ਹਰਜਿੰਦਰ ਦੋਸਾਂਝ
ਅਮਿਤ ਸ਼ਾਹ ਦੇ ਬਿਆਨ ਤੋਂ ਖਿਲਰਦਾ ਪੰਜਾਬੀ ਬੋਲੀ ਦਾ ਮਾਮਲਾ ਪੰਜਾਬ ਦੇ ਵਿਹੜੇ ਆ ਵੜਿਆ। ਮਾਮਲਾ ਖਿੱਤੇ ਦੀ ਬੋਲੀ ਤੋਂ ਵੱਧ ਨਿੱਜੀ ਹਿੱਤਾਂ ਦੀ ਪੂਰਤੀ ਦਾ ਸਾਧਨ ਬਣ ਗਿਆ ਜਾਂ ਬਣ ਰਿਹਾ ਹੈ। ਪੰਜਾਬੀ ਕਲਾਕਾਰ ਨਿੱਜੀ ਹਿੱਤਾਂ ਦੀ ਪੂਰਤੀ ਲਈ ਜੁਬਾਨ ਨੂੰ ਆਧਾਰ ਬਣਾ ਭੁਗਤ ਰਹੇ ਨੇ। ਜਿਸ ਕਲਾਕਾਰ ਦੀ ਕਲਾਕਾਰੀ ਦਾ ਆਧਾਰ ਜਿੰਨਾ ਮੋਕਲਾ, ਉਨਾ ਹੀ ਉਹ ਪੰਜਾਬੀ ਤੇ ਪੰਜਾਬੀਅਤ ਦੇ ਹੱਕ ‘ਚ ਠੰਡੇ ਰੁਖ ਭੁਗਤਦਾ।
ਧਰਮਿੰਦਰ ਵਰਗੇ ਕਲਾਕਾਰ ਨੂੰ ਵੀ ਪੰਜਾਬ ਆ ਕੇ ਕਹਿਣਾ ਪੈਂਦਾ ਕਿ ਪੰਜਾਬ ਮੇਰੀ ਮਾਂ ਦੀ ਬੁੱਕਲ ਹੈ, ਪਰ ਮਹਾਂਰਾਸ਼ਟਰ ਵੀ ਕਰਮ ਭੂਮੀ ਮਾਂ ਹੈ। ਉਹੀ ਕੁਝ ਗੁਰਦਾਸ ਕਹਿ ਰਿਹਾ। ਖੈਰ! ਪੰਮੀ ਬਾਈ ਦੱਬਵੇਂ ਪੈਰੀਂ ਗੁਰਦਾਸ ਦਾ ਵਿਰੋਧ ਕਰ ਰਿਹਾ। ਮਾਨ ਨੂੰ ਮਾਣ ਵੀ ਦੇ ਰਿਹਾ ਤੇ ਰੋਸ ਵੀ ਕਰ ਰਿਹਾ। ਗੱਲ ਕਲਾਕਾਰਾਂ ਦਾ ਰਾਜਸੀ ਪਿਛੋਕੜ ਤੇ ਨਿੱਜੀ ਹਿੱਤ ਪਛਾਣਨ ਦੀ ਹੈ। ਪੰਮੀ ਬਾਈ ਦਾ ਪਿਛੋਕੜ ਖੱਬੇ ਪੱਖੀ ਵਿਚਾਰਧਾਰਾ ਵਾਲਾ ਹੈ। ਉਸ ਦਾ ਪਿਉ ਭਾਰਤੀ ਕਮਿਉਨਿਸਟ ਪਾਰਟੀ ਦਾ ਕੁੱਲ ਵਰਤੀ ਕਾਰਕੁਨ ਸੀ ਤੇ ਉਹ ਕਾਲੇ ਦੌਰ ‘ਚ ਕਾਲੀਆਂ ਤਾਕਤਾਂ ਹੱਥੋਂ ਕਤਲ ਹੋ ਗਿਆ। ਗੁਰਦਾਸ ਮਾਨ ਦਾ ਪਿਉ ਕਾਂਗਰਸੀ ਨੇਤਾ ਸੀ ਤੇ ਗੁਰਦਾਸ ਖੁਦ ਕਾਂਗਰਸ ਦੇ ਹੱਕ ‘ਚ ਚੋਣ ਪ੍ਰਚਾਰ ਕਰਦਾ ਰਿਹਾ। ਦੋਹਾਂ ਦੇ ਰਾਜਸੀ ਹਿੱਤ ਨੇ।
ਜਦੋਂ ਪੰਜਾਬ ‘ਚ ਅਤਿਵਾਦ ਦੀ ਹਨੇਰੀ ਠੱਲੀ ਜਾਂ ਠੱਲੀ ਗਈ ਤਾਂ ਪੰਜਾਬ ‘ਚ ਲੋਕਾਂ ਦੇ ਮਨਾਂ ‘ਚੋਂ ਦਹਿਸ਼ਤ ਕੱਢਣ ਲਈ ਵਿਰਸੇ ਦੇ ਨਾਂ ਹੇਠ ਮੇਲੇ ਲਾਉਣੇ ਚਾਲੂ ਕੀਤੇ ਤਾਂ ਦੋਹਾਂ ਨੇ ਸਟੇਟ ਦਾ ਸਾਥ ਦਿੱਤਾ। ਕਾਰਨ ਵਿਚਾਰਧਾਰਕ ਵੀ ਸਨ ਤੇ ਨਿੱਜੀ ਅਤਿਵਾਦੀ ਪੀੜ ਸਹਿਣਾ ਵੀ। ਗੁਰਦਾਸ ਦੇ ਸਟੇਜ ਤੋਂ ਬੋਲੇ ਅਪਸ਼ਬਦਾਂ ਦੀ ਨਿੰਦਾ ਕਰਨੀ ਬਣਦੀ ਹੈ, ਪਰ ਨਾਲ ਇਹ ਵੀ ਹੈ ਕਿ ਵਿਰੋਧ ਕਰਨ ਦਾ ਹੋਰ ਤਰੀਕਾ ਜਾਂ ਵੱਖਰਾ ਸਮਾਂ ਮਿੱਥਿਆ ਜਾ ਸਕਦਾ ਸੀ। ਅਸੀਂ ਜਾਣਦੇ ਹਾਂ ਕਿ ਗੁਰਦਾਸ ਦਾ ਵਿਰੋਧ ਕਰਨ ਵਾਲੇ ਲੰਬੇ ਸਮੇਂ ਤੋਂ ਉਸ ਦੇ ਵਿਰੋਧੀ ਹਨ। ਉਹ ਉਸ ਨੂੰ ਤੇ ਪੰਮੀ ਬਾਈ ਨੂੰ ਵਿਵਾਦਤ ਪੁਲਿਸ ਅਫਸਰ ਕੇ. ਪੀ. ਐਸ਼ ਗਿੱਲ (ਕੁਝ ਲਈ ਹੀਰੋ, ਕੁਝ ਲਈ ਬੁੱਚੜ) ਨਾਲ ਜੋੜ ਕੇ ਦੇਖਦੇ ਹਨ। ਉਨ੍ਹਾਂ ਨੂੰ ਕਿਸੇ ਢੁਕਵੇਂ ਸਮੇਂ ਦੀ ਲੋੜ ਸੀ, ਜੋ ਗੁਰਦਾਸ ਨੇ ਸਟੇਜ ਤੋਂ ਅਪਸ਼ਬਦ ਬੋਲ ਕੇ ਖੁਦ ਮੁਹੱਈਆ ਕਰ ਦਿੱਤਾ। ਸ਼ਾਇਦ ਗੁਰਦਾਸ ਨੇ ਸਟੇਜ ਤੋਂ ਪਹਿਲੀ ਵਾਰ ਵਿਰੋਧ ਦੇਖਿਆ ਤੇ ਉਹ ਤਵਾਜ਼ਨ ਗੁਆ ਬੈਠਾ ਜਾਂ ਭਟਕ ਗਿਆ, ਜੋ ਨਹੀਂ ਸੀ ਹੋਣਾ ਚਾਹੀਦਾ।
ਖੈਰ! ਉਹ ਇਨਸਾਨ ਹੈ, ਕਿਸੇ ਨਾਮਵਰ ਤੋਂ ਲੋੜੋਂ ਵੱਧ ਆਸਾਂ ਤੇ ਖਾਹਿਸ਼ਾਂ ਰੱਖਣਾ ਮਨੁੱਖੀ ਸੁਭਾ ਦੀ ਕਮਜ਼ੋਰੀ ਏ। ਲੋਕਾਂ ਦੀਆਂ ਖਾਹਿਸ਼ਾਂ ਗੁਰਦਾਸ ਲਈ ਬਹੁਤ ਉਚੀਆਂ ਸਨ। ਜਦੋਂ ਤਿੜਕੀਆਂ, ਲੋਕ ਖਫਾ ਹੋ ਗਏ। ਕਸੂਰ ਗੁਰਦਾਸ ਦਾ ਨਹੀਂ, ਲੋਕਾਂ ਦਾ ਹੈ, ਜਿਨ੍ਹਾਂ ਕਿਸੇ ਗਵੰਤਰੀ, ਮਨੋਰੰਜਨ ਕਰਨ ਵਾਲੇ ਦੂਜੇ-ਤੀਜੇ ਦਰਜੇ ਦੇ ਗਾਇਕ ਨੂੰ ਦੇਵਤਾ ਸਿਰਜ ਰੱਖਿਆ ਸੀ।
ਅੱਸੀਵਿਆਂ ‘ਚ ਜਦੋਂ ਖੇਡਾਂ ਦੇ ਖੇਤਰ ‘ਚੋਂ ਫੇਲ੍ਹ ਹੋ ਕੇ ਗੁਰਦਾਸ ਮਾਨ ਗਾਇਕੀ ਦੇ ਖੇਤਰ ‘ਚ ਚੜ੍ਹਾਈ ਕਰ ਰਿਹਾ ਸੀ ਤਾਂ ਇੱਕ ਅਖਬਾਰ ਦੇ ਐਡੀਟਰ ਨੇ ਗੀਤਕਾਰ ਬਾਬੂ ਸਿੰਘ ਮਾਨ (ਮਾਨ ਮਰਾੜਾਂ ਵਾਲਾ) ਨੂੰ ਸਵਾਲ ਕੀਤਾ ਕਿ ਆਹ ਨਵੇਂ ਮੁੰਡੇ ਗੁਰਦਾਸ ਬਾਰੇ ਕੀ ਖਿਆਲ ਏ? ਬਾਬੂ ਸਿੰਘ ਮਾਨ ਕਹਿੰਦਾ, “ਗੁਰਦਾਸ ਲਿਖਣ ਵਾਲਿਆਂ ਤੋਂ ਚੰਗਾ ਗਾ ਲੈਂਦਾ ਅਤੇ ਗਾਉਣ ਵਾਲਿਆਂ ਤੋਂ ਚੰਗਾ ਲਿਖ ਲੈਂਦਾ, ਤੇ ਹਲਕੀ-ਫੁਲਕੀ ਐਕਟਿੰਗ ਵੀ ਕਰ ਲੈਂਦਾ।”
ਗੁਰਦਾਸ ਸਾਡੇ ਲਈ ਅੱਜ ਵੀ ਇਹੋ ਹੈ। ਭਾਸ਼ਾ ਵਰਗੇ ਸੰਜੀਦਾ ਮਾਮਲਿਆਂ ‘ਚ ਉਸ ਦੇ ਕੁਮੈਂਟ ਨੂੰ ਬਹੁਤ ਤੂਲ ਦੇ ਕੇ ਦੇਖਣ ਦੀ ਲੋੜ ਨਹੀਂ। ਰਹੀ ਗੱਲ ਪੰਮੀ ਦੀ, ਕਹਿੰਦਾ, ‘ਇੱਕ ਕਲਾਕਾਰ ਵਜੋਂ ਪੰਮੀ ਦਾ ਗੁਰਦਾਸ ਲਈ ਲੋਹੜੇ ਦਾ ਪਿਆਰ ਤੇ ਸਤਿਕਾਰ ਹੈ, ਪਰ ਭਾਸ਼ਾ ਦੇ ਮਾਮਲੇ ‘ਚ ਗੁਰਦਾਸ ਬਾਈ ਨਾਲ ਸਹਿਮਤ ਨਹੀਂ।’
ਮੈਨੂੰ ਯਾਦ ਹੈ, ਪੰਮੀ ਕਿਸੇ ਪਾਰਟੀ ਲਈ ਭਗਵੰਤ ਮਾਨ ਦੇ ਖਿਲਾਫ ਚੋਣ ਪ੍ਰਚਾਰ ਕਰ ਰਿਹਾ ਸੀ ਤੇ ਭਗਵੰਤ ਮਾਨ ਦੇ ਸਮਰਥਕ ਪੰਮੀ ਦੇ ਸ਼ੋਆਂ ‘ਚ ਜਾ ਕੇ ਵਿਰੋਧ ਪ੍ਰਦਰਸ਼ਨ ਕਰਨ ਲੱਗੇ। ਇੱਕ ਕੈਨੇਡੀਅਨ ਪ੍ਰੋਗਰਾਮ ਦੌਰਾਨ ਮੈਂ ਪੰਮੀ ਦੇ ਨਾਲ ਸੀ। ਉਹ ਵਿਖਾਵਾਕਾਰੀਆਂ ਕੋਲ ਗਿਆ, “ਹਾਂ ਬਈ ਦੱਸੋ ਮਾਮਲਾ ਕੀ ਏ?” ਕਹਿੰਦੇ, “ਤੂੰ ਭਗਵੰਤ ਦਾ ਵਿਰੋਧ ਕੀਤਾ।” ਪੰਮੀ ਕਹਿੰਦਾ, “ਹਾਂ ਮੈਂ ਕੀਤਾ, ਪਰ ਉਸ ਦੇ ਰਾਜਸੀ ਵਿਚਾਰਾਂ ਦਾ, ਕਲਾਕਾਰ ਵਜੋਂ ਮੈਂ ਉਸ ਦਾ ਸਤਿਕਾਰ ਕਰਦਾਂ। ਅਸੀਂ-ਤੁਸੀਂ ਸਭ ਪੰਜਾਬ ਦਾ ਭਲਾ ਚਾਹੁੰਦੇ ਹਾਂ ਤੇ ਮੈਂ ਸਮਝਦਾਂ ਭਗਵੰਤ ਦੀ ਸੋਚ ਜਾਂ ਪਾਰਟੀ ਪੰਜਾਬ ਨੂੰ ਲੀਹਾਂ ‘ਤੇ ਨਹੀਂ ਲਿਆ ਸਕਦੀ। ਪੰਜਾਬ ਦਾ ਭਲਾ ਮੰਗਦੇ ਓ, ਚਲੋ ਤੁਰੋ ਪੰਜਾਬ ਨੂੰ, ਮੈਂ ਤੁਹਾਡੇ ਨਾਲ ਹਾਂ।” ਮੁਜਾਹਰਾਕਾਰੀ ਖਾਮੋਸ਼ ਸਨ, ਜਿਵੇਂ ਉਹ ਹਾਰ ਗਏ ਹੋਣ।
ਕਲਾਕਾਰਾਂ ਦੇ ਵਿਹੜਿਓਂ ਨਿਕਲ ਕੇ ਸਾਰਥਕ ਬਾਤ ਪਾਉਣ ਦੀ ਲੋੜ ਹੈ। ਭਾਰਤ ਨੂੰ ਅਮਰੀਕਾ-ਕੈਨੇਡਾ ਵਰਗੀ ਅਣਐਲਾਨੀ ਭਾਸ਼ਾ ਨੀਤੀ ਅਖਤਿਆਰ ਕਰਨ ਦੀ ਲੋੜ ਹੈ। ਸਰਕਾਰੀ ਤੌਰ ‘ਤੇ ਸਪੈਨਿਸ਼ ਅਮਰੀਕਾ ਦੀ ਦੂਜੀ ਭਾਸ਼ਾ ਹੈ ਤੇ ਕੈਨੇਡਾ ‘ਚ ਫਰੈਂਚ, ਪਰ ਜਿਨ੍ਹਾਂ ਇਲਾਕਿਆਂ ‘ਚ ਸਪੈਨਿਸ਼ ਤੇ ਫਰੈਂਚ ਬਿਨਾ ਹੋਰ ਭਾਸ਼ਾ ਬੋਲਣ ਵਾਲਿਆਂ ਦੀ ਬਹੁਤਾਤ ਹੈ, ਉਥੇ ਉਨ੍ਹਾਂ ਦੀ ਭਾਸ਼ਾ ਨੂੰ ਹੀ ਦੂਜੀ ਭਾਸ਼ਾ ਮੰਨਿਆ ਜਾਂਦਾ ਹੈ। ਮਸਲਨ ਕੈਲੀਫੋਰਨੀਆ ਸਟੇਟ ਦੇ ਮੱਧ ਵਰਤੀ ਖੇਤਰਾਂ ‘ਚ ਗੁਰਮੁਖੀ ਪੰਜਾਬੀ ਸਰਕਾਰੀ ਸਕੂਲਾਂ ‘ਚ ਪੜ੍ਹਾਈ ਜਾਂਦੀ ਏ ਤੇ ਬੱਚੇ ਕੌਮੀ ਪੱਧਰ ਦੀ ਦੂਜੀ ਭਾਸ਼ਾ ਸਪੈਨਿਸ਼ ਦੀ ਥਾਂ ਪੰਜਾਬੀ ਦੂਜੀ ਜੁਬਾਨ ਵਜੋਂ ਪੜ੍ਹ ਸਕਦੇ ਹਨ। ਸਰਕਾਰੀ ਹੁਕਮ ਜਾਂ ਹੋਰ ਸੂਚਨਾ ਪੱਤਰ ਅਕਸਰ ਅੰਗਰੇਜ਼ੀ, ਸਪੈਨਿਸ਼ ਤੇ ਪੰਜਾਬੀ ‘ਚ ਆਉਂਦੇ ਹਨ। ਤੁਸੀਂ ਹੈਰਾਨ ਹੋਵੋਗੇ ਕਿ ਇੱਕਲੇ ਕੈਲੀਫੋਰਨੀਆ ‘ਚ ਡਰਾਈਵਿੰਗ ਟੈਸਟ ਦੇਣ ਲਈ ਭਾਰਤ ਦੀਆਂ 8-9 ਭਾਸ਼ਾਵਾਂ ਦੀ ਵਿਵਸਥਾ ਹੈ। ਓਹਾਇਓ ਸਟੇਟ ਦੇ ਸ਼ਹਿਰ ਕਲੀਵਲੈਂਡ ਦੇ ਏਅਰਪੋਰਟ ‘ਤੇ ਮੈਂ ਦੇਖਿਆ ਕਿ ਦੇਸ਼ ਦੀ ਦੂਜੀ ਕੌਮੀ ਭਾਸ਼ਾ ਸਪੈਨਿਸ਼ ਦੀ ਥਾਂ ਸਾਈਨ ਅੰਗਰੇਜ਼ੀ ਨਾਲ ਅਰਬੀ ਵਿਚ ਲਿਖੇ ਹੋਏ ਨੇ। ਜੁਬਾਨ ਸਭ ਤੋਂ ਪਹਿਲਾਂ ਸੰਪਰਕ ਤੇ ਹਰ ਤਰ੍ਹਾਂ ਦਾ ਅਦਾਨ ਪ੍ਰਦਾਨ ਵਗੈਰਾ ਦਾ ਸਾਧਨ ਹੈ। ਬਹੁਤੇ ਨਵੇਂ ਕਲਾਕਾਰਾਂ ਦਾ ਬੋਲੀ ਤੇ ਵਿਰਸੇ ਨਾਲ ਹੇਜ ਪਦਮ ਸ਼੍ਰੀ ਪ੍ਰਾਪਤ ਕਰਨਾ ਜਾਂ ਟੈਕਸ ਘਪਲਿਆਂ ਤੋਂ ਬਚਣ ਦਾ ਢੰਗ ਹੀ ਹੈ।