੱਬਰਾਂ ਦਾ ਸਿੱਕੇਬੰਦ ਮਦਦਗਾਰ ਸੀ। ਉਹ ਤਿੰਨ ਸਾਲ ਜੇਲ੍ਹ ਵੀ ਕੱਟ ਕੇ ਆਇਆ ਸੀ।
ਪਿੰਡ ਖੁਰਦਪੁਰ ਦੇ ਯੋਧਿਆਂ ਦੀਆਂ ਕੁਰਬਾਨੀਆਂ ‘ਤੇ ਪਿੰਡ ਤਾਂ ਕੀ, ਦੂਸਰੇ ਪਿੰਡਾਂ ਵਾਲੇ ਵੀ ਮਾਣ ਮਹਿਸੂਸ ਕਰਦੇ ਸਨ। ਇਸੇ ਕਰਕੇ ਜੇ ਕੋਈ ਦੇਸ਼ ਭਗਤ ਪਿੰਡ ਖੁਰਦਪੁਰ ‘ਚੋਂ ਲੰਘਦਾ ਸੀ, ਤਾਂ ਆਪਣੇ ਸਾਈਕਲ ਤੋਂ ਉਤਰ ਕੇ ਚੰਦ ਮਿੰਟ ਖਾਮੋਸ਼ ਰਹਿ ਕੇ ਸ਼ਰਧਾਂਜਲੀ ਭੇਟ ਕਰਕੇ ਹੀ ਅੱਗੇ ਜਾਂਦਾ ਸੀ। ਇਸ ਗੱਲ ਦੀ ਇਲਾਕੇ ਵਿਚ ਬਹੁਤ ਚਰਚਾ ਸੀ। ਬਬਰ ਅਕਾਲੀ ਲਹਿਰ ਦੇ ਸਿਰਕੱਢ ਆਗੂ ਮਾਸਟਰ ਮੋਤਾ ਸਿੰਘ ਜੀ ਦੇ ਵਿਸ਼ਵਾਸ ਪਾਤਰ ਤੇ ਨਜ਼ਦੀਕੀ ਦੋਸਤ ਸ਼ ਠਾਕੁਰ ਸਿੰਘ ਜੀ ਭੁਰਜੋਵਾਲ ਵਾਲੇ ਚੰਗੇ ਉਸਾਰੂ ਸੋਚ ਵਾਲੇ ਜ਼ਿਮੀਦਾਰ ਸਨ। ਉਨ੍ਹਾਂ ਆਪਣੇ ਨਾਂ ਅਲਾਟ ਜ਼ਮੀਨ ਵਿਚੋਂ ਸਕੂਲ ਦੇ ਗੁਜ਼ਾਰੇ ਤੇ ਗਰਾਊਂਡ ਵਗੈਰਾ ਬਣਾਉਣ ਜੋਗੀ ਥਾਂ ਸ਼ਹੀਦਾਂ ਦੇ ਨਾਂ ਦਾਨ ਕਰ ਦਿਤੀ। ਫਿਰ ਇਸ ਸਕੂਲ ਦਾ ਨਾਂ ਸ਼ਹੀਦ ਬਲਵੰਤ ਸਿੰਘ, ਰੰਗਾ ਸਿੰਘ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਖੁਰਦਪੁਰ ਹੋ ਗਿਆ।
ਫਿਰ ਪਿੰਡ ਵਾਸੀ ਸ਼ ਲਛਮਣ ਸਿੰਘ ਅਠਵਾਲ ਕੈਨੇਡੀਅਨ ਦੇ ਉਪਰਾਲੇ ਸਦਕਾ ਕੈਨੇਡਾ ਤੋਂ ਮਾਲੀ ਇਮਦਾਦ ਸਕੂਲ ਵਾਸਤੇ ਆਉਂਦੀ ਰਹੀ ਤੇ ਨਾਲ-ਨਾਲ ਸ਼ਾਨਦਾਰ ਬਿਲਡਿੰਗ ਤਿਆਰ ਹੁੰਦੀ ਰਹੀ। ਸਕੂਲ ਦੀ ਪਹਿਲੀ ਹੈਡਮਿਸਟ੍ਰੈਸ ਬੀਬੀ ਗੁਰਮੀਤ ਕੌਰ ਸਨ ਜਿਨ੍ਹਾਂ ਦੀ ਮਿਹਨਤ, ਲਗਨ ਤੇ ਅਨੁਸ਼ਾਸਨ ਸਦਕਾ ਬੱਚੀਆਂ ਸਕੂਲ ਵਿਚ ਦਾਖਲ ਹੋਣ ਅਤੇ ਪੜ੍ਹਾਈ ਵਿਚ ਮੱਲਾਂ ਮਾਰਨ ਲੱਗੀਆਂ। ਮੁੱਖ ਮੰਤਰੀ ਸ਼ ਪ੍ਰਤਾਪ ਸਿਘ ਕੈਰੋਂ ਅਤੇ ਉਘੇ ਅਫਸਰ ਸ਼ ਮਹਿੰਦਰ ਸਿੰਘ ਰੰਧਾਵਾ ਦੇ ਵਿਸ਼ੇਸ਼ ਧਿਆਨ ਦੇਣ ਕਰਕੇ ਸਕੂਲ ਬੁਲੰਦੀਆਂ ਛੋਹਣ ਲੱਗਾ।
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਠੰਢੇ ਮੌਸਮ ਵਿਚ ਵੀ ਸਾਡੇ ਪਰਵਾਸੀ ਪੰਜਾਬੀ ਸਿੰਘ ਅਤੇ ਹੋਰ ਬਜ਼ੁਰਗਾਂ ਨੂੰ ਮੁਸ਼ਕਿਲਾਂ ਆਈਆਂ ਪਰ ਉਨ੍ਹਾਂ ਬੇਅੰਤ ਦੁਸ਼ਵਾਰੀਆਂ ਦੇ ਬਾਵਜੂਦ ਖਿੜੇ ਮੱਥੇ ਆਪਣੇ ਹੱਕਾਂ ਖਾਤਰ ਜਿਥੇ ਕਾਨੂੰਨੀ ਲੜਾਈਆਂ ਲੜੀਆਂ। ਸਖਤ ਤੋਂ ਸਖਤ ਕੰਮ ਵੀ ਕੀਤੇ। ਸੂਬੇ ਦੇ ਸਮਾਜਿਕ, ਆਰਥਿਕ ਤੇ ਸਿਆਸੀ ਖੇਤਰਾਂ ਵਿਚ ਵਡਮੁੱਲਾ ਯੋਗਦਾਨ ਪਾਇਆ। ਅਸਲ ਵਿਚ ਇਨ੍ਹਾਂ ਦੀ ਸੋਚ ਬਹੁਤ ਅੱਗੇ ਸੀ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਆਜ਼ਾਦੀ ਦਾ ਅਨੰਦ ਲੈ ਸਕਣ। ਇਨ੍ਹਾਂ ਸੂਰਮਿਆਂ ਦੀ ਪੇਸ਼ੀਨਗੋਈ ਸੌ ਫੀਸਦੀ ਸਹੀ ਸਾਬਤ ਹੋਈ ਅਤੇ ਅੱਜ ਕੈਨੇਡਾ ਵਿਚ ਸਾਡੇ ਲੋਕ ਸਰਕਾਰ ਵਿਚ ਭਾਈਵਾਲ ਹਨ।
ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਅਤੇ ਬੁਰਾਈ ਦੀ ਜੜ੍ਹ ਉਖੇੜਨ, ਸਾਂਝੀਵਾਲਤਾ ਤੇ ਸਮਾਜਿਕ ਬਰਾਬਰੀ ਵਾਲਾ ਸਮਾਜ ਸਿਰਜਣ ਲਈ ਆਪਣਾ ਸਾਰਾ ਸਰਬੰਸ ਕੁਰਬਾਨ ਕਰ ਦਿੱਤਾ। ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਦਾ ਇਸ ਪਿੰਡ ‘ਤੇ ਅਸਰ ਹੋਇਆ ਲਗਦਾ ਹੈ। ਖੁਰਦਪੁਰ ਵਾਸੀ ਭਾਈ ਬਲਵੰਤ ਸਿੰਘ, ਭਾਈ ਰੰਗਾ ਸਿਘ ਅਤੇ ਹੋਰ ਬਹੁਤ ਸਾਰੇ ਦੇਸ਼ ਭਗਤ, ਸੂਰਮੇ, ਗਦਰੀ ਗੁਰੂ ਸਾਹਿਬਾਨ ਦੇ ਪਾਏ ਪੂਰਨਿਆਂ ‘ਤੇ ਚੱਲੇ ਅਤੇ ਦੇਸ਼ ਖਾਤਰ ਨਿਸ਼ਕਾਮ ਸੇਵਾ ਕਰਦਿਆਂ ਸ਼ਹਾਦਤਾਂ ਦੇ ਜਾਮ ਹੱਸ-ਹੱਸ ਪੀਤੇ। ਗਦਰੀ ਬਾਬਿਆਂ ਦੀ ਯਾਦ ਵਿਚ ਜਲੰਧਰ ਵਿਚ ਉਸਾਰੇ ਦੇਸ਼ ਭਗਤ ਯਾਦਗਾਰ ਹਾਲ ਵਿਚ ਹਰ ਸਾਲ ਗਦਰੀ ਸ਼ਹੀਦਾਂ ਦੀ ਯਾਦ ਵਿਚ ਸਭਿਆਚਾਰਕ ਮੇਲਾ ਲਗਦਾ ਹੈ। ਇਕ ਸਾਲ ਦੇਸ਼ ਭਗਤ ਯਾਦਗਾਰ ਹਾਲ ਦੀ ਕਮੇਟੀ ਨੇ ਇਹ ਮੇਲਾ ਖੁਰਦਪੁਰ ਦੇ ਸ਼ਹੀਦਾਂ ਨੂੰ ਸਮਰਪਿਤ ਕਰਕੇ ਮਨਾਇਆ ਅਤੇ ਖੁਰਦਪੁਰ ਦੀ ਉਸ ਵੇਲੇ ਵਾਲੀ ਪੰਚਾਇਤ ਨੂੰ ਸਨਮਾਨਤ ਵੀ ਕੀਤਾ ਗਿਆ। ਖੁਰਦਪੁਰ ਦੇ ਸਮੂਹ ਸ਼ਹੀਦਾਂ ਅਤੇ ਜੁਝਾਰੂਆਂ ਦੀਆਂ ਕੁਰਬਾਨੀਆਂ ਅੱਗੇ ਸਭ ਦਾ ਸਿਰ ਝੁਕਦਾ ਹੈ।