ਡਾ. ਗੁਰਿੰਦਰ ਕੌਰ*
ਫੋਨ: 408-493-9776
20 ਸਤੰਬਰ 2019 ਦਾ ਸ਼ੁੱਕਰਵਾਰ ਦਾ ਦਿਨ ਬੱਚਿਆਂ ਵਲੋਂ ਸੰਜੀਦਗੀ ਨਾਲ ਕੀਤੀ ਗਈ ਯੋਜਨਾਬੰਦੀ ਨਾਲ ਮੌਸਮੀ ਤਬਦੀਲੀਆਂ ਵੱਲ ਦੁਨੀਆਂ ਦੇ ਵੱਡੇ ਨੇਤਾਵਾਂ ਅਤੇ ਆਮ ਲੋਕਾਂ ਦਾ ਧਿਆਨ ਦਿਵਾਉਣ ਲਈ ਸਚਮੁੱਚ ਹੀ ਇਕ ਇਤਿਹਾਸਕ ਦਿਨ ਬਣ ਗਿਆ। ਦੁਨੀਆਂ ਦੇ ਦੱਖਣੀ-ਪੂਰਬੀ ਹਿੱਸੇ ਭਾਵ ਆਸਟਰੇਲੀਆ ਤੋਂ ਲੈ ਕੇ ਉਤਰੀ-ਪੱਛਮੀ ਹਿੱਸੇ (ਅਲਾਸਕਾ) ਤੱਕ ਲਗਭਗ 150 ਦੇਸ਼ਾਂ ਵਿਚ ਸਕੂਲੀ ਬੱਚਿਆਂ ਦੇ ਨਾਲ ਨਾਲ ਕਰੀਬ ਹਰ ਉਮਰ ਦੇ ਲੋਕਾਂ ਨੇ ਮੌਸਮੀ ਤਬਦੀਲੀਆਂ ਬਾਰੇ ਰੋਸ ਮਾਰਚ ਵਿਚ ਸਾਂਤੀਪੂਰਵਕ ਹਿੱਸਾ ਲਿਆ।
ਮੌਸਮੀ ਤਬਦੀਲੀਆਂ ਦੀ ਮਾਰ ਦੀ ਸ਼ੁਰੂਆਤ ਤੋਂ ਲੈ ਕੇ ਅੱਜ ਤੱਕ ਦੇ ਰਿਕਾਰਡ ਅਨੁਸਾਰ ਦੁਨੀਆਂ ਦੇ ਨੇਤਾਵਾਂ ਨੂੰ ਇਸ ਬਾਰੇ ਆਮ ਲੋਕਾਂ ਵਲੋਂ ਸਾਂਝੇ ਤੌਰ ‘ਤੇ ਦੱਸੇ ਜਾਣ ਦਾ ਇਹ ਪਹਿਲਾ ਅਤੇ ਵੱਡਾ ਉਪਰਾਲਾ ਹੈ। ਇਸ ਰੋਸ ਮਾਰਚ ਵਿਚ ਕਿੰਨੇ ਲੋਕ ਸ਼ਾਮਲ ਹੋਏ, ਗਿਣਤੀ ਕਰਨੀ ਔਖੀ ਹੀ ਨਹੀਂ, ਨਾਮੁਮਕਿਨ ਵੀ ਹੈ। ਇਸ ਰੋਸ ਮਾਰਚ ਵਿਚ ਆਸਟਰੇਲੀਆ ਦੇ ਸ਼ਹਿਰ ਮੈਲਬੌਰਨ ਤੋਂ ਹੀ ਇਕ ਲੱਖ ਤੋਂ ਵੱਧ ਬੱਚੇ ਸ਼ਾਮਲ ਹੋਏ ਅਤੇ ਇਕੱਲੇ ਨਿਊ ਯਾਰਕ ਸ਼ਹਿਰ ਦੇ ਸਕੂਲਾਂ ਦੇ 11 ਲੱਖ ਬੱਚਿਆਂ ਨੇ ਦੀ ਸਹਿਮਤੀ ਨਾਲ ਸਕੂਲ ਤੋਂ ਛੁੱਟੀ ਲੈ ਕੇ ਰੋਸ ਮਾਰਚ ਵਿਚ ਹਿੱਸਾ ਲਿਆ। ਅੰਦਾਜ਼ਾ ਲਾਓ ਕਿ ਇਸ ਰੋਸ ਮਾਰਚ ਵਿਚ ਕਿੰਨੀ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹੋਏ ਹੋਣਗੇ।
ਸਕੂਲ ਦੇ ਬੱਚਿਆਂ ਵਿਚ ਮੌਸਮੀ ਤਬਦੀਲੀਆਂ ਬਾਰੇ ਜਾਗਰੂਕਤਾ ਪੈਦਾ ਕਰਨ ਵਾਲਾ ਦੁਨੀਆਂ ਦਾ ਕੋਈ ਵੱਡਾ ਨੇਤਾ ਨਹੀਂ, ਸਗੋਂ ਯੂਰਪੀ ਦੇਸ਼ ਸਵੀਡਨ ਦੀ ਸਕੂਲ ਵਿਚ ਪੜ੍ਹਦੀ 16 ਸਾਲਾਂ ਦੀ ਗਰੇਟਾ ਥੁਨਬਰਗ ਨਾਂ ਦੀ ਲੜਕੀ ਹੈ, ਜਿਸ ਨੇ ਸਾਲ 2018 ਵਿਚ ਧਰਤੀ ਉਤਲੇ ਵਾਤਾਵਰਣ ਨੂੰ ਬਚਾਉਣ ਲਈ ਲਗਾਤਾਰ ਤਿੰਨ ਹਫਤੇ ਸਕੂਲ ਨਾ ਜਾ ਕੇ ਦੇਸ਼ ਦੀ ਪਾਰਲੀਮੈਂਟ ਦੀ ਇਮਾਰਤ ਅੱਗੇ ਬੈਠ ਕੇ ਸ਼ਾਂਤੀਪੂਰਨ ਧਰਨਾ ਦਿੱਤਾ। ਜਦ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਸਕੂਲ ਨਾ ਜਾ ਕੇ ਤੇਰੀ ਪੜ੍ਹਾਈ ਅਤੇ ਤੇਰਾ ਭਵਿੱਖ ਖਰਾਬ ਹੋ ਜਾਏਗਾ ਤਾਂ ਉਸ ਦਾ ਜਵਾਬ ਸੀ, ਪੜ੍ਹਾਈ-ਲਿਖਾਈ ਭਵਿੱਖ ਸੰਵਾਰਨ ਲਈ ਹੁੰਦੀ ਹੈ, ਪਰ ਸਾਡਾ ਭਵਿੱਖ ਤਾਂ ਪਹਿਲਾਂ ਹੀ ਧੁੰਦਲਾ ਹੈ, ਕਿਉਂਕਿ ਧਰਤੀ ਉਤਲਾ ਵਾਤਾਵਰਣ ਇੰਨਾ ਖਰਾਬ ਹੋ ਚੁਕਾ ਹੈ ਕਿ ਨਾ ਤਾਂ ਇੱਥੇ ਸਾਹ ਲੈਣ ਲਈ ਸਾਫ ਹਵਾ ਹੈ ਅਤੇ ਨਾ ਪੀਣ ਲਈ ਸਾਫ ਪਾਣੀ। ਮਿੱਟੀ ਅਤੇ ਸਮੁੰਦਰੀ ਪਾਣੀ ਤਰ੍ਹਾਂ ਤਰ੍ਹਾਂ ਦੇ ਪ੍ਰਦੂਸ਼ਣਾਂ ਕਾਰਨ ਇੰਨਾ ਪਲੀਤ ਹੋ ਚੁਕੇ ਹਨ ਕਿ ਉਨ੍ਹਾਂ ਤੋਂ ਮਿਲਣ ਵਾਲੇ ਹਰ ਤਰ੍ਹਾਂ ਦੇ ਖਾਧ ਪਦਾਰਥਾਂ ਭਾਵ ਅਨਾਜ, ਸਬਜ਼ੀਆਂ, ਫਲਾਂ ਅਤੇ ਸਮੁੰਦਰੀ ਜੀਵਾਂ ਵਿਚ ਵੀ ਤਰ੍ਹਾਂ ਤਰ੍ਹਾਂ ਦੇ ਰਸਾਇਣਾਂ ਦੀ ਭਰਮਾਰ ਹੋ ਗਈ ਹੈ, ਜਿਨ੍ਹਾਂ ਨੂੰ ਵਰਤਣ ਨਾਲ ਲੱਖਾਂ ਲੋਕ ਅਣਆਈ ਮੌਤ ਮਰ ਰਹੇ ਹਨ ਅਤੇ ਅਸੀਂ ਵੀ ਉਨ੍ਹਾਂ ਵਿਚੋਂ ਇਕ ਹੋ ਸਕਦੇ ਹਾਂ।
ਇਸ ਪਿਛੋਂ ਉਸ ਨੇ ਆਪਣੀ ਸਕੂਲ ਵਿਚ ਪੜ੍ਹਾਈ ਤਾਂ ਜਾਰੀ ਰੱਖੀ, ਪਰ ਹਰ ਸ਼ੁੱਕਰਵਾਰ ਸ਼ਹਿਰ ਦੀ ਕਿਸੇ ਵੀ ਖਾਸ ਥਾਂ ‘ਤੇ ਬੈਠ ਕੇ ਰੋਸ ਮੁਜਾਹਰਾ ਕਰਨਾ ਸ਼ੁਰੂ ਕਰ ਦਿੱਤਾ। ਇਹ ਮੁਹਿੰਮ ਉਸ ਨੇ ਇਕੱਲੀ ਨੇ ਸ਼ੁਰੂ ਕੀਤੀ ਸੀ ਅਤੇ ਬਾਅਦ ਵਿਚ ਹੌਲੀ ਹੌਲੀ ਹੋਰ ਬੱਚੇ ਵੀ ਇਸ ਵਿਚ ਹਿੱਸਾ ਲੈਣ ਲੱਗ ਪਏ ਤੇ ਉਨ੍ਹਾਂ ਨੇ ਇਸ ਮੁਹਿੰਮ ਨੂੰ Ḕਫਰਾਈਡੇਅਜ਼-ਫਾਰ ਫਿਊਚਰḔ ਅਤੇ Ḕਕਲਾਈਮੇਟ ਸਟਰਾਈਕḔ ਦਾ ਨਾਂ ਦੇ ਦਿੱਤਾ। ਬੱਚਿਆਂ ਦੀ ਇਸ ਮੁਹਿੰਮ ਨੂੰ ਦੁਨੀਆਂ ਭਰ ਦੇ ਦੇਸ਼ਾਂ ਵਿਚ ਪੂਰਾ ਹੁੰਗਾਰਾ ਮਿਲ ਰਿਹਾ ਹੈ।
ਗਰੇਟਾ ਨੇ ਟਵੀਟ ਅਤੇ ਇੰਟਰਨੈਟ ਦੀ ਮਦਦ ਨਾਲ ਲੋਕਾਂ ਨੂੰ ਇਸ ਮੁਹਿੰਮ ਵਿਚ ਸ਼ਾਮਲ ਕਰਦਿਆਂ ਬੜੀ ਗੰਭੀਰਤਾ ਨਾਲ ਹਰ ਸ਼ੁਕਰਵਾਰ ਯੋਜਨਾਬੰਦ ਤਰੀਕੇ ਨਾਲ ਵੱਖ ਵੱਖ ਦੇਸ਼ਾਂ ਵਿਚ ਧਰਤੀ ਉਤਲੇ ਜੀਵਨ ਨੂੰ ਬਚਾਉਣ ਲਈ ਸ਼ਾਂਤਮਈ ਸਹਿਯੋਗ ਮਾਰਚ ਅਰੰਭ ਕੀਤੇ ਹੋਏ ਹਨ। ਪਿਛਲੇ ਸਾਲ ਗਰੇਟਾ ਨੇ ਪੋਲੈਂਡ ਦੇ ਕਾਟੋਵਿਸ ਸ਼ਹਿਰ ਵਿਚ ਮੌਸਮੀ ਤਬਦੀਲੀਆਂ ਸਬੰਧੀ ਕਾਨਫਰੰਸ ਵਿਚ ਦੁਨੀਆਂ ਦੇ ਲੀਡਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ, ਸਾਡਾ ਘਰ ਜਲ ਰਿਹਾ ਹੈ, ਤੁਸੀਂ ਇਸ ਨੂੰ ਬਚਾਉਣ ਲਈ ਠੋਸ ਉਪਰਾਲੇ ਕਰੋ, ਐਵੇ ਗੱਲਾਂਬਾਤਾਂ ਨਾਲ ਨਾ ਸਾਰੋ ਕਿਉਂਕਿ ਧਰਤੀ ਉਤੇ ਤਾਪਮਾਨ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਆਈ. ਪੀ. ਸੀ. ਸੀ. ਦੀ ਅਕਤੂਬਰ 2018 ਨੂੰ ਰਿਲੀਜ਼ ਹੋਈ ਇਕ ਰਿਪੋਰਟ ਦਾ ਵੇਰਵਾ ਦਿੰਦਿਆਂ ਕਿਹਾ ਕਿ ਜੇ ਤਾਪਮਾਨ ਸੁਰੱਖਿਅਤ ਸੀਮਾ (1.5 ਡਿਗਰੀ ਸੈਲਸੀਅਸ) ਤੋਂ ਅੱਧਾ ਡਿਗਰੀ ਵੀ ਵਧ ਗਿਆ ਤਾਂ ਦੁਨੀਆਂ ਦੇ ਸਾਰੇ ਦੇਸ਼ ਅਣਕਿਆਸੀਆਂ ਕੁਦਰਤੀ ਆਫਤਾਂ ਦਾ ਸ਼ਿਕਾਰ ਹੋ ਜਾਣਗੇ। ਇਹ ਵੀ ਕਿਹਾ ਕਿ ਤੁਸੀਂ ਕਹਿੰਦੇ ਹੋ ਕਿ ਅਸੀਂ ਤੁਹਾਡੇ ਵੱਡੇ ਹਾਂ ਅਤੇ ਤੁਹਾਡੇ ਹਿੱਤਾਂ ਦਾ ਖਿਆਲ ਰੱਖਦੇ ਹਾਂ, ਪਰ ਤੁਸੀਂ ਸਾਡਾ ਭਵਿੱਖ ਬਰਬਾਦ ਕਰਨ ਲੱਗੇ ਹੋਏ ਹੋ ਅਤੇ ਹੁਣ ਵੀ ਉਹ ਵਾਰ-ਵਾਰ ਪੁੱਛ ਰਹੀ ਹੈ ਕਿ ਤੁਸੀਂ ਆਪਣੇ ਬੱਚਿਆਂ ਲਈ ਦੁਨੀਆਂ ਵਿਚ ਕੁਝ ਛੱਡੋਗੇ ਜਾਂ ਨਹੀਂ? ਅਸਲ ਵਿਚ ਕਾਟੋਵਿਸ ਸ਼ਹਿਰ ਵਿਚਲੀ ਕਾਨਫਰੰਸ ਪੈਰਿਸ ਵਿਚ 2015 ਵਿਚ ਹੋਈ ਮੌਸਮੀ ਸੰਧੀ ਨੂੰ 2020 ਵਿਚ ਅਮਲ ਵਿਚ ਲਿਆਉਣ ਲਈ ਤਾਪਮਾਨ ਦੇ ਵਾਧੇ ਦੀ ਸੁਰੱਖਿਅਤ ਸੀਮਾ ਨਿਰਧਾਰਤ ਕਰਨ ਲਈ ਹੋਈ ਸੀ, ਪਰ ਵਿਕਸਿਤ ਦੇਸ਼ਾਂ ਨੇ ਪਹਿਲੀਆਂ ਕਾਨਫਰੰਸਾਂ ਵਾਂਗ ਉਸ ਵਿਚ ਵੀ ਮਾਰ ਝੱਲ ਰਹੇ ਗਰੀਬ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਕੋਈ ਡਾਹ ਨਹੀਂ ਸੀ ਦਿੱਤੀ।
ਗਰੇਟਾ ਦੇ ਨਾਲ ਜੁੜੇ ਬੱਚਿਆਂ ਅਤੇ ਗੈਰ-ਸਰਕਾਰੀ ਸੰਸਥਾਵਾਂ ਨੇ ਸਤੰਬਰ 2019 ਦਾ ਸਾਂਤਮਈ ਰੋਸ ਮਾਰਚ ਸੰਯੁਕਤ ਰਾਸ਼ਟਰ ਸੰਘ ਦੀ ਨਿਊ ਯਾਰਕ ਵਿਚ, ਪੈਰਿਸ ਮੌਸਮੀ ਤਬਦੀਲੀ ਸੰਧੀ ਵਾਲੀ ਕਾਨਫਰੰਸ ਤੋਂ ਠੀਕ 3 ਦਿਨ ਪਹਿਲਾਂ ਕੀਤਾ ਤਾਂ ਕਿ ਨੇਤਾ ਬੱਚਿਆਂ ਦੇ ਭਵਿੱਖ ਨੂੰ ਅੱਖੋਂ-ਪਰੋਖੇ ਨਾ ਕਰ ਸਕਣ। ਗਰੇਟਾ ਨੇ ਇਸ ਕਾਨਫਰੰਸ ਵਿਚ ਵੀ ਦੁਨੀਆਂ ਦੇ ਵੱਡੇ ਨੇਤਾਵਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਵਿਚ ਚੰਗੀ ਅਤੇ ਸਿਹਤਮੰਦ ਜ਼ਿੰਦਗੀ ਜੀਣ ਦੇ ਹੱਕਾਂ ਦੀ ਰਾਖੀ ਕਰਨ ਲਈ ਆਪਣੇ ਭਾਸ਼ਣ ਰਾਹੀਂ ਗੁਜ਼ਾਰਿਸ਼ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਦੱਸਣਾ ਹੈ ਕਿ ਸਾਡਾ ਹਿੱਸਾ ਕੁਦਰਤੀ ਸਰੋਤਾਂ ਵਿਚੋਂ ਛੱਡ ਦੇਵੋ। ਇਸ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਉਸ ਨੂੰ ਸੰਯੁਕਤ ਰਾਸ਼ਟਰ ਸੰਘ ਦੇ ਜਨਰਲ ਸਕੱਤਰ ਐਨਟੋਨਿਓ ਗੁਤਰਮ ਨੇ ਗਰੇਟਾ ਥੁਨਬਰਗ ਨੂੰ ਖਾਸ ਬੁਲਾਰੇ ਦੇ ਤੌਰ ‘ਤੇ ਸੱਦਿਆ ਹੈ।
ਧਰਤੀ ‘ਤੇ ਮੌਸਮੀ ਤਬਦੀਲੀਆਂ ਦੀ ਮਾਰ ਤੋਂ ਬਚਣ ਲਈ 2015 ਵਿਚ ਹੋਈ ਪੈਰਿਸ ਮੌਸਮੀ ਸੰਧੀ ਸਾਲ 2020 ਤੋਂ ਦੁਨੀਆਂ ਦੇ ਸਾਰੇ ਦੇਸ਼ਾਂ ਨੇ ਕਾਰਬਨ ਨਿਕਾਸੀ ਵਿਚ ਕਟੌਤੀ ਕਰਨ ਲਈ ਲਾਗੂ ਕਰਨੀ ਹੈ। ਇਸ ਲਈ ਇਸ ਨਾਲ ਸਬੰਧਿਤ ਸਭ ਤਰ੍ਹਾਂ ਦੀਆਂ ਵਿਉਂਤਬੰਦੀਆਂ ਨੂੰ ਇਸੇ ਸਾਲ ਹੀ ਅੰਤਿਮ ਰੂਪ ਰੇਖਾ ਦੇਣੀ ਹੈ। ਨਿਊ ਯਾਰਕ ਵਿਚ 23 ਸਤੰਬਰ ਦੀ ਕਾਨਫਰੰਸ ਤੋਂ ਬਾਅਦ ਦਸੰਬਰ ਵਿਚ ਚਿੱਲੀ ਵਿਚ ਵੀ ਇਸ ਨਾਲ ਸਬੰਧਿਤ ਕਾਨਫਰੰਸ ਹੋਣੀ ਹੈ, ਜਿਸ ਵਿਚ ਬਾਕੀ ਰਹਿੰਦੇ ਵਿਸ਼ਿਆਂ ‘ਤੇ ਦੁਨੀਆਂ ਦੇ ਵੱਡੇ ਨੇਤਾ ਗੱਲਬਾਤ ਕਰਨਗੇ।
ਇਨ੍ਹਾਂ ਕਾਨਫਰੰਸਾਂ ਵਿਚ ਸੰਜੀਦਗੀ ਨਾਲ ਸ਼ਿਰਕਤ ਕਰਨ ਲਈ ਗਰੇਟਾ ਨੇ ਵੀ ਆਪਣੀ ਪੜ੍ਹਾਈ ਅੱਗੇ ਪਾ ਕੇ ਸਕੂਲ ਤੋਂ ਇਕ ਸਾਲ ਦੀ ਛੁੱਟੀ ਲੈ ਲਈ ਹੈ। ਇਸ ਤੋਂ ਬਾਅਦ ਉਹ ਚਿੱਲੀ ਵਿਚ ਦਸੰਬਰ ਮਹੀਨੇ ਹੋਣ ਵਾਲੀ ਕਾਨਫਰੰਸ ਵਿਚ ਹਿੱਸਾ ਲੈਣ ਦੇ ਨਾਲ ਨਾਲ ਦੁਨੀਆਂ ਦੇ ਹੋਰ ਵੱਖ ਵੱਖ ਦੇਸ਼ਾਂ ਵਿਚ ਜਾ ਕੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰੇਗੀ। ਅਮਰੀਕਾ ਵਿਚ ਉਹ 28 ਅਗਸਤ ਨੂੰ ਪਹੁੰਚੀ ਸੀ ਅਤੇ ਉਦੋਂ ਤੋਂ ਹੀ ਵੱਖ ਵੱਖ ਸਕੂਲੀ ਬੱਚਿਆਂ, ਨੇਤਾਵਾਂ, ਵਾਤਾਵਰਣ ਮੁੱਦਿਆਂ ਨਾਲ ਜੁੜੀਆਂ ਸੰਸਥਾਵਾਂ ਆਦਿ ਨਾਲ ਵਿਚਾਰ-ਵਟਾਂਦਰਾ ਕਰ ਰਹੀ ਹੈ।
27 ਸਤੰਬਰ ਨੂੰ ਫਿਰ ਇਸ ਸਬੰਧੀ ਇਕ ਹੋਰ ਵੱਡੇ ਰੋਸ ਮਾਰਚ ਦੀ ਵਿਉਦਬੰਦੀ ਹੈ ਕਿਉਂਕਿ ਉਸ ਦਿਨ ਰੈਸ਼ਲ ਕਾਰਸਨ ਦੀ Ḕਸਾਈਲੈਂਟ ਸਪਰਿੰਗ’ ਦੀ ਕਿਤਾਬ ਦੀ 57ਵੀਂ ਵਰ੍ਹੇਗੰਢ ਹੈ। ਇਸ ਕਿਤਾਬ ਵਿਚ ਲੇਖਿਕਾ ਨੇ ਡੀ.ਡੀ.ਟੀ. ਦੇ ਹਰ ਤਰ੍ਹਾਂ ਦੇ ਜੀਵ-ਜੰਤੂਆਂ ਅਤੇ ਮਨੁੱਖਾਂ ਉਤੇ ਪੈਂਦੇ ਮਾੜੇ ਪ੍ਰਭਾਵਾਂ ਬਾਰੇ ਵਿਸਥਾਰ ਪੂਰਵਕ ਵਿਸ਼ਲੇਸ਼ਣ ਕੀਤਾ ਸੀ। ਇਹ ਲੇਖਿਕਾ ਭਾਵੇਂ ਅਮਰੀਕੀ ਨਾਗਰਿਕ ਸੀ, ਪਰ ਉਸ ਦੀ ਇਸ ਖੋਜ ਦਾ ਉਦੋਂ ਬਹੁਤ ਵਿਰੋਧ ਕੀਤਾ ਗਿਆ ਸੀ ਅਤੇ ਬਾਅਦ ਵਿਚ ਉਸ ਦੇ ਖੋਜ ਨਤੀਜਿਆਂ ਦੇ ਪ੍ਰਤੱਖ ਸਬੂਤ ਦੇਖਦਿਆਂ ਅਮਰੀਕਾ ਵਿਚ ਡੀ.ਡੀ.ਟੀ. ਦੀ ਵਰਤੋਂ ‘ਤੇ ਪਾਬੰਦੀ ਲਾ ਦਿੱਤੀ ਗਈ ਸੀ।
ਵਿਚਾਰਨਯੋਗ ਗੱਲ ਇਹ ਹੈ ਕਿ ਧਰਤੀ ਉਤੇ ਮੌਸਮ ਵਿਚ ਆ ਰਹੀਆਂ ਅਣਕਿਆਸੀਆਂ ਤਬਦੀਲੀਆਂ ਨਾਲ ਕੁਦਰਤੀ ਆਫਤਾਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ, ਜਿਸ ਦਾ ਅਸਰ ਦੁਨੀਆਂ ਦੇ ਸਾਰੇ ਦੇਸ਼ਾਂ ਉਤੇ ਪੈ ਰਿਹਾ ਹੈ। 2019 ਦੇ ਸ਼ੁਰੂ ਵਿਚ ਆਰਕਟਿਕ ਧਰੁੱਵ ਉਤਲੀ ਬਰਫ ਪਿਘਲਣ ਕਾਰਨ ਬਹੁਤ ਠੰਡ ਪਈ ਅਤੇ ਬਾਅਦ ਵਿਚ ਅਮਰੀਕਾ ਸਮੇਤ ਯੂਰਪ ਤੋਂ ਲੈ ਕੇ ਜਾਪਾਨ ਤੱਕ ਦੇਸ਼ਾਂ ਨੇ ਭਿਆਨਕ ਗਰਮੀ ਦੀ ਮਾਰ ਸਹੀ ਹੈ। ਅਮਰੀਕਾ ਅਤੇ ਜਾਪਾਨ ਵਰਗੇ ਵਿਕਸਿਤ ਦੇਸ਼, ਜੋ ਸਮਝਦੇ ਸਨ ਕਿ ਮੌਸਮੀ ਤਬਦੀਲੀਆਂ ਕਾਰਨ ਆਉਣ ਵਾਲੀਆਂ ਕੁਦਰਤੀ ਆਫਤਾਂ ਦੀ ਮਾਰ ਵਿਕਾਸਸ਼ੀਲ ਅਤੇ ਘੱਟ ਵਿਕਸਿਤ ਦੇਸ਼ਾਂ ਉਤੇ ਹੀ ਪਵੇਗੀ ਅਤੇ ਵਿਕਸਿਤ ਦੇਸ਼ ਉਨ੍ਹਾਂ ਦੀ ਮਾਰ ਤੋਂ ਬਚ ਜਾਣਗੇ ਕਿਉਂਕਿ ਉਹ ਕੁਦਰਤੀ ਆਫਤਾਂ ਨਾਲ ਸਿਝਣ ਦੇ ਸਮਰੱਥ ਹਨ, ਪਰ ਅਮਰੀਕਾ ਪਿਛਲੇ ਸਾਲਾਂ ਵਿਚ ਮਾਰੀਆ, ਹਾਰਵੇ, ਇਰਮਾ, ਫਲੋਰੈਂਸ ਅਤੇ ਮਾਈਕਲ ਵਰਗੇ ਭਿਆਨਕ ਚੱਕਰਵਾਤੀ ਤੂਫਾਨਾਂ ਅਤੇ ਉਨ੍ਹਾਂ ਨਾਲ ਹੋਈ ਬਰਬਾਦੀ ਅਤੇ ਜਾਪਾਨ ਵਿਚ 2011 ਵਿਚ ਆਈ ਸੁਨਾਮੀ ਅਤੇ ਹਰ ਸਾਲ ਪੈਂਦੀ ਭਾਰੀ ਗਰਮੀ ਨੇ ਵਿਕਸਿਤ ਦੇਸ਼ਾਂ ਦਾ ਇਹ ਭੁਲੇਖਾ ਵੀ ਦੂਰ ਕਰ ਦਿੱਤਾ ਹੈ। ਇਸ ਤੋਂ ਇਲਾਵਾ ਆਈ.ਪੀ.ਸੀ.ਸੀ. ਅਤੇ ਹੋਰ ਸੰਸਥਾਵਾਂ ਦੀਆਂ ਉਪਰੋਥਲੀ ਰਿਪੋਰਟਾਂ ਵਿਗਿਆਨਕ ਤੱਥਾਂ ਦੇ ਆਧਾਰ ‘ਤੇ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਸਭ ਸਿਆਸੀ ਨੇਤਾਵਾਂ ਨੂੰ ਵਾਰ ਵਾਰ ਸੁਨੇਹਾ ਦੇ ਰਹੀਆਂ ਹਨ ਕਿ ਧਰਤੀ ਉਤੇ ਵਧ ਰਹੇ ਤਾਪਮਾਨ ਨੂੰ ਕਾਬੂ ਕਰਨ ਲਈ ਤੇਜ਼ੀ ਨਾਲ ਉਪਰਾਲੇ ਕੀਤੇ ਜਾਣ।
ਹੁਣ ਤਾਂ ਦੁਨੀਆਂ ਦੇ ਸਾਰੇ ਦੇਸ਼ਾਂ ਨੂੰ ਵੀ ਜਾਣ ਲੈਣਾ ਚਾਹੀਦਾ ਹੈ ਕਿ ਮੌਸਮੀ ਤਬਦੀਲੀਆਂ ਕੋਈ ਚੀਨ ਦਾ ਛੱਡਿਆ ਹੋਇਆ ਸ਼ੋਸ਼ਾ ਨਹੀਂ। ਇਹ ਅਸਲ ਵਿਚ ਸਾਨੂੰ ਆਪਣੀ ਗ੍ਰਿਫਤ ਵਿਚ ਤੇਜ਼ੀ ਨਾਲ ਲੈ ਰਹੀ ਅਤੇ ਹੁਣ ਸਾਡੇ ਕੋਲ ਇੰਨਾ ਵਕਤ ਨਹੀਂ ਬਚਿਆ ਕਿ ਤਾਪਮਾਨ ਦੇ ਵਾਧੇ ਨੂੰ ਕਾਬੂ ਵਿਚ ਲਿਆਉਣ ਲਈ ਕਿਸੇ ਵੀ ਸੰਧੀ ਨੂੰ ਲਾਗੂ ਕਰਨ ਲਈ ਸਾਲਾਂਬੱਧੀ ਇੰਤਜ਼ਾਰ ਕੀਤਾ ਜਾਵੇ। ਜੇ ਅਸੀਂ ਆਪਣੇ ਬੱਚਿਆਂ ਦੀ ਨਜ਼ਰ ਵਿਚ ਜ਼ਿੰਮੇਵਾਰ ਮਾਪੇ ਅਤੇ ਨੇਤਾ ਬਣੇ ਰਹਿਣਾ ਚਾਹੁੰਦੇ ਹਾਂ ਤਾਂ ਸਾਨੂੰ ਬਿਨਾ ਦੇਰੀ ਧਰਤੀ ਦੇ ਵਾਤਾਵਰਣ ਨੂੰ ਠੀਕ ਰੱਖਣ ਲਈ ਕੌਮੀ ਅਤੇ ਕੌਮਾਂਤਰੀ ਪੱਧਰ ਉਤੇ ਤੇਜ਼ੀ ਨਾਲ ਉਪਰਾਲੇ ਕਰਨੇ ਸ਼ੁਰੂ ਕਰ ਦੇਣੇ ਚਾਹੀਦੇ ਹਨ। ਦੁਨੀਆਂ ਦੇ ਸਾਰੇ ਦੇਸ਼ਾਂ ਨੂੰ ਆਪਣੀਆਂ ਅਜਿਹੀਆਂ ਸਭ ਗਤੀਵਿਧੀਆਂ ‘ਤੇ ਰੋਕ ਲਾ ਲੈਣੀ ਚਾਹੀਦੀ ਹੈ, ਜਿਨ੍ਹਾਂ ਨਾਲ ਹਵਾ, ਪਾਣੀ, ਜ਼ਮੀਨ, ਜੰਗਲਾਂ ਆਦਿ ਵਰਗੇ ਬਹੁਮੁੱਲੇ ਕੁਦਰਤੀ ਸਰੋਤ ਪਲੀਤ ਹੋ ਰਹੇ ਅਤੇ ਸਭ ਤਰ੍ਹਾਂ ਦੇ ਜੈਵਿਕਾਂ ਦੀ ਜ਼ਿੰਦਗੀ ਨੂੰ ਨੁਕਸਾਨ ਪਹੁੰਚਾ ਰਹੇ ਹਨ। ਜੇ ਅਸੀਂ ਹੁਣ ਵਾਲੇ ਰਾਹ ਉਤੇ ਚੱਲਦੇ ਰਹੇ ਤਾਂ ਸਾਡਾ, ਖਾਸ ਕਰਕੇ ਸਾਡੇ ਬੱਚਿਆਂ ਦਾ ਭਵਿੱਖ ਬਹੁਤ ਹੀ ਧੁੰਦਲਾ ਹੋ ਸਕਦਾ ਹੈ। ਨਤੀਜੇ ਵਜੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮੁਆਫ ਨਹੀਂ ਕਰਨਗੀਆਂ।
—
*ਪ੍ਰੋਫੈਸਰ ਜਿਓਗਰਾਫੀ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ।