ਇੰਦਰਜੀਤ ਚੁਗਾਵਾਂ
ਤੁਮ ਹਮੇਂ ਸਾਥ ਮੇ ਰੱਖਾ ਕਰੋ ਆਦਤ ਕੀ ਤਰਹ।
ਵਰਨਾ ਹਮ ਉਠ ਕੇ ਚਲੇ ਜਾਏਂਗੇ ਬਰਕਤ ਕੀ ਤਰਹ।
ਮੁਨੱਵਰ ਰਾਣਾ ਦਾ ਨੌਜਵਾਨਾਂ ਨੂੰ ਬਜੁਰਗਾਂ ਦੇ ਮਾਣ ਸਤਿਕਾਰ ਬਾਰੇ ਕਿਹਾ ਇਹ ਸ਼ਿਅਰ ਮੈਨੂੰ ਵਾਰ ਵਾਰ ਯਾਦ ਆ ਰਿਹਾ ਹੈ। ਬਜੁਰਗਾਂ ਕੋਲ ਬਹੁਤ ਕੀਮਤੀ ਖਜਾਨਾ ਹੁੰਦਾ ਹੈ, ਉਨ੍ਹਾਂ ਦਾ ਤਜ਼ਰਬਾ, ਜਿਸ ਤੋਂ ਫਾਇਦਾ ਉਠਾਉਣਾ ਅਗਲੀ ਪੀੜ੍ਹੀ ਦਾ ਕੰਮ ਹੁੰਦਾ ਹੈ।
ਜ਼ਿੰਦਗੀ ਦੇ ਸੱਤ ਦਹਾਕੇ ਖੱਬੇ ਪੱਖੀ ਲਹਿਰ ਦੇ ਲੇਖੇ ਲਾਉਣ ਵਾਲੇ ਬਜੁਰਗ ਬਾਪੂ ਗੁਰਦੀਪ ਸਿੰਘ ਅਣਖੀ, ਜੋ ਆਪਣੇ ਬੇਟੇ ਹਰਜਿੰਦਰ ਢੇਸੀ ਨਾਲ ਫਰਿਜ਼ਨੋ (ਕੈਲੀਫੋਰਨੀਆ) ਰਹਿੰਦੇ ਹਨ, ਨਾਲ ਬੈਠਣ ਤੇ ਉਨ੍ਹਾਂ ਦੀਆਂ ਯਾਦਾਂ ਸੁਣਨ ਤੇ ਮਾਣਨ ਦਾ ਪ੍ਰੋਗਰਾਮ ਵਾਰ ਵਾਰ ਅੱਗੇ ਪੈ ਰਿਹਾ ਸੀ। ਕਦੇ ਮੇਰੇ ਕੋਲ ਸਮਾਂ ਨਾ ਹੁੰਦਾ ਤੇ ਜੇ ਹੁੰਦਾ, ਤਾਂ ਉਨ੍ਹਾਂ ਡਾਕਟਰ ਕੋਲ ਜਾਣਾ ਹੁੰਦਾ। ਆਖਰ ਦਿਨ ਤੈਅ ਹੋ ਗਿਆ ਤੇ ਆਪਣੇ ਚਾਚਾ ਗੁਲਜ਼ਾਰ ਸਿੰਘ ਫੌਜੀ ਨੂੰ ਨਾਲ ਲੈ ਕੇ ਮੈਂ ਉਨ੍ਹਾਂ ਦੇ ਘਰ ਜਾ ਪੁੱਜਾ। ਬਿਨਾ ਕਿਸੇ ਉਚੇਚ ਦੇ ਅਸੀਂ ਗੱਲਬਾਤ ਸ਼ੁਰੂ ਕਰ ਲਈ, ਜੋ ਏਨੀ ਯਾਦਗਾਰੀ ਹੋ ਨਿਬੜੀ, ਜਿਸ ਦੀ ਮੈਨੂੰ ਆਸ ਨਹੀਂ ਸੀ।
ਮੁਲਾਕਾਤ ਦੌਰਾਨ ਉਨ੍ਹਾਂ ਪਾਰਟੀ ਉਸਾਰੀ ਦੇ ਮੁਢਲੇ ਦੌਰ, ਮੰਡ-ਬੇਟ ਦੇ ਆਬਾਦਕਾਰਾਂ ਨੂੰ ਜਥੇਬੰਦ ਕਰਨ ਤੇ ਜਥੇਬੰਦੀ ਉਸਾਰਨ ਲਈ ਵਰਤੇ ਜਾਂਦੇ ਢੰਗ ਤਰੀਕਿਆਂ ਬਾਰੇ ਖੂਬ ਗੱਲਾਂ ਕੀਤੀਆਂ। ਜਦ ਗਦਰੀ ਬਾਬਾ ਕਰਮ ਸਿੰਘ ਚੀਮਾ ਦਾ ਜ਼ਿਕਰ ਆਇਆ ਤਾਂ ਉਨ੍ਹਾਂ ਦੇ ਸ਼ਹੀਦ ਭਗਤ ਸਿੰਘ ਨਾਲ ਨਜ਼ਦੀਕੀ ਸਬੰਧਾਂ ਬਾਰੇ ਇੱਕ ਬੇਹੱਦ ਕੀਮਤੀ ਤੇ ਇਤਿਹਾਸਕ ਜਾਣਕਾਰੀ ਸਾਹਮਣੇ ਆਈ, ਜਿਸ ਦਾ ਜ਼ਿਕਰ (ਸ਼ਾਇਦ) ਇਤਿਹਾਸ ਵਿਚ ਕਿਤੇ ਵੀ ਦਰਜ ਨਹੀਂ।
ਗੱਲ ਰੁੜਕਾ ਕਲਾਂ ‘ਚ ਸਤੰਬਰ 1971 ‘ਚ ਹੋਈ ਕੁਲ ਹਿੰਦ ਕਿਸਾਨ ਸਭਾ ਦੀ ਕੌਮੀ ਪੱਧਰ ਦੀ ਕਾਨਫਰੰਸ ਬਾਰੇ ਚੱਲੀ ਤਾਂ ਉਸ ਦੀ ਤਿਆਰੀ ਦੇ ਸਿਲਸਿਲੇ ‘ਚ ਸ਼ ਅਣਖੀ ਦੱਸ ਰਹੇ ਸਨ ਕਿ ਕਿਵੇਂ ਮਹਿੰਦਰ ਸਿੰਘ ਜੌਹਲ (ਮੇਰੀ ਹਮਸਫਰ ਪਰਮਜੀਤ ਦੇ ਪਿਤਾ ਤੇ ਕਾਮਰੇਡ ਅਣਖੀ ਦੇ ਗਰਾਈਂ) ਤਾਰਾ ਸਿੰਘ ਪੁਆਦੜਾ ਨਾਲ ਮਿਲ ਕੇ ਉਨ੍ਹਾਂ ਦਿਨ ਰਾਤ ਇੱਕ ਕੀਤਾ ਸੀ, ਖਾਣ-ਪੀਣ ਦੀ ਵੀ ਕੋਈ ਸੁੱਧ ਨਹੀਂ ਸੀ ਰਹਿੰਦੀ। ਇਨ੍ਹਾਂ ਪਲਾਂ ‘ਚ ਹੀ ਇੱਕ ਇਤਿਹਾਸਕ ਜਾਣਕਾਰੀ ਮੇਰੇ ਹੱਥ ਆ ਗਈ। ਸ਼ਹੀਦ-ਏ-ਆਜ਼ਮ ਦਾ ਬਾਬਾ ਕਰਮ ਸਿੰਘ ਚੀਮਾ ਕੋਲ ਆਉਣ ਜਾਣ ਲੱਗਾ ਰਹਿੰਦਾ ਸੀ।
ਬਾਪੂ ਅਣਖੀ ਨੇ ਦੱਸਿਆ, “ਕਿਸਾਨ ਸਭਾ ਦੀ ਰੁੜਕਾ ਕਲਾਂ ਕਾਨਫਰੰਸ ਦੀ ਤਿਆਰੀ ਸਬੰਧੀ ਮੈਂ ਪਿੰਡ ਚੀਮਾ ਖੁਰਦ ਬਾਬਾ ਕਰਮ ਸਿੰਘ ਚੀਮਾ ਕੋਲ ਗਿਆ ਤਾਂ ਉਹ ਪੁੱਛਣ ਲੱਗੇ ਕਿ ‘ਬੱਚੂ ਰੋਟੀ ਖਾਧੀ ਆ ਭਲਾ?’ ਮੈਂ ਝਿਜਕਦਿਆਂ ਆਖ ਦਿੱਤਾ, ਬਾਬਾ ਜੀ, ਖਾਧੀ ਸੀ ਸਵੇਰੇ। ਬਾਬਾ ਜੀ ਸਮਝ ਗਏ ਕਿ ਮੈਂ ਭੁੱਖਾ ਹਾਂ ਤੇ ਮੇਰੇ ਲਈ ਰੋਟੀ ਦਾ ਪ੍ਰਬੰਧ ਕਰਨ ਲਈ ਪਰਿਵਾਰ ਨੂੰ ਆਖ ਦਿੱਤਾ। ਰੋਟੀ ਪਾਣੀ ਛਕ ਕੇ ਜਦ ਮੈਂ ਤੁਰਨ ਲੱਗਾ ਤਾਂ ਬਾਬਾ ਜੀ ਵੀ ਨਾਲ ਈ ਮੇਰਾ ਹੱਥ ਫੜ ਕੇ ਤੁਰ ਪਏ। ਆਪਣੀ ਬਾਰਾਂਦਰੀ ਦੀ ਡਿਓੜੀ ‘ਚ ਰੁਕ ਕੇ ਮੇਰੇ ਨਾਲ ਕਿਸਾਨ ਕਾਨਫਰੰਸ ਦੀ ਤਿਆਰੀ, ਫੰਡ ਉਗਰਾਹੀ ਬਾਰੇ ਗੱਲਾਂ ਕਰਨ ਲੱਗੇ। ਕਹਿੰਦੇ, “ਲੈ ਬੱਚੂ, ਤੈਨੂੰ ਇੱਕ ਭੇਤ ਦੀ ਗੱਲ ਦੱਸਦਾਂ। ਜਿੱਥੇ ਹੁਣ ਆਪਾਂ ਖੜੇ ਆਂ ਨਾ, ਇਥੇ ਈ ਮੈਂ ਭਗਤ ਸਿੰਘ ਨੂੰ ਉਹ ਪਿਸਤੌਲ ਦਿੱਤਾ ਸੀ, ਜਿਸ ਨਾਲ ਉਸ ਨੇ ਸਾਂਡਰਸ ‘ਤੇ ਗੋਲੀ ਚਲਾਈ ਸੀ।”
ਮੈਂ ਇੱਕਦਮ ਚੌਂਕ ਉਠਿਆ, “ਚਾਚਾ ਜੀ, ਇਹ ਤਾਂ ਇੱਕ ਅਹਿਮ ਇਤਿਹਾਸਕ ਘਟਨਾ ਨਾਲ ਜੁੜੀ ਬੇਹੱਦ ਕੀਮਤੀ ਜਾਣਕਾਰੀ ਐ, ਜੋ ਹੁਣ ਤੱਕ ਕਿਤੇ ਵੀ ਦਰਜ ਨਹੀਂ ਹੈ।” ਮੈਂ ਹੈਰਾਨੀ ਜਾਹਰ ਕੀਤੀ ਕਿ ਇਹ ਤੱਥ ਹੁਣ ਤੱਕ ਛਿਪਿਆ ਕਿਵੇਂ ਰਹਿ ਗਿਆ!
ਬਾਪੂ ਅਣਖੀ ਦਾ ਜਵਾਬ ਸੀ, “ਕਾਕਾ ਅਸੀਂ ਕਿਹੜਾ ਤੁਹਾਡੇ ਵਰਗੇ ਪੱਤਰਕਾਰ ਜਾਂ ਲਿਖਾਰੀ ਸੀ, ਜੋ ਲਿਖ ਕੇ ਲੋਕਾਂ ਨੂੰ ਦੱਸਦੇ। ਤੇ ਬਾਬਾ ਚੀਮਾ ਤਾਂ ਸਾਰੀ ਉਮਰ ਹਕੂਮਤਾਂ ਨਾਲ ਸੰਘਰਸ਼ ਈ ਕਰਦਾ ਰਿਹਾ, ਪਹਿਲਾਂ ਅੰਗਰੇਜ਼ਾਂ ਨਾਲ ਤੇ ਫਿਰ ਦੇਸੀ ਹਾਕਮਾਂ ਨਾਲ। ਉਨ੍ਹਾਂ ਨੂੰ ਇਨ੍ਹਾਂ ਗੱਲਾਂ ਲਈ ਵਿਹਲ ਕਿੱਥੇ ਸੀ?” ਫਿਰ ਹੱਸਦਿਆਂ ਕਹਿਣ ਲੱਗੇ, “ਲੈ ਬੱਚੂ ਹੁਣ ਤੇਰੇ ਜੁੰਮੇ ਆਂ, ਤੂੰ ਦੱਸ ਲੋਕਾਂ ਨੂੰ।”
ਇਸ ਘਟਨਾਕ੍ਰਮ ਨਾਲ ਈ ਜੁੜੀ ਇੱਕ ਹੋਰ ਗੱਲ ਵੀ ਨੋਟ ਕਰਨ ਵਾਲੀ ਹੈ। ਸ਼ ਅਣਖੀ ਨੇ ਕਿਹਾ, “ਬਹੁਤ ਸਾਰੇ ਲੋਕਾਂ ਨੇ, ਜਿਨ੍ਹਾਂ ‘ਚ ਕਾਂਗਰਸੀਆਂ ਦੀ ਝੰਡੀ ਰਹੀ, ਆਜ਼ਾਦੀ ਘੁਲਾਟੀਆਂ ਵਾਲੀ ਪੈਨਸ਼ਨ ਹਾਸਲ ਕਰਨ ਲਈ ਝੂਠੇ ਕਾਗਜ਼ ਪੱਤਰ ਬਣਾਏ ਤੇ ਕਾਮਯਾਬ ਵੀ ਹੋਏ। ਰਾਏਪੁਰ ਅਰਾਈਆਂ ਦੇ ਸੁਰੈਣ ਸਿੰਘ ਨੇ ਜੰਡਿਆਲੇ ਵਾਲੇ ਕਾਂਗਰਸੀ ਦਰਬਾਰਾ ਸਿੰਘ, ਜੋ ਬਾਅਦ ‘ਚ ਪੰਜਾਬ ਦਾ ਮੁੱਖ ਮੰਤਰੀ ਬਣਿਆ, ਕੋਲੋਂ ਤਸਦੀਕ ਕਰਵਾ ਕੇ ਅਰਜ਼ੀ ਪਾਈ ਕਿ ਭਗਤ ਸਿੰਘ ਨੂੰ ਪਿਸਤੌਲ ਖਰੀਦਣ ਲਈ ਆਪਣੀ ਜ਼ਮੀਨ ਵੇਚ ਕੇ 300 ਰੁਪਏ ਉਸ ਨੇ ਦਿੱਤੇ ਸਨ ਤੇ ਉਹ ਪੈਨਸ਼ਨ ਹਾਸਲ ਕਰਨ ‘ਚ ਕਾਮਯਾਬ ਵੀ ਰਿਹਾ। ਉਸ ਦੇ ਭਰਾ ਉਸ ਨੂੰ ਗਾਲ੍ਹਾਂ ਕੱਢਣ ਕਿ ਹਰਾਮੀ ਝੂਠ ਬਕਦੈ, ਸਾਨੂੰ ਦੱਸੇ ਖਾਂ ਇਹਨੇ ਕਿਹੜਾ ਖੇਤ ਵੇਚਿਐ? ਸਾਡਾ ਤਾਂ ਇੱਕ ਸਿਆੜ ਵੀ ਨਹੀਂ ਵਿਕਿਆ! ਅਜਿਹੇ ਹੋਰ ਪਤਾ ਨਹੀਂ ਕਿੰਨੇ ਸੁਰੈਣ ਸਿੰਘ ਹੋਣਗੇ, ਜੋ ‘ਆਜ਼ਾਦੀ ਘੁਲਾਟੀਏ’ ਬਣ ਗਏ।”
ਜ਼ਿਕਰਯੋਗ ਹੈ ਕਿ ਬਾਬਾ ਕਰਮ ਸਿੰਘ ਚੀਮਾ ਜੈਲਦਾਰਾਂ ਦੇ ਪਰਿਵਾਰ ਵਿਚੋਂ ਸਨ। ਅਜਿਹੇ ਪਰਿਵਾਰ ਦਾ ਹਿੱਸਾ ਹੁੰਦਿਆਂ ਗਦਰ ਪਾਰਟੀ ਤੇ ਫਿਰ ਕਮਿਊਨਿਸਟ ਲਹਿਰ ‘ਚ ਸਰਗਰਮੀ ਨਾਲ ਹਿੱਸਾ ਲੈਣਾ ਆਪਣੇ ਆਪ ‘ਚ ਮਾਇਨੇ ਰੱਖਦਾ ਹੈ। ਇੱਥੇ ਇਹ ਗੱਲ ਸਪੱਸ਼ਟ ਕਰਨੀ ਜਰੂਰੀ ਹੈ ਕਿ ਭਗਤ ਸਿੰਘ ਦੇ ਪਿਸਤੌਲ ਨਾਲ ਸਬੰਧਿਤ ਬਿਰਤਾਂਤ ਪੇਸ਼ ਕਰਨ ਦਾ ਮਕਸਦ ਇਤਿਹਾਸਕ ਤੱਥਾਂ ਨੂੰ ਸਹੀ ਸੰਦਰਭ ‘ਚ ਪੇਸ਼ ਕਰਨਾ ਹੈ, ਨਾ ਕਿ ਉਨ੍ਹਾਂ ਦੀ ਪਿਸਤੌਲ ਵਾਲੀ ਦਿੱਖ ਨੂੰ ਉਭਾਰਨਾ। ਇਹ ਗੱਲ ਚੰਗੀ ਤਰ੍ਹਾਂ ਪਤਾ ਹੋਣੀ ਚਾਹੀਦੀ ਹੈ ਕਿ ਭਗਤ ਸਿੰਘ ਵਿਚਾਰਧਾਰਕ ਜਾਗਰੂਕਤਾ ਨੂੰ ਪਰਮ ਅਗੇਤ ਦਿੰਦੇ ਸਨ। ਉਨ੍ਹਾਂ ਦੀ ਸਮਝ ਸੀ ਕਿ ਗੁਲਾਮੀ ਤੋਂ ਮੁਕਤੀ ਲਈ ਲੋਕਾਂ ਨੂੰ ਵਿਚਾਰਧਾਰਕ ਤੌਰ ‘ਤੇ ਜਾਗਰੂਕ ਕਰਕੇ ਹੀ ਅਸਲੀ ਲੋਕ ਮੁਕਤੀ ਲਈ ਤਿਆਰ ਕੀਤਾ ਜਾ ਸਕਦਾ ਹੈ। ਉਨ੍ਹਾਂ ਲਿਖਿਆ ਵੀ ਹੈ, “ਇਨਕਲਾਬ ਦੀ ਧਾਰ ਵਿਚਾਰਾਂ ਦੀ ਸਾਣ ‘ਤੇ ਹੀ ਤਿੱਖੀ ਹੁੰਦੀ ਹੈ।”
ਉਹ ਕੇਵਲ ਬਰਤਾਨਵੀ ਸਾਮਰਾਜ ਤੋਂ ਹੀ ਆਜ਼ਾਦੀ ਦੇ ਹੱਕ ਵਿਚ ਨਹੀਂ ਸਨ, ਅਜਿਹੇ ਨਿਜ਼ਾਮ ਦੀ ਸਥਾਪਤੀ ਦੇ ਹੱਕ ਵਿਚ ਵੀ ਸਨ, ਜਿਥੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਾ ਹੋਵੇ, ਜਿਥੇ ਕਿਸੇ ਨਾਲ ਜਾਤ, ਰੰਗ, ਨਸਲ ਦੇ ਆਧਾਰ ‘ਤੇ ਵਿਤਕਰਾ ਨਾ ਹੋਵੇ। ਅਜਿਹੇ ਨਿਜ਼ਾਮ ਦੀ ਸਥਾਪਤੀ ਲਈ ਬਾਬਾ ਚੀਮਾ ਜਿਹੇ ਅਸਲ ਦੇਸ਼ ਭਗਤ ਆਜ਼ਾਦੀ ਤੋਂ ਬਾਅਦ ਵੀ ਲੱਗੇ ਰਹੇ। ਜੇ ਉਨ੍ਹਾਂ ਦਾ ਮਕਸਦ ਸਿਰਫ ਬਰਤਾਨਵੀ ਸਾਮਰਾਜ ਤੋਂ ਮੁਕਤੀ ਹੀ ਹੁੰਦਾ ਤਾਂ ਉਹ ਵੀ ਆਰਾਮ ਦੀ ਜ਼ਿੰਦਗੀ ਜੀਅ ਸਕਦੇ ਸਨ।
ਬਾਬਾ ਚੀਮਾ ਵਰਗੇ ਬਜੁਰਗਾਂ ਨਾਲ ਜੁੜੀਆਂ ਕਈ ਅਜਿਹੀਆਂ ਘਟਨਾਵਾਂ ਹਨ, ਜੋ ਲੋਕਪੱਖੀ ਜਨਤਕ ਜੀਵਨ ਜਿਉਣ ਦੀ ਇੱਛਾ ਰੱਖਣ ਵਾਲੇ ਲੋਕਾਂ ਲਈ ਚਾਨਣ ਮੁਨਾਰੇ ਦਾ ਕੰਮ ਕਰ ਸਕਦੀਆਂ ਹਨ।
ਗਦਰ ਪਾਰਟੀ ਦਾ ਚੋਖਾ ਫੰਡ ਵੀ ਬਾਬਾ ਚੀਮਾ ਕੋਲ ਸੀ, ਜੋ ਉਨ੍ਹਾਂ ਕਮਿਊਨਿਸਟ ਪਾਰਟੀ ਦੇ ਹਵਾਲੇ ਕਰ ਦਿੱਤਾ ਸੀ। ਉਹ ਇੰਨੇ ਇਮਾਨਦਾਰ ਤੇ ਸਿਰੜੀ ਸਨ ਕਿ ਬੋਹੜ ਪੱਟ ਤੂਫਾਨਾਂ ਸਾਹਵੇਂ ਅਡੋਲ ਖੜ੍ਹੇ ਰਹਿਣ ਦਾ ਮਾਦਾ ਰੱਖਦੇ ਸਨ। ਦੇਸ਼ ਭਗਤਾਂ ਵਿਰੁਧ ਮੁਕੱਦਮਿਆਂ ਦੀ ਪੈਰਵੀ ਦੀ ਜਿੰਮੇਵਾਰੀ ਵੀ ਬਾਬਾ ਚੀਮਾ ਸਿਰ ਸੀ। ਇਹ ਮੁਕੱਦਮੇ ਲੜਨ ਲਈ ਵਿਦੇਸ਼ਾਂ ਵਿਚਲੇ ਦੇਸ਼ ਭਗਤ, ਬਾਬਾ ਜੀ ਨੂੰ ਵੱਖੋ ਵੱਖ ਢੰਗ ਤਰੀਕਿਆਂ ਨਾਲ ਮਾਲੀ ਮਦਦ ਭੇਜਦੇ ਸਨ ਤੇ ਹਾਸਲ ਹੋਈ ਮਦਦ ਦਾ ਇੱਕ ਨਿੱਕਾ ਪੈਸਾ ਵੀ ਕਿਸੇ ਦੂਸਰੇ ਕੰਮ ਲਈ ਨਹੀਂ ਸੀ ਖਰਚਿਆ ਜਾਂਦਾ।
ਬਾਪੂ ਅਣਖੀ ਨੇ ਦੱਸਿਆ ਕਿ ਇੱਕ ਵਾਰ ਬਾਬਾ ਦੁੱਲਾ ਸਿੰਘ ਜਲਾਲਦੀਵਾਲ ਰੂਸ ਰਸਤੇ ਇਸ ਕਾਰਜ ਲਈ ਪੈਸੇ ਲੈ ਕੇ ਆਏ ਤਾਂ ਨੂਰ ਮਹਿਲ ਸਟੇਸ਼ਨ ਤੋਂ ਪੈਦਲ ਬਾਬਾ ਚੀਮਾ ਵੱਲ ਤੁਰ ਪਏ। ਕਿਉਂਕਿ ਕਿਸੇ ਬੱਸ, ਟੈਂਪੂ ਦਾ ਤਾਂ ਉਨ੍ਹੀਂ ਦਿਨੀਂ ਕੋਈ ਪ੍ਰਬੰਧ ਹੁੰਦਾ ਨਹੀਂ ਸੀ, ਰਸਤੇ ‘ਚ ਉਨ੍ਹਾਂ ਨੂੰ ਪੁਲਿਸ ਨੇ ਫੜ ਲਿਆ ਤੇ ਪੈਸੇ ਬਾਬਾ ਚੀਮਾ ਤੱਕ ਨਾ ਪੁੱਜ ਸਕੇ। ਸਾਰਾ ਪੈਸਾ ਪੁਲਿਸ ਨੇ ਜਬਤ ਕਰ ਲਿਆ। ਪੁਲਿਸ ਬਾਬਾ ਜਲਾਲਦੀਵਾਲ ਨੂੰ ਲਾਹੌਰ ਕਿਲ੍ਹੇ ‘ਚ ਲੈ ਗਈ ਤੇ ਤਸ਼ੱਦਦ ਢਾਹੁਣ ‘ਚ ਕੋਈ ਕਸਰ ਬਾਕੀ ਨਾ ਛੱਡੀ, ਪਰ ਉਹ ਕੋਈ ਵੀ ਰਾਜ਼ ਬਾਬਾ ਜਲਾਲਦੀਵਾਲ ਤੋਂ ਨਾ ਕਢਾ ਸਕੇ। ਇਸ ਦੌਰਾਨ ਇੱਕ ਪੁਲਿਸ ਵਾਲਾ ਬਾਬਾ ਜਲਾਲਦੀਵਾਲ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ। ਉਹ ਬਾਬੇ ਨੂੰ ਪੁੱਛਣ ਲੱਗਾ, ਬਾਬਾ ਜੀ, ਬਾਹਰ ਕਿਸੇ ਨੂੰ ਕੋਈ ਸੁੱਖ ਸੁਨੇਹਾ ਤਾਂ ਨਹੀਂ ਭੇਜਣਾ? ਬਾਬਾ ਜਲਾਲਦੀਵਾਲ ਨੇ ਕਿਹਾ ਕਿ ਹੋਰ ਤਾਂ ਕੁਝ ਨਹੀਂ, ਇਹ ਸੁਨੇਹਾ ਬਾਬਾ ਚੀਮਾ ਤੱਕ ਪਹੁੰਚਦਾ ਕਰ ਦੇ ਕਿ ਸਾਰਾ ਪੈਸਾ ਪੁਲਿਸ ਨੇ ਜਬਤ ਕਰ ਲਿਐ, ਪਰ ਉਹ ਮੇਰੇ ਕੋਲੋਂ ਇੱਕ ਵੀ ਭੇਤ ਨਹੀਂ ਹਾਸਲ ਕਰ ਸਕੇ। ਮਤਲਬ ਕਿ ਬਾਬਾ ਜਲਾਲਦੀਵਾਲ ਨੂੰ ਆਪਣਾ ਨਹੀਂ, ਉਸ ਜਿੰਮੇਵਾਰੀ ਦਾ ਫਿਕਰ ਸੀ, ਜਿਸ ਨੂੰ ਉਹ ਨਿਭਾ ਨਹੀਂ ਸਨ ਸਕੇ ਤੇ ਇਹ ਚਿੰਤਾ ਵੀ ਸੀ ਕਿ ਬਾਬਾ ਚੀਮਾ ਲੋੜ ਪੈਣ ‘ਤੇ ਪੈਸੇ ਦਾ ਜੁਗਾੜ ਕਿੱਥੋਂ ਕਰਨਗੇ?
ਗੱਲ ਖੁਸ਼ ਹੈਸੀਅਤੀ ਮੋਰਚੇ ਬਾਰੇ ਚੱਲੀ ਤਾਂ ਬਾਪੂ ਅਣਖੀ ਆਖਣ ਲੱਗੇ, “ਇੰਦਰਜੀਤ, ਕਾਕਾ ਇਨ੍ਹਾਂ ਬਜੁਰਗਾਂ ਦੇ ਬਲਿਹਾਰੇ ਜਾਈਏ, ਜਿਨ੍ਹਾਂ ਆਪਣੇ ਆਖਰੀ ਸਾਹਾਂ ਤੱਕ ਵੀ ਲੋਕਪੱਖੀ ਸਿਆਸਤ ਤੋਂ ਕਿਨਾਰਾ ਨਹੀਂ ਕੀਤਾ, ਕਦੇ ਆਪਣੀ ਸੁੱਖ ਸਹੂਲਤ ਬਾਰੇ ਨਹੀਂ ਸੋਚਿਆ। ਹਮੇਸ਼ਾ ਇਹੀ ਖਿਆਲ ਰਿਹਾ ਕਿ ਕਿਤੇ ਲੋਕ-ਸੇਵਾ ਵਾਲੀ ਚਾਦਰ ਮੈਲੀ ਨਾ ਹੋ ਜਾਵੇ। ਜਲੰਧਰ ਜੇਲ੍ਹ ‘ਚ ਸਾਡਾ ਤੰਬੂ ਫਾਂਸੀ ਵਾਲੀ ਕੋਠੜੀ ਵਾਲੇ ਅਹਾਤੇ ਵਿਚ ਸੀ। ਮੈਂ ਦੇਖਿਆ ਕਿ ਬਾਬਾ ਕਰਮ ਸਿੰਘ ਚੀਮਾ ਆਪਣਾ ਖੂੰਡਾ ਕੱਛ ਵਿਚ ਲਈ ਕੰਧ ਨਾਲ ਢਾਸਣਾ ਲਾ ਕੇ ਖਾਣਾ ਲੈਣ ਵਾਸਤੇ ਕਤਾਰ ‘ਚ ਖੜ੍ਹੇ ਹਨ। ਮੈਂ ਭੱਜ ਕੇ ਕੋਲ ਗਿਆ ਤੇ ਆਖਿਆ ਕਿ ਬਾਬਾ ਜੀ ਤੁਸੀਂ ਤੰਬੂ ‘ਚ ਬੈਠੋ, ਖਾਣਾ ਮੈਂ ਲੈ ਆਉਨਾਂ। ਬਾਬਾ ਕਹਿਣ ਲੱਗਾ, Ḕਬੱਚੂ ਰੋਟੀ-ਪਾਣੀ ਹਮੇਸ਼ਾ ਲੋਕਾਂ ‘ਚ ਬੈਠ ਕੇ ਛਕਣਾ ਚਾਹੀਦਾ, ਨਹੀਂ ਤਾਂ ਲੋਕ ਗਾਲ੍ਹਾਂ ਕੱਢਣ ਲੱਗ ਪੈਂਦੇ ਆ ਕਿ ਪਤਾ ਨਹੀਂ ਕੰਜਰ ਅੰਦਰ ਲੁਕ ਕੇ ਕੀ ਖਾਈ ਜਾਂਦੇ ਆ।Ḕ ਉਨ੍ਹਾਂ ਦੀ ਇਹ ਗੱਲ ਮੈਨੂੰ ਜ਼ਿੰਦਗੀ ਭਰ ਨਹੀਂ ਭੁੱਲੀ।”
ਮੈਂ ਇਹ ਗੱਲ ਸੁਣਦਾ ਸੋਚ ਰਿਹਾ ਸੀ ਕਿ ਇਸ ਨਿੱਕੀ ਜਿਹੀ ਗੱਲ ਦੇ ਅਰਥ ਕਿੰਨੇ ਡੂੰਘੇ ਹਨ। ਇੱਕ ਚੰਗੇ ਆਗੂ ਦੀ ਪਛਾਣ ਈ ਇਹ ਹੈ ਕਿ ਲੋਕਾਂ ਨੂੰ ਉਹ ਆਪਣੇ ਵਰਗਾ ਈ ਜਾਪੇ।
ਬਾਪੂ ਅਣਖੀ ਦੀਆਂ ਗੱਲਾਂ ਸੁਣਦਿਆਂ ਮਹਿਸੂਸ ਕੀਤਾ ਕਿ ਆਪਣੇ ਬਜੁਰਗਾਂ ਦੇ ਜੀਵਨ ਦੇ ਲੋਕ ਸੇਵਾ ਨੂੰ ਸਮਰਪਿਤ ਪਲਾਂ ਨਾਲ ਸਬੰਧਤ ਸੁਨਹਿਰੀ ਪੱਤਰਾਂ ਨੂੰ ਸਾਂਭ ਕੇ ਰੱਖਣਾ ਤੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਇਨ੍ਹਾਂ ਨੂੰ ਪ੍ਰੇਰਨਾ ਸਰੋਤ ਬਣਾ ਕੇ ਸੰਜੀਦਗੀ ਨਾਲ ਪੇਸ਼ ਕਰਨਾ ਸਾਡੀ ਅਹਿਮ ਜਿੰਮੇਵਾਰੀ ਹੈ ਤੇ ਹੋਣੀ ਵੀ ਚਾਹੀਦੀ ਹੈ।