ਡਾ. ਗਿਆਨ ਸਿੰਘ
ਫੋਨ: 408-493-9776
ਮੈਨੂੰ 1975 ਵਿਚ ਅਰਥ-ਵਿਗਿਆਨ ਵਿਚ ਐਮ. ਏ. ਕਰਨ ਤੋਂ ਤੁਰੰਤ ਬਾਅਦ ਪੰਜਾਬ ਲੋਕਲ ਫੰਡ ਅਕਾਊਂਟਸ ਵਿਭਾਗ ਵਿਚ ਆਡੀਟਰ ਦੀ ਨੌਕਰੀ ਮਿਲ ਗਈ ਸੀ। 1976 ਵਿਚ ਡੀ. ਪੀ. ਆਈ. (ਕਾਲਜਾਂ), ਪੰਜਾਬ ਵੱਲੋਂ ਪੰਜਾਬ ਦੇ ਸਰਕਾਰੀ ਕਾਲਜਾਂ ਲਈ ਲੈਕਚਰਾਰ ਦੀਆਂ ਅਸਾਮੀਆਂ ਲਈ ਇੰਟਰਵਿਊ ਕੀਤੀ ਗਈ, ਜਿਸ ਵਿਚ ਮੇਰੀ ਚੋਣ ਹੋ ਗਈ। ਮੇਰੀ ਕਾਲਜ ਲੈਕਚਰਾਰ ਦੇ ਤੌਰ ‘ਤੇ ਸਭ ਤੋਂ ਪਹਿਲੀ ਨਿਯੁਕਤੀ 1977 ਦੇ ਸ਼ੁਰੂ ਵਿਚ ਰਾਜਿੰਦਰਾ ਸਰਕਾਰੀ ਕਾਲਜ, ਬਠਿੰਡਾ ਵਿਚ ਹੋਈ, ਪਰ ਇਹ ਨੌਕਰੀ ਤਦ-ਅਰਥ ਆਧਾਰ ‘ਤੇ ਹੋਣ ਕਾਰਨ 31 ਮਾਰਚ ਤੱਕ ਹੀ ਰਹੀ। ਪਹਿਲੀ ਚੋਣ ਦੇ ਆਧਾਰ ‘ਤੇ ਹੀ ਜੁਲਾਈ 1977 ਵਿਚ ਮੇਰੀ ਫਿਰ ਤੋਂ ਲੈਕਚਰਾਰ ਦੀ ਨਿਯੁਕਤੀ ਸਰਕਾਰੀ ਕਾਲਜ, ਹੁਸ਼ਿਆਰਪੁਰ ਹੋ ਗਈ, ਜੋ 31 ਮਾਰਚ 1978 ਨੂੰ ਸਮਾਪਤ ਹੋ ਗਈ।
ਬਠਿੰਡੇ ਅਤੇ ਹੁਸ਼ਿਆਰਪੁਰ ਦੇ ਸਰਕਾਰੀ ਕਾਲਜਾਂ ਵਿਚ ਪੜ੍ਹਾਉਣ ਦੌਰਾਨ ਮੈਂ ਫੈਸਲਾ ਕਰ ਲਿਆ ਕਿ ਮੈਂ ਪੜ੍ਹਾਉਣ ਦੀ ਹੀ ਨੌਕਰੀ ਕਰਾਂਗਾ। 31 ਮਾਰਚ ਨੂੰ ਸਰਕਾਰੀ ਕਾਲਜ ਵਿਚ ਐਡਹਾਕ ਲੈਕਚਰਾਰਾਂ ਨੂੰ ਫਾਰਗ ਕਰਨ ਦੀ ਤਕਲੀਫ ਤੋਂ ਖਹਿੜਾ ਛੁਡਾਉਣ ਲਈ ਮੈਂ ਆਪਣੀ ਪੜ੍ਹਾਈ ਅੱਗੇ ਜਾਰੀ ਕੀਤੀ। ਸਭ ਤੋਂ ਪਹਿਲਾਂ ਮੈਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਐਮ. ਫਿਲ਼ ਕੀਤੀ ਅਤੇ ਪੰਜਾਬ ਦੇ ਨਿੱਜੀ/ਸਰਕਾਰੀ ਕਾਲਜਾਂ ਵਿਚ ਲੈਕਚਰਾਰ ਦੀ ਪੱਕੀ ਨੌਕਰੀ ਲਈ ਇੰਟਰਵਿਊ ਦੇਣ ਦੀ ਤਿਆਰੀ ਕਰ ਰਿਹਾ ਸੀ, ਕਿਉਂਕਿ ਘਰ ਦੀ ਗਰੀਬੀ ਪੀਐਚ. ਡੀ. ਕਰਨ ਦੇ ਰਾਹ ਵਿਚ ਵੱਡੀ ਰੁਕਾਵਟ ਸੀ। ਮੇਰੀ ਇਹ ਸਮੱਸਿਆ ਵੀ ਜਲਦ ਹੀ ਹੱਲ ਹੋ ਗਈ, ਮੈਨੂੰ ਇਸ ਸਮੇਂ ਦੌਰਾਨ ਹੀ ਪੀਐਚ. ਡੀ. ਕਰਨ ਲਈ ਯੂ. ਜੀ. ਸੀ. ਵੱਲੋਂ ਜੇ. ਆਰ. ਐਫ਼ ਮਿਲ ਗਿਆ, ਜਿਸ ਤੋਂ ਮਿਲਣ ਵਾਲੀ ਆਰਥਕ ਮਦਦ ਨਾਲ ਸਿਰਫ ਮੇਰੀ ਪੀਐਚ. ਡੀ. ਹੀ ਪੂਰੀ ਨਾ ਹੋਈ, ਸਗੋਂ ਮੈਂ ਕੁਝ ਪੈਸੇ ਆਪਣੇ ਘਰ ਵੀ ਦਿੰਦਾ ਰਿਹਾ।
1984 ਵਿਚ ਪੰਜਾਬੀ ਯੂਨੀਵਰਸਿਟੀ ਨੇ ਬਠਿੰਡੇ ਦੇ ਇਲਾਕੇ ਦੇ ਵਿਦਿਆਰਥੀਆਂ ਨੂੰ ਵਖ ਵਖ ਵਿਸ਼ਿਆਂ ਵਿਚ ਐਮ. ਏ. ਕਰਵਾਉਣ ਲਈ ਬਠਿੰਡੇ ਆਪਣਾ ਰੀਜਨਲ ਸੈਂਟਰ ਖੋਲ੍ਹਿਆ। ਇਸ ਸਮੇਂ ਮੇਰਾ ਪੀਐਚ. ਡੀ. ਦਾ ਕੰਮ ਕਰੀਬ ਪੂਰਾ ਹੋ ਚੁਕਾ ਸੀ। ਇਸ ਸੈਂਟਰ ਵਿਚ ਅਰਥ-ਵਿਗਿਆਨ ਦੇ ਲੈਕਚਰਾਰ ਵਜੋਂ ਮੇਰੀ ਨਿਯੁਕਤੀ ਹੋ ਗਈ ਅਤੇ ਮੈਂ ਅਕਤੂਬਰ ਤੋਂ ਪੜ੍ਹਾਉਣ ਦੀ ਨੌਕਰੀ ਸ਼ੁਰੂ ਕਰ ਲਈ। ਸ਼ੁਰੂ ਦੇ ਸਮੇਂ ਵਿਚ ਇਸ ਸੈਂਟਰ ਦੀ ਆਪਣੀ ਕੋਈ ਇਮਾਰਤ ਨਹੀਂ ਸੀ, ਜਿਸ ਕਰਕੇ ਕਲਾਸਾਂ ਰਾਜਿੰਦਰਾ ਕਾਲਜ ਦੀ ਇਮਾਰਤ ਵਿਚ ਲਾਈਆਂ ਜਾਂਦੀਆਂ ਰਹੀਆਂ। ਕਾਲਜ ਦਾ ਪ੍ਰਿੰਸੀਪਲ, ਪ੍ਰੋਫੈਸਰ ਅਤੇ ਹੋਰ ਅਧਿਕਾਰੀ ਸਾਡੀ ਬਹੁਤ ਮਦਦ ਕਰਦੇ, ਪਰ ਕਾਲਜ ਅਤੇ ਸੈਂਟਰ ਦੇ ਵਿਦਿਆਰਥੀਆਂ, ਪ੍ਰੋਫੈਸਰਾਂ ਅਤੇ ਦਫਤਰੀ ਅਮਲੇ ਲਈ ਲੋੜੀਂਦੀ ਇਮਾਰਤ ਦੀ ਘਾਟ ਮਹਿਸੂਸ ਹੁੰਦੀ ਰਹੀ।
ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ, ਬਠਿੰਡਾ ਦੇ ਪਹਿਲੇ ਡਾਇਰੈਕਟਰ ਡਾ. ਡੀ. ਸੀ. ਸਕਸੇਨਾ ਸਨ। ਉਹ ਆਪਣੇ ਵਿਸ਼ੇ ਦੇ ਮਾਹਰ, ਪਰ ਸੁਭਾਅ ਦੇ ਸਖਤ ਸਨ। ਉਹ ਆਪਣੀਆਂ ਕਲਾਸਾਂ ਠੀਕ ਸਮੇਂ ‘ਤੇ ਲੈਂਦੇ, ਪੂਰਾ ਸਮਾਂ ਪੜ੍ਹਾਉਂਦੇ ਅਤੇ ਇਸ ਦੇ ਨਾਲ ਨਾਲ ਬਾਕੀ ਦੇ ਅਧਿਆਪਕਾਂ ਤੋਂ ਵੀ ਅਜਿਹਾ ਕਰਵਾਉਂਦੇ। ਮੈਨੂੰ ਉਨ੍ਹਾਂ ਦਾ ਸਖਤ ਸੁਭਾਅ ਵੀ ਚੰਗਾ ਲੱਗਾ, ਕਿਉਂਕਿ ਪੰਜਾਬੀ ਯੂਨੀਵਰਸਿਟੀ ਪੜ੍ਹਨ ਮੌਕੇ ਸਾਡੇ ਅਧਿਆਪਕ ਡਾ. ਐਚ. ਕੇ. ਮਨਮੋਹਨ ਸਿੰਘ ਵੀ ਅਜਿਹਾ ਹੀ ਕਰਦੇ ਸਨ।
ਬਠਿੰਡੇ ਇਲਾਕੇ ਦੇ ਲੋਕ ਪੰਜਾਬ ਦੇ ਦੂਜੇ ਇਲਾਕਿਆਂ ਨਾਲੋਂ ਵੱਧ ਮਿਲਣਸਾਰ ਅਤੇ ਆਪਣਾ ਨਿੱਜੀ ਕੰਮ ਛੱਡ ਕੇ ਦੂਜਿਆਂ ਦੇ ਕੰਮ ਆਉਣ ਵਾਲੇ ਹਨ, ਪਰ ਉਨ੍ਹਾਂ ਦੇ ਸੁਭਾਅ ਦੀ ਇਕ ਵਿਸ਼ੇਸ਼ਤਾ ਹੋਰ ਵੀ ਹੈ ਕਿ ਉਹ ਕਿਸੇ ਵੀ ਬੰਦੇ ਬਾਰੇ ਜੋ ਮਹਿਸੂਸ ਕਰਦੇ ਹਨ, ਉਸ ਬੰਦੇ ਦੇ ਮੂੰਹ ‘ਤੇ ਕਹਿ ਦਿੰਦੇ ਹਨ। ਬਠਿੰਡੇ ਇਲਾਕੇ ਦੇ ਵਿਦਿਆਰਥੀਆਂ ‘ਤੇ ਉਥੋਂ ਦੇ ਲੋਕਾਂ ਦੇ ਸੁਭਾਅ ਦਾ ਅਸਰ ਹੋਣਾ ਸੁਭਾਵਿਕ ਹੈ। ਉਥੋਂ ਦੇ ਵਿਦਿਆਰਥੀ ਕਲਾਸ ਲਾਉਣ ਨੂੰ ਆਪਣਾ ਧਰਮ ਸਮਝਦੇ ਅਤੇ ਜੋ ਗੱਲ ਉਨ੍ਹਾਂ ਨੂੰ ਸਮਝ ਨਾ ਆਉਂਦੀ, ਉਹ ਆਪਣੇ ਅਧਿਆਪਕਾਂ ਤੋਂ ਵਾਰ ਵਾਰ ਪੁੱਛ ਵੀ ਲੈਂਦੇ।
ਮਾਰਚ 1985 ਦੀ ਗੱਲ ਹੈ, ਮੈਂ ਅਤੇ ਮੇਰੇ ਕੁਝ ਸਹਿਯੋਗੀ ਅਧਿਆਪਕਾਂ ਦੇ ਬੈਠਣ ਲਈ ਮਿਲੇ ਇਕ ਕਮਰੇ ਵਿਚ ਆਪਣਾ ਕੰਮ ਕਰ ਰਹੇ ਸਾਂ। ਉਸ ਦੌਰਾਨ ਸਾਡੀ ਇਕ ਵਿਦਿਆਰਥਣ ਵਾਰ ਵਾਰ ਸਾਡੇ ਕਮਰੇ ਵਿਚ ਆ ਕੇ ਵਾਪਸ ਮੁੜ ਜਾਵੇ। ਜਦੋਂ ਮੇਰੇ ਸਹਿਯੋਗੀ ਉਸ ਕਮਰੇ ਵਿਚੋਂ ਚਲੇ ਗਏ ਤਾਂ ਉਹ ਵਿਦਿਆਰਥਣ ਫਿਰ ਆ ਗਈ ਅਤੇ ਉਸ ਨੇ ਮੈਨੂੰ ਕਿਹਾ ਕਿ ਮੈਂ ਤੁਹਾਡੇ ਕੋਲ ਇਕ ਕੰਮ ਆਈ ਹਾਂ, ਉਹ ਤੁਹਾਨੂੰ ਜ਼ਰੂਰ ਕਰਨਾ ਪਵੇਗਾ। ਮੈਂ ਜਵਾਬ ਦਿੱਤਾ ਕਿ ਪਹਿਲਾਂ ਤੁਸੀਂ ਆਪਣਾ ਕੰਮ ਦੱਸੋ, ਫਿਰ ਮੈਂ ਦੱਸ ਸਕਾਂਗਾ ਕਿ ਕਰ ਸਕਦਾ ਹਾਂ ਜਾਂ ਨਹੀਂ। ਉਸ ਨੇ ਫਿਰ ਕਿਹਾ ਕਿ ਤੁਹਾਨੂੰ ਮੇਰਾ ਕੰਮ ਕਰਨਾ ਹੀ ਪਵੇਗਾ। ਕੁਝ ਦੇਰ ਪਿਛੋਂ ਉਸ ਨੇ ਕਿਹਾ ਕਿ ਉਸ ਦੀ ਸਹੇਲੀ ਤੇ ਜਮਾਤਣ ਨੇ ਆਪਣੇ ਸਾਰੇ ਪੇਪਰਾਂ ਦੇ ਨੋਟਸ ਬਣਾ ਲਏ ਹਨ, ਪਰ ਉਹ ਉਸ ਨੂੰ ਨਹੀਂ ਦਿੰਦੀ, ਜਿਸ ਕਰਕੇ ਮੈਂ ਉਸ ਦੀ ਸਹੇਲੀ ਨੂੰ ਅਜਿਹਾ ਕਰਨ ਦੀ ਹਦਾਇਤ ਕਰਾਂ।
ਲੁਧਿਆਣਾ ਜਿਲੇ ਦੇ ਪਿੰਡ ਈਸੜੂ ਵਿਚ ਜੰਮਣ ਤੇ ਵੱਡਾ ਹੋਣ ਅਤੇ ਪਟਿਆਲੇ ਵਿਚ ਪੜ੍ਹਨ ਕਰਕੇ ਮੈਂ ਆਪਣੇ ਸੁਭਾਅ ਅਨੁਸਾਰ ਤੁਰੰਤ ਜਵਾਬ ਦਿੱਤਾ ਕਿ ਜੋ ਪੇਪਰ ਮੈਂ ਪੜ੍ਹਾਉਂਦਾ ਹਾਂ, ਉਹ ਜਦੋਂ ਅਤੇ ਜਿੰਨੀ ਵਾਰ ਮਰਜੀ ਮੇਰੇ ਤੋਂ ਸਮਝ ਲਵੋ, ਪਰ ਨੋਟਸ ਦਿਵਾਉਣ ਵਾਲਾ ਕੰਮ ਮੈਂ ਨਹੀਂ ਕਰਨਾ। ਇਸ ਪਿਛੋਂ ਮੇਰੀ ਅਤੇ ਉਸ ਵਿਦਿਆਰਥਣ ਦੀ ਕਾਫੀ ਤਲਖੀ ਵਾਲੀ ਗੱਲਬਾਤ ਹੁੰਦੀ ਰਹੀ। ਜਦੋਂ ਉਸ ਵਿਦਿਆਰਥਣ ਨੂੰ ਯਕੀਨ ਹੋ ਗਿਆ ਕਿ ਮੈਂ ਉਸ ਦੀ ਮਦਦ ਕਰਨ ਤੋਂ ਪੂਰੀ ਤਰ੍ਹਾਂ ਇਨਕਾਰੀ ਹਾਂ ਤਾਂ ਉਸ ਨੇ ਕਿਹਾ ਕਿ ਮੈਂ ਵਾਪਸ ਜਾਂਦੀ ਹਾਂ, ਪਰ ਤੁਹਾਨੂੰ ਕੁਝ ਕਹਿ ਕੇ ਜਾਵਾਂਗੀ, ਜੋ ਤੁਹਾਨੂੰ ਮੇਰੇ ਅਧਿਆਪਕ ਹੋਣ ਕਰਕੇ ਸੁਣਨਾ ਪਵੇਗਾ।
ਮੈਂ ਉਸ ਨੂੰ ਕਿਹਾ, ਜਲਦੀ ਕਹੋ। ਕਹਿੰਦੀ, ਮੈਂ ਤਾਂ ਇਹ ਸਮਝ ਕੇ ਆਈ ਸਾਂ ਕਿ ਅਧਿਆਪਕ ਮਾਪਿਆਂ ਵਰਗੇ ਹੁੰਦੇ ਹਨ, ਪਰ ਤੁਸੀਂ ਤਾਂ…। ਮੈਂ ਉਸ ਨੂੰ ਉਥੇ ਹੀ ਰੋਕ ਦਿੱਤਾ ਅਤੇ ਕਿਹਾ ਕਿ ਬੇਟੇ ਮੈਂ ਤੇਰਾ ਕੰਮ ਕਰ ਦੇਵਾਂਗਾ। ਮੈਨੂੰ ਜ਼ਿੰਦਗੀ ਵਿਚ ਪਹਿਲੀ ਵਾਰ ਅਹਿਸਾਸ ਹੋਇਆ ਕਿ ਮੈਂ ਅਧਿਆਪਕ ਦੇ ਕੰਮ ਵਿਚ ਆਉਣ ਕਰਕੇ ਬਿਨ ਵਿਆਹ ਦੇ ਵੀ ਮਾਪਾ ਬਣ ਗਿਆ ਹਾਂ।
ਦੂਜੇ ਦਿਨ ਮੈਂ ਕਲਾਸ ਪਿਛੋਂ ਉਸ ਵਿਦਿਆਰਥਣ ਦੀ ਸਹੇਲੀ ਮਧੂ ਨੂੰ ਆਪਣੇ ਕੋਲ ਬੁਲਾਇਆ ਅਤੇ ਉਸ ਨੂੰ ਉਸ ਦੀ ਪੜ੍ਹਾਈ ਦਾ ਹਾਲ ਪੁੱਛਿਆ। ਉਸ ਦਾ ਜਵਾਬ ਸੀ ਕਿ ਉਸ ਨੇ ਸਾਰੇ ਪੇਪਰਾਂ ਦੇ ਨੋਟਸ ਬਣਾ ਲਏ ਹਨ ਅਤੇ ਉਹ ਉਨ੍ਹਾਂ ਨੂੰ ਦੁਹਰਾ ਰਹੀ ਹੈ। ਮੈਂ ਮਧੂ ਨੂੰ ਉਸ ਦੀ ਸਹੇਲੀ ਦੀ ਸਮੱਸਿਆ ਦੱਸੀ ਤਾਂ ਉਸ ਨੇ ਕੋਰਾ ਜਵਾਬ ਦੇ ਦਿੱਤਾ ਕਿ ਉਹ ਅਜਿਹਾ ਨਹੀਂ ਕਰੇਗੀ। ਉਸ ਨੇ ਤਰਕ ਦਿੱਤਾ ਕਿ ਉਹ ਸੈਂਟਰ ਤੋਂ ਜਾਣ ਪਿਛੋਂ ਕਾਫੀ ਦੇਰ ਤੱਕ ਪੜ੍ਹਦੀ-ਲਿਖਦੀ ਹੈ ਅਤੇ ਜਦੋਂ ਬਿਜਲੀ ਨਹੀਂ ਹੁੰਦੀ ਤਾਂ ਉਹ ਕੱਚ ਦੀ ਛੋਟੀ ਬੋਤਲ ਦੇ ਬਣਾਏ ਹੋਏ ਮਿੱਟੀ ਦੇ ਤੇਲ ਦੇ ਦੀਵੇ ਦੀ ਲੋਅ ਵਿਚ ਵੀ ਆਪਣਾ ਕੰਮ ਕਰਦੀ ਹੈ, ਪਰ ਉਸ ਦੀ ਸਹੇਲੀ ਤਾਂ ਧੋਬੀ ਬਾਜ਼ਾਰ ਵਿਚ ਗੇੜੇ ਲਾਉਂਦੀ ਰਹਿੰਦੀ ਹੈ।
ਮੇਰੇ ਲਈ ਬਹੁਤ ਵੱਡੀ ਸਮੱਸਿਆ ਸੀ ਕਿ ਮੈਨੂੰ ਮਾਪੇ ਹੋਣ ਦਾ ਅਹਿਸਾਸ ਹੋ ਗਿਆ ਸੀ ਅਤੇ ਮੈਂ ਵਾਅਦਾ ਵੀ ਕਰ ਚੁਕਾ ਸਾਂ। ਮੈਂ ਆਪਣੀ ਹਾਰ ਨਾ ਮੰਨਦਿਆਂ ਮਧੂ ਨੂੰ ਪੁੱਛਿਆ ਕਿ ਬੇਟਾ ਤੁਸੀਂ ਦੀਵਾਲੀ ਮਨਾਉਂਦੇ ਹੋ? ਉਸ ਨੇ ਸਪਸ਼ਟ ਜਵਾਬ ਦਿੱਤਾ, ਉਸ ਨੂੰ ਲੱਗਦਾ ਹੈ ਕਿ ਮੈਂ ਵੀ ਮਨਾਉਂਦਾ ਹੋਵਾਂਗਾ। ਮੈਂ ਆਪਣੀ ਗੱਲ ਅੱਗੇ ਤੋਰਦਿਆਂ ਕਿਹਾ ਕਿ ਬੇਟਾ ਆਪਣੇ ਗਰੀਬ ਘਰਾਂ ਵਿਚ ਆਪਾਂ ਦੀਵਾਲੀ ਵਾਲੇ ਦਿਨ ਦੀਵੇ ਜਗਾਉਂਦੇ ਹਾਂ। ਮਧੂ ਦਾ ਜਵਾਬ ਸੀ, ਕੀ ਮੈਂ ਠੀਕ ਵੀ ਹਾਂ? ਮੈਂ ਹਾਂ ਵਿਚ ਜਵਾਬ ਦਿੱਤਾ ਅਤੇ ਆਪਣੀ ਗੱਲ ਜਾਰੀ ਰੱਖੀ ਕਿ ਆਪਾਂ ਦੀਵਾਲੀ ਵਾਲੇ ਦਿਨ ਸਭ ਤੋਂ ਪਹਿਲਾਂ ਵੱਡਾ ਦੀਵਾ ਜਗਾਉਂਦੇ ਹਾਂ ਅਤੇ ਉਸ ਪਿਛੋਂ ਛੋਟੇ ਦੀਵੇ ਉਸ ਨਾਲ ਜਗਾ ਦਿੰਦੇ ਹਾਂ, ਬੇਟਾ ਤੁਹਾਨੂੰ ਕੀ ਲੱਗਦਾ ਹੈ ਕਿ ਅਜਿਹਾ ਕਰਦਿਆਂ ਵੱਡੇ ਦੀਵੇ ਦੀ ਰੋਸ਼ਨੀ ਘਟ ਜਾਂਦੀ ਹੈ?
ਮਧੂ ਨੇ ਜਵਾਬ ਦਿੱਤਾ ਕਿ ਮੈਂ ਆਪਣੇ ਸਾਰੇ ਨੋਟਸ ਆਪਣੀ ਸਹੇਲੀ ਨੂੰ ਦੇ ਦੇਵਾਂਗੀ। ਮੈਂ ਖੁਸ਼ ਸੀ ਕਿ ਮਾਪਿਆਂ ਦੇ ਤੌਰ ‘ਤੇ ਮੈਂ ਕਾਮਯਾਬ ਹੋ ਗਿਆ ਸੀ। 1986 ਵਿਚ ਉਸ ਦੀ ਸਹੇਲੀ ਨੇ ਗੋਲਡ ਮੈਡਲ ਲੈ ਕੇ ਐਮ. ਏ. ਫਸਟ ਡਿਵਿਜ਼ਨ ਵਿਚ ਪਾਸ ਕੀਤੀ।
ਮਧੂ ਨੇ ਆਪਣੀ ਐਮ. ਏ. ਕਰਨ ਪਿਛੋਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਐਮ. ਫਿਲ਼ ਕਰ ਲਈ ਅਤੇ ਦਿੱਲੀ ਇੰਦਰਾ ਗਾਂਧੀ ਓਪਨ ਯੂਨੀਵਰਸਿਟੀ ਵਿਚ ਲੈਕਚਰਾਰ ਲੱਗ ਗਈ। ਉਸ ਨੇ ਸਿੱਧ ਕਰ ਦਿੱਤਾ ਕਿ ਵੱਡੇ ਦੀਵੇ ਤੋਂ ਛੋਟੇ ਦੀਵੇ ਜਗਾਉਣ ਨਾਲ ਉਸ ਦੀ ਰੋਸ਼ਨੀ ਘਟਦੀ ਨਹੀਂ, ਸਗੋਂ ਕਈ ਗੁਣਾ ਵਧ ਜਾਂਦੀ ਹੈ।