ਗੁਰੂ ਗ੍ਰੰਥ ਸਾਹਿਬ: ਬ੍ਰਹਿਮੰਡੀ ਸਰੋਕਾਰ

ਡਾ. ਦੇਵਿੰਦਰ ਪਾਲ ਸਿੰਘ*
“ਗੁਰੂ ਗ੍ਰੰਥ ਸਾਹਿਬ: ਬ੍ਰਹਿਮੰਡੀ ਸਰੋਕਾਰ” ਕਿਤਾਬ ਦੀ ਲੇਖਿਕਾ ਡਾ. ਕੁਲਦੀਪ ਕੌਰ, ਜਿਥੇ ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬੀ ਭਾਸ਼ਾ ਦੇ ਅਧਿਆਪਨ ਤੇ ਖੋਜ ਕਾਰਜਾਂ ਨੂੰ ਸਮਰਪਿਤ ਹੈ, ਉਥੇ ਸਿੱਖ ਧਰਮ ਦੀ ਨਿਸ਼ਠਾਵਾਨ ਚਿੰਤਕ ਵਜੋਂ ਵੀ ਉਨੀ ਹੀ ਮਕਬੂਲ ਹੈ। ਅੱਜ ਕਲ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਦਿੱਲੀ ਯੂਨੀਵਰਸਿਟੀ ਵਿਖੇ ਐਸੋਸੀਏਟ ਪ੍ਰੋਫੈਸਰ ਹੈ। ਉਸ ਨੇ ਹੁਣ ਤਕ ਅੱਠ ਕਿਤਾਬਾਂ ਮਾਂ-ਬੋਲੀ ਪੰਜਾਬੀ ਦੀ ਝੋਲੀ ਪਾਈਆਂ ਹਨ। ਜਿਨ੍ਹਾਂ ਵਿਚ ਉਸ ਨੇ ਸਾਹਿਤ ਦੀਆਂ ਵਿਭਿੰਨ ਵਿਧਾਵਾਂ-ਕਵਿਤਾਵਾਂ, ਨਿਬੰਧ ਵਾਰਤਕ, ਸੰਪਾਦਨ ਅਤੇ ਸਮੀਖਿਆ ‘ਤੇ ਹੱਥ-ਅਜ਼ਮਾਈ ਕੀਤੀ ਹੈ। ਸਿੱਖ ਦਰਸ਼ਨ ਸਬੰਧੀ ਗੁਰਬਾਣੀ ਵਿਚ “ਸ਼ਬਦ ਰਹੱਸ” ਅਤੇ Ḕਬ੍ਰਹਿਮੰਡੀ ਪਰਿਪੇਖ” ਦੀ ਪੜਚੋਲ ਉਸ ਦੀ ਵਿਸ਼ੇਸ਼ ਦਿਲਚਸਪੀ ਦਾ ਖੇਤਰ ਰਹੇ ਹਨ।

ਡਾ. ਕੁਲਦੀਪ ਕੌਰ ਨੇ “ਗੁਰੂ ਗ੍ਰੰਥ ਸਾਹਿਬ: ਬ੍ਰਹਿਮੰਡੀ ਸਰੋਕਾਰ” ਕਿਤਾਬ ਵਿਚ “ਆਰੰਭਕਾ” ਅਤੇ “ਮੇਰਾ ਪੱਖ” ਨਿਬੰਧਾਂ ਤੋਂ ਇਲਾਵਾ ਪੰਜ ਕਾਂਡ ਸ਼ਾਮਿਲ ਕੀਤੇ ਹਨ। ਇਸ ਦੇ ਬਾਅਦ ਨਿਸ਼ਕਰਸ਼ ਅਤੇ ਸੰਦਰਭਿਕਾ ਦਾ ਵਰਣਨ ਹੈ। ਕਿਤਾਬ “ਸੰਪੂਰਨ ਗੁਰੂ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਨੂੰ ਸਮਰਪਿਤ ਹੈ। ਸ਼ੁਰੂ ਵਿਚ “ਬ੍ਰਹਿਮੰਡੀ ਗੀਤ” ਦੇ ਸਿਰਲੇਖ ਹੇਠ ਗੁਰੂ ਨਾਨਕ ਸਾਹਿਬ ਦੀ ਰਚੀ ਆਰਤੀ ਹੈ, ਜੋ ਲੇਖਿਕਾ ਦੀ ਸਿੱਖ ਧਰਮ ਪ੍ਰਤੀ ਸ਼ਰਧਾ ਤੇ ਲਗਾਉ ਦੇ ਨਾਲ ਨਾਲ ਕਿਤਾਬ ਦੇ ਮੂਲ ਵਿਸ਼ੇ ਦਾ ਪ੍ਰਤੀਕ ਹੈ।
ਪੁਸਤਕ ਦੇ ਅਰੰਭਕ ਲੇਖ ਵਿਚ ਡਾ. ਕੁਲਦੀਪ ਕੌਰ ਦਾ ਕਥਨ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਇਕ ਅਜਿਹਾ ਧਾਰਮਿਕ ਗ੍ਰੰਥ ਹੈ, ਜੋ ਬ੍ਰਹਮ-ਆਧਾਰਿਤ ਵਿਸ਼ਵ-ਦ੍ਰਿਸ਼ਟੀ ਨੂੰ ਪੂਰੇ ਬ੍ਰਹਿਮੰਡ ਦੇ ਸੰਦਰਭ ਵਿਚ ਪੇਸ਼ ਕਰਦਾ ਹੈ। 12ਵੀਂ ਤੋਂ 16ਵੀਂ ਸਦੀ ਦੌਰਾਨ ਰਚੀ ਗਈ ਇਸ ਬਾਣੀ ਵਿਚ ਮੌਜੂਦ ਸਰੋਕਾਰ ਸਮਕਾਲੀ ਪ੍ਰਸੰਗ ਨਾਲ ਮੇਲ ਖਾਂਦੇ ਹਨ। ਉਨ੍ਹਾਂ ਅਨੁਸਾਰ ਵਰਤਮਾਨ ਸਮੇਂ ਧਰਮ ਤੇ ਵਿਗਿਆਨ ਦੇ ਖੇਤਰ ਵਿਚ ਸੁਮੇਲ ਦੋਹਾਂ ਹੀ ਖੇਤਰਾਂ ਵਿਚ ਨਵੀਆਂ ਉਪਲਬਧੀਆਂ ਦੀ ਜਨਮਦਾਤਾ ਬਣ ਰਹੀ ਹੈ। ਸਮੇਂ ਨਾਲ ਵਿਗਿਆਨ ਤੇ ਰਹੱਸਵਾਦ ਮਨੁੱਖੀ ਸੂਝ-ਬੂਝ ਦੇ ਪ੍ਰਗਟਾ ਦੇ ਨਾਲ ਨਾਲ ਇਕ ਦੂਜੇ ਦੇ ਪੂਰਕ ਵਜੋਂ ਵੀ ਪ੍ਰਗਟ ਹੋ ਰਹੇ ਹਨ। ਬੇਸ਼ਕ ਵਿਗਿਆਨ ਜਾਂ ਰਹੱਸਵਾਦ ਇਕ ਦੂਜੇ ਉਤੇ ਨਿਰਭਰ ਨਹੀਂ ਕਰਦੇ, ਪਰ ਮਨੁੱਖ ਨੂੰ ਦੋਹਾਂ ਦੀ ਲੋੜ ਹੈ। ਕਿਉਂਕਿ ਭੌਤਿਕ ਜਗਤ ਨੂੰ ਜਾਣਨ ਲਈ ਵਿਗਿਆਨ ਦੀ ਲੋੜ ਪੈਂਦੀ ਹੈ ਅਤੇ ਅੰਤਰ-ਜਗਤ ਨੂੰ ਸਮਝਣ ਲਈ ਰਹੱਸ-ਅਨੁਭੂਤੀ ਦੀ। ਭੌਤਿਕਵਾਦੀ ਪਦਾਰਥ ਦੀ ਅਤੇ ਰਹੱਸਵਾਦੀ ਮਨੁੱਖੀ ਚੇਤਨਾ ਦੇ ਪੱਧਰਾਂ ਦੀ ਖੋਜ ਕਰਦੇ ਹਨ। ਦੋਵੇਂ ਹੀ ਖੇਤਰ ਸਾਧਾਰਣ ਇੰਦਰੀ-ਬੋਧ ਦੀ ਹੱਦ ਤੋਂ ਪਾਰ ਮੌਜੂਦਗੀ ਵਾਲੀ ਗੁਣਤਾ ਦੇ ਧਾਰਨੀ ਹਨ।
ਬੇਸ਼ਕ ਅਜੋਕਾ ਵਿਸ਼ਵ ਧਾਰਮਿਕ ਜਨੂੰਨ ਅਤੇ ਆਰਥਕ ਲਾਭ ਪ੍ਰਾਪਤੀ ਦੀ ਅੰਨੀ ਦੌੜ ਵਿਚ ਲੀਨ ਹੈ, ਪਰ ਅਜਿਹੇ ਵਿਸ਼ਵ-ਚਿੰਤਨ ਦੀ ਉਸਾਰੀ ਵੀ ਨਾਲ ਨਾਲ ਚਲ ਰਹੀ ਹੈ, ਜੋ ਬ੍ਰਹਿਮੰਡ ਅਤੇ ਅਧਿਆਤਮ ਦੀ ਇਕਰੂਪਤਾ ਦਾ ਅਨੁਯਾਈ ਹੈ। ਡਾ. ਕੁਲਦੀਪ ਕੌਰ ਦਾ ਮੰਨਣਾ ਹੈ ਕਿ ਬ੍ਰਹਿਮੰਡ ਦੇ ਪ੍ਰਕ੍ਰਿਤਕ ਨਿਯਮਾਂ ਬਾਰੇ ਸਨਮਾਨ ਦੀ ਭਾਵਨਾ ਦਾ ਲੋਕਾਂ ਵਿਚ ਵਿਕਾਸ ਤੇ ਪ੍ਰਸਾਰ ਕਰਨਾ, ਧਰਮ ਤੇ ਵਿਗਿਆਨ ਦੀ ਅਹਿਮ ਜਿੰਮੇਵਾਰੀ ਹੈ। ਲੇਖਿਕਾ ਅਨੁਸਾਰ ਆਸਥਾਮੂਲਕ ਵਿਸ਼ਵਾਸ, ਬੌਧਿਕ ਚਿੰਤਨ ਅਤੇ ਵਿਗਿਆਨਕ ਪਹੁੰਚ ਦਾ ਧਾਰਨੀ ਸਿੱਖ ਧਰਮ ਮਨੁੱਖ ਦੀ ਵਿਅਕਤੀ ਚੇਤਨਾ ਨੂੰ ਬ੍ਰਹਿਮੰਡੀ ਚੇਤਨਾ ਦਾ ਹੀ ਮੂਲ ਦਰਸਾਉਂਦਾ ਹੈ।
ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਏ. ਪੀ. ਜੇ. ਅਬਦੁਲ ਕਲਾਮ ਦੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਥਮ ਪ੍ਰਕਾਸ਼ ਸਬੰਧੀ ਸੰਖੇਪ ਰਚਨਾ ਦੇ ਜ਼ਿਕਰ ਪਿਛੋਂ ਡਾ. ਕੁਲਦੀਪ ਕੌਰ ਆਪਣੇ ਲੇਖ Ḕਮੇਰਾ ਪੱਖḔ ਵਿਚ ਬਿਆਨ ਕਰਦੀ ਹੈ ਕਿ ਸਾਹਿਤ ਦਾ ਸਬੰਧ ਵਸਤੂ-ਜਗਤ ਅਤੇ ਭਾਵ-ਜਗਤ ਦੇ ਸੁਮੇਲ Ḕਚੋਂ ਉਪਜੀ ਸਿਰਜਣਾਤਕ ਸਮਰਥਾ ਨਾਲ ਹੈ। ਇਸੇ ਲਈ ਗੁਰੂ ਗ੍ਰੰਥ ਸਾਹਿਬ ਵਿਚ ਅਕਾਲ ਪੁਰਖ ਦੇ ਵਿਸਮਾਦੀ ਸੰਕਲਪ ਨੂੰ, ਬ੍ਰਹਿਮੰਡੀ ਕੋਡ ਵਿਚ ਬਿਆਨ ਕੀਤਾ ਗਿਆ ਹੈ। ਲੇਖਿਕਾ ਦੀ ਖੋਜ ਦਾ ਵਿਸ਼ਾ ਉਸ ਮਨੁੱਖੀ ਅਸਮਰਥਾ ਅਤੇ ਸੀਮਾ-ਬੋਧ ਨਾਲ ਸਬੰਧਿਤ ਹੈ, ਜੋ ਬ੍ਰਹਿਮੰਡੀ-ਸੱਚ ਦੇ ਸਿਖਰ ‘ਤੇ ਪੁੱਜ ਕੇ ਵੀ ਅੰਤਿਮ-ਸੱਚ ਦੀ ਪਛਾਣ ਕਰ ਸਕਣ ਤੋਂ ਅਸਮਰਥ ਹੈ। ਉਸ ਦਾ ਵਿਚਾਰ ਹੈ ਕਿ ਸਮਕਾਲੀ ਵਿਗਿਆਨੀ ਤੇ ਖੋਜਕਾਰ ਵੀ ਇਸ ਨਿਰਣੇ ‘ਤੇ ਸਹਿਮਤ ਹਨ ਕਿ ਬ੍ਰਹਿਮੰਡੀ ਸਿਰਜਕ ਸ਼ਕਤੀ ਦੇ ਅਸਿਸਤਵ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਇਸ ਪਰਮ-ਸ਼ਕਤੀ (ਅੰਤਿਮ ਸੱਚ) ਦਾ ਪਾਰਾਵਾਰ ਹੀ ਪਾਇਆ ਜਾ ਸਕਦਾ। ਗੁਰੂ ਗ੍ਰੰਥ ਸਾਹਿਬ ਵਿਚਲਾ ਗਿਆਨ ਸਾਨੂੰ ਅਜਿਹੇ ਹੀ ਯਥਾਰਥ ਦੇ ਰੂਬਰੂ ਕਰਾਉਂਦਾ ਹੈ।
ਪੁਸਤਕ ਦਾ ਪਹਿਲਾ ਕਾਂਡ “ਬ੍ਰਹਿਮੰਡ ਅਤੇ ਬ੍ਰਹਿਮੰਡ ਵਿਗਿਆਨ: ਭੌਤਿਕ ਪਰਿਪੇਖ” ਬ੍ਰਹਿਮੰਡ ਦੀ ਪਰਿਭਾਸ਼ਾ, ਬ੍ਰਹਿਮੰਡ ਦੀ ਸੰਰਚਨਾ, ਬ੍ਰਹਿਮੰਡ-ਭੌਤਿਕੀ ਦੇ ਇਤਿਹਾਸ, ਬ੍ਰਹਿਮੰਡ ਵਿਗਿਆਨ ਅਤੇ ਵਿਭਿੰਨ ਬ੍ਰਹਿਮੰਡੀ ਸਿਧਾਂਤਾ ਦੇ ਸੰਕਲਪਾਂ ‘ਤੇ ਝਾਤ ਪੁਆਉਂਦਾ ਹੈ। ਲੇਖਿਕਾ ਅਨੁਸਾਰ ਬ੍ਰਹਿਮੰਡ ਕੁਦਰਤ ਦਾ ਇਕ ਨਿਯਮਿਤ ਪ੍ਰਬੰਧ ਹੈ, ਜਿਸ ਵਿਚ ਸਿਰਜਣ ਤੇ ਵਿਘਟਨ ਦੀਆਂ ਕ੍ਰਿਆਵਾਂ ਨਿਰੰਤਰ ਵਾਪਰਦੀਆਂ ਰਹਿੰਦੀਆਂ ਹਨ। ਸਮੇਂ ਅਤੇ ਪੁਲਾੜ ਵੀ ਸ਼ਮੂਲੀਅਤ ਸੰਗ, ਉਹ ਸਭ ਕੁਝ, ਜੋ ਹੋਂਦ ਵਿਚ ਹੈ, ਉਹ ਬ੍ਰਹਿਮੰਡ ਹੈ। “ਬ੍ਰਹਿਮੰਡ ਦੀ ਸੰਰਚਨਾ” ਦਾ ਵਰਣਨ ਕਰਦਿਆਂ ਲੇਖਿਕਾ ਦਾ ਇਹ ਕਥਨ ਕਿ “ਬ੍ਰਹਿਮੰਡ, ਦੋ ਮੂਲ ਤੱਤਾਂ, ਦ੍ਰਵ (ਲਤੁਦਿ) ਅਤੇ ਊਰਜਾ ਦੇ ਸੰਜੋਗ ਤੋਂ ਬਣਿਆ ਹੈ।” ਪੂਰੀ ਤਰ੍ਹਾਂ ਸਹੀ ਨਹੀਂ ਹੈ। ਇਥੇ “ਦ੍ਰਵ” ਸ਼ਬਦ ਦੀ ਥਾਂ “ਪਦਾਰਥ” ਸ਼ਬਦ ਦੀ ਵਰਤੋਂ ਵੱਧ ਉਚਿਤ ਹੋਣੀ ਸੀ। ਦ੍ਰਵ ਤਾਂ ਪਦਾਰਥ ਦੀ ਇਕ ਖਾਸ ਹਾਲਤ ਦਾ ਸੂਚਕ ਹੈ, ਜਦ ਕਿ ਬ੍ਰਹਿਮੰਡ ਵਿਚ ਪਦਾਰਥ ਅਨੇਕ ਵਿਭਿੰਨ ਹਾਲਤਾਂ (ਠੋਸ, ਦ੍ਰਵ, ਤਰਲ, ਗੈਸ, ਪਲਾਜ਼ਮਾ ਆਦਿ) ਵਿਚ ਮੌਜੂਦ ਹੈ। ਲੇਖ ਦੇ ਇਸ ਭਾਗ ਵਿਚ ਤੱਤ, ਪਦਾਰਥ, ਅੰਸ਼ ਅਤੇ ਊਰਜਾ ਦੇ ਸੰਕਲਪਾਂ ਦਾ ਬਿਆਨ ਤੇ ਵਿਸਥਾਰ ਦਿੱਤਾ ਗਿਆ ਹੈ। ਪ੍ਰਾਚੀਨ ਅਤੇ ਨਵੇਂ ਭੌਤਿਕ ਸਿਧਾਂਤਾਂ ਦਾ ਵੀ ਚਰਚਾ ਕੀਤਾ ਗਿਆ ਹੈ।
“ਬ੍ਰਹਿਮੰਡ-ਭੌਤਿਕੀ ਦਾ ਇਤਿਹਾਸ” ਉਪ-ਸਿਰਲੇਖ ਹੇਠ ਬ੍ਰਹਿਮੰਡ ਦਾ ਜਨਮ ਅਤੇ ਵਿਸਥਾਰ, ਜਾਰਜ ਲਿਮਾਇਤਰੇ ਦੇ “ਬਿੱਗ ਬੈਂਗ ਸਿਧਾਂਤ” ਅਨੁਸਾਰ ਦਰਸਾਇਆ ਗਿਆ ਹੈ। ਡਾ. ਕੁਲਦੀਪ ਕੌਰ ਅਨੁਸਾਰ ਅਨੇਕ ਲੋਕ ਇਹ ਵੀ ਮੰਨਦੇ ਹਨ ਕਿ ਇਕ ਬ੍ਰਹਿਮੰਡ ਵਿਚੋਂ ਕਈ ਛੋਟੇ-ਵੱਡੇ ਬ੍ਰਹਿਮੰਡ ਪੈਦਾ ਹੁੰਦੇ ਹਨ। ਬ੍ਰਹਿਮੰਡਾਂ ਦੀ ਹੋਂਦ ਸਬੰਧੀ ਵਿਗਿਆਨਕਾਂ ਵਿਚ ਕਈ ਸਿਧਾਂਤ ਪ੍ਰਚਲਿਤ ਹਨ। ਬਹੁਤ ਸਮੇਂ ਤੋਂ ਉਹ “ਥਿਊਰੀ ਆਫ ਐਵਰੀਥਿੰਗ” ਦੀ ਤਲਾਸ਼ ਵਿਚ ਹਨ। ਬ੍ਰਹਿਮੰਡ ਦੀ ਸੰਰਚਨਾ ਵਿਚ ਮੂਲ ਕਣਾਂ ਦੀ ਹੋਂਦ ਅਤੇ ਸਬੰਧਤ ਖੋਜ ਕਾਰਜਾਂ ਦਾ ਵੀ ਇਸੇ ਲੇਖ ਵਿਚ ਜ਼ਿਕਰ ਹੈ ਕਿ ਅੱਜ ਵਿਗਿਆਨੀ ਕੁਆਂਟਮ-ਸਿਧਾਂਤ ਅਤੇ ਸਾਪੇਖਤਾ ਸਿਧਾਂਤ ਦੇ ਏਕੀਕਰਣ ਨਾਲ ਉਪ-ਪ੍ਰਮਾਣੂ ਕਣਾਂ ਬਾਰੇ ਇਕ ਸੰਪੂਰਨ ਸਿਧਾਂਤ ਬਣਾਉਣ ਲਈ ਯਤਨਸ਼ੀਲ ਹਨ, ਪਰ ਅਜੇ ਤਕ ਬ੍ਰਹਿਮੰਡ ਦੀ ਸੰਰਚਨਾ ਸਬੰਧੀ ਕਿਸੇ ਤਸੱਲੀਬਖਸ਼ ਸਿਧਾਂਤ ਦੀ ਸਥਾਪਨਾ ਨਹੀਂ ਹੋ ਸਕੀ ਹੈ।
“ਬ੍ਰਹਿਮੰਡ ਵਿਗਿਆਨ” ਦੀ ਚਰਚਾ ਕਰਦਿਆਂ ਲੇਖਿਕਾ ਦਾ ਕਥਨ ਕਿ ਬੇਸ਼ਕ ਭੌਤਿਕ ਵਿਗਿਆਨ ਦੇ ਖੇਤਰ ਵਿਚ ਅਜੋਕੀਆਂ ਖੋਜਾਂ ਸਦਕਾ ਬ੍ਰਹਿਮੰਡ ਵਿਗਿਆਨ ਦਾ ਆਗਮਨ ਹੋਇਆ ਹੈ ਅਤੇ ਇਸ ਨੂੰ ਭੌਤਿਕ ਵਿਗਿਆਨ ਦੀ ਹੀ ਇਕ ਨਵੀਂ ਇਕਾਈ ਵਜੋਂ ਜਾਣਿਆ ਜਾਂਦਾ ਹੈ, ਪਰ ਸ੍ਰਿਸ਼ਟੀ ਦੇ ਪ੍ਰਬੰਧਕੀ ਸਿਧਾਂਤਾਂ ਨਾਲ ਜੁੜੇ ਹੋਣ ਕਾਰਨ ਇਹ ਧਰਮ, ਦਰਸ਼ਨ, ਚੇਤਨਾ ਅਤੇ ਅਧਿਆਤਮਵਾਦ ਦਾ ਵੀ ਵਿਸ਼ਾ ਹੈ। ਆਦਿ ਕਾਲ ਤੋਂ ਹੀ ਮਨੁੱਖੀ ਜਗਿਆਸਾ ਬ੍ਰਹਿਮੰਡ ਦੇ ਰਹੱਸਾਂ ਨੂੰ ਜਾਣਨ ਲਈ ਉਤਸਕ ਰਹੀ ਹੈ। ਆਧੁਨਿਕ ਖੋਜਾਂ, ਇਸੇ ਜਗਿਆਸਾ ਦੀ ਪੂਰਤੀ ਦੇ ਨਾਲ ਨਾਲ ਪਦਾਰਥਕ-ਜਗਤ ਦੇ ਪਸਾਰੇ ਨੂੰ ਪਰਾਭੌਤਿਕ ਵਰਤਾਰੇ ਦੇ ਰਹੱਸ ਨਾਲ ਜੋੜਦਿਆਂ ਇਕ ਸੁਮੇਲਤਾਪੂਰਣ ਅੰਤਰ-ਦ੍ਰਿਸ਼ਟੀ ਬਣਾਉਂਦੀਆਂ ਨਜ਼ਰ ਆਉਂਦੀਆਂ ਹਨ। ਇਸੇ ਲੇਖ ਵਿਚ ਬ੍ਰਹਿਮੰਡ ਦੀ ਵਿਸ਼ਾਲਤਾ ਅਤੇ ਬ੍ਰਹਿਮੰਡੀ-ਪਿੰਡਾਂ ਵਿਚਲੀਆਂ ਦੂਰੀਆਂ ਮਾਪਣ ਲਈ ਵਰਤੀਆਂ ਜਾਂਦੀਆਂ ਵਿਭਿੰਨ ਮਾਪ-ਇਕਾਈਆਂ ਪ੍ਰਕਾਸ਼-ਸਾਲ, ਪਾਰਸੇਕ ਅਤੇ ਐਸਟ੍ਰੋਨੋਮੀਕਲ ਯੂਨਿਟ ਦਾ ਵੀ ਵਰਣਨ ਹੈ। ਭੂ ਕੇਂਦਰੀ ਅਤੇ ਸੂਰਜ-ਕੇਂਦਰੀ ਸਿਧਾਂਤਾਂ ਦੀ ਵੀ ਚਰਚਾ ਹੈ। ਆਈਨਸਟੀਨ ਦੇ ਸਮਕਾਲਿਕਤਾ ਸਿਧਾਂਤ ਅਤੇ ਸਮਾਂ-ਵਿਸਤਾਰ ਵਰਤਾਰੇ ਦੀ ਵੀ ਦੱਸ ਪਾਈ ਗਈ ਹੈ। ਸਥਿਰ-ਬ੍ਰਹਿਮੰਡ ਅਤੇ ਪ੍ਰਸਾਰੀ ਬ੍ਰਹਿਮੰਡ ਦੀਆਂ ਧਾਰਨਾਵਾਂ ਬਿਆਨ ਕਰਦਿਆਂ ਲੇਖਿਕਾ ਨੇ ਬ੍ਰਹਿਮੰਡ ਦੇ ਖਾਤਮੇ ਬਾਰੇ ਚਾਰ ਢੰਗਾਂ ਦੀ ਦੱਸ ਪਾਈ ਹੈ-ਮਹਾਂਵਿਛੇਦ (ਠਹe ਭਗਿ ੍ਰਪਿ), ਮਹਾਂਸ਼ੀਤਲਨ (ਠਹe ਭਗਿ ਾਂਰeeਡe) ਅਤੇ ਮਹਾਂ-ਸੁੰਗੜਨ (ਠਹe ਭਗਿ ਛਰੁਨਚਹ) ਅਤੇ ਮਹਾਂਦ੍ਰਵ ਅਵਸਥਾ (ਠਹe ਭਗਿ ੰਲੁਰਪ)। ਲੇਖਿਕਾ ਅਨੁਸਾਰ ਬ੍ਰਹਿਮੰਡ ਦੀ ਸਿਰਜਣਾ ਬਾਰੇ ਅਜੇ ਤਕ ਕੋਈ ਵੀ ਸਿਧਾਂਤ ਸੰਪੂਰਨ ਨਹੀਂ ਹੈ।
ਪੁਸਤਕ ਦਾ ਦੂਜਾ ਕਾਂਡ ਹੈ, “ਬ੍ਰਹਿਮੰਡ ਵਿਗਿਆਨ ਦਾ ਪਰਾਭੌਤਿਕ ਪਰਿਪੇਖ” (ਨਵੀਨ ਭੌਤਿਕੀ ਦਾ ਸੰਕਲਪ)। ਇਸ ਵਿਚ ਡਾ. ਕੁਲਦੀਪ ਕੌਰ ਦਾ ਕਹਿਣਾ ਹੈ ਕਿ ਅੱਜ ਅਸੀਂ ਜਿਸ ਨਵੀਨ ਭੌਤਿਕੀ ਦੇ ਸੰਕਲਪ ਦੇ ਸਨਮੁੱਖ ਹਾਂ, ਉਹ ਤਾਂ ਅੱਜ ਤੋਂ 550 ਸਾਲ ਪਹਿਲਾਂ ਹੀ ਗੁਰੂ ਨਾਨਕ ਬਾਣੀ ਦੇ ਰੂਪ ਵਿਚ ਸਿੱਖ ਧਰਮ ਦੇ ਦਾਰਸ਼ਨਿਕ ਪਰਿਪੇਖ ਦਾ ਹਿੱਸਾ ਬਣ ਚੁਕਾ ਸੀ। ਪ੍ਰਸਿੱਧ ਵਿਗਿਆਨੀ ਹੈਸਨਬਰਗ ਦੇ ਅਨਿਸ਼ਚਿਤਤਾ ਸਿਧਾਂਤ ਦਾ ਹਵਾਲਾ ਦਿੰਦਿਆਂ ਡਾ. ਕੁਲਦੀਪ ਕੌਰ ਕਹਿੰਦੇ ਹਨ ਕਿ ਹੈਸਨਬਰਗ ਅਨੁਸਾਰ ਬ੍ਰਹਿਮੰਡੀ-ਸੱਚ ਪ੍ਰਤੀ ਕੇਵਲ ਵਸਤੂਪੂਰਕ ਵਿਗਿਆਨਕ ਸੋਚ ਸਵੀਕਾਰ ਨਹੀਂ ਕੀਤੀ ਜਾ ਸਕਦੀ। ਆਈਨਸਟਾਈਨ ਮੰਨਦਾ ਸੀ ਕਿ ਬ੍ਰਹਿਮੰਡ ਇਕ ਅਜਿਹਾ ਰਹੱਸ ਹੈ, ਜੋ ਨਾ ਤਾਂ ਪੂਰੀ ਤਰ੍ਹਾਂ ਪਦਾਰਥਕ ਹੈ ਅਤੇ ਨਾ ਹੀ ਅਧਿਆਤਮਕ।
ਲੇਖਿਕਾ ਨੇ ਸਟਰਿੰਗ ਥਿਊਰੀ ਦੇ ਸਹਿਬਾਨੀ ਮਿਸ਼ਿਓ ਕਾਕੂ ਦੇ ਕਥਨ ਦਾ ਜ਼ਿਕਰ ਇੰਜ ਕੀਤਾ ਹੈ, “ਅਸੀਂ ਇਕ ਅਜਿਹੇ ਗ੍ਰਹਿ ਦੇ ਵਾਸੀ ਹਾਂ, ਜੋ ਕਿਸੇ ਇਤਫਾਕੀਆ ਘਟਨਾ ਦੀ ਬਦੌਲਤ ਨਹੀਂ, ਸਗੋਂ ਕਿਸੇ ਸਰਬ-ਵਿਆਪੀ ਬੁੱਧੀ ਵਲੋਂ ਨਿਰਮਿਤ ਨਿਯਮਾਂ ਰਾਹੀਂ ਸੰਚਾਲਿਤ ਹੈ।” ਲੇਖਿਕਾ ਦਾ ਨਿਰਣਾ ਹੈ ਕਿ ਅਜੋਕੀਆਂ ਵਿਗਿਆਨਕ ਖੋਜਾਂ ਦੀ ਰੋਸ਼ਨੀ ਵਿਚ ਅਜਿਹਾ ਕਹਿਣਾ ਸਾਰਥਕ ਹੈ ਕਿ ਬ੍ਰਹਿਮੰਡ ਪ੍ਰਤੀ ਭੌਤਿਕੀ ਅਤੇ ਅਧਿਆਤਮ ਦੇ ਸੁਮੇਲ ਦਾ ਵਿਚਾਰ ਨਾ ਕੇਵਲ ਰੌਚਕ ਹੈ, ਸਗੋਂ ਬਹੁਤ ਅਹਿਮ ਵੀ ਹੈ। ਭੌਤਿਕ ਅਤੇ ਪਰਾ-ਭੌਤਿਕ ਦੇ ਸੁਮੇਲ ਤੋਂ ਉਪਜਿਆ ਨਵਾਂ ਗਿਆਨ ਹੀ ਬ੍ਰਹਿਮੰਡ ਦੇ ਅੰਤਿਮ ਸੱਚ ਤਕ ਪੁੱਜਣ ਵਿਚ ਮਦਦ ਕਰ ਸਕਦਾ ਹੈ।
ਆਈਨਸਟਾਈਨ ਦੇ ਬ੍ਰਹਿਮੰਡੀ ਧਾਰਮਿਕ ਅਨੁਭਵ ਅਤੇ ਬ੍ਰਹਿਮੰਡ ਪ੍ਰਤੀ ਨਵੀਨ ਭੌਤਿਕੀ ਦੀ ਰੋਸ਼ਨੀ ਵਿਚ ਫਰਿਟਜਾਫ ਕਾਪਰਾ ਦੀ ਅੰਤਰ-ਦ੍ਰਿਸ਼ਟੀ ਰਾਹੀਂ ਸਥਾਪਿਤ ਛੇ ਪ੍ਰਤੀਮਾਨਾਂ ਦਾ ਚਰਚਾ ਕਰਦਿਆਂ ਲੇਖਿਕਾ ਕਹਿੰਦੀ ਹੈ ਕਿ ਨਵੀਨ ਭੌਤਿਕੀ, ਭੌਤਿਕ ਅਤੇ ਪਰਾਭੌਤਿਕ ਵਿਚ ਸੰਤੁਲਨ ਰੱਖਣ ਵਾਲੀ ਅੰਤਰ-ਦ੍ਰਿਸ਼ਟੀ ਨੂੰ ਸੰਚਾਰਿਤ ਕਰ ਰਹੀ ਹੈ। ਅੱਜ ਸਾਨੂੰ ਮੰਨਣਾ ਪਵੇਗਾ ਕਿ ਕੇਵਲ ਵਿਗਿਆਨ ਅਤੇ ਅਧਿਆਤਮ ਦੇ ਸੁਮੇਲ ਤੋਂ ਉਪਜੇ ਗਿਆਨ ਨਾਲ ਹੀ ਬ੍ਰਹਿਮੰਡ ਪ੍ਰਤੀ ਸੱਚ ਤਕ ਪੁੱਜਿਆ ਜਾ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚਲੀ ਵਿਚਾਰਧਾਰਾ ਇਸ ਦ੍ਰਿਸ਼ਟੀ ਤੋਂ ਇਸ ਨਵੀਨ ਭੌਤਿਕੀ ਦੇ ਗਿਆਨ ਦੀ ਆਧਾਰ ਭੂਮੀ ਸਿੱਧ ਹੁੰਦੀ ਹੈ। ਲੇਖਿਕਾ ਨੇ ਗੁਰਬਾਣੀ ਦੇ ਢੁਕਵੇਂ ਹਵਾਲਿਆਂ ਦੀ ਵਰਤੋਂ ਕਰਦਿਆਂ ਨਿਰਣਾ ਕੀਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚਲਾ ਬ੍ਰਹਿਮੰਡੀ ਗਿਆਨ ਕੋਈ ਮਨੋਕਲਪਿਤ ਸੰਕਲਪ ਨਹੀਂ ਸਿਰਜਦਾ ਸਗੋਂ ਅਨੁਭਵ ਦੀ ਪਰਮ ਅਵਸਥਾ ਤੋਂ ਪ੍ਰਾਪਤ ਸੱਚ ਦਾ ਪ੍ਰਗਟਾ ਕਰਦਾ ਹੈ। ਲੇਖਿਕਾ ਅਨੁਸਾਰ ਵਿਗਿਆਨ ਬਾਹਰਮੁਖੀ ਕੌਸ਼ਲ ਹੈ, ਜਦ ਕਿ ਧਰਮ ਅੰਤਰੀਵਤਾ ਨਾਲ ਜੁੜਿਆ ਹੈ। ਦੋਹਾਂ ਦੇ ਸੁਮੇਲ ਵਿਚੋਂ ਹੀ ਇਸ ਅਨੰਤ ਅਤੇ ਵਿਰਾਟ ਬ੍ਰਹਿਮੰਡ ਦੀ ਸਹੀ ਸੋਝੀ ਹੋ ਸਕਦੀ ਹੈ, ਜੋ ਮਨੁੱਖ ਪ੍ਰਤੀ ਕਲਿਆਣਕਾਰੀ ਦ੍ਰਿਸ਼ਟੀ ਪੈਦਾ ਕਰ ਸਕਦੀ ਹੈ। ਅਜੋਕੇ ਬ੍ਰਹਿਮੰਡੀ ਸਰੋਕਾਰਾਂ ਦਾ ਨਿਪਟਾਰਾ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਨਾਲ ਕਰ ਸਕਣਾ ਸਹਿਜੇ ਹੀ ਸੰਭਵ ਹੈ।
“ਧਰਮ ਅਤੇ ਬ੍ਰਹਿਮੰਡ ਵਿਗਿਆਨ” ਤੀਜਾ ਕਾਂਡ ਹੈ। ਡਾ. ਕੁਲਦੀਪ ਕੌਰ ਬਿਆਨ ਕਰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਵਿਚਲੇ ਬ੍ਰਹਿਮੰਡੀ ਸੰਕਲਪ ਦਾ ਅਧਾਰ ਅਨੁਭਵ ਦੀ ਪਰਮ ਅਵਸਥਾ ਹੈ। “ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਕ ਪਿੱਠਭੂਮੀ” ਦੀ ਚਰਚਾ ਕਰਦਿਆਂ ਲੇਖਿਕਾ ਦਾ ਕਥਨ ਹੈ ਕਿ ਮਨੁੱਖ ਆਪਣੀਆਂ ਮਾਨਸਿਕ, ਬੌਧਿਕ ਅਤੇ ਅਨੁਭੂਤੀਮੂਲਕ ਪ੍ਰਵਿਰਤੀਆਂ ਕਾਰਨ ਬ੍ਰਹਿਮੰਡ ਦੀ ਉਤਪਤੀ, ਵਿਕਾਸ ਅਤੇ ਸੰਰਚਨਾ ਬਾਰੇ ਬਹੁਪੱਖੀ ਦ੍ਰਿਸ਼ਟੀ ਤੋਂ ਵਿਚਾਰ ਕਰਦਾ ਆ ਰਿਹਾ ਹੈ। ਉਹ ਕਹਿੰਦੇ ਹਨ: ਵਿਉਤਪਤੀ ਦੀ ਦ੍ਰਿਸ਼ਟੀ ਤੋਂ ਬ੍ਰਹਿਮੰਡ ਸ਼ਬਦ ਦਾ ਭਾਵ ਉਸ ਦ੍ਰਿਸ਼ਟਮਾਨ ਭੌਤਿਕ ਜਗਤ ਤੋਂ ਹੈ, ਜੋ ਨਿਰੰਤਰ ਵਧਦਾ ਤੇ ਪ੍ਰਸਾਰ ਕਰ ਰਿਹਾ ਹੈ, ਅਤੇ ਗਤੀਸ਼ੀਲ ਤੇ ਕ੍ਰਿਆਸ਼ੀਲ ਵੀ ਹੈ। “ਵੈਦਿਕ ਪਰੰਪਰਾ” ਦਾ ਜ਼ਿਕਰ ਕਰਦਿਆਂ ਲੇਖਿਕਾ ਲਿਖਦੀ ਹੈ ਕਿ ਵੇਦ ਅਤੇ ਉਪਨਿਸ਼ਦ ਭਾਰਤੀ ਧਾਰਮਿਕ ਅਤੇ ਦਾਰਸ਼ਨਿਕ ਚਿੰਤਨ ਦਾ ਮੂਲ ਆਧਾਰ ਹਨ। ਵੇਦਾਂ ਵਿਚ ਬ੍ਰਹਿਮੰਡੀ ਪ੍ਰਕ੍ਰਿਆ ਦਾ ਜ਼ਿਕਰ ਵੱਖ-ਵੱਖ ਸੂਕਤਾਂ-ਨਾਸਦੀਯ ਸੂਕਤ, ਪੁਰੁਸ਼ ਸੂਕਤ, ਹਿਰੰਨਯ ਗਰਭ ਸੂਕਤ, ਸਕੰਭ ਸੂਕਤ ਅਤੇ ਜੇਸ਼ਠ ਬ੍ਰਹਮ ਸੂਕਤ ਆਦਿ ਵਿਚ ਕੀਤਾ ਗਿਆ ਹੈ। ਵੇਦਾਂ ਵਾਂਗ ਉਪਨਿਸ਼ਦਾਂ-ਕਠੋਪਨਿਸ਼ਦ, ਏਤਰੇਯ ਉਪਨਿਸ਼ਦ, ਤੈਤੱਰੀਓਪਨਿਸ਼ਦ, ਛੰਦੋਗਯੋਪਨਿਸ਼ਦ, ਸੁਬਾਲ ਉਪਨਿਸ਼ਦ ਅਤੇ ਪ੍ਰਣੋਵਪਨਿਸ਼ਦ ਵਿਚ ਵੀ ਬ੍ਰਹਿਮੰਡ ਸਬੰਧੀ ਜਗਿਆਸਾ ਪ੍ਰਗਟ ਹੁੰਦੀ ਹੈ। “ਪੁਰਾਣ ਸਾਹਿਤ” ਦੇ ਅਧਿਐਨ ਤੋਂ ਲੇਖਿਕਾ ਦਾ ਮੰਨਣਾ ਹੈ ਕਿ ਪੁਰਾਣਾਂ ਅਨੁਸਾਰ ਵੀ ਬ੍ਰਹਮ ਹੀ ਸ੍ਰਿਸ਼ਟੀ ਜਾਂ ਬ੍ਰਹਿਮੰਡ ਦਾ ਮੂਲ ਕਾਰਨ ਹੈ। ਇਹ ਸੰਸਾਰ ਪ੍ਰਭੂ ਲਈ ਇਕ ਖੇਡ ਹੈ, ਜਿਸ ਵਿਚ ਅਨੰਤ ਬ੍ਰਹਿਮੰਡ ਉਸ ਦੀ ਰਚਨਾ ਹੈ।
“ਭਾਰਤੀ ਦਰਸ਼ਨ ਵਿਚ ਬ੍ਰਹਿਮੰਡ ਚਿੰਤਨ” ਦਾ ਚਰਚਾ ਕਰਦਿਆਂ ਡਾ. ਕੁਲਦੀਪ ਕੌਰ ਲਿਖਦੇ ਹਨ, “ਸਮੁੱਚੇ ਭਾਰਤੀ ਦਰਸ਼ਨ ਵਿਚ ਬ੍ਰਹਿਮੰਡ ਪ੍ਰਕ੍ਰਿਆ ਦਾ ਮੁੱਖ ਆਧਾਰ ਕਾਰਜ-ਕਾਰਣ ਸਿਧਾਂਤ ਹੈ, ਜਿਸ ਦੇ ਚਾਰ ਪ੍ਰਕਾਰ ਹਨ-ਅਸਤਕਾਰਣਵਾਦ, ਅਸਤਕਾਰਜਵਾਦ, ਸਤਕਾਰਣਵਾਦ ਅਤੇ ਵਿਵਰਤਵਾਦ। ਨਿਆਇ-ਵੈਸ਼ੇਸ਼ਿਕ ਦਰਸ਼ਨ ਵਿਚ ਬ੍ਰਹਿਮੰਡ ਦੇ ਸੰਕਲਪ ਦਾ ਆਧਾਰ ਅਸਤ ਕਾਰਜਵਾਦ ਹੈ। ਅਦਵੈਤ ਵੇਦਾਂਤ ਵਿਵਰਤਵਾਦ ਦੀ ਦੱਸ ਪਾਉਂਦਾ ਹੈ। ਸਾਂਖ ਸ਼ਾਸਤਰ ਬ੍ਰਹਿਮੰਡ ਦੀ ਉਤਪਤੀ ਦਾ ਮੂਲ ਕਾਰਣ ਪ੍ਰਕ੍ਰਿਤੀ ਅਤੇ ਪੁਰੁਸ਼ ਦੇ ਸੰਜੋਗ ਨੂੰ ਮੰਨਦਾ ਹੈ। ਯੋਗ ਦਰਸ਼ਨ ਅਨੁਸਾਰ ਪੁਰੁਸ਼ ਅਤੇ ਪ੍ਰਕ੍ਰਿਤੀ ਦੇ ਸੰਜੋਗ ਤੋਂ ਸ੍ਰਿਸ਼ਟੀ, ਪੰਜ ਮਹਾਂਭੂਤਾਂ ਅਤੇ ਪੰਜ ਵਿਕਾਰਾਂ ਦਾ ਜਨਮ ਹੁੰਦਾ ਹੈ। ਮੀਮਾਸਾ ਦਰਸ਼ਨ ਜਗਤ, ਸ੍ਰਿਸ਼ਟੀ ਅਤੇ ਬ੍ਰਹਿਮੰਡ ਵਿਚ ਇਕ ਸਰਬ-ਵਿਆਪੀ ਚੇਤਨਾ ਨੂੰ ਸਵੀਕਾਰਦਾ ਈਸ਼ਵਰ ਨੂੰ ਕਰਤਾ ਦੇ ਰੂਪ ਵਿਚ ਪੇਸ਼ ਕਰਦਾ ਹੈ। ਚਾਰਵਾਕ ਦਰਸ਼ਨ, ਬ੍ਰਹਿਮੰਡ ਨੂੰ ਕੇਵਲ ਚਾਰ ਤੱਤਾਂ-ਪ੍ਰਿਥਵੀ, ਜਲ, ਵਾਯੂ ਅਤੇ ਅਗਨੀ ਦਾ ਬਣਿਆ ਦਰਸਾਉਂਦਾ ਹੈ। ਇਸ ਅਨੁਸਾਰ ਪੰਜਵਾਂ ਤੱਤ ਆਕਾਸ਼ ਕਿਉਂਕਿ ਖਲਾਅ ਹੈ, ਪ੍ਰਤੱਖਯੋਗ ਨਹੀਂ ਹੈ। ਚਾਰਵਾਕ ਅਨੁਸਾਰ ਬ੍ਰਹਿਮੰਡ ਦੀ ਉਤਪਤੀ, ਇਨ੍ਹਾਂ ਚਾਰ ਤੱਤਾਂ ਦੇ ਅਚਾਨਕ ਸੰਜੋਗ ਤੋਂ ਸੁਭਾਵਿਕ ਹੀ ਹੁੰਦੀ ਹੈ, ਇਸ ਵਿਚ ਕਿਸੇ ਬ੍ਰਹਿਮੰਡੀ ਚੇਤਨਾ ਦਾ ਕੋਈ ਰੋਲ ਨਹੀਂ ਹੈ।
ਲੇਖਿਕਾ ਨੇ ਬ੍ਰਹਿਮੰਡ ਬਾਰੇ ਲੋਕ ਪੱਖ ਦੇ ਵਰਣਨ ਦੇ ਨਾਲ ਨਾਲ ਬੋਧ ਧਰਮ ਦਾ ਬ੍ਰਹਿਮੰਡ, ਜੈਨ-ਬ੍ਰਹਿਮੰਡ, ਪ੍ਰਾਚੀਨ ਬਾਇਬਲੀ ਬ੍ਰਹਿਮੰਡ, ਆਧੁਨਿਕ ਬਾਇਬਲੀ/ਜੂਡਾਵਾਦੀ ਬ੍ਰਹਿਮੰਡ, ਮੋਰਮਨ ਬ੍ਰਹਿਮੰਡ, ਇਸਲਾਮੀ ਅਤੇ ਸੂਫੀ ਬ੍ਰਹਿਮੰਡ ਦੀ ਵਿਸਤ੍ਰਿਤ ਚਰਚਾ ਵੀ ਕੀਤੀ ਹੈ। ਇਸ ਅਧਿਆਇ ਦੇ ਅੰਤਲੇ ਹਿੱਸੇ ਵਿਚ ਡਾ. ਕੌਰ ਨੇ “ਬ੍ਰਹਿਮੰਡ ਦਾ ਮਹਾਂਵਿਸਫੋਟ ਸਿਧਾਂਤ ਅਤੇ ਧਰਮ” ਬਾਰੇ ਬਿਆਨ ਕਰਦਿਆਂ ਇਸ ਸਿਧਾਂਤ ਬਾਰੇ ਅਜੋਕੇ ਵਿਗਿਆਨ ਵਿਚ ਸਥਾਪਿਤ ਤੇ ਵਿਭਿੰਨ ਧਰਮਾਂ ਵਿਚ ਪ੍ਰਚਲਿਤ ਵਿਚਾਰਾਂ ਦਾ ਤੁਲਨਾਤਮਕ ਖੁਲਾਸਾ ਕੀਤਾ ਹੈ।
ਚੌਥੇ ਕਾਂਡ “ਗੁਰੂ ਗ੍ਰੰਥ ਸਾਹਿਬ ਵਿਚ ਬ੍ਰਹਿਮੰਡ ਦਾ ਸੰਕਲਪ” ਵਿਚ ਡਾ. ਕੁਲਦੀਪ ਕੌਰ ਗੁਰੂ ਗ੍ਰੰਥ ਸਾਹਿਬ ਦੀ ਸਿਰਜਣਾ ਅਤੇ ਇਸ ਰਾਹੀਂ ਗੁਰੂ-ਪਦ ਦੀ ਪ੍ਰਾਪਤੀ ਦੇ ਸੰਖੇਪ ਵਰਣਨ ਪਿੱਛੋਂ ਲਿਖਦੇ ਹਨ ਕਿ ਪਦਾਰਥਕ ਸੱਚ ਦਾ ਖੋਜੀ, ਵਿਗਿਆਨੀ ਹੈ ਅਤੇ ਪਰਮ ਸੱਚ ਦਾ ਖੋਜੀ ਸਾਧਕ। ਦੋਹਾਂ ਦਾ ਟੀਚਾ ਭਾਵੇਂ ਸੱਚ ਦੀ ਖੋਜ ਹੈ, ਪਰ ਉਨ੍ਹਾਂ ਦੀ ਦ੍ਰਿਸ਼ਟੀ ਵੱਖ ਵੱਖ ਹੈ। ਪਦਾਰਥਕ ਖੋਜਾਂ ਵਾਲਾ ਵਿਗਿਆਨੀ ਅਣਗਿਣਤ ਖੋਜਾਂ ਦੇ ਬਾਵਜੂਦ ਸੱਚ ਬਾਰੇ ਅੰਤਿਮ ਸਿੱਟੇ Ḕਤੇ ਨਹੀਂ ਪੁੱਜ ਸਕਿਆ। ਜਦ ਕਿ ਬ੍ਰਹਮ ਦਾ ਖੋਜੀ ਅਨੁਭੂਤੀ ਰਾਹੀਂ ਅੰਤਿਮ ਸੱਚ ਤਕ ਪੁੱਜ ਤਾਂ ਜਾਂਦਾ ਹੈ ਪਰ ਉਸ ਦਾ ਵਰਣਨ ਨਹੀਂ ਕਰ ਸਕਦਾ। ਇਸ ਕਥਨ ਸਬੰਧੀ ਲੇਖਿਕਾ ਗੁਰਬਾਣੀ ਵਿਚੋਂ ਢੁਕਵੇਂ ਪ੍ਰਮਾਣ ਪੇਸ਼ ਕਰਦੀ ਹੈ। ਉਹ ਕਹਿੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਵਿਚ ਪਦਾਰਥ, ਜੀਵ ਅਤੇ ਊਰਜਾ ਦਾ ਆਧਾਰ ਅਕਾਲ ਪੁਰਖ ਨੂੰ ਮੰਨਿਆ ਗਿਆ ਹੈ। ਬ੍ਰਹਿਮੰਡ ਦਾ ਪੂਰਾ ਪਸਾਰਾ ਉਸ ਦੇ ਕਰਤਾ ਨੇ ਰਚਿਆ ਹੈ ਅਤੇ ਉਹ ਆਪ ਹੀ ਉਸ ਦੇ ਕਣ ਕਣ ਵਿਚ ਸਮਾਇਆ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਵਿਚ ਸ੍ਰਿਸ਼ਟੀ ਰਚਨਾ ਤੋਂ ਪਹਿਲਾਂ ਦੀ ਅਵਸਥਾ, ਸ੍ਰਿਸ਼ਟੀ ਦੀ ਉਤਪਤੀ ਦਾ ਪਸਾਰਵਾਦੀ ਦ੍ਰਿਸ਼ਟੀਕੋਣ ਬ੍ਰਹਿਮੰਡ ਦੀ ਵਿਸ਼ਾਲਤਾ ਅਤੇ ਅਨੰਤਤਾ ਦਾ ਵਰਣਨ ਵੀ ਕੀਤਾ ਗਿਆ ਹੈ। ਸ੍ਰਿਸ਼ਟੀ-ਰਚਨਾ ਦੀਆਂ ਵਿਧੀਆਂ ਦੇ ਸਬੰਧ ਵਿਚ ਕਵਾਉ, ਸ਼ਬਦ, ਹੁਕਮ, ਨਾਮ ਕਲਾ, ਓਅੰਕਾਰ, ਸਹਿਜ, ਭਾਣਾ, ਪੰਚ ਤੱਤ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਇਸ ਅਸਗਾਹ ਬ੍ਰਹਿਮੰਡ ਵਿਚ ਅਣਗਿਣਤ ਖੰਡ-ਮੰਡਲ, ਆਕਾਸ, ਪਾਤਾਲ ਤੇ ਅਸੰਖ ਹੀ ਵਨਸਪਤਿ ਅਤੇ ਪ੍ਰਾਣੀ ਜਗਤ ਮੌਜੂਦ ਹਨ। ਇਸ ਦਾ ਥਾਹ ਪਾਉਣਾ ਸੰਭਵ ਨਹੀਂ। ਬ੍ਰਹਿਮੰਡ ਅਤੇ ਕਰਤਾ ਦੋ ਨਹੀਂ, ਅਦਵੈਤ ਹਨ। ਬ੍ਰਹਿਮੰਡ ਦਾ ਗਿਆਨ ਕੇਵਲ ਬ੍ਰਹਮ ਦੀ ਅਨੁਭੂਤੀ ਨਾਲ ਹੀ ਪਾਇਆ ਜਾ ਸਕਦਾ ਹੈ।
ਗੁਰਬਾਣੀ ਦੇ ਢੁਕਵੇਂ ਹਵਾਲੇ ਨਾਲ ਡਾ. ਕੁਲਦੀਪ ਕੌਰ ਲਿਖਦੇ ਹਨ ਕਿ ਗੁਰੂ ਨਾਨਕ ਦੇਵ ਨੇ ਮਾਇਆ ਨੂੰ ਵੀ ਬ੍ਰਹਿਮੰਡੀ ਉਤਪਤੀ ਅਧੀਨ ਮੰਨ ਕੇ ਇਸ ਦੇ ਯਥਾਰਥ ਨੂੰ ਸਵੀਕਾਰ ਕੀਤਾ ਹੈ, ਪਰ ਮਾਇਆ ਨੂੰ ਸਤਿ-ਕਰਮ ਤੋਂ ਭਟਕਾਉਣ ਵਾਲੀ ਆਕਰਸ਼ਣ-ਸ਼ਕਤੀ ਕਿਹਾ ਹੈ। ਗੁਰੂ ਜੀ ਨੇ Ḕਮਾਰੂ ਸੋਹਲੇḔ ਵਿਚ ਬ੍ਰਹਿਮੰਡ ਦੀ ਸੰਰਚਨਾ ਅਤੇ ਅਵਸਥਾ ਦਾ ਖੁਲਾਸਾ ਬਹੁਤ ਵਿਵੇਕਪੂਰਵਕ ਕੀਤਾ ਹੈ। ਈਸਾਈ ਧਰਮ ਅਤੇ ਇਸਲਾਮ ਵਿਚ ਮੌਜੂਦ ਬ੍ਰਹਿਮੰਡੀ ਸੰਕਲਪ ਦੀ ਚਰਚਾ ਕਰਦਿਆਂ ਲੇਖਿਕਾ ਦਾ ਕਥਨ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਬ੍ਰਹਿਮੰਡ ਦੀ ਬ੍ਰਹਮ ਆਧਾਰਿਤ ਸੋਚ ਵੱਧ ਵਿਗਿਆਨਕ ਅਤੇ ਸਾਰਥਕ ਹੈ।
ਪੁਸਤਕ ਦੇ ਪੰਜਵੇਂ ਕਾਂਡ “ਹੁਕਮ ਦਾ ਸੰਕਲਪ” ਵਿਚ ਲੇਖਿਕਾ ਦਾ ਕਥਨ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਬ੍ਰਹਿਮੰਡ ਦੇ ਸੰਕਲਪ ਦਾ ਮੂਲ ਆਧਾਰ Ḕਰੱਬੀ ਹੁਕਮḔ ਹੈ। ḔਹੁਕਮḔ ਇਕ ਸਰਬ ਪਸਾਰੀ ਬ੍ਰਹਿਮੰਡੀ ਨਿਯਮ ਹੈ, ਜੋ ਦੈਵੀ ਵਿਧਾਨ ਦਾ ਪਰਾਭੌਤਿਕ ਸੰਕਲਪ ਹੈ, ਜਿਸ ਰਾਹੀਂ ਸ੍ਰਿਸ਼ਟੀ ਦੀ ਸਿਰਜਣਾ, ਸੰਚਾਲਨ ਅਤੇ ਇਸ ਦਾ ਅੰਤ ਹੁੰਦਾ ਹੈ। ਗੁਰਬਾਣੀ ਵਿਚ ਹੁਕਮ ਦੇ ਵਿਭਿੰਨ ਰੂਪ-ਦੈਵੀ ਇੱਛਾ, ਦੈਵੀ ਕਾਨੂੰਨ, ਨਿਯਮ, ਤਰਤੀਬ, ਵਿਵਸਥਾ ਪ੍ਰਣਾਲੀ, ਭੈ, ਭਉ, ਭਾਣਾ, ਰਜ਼ਾ, ਆਦੇਸ਼ ਅਤੇ ਫੁਰਮਾਣ ਆਦਿ ਦਰਸਾਏ ਗਏ ਹਨ। ਪਰ ਇਹ ਨਿਰੋਲ ਵਿਧਾਨ ਦਾ ਹੀ ਪ੍ਰਤੀਕ ਨਹੀਂ ਸਗੋਂ ਇਕ ਸਿਰਜਣਾਤਮਕ ਤੱਤ ਹੈ। ਗੁਰਬਾਣੀ ਬ੍ਰਹਿਮੰਡ ਨੂੰ ਹੁਕਮ ਰਾਹੀਂ ਸਿਰਜਿਤ ਅਤੇ ਹੁਕਮ ਰਾਹੀਂ ਚਲਾਇਮਾਨ ਮੰਨਦੀ ਹੈ। ਹੁਕਮ ਦਾ ਸੰਕਲਪ ਇਕ ਹੋਰ ਦ੍ਰਿਸ਼ਟੀਕੋਣ ਤੋਂ ਸਿੱਖ ਚਿੰਤਨ ਵਿਚ ਪ੍ਰਗਟ ਹੁੰਦਾ ਹੈ, ਉਹ ਹੈ-ਨਦਰਿ, ਕਰਮ, ਮਿਹਰ। ਗੁਰਬਾਣੀ ਅਨੁਸਾਰ ਸਿਰਜਣਹਾਰ ਅਤੇ ਸਿਰਜਣਾ ਵਿਚਕਾਰ ਆਪਣੀ ਸਬੰਧ ਕਰਤਾ ਦੀ ਮਿਹਰ ਨਾਲ ਹੀ ਬਣਦਾ ਹੈ। ਗੁਰੂ ਸਾਹਿਬਾਨ ਦੀ ਵਿਚਾਰਧਾਰਾ ਅਨੁਸਾਰ ਬ੍ਰਹਿਮੰਡ-ਰਚਨਾ ਦਾ ਜੇ ਕੋਈ ਮੁਖ ਮੰਤਵ ਹੈ ਤਾਂ ਉਹ ਦੈਵੀ-ਮਨੋਰਥ ਹੈ। ਗੁਰਮਤਿ ਵਲੋਂ ਨਿਰਦੇਸ਼ਿਤ ਜੀਵਨ-ਜਾਚ ਰਾਹੀਂ ਹੀ ਬ੍ਰਹਿਮੰਡ ਦੇ ਦੈਵੀ ਸੰਦੇਸ਼ ਦਾ ਗੂੜ੍ਹ ਅਰਥ ਪ੍ਰਾਪਤ ਹੁੰਦਾ ਹੈ। ਗੁਰਮਤਿ ਅਨੁਸਾਰ Ḕਹੁਕਮ ਪਛਾਨਣḔ ਦੀ ਕ੍ਰਿਆ ਇਨਸਾਨ ‘ਚੋਂ ਹਉਂ-ਨਿਵਾਰਣ ਦੇ ਸਮਰਪਣ ਵਾਲੇ ਉਸ ਭਾਵ ਨਾਲ ਜੁੜ੍ਹੀ ਹੈ, ਜੋ ਗੁਰੂ ਦੀ ਮਤ ਧਾਰ ਕੇ ਹੀ ਪ੍ਰਾਪਤ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਅਨੁਸਾਰ ਹੁਕਮ ਵਿਚ ਚਲਣਾ, ਰਜ਼ਾ ਵਿਚ ਰਹਿਣਾ, ਜਾਂ ਭਾਣਾ ਮੰਨਣਾ ਨਾ ਤਾਂ ਗੁਲਾਮੀ ਦਾ ਲਖਾਇਕ ਹੈ ਅਤੇ ਨਾ ਹੀ ਤਿਆਗ ਦਾ, ਸਗੋਂ ਸੰਸਾਰ ਦੀ ਭੌਤਿਕ ਅਵਸਥਾ ਦਾ ਨਿਰਵਾਹ ਸਹਿਜ ਰੂਪ ਵਿਚ ਕਰਦਿਆਂ ਵੀ ਉਸ ਤੋਂ ਨਿਰਲੇਪ ਰਹਿ ਕੇ ਉਸ ਦੈਵੀ-ਸੱਤਾ ਵਿਚ ਸਮਾਹਿਤ ਹੋਣਾ ਹੀ ਹੁਕਮ ਦਾ ਸੰਕਲਪ ਹੈ। ਇਹ ਸੰਕਲਪ ਬ੍ਰਹਿਮੰਡੀ-ਏਕਾਤਮਕਤਾ ਅਤੇ ਇਕਸੁਰਤਾ ਬਣਾਉਣ ਦੇ ਸਮਰਥ ਹੈ।
ਪੁਸਤਕ ਦਾ ਅੰਤਲਾ ਲੇਖ “ਨਿਸ਼ਕਰਸ਼” ਦੇ ਸਿਰਲੇਖ ਨਾਲ ਡਾ. ਕੁਲਦੀਪ ਕੌਰ ਦੇ ਖੋਜ-ਪ੍ਰਬੰਧ ਦਾ ਸਾਰ ਪੇਸ਼ ਕਰਦਾ ਹੈ। ਉਨ੍ਹਾਂ ਦੀ ਖੋਜ ਦਾ ਕੇਂਦਰੀ ਵਿਸ਼ਾ “ਬ੍ਰਹਿਮੰਡ-ਅਧਿਐਨ ਦੇ ਵਿਸ਼ਵਵਿਆਪੀ ਪਸਾਰੇ ਵਿਚੋਂ ਗੁਰੂ ਗ੍ਰੰਥ ਸਾਹਿਬ ਵਿਚ ਸਮਾਹਿਤ ਬ੍ਰਹਿਮੰਡ ਪ੍ਰਤੀ ਦ੍ਰਿਸ਼ਟੀਕੋਣ ਦੀ ਪਛਾਣ ਕਰਨਾ” ਹੈ। ਲੇਖਿਕਾ ਦੀ ਇਹ ਰਚਨਾ ਇਸ ਆਸ਼ੇ ਦੀ ਪੂਰਤੀ ਲਈ ਇਕ ਸਫਲ ਕੋਸ਼ਿਸ਼ ਹੈ। ਉਨ੍ਹਾਂ ਆਪਣੀ ਵਿਚਾਰਧਾਰਾ ਦੀ ਪੁਸ਼ਟੀ ਲਈ ਗੁਰਬਾਣੀ ਦੇ ਉਚਿਤ ਹਵਾਲੇ ਪੇਸ਼ ਕੀਤੇ ਹਨ। ਕਿਤਾਬ ਗੁਰਬਾਣੀ ਵਿਚ ਬ੍ਰਹਿਮੰਡੀ ਪਰਿਪੇਖ ਬਾਰੇ ਭਰਪੂਰ ਜਾਣਕਾਰੀ ਪੇਸ਼ ਕਰਦੀ ਹੈ। ਗੁਰਬਾਣੀ ਦੇ ਅਨੇਕ ਸੰਕਲਪਾਂ/ਧਾਰਨਾਵਾਂ ਬਾਰੇ ਵਿਲੱਖਣ ਸੂਝ ਦਿੰਦੀ ਹੈ। ਵਧੀਆ ਜਿਲਦ ਵਾਲੀ ਅਤੇ ਵਧੀਆ ਕਾਗਜ਼ ਉਤੇ ਛਪੀ ਪੁਸਤਕ ਦੀ ਛਪਾਈ ਵੀ ਸੁੰਦਰ ਹੈ।
ਕਿਤਾਬ ਵਿਚ ਕੁਝ ਕੁ ਘਾਟਾਂ ਵੀ ਹਨ। ਮਿਸਾਲ ਵਜੋਂ ਕਈ ਥਾਂਈਂ ਬਿਰਤਾਂਤ ਵਿਚ ਦੁਹਰਾ ਹੈ। ਕਿਤੇ ਕਿਤੇ ਦਿਤੇ ਵਿਗਿਆਨਕ ਤੱਥਾਂ ਵਿਚ ਉਕਾਈ ਵੀ ਨਜ਼ਰ ਆਉਂਦੀ ਹੈ। ਜਿਵੇਂ ਕਿ ਪੰਨਾ 28 ਉਤੇ ਅੰਕਿਤ ਤੱਥ “ਸੂਰਜ 25 ਕਿ. ਮੀ. ਪ੍ਰਤੀ ਸੈਕੰਡ ਦੀ ਗਤੀ ਨਾਲ” ਦੀ ਥਾਂ ਦਰੁਸਤ ਤੱਥ “ਸੂਰਜ 225 ਕਿ. ਮੀ. ਪ੍ਰਤੀ ਸੈਕਿੰਡ ਦੀ ਗਤੀ ਨਾਲ” ਹੋਣਾ ਚਾਹੀਦਾ ਸੀ। ਇਸੇ ਤਰ੍ਹਾਂ ਇਸੇ ਪੰਨੇ ਉਤੇ ਅੰਕਿਤ ਤੱਥ “ਸੂਰਜ ਨੂੰ ਲਗਭਗ 25 ਕਰੋੜ ਸਾਲ” ਦੀ ਥਾਂ ਦਰੁਸਤ ਤੱਥ “ਸੂਰਜ ਨੂੰ ਲਗਭਗ 22.5 ਕਰੋੜ ਸਾਲ” ਹੋਣਾ ਚਾਹੀਦਾ ਸੀ। ਹਰ ਅਧਿਆਇ ਦੇ ਅੰਤ ਵਿਚ ਸਹਾਇਕ ਪੁਸਤਕ ਸੂਚੀ ਦਿੱਤੀ ਗਈ ਹੈ, ਜਿਸ ਵਿਚ ਜ਼ਿਕਰ ਅਧੀਨ ਪੁਸਤਕਾਂ ਦੇ ਪ੍ਰਕਾਸ਼ਨ ਸਾਲ ਅਤੇ ਪ੍ਰਕਾਸ਼ਕ ਦਾ ਜ਼ਿਕਰ ਨਹੀਂ ਦਿੱਤਾ ਗਿਆ। ਪਰ ਇਹ ਘਾਟਾਂ ਵਿਚਾਰ ਅਧੀਨ ਵਿਸ਼ੇ ‘ਤੇ ਦਿਤੀ ਗਈ ਜਾਣਕਾਰੀ ਦੇ ਮਹੱਤਵ ਨੂੰ ਕਿਸੇ ਤਰ੍ਹਾਂ ਵੀ ਘੱਟ ਨਹੀਂ ਕਰਦੀਆਂ। ਇਹ ਘਾਟਾਂ, ਮੁੱਖ ਤੌਰ ‘ਤੇ ਕਿਤਾਬ ਦੀ ਐਡਿਟਿੰਗ ਨਾਲ ਸਬੰਧਤ ਹਨ, ਨਾ ਕਿ ਲੇਖਿਕਾ ਦੇ ਵਿਚਾਰਾਂ ਨਾਲ।
ਆਸ ਹੈ, ਸਿੱਖ ਧਰਮ ਦੇ ਪ੍ਰਚਾਰਕ ਅਤੇ ਕਥਾਵਾਚਕ ਡਾ. ਕੁਲਦੀਪ ਕੌਰ ਦੇ ਇਸ ਉਦਮ ਤੋਂ ਲਾਭ ਉਠਾਉਂਦਿਆਂ ਗੁਰਬਾਣੀ ਵਿਚ ਮੌਜੂਦ ਬ੍ਰਹਿਮੰਡੀ ਸਰੋਕਾਰਾਂ ਦੇ ਵਿਭਿੰਨ ਪਹਿਲੂਆਂ ਬਾਰੇ ਇਸ ਨਵੇਂ, ਨਰੋਏ ਅਤੇ ਜਾਣਕਾਰੀ ਭਰਪੂਰ ਸਾਹਿਤ ਨੂੰ ਆਮ ਪਾਠਕਾਂ ਤਕ ਪਹੁੰਚਾਉਣਗੇ। ਇਹ ਇਕ ਅਜਿਹੀ ਕਿਤਾਬ ਹੈ, ਜੋ ਹਰ ਸਿੱਖ ਵਿਦਵਾਨ ਅਤੇ ਹਰ ਗੁਰਦੁਆਰੇ ਦੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਨ ਦੀ ਹੱਕਦਾਰ ਹੈ, ਤਾਂ ਜੋ ਨਵੀਂ ਪੀੜ੍ਹੀ ਤੇ ਹੋਰ ਸ਼ਰਧਾਲੂ, ਮਹਾਨ ਗੁਰੂ ਸਾਹਿਬਾਨ ਦੇ ਆਸ਼ਿਆਂ ਦਾ ਸਹੀ ਰੂਪ ਸਮਝ ਸਕਣ ਅਤੇ ਉਨ੍ਹਾਂ ‘ਤੇ ਚੱਲ ਕੇ ਜੀਵਨ ਸਫਰ ਸਫਲ ਕਰ ਸਕਣ।

*ਡਾਇਰੈਕਟਰ, ਸੈਂਟਰ ਫਾਰ ਅੰਡਰਸਟੈਂਡਿੰਗ ਸਿੱਖਇਜ਼ਮ, ਮਿਸੀਸਾਗਾ, ਓਂਟਾਰੀਓ, ਕੈਨੇਡਾ।

ਡਾ. ਦੇਵਿੰਦਰ ਪਾਲ ਸਿੰਘ ਅਧਿਆਪਕ ਅਤੇ ਲੇਖਕ ਹੈ । ਉਸ ਦੀਆਂ 21 ਕਿਤਾਬਾਂ ਤੇ ਲਗਭਗ 1000 ਰਚਨਾਵਾਂ ਵਿਗਿਆਨ, ਧਰਮ ਅਤੇ ਵਾਤਾਵਰਣ ਦੇ ਖੇਤਰਾਂ ਵਿਚ ਛੱਪ ਚੁੱਕੀਆਂ ਹਨ। ਉਸ ਦੇ 65 ਟੈਲੀਵਿਯਨ ਪ੍ਰੋਗਰਾਮ ਟੈਲੀਕਾਸਟ ਹੋ ਚੁੱਕੇ ਹਨ। ਜੋ ਯੂਟਿਊਬ ਪੇਸ਼ਕਾਰੀਆਂ ਵਜੋਂ ਇੰਟਰਨੈੱਟ ਉਤੇ ਵੀ ਉਪਲਬਧ ਹਨ। ਅੱਜ ਕਲ ਉਹ ਕੇਨੈਡਾ ਦੇ ਸ਼ਹਿਰ ਮਿਸੀਸਾਗਾ ਵਿਖੇ ਸੈਂਟਰ ਫਾਰ ਅੰਡਰਸਟੈਂਡਿੰਗ ਸਿੱਖਇਜ਼ਮ ਦੇ ਆਨਰੇਰੀ, ਡਾਇਰੈਕਟਰ ਵਜੋਂ ਸੇਵਾ ਕਾਰਜ ਨਿਭਾ ਰਹੇ ਹਨ।