ਕਲਾਕਾਰ, ਸੋਸ਼ਲ ਮੀਡੀਆ ਤੇ ਲੋਕ

ਦਲਜੀਤ ਸਿੰਘ, ਇੰਡੀਆਨਾ
ਜਦੋਂ ਦਾ ਸੋਸ਼ਲ ਮੀਡੀਆ ਆਇਆ ਹੈ, ਸਭ ਤੋਂ ਪਹਿਲਾਂ ਇਸ ਦਾ ਸ਼ਿਕਾਰ ਸਾਧ ਤੇ ਪਖੰਡੀ ਲਾਣਾ ਹੋਇਆ ਹੈ; ਜਾਗਰੂਕ ਲੋਕਾਂ ਨੇ ਪਖੰਡੀਆਂ ਦੀ ਬੋਲਤੀ ਬੰਦ ਕਰ ਦਿੱਤੀ। ਭਾਵੇਂ ਡੇਰਾਵਾਦ ਬੰਦ ਨਹੀਂ ਹੋਇਆ, ਪਰ ਵਧਿਆ ਵੀ ਨਹੀਂ। ਕਈ ਸਾਧਾਂ ਤੋਂ ‘ਭਾਈ ਸਾਹਿਬ’ ਬਣਾਏ ਸੋਸ਼ਲ ਮੀਡੀਏ ਨੇ। ਸਾਧਾਂ ਪਿਛੋਂ ਕਲਾਕਾਰਾਂ ਦੀ ਵਾਰੀ ਆਈ ਹੈ। ਨਿੱਤ ਰੋਜ ਉਠ ਰਹੇ ਕੱਚ ਘਰੜ ਕਲਾਕਾਰਾਂ ਨੇ ਸਮਾਜ ਨੂੰ ਐਸਾ ਗੰਧਲਾ ਕਰਨਾ ਸ਼ੁਰੂ ਕੀਤਾ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਹੋ ਰਹੀ ਦੁਰਦਸ਼ਾ ਤੋਂ ਆਮ ਲੋਕ ਚਿੰਤਾ ਵਿਚ ਹਨ ਕਿ ਬਣ ਕੀ ਰਿਹਾ ਐ?

ਜਦੋਂ ਕਿਸੇ ਚੀਜ਼ ਦੀ ਗਿਣਤੀ ਵਧ ਰਹੀ ਹੋਵੇ, ਫਿਰ ਉਸ ਨੂੰ ਠੱਲ੍ਹ ਪੈਣੀ ਵੀ ਕੁਦਰਤੀ ਵਰਤਾਰਾ ਹੈ। ਪੰਜਾਬ ਦੇ ਵਿਆਹਾਂ ਵਿਚ ਇਨ੍ਹਾਂ ਦੇ ਅਖਾੜੇ ਲੱਗਣੇ ਕਰੀਬ ਬੰਦ ਹਨ, ਸਿਰਫ ਖੇਡ ਮੇਲਿਆਂ ਅਤੇ ਆਹ ਅਖੌਤੀ ਸਾਂਈਆਂ ਦੀਆਂ ਕਬਰਾਂ ‘ਤੇ ਗਾਉਂਦੇ ਨੇ। ਗੀਤ ‘ਤੇ ਖਰਚਾ ਇੰਨਾ ਕਰ ਲੈਂਦੇ ਹਨ, ਫੇਰ ਕੋਈ ਨਾ ਕੋਈ ਵਿਵਾਦਤ ਗੱਲ ਕਰਕੇ ਰਾਤੋ ਰਾਤ ਮਸ਼ਹੂਰ ਹੋਣ ਦੀ ਤਾਕ ਵਿਚ ਰਹਿੰਦੇ ਨੇ।
ਕਈਆਂ ਦਾ ਮਸ਼ਹੂਰ ਹੋਣ ਪਿੱਛੋਂ ਦਿਮਾਗ ਇੰਨਾ ਚੁੱਕਿਆ ਜਾਂਦਾ ਹੈ ਕਿ ਬੰਦੇ ਨੂੰ ਬੰਦਾ ਈ ਨਹੀਂ ਸਮਝਦੇ। ਜਦੋਂ ਇਨ੍ਹਾਂ ਦਾ ਗ੍ਰਾਫ ਡਿੱਗਣ ਲਗਦਾ ਹੈ, ਫਿਰ ਨਸ਼ੇ ਕਰਨ ਲੱਗ ਜਾਂਦੇ ਹਨ| ਹੰਕਾਰ ਸਿਰ ਚੜ੍ਹ-ਚੜ੍ਹ ਬੋਲਦਾ ਹੈ, ਲੋਕ ਇੰਨੀ ਫੂਕ ਛਕਾਉਂਦੇ ਨੇ ਕਿ ਧਰਤੀ ਤੋਂ ਪੈਰ ਚੁੱਕੇ ਜਾਂਦੇ ਹਨ|
ਹੁਣ ਪਿਛਲੇ ਕੁਝ ਸਮੇਂ ਤੋ ਅੱਕੇ ਹੋਏ ਲੋਕ ਇਨ੍ਹਾਂ ਦੇ ਗਲ ਪੈਣ ਲੱਗੇ ਨੇ; ਤਾਂ ਹੀ ਪੰਜਾਬ ਵਿਚ ਤਾਂ ਉਹ ਡਰਦੇ ਬਾਊਂਸਰ ਰੱਖਦੇ ਨੇ, ਪਰ ਵਿਦੇਸ਼ਾਂ ਵਿਚ ਇਨ੍ਹਾਂ ਦੀ ਛਿੱਤਰ ਪਰੇਡ ਹੋਣ ਲੱਗੀ ਹੈ|
ਕਰਨ ਔਜਲੇ ਤੋਂ ਸ਼ੁਰੂ ਹੋਈ ਗੱਲ ਪੋਸਟ ਲਿਖਣ ਤੱਕ ਗੁਰਦਾਸ ਮਾਨ ਤੱਕ ਆ ਗਈ ਹੈ। ਗਾਇਕਾ ਕੌਰ ਬੀ ਦੀ ਸ਼ੁਰੂਆਤ ਚੰਗੀ ਸੀ, ਪਰ ਉਸ ਨੇ ਜਲਦੀ ਹੀ ਪੈਰ ਛੱਡ ਦਿੱਤੇ, ਆਪਣੇ ਆਪ ਦੇ ਲਤਾ ਮੰਗੇਸ਼ਕਰ ਹੋਣ ਦਾ ਭੁਲੇਖਾ ਪਾਲ ਲਿਆ; ਆਵਾਜ਼ ਭਾਵੇਂ ਹੁਣ ਮਹੰਤਾਂ ਵਰਗੀ ਹੋ ਗਈ ਹੈ|
ਕੌਰ ਬੀ ਦਾ ਟੂਰ ਸੀ, ਆਸਟਰੇਲੀਆ ਦਾ। ਸ਼ੋਅ ਤੋਂ ਬਾਅਦ ਪ੍ਰੋਮੋਟਰ ਨੇ ਡਿਨਰ ਰੱਖ ਲਿਆ, ਆਪਣੇ ਚਹੇਤੇ ਬੁਲਾ ਲਏ। ਬੀਬੀ ਨੇ ਕਲੇਸ਼ ਪਾ ਲਿਆ ਕਿ ਇੰਨੇ ਬੰਦੇ ਕਿਉਂ ਸੱਦੇ ਨੇ? ਕਿਸੇ ਸ਼ਰਾਬੀ ਨੇ ਉਠ ਕੇ ਕੌਰ ਬੀ ਦੇ ਭਰਾ ਦੇ ਛਿੱਤਰ ਮਾਰ ਦਿੱਤੇ ਅਤੇ ਕੌਰ ਬੀ ਨੂੰ ਧੱਕੇ ਮਾਰੇ, ਕਾਫੀ ਬੇਇਜਤੀ ਹੋਈ।
ਫਿਰ ਬਾਲੀਵੁੱਡ ਕਲਾਕਾਰ ਗੁਰੂ ਰੰਧਾਵਾ ਜਦੋਂ ਵੈਨਕੁਵਰ ‘ਚ ਸ਼ੋਅ ਦੌਰਾਨ ਸਟੇਜ ‘ਤੇ ਫੁਕਰੀ ਦਿਖਾਉਣ ਲੱਗਾ ਤਾਂ ਸਟੇਜ ਤੋਂ ਉਤਰਦੇ ਦੇ ਕਿਸੇ ਨੇ ਨਾਸਾਂ ‘ਤੇ ਮੁੱਕਾ ਮਾਰ ਦਿੱਤਾ। ਚਾਰ ਟਾਂਕੇ ਲੱਗੇ। ਦੂਜੇ ਦਿਨ ਗੁਰੂ ਰੰਧਾਵਾ ਨੇ ਧਮਕੀ ਦਿੱਤੀ, “ਹੁਣ ਨਹੀਂ ਮੈਂ ਆਉਂਦਾ ਕੈਨੇਡਾ।” ਅਹਿਸਾਨ ਤਾਂ ਇਸ ਤਰ੍ਹਾਂ ਕਰ ਗਿਆ ਜਿਵੇਂ ਇਸ ਤੋਂ ਬਿਨਾ ਕਿਤੇ ਕੈਨੇਡਾ ਦਾ ਕੰਮ ਖੜ੍ਹ ਜਾਣਾ!
ਵਾਰੀ ਆਈ ਸਭਿਆਚਾਰਕ ਦੇ ਨਾਂ ‘ਤੇ ਚੀਕ ਚੀਕ ਗਾਉਣ ਵਾਲੇ ਰੰਧਾਵਾ ਭਰਾਵਾਂ ਦੀ, ਜਿਨ੍ਹਾਂ ਕਿਹਾ, “ਐਲੀ ਮਾਂਗਟ ਨੇ ਬਹੁਤ ਗੰਦ ਪਾਇਆ।” ਇੰਨਾ ਕਹਿਣ ਦੀ ਦੇਰ ਸੀ, ਜਿਨ੍ਹੇ ਐਲੀ ਮਾਂਗਟ ਸੁਣਿਆ ਨਹੀਂ, ਉਨ੍ਹੇ ਵੀ ਯੂ ਟਿਊਬ ‘ਤੇ ਸਰਚ ਮਾਰੀ ਤੇ ਐਲੀ ਨੂੰ ਸੁਣਿਆ। ਰਮੀ ਅਤੇ ਐਲੀ ਦੀ ਸ਼ਬਦੀ ਜੰਗ ਸੋਸ਼ਲ ਮੀਡੀਏ ‘ਤੇ ਲਾਈਵ ਹੋ ਕੇ ਇਸ ਤਰ੍ਹਾਂ ਹੋਣ ਲੱਗੀ, ਜਿਵੇਂ ਕੌਮ ਦਾ ਬਹੁਤ ਵੱਡਾ ਕੰਮ ਕਰ ਰਹੇ ਹੋਣ।
ਐਲੀ ਮਾਂਗਟ ਨੇ ਚੈਲੰਜ ਕਬੂਲ ਕੀਤਾ ਅਤੇ ਰਮੀ ਦੇ ਘਰ ਅੱਗੇ ਲਲਕਾਰੇ ਕਾਹਦੇ ਮਾਰੇ, ਪੁਲਿਸ ਨੇ ਚੁੱਕ ਕੇ ਐਸੀ ਗਿੱਦੜ ਕੁੱਟ ਕੀਤੀ ਕਿ ਸਾਰੀ ਬਦਮਾਸ਼ੀ ਨਿਕਲ ਗਈ। ਲੋਕ ਕੈਨੇਡਾ ਵਰਗੇ ਦੇਸ਼ ਵਿਚ ਆਉਣ ਨੂੰ ਤਰਸਦੇ ਨੇ, ਇਹ ਵਿਹਲੜਾਂ ਦੀ ਚੁੱਕ ਵਿਚ ਆ ਕੇ ਉਥੇ ਚਲਿਆ ਗਿਆ। ਨਾਲੇ ਅਗਲਿਆਂ ਕੁੱਟਿਆ, ਨਾਲੇ ਹੁਣ ਜਿੰਨੀ ਦੇਰ ਕੇਸ ਨਹੀਂ ਮੁੱਕਦਾ, ਉਨੀ ਦੇਰ ਕੈਨੇਡਾ ਨਹੀਂ ਜਾ ਸਕੇਗਾ।
ਫਿਰ ਵਾਰੀ ਆਈ ਦਿਲਜੀਤ ਦੋਸਾਂਝ ਦੀ, ਉਸ ਦੇ ਅਮਰੀਕਾ ਵਿਚ ਤਿੰਨ ਸ਼ੋਅ-ਕੈਲੀਫੋਰਨੀਆ, ਹਿਊਸਟਨ ਅਤੇ ਨਿਊ ਯਾਰਕ ਸਨ, ਪਰ ਹਿਊਸਟਨ ਵਾਲਾ ਸ਼ੋਅ ਇਸ ਕਰਕੇ ਕਰਨ ਤੋਂ ਨਾਂਹ ਕਰ ਦਿੱਤੀ ਕਿ ਪ੍ਰੋਮੋਟਰ ਇਕ ਪਾਕਿਸਤਾਨੀ ਮੁਸਲਿਮ ਹੈ, ਜਦੋਂ ਕਿ ਇਹ ਮੁਸਲਿਮ ਬੰਦਾ ਅਮਰੀਕਾ ਦਾ ਜੰਮਪਲ ਤੇ ਅਮਰੀਕੀ ਸਿਟੀਜ਼ਨ ਹੈ। ਦਿਲਜੀਤ ਦੀ ਮੁੱਖ ਪ੍ਰੋਮੋਟਰ ਕੰਪਨੀ ‘ਬਾਲਾ ਜੀ’ ਨੇ ਜਦੋਂ ਇਸ ਪ੍ਰੋਮੋਟਰ ਨਾਲ ਸ਼ੋਅ ਸਾਈਨ ਕੀਤਾ, ਕੀ ਉਦੋਂ ਨਹੀਂ ਸੀ ਪਤਾ ਕਿ ਉਹ ਮੁਸਲਿਮ ਹੈ? ਇਕ ਕਾਰਨ ਤਾਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ਼ੋਅ ਤੋਂ ਅਗਲੇ ਦਿਨ ਹਿਊਸਟਨ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਮਾਗਮ ਵੀ ਸੀ। ਗੱਲ ਕੀ, ਦਿਲਜੀਤ ਨੇ ਇਹ ਸ਼ੋਅ ਰੱਦ ਇਸ ਕਰਕੇ ਕੀਤਾ ਕਿ ਮੈਂ ਦੇਸ਼ ਭਗਤੀ ਦਾ ਸਰਟੀਫਿਕੇਟ ਲੈ ਸਕਾਂ, ਪਰ ਪ੍ਰੋਮੋਟਰ ਦਾ ਕਾਫੀ ਨੁਕਸਾਨ ਹੋ ਗਿਆ। ਲੋਕਾਂ ਵਿਚ ਦਿਲਜੀਤ ਵਿਰੁਧ ਇਸ ਗੱਲ ਦਾ ਗੁੱਸਾ ਹੈ ਕਿ ਉਸ ਨੂੰ ਇਕ ਕਲਾਕਾਰ ਵਜੋਂ ਧਰਮ, ਨਸਲ ਦਾ ਭੇਦਭਾਵ ਨਹੀਂ ਸੀ ਕਰਨਾ ਚਾਹੀਦਾ।
ਕੁਝ ਗੀਤਾਂ ਅਤੇ ਦੋ ਫਿਲਮਾਂ ਕਰਨ ਵਾਲਾ ਗੁਰਨਾਮ ਭੁੱਲਰ ਸਟੇਜ ‘ਤੇ ਪ੍ਰੋਗਰਾਮ ਕਰ ਰਿਹਾ ਸੀ ਤਾਂ ਇਕ ਪ੍ਰਸ਼ੰਸਕ ਸਟੇਜ ‘ਤੇ ਉਸ ਨੂੰ ਉਸ ਦੀ ਫੋਟੋ ਭੇਟ ਕਰਨ ਗਿਆ। ਗੁਰਨਾਮ ਕਹਿੰਦਾ, ‘ਆ ਜਾਂਦੇ ਨੇ ਫੋਟੋ ਡਾਊਨਲੋਡ ਕਰਕੇ ਦੇਣ…।’ ਫੋਟੋ ਫੜ ਕੇ ਸਰੋਤੇ ਨੂੰ ਪਿਛੇ ਧੱਕ ਦਿਤਾ। ਇਹ ਸਭ ਦੇਖ ਕੇ ਲੋਕਾਂ ਨੂੰ ਗੁੱਸਾ ਆ ਗਿਆ ਤੇ ਗੁਰਨਾਮ ਭੁੱਲਰ ਦੀ ਜਦੋਂ ਕੁੱਤੇਖਾਨੀ ਸ਼ੁਰੂ ਕੀਤੀ ਤਾਂ ਦੂਜੇ ਦਿਨ ਮੁਆਫੀ ਮੰਗ ਗਿਆ।
ਹਾਲੇ ਗੁਰਨਾਮ ਭੁੱਲਰ ਦੀ ਮੁਆਫੀ ਦੀ ਸਿਆਹੀ ਸੁੱਕੀ ਨਹੀਂ ਸੀ ਕਿ ਵਾਰੀ ਆ ਗਈ ਸਿੱਧੂ ਮੂਸੇਵਾਲੇ ਦੀ। ਉਸ ਨੇ ਇਕ ਗੀਤ ਵਿਚ ਮਾਈ ਭਾਗੋ ਦੀ ਗੱਲ ਕੀਤੀ ਤਾਂ ਸਿੱਖ ਹਲਕਿਆਂ ਵਿਚ ਰੋਸ ਇਕ ਦਮ ਫੈਲ ਗਿਆ ਅਤੇ ਇਸ ਤੋਂ ਪਹਿਲਾਂ ਕਿ ਲੋਕ ਇਸ ਨੂੰ ਘੇਰ ਕੇ ਜੂਤ ਫੇਰਦੇ, ਰਾਤੋ ਰਾਤ ਟਿਕਟ ਕਟਾਈ ਤੇ ਕੈਨੇਡਾ ਜਾ ਵੜਿਆ। ਭਾਵੇਂ ਇਹ ਕਹਿੰਦਾ ਸੀ, ‘ਜੱਟ ਉਸ ਪਿੰਡ ਨੂੰ ਬਿਲੌਂਗ ਕਰਦਾ, ਜਿਥੇ ਬੰਦਾ ਮਾਰ ਕੇ ਬਾਅਦ ‘ਚ ਕਸੂਰ ਪੁੱਛਦੇ।’ ਸਿੱਧੂ ਮੂਸੇਵਾਲੇ ਨੂੰ ਪਤਾ ਸੀ, ਜੇ ਇਥੇ ਪੰਜਾਬ ਪੁਲਿਸ ਦੇ ਅੜਿੱਕੇ ਆ ਗਿਆ ਤਾਂ ਐਲੀ ਵਾਲੀ ਨਾ ਹੋਵੇ। ਮੂਸੇਵਾਲੇ ਦੀ ਮੁਆਫੀ ਅਤੇ ਕੁੱਤੇਖਾਣੀ ਨਾਲੋ ਨਾਲ ਚੱਲਦੀ ਰਹੀ|
ਚੱਲ ਸੋ ਚੱਲ ਵਿਚ ਗੁਰਦਾਸ ਮਾਨ ਵੀ ਪਿਛੇ ਨਾ ਰਿਹਾ। ਕੈਨੇਡਾ ਵਿਚ ਚੱਲ ਰਹੇ ਸ਼ੋਆਂ ਦੌਰਾਨ ਸਨਿਚਰਵਾਰ ਸ਼ਾਮ ਨੂੰ ਸ਼ੋਅ ਸੀ, ਜਿਸ ਦੀ ਪ੍ਰੋਮੋਸ਼ਨ ਲਈ ਗੁਰਦਾਸ ਮਾਨ ਇਕ ਰੇਡੀਓ ‘ਤੇ ਹਰਜਿੰਦਰ ਥਿੰਦ ਨਾਲ ਇੰਟਰਵਿਊ ਕਰ ਰਿਹਾ ਸੀ। ਥਿੰਦ ਨੇ ਐਸਾ ਸਵਾਲ ਪੁਛਿਆ ਕਿ ਗੁਰਦਾਸ ਮਾਨ ਦੇ ਮੂੰਹੋਂ ਐਸੇ ਸਮੇਂ ਅਜਿਹੇ ਸ਼ਬਦ ਨਿਕਲੇ, ਜਿਸ ਨਾਲ ਬਲਦੀ ਅੱਗ ‘ਤੇ ਤੇਲ ਪੈ ਗਿਆ। ਜਦੋਂ ਗੁਰਦਾਸ ਮਾਨ ਨੇ ਕਿਹਾ, ਹਿੰਦੀ ਸਾਡੀ ਮਾਸੀ ਹੈ, ‘ਇਕ ਨੇਸ਼ਨ, ਇਕ ਬੋਲੀ’ ਹੋਣੀ ਚਾਹੀਦੀ ਹੈ, ਤਾਂ ਪੰਜਾਬੀਆਂ ਦੇ ਦਿਲਾਂ ਨੂੰ ਵੱਡੀ ਠੇਸ ਪਹੁੰਚੀ। ਗੁਰਦਾਸ ਮਾਨ ਬੇਸ਼ਕ ਸਾਫ ਸੁਥਰੇ ਗੀਤ ਗਾਉਣ ਸਦਕਾ ਹੁਣ ਤੱਕ ਟਿਕਿਆ ਹੋਇਆ ਹੈ, ਪਰ ਇਸ ਗੱਲ ਨੇ ਉਸ ਦੀ ਹੁਣ ਤੱਕ ਦੀ ਗਾਇਕੀ ‘ਤੇ ਸਵਾਲੀਆ ਨਿਸ਼ਾਨ ਲਾ ਦਿੱਤਾ।
ਜਾਪਦਾ ਹੈ, ਫਿਲਮੀ ਕਲਾਕਾਰ ਅਤੇ ਗਾਇਕ ਭਗਵਿਆਂ ਤੋਂ ਇਸ ਕਦਰ ਡਰੇ ਹੋਏ ਨੇ ਕਿ ਥਾਂ ਥਾਂ ਪੰਜਾਬੀ ਨੂੰ ਛੱਡ ਦੇਸ਼ ਭਗਤੀ ਦੇ ਸਰਟੀਫਿਕੇਟ ਪੱਕੇ ਕਰਦੇ ਫਿਰਦੇ ਨੇ। ਮੁੱਕਦੀ ਗੱਲ, ਲੋਕ ਫਿਲਮਾਂ ਦੇਖਣ, ਗੀਤ ਸੁਣਨ ਪਰ ਅਦਾਕਾਰਾਂ-ਗਾਇਕਾਂ ਨੂੰ ਮਾਰਗ ਦਰਸ਼ਕ ਨਾ ਮੰਨਣ, ਇਨ੍ਹਾਂ ਨੂੰ ਸਿਰਫ ਮਨੋਰੰਜਨ ਤੱਕ ਹੀ ਸੀਮਤ ਰੱਖਿਆ ਜਾਵੇ ਤਾਂ ਚੰਗਾ। ਜੇ ਕੋਈ ਸਭਿਅਕ ਤੇ ਵਧੀਆ ਗਾਉਂਦਾ ਹੈ ਤਾਂ ਉਸ ਦੀ ਸਿਫਤ ਕਰੋ, ਜੇ ਗੰਦ ਪਾਉਂਦਾ ਹੈ ਤਾਂ ਉਸ ਦਾ ਬਾਈਕਾਟ ਕਰੋ।