ਸੰਤੋਖ ਮਿਨਹਾਸ
ਫੋਨ: 559-283-6376
ਇਸ ਧਰਤੀ ‘ਤੇ ਹਰ ਵਕਤ ਕੁਝ ਨਾ ਕੁਝ ਨਵਾਂ ਵਾਪਰ ਰਿਹਾ ਹੈ-ਇਹ ਸਾਨੂੰ ਵੇਖਣ ਨੂੰ ਵੀ ਮਿਲ ਰਿਹਾ ਹੈ, ਸੁਣਨ ਨੂੰ ਵੀ ਤੇ ਸਮਝਣ ਨੂੰ ਵੀ। ਇਹ ਸਭ ਕੁਝ ਏਨੀ ਤੇਜੀ ਨਾਲ ਵਾਪਰ ਰਿਹਾ ਹੈ ਕਿ ਮਨੁੱਖ ਸਾਹੋ ਸਾਹੀ ਹੋਇਆ ਇਸ ਦੀ ਰਫਤਾਰ ਨਾਲ ਭੱਜਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਦੇ ਡਿੱਗਦਾ ਹੈ, ਫਿਰ ਉਠਦਾ ਹੈ, ਸਮੇਂ ਨਾਲ ਰਲਣ ਦੀ ਕੋਸ਼ਿਸ਼ ਕਰਦਾ ਹੰਭਿਆ ਪਿਆ ਹੈ। ਉਸ ਨੂੰ ਸਮਝ ਨਹੀਂ ਆ ਰਹੀ ਕਿ ਉਹ ਕਰੇ ਤਾਂ ਕੀ ਕਰੇ! ਇਸ ਲਈ ਉਹ ਆਪਣੇ ਟੀਚੇ, ਸਮਝ ਤੇ ਉਦੇਸ਼ ਪਲ ਪਲ ਬਦਲ ਰਿਹਾ ਹੈ। ਕਿਸੇ ਇਕ ਚੀਜ਼ ਨਾਲ ਬੰਨ ਕੇ ਬੈਠਣਾ, ਉਸ ਦੇ ਨਸੀਬ ਵਿਚੋਂ ਚੋਰੀ ਹੋ ਗਿਆ ਹੈ। ਇਸ ਲਈ ਉਹ ਜਾਣੇ-ਅਣਜਾਣੇ ਕਈ ਵਾਰ ਇਸ ਤਰ੍ਹਾਂ ਦੇ ਕੰਮ ਕਰ ਬੈਠਦਾ ਹੈ, ਜਿਸ ਨਾਲ ਉਸ ਨੂੰ ਆਪਣੀ ਇੱਜਤ ਤੇ ਹੋਂਦ ਵੀ ਖਤਰੇ ਵਿਚ ਪਈ ਮਹਿਸੂਸ ਹੋਣ ਲਗਦੀ ਹੈ।
ਇਹ ਵਰਤਾਰਾ ਕਿਸੇ ਇੱਕ ਮਨੁੱਖ ਦੇ ਹਿੱਸੇ ਨਹੀਂ ਆਇਆ, ਸਗੋਂ ਇਹ ਹੋਣੀ ਆਮ ਮਨੁੱਖ ਲਈ ਮਲੋਮੱਲੀ ਮਿਲਿਆ ਵਰਦਾਨ ਬਣ ਕੇ ਰਹਿ ਗਈ ਹੈ, ਜਿਸ ਦਾ ਸੰਕਟ ਮੋਚਨ ਉਸ ਦੇ ਹੱਥਾਂ ਵਿਚੋਂ ਤਿਲਕ ਗਿਆ ਹੈ। ਉਹ ਖਾਲੀ ਹੱਥ ਮਲਦਾ ਆਪਣੇ ਆਪ ‘ਤੇ ਝੂਰ ਰਿਹਾ ਹੈ।
ਬਾਹਰੋਂ ਖੁਸ਼ ਮਿਜਾਜ ਦਿਸਦਾ ਬੰਦਾ ਅੰਦਰੋਂ ਤਿੜਕਿਆ ਪਿਆ ਹੈ। ਉਸ ਨੂੰ ਆਪਣੇ ਪੈਰਾਂ ‘ਤੇ ਆਪ ਕੁਹਾੜੀ ਮਾਰਨ ਵਾਲੀ ਗੱਲ ਠੀਕ ਲੱਗਣ ਲੱਗ ਪਈ ਹੈ। ਬੇਵਿਸ਼ਵਾਸੀ ਦਾ ਆਲਮ ਏਨਾ ਹੈ ਕਿ ਮਨੁੱਖ ਆਪਣੇ ਆਪ ‘ਤੇ ਵੀ ਯਕੀਨ ਕਰਨਾ ਭੁੱਲ ਗਿਆ ਹੈ। ਅੰਦਰੋਂ ਏਨਾ ਕਮਜੋਰ ਹੋ ਗਿਆ ਹੈ ਕਿ ਉਸ ਨੂੰ ਕਿਸੇ ਦੀ ਹਰ ਗੱਲ, ਕਦੇ ਕਦੇ ਗਲਤ ਲੱਗਣ ਲੱਗਦੀ ਹੈ ਅਤੇ ਕਦੇ ਕਦੇ ਕਿਸੇ ਦੀ ਹਰ ਗੱਲ ਠੀਕ। ਇਹ ਭੰਬਲਭੂਸੇ ਦੀ ਪ੍ਰਵਿਰਤੀ ਉਸ ਦਾ ਜਿਉਣ ਸਲੀਕਾ ਬਣ ਗਈ ਹੈ। ਕਿਸੇ ਮਾੜੀ ਗੱਲ ਨੂੰ ਆਪਣੀ ਵਡਿਆਈ ਬਣਾ ਕੇ ਪੇਸ਼ ਕਰਨਾ ਉਸ ਨੂੰ ਚੰਗਾ ਲੱਗਦਾ ਹੈ। ਚਾਪਲੂਸਾਂ ਦਾ ਸਾਥ ਮਾਣਦਾ, ਦੋਸਤੀ ਦੀਆਂ ਡੀਂਗਾਂ ਦਾ ਸੁਆਗਤ ਕਰਦਾ ਹੈ। ਅੰਦਰੋਂ ਏਨਾ ਭਰਿਆ ਪਿਆ ਹੈ ਕਿ ਆਪਣੀ ਭੜਾਸ ਕੱਢਣ ਲਈ ਉਸ ਨੂੰ ਸ਼ੋਰ ਦੀ ਦੁਨੀਆਂ ਚੰਗੀ ਲੱਗਣ ਲੱਗ ਪਈ ਹੈ। ਉਹ ਤਾਂਘਦਾ ਕੁਝ ਹੋਰ ਹੈ ਤੇ ਭਾਲਦਾ ਕੁਝ ਹੋਰ, ਕਹਿੰਦਾ ਕੁਝ ਹੋਰ ਹੈ ਤੇ ਕਰਦਾ ਕੁਝ ਹੋਰ ਹੈ। ਉਸ ਦੀ ਝੋਲੀ ਵਿਚ ਪਂੈਦਾ ਕੁਝ ਹੋਰ ਹੈ। ਇਹ ਨਾਚਾਹਿਆ ਫਲ ਉਸ ਨੂੰ ਹਜ਼ਮ ਨਹੀਂ ਹੋ ਰਿਹਾ। ਇਸ ਦਾ ਦੋਸ਼ ਉਹ ਦੂਜਿਆਂ ਦੇ ਸਿਰ ਮੜਦਾ ਹੈ। ਉਹ ਆਪਣੇ ਕੀਤੇ ਨੂੰ ਇਸ ਸਿੱਟੇ ਤੋਂ ਖਾਰਜ ਕਰਦਾ ਹੈ। ਕੌੜੇ ਫਲ ਦੀ ਥੂਹ ਥੂਹ ਦੂਜਿਆਂ ‘ਤੇ ਸਿੱਟਦਾ ਹੈ। ਆਪਣੀਆਂ ਗਲਤੀਆਂ ਨੂੰ ਦਰੁਸਤ ਦੱਸਦਾ, ਦੂਜੇ ਦੇ ਨੁਕਸ਼ਾਂ ਦੀ ਭਾਲ ਵਿਚ ਬੁਰੇ ਦੇ ਘਰ ਤੱਕ ਜਾਂਦਾ ਹੈ।
ਇਸ ਸਾਰੇ ਵਰਤਾਰੇ ਕਰਕੇ ਹੀ, ਉਹ ਆਪਣੇ ਆਪ ਨੂੰ ਹਮੇਸ਼ਾ, ਅੰਦਰੋਂ ਅੰਦਰ ਇਕੱਲ ਦੀ ਸੂਲੀ ‘ਤੇ ਟੰਗਿਆ ਮਹਿਸੂਸ ਕਰਦਾ ਹੈ। ਫੁੱਲਾਂ, ਪੰਛੀਆਂ ਤੇ ਤਾਰਿਆਂ ਦੀ ਦੁਨੀਆਂ ਤੋਂ ਬੇਖਬਰ ਹੈ। ਆਸੇ-ਪਾਸੇ ਪਸਰੀ ਕਾਇਨਾਤ ਦੀ ਅਦਭੁਤ ਦੁਨੀਆਂ ਦੀ ਹੋਂਦ ਉਸ ਨੂੰ ਕਦੇ ਮਹਿਸੂਸ ਨਹੀਂ ਹੋਈ। ਅੱਖਾਂ ਨੂੰ ਸੁਖਾਵੇਂ ਲੱਗਦੇ ਹਰੇ-ਭਰੇ ਜੰਗਲ, ਉਚੇ ਉਚੇ ਪਹਾੜ, ਬਰਫ ਲੱਦੀਆਂ ਸਫੈਦ ਚੋਟੀਆਂ, ਨਿਰਮਲ ਧਾਰਾ ਵਿਚ ਵਹਿੰਦੇ ਝਰਨੇ, ਕਲ ਕਲ ਵਗਦੇ ਨਦੀਆਂ-ਨਾਲੇ ਵੇਖਣ ਲਈ ਉਸ ਕੋਲ ਅੱਖ ਨਹੀਂ ਹੈ। ਇਸ ਹੱਡ-ਮਾਸ ਦੇ ਪੁਤਲੇ ਨੂੰ ਹਰ ਸ਼ੈਅ ਸਥੂਲ ਨਜ਼ਰ ਆAੁਂਦੀ ਹੈ। ਰੰਗ ਬਰੰਗੇ ਫੁੱਲਾਂ ਨੂੰ ਮਾਣਨਾ, ਚੰਨ ਤਾਰਿਆਂ ਨਾਲ ਗੱਲਾਂ ਕਰਨੀਆਂ ਜਾਂ ਪੰਛੀਆਂ ਦਾ ਸੰਗੀਤ ਸੁਣਨਾ, ਉਹ ਪਾਗਲ ਜਿਹੇ ਲੋਕਾਂ ਦਾ ਠਰਕ ਸਮਝਦਾ ਹੈ। ਖੂਨ ਖਰਾਬੇ, ਜੰਗਾਂ, ਬਲਾਤਕਾਰ ਜਿਹੀਆਂ ਖਬਰਾਂ ਉਸ ਲਈ ਅਹਿਮ ਘਟਨਾਵਾਂ ਹਨ।
ਹਰ ਬੰਦਾ ਆਪਣੀ ਆਪਣੀ ਚੁਗਾਠ ਚੁੱਕੀ ਫਿਰਦਾ ਹੈ। ਉਹ ਆਪਣੇ ਫਰੇਮ ਤੋਂ ਬਾਹਰ ਨਹੀਂ ਝਾਕਦਾ; ਜੋ ਉਸ ਨੂੰ ਚੁਗਾਠ ਵਿਚ ਦੀ ਦਿਸਦਾ ਹੈ, ਉਹੀ ਠੀਕ ਹੈ। ਬਾਹਰੀ ਸੰਸਾਰ ਉਸ ਲਈ ਨਖਿੱਧ ਹੈ। ਲਚਕ, ਨਰਮਾਈ ਜਾਂ ਤਰਕ ਦਲੀਲ ਨਾਲ ਗੱਲ ਕਰਨੀ ਆਪਣੀ ਤੌਹੀਨ ਸਮਝਦਾ ਹੈ। ਆਪਸੀ ਮੇਲ-ਜੋਲ ਵਿਚ ਵੀ ਇੱਕ ਵਿੱਥ ਬਣਾ ਕੇ ਰੱਖਦਾ ਹੈ, ਇਸੇ ਲਈ ਬੰਦੇ ਨੇ ਇਕ ਘਰ ਵਿਚ ਕਈ ਘਰ ਸਿਰਜ ਲਏ ਹਨ। ਹਰ ਜੀਅ ਦਾ ਆਪਣਾ ਕਮਰਾ, ਆਪਣਾ ਘਰ। ਸਰਾਂ ਵਿਚ ਠਹਿਰੇ ਲੋਕਾਂ ਵਾਂਗ, ਆਪਣਾ ਨਿੱਜ, ਆਪਣਾ ਸਵਾਰਥ। ਇਕ ਘਰ ਵਿਚ ਰਹਿੰਦਿਆਂ ਵੀ, ਇਕ ਦੂਜੇ ਤੋਂ ਕੋਹਾਂ ਦੂਰ। ਅਪਣੱਤ, ਲਗਾਓ, ਨੇੜਤਾ ਵਰਗੇ ਸ਼ਬਦ, ਜ਼ਿੰਦਗੀ ਦੇ ਜਿਉਣ ਢੰਗ ‘ਚੋਂ ਮਨਫੀ ਹੋ ਗਏ ਹਨ। ਆਪਣਿਆਂ ਨਾਲ ਵੀ ਓਪਰਿਆਂ ਜਿਹੀ, ਪੇਤਲੀ ਜਿਹੀ ਸਾਂਝ ਦਾ ਮੁਲੰਮਾ ਉਸ ਨੂੰ ਖਟਕਦਾ ਨਹੀਂ। ਬੋਲ-ਚਾਲ ਦੇ ਹਰ ਸ਼ਬਦ ਵਿਚ ਖੋਟ ਦੀ ਰਲਾਵਟ ਉਸ ਨੂੰ ਹੁਣ ਚੁਭਦੀ ਨਹੀਂ, ਸਗੋਂ ਰਿਸ਼ਤਿਆਂ ਨੂੰ ਪੁਗਾਉਣ ਮਾਤਰ ਇੱਕ ਜ਼ਰੀਆ ਬਣ ਗਈ ਹੈ। ਨੇੜਤਾ ਅਤੇ ਸਾਂਝ ਵਿਚ ਵੀ ਇਹ ਤਿਜਾਰਤ ਦਾ ਪਾਸਕੂ ਉਸ ਨੂੰ ਲਾਹੇਵੰਦਾ ਲੱਗਦਾ ਹੈ। ਇਸ ਸਭ ਕੁਝ ਦੇ ਬਾਵਜੂਦ ਉਹ ਆਪਣੇ ਆਪ ਨੂੰ ਮਾਡਰਨ ਯੁੱਗ ਦਾ ‘ਸਭਿਅਕ ਬਾਸ਼ਿੰਦਾ’ ਅਖਵਾਉਣ ਵਿਚ ਮਾਣ ਮਹਿਸੂਸ ਕਰਦਾ ਹੈ।
ਹੁਣ ਉਸ ਲਈ ਠੱਗੀ, ਚੋਰੀ, ਰਿਸ਼ਵਤ ਆਦਿ ਜਿਉਣ ਦਾ ਰੁਤਬਾ ਬਣ ਗਏ ਹਨ। ਉਹ ਸ਼ੱਰ੍ਹੇਆਮ ਲੁੱਟੀ ਮਾਇਆ ਦਾ ਦਿਖਾਵਾ ਕਰਦਾ ਹੈ। ਪੈਸੇ ਦੇ ਜੋਰ ਨਾਲ ਸਭ ਕੁਝ ਖਰੀਦਣ ਦਾ ਦਾਅਵਾ ਕਰਦਾ ਹੈ। ਇਸ ਇਸ਼ਤਿਹਾਰਬਾਜੀ ਦੇ ਯੁੱਗ ਵਿਚ ਆਪਣੇ ਆਪ ਨੂੰ ਇਸ਼ਤਿਹਾਰ ਦੇ ਰੂਪ ਵਿਚ ਪੇਸ਼ ਕਰਦਾ ਹੈ। ਭੀੜ ਵਿਚ ਅਲੱਗ ਦਿੱਸਣ ਦੀ ਲਾਲਸਾ ਨੇ ਉਸ ਨੂੰ ਬਹੁਰੂਪੀਆ ਬਣਾ ਦਿੱਤਾ ਹੈ। ਆਮ ਜੀਵਨ ਵਿਚ ਵਿਚਰਨ ਵੇਲੇ ਵੀ ਪਂੈਤੜਿਆਂ ਦਾ ਢਕਵੰਜ ਰਚਦਾ ਹੈ ਤਾਂ ਕਿ ਆਮ ਲੋਕਾਂ ਨੂੰ ਅਨੋਖਾ ਤੇ ਨਿਵੇਕਲਾ ਦਿਸੇ। ਇਸ ਫਿਤਰਤ ਨੇ ਉਸ ਨੂੰ ਅੰਦਰੋਂ ਘੁਣ ਵਾਂਗ ਖਾ ਲਿਆ ਹੈ। ਵੇਖਣ ਨੂੰ ਇਹ ਬਾਹਰੋਂ ਸਾਬਤ ਸਬੂਤਾ ਲੱਗਦਾ ਬੰਦਾ ਅੰਦਰੋਂ ਖੋਖੇ ਦੀ ਨਿਆਈਂ ਬਣ ਗਿਆ ਹੈ। ਚਾਵਾਂ, ਉਮੀਦਾਂ ਨਾਲ ਭਰੀ ਝੋਲੀ ਵੇਖਣ ਵਾਲਾ ਇਹ ਬੰਦਾ ਖਾਲੀ ਝੋਲੀ ਅੱਡੀ ਮੰਡੀ ਵਿਚ ਭੱਜਿਆ ਫਿਰਦਾ ਹੈ। ਹੱਥ ਵਿਚ ਤੱਕੜੀ ਤੇ ਮਨ ਵਿਚ ਵੱਟੇ ਪਾਈ ਫਿਰਦਾ ਹੈ। ਚਿਹਰੇ ‘ਤੇ ਮੁਸਕਰਾਹਟ ਦਾ ਝਉਲਾ, ਪਰ ਅੰਦਰ ਕੁੜਿੱਤਣ ਨਾਲ ਭਰਿਆ ਪਿਆ ਹੈ। ਸ਼ਹਿਦ ਡੱਬਿਆਂ ਵਿਚ ਬੰਦ ਹੈ, ਬੋਲਾਂ ਵਿਚ ਚਾਸ਼ਣੀ ਦਾ ਭਰਮ ਹੈ। ਬੰਦੇ ਦੇ ਹੱਥ ਵਿਚ ਪੈਸੇ ਹਨ, ਤੇ ਪੈਸੇ ਦੇ ਭਰਮ ਨੂੰ ਹੀ ਸੱਚ ਸਮਝਦਾ ਹੈ, ਜਦੋਂਕਿ ਸੱਚ ਇਹ ਹੈ ਕਿ ਹਾਸੇ, ਖੁਸ਼ੀਆਂ ਮੰਡੀ ਵਿਚ ਨਹੀਂ ਵਿਕਦੇ। ਇੱਥੇ ਆ ਕੇ ਉਹ ਹਾਰ ਜਾਂਦਾ ਹੈ, ਪਰ ਫਿਰ ਵੀ ਬਾਹਰੋਂ ਜਿੱਤਿਆ ਦਿੱਸਣਾ ਚਾਹੁੰਦਾ ਹੈ। ਬਸ ਇਹ ਹਾਰ ਹੀ ਅੱਜ ਦੇ ਮਨੁੱਖ ਦਾ ਨਸੀਬ ਹੈ।