ਅਵਤਾਰ ਸਿੰਘ
ਫੋਨ: 91-94175-18384
ਮੈਂ ਰਾਜਨੀਤੀ ਸ਼ਾਸਤਰ ਦਾ ਵਿਦਿਆਰਥੀ ਨਹੀਂ ਹਾਂ ਤੇ ਨਾ ਹੀ ਇਤਿਹਾਸ ਦਾ। ਸਾਹਿਤ ਦਾ ਵਿਦਿਆਰਥੀ ਹੋਣ ਸਦਕਾ ਮਾੜਾ ਮੋਟਾ ਸਾਹਿਤ ਪੜ੍ਹ ਲੈਂਦਾ ਹਾਂ ਤੇ ਉਸ ਤੋਂ ਵੀ ਘੱਟ ਸਮਝ ਲੈਂਦਾ ਹਾਂ।
ਮੈਂ ਮੰਨਦਾਂ ਕਿ ਸਾਹਿਤ ਸਾਨੂੰ ਸੁਹਿਰਦ ਅਤੇ ਸਹਿਰਦ ਹੋਣ ਲਈ ਪ੍ਰੇਰਿਤ ਕਰਦਾ ਹੈ; ਪਰ ਸਿਆਸਤ ਸਾਨੂੰ ਸੁਹਿਰਦਤਾ ਅਤੇ ਸਹਿਰਦਤਾ ਤੋਂ ਕੋਹ ਕੋਹ ਕੇ ਕੋਹਾਂ ਦੂਰ ਲੈ ਜਾਂਦੀ ਹੈ।
ਜਿਹੜਾ ਵੀ ਕੋਈ ਦੂਸਰੇ ਦੇ ਦੁੱਖ ਅਤੇ ਸੁੱਖ ਨੂੰ ਇਮਾਨਦਾਰੀ ਨਾਲ ਆਪਣਾ ਨਹੀਂ ਸਮਝਦਾ, ਉਹ ਸਾਹਿਤ ਦਾ ਵਿਦਿਆਰਥੀ ਨਹੀਂ ਹੋ ਸਕਦਾ। ਅਜਿਹੇ ਲੋਕ ਸਿਆਸਤ ਦੇ ਖੇਤਰ ਵਿਚ ਘਾਗ ਸਮਝੇ ਜਾਂਦੇ ਹਨ।
ਸਾਹਿਤ ਦਾ ਵਿਦਿਆਰਥੀ ਤਾਂ ਕਦੇ ਸੁੱਖ ਦੀ ਨੀਂਦ ਸੌਂ ਹੀ ਨਹੀਂ ਸਕਦਾ। ਉਸ ਨੂੰ ਤਾਂ ਨਾ ਦਿਨੇ ਚੈਨ ਤੇ ਨਾ ਰਾਤ ਅਰਾਮ ਮਿਲਦਾ ਹੈ, ‘ਨੇਹੁ ਵਾਲੇ ਨੈਣਾਂ ਕੀ ਨੀਂਦਰ, ਦਿਨੇ ਰਾਤ ਪਏ ਵਹਿੰਦੇ।’
ਸਾਹਿਤ ਦੀ ਮੱਸ ਰੱਖਣ ਵਾਲੇ ਲਈ ਕੋਈ ਵੀ ਓਪਰਾ ਨਹੀਂ ਹੁੰਦਾ, ਉਹ ਸਭ ਦਾ ਆਪਣਾ ਹੁੰਦਾ ਹੈ। ਉਸ ਨੂੰ ਹਰ ਕਿਸੇ ਤੋਂ ਰਾਜਿੰਦਰ ਸਿੰਘ ਬੇਦੀ ਦੀ ਕਹਾਣੀ ਵਾਂਗ ਇਹੀ ਉਮੀਦ ਹੁੰਦੀ ਹੈ ਕਿ ‘ਆਪਣੇ ਦੁੱਖ ਮੈਨੂੰ ਦੇ ਦਿਉ।’
ਉਸ ਦਾ ਮਕਸਦ ਇਹੀ ਹੁੰਦਾ ਹੈ, “ਪਾਰੋਸੀ ਕੇ ਜੋ ਹੂਆ ਤੂ ਅਪਨੇ ਭੀ ਜਾਨੁ।”
ਬਚਪਨ ਤੋਂ ਆਪਾਂ ਦੇਖਦੇ ਆ ਰਹੇ ਹਾਂ ਕਿ ਸਿਆਲ ਚੜ੍ਹਦੇ ਹੀ ਕਸ਼ਮੀਰੀ ਲੋਕ ਮਣ ਮਣ ਭਾਰੀਆਂ ਗਠੜੀਆਂ ਮੌਰਾਂ ‘ਤੇ ਚੁੱਕੀ ਆਉਂਦੇ ਹਨ। ਨਾਲ ਨੌਂਵੀਂ ਦਸਵੀਂ ‘ਚ ਪੜ੍ਹਦੇ ਆਪਣੇ ਲੜਕੇ ਵੀ ਲੈ ਆਉਂਦੇ ਹਨ ਕਿ ਉਹ ਵੀ ਚਾਰ ਪੈਸੇ ਕਮਾ ਲੈਣ।
ਉਹ ਲੋਕ ਮੋਢਿਆਂ ‘ਤੇ ਕੁਹਾੜੀਆਂ ਚੁੱਕੀ, ਰੁੱਖ ਵੱਢਣ ਜਾਂ ਲੱਕੜਾਂ ਪਾੜਨ ਲਈ ਵੀ ਦਰ ਦਰ ਜਾ ਕੇ ਮਿੰਨਤਾਂ ਤਰਲੇ ਕਰਦੇ ਹਨ। ਪਿਛਲੇ ਕੁਝ ਸਾਲਾਂ ਤੋਂ ਉਨ੍ਹਾਂ ਨੇ ਆਨੇ ਬਹਾਨੇ ਖਾਣ-ਪੀਣ ਜਾਂ ਪੈਸੇ-ਧੇਲੇ ਲਈ ਵੀ ਹੱਥ ਅੱਡਣੇ ਸ਼ੁਰੂ ਕਰ ਦਿੱਤੇ ਹਨ। ਅਸੀਂ ਉਨ੍ਹਾਂ ਨੂੰ ਰਾਸ਼ੇ ਸੱਦਦੇ ਹਾਂ। ਸੇਖੋਂ ਨੇ ਵੀ ਆਪਣੀ ‘ਪੇਮੀ ਦੇ ਨਿਆਣੇ’ ਕਹਾਣੀ ਵਿਚ ਰਾਸ਼ਿਆਂ ਦਾ ਜ਼ਿਕਰ ਕੀਤਾ ਹੈ।
ਕਸ਼ਮੀਰੀਆਂ ਕੋਲ ਧਾਰਾ 370 ਅਨੁਸਾਰ ਸਵੈਨਿਰਣੇ ਦਾ ਹੱਕ ਸੀ ਤੇ ਉਨ੍ਹਾਂ ਦੀ ਸਵੈਰੱਖਿਆ ਵੀ ਇਸੇ ਧਾਰਾ ਵਿਚ ਸੁਰੱਖਿਅਤ ਸੀ। ਲੰਮੇ ਅਰਸੇ ਤੋਂ ਚਲੇ ਆਉਂਦੇ ਇਹ ਸਾਰੇ ਹੱਕ ਹਕੂਕ ਕਸ਼ਮੀਰੀ ਲੋਕਾਂ ਲਈ ਰੰਚਕ ਮਾਤਰ ਵੀ ਮਦਦਗਾਰ ਸਾਬਤ ਨਹੀਂ ਹੋਏ।
ਮੈਨੂੰ ਸਿਆਸਤ ਦੀ ਉਕਾ ਸਮਝ ਨਹੀਂ ਹੈ। ਰਾਸ਼ਿਆਂ ਨੂੰ ਮੰਗਦਿਆਂ ਦੇਖ ਕੇ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਹੱਥ 370 ਰੁਪਏ ਦਾ ਛੁਣਛੁਣਾ ਦੇ ਕੇ, ਬਾਕੀ ਸਭ ਕੁਝ ਖੋਹ ਲਿਆ ਗਿਆ ਸੀ, ਜੋ ਹੁਣ ਤੱਕ ਕਈਆਂ ਦੀ ਅੱਖ ਵਿਚ ਰੜਕਦਾ ਆ ਰਿਹਾ ਸੀ। ਹੁਣ ਉਹ ਛੁਣਛੁਣਾ ਵੀ ਖੋਹ ਲਿਆ ਗਿਆ ਹੈ ਤੇ ਉਨ੍ਹਾਂ ਨੂੰ ਘਰਾਂ ਵਿਚ ਬੁਰੀ ਤਰ੍ਹਾਂ ਤਾੜ ਦਿੱਤਾ ਗਿਆ ਹੈ। ਕੁਝ ਲੋਕ ਦੁਖੀ ਹਨ ਕਿ ਪਤਾ ਨਹੀਂ ਰਾਸ਼ਿਆਂ ਤੋਂ ਕੀ ਖੋਹ ਲਿਆ ਗਿਆ ਹੈ ਤੇ ਬਹੁਤ ਸਾਰੇ ਲੋਕ ਖੁਸ਼ ਹਨ ਕਿ ਰਾਸ਼ਿਆਂ ਕੋਲੋਂ ਛੁਣਛੁਣਾ ਵੀ ਖੋਹ ਲਿਆ ਗਿਆ ਹੈ। ਖੁਸ਼ ਅਤੇ ਦੁਖੀ ਹੋਣ ਦੇ ਹਰ ਕਿਸੇ ਦੇ ਆਪੋ ਆਪਣੇ ਸਬੱਬ ਅਤੇ ਸੰਦਰਭ ਹਨ।
ਮੈਨੂੰ ਨਹੀਂ ਲੱਗਦਾ ਕਿ ਇਸ ਛੁਣਛੁਣੇ ਦਾ ਰਾਸ਼ਿਆਂ ਨੂੰ ਕੋਈ ਫਾਇਦਾ ਵੀ ਸੀ। ਦੋ ਚਾਰ ਟੱਬਰ ਕਸ਼ਮੀਰੀ ਸੁਰਗ ਦੇ ਝੂਟੇ ਮਾਟੇ ਲੈਂਦੇ ਸਨ ਤੇ ਬਾਕੀ ਵਿਚਾਰੇ ਲੱਕੜਾਂ ਪਾੜਨ ਜੋਗੇ ਜਾਂ ਮੌਰਾਂ ‘ਤੇ ਮਣ ਮਣ ਪੱਕੇ ਦੀਆਂ ਗਠੜੀਆਂ ਢੋਣ ਜੋਗੇ ਰਹਿ ਜਾਂਦੇ ਸਨ।
ਪੰਜਾਬ ਵਿਚ ਸਾਨੂੰ ਲੱਗਦਾ ਹੈ ਜਿਵੇਂ ਅਸੀਂ ਆਪਣਾ ਮੁੱਖ ਮੰਤਰੀ ਆਪ ਚੁਣਦੇ ਹੋਈਏ ਤੇ ਹਮੇਸ਼ਾ ਮਾਣ ਮਹਿਸੂਸ ਕਰਦੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਸਿਰ ‘ਤੇ ਪੱਗ ਹੁੰਦੀ ਹੈ ਤੇ ਦਾਹੜਾ ਬੰਨ੍ਹਿਆਂ ਜਾਂ ਪ੍ਰਕਾਸ਼ ਹੁੰਦਾ ਹੈ।
ਮੈਂ ਅਕਸਰ ਸੋਚਦਾਂ, ਸਾਨੂੰ ਸਿਰਫ ਇਸੇ ਗੱਲ ‘ਤੇ ਫੁੱਲੇ ਰਹਿਣਾ ਚਾਹੀਦਾ ਹੈ ਕਿ ਸਾਡਾ ਮੁੱਖ ਮੰਤਰੀ ਪੱਗ ਬੰਨ੍ਹਦਾ ਹੈ ਤੇ ਦਾਹੜੀ ਰੱਖਦਾ ਹੈ! ਅਹਿਮ ਸਵਾਲ ਹੈ, ਕੀ ਸਾਡੇ ਕਲਿਆਣ ਅਤੇ ਮੁਕਤੀ ਲਈ ਏਨਾ ਹੀ ਕਾਫੀ ਹੈ ਕਿ ਸਾਡੇ ਮੁੱਖ ਮੰਤਰੀ ਦੇ ਨਾਂ ਪਿੱਛੇ ਸਿੰਘ ਲੱਗਦਾ ਹੈ! ਕੀ ਸਾਨੂੰ ਇਸੇ ਗੱਲੋਂ ਖੁਸ਼ ਰਹਿਣਾ ਚਾਹੀਦਾ ਹੈ ਕਿ ਕੋਈ ਕੇਸ-ਕਤਰਾ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ‘ਤੇ ਅੱਖ ਵੀ ਨਹੀਂ ਰੱਖ ਸਕਦਾ!
ਸਾਡੇ ਵੀ ਕੁਝ ਲੋਕ ਕਸ਼ਮੀਰੀ ਛੁਣਛੁਣੇ ਦੀ ਲਾਲਸਾ ਰੱਖੀ ਬੈਠੇ ਹਨ ਤਾਂ ਜੋ ਦੋ-ਚਾਰ ਟੱਬਰ ਪੰਜਾਬ ਦੇ ਸੁਰਗ ਨੂੰ ਆਪਣੇ ਪੈਰਾਂ ਹੇਠ ਦਰੜ ਸਕਣ ਤੇ ਅਸੀਂ ਛੁਣਛੁਣਾ ਖੜਕਾਉਣ ਜੋਗੇ ਰਹਿ ਜਾਈਏ। ਵੈਸੇ ਪੰਜਾਬ ਕੋਲ ਹੁਣ ਬਾਬਿਆਂ ਦੀਆਂ ਢੋਲਕੀਆਂ ਤੇ ਚਿਮਟੇ ਛੈਣਿਆਂ ਤੋਂ ਬਿਨਾ ਬਚਿਆ ਹੀ ਕੀ ਹੈ?
ਕਿਸੇ ਵੇਲੇ ਜਲਸਿਆਂ ਤੋਂ ਸਰਕਾਰਾਂ ਘਬਰਾ ਜਾਂਦੀਆਂ ਸਨ। ਇਸੇ ਲਈ ਸਿਆਸੀ ਲੋਕਾਂ ਨੇ ਜਲਸਿਆਂ ਦਾ ਜਲੂਸ ਕੱਢ ਦਿੱਤਾ ਤੇ ਉਨ੍ਹਾਂ ਦਾ ਨਾਂ ਨਗਰ-ਕੀਰਤਨ ਤੇ ਸ਼ੋਭਾ ਯਾਤਰਾ ਰੱਖ ਦਿੱਤਾ। ਹੁਣ ਇਨ੍ਹਾਂ ਤੋਂ ਸਰਕਾਰਾਂ ਨਹੀਂ ਘਬਰਾਉਂਦੀਆਂ ਸਗੋਂ ਉਹ ਹੁਣ ਖੁਦ ਇਨ੍ਹਾਂ ਦਾ ਪ੍ਰਬੰਧ ਕਰਦੀਆਂ ਹਨ ਤੇ ਹੁੰਮ-ਹੁਮਾ ਕੇ ਵਿਚ ਸ਼ਾਮਲ ਹੁੰਦੀਆਂ ਹਨ।
ਸਰਕਾਰੀ ਲੁੱਟ ਤੋਂ ਲੋਕਾਂ ਦਾ ਧਿਆਨ ਪਰੇ ਹਟਾਉਣ ਲਈ ਚੱਤੇ ਪਹਿਰ ਚਿੱਟੇ ਲੱਠੇ ‘ਚ ਲਿਪਟੇ ਰਹਿਣ ਵਾਲੇ ਬਾਬੇ ਕਾਫੀ ਅਹਿਮ ਰੋਲ ਅਦਾ ਕਰਦੇ ਹਨ। ਬਾਬਿਆਂ ਦਾ ਚਿੱਟਾ ਲੱਠਾ ਜਨਤਾ ਲਈ ਕੋਰਾ ਕਫਨ ਸਾਬਤ ਹੁੰਦਾ ਹੈ।
ਜਿਵੇਂ ਜੰਗਲ ਵਿਚ ਸ਼ਿਕਾਰ ਦਾ ਵੱਡਾ ਹਿੱਸਾ ਸ਼ੇਰ ਖਾ ਜਾਂਦਾ ਹੈ ਅਤੇ ਲੱਕੜ ਬੱਗੇ ਹੱਡੀਆਂ ਚਰੂੰਢ ਜਾਂਦੇ ਹਨ ਤੇ ਬਾਕੀ ਸਭ ਕੰਗਾਲ ਰਹਿ ਜਾਂਦਾ ਹੈ। ਇਸੇ ਤਰ੍ਹਾਂ ਜਨਤਾ ਦੇ ਸੁੱਖ ਅਰਾਮ ਦਾ ਚੋਖਾ ਹਿੱਸਾ ਸਰਕਾਰ ਚਟਮ ਕਰ ਜਾਂਦੀ ਹੈ ਤੇ ਕੁਝ ਬਾਬੇ ਚਰੂੰਢ ਲੈਂਦੇ ਹਨ; ਬਾਕੀ ਬਚੇ ਪਿੰਜਰ ਨੂੰ ਕੋਈ ਕੀ ਕਰੇ!
ਚੰਡੀਗੜ੍ਹ ਪੰਜਾਬੀਆਂ ਲਈ ਸੁਪਨਪੁਰੀ ਦੇ ਸਮਾਨ ਹੈ। ਹਰ ਕਿਸੇ ਦਾ ਉਥੇ ਰਹਿਣ ਨੂੰ ਜੀ ਕਰਦਾ ਹੈ। ਚੰਡੀਗੜ੍ਹ ਯੂਨੀਅਨ ਟੈਰੇਟਰੀ (ਯੂ. ਟੀ.) ਹੈ, ਇਸ ਦਾ ਕਿਸੇ ਨੂੰ ਵੀ ਇਤਰਾਜ਼ ਨਹੀਂ ਹੈ। ਲੋਕਾਂ ਦੇ ਮਨਾਂ ਵਿਚ ਡਰ ਹੈ ਕਿ ਜੇ ਇਹ ਪੰਜਾਬ ਨੂੰ ਦੇ ਦਿੱਤਾ ਤਾਂ ਸ਼ਾਇਦ ਇਹ ਪੰਜਾਬ ਦਾ ਦੂਜਾ ਲੁਧਿਆਣਾ ਬਣ ਜਾਵੇਗਾ।
ਪੰਜਾਬ ਦੇ ਆਮ ਲੋਕ ਚੰਡੀਗੜ੍ਹੋਂ ਆਉਂਦੇ ਹੋਏ ਸ਼ਰਾਬ ਦੀ ਬੋਤਲ ਖਰੀਦ ਲਿਆਉਂਦੇ ਹਨ ਤੇ ਗੱਡੀਆਂ ਵਾਲੇ ਤੇਲ ਦੀ ਟੈਂਕੀ ਫੁੱਲ ਕਰਵਾ ਲਿਆਉਂਦੇ ਹਨ। ਉਥੇ ਪੰਜਾਬ ਨਾਲੋਂ ਸ਼ਰਾਬ ਵੀ ਸਸਤੀ ਹੈ ਤੇ ਡੀਜ਼ਲ ਪੈਟਰੌਲ ਵੀ ਸਸਤਾ ਹੈ। ਚੰਡੀਗੜ੍ਹ ਦਾ ਰਹਿਣਾ ਸੁਰਗ ਦਾ ਵਾਸਾ ਹੈ, ਕਿਉਂਕਿ ਉਹ ਯੂ. ਟੀ. ਹੈ। ਚੰਡੀਗੜ੍ਹੀਆਂ ਨੂੰ ਕਦੇ ਨਹੀਂ ਲੱਗਦਾ ਕਿ ਉਨ੍ਹਾਂ ਕੋਲ ਸਵੈ-ਨਿਰਣੇ ਦਾ ਹੱਕ ਨਹੀਂ ਹੈ; ਸਗੋਂ ਚੰਡੀਗੜ੍ਹੀਏ ਲੋਕ ਵਿਸ਼ੇਸ਼ ਕਿਸਮ ਦੇ ਗੌਰਵ ਦੇ ਅਹਿਸਾਸ ਵਿਚ ਰਹਿੰਦੇ ਹਨ। ਉਨ੍ਹਾਂ ਦੇ ਨਜ਼ਦੀਕ ਹੋਇਆਂ ਹੀ ਪਤਾ ਲੱਗਦਾ ਹੈ ਕਿ ਉਹ ਵੀ ਬਾਕੀਆਂ ਵਾਂਗ ਈਰਖਾ ਅਤੇ ਸਾੜੇ ਦੇ ਦਗਦੇ ਕੋਲਿਆਂ ਵਿਚ ਉਸੇ ਤਰ੍ਹਾਂ ਭੁੱਜਦੇ ਰਹਿੰਦੇ ਹਨ, ਜਿਸ ਤਰ੍ਹਾਂ ਸਵੈਨਿਰਣੇ ਵਾਲੇ ਅਸੀਂ ਸਾਰੇ।
ਉਂਜ ਦੇਖਿਆ ਜਾਵੇ ਤਾਂ ਪੂਰੇ ਹਿੰਦੁਸਤਾਨ ਵਿਚ ਹੀ ਕਿਸੇ ਨੂੰ ਸਵੈਨਿਰਣੇ ਦਾ ਹੱਕ ਹਾਸਲ ਨਹੀਂ ਹੈ। ਤਕੜੇ ਦਾ ਸੱਤੀਂ ਵੀਹੀ ਸੌ ਹੁੰਦਾ ਹੈ। ਇਸ ਲਈ ਧਨਾਢ ਲੋਕ ਗਰੀਬ ਲੋਕਾਂ ਦਾ ਹੱਕ ਮਾਰ ਕੇ ਅੱਗੇ ਆਉਂਦੇ ਹਨ ਤੇ ਉਨ੍ਹਾਂ ਨੂੰ ਪਿੱਛੇ ਧੱਕ ਦਿੰਦੇ ਹਨ।
ਸਿਆਸਤ ਬਾਬਤ ਬਹੁਤੇ ਫਿਕਰਮੰਦ ਹੋਣ ਨਾਲੋਂ ਸਾਡੇ ਲਈ ਸਾਹਿਤਕ ਸੋਚ ਅਤੇ ਸੱਚ ਦਾ ਖਿਆਲ ਰੱਖਣਾ ਵਧੇਰੇ ਸੁਖਾਵਾਂ ਹੋ ਸਕਦਾ ਹੈ।
ਆਉ! ਸਾਹਿਤ ਪੜ੍ਹੀਏ, ਸੁਹਿਰਦ ਅਤੇ ਸਹਿਰਦ ਹੋਈਏ ਤੇ ਸਿਆਸੀ ਦਲਦਲ ‘ਚੋਂ ਬਾਹਰ ਆ ਕੇ ਕੁਝ ਨਿਵੇਕਲਾ ਸੋਚੀਏ ਕਿ ਸਾਡੀ ਅਸਲ ਵਿਚ ਕੀ ਸਮੱਸਿਆ ਹੈ ਤੇ ਉਸ ਦਾ ਹੱਲ ਕੀ ਹੈ!