ਕਦੋਂ ਲਵਾਂਗੇ ਸਾਰ ਅਸੀਂ ਆਪਣੇ ਗੁੰਮਨਾਮ ਫਨਕਾਰਾਂ ਦੀ

ਸਵਰਨ ਸਿੰਘ ਟਹਿਣਾ
ਫੋਨ: 91-98141-78883
ਸੁਰਾਂ ਦੀ ਮਲਿਕਾ ਸ਼ਮਸ਼ਾਦ ਬੇਗ਼ਮ ਦੇ ਤੁਰ ਜਾਣ ਪਿਛੋਂ ਇਕ ਵਾਰ ਫਿਰ ਇਹ ਗੱਲ ਉਭਰੀ ਹੈ ਕਿ ਕਲਾਵਾਨ ਲੋਕਾਂ ਦੀ ਜੀਵਨ ਦੇ ਅੰਤਲੇ ਸਾਲ ਗੁੰਮਨਾਮੀ ਦੇ ਹਨੇਰੇ ਵਿਚ ਕਿਉਂ ਗੁਜ਼ਰਦੇ ਨੇ? ਸਰਕਾਰਾਂ, ਸੱਭਿਆਚਾਰਕ ਸੰਸਥਾਵਾਂ ਤੇ ਕਲਾ ਪ੍ਰੇਮੀ ਉਨ੍ਹਾਂ ਨੂੰ ਕਿਉਂ ਵਿਸਾਰ ਛੱਡਦੇ ਨੇ? 
ਸ਼ਮਸ਼ਾਦ ਬੇਗਮ ਦੇ ਚਲਾਣੇ ਬਾਰੇ ਇਸ ਤੋਂ ਮਾੜੀ ਖ਼ਬਰ ਭਲਾ ਕੀ ਹੋ ਸਕਦੀ ਏ ਕਿ ਮੀਡੀਆ ਨੂੰ ਵੀ ਉਸ ਦੇ ਜਾਣ ਦਾ ਪਤਾ ਉਸ ਦਾ ਦਫਤ ਕੀਤੇ ਜਾਣ ਤੋਂ ਬਾਅਦ ਹੀ ਲੱਗਾ। ਪਤਾ ਲੱਗਣ ‘ਤੇ ਸਭ ਨੇ ਦੁੱਖ ਮਨਾਇਆ, ਪ੍ਰਧਾਨ ਮੰਤਰੀ ਤੋਂ ਲੈ ਕੇ ਬਾਲੀਵੁੱਡ ਦੀਆਂ ਵੱਡੀਆਂ ਹਸਤੀਆਂ ਨੇ ਉਸ ਦੇ ਤੁਰ ਜਾਣ ਨੂੰ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਕਿਹਾ। ਪਰ ਸ਼ਮਸ਼ਾਦ ਦੀ ਮੌਤ ਤੋਂ ਪਹਿਲਾਂ ਅਖੀਰਲੇ ਦਸ ਸਾਲ ਦੇ ਦੁੱਖਾਂ ਬਾਰੇ ਕਿਸੇ ਨੇ ਕੁਝ ਨਾ ਜਾਣਿਆ। ਇਹ ਵੀ ਪਤਾ ਲੱਗਾ ਕਿ ਸ਼ਮਸ਼ਾਦ ਬੇਗਮ ਕਾਫੀ ਲੰਮੇ ਸਮੇਂ ਤੋਂ ਆਪਣੀ ਧੀ ਕੋਲ ਰਹਿ ਰਹੀ ਸੀ ਤੇ ਮਾਇਆ ਨਗਰੀ ਨਾਲ ਸਬੰਧਤ ਕੋਈ ਨਿਰਮਾਤਾ-ਨਿਰਦੇਸ਼ਕ, ਸੰਗੀਤਕਾਰ, ਅਦਾਕਾਰ ਉਸ ਦਾ ਹਾਲ-ਚਾਲ ਪੁੱਛਣ ਲਈ ਵਕਤ ਨਾ ਕੱਢ ਸਕਿਆ। ਜਿਹੜੇ ਲੋਕਾਂ ਨੇ ਪੰਜਾਹਵਿਆਂ ਤੋਂ ਸੱਤਰਵਿਆਂ ਤੱਕ ਉਸ ਦੇ ਗੀਤਾਂ ਦਾ ਅਨੰਦ ਮਾਣਿਆ, ਉਨ੍ਹਾਂ ਨੂੰ ਵੀ ਕਦੇ ਪਤਾ ਨਾ ਲੱਗਾ ਕਿ ਉਹ ਮਹਾਨ ਗਾਇਕ ਰਹਿ ਕਿਹੜੇ ਹਾਲ ‘ਚ ਰਹੀ ਹੈ।
ਅਸਲ ‘ਚ ਸ਼ਮਸ਼ਾਦ ਬੇਗ਼ਮ ਦੇ ਚਲਾਣੇ ਨੇ ਇਕ ਵਾਰ ਫਿਰ ਸਾਡੇ ਸਮਾਜ ਦੀ ਭੁਲੱਕੜ ਤੇ ‘ਤੂੰ ਨਹੀਂ ਤਾਂ ਹੋਰ ਸਹੀ’ ਬਿਰਤੀ ਵੱਲ ਸਭ ਦਾ ਧਿਆਨ ਦਿਵਾਇਆ ਹੈ। ਅਸੀਂ ਜਿਹੜੇ ਕਲਾਕਾਰਾਂ ਨੂੰ ਦੇਖਣ, ਸੁਣਨ ਲਈ ਤਾਂਘਦੇ ਹਾਂ, ਜਿਨ੍ਹਾਂ ਦੇ ਆਟੋਗ੍ਰਾਫ਼ ਲੈਣ ਲਈ ਭੀੜ ਚੀਰਦੇ ਹਾਂ, ਜਿਨ੍ਹਾਂ ਨਾਲ ਫੋਟੋ ਖਿਚਵਾਉਣ ਲਈ ਜੱਦੋ ਜਹਿਦ ਕਰਦੇ ਹਾਂ, ਉਨ੍ਹਾਂ ਦੀ ਕਦਰ ਸਾਡੇ ਮਨਾਂ ‘ਚ ਸਿਰਫ਼ ਓਨੀ ਦੇਰ ਰਹਿੰਦੀ ਏ, ਜਿੰਨੀ ਦੇਰ ਉਹ ਆਪਣੇ ਫ਼ਨ ਨਾਲ ਜੁੜੇ ਰਹਿੰਦੇ ਨੇ। ਜਦੋਂ ਉਹੀ ਸ਼ਖਸੀਅਤ ਸਿਹਤ ਪੱਖੋਂ ਅਵਾਜ਼ਾਰ ਰਹਿਣ ਲੱਗਦੀ ਏ ਜਾਂ ਉਤਰਾ ਵਾਲਾ ਸਮਾਂ ਆਉਂਦੈ ਤਾਂ ਉਨ੍ਹਾਂ ਦਾ ਜ਼ਿਕਰ ਕਦਰਦਾਨਾਂ ਦੇ ਜ਼ਿਹਨ ਵਿਚੋਂ ਵਿਸਰ ਜਾਂਦੈ ਤੇ ਫੇਰ ਉਹ ਸਿਰਫ਼ ਉਦੋਂ ਚੇਤੇ ਆਉਂਦੇ ਨੇ, ਜਦੋਂ ਉਨ੍ਹਾਂ ਦੇ ਚਲਾਣੇ ਦੀ ਖ਼ਬਰ ਆਉਂਦੀ ਏ।
ਥੋੜ੍ਹੀ ਦੇਰ ਪਹਿਲਾਂ ਜਲੰਧਰ ਰਹਿੰਦੇ ਕਲਾਕਾਰ ਮਿਲਖੀ ਰਾਮ ਮਿਲਖੀ ਦੀ ਗੁੰਮਨਾਮੀ ‘ਚ ਹੋਈ ਮੌਤ ਬਾਰੇ ਆਮ ਲੋਕ ਤਾਂ ਦੂਰ, ਕਿਸੇ ਪੱਤਰਕਾਰ ਨੂੰ ਵੀ ਪਤਾ ਨਾ ਲੱਗਾ ਕਿ ਆਪਣੇ ਵੇਲ਼ੇ ਦਾ ਮਹਾਨ ਕਲਾਕਾਰ ਚੁੱਪ-ਚਪੀਤੇ ਦੁਨੀਆਂ ਤੋਂ ਕੂਚ ਕਰ ਗਿਐ। ਅਮਰ ਸਿੰਘ ਮਸਤਾਨਾ, ਜਿਸ ਨੇ ਗਾਇਕੀ ਵਿਚ ਵਡਮੁੱਲਾ ਯੋਗਦਾਨ ਪਾਇਆ, ਅਧਰੰਗ ਨਾਲ ਕਈ ਮਹੀਨੇ ਮੰਜੇ ਨਾਲ ਜੁੜਿਆ ਰਿਹਾ ਤੇ ਅਖੀਰ ਉਸ ਦੀ ਮੌਤ ਹੋ ਗਈ। ਉਸ ਦੇ ਭੋਗ ਬਾਰੇ ਦੋ-ਚਾਰ ਖ਼ਬਰਾਂ ਛਪੀਆਂ ਤਾਂ ਲੋਕਾਂ ਨੂੰ ਪਤਾ ਲੱਗਾ ਕਿ ਉਹ ਵਿਚਾਰਾ ਇਸ ਦੁਨੀਆਂ ‘ਚ ਨਹੀਂ ਰਿਹਾ। ਆਪਣੀ ਗਾਇਕੀ ਕਰਕੇ ਪ੍ਰਸਿਧ ਹੋਇਆ ਜੋਗਿੰਦਰ ਸਿੰਘ ਮਤਵਾਲਾ ਦੀ ਬਿਮਾਰੀ ਨਾਲ ਲੜਦਿਆਂ ਮੌਤ ਕਿਹੜੇ ਵੇਲ਼ੇ ਹੋ ਗਈ, ਇਸ ਦਾ ਪਤਾ ਉਸ ਦੇ ਆਪਣੇ ਸ਼ਹਿਰ ਦੇ ਅੱਧੇ ਕਲਾਕਾਰਾਂ ਨੂੰ ਵੀ ਨਾ ਲੱਗਾ।
ਕਿਸੇ ਵੇਲ਼ੇ ਦੋਗਾਣਾ ਗਾਇਕੀ ਵਿਚ ਪ੍ਰਸਿਧ ਹੋਏ ਨੂਰਮਹਿਲ ਦੇ ਗਾਇਕ ਸੀਤਲ ਸਿੰਘ ਸੀਤਲ ਦੀ ਮੌਤ ਏਨੀ ਗੁੰਮਨਾਮੀ ਵਿਚ ਹੋਈ ਕਿ ਦੱਸਿਆਂ ਗੱਚ ਭਰ ਆਉਂਦੈ। ਇਹ ਚੰਦ ਕੁ ਉਨ੍ਹਾਂ ਲੋਕਾਂ ਦੀਆਂ ਉਦਾਹਰਣਾਂ ਨੇ ਜਿਨ੍ਹਾਂ ਨੂੰ ਦੇਖਣ ਲਈ ਲੋਕ ਗੱਡਿਆਂ ‘ਤੇ ਸਵਾਰ ਹੋ ਪ੍ਰੋਗਰਾਮ ਵਾਲੀ ਥਾਂ ਬਹੁੜਦੇ ਸਨ ਪਰ ਉਨ੍ਹਾਂ ਦੇ ਆਖਰੀ ਜੀਵਨ ਸਮੇਂ ਕਿਸੇ ਨੇ ਉਨ੍ਹਾਂ ਦੀ ਸਾਰ ਨਾ ਲਈ।
ਪੰਜਾਬ ਵਿਚ ਅਜਿਹੇ ਬਹੁਤ ਸਾਰੇ ਕਲਾਕਾਰ ਨੇ, ਜਿਨ੍ਹਾਂ ਦਾ ਕਿਸੇ ਵੇਲ਼ੇ ਗਾਇਕੀ, ਗੀਤਕਾਰੀ, ਸੰਗੀਤਕਾਰੀ ਜਾਂ ਅਦਾਕਾਰੀ ਵਿਚ ਬਹੁਤ ਵੱਡਾ ਨਾਂ ਰਿਹਾ ਪਰ ਅੱਜ ਉਨ੍ਹਾਂ ਦੀ ਹਾਲਤ ਸੁੱਕੇ ਪੱਤੇ ਵਰਗੀ ਹੋ ਚੁੱਕੀ ਏ। ਕੋਈ ਉਨ੍ਹਾਂ ਦੀ ਬਾਂਹ ਫੜਨ ਵਾਲਾ ਨਹੀਂ, ਕੋਈ ਨਹੀਂ ਜਾਣਦਾ ਉਹ ਕਿੱਥੇ ਨੇ, ਕਿਹੜੇ ਹਾਲ ਵਿਚ ਨੇ। ਪੰਜਾਬੀ ਫ਼ਿਲਮਾਂ ਦੇ ਆਪਣੇ ਵੇਲ਼ੇ ਦੇ ਪ੍ਰਸਿੱਧ ਅਦਾਕਾਰ ਸਤੀਸ਼ ਕੌਲ ਦੀ ਮੰਦੜੀ ਹਾਲਤ ਦੀਆਂ ਖ਼ਬਰਾਂ ਕਾਫੀ ਕੁਝ ਬਿਆਨ ਕਰ ਰਹੀਆਂ ਨੇ। ਨੱਬੇ ਤੋਂ ਵੱਧ ਪੰਜਾਬੀ ਤੇ ਪੰਜਾਹ ਤੋਂ ਵੱਧ ਹਿੰਦੀ ਫ਼ਿਲਮਾਂ ‘ਚ ਕੰਮ ਕਰ ਚੁਕਾ ਸਤੀਸ਼ ਕੌਲ ਅੱਜ ਫਟੇਹਾਲ ਜ਼ਿੰਦਗੀ ਜਿਊਂ ਰਿਹਾ ਹੈ। ਉਸ ਨੂੰ ਥਾਂ-ਥਾਂ ਦੁੱਖੜਾ ਬਿਆਨ ਕਰਨਾ ਪੈ ਰਿਹਾ ਏ ਕਿ ਪੰਜਾਬ ਵਿਚ ਕਲਾਕਾਰਾਂ ਦੀ ਦਿਲੋਂ ਕਦਰ ਕਰਨ ਵਾਲਾ ਕੋਈ ਨਹੀਂ ਬਚਿਆ। ਕੁਝ ਇੱਕ ਜਥੇਬੰਦੀਆਂ ਨੇ ਉਸ ਦੀ ਆਰਥਿਕ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਪੰਜਾਬ ਵਿਚ ਇਕ ਨਹੀਂ ਅਨੇਕਾਂ ‘ਸਤੀਸ਼ ਕੌਲ’ ਨੇ, ਜਿਨ੍ਹਾਂ ਦਾ ਬੁਰਾ ਹਾਲ ਹੈ। ਸਤੀਸ਼ ਕੌਲ ਦਾ ਕਹਿਣੈ, “ਅਸੀਂ ਉਨ੍ਹਾਂ ਵੇਲਿਆਂ ‘ਚ ਪੰਜਾਬੀ ਫ਼ਿਲਮਾਂ ਬਣਾਈਆਂ, ਜਦੋਂ ਅੱਜ ਵਰਗੀਆਂ ਸਹੂਲਤਾਂ ਨਹੀਂ ਸਨ। ਤਕਨੀਕ ਵੀ ਅੱਜ ਵਰਗੀ ਨਹੀਂ ਸੀ, ਸਭ ਕੁਝ ਹੱਥੀਂ ਕਰਨਾ ਪੈਂਦਾ ਸੀ। ‘ਸੱਸੀ ਪੁੰਨੂ’ ਵਰਗੀ ਫ਼ਿਲਮ ਬਣਾਉਣ ਵੇਲ਼ੇ ਮਾਰੂਥਲ ‘ਚ ਪੈਰ ਸੜ ਜਾਂਦੇ ਸਨ, ਪਰ ਅੱਜ ਜਦੋਂ ਮੁੜ ਪੰਜਾਬੀ ਫ਼ਿਲਮਾਂ ਦਾ ਦੌਰ ਪਰਤਿਐ ਤਾਂ ਸਾਨੂੰ ਪੁੱਛਣ ਵਾਲਾ ਕੋਈ ਨਹੀਂ। ਜਦੋਂ ਕਿਸੇ ਤੋਂ ਕੰਮ ਮੰਗਦੇ ਹਾਂ ਤਾਂ ਅੱਗੋਂ ‘ਤੁਹਾਡਾ ਦੌਰ ਗਿਆ’ ਵਾਲਾ ਜਵਾਬ ਮਿਲਦੈ। ਜੇ ਇਸ ਖੇਤਰ ਨਾਲ ਜੁੜੇ ਲੋਕ ਸਾਡਾ ਦਰਦ ਨਹੀਂ ਸਮਝਣਗੇ ਤਾਂ ਹੋਰ ਕੌਣ ਸਮਝੇਗਾ?”
ਭਲਾ ਕੌਣ ਜਾਣਦੈ ਕਿ ਅਮਰ ਸਿੰਘ ਚਮਕੀਲਾ ਨੂੰ ਗਾਇਕੀ ਦੇ ਪਿੜ ਵਿਚ ਲਿਆਉਣ ਵਾਲੀ ਆਪਣੇ ਵੇਲ਼ੇ ਦੀ ਮਸ਼ਹੂਰ ਗਾਇਕਾ ਸੁਰਿੰਦਰ ਸੋਨੀਆ ਅੱਜ ਕਿਹੜੇ ਹਾਲ ਜ਼ਿੰਦਗੀ ਗੁਜ਼ਾਰ ਰਹੀ ਹੈ। ਇਹੋ ਹਾਲ ਗੀਤਕਾਰ ਚਤਰ ਸਿੰਘ ਪਰਵਾਨਾ ਦਾ ਹੈ। ਜਿਹੜੀ ਉਮਰ ਮੰਜੇ ‘ਤੇ ਬੈਠ ਕੇ ਰੋਟੀ ਖਾਣ ਦੀ ਹੁੰਦੀ ਏ, ਉਸ ਉਮਰੇ ਉਸ ਵੱਲੋਂ ਥਾਂ-ਪੁਰ-ਥਾਂ ਲੱਗਦੇ ਛੋਟੇ-ਮੋਟੇ ਮੇਲਿਆਂ ‘ਚ ਜਾ ਕੇ ਆਪਣੀ ਦਾਲ-ਰੋਟੀ ਦਾ ਪ੍ਰਬੰਧ ਕੀਤਾ ਜਾਂਦੈ। ਕੋਈ ਨਹੀਂ ਜਾਣਦਾ ਕਿ ‘ਬਿੱਲੋ ਖਾ ਲੈ ਨਾਸ਼ਪਾਤੀਆਂ ਨਿੱਤ-ਨਿੱਤ ਨਹੀਂ ਸ਼ਹਿਰ ਵਿਚ ਆਉਣਾ’ ਸਮੇਤ ਅਨੇਕਾਂ ਨਾ ਭੁੱਲਣਯੋਗ ਗੀਤਾਂ ਦਾ ਗਾਇਕ ਦਲੀਪ ਸਿੰਘ ਦੀਪ ਅੰਮ੍ਰਿਤਸਰ ਵਿਚ ਕਿਹੜੇ ਹਾਲ ਜ਼ਿੰਦਗੀ ਜਿਊਂ ਰਿਹੈ? ਚੰਦਰਕਾਂਤਾ, ਜਿਸ ਦੀ ਸੁਰੀਲੀ ਅਵਾਜ਼ ‘ਚ ਆਏ ਲੋਕ ਗੀਤਾਂ ਦਾ ਅਨੰਦ ਰੇਡੀਓ, ਟੀæਵੀæ ਜ਼ਰੀਏ ਸਭ ਨੇ ਮਾਣਿਆ, ਅੱਜ ਕੇਹੀ ਗੁੰਮਨਾਮੀ ਵਾਲੀ ਜ਼ਿੰਦਗੀ ਜਿਊਂ ਰਹੀ ਏ?
ਕੋਟਕਪੂਰੇ ਵਸਦਾ ਭਲੇ ਵੇਲਿਆਂ ਦਾ ਮਸ਼ਹੂਰ ਗਾਇਕ ਉਤਮ ਸਿੰਘ ਭੋਲ਼ਾ ਨਾਥ ਜ਼ਿੰਦਗੀ ਦੇ ਅੰਤਲੇ ਸਾਲ ਕਿਵੇਂ ਕੱਢ ਰਿਹੈ, ਇਸ ਬਾਰੇ ਕੋਈ ਨਹੀਂ ਜਾਣਦਾ। ਅਮਰ ਨਾਥ ਤਾਨਸੈਨ, ਜਿਸ ਨੇ ਬਾਰਾਂ ਸਾਲ ਸਵਰਨ ਲਤਾ ਨਾਲ ਦੋਗਾਣੇ ਗਾ-ਗਾ ਪੰਜਾਬੀਆ ਦਾ ਮਨੋਰੰਜਨ ਕੀਤਾ, ਦੇ ਮੌਜੂਦਾ ਹਾਲ ਬਾਰੇ ਸੋਚਣ ਦੀ ਕਿਸੇ ਕੋਲ ਵਿਹਲ ਨਹੀਂ। ਹੋਰ ਵੀ ਬਥੇਰੇ ਕਲਾਕਾਰ ਹਨ ਜਿਨ੍ਹਾਂ ਨੂੰ ਆਪਣੀ ਰੋਜ਼ੀ ਰੋਟੀ ਲਈ ਜੂਝਣਾ ਪੈ ਰਿਹਾ ਹੈ। ਕਿਸੇ ਦਾ ਮਕਾਨ ਡਿਗੂੰ-ਡਿਗੂੰ ਕਰ ਰਿਹਾ ਏ, ਕੋਈ ਡਾਕਟਰੀ ਇਲਾਜ ਨਾ ਮਿਲਣ ਕਰਕੇ ਅੰਤਲੇ ਸਾਹ ਗਿਣ ਰਿਹਾ ਏ, ਕਿਸੇ ਨੂੰ ਦੋ ਵਕਤ ਦੀ ਰੋਟੀ ਸਹੀ ਤਰ੍ਹਾਂ ਨਸੀਬ ਨਹੀਂ ਹੋ ਰਹੀ। ਜੇ ਇਨ੍ਹਾਂ ਦੀ ਜਿਊਂਦੇ ਜੀਅ ਕਿਸੇ ਨੂੰ ਖਬਰ ਨਹੀਂ ਤਾਂ ਤੁਰ ਜਾਣ ਪਿੱਛੋਂ ਇਨ੍ਹਾਂ ਨੂੰ ਕੌਣ ਯਾਦ ਕਰੇਗਾ?
ਕਮਾਲ ਦੀ ਗੱਲ ਹੈ ਕਿ ਸਾਨੂੰ ਸਿਰਫ਼ ਉਸ ਕਲਾਕਾਰ ਦੀ ਗੁੰਮਨਾਮੀ ‘ਤੇ ਹੀ ਦੁੱਖ ਹੁੰਦਾ ਏ, ਜਿਸ ਦੀਆਂ ਖ਼ਬਰਾਂ ਮੀਡੀਏ ਦੀਆਂ ਸੁਰਖੀਆਂ ਬਣ ਜਾਣ। ਜਿਸ ਵੱਲ ਮੀਡੀਏ ਦਾ ਧਿਆਨ ਨਹੀਂ ਜਾਂਦਾ, ਉਸ ਵੱਲ ਕਿਸੇ ਦਾ ਵੀ ਨਹੀਂ ਜਾਂਦਾ। ਆਖਰ ਅਜਿਹਾ ਕਿਉਂ? ਉਨ੍ਹਾਂ ਦਾ ਹਾਲ-ਚਾਲ ਪੁੱਛਣ ਲਈ ਸਾਡੇ ਕੋਲ ਵੇਲ਼ਾ ਕਿਉਂ ਨਹੀਂ? ਅਸੀਂ ਹਰ ਜ਼ਿੰਮੇਵਾਰੀ ਸਰਕਾਰਾਂ ‘ਤੇ ਸੁੱਟਦੇ ਹਾਂ ਪਰ ਆਪਣੀ ਜ਼ਿੰਮੇਵਾਰੀ ਦਾ ਅਸੀਂ ਕਦੇ ਖਿਆਲ ਨਹੀਂ ਕਰਦੇ
ਸੀਤਲ ਸਿੰਘ ਸੀਤਲ ਉਹ ਗਵੱਈਆ ਸੀ, ਜਿਸ ‘ਤੇ ਕੁਦਰਤ ਮਿਹਰਬਾਨ ਵੀ ਇਕਦਮ ਹੋਈ ਤੇ ਕਹਿਰਵਾਨ ਵੀ। ਸੁਰਿੰਦਰ ਸੀਮਾ ਨਾਲ ਉਸ ਨੇ ਲੰਮਾ ਸਮਾਂ ਗਾਇਆ, ਖੂਬ ਕਮਾਇਆ ਤੇ ਖੂਬ ਗਵਾਇਆ। ਫੇਰ ਵੇਲ਼ਾ ਅਜਿਹਾ ਆ ਗਿਆ ਕਿ ਜਿੱਥੋਂ ਉਹ ਵਿਚਾਰਾ ਤੁਰਿਆ ਸੀ, ਮੁੜ ਉਨ੍ਹਾਂ ਕੋਠਿਆਂ ‘ਚ ਪਹੁੰਚ ਗਿਆ।
ਪੰਜ ਕੁ ਸਾਲ ਪਹਿਲਾਂ ਮੈਂ ਜਦੋਂ ਆਪਣੀ ਕਿਤਾਬ ‘ਸੁਰਾਂ ਦੇ ਵਾਰਿਸ’ ਵਿਚ ਉਸ ਨਾਲ ਮੁਲਾਕਾਤ ਕਰਨ ਗਿਆ ਤਾਂ ਉਸ ਨੇ ਕਿਤਾਬ ਲਿਖਣ ਦਾ ਕਾਰਨ ਪੁੱਛਿਆ ਕਿਹਾ।
ਮੈਂ ਕਿਹਾ, “ਇਸ ਵਿਚ ਤੁਹਾਡੇ ਵਰਗੇ ਉਹ ਫ਼ਨਕਾਰ ਹੋਣਗੇ, ਜਿਨ੍ਹਾਂ ਦੀ ਦੇਣ ਬਹੁਤ ਵੱਡੀ ਏ, ਪਰ ਹੁਣ ਗੁੰਮਨਾਮੀ ਵਿਚ ਜਿਊਂ ਰਹੇ ਨੇ, ਪੈਸੇ ਵਲੋਂ ਆਵਾਜ਼ਾਰ ਨੇæææ?”
ਉਸ ਦੇ ਮੱਥੇ ‘ਤੇ ਤਿਉੜੀ ਆ ਗਈ। ਕਿਹਾ, “ਮੇਰੀ ਅੱਜ ਵੀ ਚੜ੍ਹਤ ਏ, ਮੈਨੂੰ ਸਭ ਜਾਣਦੇ ਨੇ, ਮੈਂ ਤਾਂ ਗੁੰਮਨਾਮ ਨਹੀਂ।”
ਖੈਰ, ਕਿਤਾਬ ਛਪ ਗਈ। ਸੀਤਲ ਬਾਰੇ ਵੀ ਉਸ ਵਿਚ ਲਿਖਿਆ ਤਾਂ ਇਕ ਚੈਨਲ ਨੇ ਕਿਤਾਬ ਵਿਚ ਸ਼ਾਮਲ ਪੰਜ ਗਰੀਬ ਕਲਾਕਾਰਾਂ ਦੀ ਆਰਥਿਕ ਮੱਦਦ ਲਈ ਇਕ ਸਮਾਗਮ ਰਚਾਇਆ। ਸੀਤਲ ਦਾ ਨਾਂ ਉਨ੍ਹਾਂ ਵਿਚ ਸ਼ਾਮਲ ਨਹੀਂ ਸੀ। ਜਦੋਂ ਅਗਲੇ ਦਿਨ ਅਖ਼ਬਾਰਾਂ ਵਿਚ ਖ਼ਬਰਾਂ ਛਪੀਆਂ ਕਿ ਏਦਾਂ ਦਾ ਸਮਾਗਮ ਹੋਇਐ ਤੇ ਫ਼ਲਾਣੇ-ਫ਼ਲਾਣੇ ਦਾ ਸਨਮਾਨ ਕੀਤਾ ਗਿਐ ਤਾਂ ਸੀਤਲ ਦਾ ਫੋਨ ਆਇਆ, “ਮੈਨੂੰ ਤੁਸੀਂ ਕਿਉਂ ਭੁਲਾਇਆ, ਮੈਂ ਕਿਹੜਾ ਆਰਥਿਕ ਪੱਖੋਂ ਤਕੜਾ ਹਾਂ, ਜੇ ਅੱਜ ਮੇਰੇ ‘ਤੇ ਮਾੜਾ ਵੇਲ਼ਾ ਆ ਗਿਐ ਤਾਂ ਮੈਨੂੰ ਭੁੱਲੋ ਨਾæææਅੱਗੋਂ ਖਿਆਲ ਰੱਖਿਓ।”
ਹੁਣ ਜਦੋਂ ਉਸ ਨੂੰ ਦੁਨੀਆਂ ਤੋਂ ਗਿਆਂ ਕਈ ਸਾਲ ਹੋ ਚੁੱਕੇ ਨੇ ਤਾਂ ਉਸ ਦੀਆਂ ਗੱਲਾਂ ਵਾਰ-ਵਾਰ ਚੇਤੇ ਆਉਂਦੀਆਂ ਨੇ। ਜਿਹੜੇ ਬੰਦੇ ਨੇ ਚੜ੍ਹਤ ਦੇ ਦਿਨ ਦੇਖੇ ਹੋਣ, ਉਹ ਇਕਦਮ ‘ਢਹਿੰਦੀ ਕਲਾ’ ਮੰਨਣ ਲਈ ਤਿਆਰ ਨਹੀਂ ਹੁੰਦਾ। ਉਹ ਆਪਣਾ ਦਰਦ ਲੁਕਾ ਕੇ ਰੱਖਣਾ ਹੀ ਠੀਕ ਸਮਝਦੈ, ਕਿਉਂਕਿ ਉਸ ਦੇ ਦਰਦ ਦਾ ਮੌਜੂ ਉਡਾਉਣ ਵਾਲੇ ਤਾਂ ਬਹੁਤ ਹੁੰਦੇ ਨੇ, ਪਰ ਦਰਦ ਵੰਡਾਉਣ ਵਾਲਾ ਕੋਈ ਨਹੀਂ।

Be the first to comment

Leave a Reply

Your email address will not be published.