ਗੁਣ-ਔਗੁਣ ਦੇ ਆਧਾਰ ‘ਤੇ ਹੀ ਮਨੁੱਖ ਦੀ ਸ਼ਖਸੀਅਤ ਉਸਰਦੀ ਹੈ। ਚੰਗੇ ਗੁਣਾਂ ਵਾਲਿਆਂ ਦਾ ਸਮਾਜ ਤੇ ਪਰਿਵਾਰ ਵਿਚ ਸਤਿਕਾਰ ਹੁੰਦਾ ਹੈ ਅਤੇ ਔਗੁਣਾਂ ਵਾਲੇ ਸ਼ਖਸ ਧੜਵੈਲ ਤਾਂ ਭਾਵੇਂ ਬਣ ਜਾਣ ਪਰ ਉਨ੍ਹਾਂ ਨੂੰ ਸਮਾਜ ਵਿਚ ਮਾਣ-ਸਤਿਕਾਰ ਨਹੀਂ ਮਿਲਦਾ। ਨਰਿੰਦਰ ਸਿੰਘ ਢਿੱਲੋਂ ਨੇ ਇਸ ਲੇਖ ਵਿਚ ਮਨੁੱਖੀ ਸ਼ਖਸੀਅਤ ਦੇ ਇਨ੍ਹਾਂ ਪੱਖਾਂ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਹੈ।
-ਸੰਪਾਦਕ
ਨਰਿੰਦਰ ਸਿੰਘ ਢਿੱਲੋਂ
ਫੋਨ: 403-616-4032
ਸਮਾਜ ਵਿਚ ਰਹਿੰਦੇ ਹਰ ਬੰਦੇ ਦੀ ਖਾਹਿਸ਼ ਹੁੰਦੀ ਹੈ ਕਿ ਉਹ ਲੋਕਾਂ ਵਿਚ ਸਤਿਕਾਰਿਆ ਜਾਵੇ, ਉਹ ਜਿਸ ਪਾਸੇ ਵੀ ਜਾਵੇ, ਲੋਕ ਪਿਆਰ ਨਾਲ ਸਲਾਮਾਂ ਕਰਨ। ਕੋਈ ਵੀ ਇਹ ਨਹੀਂ ਚਾਹੁੰਦਾ ਕਿ ਲੋਕ ਉਸ ਨੂੰ ਨਫਰਤ ਕਰਨ, ਉਸ ਨੂੰ ਵੇਖ ਕੇ ਪਾਸਾ ਵੱਟ ਜਾਣ ਜਾਂ ਉਹ ਭੈੜੇ ਬੰਦੇ ਵਜੋਂ ਜਾਣਿਆ ਜਾਵੇ। ਬਹੁਤ ਸਾਰੇ ਲੋਕ ਜਿਥੇ ਨਿਮਰਤਾ, ਮਿੱਠ ਬੋਲੜੇ ਅਤੇ ਮਿਲਾਪੜੇ ਸੁਭਾਅ ਕਰਕੇ ਚੰਗੇ ਜੀਅ ਵਜੋਂ ਜਾਣੇ ਜਾਂਦੇ ਹਨ, ਉਥੇ ਕੁਝ ਲੋਕ ਐਸੇ ਵੀ ਹੁੰਦੇ ਹਨ, ਜੋ ਡਰ, ਧਮਕੀ ਜਾਂ ਬਾਹੂਬਲ ਰਾਹੀਂ ਆਪਣੀ ਸੋਭਾ ਕਰਾਉਣ ਦਾ ਰਾਹ ਚੁਣਦੇ ਹਨ, ਪਰ ਅਸਲ ਵਿਚ ਉਨ੍ਹਾਂ ਨੂੰ ਸਮਾਜ ਵਿਚ ਸਤਿਕਾਰ ਵਾਲੀ ਥਾਂ ਨਹੀਂ ਮਿਲਦੀ। ਇਨ੍ਹਾਂ ਦੋਹਾਂ ਤਰ੍ਹਾਂ ਦੇ ਲੋਕਾਂ ਦੀ ਸ਼ਖਸੀਅਤ ਦੇ ਗੁਣਾਂ ਵਿਚ ਬਹੁਤ ਫਰਕ ਹੈ।
ਸਮਾਜ ਵਿਚ ਜਿਨ੍ਹਾਂ ਲੋਕਾਂ ਨੂੰ ਸਤਿਕਾਰ ਮਿਲਦਾ ਹੈ, ਉਨ੍ਹਾਂ ਨੂੰ ਇਹ ਜੀਵਨ ਭਰ ਕੀਤੀ ਮਿਹਨਤ ਕਰਕੇ ਮਿਲਦਾ ਹੈ। ਉਂਜ ਵੀ ਹਰ ਬੰਦੇ ਨੂੰ ਆਪਣੀ ਸ਼ਖਸੀਅਤ ਦੀ ਉਸਾਰੀ ਲਈ ਚੰਗੇ ਅਸੂਲਾਂ ਤੇ ਆਦਤਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਦਾ ਟੀਚਾ ਰੱਖਣਾ ਚਾਹੀਦਾ ਹੈ। ਚੰਗੀ ਸ਼ਖਸੀਅਤ ਉਹ ਹੈ, ਜਿਸ ਦੇ ਅੰਦਰੂਨੀ ਅਤੇ ਬਾਹਰਮੁਖੀ ਗੁਣ ਚੰਗੇ ਹੋਣ। ਕੇਵਲ ਬਾਹਰੀ ਤੌਰ ‘ਤੇ ਬਣਦਾ-ਫੱਬਦਾ, ਸੁਹਣਾ-ਸੁਨੱਖਾ ਬੰਦਾ ਹੀ ਚੰਗੀ ਸ਼ਖਸੀਅਤ ਦਾ ਮਾਲਕ ਨਹੀਂ ਹੁੰਦਾ, ਬੰਦੇ ਦੀ ਦਿਮਾਗੀ ਸਮਝਦਾਰੀ ਅਤੇ ਲੋਕਾਂ ਪ੍ਰਤੀ ਉਨ੍ਹਾਂ ਦਾ ਵਿਹਾਰ ਇਸ ਦੇ ਮੁੱਖ ਕਾਰਨ ਹੁੰਦੇ ਹਨ।
ਸਮਾਜ ਵਿਚ ਵੱਖ-ਵੱਖ ਆਦਤਾਂ, ਮਾਨਸਿਕ ਪੱਧਰ ਅਤੇ ਸੁਭਾਅ ਵਾਲੇ ਲੋਕ ਰਹਿੰਦੇ ਹਨ, ਜਿਨ੍ਹਾਂ ਵਿਚ ਜਿਥੇ ਬਹੁਤ ਸਾਰੇ ਚੰਗੇ ਕਿਰਦਾਰ ਵਾਲੇ ਲੋਕ ਹੁੰਦੇ ਹਨ, ਉਥੇ ਅਵਾਰਾਗਰਦ, ਅਯਾਸ਼, ਨਸ਼ੇੜੀ, ਬਦਮਾਸ਼, ਲਾਲਚੀ, ਚੋਰ-ਉਚੱਕੇ ਅਤੇ ਗਾਲੀ-ਗਲੋਚ ਕਰਨ ਵਾਲੇ ਵੀ ਹੁੰਦੇ ਹਨ। ਉਨ੍ਹਾਂ ਨਾਲ ਮੇਲ-ਮਿਲਾਪ ਵਿਚ ਸੰਤੁਲਨ ਕਾਇਮ ਰੱਖਣਾ ਚੰਗੀ ਸ਼ਖਸੀਅਤ ਲਈ ਚੈਲੰਜ ਹੁੰਦਾ ਹੈ। ਚੰਗੀ ਸ਼ਖਸੀਅਤ ਦੀ ਉਸਾਰੀ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਆਪਣੇ ਵਿਚੋਂ ਉਪਰੋਕਤ ਔਗੁਣ ਦੂਰ ਕਰਨ ਅਤੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਸਿਹਤਮੰਦ ਤੇ ਚੰਗੇ ਨੈਤਿਕ ਗੁਣਾਂ ਦੀ ਗੁੜਤੀ ਦੇਣ। ਇਹ ਭਾਵੇਂ ਮਾਪਿਆਂ ਦੀ ਆਪਣੀ ਸਮਝਦਾਰੀ, ਪਰਿਵਾਰਕ ਮਾਹੌਲ ਅਤੇ ਵਿਹਾਰ ‘ਤੇ ਨਿਰਭਰ ਕਰਦਾ ਹੈ ਪਰ ਚੰਗੀ ਸ਼ਖਸੀਅਤ ਦੀ ਉਸਾਰੀ ਲਈ ਪੌੜੀ ਦਾ ਇਹ ਪਹਿਲਾ ਡੰਡਾ ਹੈ।
ਨਿਮਰਤਾ ਅਤੇ ਮਿੱਠ ਬੋਲੜਾ ਹੋਣਾ ਚੰਗੇ ਸ਼ਖਸ ਦੀ ਪਹਿਲੀ ਨਿਸ਼ਾਨੀ ਹੈ, ਪਰ ਚੰਗਾ ਕਿਰਦਾਰ ਉਸਾਰਨ ਲਈ ਇਹ ਕਾਫੀ ਨਹੀਂ ਹੈ। ਜਿਸ ਮਨੁੱਖ ਦਾ ਕਿਰਦਾਰ ਠੀਕ ਨਹੀਂ, ਉਸ ਦਾ ਕੁਝ ਵੀ ਠੀਕ ਨਹੀਂ। ਚੰਗੇ ਕਿਰਦਾਰ ਵਿਚ ਭਰੋਸੇਯੋਗਤਾ, ਦੂਜਿਆਂ ਦੇ ਕੰਮ ਆਉਣ ਦੀ ਰੁਚੀ, ਧਰਮਾਂ ਤੇ ਜਾਤ-ਪਾਤ ਤੋਂ ਉਪਰ ਉਠ ਕੇ ਸੱਚਾਈ ਨਾਲ ਖੜ੍ਹਨ ਦੀ ਦਲੇਰੀ ਅਤੇ ਸਖਤ ਮਿਹਨਤ ਦੇ ਗੁਣਾਂ ਦੇ ਨਾਲ-ਨਾਲ ਜਵਾਬਦੇਹੀ ਦਾ ਗੁਣ ਹੋਣਾ ਵੀ ਅਤਿ ਜ਼ਰੂਰੀ ਹੈ। ਆਪਣੇ ਵਰਤੋਂ-ਵਿਹਾਰ ਵਿਚ ਚੰਗਾ ਸਲੀਕਾ ਜ਼ਰੂਰੀ ਹੈ। ਜੋ ਸ਼ਖਸ ਆਪਣੇ ਲਈ ਪੈਮਾਨਾ ਹੋਰ ਅਤੇ ਦੂਜਿਆਂ ਲਈ ਹੋਰ ਰੱਖਦਾ ਹੈ, ਉਹ ਚੰਗੀ ਸ਼ਖਸੀਅਤ ਦੀ ਉਸਾਰੀ ਨਹੀਂ ਕਰ ਸਕਦਾ। ਵਧੀਆ ਸ਼ਖਸੀਅਤ ਲਈ ਕੋਈ ਵਿਸ਼ੇਸ਼ ਪਹਿਰਾਵਾ ਨਹੀਂ ਹੁੰਦਾ ਸਗੋਂ ਵਿਚਾਰਾਂ ਅਤੇ ਜ਼ਿੰਦਗੀ ਦੇ ਤਜਰਬੇ ਦੇ ਸੁਮੇਲ ਦੀ ਹੀ ਲੋੜ ਹੁੰਦੀ ਹੈ।
ਜ਼ਿੰਮੇਵਾਰੀ ਦਾ ਅਹਿਸਾਸ ਅਤੇ ਜਵਾਬਦੇਹੀ ਦਾ ਗੁਣ ਧਾਰਨਾ ਬੜਾ ਜ਼ਰੂਰੀ ਹੈ। ਜ਼ਿੰਮੇਵਾਰੀ ਉਸੇ ਸ਼ਖਸ ਦੇ ਹਿੱਸੇ ਆਉਂਦੀ ਹੈ, ਜਿਸ ਨੂੰ ਇਸ ਦਾ ਅਹਿਸਾਸ ਹੋਵੇ ਅਤੇ ਚੁੱਕਣ ਦਾ ਜਿਗਰਾ ਰਖਦਾ ਹੋਵੇ। ਜੋ ਸ਼ਖਸ ਕਿਸੇ ਕੰਮ ਦੀ ਜ਼ਿੰਮੇਵਾਰੀ ਲੈਣ, ਪਰ ਉਸ ਨੂੰ ਪੂਰਾ ਕਰਨ ਵਿਚ ਦਿਲਚਸਪੀ ਨਾ ਦਿਖਾਉਣ, ਉਹ ਪਰਿਵਾਰ, ਸਮਾਜ ਜਾਂ ਕਿਸੇ ਅਦਾਰੇ ਅੰਦਰ ਝੂਠੇ, ਨਿਕੰਮੇ ਜਾਂ ਗੈਰ ਭਰੋਸੇਮੰਦ ਗਿਣੇ ਜਾਂਦੇ ਹਨ। ਜੋ ਸ਼ਖਸ ਜ਼ਿੰਮੇਵਾਰੀ ਨਿਭਾਉਣ ਅਤੇ ਜਵਾਬਦੇਹੀ ਵਿਚ ਵਿਸ਼ਵਾਸ ਰਖਦੇ ਹਨ, ਸਮਾਜ ਵਿਚ ਅੱਗੇ ਵੀ ਉਹੀ ਵਧਦੇ ਹਨ।
ਕਈ ਸ਼ਖਸ ਠੀਕ ਹੋਣ ‘ਤੇ ਸਿਹਰਾ ਆਪਣੇ ਸਿਰ ਪਰ ਵਿਗੜਨ ਦਾ ਭਾਂਡਾ ਦੂਜਿਆਂ ਸਿਰ ਭੰਨਣ ਦੇ ਆਦੀ ਹੁੰਦੇ ਹਨ। ਅਜਿਹੇ ਲੋਕ ਸ਼ਖਸੀਅਤ ਦੇ ਚੰਗੇ ਗੁਣਾਂ ਤੋਂ ਕੋਰੇ ਹੁੰਦੇ ਹਨ। ਸਮਾਜ ਮਿਹਨਤੀ, ਜ਼ਿੰਮੇਵਾਰ, ਅਗਾਂਹਵਧੂ ਵਿਚਾਰਾਂ ਅਤੇ ਸੁਹਿਰਦ ਸ਼ਖਸੀਅਤ ਦੇ ਗੁਣਾਂ ਕਰਕੇ ਹੀ ਅਗਾਂਹ ਵਧਦਾ ਹੈ, ਪਰ ਜਦ ਸਮਾਜ ਵਿਚ ਵਿਹਲੜ, ਨਿਕੰਮੇ, ਨਸ਼ੇੜੀ ਲੋਕ ਭਾਰੂ ਹੋ ਜਾਣ ਤਾਂ ਸਮਾਜ ਦੀਆਂ ਸਿਹਤਮੰਦ ਕਦਰਾਂ-ਕੀਮਤਾਂ ਖੁਰ ਜਾਂਦੀਆਂ ਹਨ ਅਤੇ ਸਮਾਜ ਬਰਬਾਦੀ ਵਾਲੇ ਪਾਸੇ ਤੁਰ ਪੈਂਦਾ ਹੈ।
ਸ਼ਬਦ ਹਰ ਸ਼ਖਸ ਦੀਆਂ ਭਾਵਨਾਵਾਂ ਅਤੇ ਦ੍ਰਿਸ਼ਟੀਕੋਣ ਨੂੰ ਪ੍ਰਭਾਸ਼ਿਤ ਕਰਦੇ ਹਨ। ਸ਼ਬਦ ਹੀ ਮਨੁੱਖਾਂ ਵਿਚ ਪਿਆਰ ਪੈਦਾ ਕਰਦੇ ਅਤੇ ਸ਼ਬਦ ਹੀ ਇਕ ਦੂਜੇ ਤੋਂ ਦੂਰ ਕਰਦੇ ਹਨ। ਸਾਡੇ ਪਰਿਵਾਰਾਂ ਵਿਚ ਬਹੁਤ ਸਾਰੇ ਗੁੱਸੇ, ਨਾਰਾਜ਼ਗੀਆਂ ਆਮ ਤੌਰ ‘ਤੇ ਗਲਤ ਸ਼ਬਦਾਵਲੀ ਕਰਕੇ ਹੁੰਦੀਆਂ ਹਨ। ਪੰਜਾਬੀ ਭਾਈਚਾਰੇ ਵਿਚ ਕਈ ਅਜਿਹੇ ਸੱਜਣ ਮੌਜੂਦ ਹਨ, ਜੋ ਗੱਲਾਂਬਾਤਾਂ ਦੌਰਾਨ ਮਾਂਵਾਂ-ਭੈਣਾਂ ਬਾਰੇ ਮੰਦਾ ਬੋਲੀ ਜਾਂਦੇ ਹਨ। ਉਹ ਆਪਣੇ ਪਰਿਵਾਰ ਵਿਚ ਬੈਠੇ ਜਾਂ ਕਿਸੇ ਜਨਤਕ ਥਾਂ ‘ਤੇ ਬੈਠੇ ਵੀ ਇਹ ਸਭ ਕਰਦਿਆਂ ਸ਼ਰਮ ਮਹਿਸੂਸ ਨਹੀਂ ਕਰਦੇ। ਇਹ ਵਿਹਾਰਕ ਸਮਝਦਾਰੀ ਦੀ ਅਣਹੋਂਦ ਕਰਕੇ ਹੈ। ਬੰਦੇ ਨੂੰ ਸਮਾਜ ਵਿਚ ਵਿਚਰਦਿਆਂ ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਕੀ ਕਹਿਣਾ ਹੈ ਅਤੇ ਕੀ ਬਿਲਕੁਲ ਨਹੀਂ ਕਹਿਣਾ।
ਇਕ ਸੁਚੱਜੀ ਸ਼ਖਸੀਅਤ ਸਮਾਜ ਜਾਂ ਪਰਿਵਾਰ ਵਿਚ ਵਿਚਾਰਾਂ ਦੇ ਵਖਰੇਵਿਆਂ ਜਾਂ ਝਗੜਿਆਂ ਦੌਰਾਨ ਝਗੜਾ ਜਿੱਤਣ ਨਾਲੋਂ ਰਿਸ਼ਤਾ ਬਚਾਉਣ ਨੂੰ ਪਹਿਲ ਦਿੰਦੀ ਹੈ, ਜਦਕਿ ਕੁਚੱਜੀ ਸ਼ਖਸੀਅਤ ਝਗੜਾ ਜਿੱਤਣ ਦੀ ਖਾਹਿਸ਼ ਅੰਦਰ ਰਿਸ਼ਤਾ ਤੋੜ ਬੈਠਦੀ ਹੈ। ਸਿਆਣਾ ਬੰਦਾ ਚੁੱਪ ਰਹਿ ਕੇ ਜਾਂ ਹਾਰ ਮੰਨ ਕੇ ਰਿਸ਼ਤਾ ਬਚਾ ਲੈਂਦਾ ਹੈ, ਜਦਕਿ ਮੂਰਖ ਝਗੜਾ ਕਰਕੇ ਰਿਸ਼ਤੇ ਦੀ ਬਲੀ ਦੇ ਬੈਠਦਾ ਹੈ।
ਸਮਾਜ ਵਿਚ ਇਕ ਦੂਸਰੇ ਦੀ ਆਲੋਚਨਾ ਕਰਨ ਦਾ ਰੁਝਾਨ ਤਾਂ ਹੁੰਦਾ ਹੀ ਹੈ; ਸਿਆਣਾ ਆਲੋਚਕ ਪਿੱਠ ਪਿੱਛੇ ਆਲੋਚਨਾ ਨਹੀਂ ਕਰਦਾ। ਬਹੁਤ ਵਾਰ ਪਿੱਠ ਪਿੱਛੇ ਕੀਤੀ ਆਲੋਚਨਾ ਜਾਂ ਗਲਤ ਢੰਗ ਨਾਲ ਕੀਤੀ ਆਲੋਚਨਾ ਅਸਲ ਵਿਚ ਲੁਕੀ ਹੋਈ ਸਿਫਤ ਹੁੰਦੀ ਹੈ, ਜੋ ਅਗਿਆਨ, ਗੁੱਸੇ, ਨਫਰਤ, ਸਾੜੇ ਜਾਂ ਸ਼ਰੀਕੇਬਾਜ਼ੀ ਵਿਚੋਂ ਨਿਕਲਦੀ ਹੈ। ਆਲੋਚਨਾ ਸਬੰਧਤ ਸ਼ਖਸ ਨੂੰ ਦਰੁਸਤ ਕਰਨ ਲਈ ਕਰਨੀ ਚਾਹੀਦੀ ਹੈ, ਅਪਮਾਨ ਕਰਨ ਲਈ ਨਹੀਂ। ਸੁਚੱਜੀ ਸੋਚ ਵਾਲਾ ਸ਼ਖਸ ਕਿਸੇ ਨੂੰ ਜ਼ਲੀਲ ਕਰਨ ਜਾਂ ਨੀਵਾਂ ਦਿਖਾਉਣ ਦਾ ਯਤਨ ਨਹੀਂ ਕਰਦਾ। ਆਲੋਚਨਾ ਸਬੰਧਤ ਸ਼ਖਸ ਨਾਲ ਇਕੱਲਿਆਂ ਬੈਠ ਕੇ ਕਰਨੀ ਚਾਹੀਦੀ ਹੈ, ਉਹ ਵੀ ਉਦੋਂ ਜਦੋਂ ਦੋਵੇਂ ਸ਼ਾਂਤ-ਚਿਤ ਹੋਣ। ਆਲੋਚਨਾ ਸ਼ੁਰੂ ਕਰਨ ਤੋਂ ਪਹਿਲਾਂ ਸਬੰਧਤ ਸ਼ਖਸ ਦੇ ਚੰਗੇ ਗੁਣਾਂ ਦੀ ਸਿਫਤ ਕਰਨੀ ਚਾਹੀਦੀ ਹੈ ਤੇ ਉਸ ਸ਼ਖਸ ਦਾ ਪੱਖ ਵੀ ਪੂਰੇ ਧਿਆਨ ਨਾਲ ਸੁਣਨਾ ਚਾਹੀਦਾ ਹੈ। ਆਲੋਚਨਾ ਵਿਚ ਕੋਈ ਧਮਕੀ ਭਰੀ ਸ਼ਬਦਾਵਲੀ ਨਹੀਂ ਹੋਣੀ ਚਾਹੀਦੀ ਅਤੇ ਆਲੋਚਕ ਨੂੰ ਆਪਣੀਆਂ ਸਿਫਤਾਂ ਨਹੀਂ ਕਰਨੀਆਂ ਚਾਹੀਦੀਆਂ। ਆਲੋਚਨਾ ਅਧੀਨ ਸ਼ਖਸ ਜੇ ਆਲੋਚਨਾ ਨੂੰ ਸਵੀਕਾਰਦਾ ਹੈ ਤਾਂ ਠੀਕ ਹੈ, ਜੇ ਨਹੀਂ ਸਵੀਕਾਰਦਾ ਤਾਂ ਵੀ ਸੁਖਾਵੇਂ ਮਾਹੌਲ ਵਿਚ ਗੱਲ ਸਮਾਪਤ ਕਰਨੀ ਚਾਹੀਦੀ ਹੈ ਅਤੇ ਉਸ ਸ਼ਖਸ ਵਿਰੁਧ ਮੰਦਭਾਵਨਾ ਨਹੀਂ ਰੱਖਣੀ ਚਾਹੀਦੀ। ਗਲਤ ਢੰਗ ਨਾਲ ਆਲੋਚਨਾ ਕਰਨ ਵਾਲੇ ਮਨੁੱਖ ਦੇ ਆਪਣੇ ਉਪਰ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਹੈ। ਸੁਚੱਜੀ ਸ਼ਖਸੀਅਤ ਆਲੋਚਨਾ ਦੀ ਇਹੀ ਵਿਧੀ ਅਪਨਾਉਂਦੀ ਹੈ।
ਸੁਚੱਜਾ ਇਨਸਾਨ ਬਣਨ ਲਈ ਸ਼ਿਕਾਇਤ ਕਰਨ ਦਾ ਰੁਝਾਨ ਖਤਮ ਕਰਨਾ ਚਾਹੀਦਾ ਹੈ। ਘਰ ਵਿਚ ਪਤੀ-ਪਤਨੀ, ਮਾਤਾ-ਪਿਤਾ, ਭੈਣ-ਭਰਾ ਜਾਂ ਹੋਰ ਜੀਆਂ ਦੀ ਨਿੱਕੀ-ਨਿੱਕੀ ਗੱਲ ‘ਤੇ ਟੋਕਾ-ਟਾਕੀ ਨਹੀਂ ਕਰਨੀ ਚਾਹੀਦੀ। ਜੇ ਕੋਈ ਮੁਲਾਜ਼ਮ ਹੈ ਤਾਂ ਆਪਣੇ ਅਦਾਰੇ ਵਿਚ ਦੂਜੇ ਮੁਲਾਜ਼ਮਾਂ ਨਾਲ ਉਲਝ ਕੇ ਅਫਸਰ ਪਾਸ ਸ਼ਿਕਾਇਤਾਂ ਨਹੀਂ ਕਰਨੀਆਂ ਚਾਹੀਦੀਆਂ। ਜੇ ਪਰਿਵਾਰਕ ਮੈਂਬਰ, ਦਫਤਰ ਦੇ ਸਾਥੀ ਮੁਲਾਜ਼ਮ ਜਾਂ ਅਧਿਕਾਰੀ ਨਾਲ ਕੋਈ ਸ਼ਿਕਾਇਤ ਹੋਵੇ ਤਾਂ ਉਨ੍ਹਾਂ ਨਾਲ ਬੈਠ ਕੇ ਨਿਮਰਤਾ ਸਹਿਤ ਸੁਥਰੀ ਭਾਸ਼ਾ ਵਿਚ ਬਾਦਲੀਲ ਅਤੇ ਤੱਥਾਂ ਦੇ ਆਧਾਰ ‘ਤੇ ਗੱਲ ਕਰਨੀ ਚਾਹੀਦੀ ਹੈ। ਆਪਸ ਵਿਚ ਕੀਤੀ ਗੱਲਬਾਤ ਸਾਰਿਆਂ ਦੀ ਸ਼ਖਸੀਅਤ ਦਾ ਮਾਪਦੰਡ ਵੀ ਹੁੰਦੀ ਹੈ।
ਸਮਾਜ ਵਿਚ ਵੱਖ-ਵੱਖ ਧਰਮਾਂ, ਜਾਤਾਂ, ਬੋਲੀਆਂ ਅਤੇ ਸੁਭਾਅ ਦੇ ਲੋਕ ਰਹਿੰਦੇ ਹਨ, ਜਿਨ੍ਹਾਂ ਦੀਆਂ ਆਪੋ-ਆਪਣੀਆਂ ਦਿਲਚਸਪੀਆਂ ਅਤੇ ਤਰਜੀਹਾਂ ਹਨ। ਇਨ੍ਹਾਂ ਲੋਕਾਂ ਅਤੇ ਆਂਢ-ਗੁਆਂਢ ਵਿਚ ਚੰਗੇ ਮਨੁੱਖ ਦੇ ਤੌਰ ‘ਤੇ ਵਿਚਰਨਾ ਚਾਹੀਦਾ ਹੈ ਅਤੇ ਧਰਮ, ਜਾਤਾਂ ਆਦਿ ਮੁੱਦਿਆਂ ‘ਤੇ ਉਲਝਣਾ ਨਹੀਂ ਚਾਹੀਦਾ। ਇਸ ਤਰ੍ਹਾਂ ਮਨੁੱਖ ਨੂੰ ਸੁਚੱਜੀ ਸ਼ਖਸੀਅਤ ਦੇ ਤੌਰ ‘ਤੇ ਮਾਨਤਾ ਮਿਲੇਗੀ; ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਅਤੇ ਗੁਆਂਢੀਆਂ ਵਿਚ ਪੂਰਨ ਸਤਿਕਾਰ ਮਿਲੇਗਾ।
ਮੱਥੇ ‘ਤੇ ਤਿਊੜੀਆਂ ਪਾਉਣ ਨਾਲੋਂ ਮੁਸਕਰਾਉਣਾ ਆਸਾਨ ਹੁੰਦਾ ਹੈ। ਬਾਹਰੋਂ ਕੰਮ ਤੋਂ ਆਏ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਨੂੰ ਘਰ ਵੜਦਿਆਂ ਹੀ ਮੁਸਕਰਾਉਂਦਿਆਂ ਮਿਲਣਾ ਚਾਹੀਦਾ ਹੈ। ਮੱਥੇ ‘ਤੇ ਤਿਊੜੀਆਂ ਰੱਖਣ ਵਾਲੇ ਦੇ ਘਰ ਕੋਈ ਆਉਣਾ ਨਹੀਂ ਚਾਹੁੰਦਾ ਅਤੇ ਹਰ ਵਕਤ ਸੜੇ-ਬਲੇ ਰਹਿੰਦੇ ਬੰਦੇ ਕੋਲ ਕੋਈ ਬੈਠਣਾ ਵੀ ਪਸੰਦ ਨਹੀਂ ਕਰਦਾ। ਡਾ. ਨਾਰਮੈਨ ਅਨੁਸਾਰ ਖੁਸ਼ਮਿਜ਼ਾਜ ਰਹਿਣ ਲਈ ਕਈ ਬਿਮਾਰੀਆਂ ਆਪ ਹੀ ਠੀਕ ਹੋ ਜਾਂਦੀਆਂ ਹਨ।
ਚੰਗੀ ਸ਼ਖਸੀਅਤ ਦੀ ਉਸਾਰੀ ਲਈ ਦੂਜੇ ਦੇ ਧਾਰਮਿਕ ਮਾਮਲਿਆਂ ਵਿਚ ਦਖਲ ਨਹੀਂ ਦੇਣਾ ਚਾਹੀਦਾ। ਧਰਮ ਹਰ ਇਕ ਦਾ ਨਿੱਜੀ ਮਾਮਲਾ ਹੈ। ਧਰਮਾਂ, ਜਾਤਾਂ ਜਾਂ ਬੋਲੀਆਂ ਅਤੇ ਇਲਾਕਿਆਂ ਦੇ ਨਾਂ ‘ਤੇ ਜ਼ਹਿਰੀਲਾ ਪ੍ਰਚਾਰ ਕਰਨ ਵਾਲੇ ਲੋਕ ਮਨੁੱਖਤਾ ਦੇ ਦੁਸ਼ਮਣ ਹੋ ਨਿਬੜਦੇ ਹਨ। ਚੰਗਾ ਮਨੁੱਖ ਹੋਣਾ ਸਭ ਤੋਂ ਉਤਮ ਧਰਮ ਹੈ। ਚੰਗਾ ਮਨੁੱਖ ਅਤੇ ਚੰਗਾ ਵਿਹਾਰ ਹੋਣਾ ਸਭ ਤੋਂ ਉਤਮ ਧਰਮ ਹੈ। ਚੰਗਾ ਮਨੁੱਖ ਅਤੇ ਚੰਗਾ ਵਿਹਾਰ ਬਹੁਤ ਸਾਰੇ ਚੰਗੇ ਦੋਸਤ ਤੇ ਚੰਗੇ ਰਿਸ਼ਤੇਦਾਰ ਦਿੰਦਾ ਹੈ। ਦੋਸਤੀ ਨਿਭਾਉਣ ਲਈ ਕੁਰਬਾਨੀ, ਵਫਾਦਾਰੀ ਅਤੇ ਤਿਆਗ ਦੀ ਲੋੜ ਹੁੰਦੀ ਹੈ। ਚੰਗੀ ਸ਼ਖਸੀਅਤ ਦੀ ਉਸਾਰੀ ਲਈ ਇਹ ਗੁਣ ਗ੍ਰਹਿਣ ਕਰਨ ਦੀ ਲੋੜ ਹੈ।
ਵਧੀਆ ਮਨੁੱਖ ਬਣਨ ਲਈ ਪਹਿਲਾਂ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਦੂਜਿਆਂ ਦੀ ਇੱਜਤ ਕਰਨੀ ਸਿੱਖੇ। ਲੋਕ ਉਸ ਦੀ ਇੱਜਤ ਤਾਂ ਹੀ ਕਰਨਗੇ ਪਰ ਇਹ ਸਿੱਖਿਆ ਗ੍ਰਹਿਣ ਕਰਨ ਲਈ ਆਪਣੇ ਅੰਦਰੋਂ ਹੰਕਾਰ, ਫੂੰ-ਫਾਂ ਅਤੇ ਬੇਲੋੜੀ ਆਕੜ ਛੱਡ ਕੇ ਆਪਣੀ ਮਾਨਸਿਕਤਾ ਲੋਕਾਂ, ਭਾਵ ਜ਼ਮੀਨੀ ਪੱਧਰ ‘ਤੇ ਰੱਖਣ ਦੀ ਲੋੜ ਹੋਵੇਗੀ।
ਹਾਸਾ ਮਜ਼ਾਕ ਵੀ ਜ਼ਿੰਦਗੀ ਦਾ ਹਿੱਸਾ ਹੈ। ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਮਾਨਸਿਕ ਤਣਾਅ ਦੂਰ ਕਰਨ ਲਈ ਹਾਸਾ ਮਜ਼ਾਕ ਚੰਗਾ ਹਥਿਆਰ ਹੈ, ਪਰ ਇਸ ਹਥਿਆਰ ਦੀ ਵਰਤੋਂ ਸੁਚੱਜੇ ਢੰਗ ਨਾਲ ਕਰਨੀ ਚਾਹੀਦੀ ਹੈ। ਮਜ਼ਾਕ ਨੀਵੇਂ ਪੱਧਰ ਦਾ ਜਾਂ ਦੂਜੇ ਦਾ ਅਪਮਾਨ ਕਰਨ ਵਾਲਾ ਨਹੀਂ ਹੋਣਾ ਚਾਹੀਦਾ। ਦੂਜਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਮਜ਼ਾਕ, ਮਜ਼ਾਕ ਕਰਨ ਵਾਲੇ ਦੀ ਸ਼ਖਸੀਅਤ ਨੂੰ ਖੰਡਿਤ ਕਰ ਦਿੰਦਾ ਹੈ। ਮਜ਼ਾਕ ਕਰਦਿਆਂ ਗੱਲਬਾਤ ਵਿਚ ਨਿਮਰਤਾ ਅਤੇ ਵਧੀਆ ਸਲੀਕੇ ਦੀ ਝਲਕ ਦਿਸਣੀ ਚਾਹੀਦੀ ਹੈ।
ਚੰਗੀ ਸ਼ਖਸੀਅਤ ਦੀ ਉਸਾਰੀ ਹਿੱਤ ਜਿਥੇ ਇਨ੍ਹਾਂ ਗੁਣਾਂ ਦੇ ਧਾਰਨੀ ਹੋਣ ਦੀ ਲੋੜ ਹੈ, ਉਥੇ ਮਨੁੱਖ ਅੰਦਰ ਹੱਕ ਅਤੇ ਸੱਚ ਲਈ ਖੜ੍ਹਨ ਦੀ ਵੀ ਜੁਅਰਤ ਹੋਣੀ ਚਾਹੀਦੀ ਹੈ। ਚੰਗੀ ਸ਼ਖਸੀਅਤ ਦਾ ਸਮਾਜ ਵਿਰੋਧੀ ਅਨਸਰਾਂ ਨੂੰ ਭੈਅ ਅਤੇ ਸਮਾਜ ਦੇ ਬੇਕਸੂਰ ਤੇ ਕਮਜ਼ੋਰ ਲੋਕਾਂ ਨੂੰ ਆਸਰਾ ਵੀ ਹੋਣਾ ਚਾਹੀਦਾ ਹੈ। ਅਣਖ ਨਾਲ ਜਿਉਣਾ, ਹੱਕਾਂ ਦੀ ਸੋਝੀ ਅਤੇ ਫਰਜ਼ਾਂ ਪ੍ਰਤੀ ਵਫਾਦਾਰੀ ਦਾ ਗਿਆਨ ਹੋਣਾ ਜ਼ਰੂਰੀ ਹੈ। ਸਮਾਜ ਵਿਚ ਇਕ ਜਮਾਤ ਲੋਕਾਂ ਨੂੰ ਲੁੱਟਣ, ਬੇਇਨਸਾਫੀਆਂ ਤੇ ਧੱਕੇਸ਼ਾਹੀਆਂ ਕਰਨ ਵਾਲੀ ਹੈ, ਜਿਸ ਦੀ ਸਿਆਸੀ ਨੇਤਾਵਾਂ ਅਤੇ ਭ੍ਰਿਸ਼ਟ ਅਫਸਰਸ਼ਾਹੀ ਨਾਲ ਗੰਢ-ਤੁਪ ਹੈ। ਦੂਸਰੀ ਜਮਾਤ ਮਿਹਨਤੀ ਲੋਕਾਂ, ਲੁੱਟੇ ਜਾਣ ਵਾਲਿਆਂ ਅਤੇ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੀ ਹੈ। ਸੁਚੱਜੀ ਸ਼ਖਸੀਅਤ ਵਾਲੇ ਮਨੁੱਖ ਨੂੰ ਮਿਹਨਤੀ ਲੋਕਾਂ ਦੇ ਹੱਕ ਵਿਚ ਖਲੋ ਕੇ ਬੇਇਨਸਾਫੀ ਅਤੇ ਹੱਕਾਂ ਲਈ ਲੜਾਕੂ ਗੁਣ ਵੀ ਰੱਖਣ ਦੀ ਲੋੜ ਹੈ।
ਅੱਜ ਦੁਨੀਆਂ ਪੱਧਰ ‘ਤੇ ਨਸ਼ਿਆਂ ਦਾ ਰੁਝਾਨ ਚਰਚਾ ਦਾ ਵਿਸ਼ਾ ਹੈ। ਇਹ ਰੁਝਾਨ ਗੁੰਡਾਗਰਦੀ, ਗੈਂਗਵਾਰ, ਕਤਲ ਅਤੇ ਲੁੱਟ-ਖੋਹ ਨੂੰ ਵੀ ਜਨਮ ਦੇ ਰਿਹਾ ਹੈ। ਕਈ ਥਾਂਵਾਂ ‘ਤੇ ਇੰਜ ਲਗਦਾ ਹੈ ਕਿ ਸਰਕਾਰੀ ਮਸ਼ੀਨਰੀ ਹੁਣ ਇਨ੍ਹਾਂ ਕ੍ਰਿਆਵਾਂ-ਪ੍ਰਤੀਕ੍ਰਿਆਵਾਂ ਨੂੰ ਰੋਕਣ ਤੋਂ ਅਸਮਰਥ ਹੈ। ਮੇਰੇ ਵਿਚਾਰ ਮੁਤਾਬਕ ਕੁਝ ਕੁ ਫੀਸਦੀ ਨੂੰ ਛੱਡ ਕੇ ਇਹ ਰੁਝਾਨ ਘਰ ਤੋਂ ਹੀ ਸ਼ੁਰੂ ਹੁੰਦਾ ਹੈ। ਘਰ ਵਿਚ ਸ਼ਰਾਬ ਪੀਣੀ ਜਾਂ ਬਾਹਰੋਂ ਪੀ ਕੇ ਆਉਣਾ ਜਾਂ ਕੋਈ ਹੋਰ ਨਸ਼ਾ ਕਰਨਾ ਬੱਚਿਆਂ ‘ਤੇ ਮਾਰੂ ਅਸਰ ਪਾਉਂਦਾ ਹੈ। ਬੱਚੇ ਜਿਉਂ-ਜਿਉਂ ਵੱਡੇ ਹੁੰਦੇ ਹਨ, ਉਨ੍ਹਾਂ ਨੂੰ ਨਸ਼ਿਆਂ ਦੀ ਜਾਗ ਘਰੋਂ ਹੀ ਲੱਗਣ ਲਗਦੀ ਹੈ। ਆਪ ਨਸ਼ਾ ਕਰਨ ਵਾਲਾ ਬਾਪ ਬੱਚਿਆਂ ਨੂੰ ਰੋਕ ਨਹੀਂ ਸਕਦਾ। ਕੁਝ ਬੱਚੇ ਘਰ ਵਿਚ ਨਸ਼ੇ ਦੇਖ ਕੇ ਇਸ ਦਾ ਸੁਆਦ ਆਪਣੇ ਦੋਸਤਾਂ ਕੋਲੋਂ ਚੱਖਦੇ ਹਨ ਤੇ ਫਿਰ ਇਸ ਦੇ ਆਦੀ ਹੋ ਜਾਂਦੇ ਹਨ।
ਮਨੁੱਖ ਨੇ ਜੇ ਵਧੀਆ ਇਨਸਾਨ ਬਣਨਾ ਹੈ ਤਾਂ ਉਸ ਨੂੰ ਨਸ਼ੇ ਘਰੋਂ ਬਾਹਰ ਕੱਢ ਦੇਣੇ ਚਾਹੀਦੇ ਹਨ ਅਤੇ ਬੱਚਿਆਂ ਨੂੰ ਚੰਗੇ ਸੰਸਕਾਰ ਦੇ ਕੇ ਵਧੀਆ ਨਾਗਰਿਕ ਬਣਾਉਣਾ ਚਾਹੀਦਾ ਹੈ। ਨਸ਼ੇ ਤੋਂ ਬਿਨਾ ਨੀਂਦ ਨਹੀਂ ਆਉਂਦੀ, ਥਕਾਵਟ ਨਹੀਂ ਲੱਥਦੀ, ਮਾਨਸਿਕ ਤਣਾਅ ਨਹੀਂ ਹਟਦਾ, ਦੋਸਤ ਜਾਂ ਰਿਸ਼ਤੇਦਾਰ ਨਾਰਾਜ਼ ਹੋ ਜਾਣਗੇ-ਇਹ ਸਭ ਫਜ਼ੂਲ ਬਹਾਨੇ ਹਨ। ਨਸ਼ੇ ਨਾਲ ਪੈਸੇ ਅਤੇ ਸਿਹਤ ਦੀ ਬਰਬਾਦੀ, ਪਰਿਵਾਰ ਦੀ ਸ਼ਾਂਤੀ ਭੰਗ ਅਤੇ ਬੱਚਿਆਂ ਦੀ ਬਰਬਾਦੀ, ਸਮਾਜ ਵਿਚ ਕਦਰ ਘਟਾਈ ਅਤੇ ਪੀਤੀ-ਖਾਧੀ ਵਿਚ ਲੜਾਈ ਝਗੜੇ ਦਾ ਖਦਸ਼ਾ ਰਹਿੰਦਾ ਹੈ। ਏਨੇ ਨੁਕਸਾਨ ਬਚਾਉਣ ਲਈ ਜੇ ਕੋਈ ਦੋਸਤ ਜਾਂ ਰਿਸ਼ਤੇਦਾਰ ਰੁੱਸਦਾ ਹੈ ਤਾਂ ਰੁੱਸ ਲੈਣ ਦੇਣਾ ਚਾਹੀਦਾ ਹੈ। ਕੁਝ ਸਮੇਂ ਬਾਅਦ ਉਹ ਮੰਨ ਵੀ ਜਾਵੇਗਾ, ਬੱਸ ਆਪਣਾ ਮਨ ਪੱਕਾ ਰੱਖਣ ਦੀ ਲੋੜ ਹੈ।
ਸਮੇਂ ਦੀ ਕਦਰ ਅਤੇ ਸਖਤ ਮਿਹਨਤ ਕਰਨੀ ਬਹੁਤ ਜ਼ਰੂਰੀ ਹੈ। ਸਮਾਂ ਲੋਕਾਂ ਦਾ ਸਾਥ ਵੀ ਅਤੇ ਲੋਕਾਂ ਦੀ ਔਕਾਤ ਵੀ ਦਿਖਾ ਦਿੰਦਾ ਹੈ, ਪਰ ਲੋਕਾਂ ਤੋਂ ਵੀ ਪਹਿਲਾਂ ਆਪਣੇ ਆਪ ਨੂੰ ਪਛਾਣਨ ਦੀ ਲੋੜ ਹੈ। ਮਨੁੱਖ ਸਭ ਤੋਂ ਵੱਧ ਆਪਣੇ ਆਪ ਨੂੰ ਜਾਣਦਾ ਹੈ, ਜਿਸ ਕਰਕੇ ਉਸ ਦੇ ਜੀਵਨ ਦੀ ਗੱਡੀ ਆਪਣੇ ਆਪ ਅਨੁਸਾਰ ਤੋਰਨੀ ਚਾਹੀਦੀ ਹੈ। ਚੰਗੀ ਸ਼ਖਸੀਅਤ ਦੀ ਉਸਾਰੀ ਲਈ ਲੋਕਾਂ ਦੀ ਭੀੜ ਪਿੱਛੇ ਨਹੀਂ ਚਲਣਾ ਚਾਹੀਦਾ, ਕਿਉਂਕਿ ਭੀੜਾਂ ਕਦੇ ਵੀ ਸਿਆਣੀਆਂ ਨਹੀਂ ਹੁੰਦੀਆਂ। ਹੋਣ ਥੋੜ੍ਹੇ ਪਰ ਹੋਣ ਚੰਗੇ। ਚੰਗੇ ਲੋਕਾਂ ਦੀ ਸੰਗਤ ਕਰਨੀ ਚਾਹੀਦੀ ਹੈ। ਚੰਗੇ ਲੋਕਾਂ ਦੀਆਂ ਭੀੜਾਂ ਨਹੀਂ ਹੁੰਦੀਆਂ। ਇਹ ਵੀ ਯਾਦ ਰੱਖਣ ਦੀ ਲੋੜ ਹੈ ਕਿ ਫਾਇਦੇਮੰਦ ਮੰਜ਼ਿਲ ਤਕ ਪੁੱਜਣ ਲਈ ਰਸਤੇ ਕਠਿਨ ਹੀ ਹੁੰਦੇ ਹਨ, ਪਰ ਸਖਤ ਮਿਹਨਤ ਨਾਲ ਮੰਜ਼ਿਲ ਤੱਕ ਪੁੱਜਿਆ ਜਾ ਸਕਦਾ ਹੈ।
ਕਈ ਲੋਕ ਘਰ ਵਿਚ ਸਭ ਕੁਝ ਹੋਣ ਦੇ ਬਾਵਜੂਦ ਖੁਸ਼ ਨਹੀਂ ਹਨ। ਇਸ ਦਾ ਮਤਲਬ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਕੁਝ ਖਾਲੀ ਜ਼ਰੂਰ ਹੈ, ਜਿਸ ਬਾਰੇ ਉਨ੍ਹਾਂ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ। ਚੰਗੀ ਸ਼ਖਸੀਅਤ ਦੀ ਉਸਾਰੀ ਲਈ ਮਨੁੱਖ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨੀਆਂ ਚਾਹੀਦੀਆਂ ਅਤੇ ਲੋਕਾਂ ਵਲ ਵੇਖ ਕੇ ਆਪਣੀਆਂ ਇਛਾਵਾਂ ਵਧਾ ਕੇ ਪ੍ਰੇਸ਼ਾਨੀ ਨਹੀਂ ਸਹੇੜਨੀ ਚਾਹੀਦੀ। ਸਮਾਜ ਵਿਚ ਰਹਿੰਦਿਆਂ ਗਲਤ ਨੂੰ ਗਲਤ ਅਤੇ ਠੀਕ ਨੂੰ ਠੀਕ ਕਹਿਣ ਦੀ ਹਿੰਮਤ ਰੱਖਣੀ ਚਾਹੀਦੀ ਹੈ ਅਤੇ ਉਸ ਸਿਖਿਆ ਤੋਂ ਦੂਰ ਰਹਿਣਾ ਚਾਹੀਦਾ ਹੈ, ਜੋ ਮਨੁੱਖ ਨੂੰ ਇਨਸਾਨੀਅਤ ਅਤੇ ਉਚ ਇਖਲਾਕੀ ਕਦਰਾਂ-ਕੀਮਤਾਂ ਨਹੀਂ ਸਿਖਾਉਂਦੀ। ਆਉ, ਆਪਾਂ ਸਾਰੇ ਚੰਗੀ ਸ਼ਖਸੀਅਤ ਦੇ ਗੁਣ ਧਾਰਨ ਕਰੀਏ।