ਰੱਬ ਨੂੰ ਖੁਸ਼ ਕਰਨਾ ਜਾਂ ਰੱਬ ਤੋਂ ਖੁਸ਼ ਹੋਣਾ?

ਸੁਖਦੇਵ ਸਿੰਘ
ਫੋਨ: 91-94171-91916
ਅਸੀਂ ਧਾਰਮਿਕ ਪੱਖੋਂ ਸਿਆਣੇ ਬੰਦਿਆਂ, ਜਿਨ੍ਹਾਂ ਨੂੰ ਅਸੀਂ ਸੰਤ ਜਾਂ ਮਹਾਪੁਰਸ਼ ਕਹਿੰਦੇ ਹਾਂ, ਤੋਂ ਸੁਣਦੇ ਰਹਿੰਦੇ ਹਾਂ ਕਿ ਪਰਮਾਤਮਾ ਨੂੰ ਖੁਸ਼ ਕਰਨ ਲਈ ਉਸ ਦੀ ਬੰਦਗੀ ਕਰਨੀ ਚਾਹੀਦੀ ਹੈ, ਉਸ ਦੀ ਭਗਤੀ ਕਰਨੀ ਚਾਹੀਦੀ ਹੈ। ਭਗਤੀ ਦੇ ਤਰੀਕੇ ਵੀ ਵੱਖ ਵੱਖ ਦੱਸੇ ਜਾਂਦੇ ਹਨ। ਕੋਈ ਕਹਿੰਦਾ ਹੈ, ਸਵੇਰੇ ਜਲਦੀ ਉਠਣਾ ਹੈ। ਕੋਈ ਕਹਿੰਦਾ ਹੈ, ਸਹੂਲਤ ਅਨੁਸਾਰ ਉਠ ਸਕਦੇ ਹੋ। ਕੋਈ ਸਿਮਰਨ ਨੂੰ ਕਹੇਗਾ, ਕੋਈ ਮਾਲਾ ਫੇਰਨ ਨੂੰ। ਕੋਈ ਬੋਲ ਕੇ ਬੰਦਗੀ ਦੀ ਗੱਲ ਕਰਦਾ ਹੈ, ਕੋਈ ਮੌਨ ਰਹਿ ਕੇ ਜਾਂ ਚੁਪ ਧਾਰਨ ਨੂੰ ਕਹਿੰਦਾ ਹੈ।

ਇਸ ਤਰ੍ਹਾਂ ਵੱਖੋ ਵੱਖਰੇ ਨਾਂਵਾਂ ਦਾ ਸਿਮਰਨ ਵੀ ਦੱਸਿਆ ਜਾਂਦਾ ਹੈ ਤੇ ਜ਼ੋਰ ਇਸ ਸਭ ਕੁਝ ਦਾ ਰੱਬ ਨੂੰ ਖੁਸ਼ ਕਰਨਾ ਹੈ ਤੇ ਰੱਬ ਨੂੰ ਖੁਸ਼ ਕਰਕੇ ਆਪਣੀਆਂ ਹਰ ਤਰ੍ਹਾਂ ਦੀਆਂ ਮੰਗਾਂ ਦੀ ਪੂਰਤੀ ਦਾ ਵਿਸ਼ਵਾਸ ਵੀ ਦਿਵਾਇਆ ਜਾਂਦਾ ਹੈ। ਇਸ ਲਾਲਚ ਵੱਸ ਅਸੀਂ ਆਪਣੇ ਵੱਲੋਂ ਕੋਈ ਕਸਰ ਛੱਡਣ ਨੂੰ ਤਿਆਰ ਨਹੀਂ ਹੁੰਦੇ। ਮਿਲਦਾ ਕੀ ਹੈ? ਉਸ ਬਾਰੇ ਮੈਂ ਕੁਝ ਵੀ ਨਹੀਂ ਲਿਖ ਸਕਦਾ ਕਿਉਂਕਿ ਸਭ ਸਾਡੇ ਸਾਹਮਣੇ ਹੀ ਹੈ।
ਹੁਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਕੀ ਇਸ ਸਬੰਧੀ ਸਾਡੀ ਸੋਚ ਜਾਂ ਪਹੁੰਚ ਠੀਕ ਹੈ। ਖਾਸ ਤੌਰ ‘ਤੇ ਉਦੋਂ, ਜਦ ਅਸੀਂ ਮੂਲਮੰਤਰ ਅਨੁਸਾਰ ਰੱਬ ਦਾ ਕੋਈ ਵਿਅਕਤੀ ਰੂਪ ਨਹੀਂ ਮੰਨਦੇ। ਜਦ ਉਸ ਦਾ ਵਿਅਕਤੀ ਰੂਪ ਹੀ ਨਹੀਂ ਤਾਂ ਫਿਰ ਖੁਸ਼ ਕਿਸ ਨੂੰ ਕਰਾਂਗੇ। ਫਿਰ ਤਾਂ ਸਾਡੀਆਂ ਰੱਬ ਨੂੰ ਖੁਸ਼ ਕਰਨ ਦੀਆਂ ਸੱਭੇ ਕੋਸ਼ਿਸ਼ਾਂ ਧਰੀਆਂ ਰਹਿ ਗਈਆਂ! ਗੁਰਬਾਣੀ ਅਨੁਸਾਰ, “ਹੁਕਮੇ ਅੰਦਰ ਸਭ ਕੋਇ ਬਾਹਰ ਹੁਕਮ ਨਾ ਕੋਇ॥” ਭਾਵ ਜੋ ਸ੍ਰਿਸ਼ਟੀ ‘ਤੇ ਹੋ ਰਿਹਾ ਹੈ, ਉਹ ਸਭ ਹੁਕਮ (ਨਿਯਮ) ਅਨੁਸਾਰ ਹੋ ਰਿਹਾ ਹੈ। ਧਿਆਨ ਦੇਣ ਦੀ ਲੋੜ ਹੈ, ਲਿਖਿਆ ਹੈ, ‘ਹੋ ਰਿਹਾ ਹੈ’, ਇਸ ਨੂੰ ‘ਕੀਤਾ ਜਾ ਰਿਹਾ ਹੈ’ ਤੋਂ ਵੱਖ ਰੱਖਣਾ ਹੈ।
ਗੁਰਬਾਣੀ ਅਨੁਸਾਰ ਜਦ ਅਸੀਂ ਕਹਿੰਦੇ ਹਾਂ, ‘ਆਦਿ ਸੱਚ ਜੁਗਾਦਿ ਸੱਚ’, ਜਿਸ ਦਾ ਅਰਥ ਹੈ, ਉਪਰੋਕਤ ਹੁਕਮ, ਜਿਸ ਤੋਂ ਬਾਹਰ ਕੋਈ ਵੀ ਚੀਜ਼ ਨਹੀਂ ਹੈ, ਉਹ ਸ੍ਰਿਸ਼ਟੀ ਦੀ ਰਚਨਾ ਤੋਂ ਵੀ ਪਹਿਲਾਂ ਮੌਜੂਦ ਸੀ। ਜਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਸ੍ਰਿਸ਼ਟੀ ਉਸ ਹੁਕਮ ਅਨੁਸਾਰ ਹੀ ਹੋਂਦ ਵਿਚ ਆਈ ਹੈ। ਇਸ ਹੁਕਮ ਨੂੰ ਗੁਰਬਾਣੀ ਵਿਚ ਵੱਖ ਵੱਖ ਸ਼ਬਦਾਂ ਨਾਲ ਸੰਬੋਧਨ ਕੀਤਾ ਗਿਆ ਹੈ। ਉਹ ਹੁਕਮ ਜਾਂ ਨਿਯਮ, ਜਿਸ ਅਨੁਸਾਰ ਸ੍ਰਿਸ਼ਟੀ ਹੋਂਦ ਵਿਚ ਆਈ, ਉਸੇ ਨਿਯਮ ਅਨੁਸਾਰ ਚੱਲ ਰਹੀ ਹੈ ਤੇ ਚਲਦੀ ਰਹੇਗੀ। ਇਸ ਨੂੰ ਹੀ ਕਿਹਾ ਹੈ, “ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥”
ਹੁਣ ਅਸੀਂ ਅਸਲੀ ਵਿਸ਼ੇ ਵੱਲ ਆਉਂਦੇ ਹਾਂ। ਉਹ ਨਿਯਮ, ਜੋ ਲੱਖਾਂ ਸਾਲਾਂ ਤੋਂ ਸਥਿਰ ਹੈ ਤੇ ਅੱਗੋਂ ਵੀ ਸਥਿਰ ਹੀ ਰਹੇਗਾ ਅਤੇ ਉਸ ਦੀ ਸਥਿਰਤਾ ਹੀ ਸ੍ਰਿਸ਼ਟੀ ਨੂੰ ਇੱਕ ਥਾਂ ਟਿਕਾਈ ਬੈਠੀ ਹੈ, ਉਸ ਸਥਿਰਤਾ ਵਿਚ ਹੀ ਜੀਵਨ ਹੈ। ਇਸ ਦੀ ਰੱਤੀ ਭਰ ਹਿਲਜੁਲ ਪਰਲੋ ਲੈ ਆਵੇਗੀ। ਇਹ ਨਿਯਮ ਸ੍ਰਿਸ਼ਟੀ ਦੇ ਹਰ ਪ੍ਰਾਣੀ ‘ਤੇ ਇਕਸਾਰ ਲਾਗੂ ਹੈ। ਬੰਦਾ ਬੰਦਗੀ ਕਰਦਾ ਹੈ ਜਾਂ ਨਹੀਂ, ਕੋਈ ਫਰਕ ਨਹੀਂ, ਉਸ ਨਿਯਮ ਨੂੰ (ਰੱਬ ਨੂੰ ਖੁਸ਼ ਕਰਕੇ) ਅਸੀਂ ਕਿਵੇਂ ਆਪਣੇ ਵੱਲ ਆਕਰਸ਼ਿਤ ਕਰ ਸਕਾਂਗੇ। ਉਸ ਦਾ ਸਥਿਰ ਰਹਿਣਾ ਹੀ ਜ਼ਿੰਦਗੀ ਹੈ। ਉਸ ਸਥਿਰਤਾ ਵਿਚ ਹੀ ਸਾਡੀ ਭਲਾਈ ਹੈ, ਰੱਤੀ ਭਰ ਵੀ ਬਦਲਾਓ ਸ੍ਰਿਸ਼ਟੀ ‘ਤੇ ਉਥਲ-ਪੁਥਲ ਕਰ ਦੇਵੇਗਾ, ਜੋ ਸਾਡੇ ਸਭ ਲਈ ਬਰਦਾਸ਼ਤ ਤੋਂ ਬਾਹਰ ਦੀ ਗੱਲ ਹੋਵੇਗੀ। ਉਹ ਨਿਯਮ ਜਾਂ ਹੁਕਮ ਹਮੇਸ਼ਾ ਤੋਂ ਬਿਨਾ ਭੇਦ ਭਾਵ ਚਲਦਾ ਆ ਰਿਹਾ ਹੈ ਤੇ ਉਸੇ ਤਰ੍ਹਾਂ ਚਲਦਾ ਰਹੇਗਾ। ਕਿਸੇ ਦੇ ਕਹਿਣ ਜਾਂ ਚਾਹੁਣ ਨਾਲ ਉਸ ਵਿਚ ਕੋਈ ਫਰਕ ਨਹੀ ਆਵੇਗਾ, ਉਸ ਵਿਚ ਹੀ ਸਾਡੀ ਖੁਸ਼ੀ ਹੈ ਤੇ ਸਾਡੇ ਲਈ ਹੋਰ ਖੁਸ਼ੀ ਨਾ ਤਾਂ ਮੁਮਕਿਨ ਹੈ ਤੇ ਨਾ ਹੀ ਸਾਨੂੰ ਲੋੜੀਂਦੀ ਹੈ। ਹੁਕਮ ਨੇ ਆਪਣੇ ਪਹਿਲਾਂ ਤੋਂ ਬਣੇ ਬਣਾਏ ਨਿਯਮ ਅਨੁਸਾਰ ਹੀ ਚਲਣਾ ਹੈ। ਇਹ ਹਮੇਸ਼ਾ ਤੋਂ ਅਟੱਲ ਹੈ ਤੇ ਹਮੇਸ਼ਾ ਲਈ ਅਟੱਲ ਹੀ ਰਹੇਗਾ।
ਜਦ ਸਾਡੀ ਰੱਬ ਨੂੰ ਖੁਸ਼ ਕਰਨ ਵਾਲੀ ਗੱਲ ਠੀਕ ਨਜ਼ਰ ਨਹੀਂ ਆ ਰਹੀ ਅਤੇ ਇਸ ਸਬੰਧੀ ਸਾਡੀਆਂ ਸੱਭੇ ਕੋਸ਼ਿਸ਼ਾਂ ਕਾਰਗਰ ਸਾਬਤ ਨਹੀਂ ਹੋ ਰਹੀਆਂ ਤਾਂ ਸਾਨੂੰ ਆਪ ਖੁਸ਼ ਹੋਣ ਬਾਰੇ ਸੋਚਣ ਦੀ ਲੋੜ ਹੈ। ਦੇਖਣਾ ਇਹ ਹੋਵੇਗਾ ਕਿ ਅਸੀਂ ਇਸ ਵਿਸ਼ੇ ਬਾਰੇ ਕਿਵੇਂ ਖੁਸ਼ ਹੋਵਾਂਗੇ। ਬਹੁਤ ਹੀ ਆਸਾਨ ਤਰੀਕਾ ਹੈ। ਰੱਬ ਨੂੰ ਖੁਸ਼ ਕਰਨ ਲਈ ਤਾਂ ਸਾਨੂੰ ਬਹੁਤ ਪਾਪੜ ਵੇਲਣ ਲਈ ਕਿਹਾ ਜਾਂਦਾ ਰਿਹਾ ਹੈ। ਕਾਮਯਾਬੀ ਵੀ ਕਦੇ ਕਿਸੇ ਨੂੰ ਨਹੀਂ ਮਿਲੀ ਹੋਣੀ। ਆਪ ਖੁਸ਼ ਹੋਣ ਲਈ ਬਹੁਤ ਸਾਦਾ ਕੰਮ ਹੈ, ਉਹ ਹੈ, ਰੱਬ (ਨਿਯਮ) ਦੇ ਹਰ ਹੁਕਮ ਅੱਗੇ ਖੁਸ਼ੀ ਖੁਸ਼ੀ ਸਿਰ ਝੁਕਾ ਦੇਣਾ। ਸਿਰ ਮੱਥੇ ਪ੍ਰਵਾਨ ਕਰ ਲੈਣਾ। ਸਾਨੂੰ ਇਹ ਸਭ ਕੁਝ ਪਤਾ ਹੁੰਦਿਆਂ ਵੀ ਕਿ ਇਹ ਹੁਕਮ ਬਦਲਿਆ ਨਹੀਂ ਜਾ ਸਕਦਾ, ਇਹ ਮੇਰੇ ਨਾਲ ਹੀ ਨਹੀਂ ਵਾਪਰਿਆ, ਇਹ ਸਭ ਕੁਝ ਹੋਰਾਂ ਨਾਲ ਵੀ ਵਾਪਰਦਾ ਆ ਰਿਹਾ ਹੈ। ਅਸੀਂ ਉਸ ਨੂੰ ਮੰਨਣ ਦੀ ਥਾਂ ਕਿੰਤੂ ਕਰਨ ਲੱਗ ਜਾਂਦੇ ਹਾਂ, ਜਿਸ ਨਾਲ ਸਾਡੀ ਮਾਨਸਿਕ ਹਾਲਤ ਹੋਰ ਵੀ ਖਰਾਬ ਹੋ ਜਾਂਦੀ ਹੈ ਤੇ ਪ੍ਰੇਸ਼ਾਨੀ ਵਧ ਜਾਂਦੀ ਹੈ। ਹੁਕਮ (ਨਿਯਮ) ਹੋ ਰਹੇ ਕੰਮਾਂ ‘ਤੇ ਲਾਗੂ ਹੁੰਦਾ ਹੈ, ਨਾ ਕਿ ਕੀਤੇ ਜਾ ਰਹੇ ਕੰਮਾਂ ‘ਤੇ। ਜਿੰਨਾ ਜਿੰਨਾ ਉਸ ਹੁਕਮ ਅੱਗੇ ਸਿਰ ਝੁਕਾਉਂਦੇ ਰਹਾਂਗੇ, ਉਨੀ ਸੰਤੁਸ਼ਟੀ ਮਿਲਦੀ ਜਾਵੇਗੀ। ਭਾਵ ਰੱਬ ਦਾ ਹੁਕਮ ਮਨ ਲੈਣ ਵਿਚ ਹੀ ਭਲਾਈ ਹੈ, ਖੁਸ਼ੀ ਹੈ। ਜਿਸ ਦੁੱਖ ਦਾ ਹੱਲ ਨਾ ਹੋਵੇ, ਉਸ ਨੂੰ ਬਰਦਾਸ਼ਤ ਕਰਨ ਹਿੱਤ ਹੀ ਭਲਾਈ ਹੈ।
ਇਸ ਲਈ ਰੱਬ ਨੂੰ ਖੁਸ਼ ਕਰਨ ਦੀ ਥਾਂ ਅਸੀਂ ਆਪ ਰੱਬ ਤੋਂ ਖੁਸ਼ (ਸੰਤੁਸ਼ਟ) ਰਹਿਣ ਦੀ ਆਦਤ ਬਣਾ ਲਈਏ, ਜਿਸ ਸਦਕਾ ਸਾਡਾ ਆਉਣ ਵਾਲਾ ਵਕਤ ਸੁਖਦ ਤੇ ਸੁਖਾਵਾਂ ਹੋ ਜਾਵੇਗਾ।