ਰੱਬ ਦਾ ਗੁਆਂਢੀ ਗਾਲਿਬ

ਉਰਦੂ ਸ਼ਾਇਰੀ ਅੰਦਰ ਜੋ ਮੁਕਾਮ ਮਿਰਜ਼ਾ ਗਾਲਿਬ (27 ਦਸੰਬਰ 1797-15 ਫਰਵਰੀ 1869) ਦਾ ਹੈ, ਉਹ ਕਿਸੇ ਹੋਰ ਦਾ ਨਹੀਂ। ਉਹ 1810 ਤੋਂ 1869 ਤਕ ਪੁਰਾਣੀ ਦਿੱਲੀ ਵਿਚ ਰਿਹਾ ਅਤੇ ਜਿਸ ਘਰ ਵਿਚ ਉਸ ਨੇ 1860 ਤੋਂ 1869 ਤਕ ਦਾ ਸਮਾਂ ਬਿਤਾਇਆ, ਉਹ ਹੁਣ ਉਸ ਦੀ ਯਾਦਗਾਰ ਹੈ। ਆਜ਼ਾਦੀ ਤੋਂ ਪਹਿਲਾਂ ਇਸ ਘਰ ਵਿਚ ਕਈ ਲੋਕ ਰਹੇ। ਬੇਨਾਮੀ ਜਾਇਦਾਦਾਂ ਦੀ ਨਿਲਾਮੀ ਦੌਰਾਨ ਇਹ ਘਰ ਮੁਹੰਮਦ ਅਲੀ ਫਾਰੂਕੀ ਨਾਂ ਦੇ ਸ਼ਖਸ ਨੇ ਖਰੀਦ ਲਿਆ। ਉਸ ਦੀ ਮੌਤ ਤੋਂ ਬਾਅਦ ਇਸ ‘ਤੇ ਉਸ ਦੇ ਰਿਸ਼ਤੇਦਾਰਾਂ ਦਾ ਕਬਜ਼ਾ ਰਿਹਾ। ਆਜ਼ਾਦੀ ਤੋਂ ਬਾਅਦ ਇਸ ਗਲੀ ਦੇ ਮਸ਼ਹੂਰ ਮੁਗਲਈ ਫਾਰੂਖ ਹੋਟਲ ਵਿਚ ਜ਼ਾਕਿਰ ਹੁਸੈਨ ਜੋ ਬਾਅਦ ਵਿਚ ਰਾਸ਼ਟਰਪਤੀ ਵੀ ਬਣੇ, ਇਸ ਹੋਟਲ ਤੋਂ ਖਾਣਾ ਖਾਣ ਦੇ ਸ਼ੌਕੀਨ ਸਨ।

ਉਨ੍ਹਾਂ ਨੂੰ ਜਦੋਂ ਗਾਲਿਬ ਦੇ ਇਸ ਹਵੇਲੀ ਨਾਲ ਰਿਸ਼ਤੇ ਦਾ ਪਤਾ ਲੱਗਿਆ ਤਾਂ ਉਨ੍ਹਾਂ ਦੀ ਦਿਲਚਸਪੀ ਜਾਗ ਪਈ। ਉਪ-ਰਾਸ਼ਟਰਪਤੀ ਬਣਨ ਤੋਂ ਬਾਅਦ ਉਨ੍ਹਾਂ ਇਸ ਮਕਾਨ ਨੂੰ ਖਾਲੀ ਕਰਵਾਇਆ।

ਜਗਵਿੰਦਰ ਜੋਧਾ

ਮਿਰਜ਼ਾ ਅਸਦ-ਉਲਾ ਖਾਨ ਗਾਲਿਬ ਦੀ ਤੰਗਦਸਤੀ ਦੇ ਕਿੱਸੇ ਵੀ ਉਸ ਦੀ ਸ਼ਾਇਰੀ ਜਿੰਨੇ ਹੀ ਮਸ਼ਹੂਰ ਰਹੇ। ਆਗਰੇ ਦੇ ਨਵਾਬੀ ਖਾਨਦਾਨ ਵਿਚ ਉਸ ਦੇ ਜਨਮ ਤੋਂ ਲੈ ਕੇ ਦਿੱਲੀ ਆਉਣ, ਆਪਣੀ ਪੈਨਸ਼ਨ ਬਹਾਲੀ ਲਈ ਅੰਗਰੇਜ਼ਾਂ ਖਿਲਾਫ ਲੰਮੇ ਮੁਕੱਦਮੇ ਲੜਨ, ਖਾਣ-ਪੀਣ ਦੇ ਸ਼ੌਕ ਤੋਂ ਲੈ ਕੇ ਚਾਵੜੀ ਬਾਜ਼ਾਰ ਦੀਆਂ ਤਵਾਇਫਾਂ ਨਾਲ ਮੁਆਸ਼ਕਿਆਂ ਤਕ ਦੇ ਕਿੱਸੇ ਉਰਦੂ ਅਦਬ ਦੀ ਵਿਰਾਸਤ ਦਾ ਹਿੱਸਾ ਹਨ। ਗਾਲਿਬ ਆਪਣੇ ਦੌਰ ਦਾ ਇਕੋ-ਇਕ ਸ਼ਾਇਰ ਨਹੀਂ ਸੀ ਸਗੋਂ ਇਬਰਾਹਿਮ ਜ਼ੌਕ, ਅਮੀਰ ਮਿਨਾਈ ਤੇ ਦਾਗ ਦੇਹਲਵੀ ਵਰਗੇ ਸ਼ਾਇਰ ਵੀ ਉਸ ਦੇ ਸਮਕਾਲੀ ਸਨ ਪਰ ਗਾਲਿਬ ਦਾ ਮੁਕਾਮ ਇਨ੍ਹਾਂ ਸਭ ਨਾਲੋਂ ਉਸ ਦੌਰ ਵਿਚ ਵੀ ਬੁਲੰਦ ਸੀ ਤੇ ਅੱਜ ਵੀ ਹੈ।
ਇਹ ਸਾਰੇ ਸ਼ਾਇਰ ਪੁਰਾਣੀ ਦਿੱਲੀ ਵਿਚ ਵਰ੍ਹਿਆਂ ਤਕ ਰਹੇ। ਪੁਰਾਣੀ ਦਿੱਲੀ ਵਿਚ ਅੱਜ ਵੀ ਖਾਣ-ਪੀਣ, ਪਹਿਰਾਵੇ ਤੇ ਰਿਹਾਇਸ਼ ਪੱਖੋਂ ਪੁਰਾਣੀ ਤਹਿਜ਼ੀਬ ਧੜਕਦੀ ਸੁਣਦੀ ਹੈ। ਗਾਲਿਬ ਤੋਂ ਬਿਨਾ ਬਾਕੀ ਸ਼ਾਇਰਾਂ ਦੇ ਨਕਸ਼ ਉਸ ਇਲਾਕੇ ਵਿਚੋਂ ਅੱਜ ਲੱਭ ਸਕਣਾ ਬੇਹੱਦ ਔਖਾ ਹੈ। ਉਸਤਾਦ ਦਾਗ ਦੇ ਨਾਂ ‘ਤੇ ਇਕ ਗਲੀ ਹੈ, ਜ਼ੌਕ ਦਾ ਪੁਰਾਣਾ ਮਕਾਨ ਵੀ ਕਿਤੇ ਦੱਸੀਦਾ ਹੈ, ਕੁਝ ਬਜ਼ੁਰਗ ਲੋਕ ਅਮੀਰ ਮਿਨਾਈ ਦੇ ਘਰ ਦੀ ਦੱਸ ਵੀ ਪਾਉਂਦੇ ਹਨ ਪਰ ਇਨ੍ਹਾਂ ਦਾ ਪੱਕਾ ਪਤਾ ਦੱਸਣ ਦੀ ਹਾਲਤ ਵਿਚ ਕੋਈ ਵੀ ਨਹੀਂ।
ਲਾਲ ਕਿਲ੍ਹੇ ਤੋਂ ਗੁਰਦੁਆਰਾ ਸੀਸ ਗੰਜ ਵਲ ਜਾਓ ਤਾਂ ਚਾਂਦਨੀ ਚੌਕ ਤੋਂ ਪੰਜ ਕੁ ਸੌ ਮੀਟਰ ਅੱਗੇ ਚੂੜੀ ਵਾਲਾ ਚੌਕ ਦੇ ਖੱਬੇ ਹੱਥ ਮੁਹੱਲਾ ਬੱਲੀਮਾਰਾਂ ਸ਼ੁਰੂ ਹੋ ਜਾਂਦਾ ਹੈ। ਇਸ ਦੇ ਦੋ ਸੌ ਮੀਟਰ ਅੰਦਰ ਜਾਣ ‘ਤੇ ਸੱਜੇ ਹੱਥ ਗਲੀ ਕਾਸਿਮ ਜਾਨ ਹੈ। ਉਸੇ ਗਲੀ ਵਿਚ ਖੱਬੇ ਹੱਥ ਨਿੱਕੀਆਂ ਇੱਟਾਂ ਦੀ ਮਹਿਰਾਬ ਤੇ ਲੱਕੜ ਦੇ ਫਾਟਕ ਵਾਲਾ ਤੀਜਾ ਮਕਾਨ ਇਸ ਮਹਾਨ ਸ਼ਾਇਰ ਗਾਲਿਬ ਦੀ ਰਿਹਾਇਸ਼ ਰਿਹਾ ਹੈ।
ਮਕਾਨ ਦੇ ਆਸ-ਪਾਸ ਦੀਆਂ ਕੰਧਾਂ ‘ਤੇ ਪਿਛਲੇ ਸਾਲ ਮਨਾਏ ਗਏ ਜਾਂ ਮਨਾਏ ਜਾਣ ਵਾਲੇ ਗਾਲਿਬ ਦੇ ਸਾਲਾਨਾ ਸਮਾਗਮਾਂ ਦੇ ਪੋਸਟਰ ਦਿਸ ਜਾਂਦੇ ਹਨ। ਤਕਰੀਬਨ ਸਾਰੀਆਂ ਪਾਰਟੀਆਂ ਦੇ ਸਥਾਨਕ ਮੁਸਲਿਮ ਨੇਤਾਵਾਂ ਦੀਆਂ ਹੱਥ ਜੋੜੀ ਲੱਗੀਆਂ ਤਸਵੀਰਾਂ ਵੀ ਮੁਸਲਿਮ ਜਨਤਾ ਕੋਲੋਂ ਭੱਲ ਖੱਟਣ ਦੀ ਤਾਕ ਵਿਚ ਦਿਸਦੀਆਂ ਹਨ। ਇਸ ਮਕਾਨ ਵਿਚ ਪ੍ਰਵੇਸ਼ ਕਰਨ ‘ਤੇ ਇਤਿਹਾਸ ਵਿਚ ਡੇਢ ਸੌ ਸਾਲ ਪਿਛਾਂਹ ਮੁੜਨ ਵਰਗਾ ਅਹਿਸਾਸ ਜਾਗਦਾ ਹੈ।
ਸੱਜੇ ਹੱਥ ਨਿੱਕੇ ਜਿਹੇ ਕਮਰੇ ਵਿਚ ਗਾਲਿਬ ਦਾ ਬੁੱਤ ਲੱਗਿਆ ਹੋਇਆ ਅਤੇ ਉਸ ਦੇ ਪਹਿਨਣ ਵਾਲੇ ਕੱਪੜੇ ਟੰਗੇ ਦਿਸਦੇ ਹਨ। ਸਾਹਮਣੇ ਦੀ ਕੰਧ ਦਾ ਸੱਜਾ ਹਿੱਸਾ ਕਿਸੇ ਦੁਕਾਨਦਾਰ ਦੇ ਕਬਜ਼ੇ ‘ਚ ਹੈ। ਖੱਬੇ ਹੱਥ ਦੀ ਕੰਧ ਵਿਚ ਗਾਲਿਬ ਦਾ ਵੱਡਾ ਚਿੱਤਰ ਲੱਗਿਆ ਹੈ। ਉਸੇ ਕੰਧ ਨਾਲ ਅੱਗੇ ਜਾ ਕੇ ਇਸ ਮਕਾਨ ਦੇ ਪਿਛਲੇ ਹਿੱਸੇ ਵਿਚ ਵਿਹੜਾ ਹੈ ਤੇ ਹੋਰ ਖੱਬੇ ਹੱਥ ਵਰਾਂਡਾ। ਇਸ ਵਿਚ ਉਸ ਦੌਰ ਦੇ ਇਤਿਹਾਸ ਨੂੰ ਜੀਵਤ ਕਰਨ ਲਈ ਹੁੱਕਾ, ਸ਼ਤਰੰਜ ਦੀ ਬਿਸਾਤ ਆਦਿ ਰੱਖੇ ਹਨ। ਇਸ ਵਿਹੜੇ ਵਿਚ ਗਾਲਿਬ ਦੇ ਬਿਰਧ ਅਵਸਥਾ ‘ਚ ਟਹਿਲਣ ਜਾਂ ਤਖਤਪੋਸ਼ ‘ਤੇ ਅੱਧ-ਲੇਟਿਆਂ ਆਪਣੇ ਆਪ ਨਾਲ ਸ਼ਤਰੰਜ ਖੇਡਦੇ ਦੀ ਕਲਪਨਾ ਕੀਤੀ ਜਾ ਸਕਦੀ ਹੈ। ਨਾਲ ਹੀ ਨਵਾਬੀ ਸ਼ਾਨੋ-ਸ਼ੌਕਤ ਲਈ ਜੂਝਦੇ ਗਾਲਿਬ ਦੀ ਜ਼ਿੰਦਗੀ ਦੀਆਂ ਆਰਥਿਕ ਦੁਸ਼ਵਾਰੀਆਂ ਮਨ ਵਿਚ ਸਾਕਾਰ ਹੋ ਜਾਂਦੀਆਂ ਹਨ।
ਅਦਬ ਨਾਲ ਮੱਸ ਰੱਖਣ ਵਾਲਾ ਕੋਈ ਵੀ ਮਨ ਉਸ ਮਹਾਨ ਸ਼ਾਇਰ ਦੇ ਸਿਰਜਣਾਤਮਕ ਪ੍ਰਭਾਵ ਵਿਚ ਆਇਆ ਮਹਿਸੂਸ ਕਰਦਾ ਹੈ। ਇਹ ਮਕਾਨ ਜਿਸ ਨੂੰ ਕੁਝ ਲੋਕ ਹਵੇਲੀ ਵੀ ਕਹਿੰਦੇ ਹਨ, 90ਵਿਆਂ ਦੇ ਸ਼ੁਰੂ ਵਿਚ ਗੁਲਜ਼ਾਰ ਦੇ ਬਣਾਏ ਟੈਲੀਵਿਜ਼ਨ ਲੜੀਵਾਰ ਨਾਲ ਲੋਕਾਂ ਦੀ ਜਾਣਕਾਰੀ ਵਿਚ ਆਇਆ। ਉਸ ਲੜੀਵਾਰ ਦੀ ਹਰ ਕਿਸ਼ਤ ਦੇ ਸ਼ੁਰੂ ਵਿਚ ਗੁਲਜ਼ਾਰ ਦੀ ਆਵਾਜ਼ ਵਿਚ ਮੁਹੱਲਾ ਬੱਲੀਮਾਰਾਂ ਅਤੇ ਗਲੀ ਕਾਸਿਮ ਜਾਨ ਦਾ ਜ਼ਿਕਰ ਹੁੰਦਾ ਸੀ। ਦਿੱਲੀ ਸਰਕਾਰ ਨੇ ਇਸ ਮਕਾਨ ਨੂੰ ਗਾਲਿਬ ਦੀ ਯਾਦਗਾਰ ਵਜੋਂ ਸੰਭਾਲਿਆ ਤੇ ਹੁਣ ਇਸ ਦਾ ਜ਼ਿੰਮਾ ਭਾਰਤੀ ਪੁਰਾਤਤਵ ਵਿਭਾਗ ਕੋਲ ਹੈ। ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਗਾਲਿਬ ਦੀ ਕਬਰ ਹਜ਼ਰਤ ਨਿਜ਼ਾਮੂਦੀਨ ਔਲੀਆ ਦੀ ਦਰਗਾਹ ਕੋਲ ਹੈ।
ਗਾਲਿਬ 1860 ਤੋਂ ਲੈ ਕੇ 1869 ਤਕ ਦਿੱਲੀ ਇਸ ਮਕਾਨ ਵਿਚ ਰਿਹਾ। ਕੁਝ ਲੋਕ ਇਸ ਨੂੰ ਗਾਲਿਬ ਦਾ ਜੱਦੀ ਘਰ ਸਮਝਦੇ ਹਨ ਤੇ ਕਈਆਂ ਨੂੰ ਉਸ ਦੀ ਇਹੋ ਇਕ ਰਿਹਾਇਸ਼ਗਾਹ ਹੋਣ ਦਾ ਭੁਲੇਖਾ ਹੈ ਪਰ ਗਾਲਿਬ ਦੇ ਦੋਸਤਾਂ ਵਰਗੇ ਸ਼ਾਗਿਰਦ ਅਲਤਾਫ ਹੁਸੈਨ ਹਾਲੀ ਪਾਨੀਪਤੀ ਮੁਤਾਬਿਕ ਅਜਿਹਾ ਨਹੀਂ। ਹਾਲੀ ਨੇ ਗਾਲਿਬ ਦੀ ਪਹਿਲੀ ਜੀਵਨੀ ‘ਯਾਦਗਾਰ-ਏ-ਗਾਲਿਬ’ ਲਿਖੀ ਜਿਸ ਵਿਚ ਉਸ ਦੀ ਅੱਖੀਂ ਦੇਖੀ ਸ਼ਖਸੀਅਤ ਬਾਰੇ ਭਰਪੂਰ ਜਾਣਕਾਰੀ ਹੈ। ਇਸ ਕਿਤਾਬ ਦੇ ਵੇਰਵਿਆਂ ਮੁਤਾਬਿਕ 1797 ਵਿਚ ਜਨਮਿਆ ਇਹ ਸ਼ਾਇਰ ਪੰਜ ਸਾਲ ਦੀ ਉਮਰ ਵਿਚ ਪਿਤਾ ਦੇ ਸਾਏ ਤੋਂ ਵਾਂਝਾ ਹੋ ਗਿਆ। ਚਾਚੇ ਨੇ ਉਸ ਨੂੰ ਗੋਦ ਲੈ ਲਿਆ ਪਰ ਅੰਗਰੇਜ਼ਾਂ ਦੇ ਕਾਨੂੰਨ ਮੁਤਾਬਿਕ ਮੁਤਬੰਨੇ ਨੂੰ ਗੋਦ ਲੈਣ ਵਾਲੇ ਦੀ ਜਾਇਦਾਦ ਜਾਂ ਰੁਤਬੇ ਦਾ ਲਾਭ ਨਹੀਂ ਸੀ ਮਿਲ ਸਕਦਾ। ਲਿਹਾਜ਼ਾ, ਚਾਚੇ ਦੀ ਪੁਸ਼ਤੈਨੀ ਜਾਇਦਾਦ ‘ਤੇ ਗਾਲਿਬ ਦਾ ਹੱਕ ਖਾਰਜ ਕਰ ਦਿੱਤਾ ਗਿਆ ਤੇ ਗਾਲਿਬ ਅਤੇ ਉਸ ਦੇ ਭਰਾ ਦੀ ਇਕਮੁਸ਼ਤ ਪੈਨਸ਼ਨ ਮੁਕੱਰਰ ਹੋ ਗਈ।
ਇਸੇ ਹੱਕ ਦੀ ਬਹਾਲੀ ਲਈ ਜ਼ਿੰਦਗੀ ਦੇ ਤਿੰਨ ਹਿੱਸੇ ਸਮਾਂ ਗਾਲਿਬ ਨੇ ਮੁਕੱਦਮਿਆਂ ਵਿਚ ਗੁਜ਼ਾਰਿਆ, ਦਿੱਲੀ ਤੋਂ ਕਲਕੱਤੇ ਦੀਆਂ ਯਾਤਰਾਵਾਂ ਕੀਤੀਆਂ ਤੇ ਆਪਣੇ ਸਾਰੇ ਬੱਚਿਆਂ ਨੂੰ ਅੱਖਾਂ ਸਾਹਮਣੇ ਇਕ-ਇਕ ਕਰਕੇ ਮਰਦੇ ਦੇਖਿਆ। ਉਹ ਆਗਰੇ ਨੂੰ ਯਾਦ ਕਰਕੇ ਤੜਪਦਾ ਰਿਹਾ, ਆਪਣੇ ਸਮਕਾਲੀ ਸ਼ਾਇਰਾਂ ਨਾਲ ਉਲਝਦਾ ਰਿਹਾ। ਗਾਲਿਬ ਨੇ ਸਾਰੇ ਦੋਸਤ ਗਵਾ ਲਏ ਅਤੇ ਦਿੱਲੀ ਉਸ ਨੂੰ ਉਜਾੜ ਲੱਗਦੀ ਰਹੀ। ਉਹ ਵਾਰ ਵਾਰ ਬੁੜਬੁੜਾਉਂਦਾ ਰਿਹਾ:
ਉਗ ਰਹਾ ਹੈ ਦਰੋ-ਦੀਵਾਰ ਪਰ ਸਬਜ਼ਾ ਗਾਲਿਬ
ਹਮ ਬਯਾਬਾਂ ਮੇਂ ਹੈਂ ਔਰ ਘਰ ਮੇਂ ਬਹਾਰ ਆਈ ਹੈ।
ਹਾਲੀ ਮੁਤਾਬਿਕ ਗਾਲਿਬ ਨੇ ਦਿੱਲੀ ਵਿਚ ਆਪਣਾ ਘਰ ਬਣਾਇਆ ਹੀ ਨਹੀਂ, ਜਾਂ ਕਿਹਾ ਜਾਵੇ ਕਿ ਉਹ ਆਪਣਾ ਘਰ ਬਣਾਉਣ ਜੋਗਾ ਹੋਇਆ ਹੀ ਨਹੀਂ ਸੀ। 1810 ਤੋਂ 1869 ਤਕ ਉਸ ਨੇ ਪੁਰਾਣੀ ਦਿੱਲੀ ਵਿਚ ਹੀ ਅੱਠ ਘਰ ਬਦਲੇ। ਕਦੇ ਉਹ ਇਬਰਾਹਿਮ ਜ਼ੌਕ ਦਾ ਗੁਆਂਢੀ ਰਿਹਾ, ਕਦੇ ਜਾਮਾ ਮਸਜਿਦ ਪਿੱਛੇ ਇਕ ਗਲੀ ਵਿਚ ਇਕ ਮਕਾਨ ਦੀ ਪਹਿਲੀ ਮੰਜ਼ਿਲ ‘ਤੇ ਵਸਿਆ। 1857 ਦੇ ਗਦਰ ਦੌਰਾਨ ਗਾਲਿਬ ਛੋਟਾ ਇਮਾਮਬਾੜਾ ਕੋਲ ਭੀੜੀ ਗਲੀ ਵਿਚ ਰਹਿੰਦਾ ਸੀ। ਉਸ ਘਰ ਬਾਰੇ ਉਸ ਨੇ ਲਿਖਿਆ:
ਮਸਜਿਦ ਕੇ ਜ਼ੇਰੇ-ਸਾਯਾ ਇਕ ਘਰ ਬਨਾ ਲੀਆ ਹੈ
ਯਹ ਬੰਦਾ-ਏ-ਕਮੀਨਾ ਹਮਸਾਇਆ-ਏ-ਖੁਦਾ ਹੈ।
1857 ਦੇ ਰੌਲਿਆਂ ਦੌਰਾਨ ਉਹ ਆਪਣੀ ਉਮਰ ਦੇ ਬਦਤਰੀਨ ਦੌਰ ਵਿਚੋਂ ਗੁਜ਼ਰਿਆ। ਇਸ ਤੋਂ ਪਹਿਲਾਂ ਪੈਨਸ਼ਨ ਬਹਾਲੀ ਲਈ ਹਰ ਚਾਰਾ ਅਜ਼ਮਾ ਚੁੱਕੇ ਗਾਲਿਬ ਨੇ ਤਹਿਸੀਲਦਾਰ ਮਿੱਤਰ ਦੀ ਸਲਾਹ ‘ਤੇ ‘ਛੋਟਾ ਰਸਤਾ’ ਚੁਣਿਆ। ਗਰੀਬੀ ਤੋਂ ਤੰਗ ਆ ਕੇ ਉਸ ਨੇ 1855 ਵਿਚ ਮਲਕਾ ਵਿਕਟੋਰੀਆ ਦੀ ਸ਼ਾਨ ਵਿਚ ਕਸੀਦਾ ਲਿਖਿਆ ਤੇ ਆਪਣੇ ਮਿਹਰਬਾਨ ਅੰਗਰੇਜ਼ ਅਫਸਰ ਲਾਰਡ ਇਲੇਨ ਬੋਰੋ ਰਾਹੀਂ ਲੰਡਨ ਭੇਜਿਆ। ਕਸੀਦੇ ਵਿਚ ਉਸ ਨੇ ਬਰਤਾਨਵੀ ਰਾਜ ਨੂੰ ਰੋਮਨ ਰਾਜ ਤੋਂ ਵੀ ਮਹਾਨ ਕਿਹਾ ਅਤੇ ਯਾਦ ਦਿਵਾਇਆ ਕਿ ਰੋਮਨ ਗਣਰਾਜ ਵਿਚ ਕਵੀਆਂ ਤੇ ਲੇਖਕਾਂ ਦੀ ਪੁਸ਼ਤ-ਪਨਾਹੀ ਰਾਜਾ ਕਰਦਾ ਸੀ। ਇਸ ਲਈ ਮਲਕਾ ਦਾ ਵੀ ਫਰਜ਼ ਹੈ ਕਿ ਉਹ ਆਪਣੀ ਸਲਤਨਤ ਦੇ ਸ਼ਾਇਰਾਂ ਦਾ ਖਿਆਲ ਰੱਖੇ।
ਗਾਲਿਬ ਨੇ ‘ਦਸਤੰਬੂ’ ਨਾਮੀ ਖਤਾਂ ਦੀ ਕਿਤਾਬ ਵਿਚ ਇਸ ਕਸੀਦੇ ਦੇ ਲਿਖੇ ਜਾਣ ਦੇ ਕਾਰਨ ਦੱਸੇ ਹਨ। ਉਸ ਮੁਤਾਬਿਕ, “ਮੇਰੇ ਚਾਚਾ ਜਾਨ ਨੂੰ ਆਗਰੇ ਕੋਲ ਦੋ ਪਰਗਣਿਆਂ ਦੀ ਮਾਲਕੀ ਮਿਲੀ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਅੰਗਰੇਜ਼ ਸਰਕਾਰ ਨੇ ਜਾਇਦਾਦ ਆਪਣੇ ਕਬਜ਼ੇ ਵਿਚ ਲੈ ਲਈ ਤੇ ਸਾਨੂੰ ਦੋਵਾਂ ਭਰਾਵਾਂ ਨੂੰ ਪੈਨਸ਼ਨ ਜਾਰੀ ਕਰ ਦਿੱਤੀ। ਇਹੀ ਸਾਡੀ ਇਕਮਾਤਰ ਆਮਦਨ ਸੀ। ਅਪਰੈਲ 1857 ਤਕ ਮੈਨੂੰ ਦਿੱਲੀ ਦੇ ਕੁਲੈਕਟਰ ਤੋਂ ਪੈਨਸ਼ਨ ਮਿਲਦੀ ਰਹੀ। ਫਿਰ ਵਿਤ ਵਿਭਾਗ ਬੰਦ ਹੋ ਗਿਆ ਅਤੇ ਮੈਂ ਆਪਣੇ ਦੁੱਖਾਂ ਨਾਲ ਜੂਝ ਰਿਹਾ ਹਾਂ। ਪੰਜ ਸਾਲ ਪਹਿਲਾਂ ਮੈਂ ਆਪਣੀ ਬੀਵੀ ਦੇ ਪਰਿਵਾਰ ਵਿਚੋਂ ਦੋ ਅਨਾਥ ਬੱਚੇ ਗੋਦ ਲੈ ਲਏ। ਇਹੀ ਮੇਰੀ ਬਦਕਿਸਮਤ ਜ਼ਿੰਦਗੀ ਦੀ ਬਹਾਰ ਹਨ। ਮੇਰਾ ਦੋ ਸਾਲ ਛੋਟਾ ਭਰਾ ਪਾਗਲਪਣ ਦੇ ਦੌਰਿਆਂ ਦਾ ਸ਼ਿਕਾਰ ਹੈ। ਮੇਰੇ ਦੋਵੇਂ ਬੱਚੇ ਮੇਰੇ ਕੋਲੋਂ ਫਲ, ਦੁੱਧ ਤੇ ਮਠਿਆਈ ਮੰਗਦੇ ਹਨ, ਮੈਂ ਉਨ੍ਹਾਂ ਨੂੰ ਕਿਵੇਂ ਸਮਝਾਵਾਂ। ਜਦ ਤਕ ਮੈਂ ਜ਼ਿੰਦਾ ਹਾਂ, ਮੈਂ ਮੁਸੀਬਤਾਂ ਨਾਲ ਜੂਝਦਾ ਰਹਾਂਗਾ ਤੇ ਮਰਨ ਤੋਂ ਬਾਅਦ ਕਬਰ ਦੀ ਮਿੱਟੀ ਨਾਲ ਜੂਝਾਂਗਾ।”
ਇਸ ਸਮੇਂ ਹੀ ਉਸ ਨੇ ਇਕ-ਇਕ ਕਰਕੇ ਆਪਣੇ ਸਮਕਾਲੀਆਂ ਨੂੰ ਇਸ ਸੰਸਾਰ ਤੋਂ ਜਾਂਦਿਆਂ ਵੇਖਿਆ। ਉਸਤਾਦ ਜ਼ੌਕ ਮੁਫਲਿਸੀ ਤਾਂ ਤੰਗੀ ਦੀ ਹਾਲਤ ‘ਚ ਫੌਤ ਹੋਇਆ। ਗਾਲਿਬ ਦੀ ਕਮਾਈ ਦੇ ਇਕੋ-ਇਕ ਸਾਧਨ ਉਸਤਾਦੀ ਦਾ ਵਜ਼ੀਫਾ ਦੇਣ ਵਾਲੇ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਨੂੰ ਦੇਸ਼-ਬਦਰ ਕਰ ਦਿੱਤਾ ਗਿਆ। ਗਦਰ ਦੌਰਾਨ ਦਿੱਲੀ ਵਿਚ ਫੌਜ ਦੀ ਤਾਇਨਾਤੀ ਰਹੀ ਸੀ। ਕੁਝ ਇਲਾਕਿਆਂ ਵਿਚ ਤਾਂ ਬਾਗੀਆਂ ਦੀ ਭਾਲ ਵਿਚ ਫੌਜ ਦੀ ਦਬਿਸ਼ ਵੀ ਹੋਈ। ਇਸ ਲਈ ਕੁਝ ਇਲਾਕਿਆਂ ਵਿਚ ਜ਼ਰੂਰੀ ਸਾਮਾਨ ਦੀ ਕਿੱਲਤ ਵੀ ਰਹੀ। ਮੁਹੱਲਿਆਂ ਵਿਚ ਗੰਦਗੀ ਤੇ ਮੈਲਾ ਜਮ੍ਹਾਂ ਹੋਣ ਨਾਲ ਹੈਜ਼ਾ ਫੈਲਣ ਦੀ ਨੌਬਤ ਆ ਗਈ। ਜਿਸ ਮੁਹੱਲੇ ਵਿਚ ਗਾਲਿਬ ਰਹਿੰਦਾ ਸੀ, ਉਸ ਵਿਚ ਬਾਗੀ ਸਿਪਾਹੀਆਂ ਦੇ ਲੁਕੇ ਹੋਣ ਦਾ ਸ਼ੱਕ ਸੀ। ਮੁਹੱਲਾ ਹਫਤਿਆਂ ਤਕ ਬੰਦ ਰੱਖਿਆ ਗਿਆ।
ਗਾਲਿਬ ਇਸ ਮੁਹੱਲੇ ਤੋਂ ਅੱਕ ਗਿਆ। ਉਹ ਜਿਸ ਹਕੀਮ ਸੈਫੂਦੀਨ ਤੋਂ ਬਵਾਸੀਰ ਦੀ ਦਵਾਈ ਲੈਂਦਾ ਸੀ, ਉਸ ਦਾ ਇਕ ਮਕਾਨ ਮੁਹੱਲਾ ਬੱਲੀਮਾਰਾਂ ਦੀ ਗਲੀ ਕਾਸਿਮ ਜਾਨ ‘ਚ ਖਾਲੀ ਪਿਆ ਸੀ। ਇਹ ਮੁਹੱਲਾ ਉਨ੍ਹਾਂ ਮਲਾਹਾਂ ਦਾ ਸੀ ਜੋ ਪਹਿਲਾਂ ਮੁਗਲ ਬਾਦਸ਼ਾਹਾਂ ਤੇ ਫਿਰ ਅੰਗਰੇਜ਼ ਅਫਸਰਾਂ ਨੂੰ ਜਮਨਾ ਵਿਚ ਕਿਸ਼ਤੀਆਂ ਦੀ ਸੈਰ ਕਰਵਾਉਂਦੇ ਸਨ। ਕਿਸ਼ਤੀ ਚਲਾਉਣ ਲਈ ਚੱਪੂ ਦੀ ਥਾਂ ਲੰਮੇ ਵੰਝ ਜਾਂ ਬੱਲੀ ਦੀ ਵਰਤੋਂ ਕਰਨ ਵਾਲੇ ਇਨ੍ਹਾਂ ਲੋਕਾਂ ਨੂੰ ਬੱਲੀਮਾਰ ਤੇ ਇਨ੍ਹਾਂ ਦੇ ਮੁਹੱਲੇ ਨੂੰ ਮੁਹੱਲਾ ਬੱਲੀਮਾਰਾਂ ਕਿਹਾ ਜਾਂਦਾ ਸੀ।
ਬਾਅਦ ਵਿਚ ਕਈ ਨਵਾਬ ਤੇ ਬਰਤਾਨਵੀ ਸਰਕਾਰ ਦੇ ਅਫਸਰ ਵੀ ਇਸ ਮੁਹੱਲੇ ਵਿਚ ਰਹਿਣ ਆ ਗਏ। ਗਦਰ ਦੌਰਾਨ ਇਹ ਮੁਹੱਲਾ ਮੁਕਾਬਲਤਨ ਵਧੇਰੇ ਸੁਰੱਖਿਅਤ ਰਿਹਾ। ਹਕੀਮ ਦੇ ਵਾਰ-ਵਾਰ ਕਹਿਣ ‘ਤੇ ਗਾਲਿਬ ਆਪਣਾ ਸਾਮਾਨ ਚੁੱਕ ਕੇ ਇਸ ਘਰ ਵਿਚ ਰਹਿਣ ਆ ਗਿਆ। ਉਦੋਂ ਉਸ ਨੂੰ ਵੀ ਪਤਾ ਨਹੀਂ ਹੋਣਾ ਕਿ ਸਦੀਆਂ ਤਕ ਇਹੀ ਘਰ ਗਾਲਿਬ ਦੀ ਯਾਦ ਤਾਜ਼ਾ ਕਰਵਾਉਂਦਾ ਰਹੇਗਾ। ਇਹੀ ਉਹ ਮਕਾਨ ਹੈ ਜਿਸ ਨੂੰ ਅਸੀਂ ਹੁਣ ਗਾਲਿਬ ਸਮਾਰਕ ਵਜੋਂ ਦੇਖ ਸਕਦੇ ਹਾਂ। ਆਪਣੀ ਜ਼ਿੰਦਗੀ ਦੇ ਆਖਰੀ ਨੌਂ ਸਾਲ ਉਹ ਇਸ ਘਰ ਵਿਚ ਰਿਹਾ। ਢਹਿੰਦੇ ਮੁਗਲੀਆ ਦੌਰ ਦਾ ਇਹ ਸ਼ਾਨਦਾਰ ਸ਼ਾਇਰ ਸਦਾ ਲਈ ਇਸ ਘਰ, ਗਲੀ ਤੇ ਮੁਹੱਲੇ ਨਾਲ ਜੁੜ ਗਿਆ।
ਇਸ ਘਰ ਦੇ ਗਾਲਿਬ ਦੀ ਯਾਦਗਾਰ ਬਣਨ ਦੀ ਕਹਾਣੀ ਵੀ ਘੱਟ ਦਿਲਚਸਪ ਨਹੀਂ। ਆਜ਼ਾਦੀ ਤੋਂ ਪਹਿਲਾਂ ਇਸ ਘਰ ਵਿਚ ਕਈ ਲੋਕ ਰਹੇ। ਇਥੇ ਬੱਕਰਾ ਵਾੜਾ ਵੀ ਬਣਿਆ। ਆਜ਼ਾਦੀ ਤੋਂ ਬਾਅਦ ਲੰਮਾ ਸਮਾਂ ਇਸੇ ਘਰ ਵਿਚ ਕੋਲਿਆਂ ਦਾ ਗੋਦਾਮ ਰਿਹਾ, ਲੱਕੜਾਂ ਦੀ ਟਾਲ ਵੀ ਤੇ ਜੰਝ ਘਰ ਵੀ। ਬੇਨਾਮੀ ਜਾਇਦਾਦਾਂ ਦੀ ਨਿਲਾਮੀ ਦੌਰਾਨ ਇਸ ਘਰ ਨੂੰ ਮੁਹੰਮਦ ਅਲੀ ਫਾਰੂਕੀ ਨਾਮ ਦੇ ਸ਼ਖਸ ਨੇ ਖਰੀਦ ਲਿਆ ਜਿਸ ਦੀ ਮੌਤ ਤੋਂ ਬਾਅਦ ਇਸ ਘਰ ‘ਤੇ ਉਸ ਦੇ ਰਿਸ਼ਤੇਦਾਰਾਂ ਦਾ ਕਬਜ਼ਾ ਰਿਹਾ। ਆਜ਼ਾਦੀ ਤੋਂ ਬਾਅਦ ਇਸ ਗਲੀ ਵਿਚ ਮਸ਼ਹੂਰ ਮੁਗਲਈ ਫਾਰੂਖ ਹੋਟਲ ਸੀ। ਰਾਸ਼ਟਰਪਤੀ ਬਣਨ ਤੋਂ ਪਹਿਲਾਂ ਜ਼ਾਕਿਰ ਹੁਸੈਨ ਇਸੇ ਹੋਟਲ ਤੋਂ ਖਾਣ ਦੇ ਸ਼ੌਕੀਨ ਸਨ।
ਉਨ੍ਹਾਂ ਨੂੰ ਜਦੋਂ ਗਾਲਿਬ ਦੇ ਇਸ ਹਵੇਲੀ ਨਾਲ ਰਿਸ਼ਤੇ ਦਾ ਪਤਾ ਲੱਗਿਆ ਤਾਂ ਉਨ੍ਹਾਂ ਦੀ ਦਿਲਚਸਪੀ ਜਾਗ ਪਈ। ਉਪ-ਰਾਸ਼ਟਰਪਤੀ ਬਣਨ ਤੋਂ ਬਾਅਦ ਉਨ੍ਹਾਂ ਇਸ ਮਕਾਨ ਨੂੰ ਖਾਲੀ ਕਰਵਾਇਆ; ਬੇਸ਼ੱਕ ਉਸ ਸਮੇਂ ਤਕ ਇਸ ਮਕਾਨ ਦਾ ਇਕ ਹਿੱਸਾ ਕਿਸੇ ਨੇ ਢਾਹ ਕੇ ਨਵੇਂ ਤਰਜ਼ ਦੀ ਉਸਾਰੀ ਕਰ ਲਈ ਸੀ। ਗੁਲਜ਼ਾਰ ਦੇ ਲੜੀਵਾਰ ਦੇ ਪ੍ਰਸਾਰਨ ਤੋਂ ਬਾਅਦ ਉਰਦੂ ਦੀਆਂ ਕੁਝ ਸੰਸਥਾਵਾਂ ਸਰਗਰਮ ਹੋਈਆਂ ਤਾਂ ਦਿੱਲੀ ਸਰਕਾਰ ਨੇ ਇਸ ਮਕਾਨ ਨੂੰ 1990 ਵਿਚ ਐਕੁਆਇਰ ਕੀਤਾ ਤੇ ਗਾਲਿਬ ਦੀ ਯਾਦਗਾਰ ਵਿਚ ਤਬਦੀਲ ਕਰ ਦਿੱਤਾ।
ਇਹ ਘਰ ਦੇਖਦਿਆਂ ਜ਼ਿਹਨ ਵਿਚ ਪੰਜਾਬੀ ਲੇਖਕਾਂ ਦੀਆਂ ਰਿਹਾਇਸ਼ਾਂ ਦੀ ਯਾਦ ਉਭਰਦੀ ਹੈ। ਅੰਮ੍ਰਿਤਾ ਪ੍ਰੀਤਮ ਦੇ ਉਸ ਇਤਿਹਾਸਕ ਘਰ ਦਾ ਹਸ਼ਰ ਅਜੇ ਤਾਜ਼ੀ ਘਟਨਾ ਹੈ ਜੋ ਬਹੁਤ ਲੇਖਕਾਂ ਦੀ ਦਿੱਲੀ ਯਾਤਰਾ ਦੌਰਾਨ ਜ਼ਿਆਰਤਗਾਹ ਵਾਂਗ ਸੀ। ਮੋਹਨ ਸਿੰਘ ਮਾਈ ਹੀਰਾਂ ਗੇਟ, ਜਲੰਧਰ ਦੇ ਜਿਸ ਘਰ ਵਿਚ ਰਹਿੰਦਾ ਸੀ, ਉਸ ਦਾ ਨਿਸ਼ਾਨ ਵੀ ਨਹੀਂ ਲੱਭਦਾ। ਸ਼ਿਵ ਕੁਮਾਰ ਦੇ ਘਰ ਦੇ ਨਾਂ ‘ਤੇ ਸ਼ਾਇਦ ਹੀ ਕੋਈ ਸਹੀ ਟਿਕਾਣਾ ਦੱਸਿਆ ਜਾ ਸਕੇ। ਜੋ ਲੇਖਕ ਆਪਣੇ ਘਰਾਂ ‘ਚ ਵੱਸਦੇ ਹਨ, ਉਨ੍ਹਾਂ ਦੀਆਂ ਕਿਤਾਬਾਂ ਤੇ ਹੋਰ ਚੀਜ਼ਾਂ ਦੀ ਸੰਭਾਲ ਵੀ ਕੁਝ ਪਰਿਵਾਰ ਹੀ ਕਰਦੇ ਹਨ। ਸ਼ਾਇਦ ਲੇਖਕ ਹੋਣਾ ਇਸੇ ਹੋਣੀ ਦੇ ਭਾਗੀਦਾਰ ਹੋਣਾ ਹੈ।
ਗਾਲਿਬ ਦੀ ਯਾਦਗਾਰ ਦੇਖ ਕੇ ਸਕੂਨ ਨਾਲ ਭਰ ਜਾਣ ਵਾਲੇ ਨੂੰ ਅਹਿਸਾਸ ਵੀ ਨਹੀਂ ਹੁੰਦਾ ਕਿ ਗਾਲਿਬ ਸਾਰੀ ਉਮਰ ਇਸ ਸਕੂਨ ਲਈ ਭਟਕਦਾ ਰਿਹਾ। ਰੱਬ ਨਾਲ ਢੇਰਾਂ ਸ਼ਿਕਵੇ ਕਰਨ ਵਾਲਾ ਇਹ ਅਜ਼ੀਮ ਸ਼ਾਇਰ ਆਪਣੇ ਆਪ ਨੂੰ ਰੱਬ ਦਾ ਹਮਸਾਇਆ ਕਹਿੰਦਾ ਸੀ। ਅਚਾਨਕ ਯਾਦ ਆਉਂਦਾ ਹੈ ਕਿ ਗੁਆਂਢੀ, ਸ਼ਰੀਕ ਵੀ ਹੁੰਦਾ ਹੈ। ਸ਼ਰੀਕ ਦੇ ਪੰਜਾਬੀ ਵਿਚ ਪ੍ਰਚਲਿਤ ਅਰਥ ਯਾਦ ਆਉਂਦੇ ਹਨ ਤੇ ਗਾਲਿਬ ਰੱਬ ਦਾ ਗੁਆਂਢੀ ਲੱਗਣ ਲੱਗਦਾ ਹੈ।