ਗੁਲਜ਼ਾਰ ਸਿੰਘ ਸੰਧੂ
ਭਾਰਤ ਵਿਚ 1984 ਦੇ ਸਿੱਖ ਕਤਲੇਆਮ ਨੇ ਮੈਨੂੰ 35 ਸਾਲ ਪਹਿਲਾਂ ਦੀ ਦਿੱਲੀ ਹੀ ਨਹੀਂ, ਸੱਤ ਦਹਾਕੇ ਪਹਿਲਾਂ ਵਾਲਾ ਆਪਣਾ ਨਾਨਕਾ ਪਿੰਡ ਕੋਟਲਾ ਬਡਲਾ ਵੀ ਚੇਤੇ ਕਰਵਾ ਦਿੱਤਾ ਹੈ। ਇਨ੍ਹਾਂ ਦੋਹਾਂ ਥਾਂਵਾਂ ਨਾਲ ਮੇਰੀ ਭਾਵੁਕ ਸਾਂਝ ਹੈ, ਦਾਦਕੇ ਪਿੰਡ ਨਾਲੋਂ ਵੱਧ। ਮੈਂ 1934 ਦੇ ਮਾਰਚ ਮਹੀਨੇ ਆਪਣੇ ਨਾਨਕੇ ਪਿੰਡ ਜੰਮਿਆ ਸਾਂ। ਮੇਰੇ ਬਚਪਨ ਦੇ ਹਾਣੀਆਂ ਵਿਚ ਮੇਰੀ ਮਾਂ ਦਾ ਸਭ ਤੋਂ ਛੋਟਾ ਭਰਾ ਸਵਰਨ ਸਿੰਘ ਹੀ ਨਹੀਂ, ਉਸ ਦੇ ਚਾਚੇ ਦਾ ਪੁੱਤ ਸਮਸ਼ੇਰ ਤੇ ਭੂਆ ਦਾ ਪੁੱਤ ਸਰਬ ਦਿਆਲ ਵੀ ਸਨ। ਕੋਟਲਾ ਬਡਲਾ ਸਵਰਨ ਤੇ ਸ਼ਮਸ਼ੇਰ ਦਾ ਆਪਣਾ ਪਿੰਡ ਸੀ ਅਤੇ ਮੇਰਾ ਤੇ ਸਰਬ ਦਿਆਲ ਦਾ ਨਾਨਕਾ ਪਿੰਡ। ਅਸੀਂ ਚਾਰੇ ਇੱਕ ਹੀ ਵਿਹੜੇ ਵਿਚ ਵੱਡੇ ਹੋਏ ਤੇ ਸਭ ਨੇ ਮੇਰੀ ਨਾਮਧਾਰੀ ਨਾਨੀ ਕੋਲੋਂ ਗੁਰਮੁਖੀ ਦੇ ਪਹਿਲੇ ਅੱਖਰ ਲਿਖਣੇ ਸਿੱਖੇ।
ਕਿਸੇ ਸਬੱਬ ਮੈਂ ਤੇ ਸਵਰਨ ਇੱਕੋ ਸਮੇਂ ਪਿੰਡ ਭੜੀ ਦੇ ਪ੍ਰਾਇਮਰੀ ਸਕੂਲ ਵਿਚ ਪੜ੍ਹਨੇ ਪਾਏ ਗਏ, ਜਿੱਥੇ ਸਾਡਾ ਦੋਹਾਂ ਦਾ ਜਨਮ ਦਿਨ ਵੀ ਇੱਕ ਹੀ ਲਿਖਿਆ ਗਿਆ, 27 ਫਰਵਰੀ 1935, ਜੋ ਸਾਡੀ ਉਮਰ ਨਾਲੋਂ ਸਾਲ ਭਰ ਘੱਟ ਹੈ। ਸ਼ਮਸ਼ੇਰ ਤੇ ਸਰਬ ਦਿਆਲ 15-20 ਦਿਨ ਅੱਗੇ ਪਿੱਛੇ ਦਾਖਲ ਹੋਏ ਹੋਣਗੇ, ਨਹੀਂ ਤਾਂ ਉਨ੍ਹਾਂ ਦਾ ਜਨਮ ਦਿਨ ਵੀ ਇਹੀਓ ਲਿਖਿਆ ਜਾਣਾ ਸੀ। ਅਸੀਂ ਸਭ ਨੇ ਫੱਟੀਆਂ-ਸਲੇਟਾਂ ਉਤੇ ਲਿਖਾਈ-ਪੜ੍ਹਾਈ ਕੀਤੀ। ਫੇਰ ਇੱਕ ਪੜਾਅ ਉਤੇ ਅਸੀਂ ਚਾਰੇ ਦਿੱਲੀ ਇਕੱਠੇ ਹੋ ਗਏ, ਜਿੱਥੇ ਮੇਰੀ ਮਾਂ ਦੀ ਭੂਆ ਦੇ ਤਿੰਨ ਪੁੱਤ ਅਤੇ ਚਾਰ ਮਾਮੇ ਦੇ ਪੁੱਤ ਟੈਕਸੀਆਂ ਚਲਾਉਂਦੇ ਸਨ। ਮੇਰੇ ਮਾਸੜ ਦੇ ਕਹਿਣ ਵਾਂਗ, ਉਸ ਦੇ ਸਾਲੇ ਆਪਣੀਆਂ ਟੈਕਸੀਆਂ ਇੱਕ ਦੂਜੇ ਦੇ ਪਿੱਛੇ ਲਾ ਦਿੰਦੇ ਤਾਂ ਰੇਲ ਗੱਡੀ ਬਣ ਜਾਂਦੀ ਸੀ। ਸਵਰਨ ਅੱਜ ਕਲ ਜਰਮਨੀ ਰਹਿੰਦਾ ਹੈ, ਸਰਬ ਦਿਆਲ ਦਿੱਲੀ ਤੇ ਮੈਨੂੰ ਦਿੱਲੀ ਛੱਡ ਕੇ ਚੰਡੀਗੜ੍ਹ ਆਇਆਂ 35 ਸਾਲ ਹੋ ਗਏ ਹਨ। ਸ਼ਮਸ਼ੇਰ 84 ਦੇ ਕਤਲੇਆਮ ਸਦਕਾ ਉਪਰ ਵਾਲੇ ਕੋਲ ਜਾ ਵੱਸਿਆ ਹੈ, ਜੋ ਅਜੋਕੇ ਪ੍ਰਸੰਗ ਦਾ ਮੁੱਖ ਪਾਤਰ ਹੈ।
ਸਿੱਟ ਵੱਲੋਂ ਮੁੜ ਖੋਲ੍ਹੇ ਗਏ ਸੱਤ ਕੇਸਾਂ ਦਾ ਕੀ ਨਿਪਟਾਰਾ ਹੋਵੇਗਾ, ਇਹ ਤਾਂ ਸਮਾਂ ਹੀ ਦੱਸੇਗਾ, ਪਰ ਸ਼ਮਸ਼ੇਰ ਤੇ ਉਸ ਦੇ ਪਰਿਵਾਰ ਨਾਲ ਜੋ ਬੀਤੀ, ਉਹ ਮੈਂ ਤੇ ਮੇਰਾ ਨਾਨਕਾ ਪਰਿਵਾਰ ਹੀ ਜਾਣਦੇ ਹਾਂ। 84 ਦੇ ਦੰਗਿਆਂ ਵਿਚ ਉਹ ਹੀ ਨਹੀਂ, ਤਿੰਨਾਂ ਵਿਚੋਂ ਦੋ ਬੱਚੇ ਵੀ ਕਤਲ ਹੋ ਗਏ ਸਨ। ਕੇਵਲ ਸਭ ਤੋਂ ਛੋਟਾ ਬੇਟਾ ਛੱਤਾਂ ਟਪਦਾ ਕਿਸੇ ਦੇ ਘਰ ਜਾ ਉਤਰਿਆ ਸੀ, ਜਿਨ੍ਹਾਂ ਨੇ ਉਸ ਮਾਸੂਮ ਨੂੰ ਬਚਾ ਲਿਆ। ਉਹ ਹਾਲੀ ਵੀ ਜ਼ਿੰਦਾ ਹੈ ਤੇ ਨਿੱਕਾ ਮੋਟਾ ਕੰਮ ਕਰਕੇ ਜੀਵਨ ਬਸਰ ਕਰ ਰਿਹਾ ਹੈ। ਇਸ ਦੇ ਉਲਟ ਦੰਗੇ ਭੜਕਾਉਣ ਵਾਲੇ ਵਿਅਕਤੀ ਵੱਡੇ ਨੇਤਾ ਬਣ ਕੇ ਮੁੱਖ ਮੰਤਰੀ ਤੱਕ ਦੀਆਂ ਪਦਵੀਆਂ ਪਾ ਚੁਕੇ ਹਨ।
ਮੈਂ ਉਸ ਸਮੇਂ ਨਵੀਂ ਦਿੱਲੀ ਦੀ ਅਤਿ ਸੁਰੱਖਿਅਤ ਕਾਲੋਨੀ ਭਾਰਤ ਨਗਰ ਵਿਚ ਰਹਿੰਦਾ ਸਾਂ। ਮੈਂ ਅਚਾਨਕ ਹੀ ਘਰੋਂ ਬਾਹਰ ਆਪਣੇ ਨਾਲ ਵਾਲੇ ਘਰ ਵਲ ਵਧਿਆ ਤਾਂ ਮੇਰੇ ਗੜ੍ਹਵਾਲੀ ਨੌਕਰ ਨੇ ਮੈਨੂੰ ਧੱਕਾ ਦੇ ਕੇ ਅੰਦਰ ਵਾੜ ਦਿੱਤਾ। ‘ਆਪ ਕੋ ਪਤਾ ਨਹੀਂ ਬਾਹਰ ਕਿਆ ਹੋ ਰਹਾ ਹੈ,’ ਉਸ ਦੇ ਸ਼ਬਦ ਸਨ। ਮੈਨੂੰ ਦੋ ਘੰਟੇ ਪਿੱਛੋਂ ਪਤਾ ਲੱਗਾ ਕਿ ਮੇਰੇ ਹਾਣੀ ਸ਼ਮਸ਼ੇਰ ਨਾਲ ਕੀ ਬੀਤੀ ਸੀ। ਦੁੱਖ ਦੀ ਗੱਲ ਇਹ ਕਿ ਮੈਂ ਉਸ ਦੀ ਸਾਰ ਲੈਣ ਵੀ ਨਹੀਂ ਸਾਂ ਜਾ ਸਕਦਾ। ਆਪਣੇ ਹਾਣੀ ਮਾਮੇ ਦੀ।
ਦੁੱਖ ਦੀ ਗੱਲ ਇਹ ਵੀ ਕਿ ਦਿੱਲੀ ਦਾ ਤਤਕਾਲੀ ਪੁਲਿਸ ਕਮਿਸ਼ਨਰ ਗੁਰਦਿਆਲ ਮੰਡੇਰ ਮੇਰਾ ਮਿੱਤਰ ਸੀ ਅਤੇ ਉਸ ਦੀ ਰਿਹਾਇਸ਼ ਮੇਰੇ ਘਰ ਤੋਂ ਮਸਾਂ 50-60 ਗਜ਼ ਦੀ ਦੂਰੀ ਉਤੇ ਲੋਧੀ ਐਸਟੇਟ ਵਿਚ ਸੀ, ਜਿੱਥੇ ਮੇਰਾ ਗੜ੍ਹਵਾਲੀ ਨੌਕਰ ਆਰਾਮ ਨਾਲ ਜਾ ਸਕਦਾ ਸੀ। ਮੈਂ ਉਸ ਨੂੰ ਸ਼ਮਸ਼ੇਰ ਦੇ ਪਰਿਵਾਰ ਬਾਰੇ ਦੱਸਿਆ ਤਾਂ ਉਸ ਨੇ ਕੇਵਲ ਏਨਾ ਹੀ ਕਿਹਾ ਕਿ ਉਹਦੀ ਕੋਠੀ ਉਤੇ ਕੇਵਲ ਏਨੇ ਕੁ ਹੀ ਸਿਪਾਹੀ ਤਾਇਨਾਤ ਹਨ, ਜੋ ਮੈਨੂੰ ਤਾਂ ਬਚਾ ਸਕਦੇ ਹਨ, ਮੇਰੇ ਪਰਿਵਾਰ ਦੇ ਦੂਰ ਰਹਿ ਰਹੇ ਮੈਂਬਰਾਂ ਨੂੰ ਨਹੀਂ ਸੀ ਬਚਾ ਸਕਦੇ, ਜਿਨ੍ਹਾਂ ਵਿਚ ਸ਼ਮਸ਼ੇਰ ਵੀ ਸ਼ਾਮਲ ਸੀ। ਉਸ ਨੇ ਇਸ ਤਰ੍ਹਾਂ ਦਾ ਹੌਸਲਾ ਪ੍ਰਸਿੱਧ ਲੇਖਕ ਖੁਸ਼ਵੰਤ ਸਿੰਘ ਨੂੰ ਵੀ ਦੇ ਰੱਖਿਆ ਸੀ, ਜੋ ਸਾਡੇ ਗਵਾਂਢ ਵਿਚ ਸੁਜਾਨ ਸਿੰਘ ਪਾਰਕ ਵਿਚ ਰਹਿੰਦਾ ਸੀ।
ਏਨਾ ਜ਼ਰੂਰ ਹੈ ਕਿ ਜਦੋਂ ਦਿੱਲੀ ਦੀ ਰੋਹਤਕ ਰੋਡ ਵਾਲੇ ਪਾਸੇ ਸਰਕਾਰ ਨੇ ਦੰਗਾ ਪੀੜਤਾਂ ਲਈ ਕੈਂਪ ਲਾਇਆ ਤਾਂ ਮੈਂ ਸ਼ਮਸ਼ੇਰ ਦੀ ਵਿਧਵਾ ਪਾਲ ਕੌਰ ਤੇ ਉਸ ਦੇ ਬੱਚੇ ਨੂੰ ਸਰਕਾਰ ਕੋਲੋਂ ਕੁਝ ਮਦਦ ਦਿਵਾਉਣ ਵਿਚ ਸਫਲ ਹੋ ਗਿਆ।
ਉਹ ਕਿਹੋ ਜਿਹੇ ਦਿਨ ਸਨ, ਕੁਲਦੀਪ ਨਈਅਰ ਵਰਗੇ ਦਬੰਗ ਪੱਤਰਕਾਰਾਂ ਦੀਆਂ ਲਿਖਤਾਂ ਵਿਚ ਦਰਜ ਹਨ। ਮੇਰੇ ਮਿੱਤਰ ਦੇਸ਼ ਰਾਜ ਗੋਇਲ ਦੀਆਂ ਲਿਖਤਾਂ ਵਿਚ ਵੀ, ਜੋ ਅੰਗਰੇਜ਼ੀ ਰਸਾਲੇ ‘ਮੇਨ ਸਟ੍ਰੀਮ’ ਦੀ ਸੰਪਾਦਨਾ ਕਰਦਾ ਰਿਹਾ ਹੈ।
ਮੈਨੂੰ ਦਿੱਲੀ ਛੱਡ ਕੇ ਚੰਡੀਗੜ੍ਹ ਆਇਆਂ 35 ਸਾਲ ਹੋ ਗਏ ਹਨ। ਉਨ੍ਹੀਂ ਦਿਨੀਂ ਮੇਰੀ ਸਲਾਮਤੀ ਵਿਚ ਦਿੱਲੀ ਦੇ ਤਤਕਾਲੀ ਪੁਲਿਸ ਕਮਿਸ਼ਨਰ ਗੁਰਦਿਆਲ ਸਿੰਘ ਮੰਡੇਰ ਤੋਂ ਬਿਨਾ ਮੇਰੇ ਟੈਕਸੀਆਂ ਵਾਲੇ ਮਾਮਾ ਜੀ ਸੁਖਦੇਵ ਸਿੰਘ ਕੰਗ ਦਾ ਵੀ ਹੱਥ ਹੈ, ਜੋ ਮੀਰ ਮੁਸ਼ਤਾਕ ਦੀ ਪ੍ਰਧਾਨਗੀ ਹੇਠ ਦਿੱਲੀ ਦੀ ਟੈਕਸੀ ਯੂਨੀਅਨ ਦਾ ਸੈਕਟਰੀ ਸੀ। ਮਾਮਾ ਜੀ ਨੇ ਇੰਦਰਾ ਗਾਂਧੀ ਦੇ ਕਤਲ ਦੀ ਖਬਰ ਸੁਣਦੇ ਸਾਰ ਮੈਨੂੰ ਟੈਲੀਫੋਨ ਉਤੇ ਖਬਰਦਾਰ ਕਰ ਦਿੱਤਾ ਸੀ ਕਿ ਮੈਨੂੰ ਕਿੰਨੀ ਇਹਤਿਆਤ ਵਰਤਣੀ ਚਾਹੀਦੀ ਹੈ। ਉਹ ਮਹਾਤਮਾ ਗਾਂਧੀ ਦੇ ਕਤਲ ਪਿੱਛੋਂ ਵਾਲੇ ਭਾਰਤ, ਖਾਸ ਕਰਕੇ ਪੱਛਮੀ ਭਾਰਤ ਵਿਚ ਹੋਏ ਕਤਲਾਂ ਤੋ ਜਾਣੂ ਸਨ। ਉਨ੍ਹਾਂ ਨੇ ਇਹ ਗੱਲ ਫੋਨ ਉਤੇ ਵੀ ਦੁਹਰਾਈ ਸੀ।
1984 ਦੇ ਕਤਲੇਆਮ ਵਿਚ ਹੋਏ ਸ਼ਮਸ਼ੇਰ ਦੇ ਕਤਲ ਨੇ ਮੈਨੂੰ ਆਪਣੇ ਬਚਪਨ ਸਮੇਂ ਦਾ ਕੋਟਲਾ ਬਡਲਾ ਵੀ ਚੇਤੇ ਕਰਵਾ ਦਿੱਤਾ ਹੈ ਤੇ ਭੜੀ ਵੀ, ਜਿਸ ਪਿੰਡ ਦਾ ਗੁਰਮੀਤ ਸਿੰਘ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦਾ ਸਲਾਹਕਾਰ ਸੀ।
ਅੰਤਿਕਾ: ਹਰਮਿੰਦਰ ਸਿੰਘ ਕੋਹਾਰਵਾਲਾ
ਘਰੇ ਨਾ ਤੰਦ, ਨਾ ਤਾਣੀ,
ਅਸੀਂ ਕੀ ਬਦਲੀਏ ਬਾਣੇ।
ਘਰਾਂ ‘ਚੋਂ ਬਾਹਰ ਹੁਣ ਨਿਕਲੋ,
ਘੜੇ ਦੇ ਮੁੱਕ ਗਏ ਦਾਣੇ।
ਵੰਡਾਉਣਾ ਦੁੱਖ ਬਣਦਾ ਹੈ,
ਜਿਨ੍ਹਾਂ ‘ਤੇ ਵਰਤ ਗਏ ਭਾਣੇ।
ਦਿਲਾ! ਤੂੰ ਭੇੜ ਨਾ ਬੂਹੇ,
ਅਜੇ ਗਮ ਹੋਰ ਵੀ ਆਣੇ।