ਪਾਠਕਾਂ ਦੀ ਕਚਹਿਰੀ ‘ਚ ਅਖਬਾਰਾਂ ਦਾ ਮਸਲਾ

ਸੰਪਾਦਕ ਜੀ,
27 ਅਪਰੈਲ ਦੇ ਪੰਜਾਬ ਟਾਈਮਜ਼ ਵਿਚ ‘ਧੜੇਬੰਧਕ ਸਿਆਸਤ ਅਤੇ ਪੰਜਾਬੀ ਅਖਬਾਰ’ ਪੜ੍ਹਿਆ ਤਾਂ ਮਨ ਨੂੰ ਬੜਾ ਦੁੱਖ ਹੋਇਆ ਕਿ ਆਮ ਲੋਕਾਂ ਦੀ ਗੱਲ ਤਾਂ ਛੱਡੋ, ਆਪਣੇ ਆਪ ਨੂੰ ਵੱਡੇ ਸੇਵਕ ਅਖਵਾਉਂਦੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਚੌਧਰੀ ਵੀ ਅਖਬਾਰਾਂ ਦੇ ਪੈਸੇ ਮਾਰ ਜਾਂਦੇ ਹਨ। ਮਿਆਰੀ ਅਖਬਾਰ ਕੱਢਣਾ ਬਹੁਤ ਮੁਸ਼ਕਿਲ ਹੈ। ਮਾੜੀ ਗੱਲ ਇਹ ਹੈ ਕਿ ਚਲੰਤ ਅਖਬਾਰਾਂ ਵਾਲੇ ਮਿਆਰੀ ਅਖਬਾਰਾਂ ਦਾ ਬਿਜਨਸ ਖੋਹਣ ਲਈ ਪੱਬਾਂ ਭਾਰ ਹੋ ਜਾਂਦੇ ਹਨ। ਹੁਣ ਤਾਂ ਚਲੰਤ ਅਖਬਾਰਾਂ ਹੀ ਐਨੀਆਂ ਹੋ ਗਈਆਂ ਹਨ ਕਿ ਗਿਣਨ ਲੱਗੋ ਤਾਂ ਉਂਗਲਾਂ ਦੇ ਪੋਟੇ ਮੁੱਕ ਜਾਣਗੇ। ਕਿਸੇ ਨੂੰ ਲਿਖਣਾ ਆਵੇ ਭਾਵੇਂ ਨਾ, ਅਖਬਾਰਾਂ ਦੇ ਵੱਡੇ ਸੰਪਾਦਕ ਬਣੇ ਬੈਠੇ ਹਨ। ਅੱਧੇ ਮੁੱਲ ‘ਤੇ ਇਸ਼ਤਿਹਾਰ ਲਾਈ ਜਾਣਗੇ। ਅਜਿਹੇ ਅਖਬਾਰ ਸਮਾਜ ਦਾ ਫਾਇਦਾ ਘੱਟ ਤੇ ਨੁਕਸਾਨ ਜ਼ਿਆਦਾ ਕਰਦੇ ਹਨ। ਗੁਰੂ ਘਰਾਂ ਜਾਂ ਭਾਈਚਾਰੇ ਦੇ ਦੋ ਗਰੁਪ ਬਣਾ ਕੇ ਇਕ ਦੂਜੇ ਦੇ ਵਿਰੁਧ ਲਿਖੀ ਜਾਣਗੇ, ਪੈਸੇ ਲੈ ਕੇ।
ਮੈਂ ਕਿਸੇ ਅਖਬਾਰ ਨੂੰ ਆਰਟੀਕਲ ਭੇਜਿਆ ਤਾਂ ਉਹਦਾ ਫੋਨ ਆ ਗਿਆ, “ਜੇ ਛਪਵਾਉਣਾ ਹੈ ਤਾਂ ਪੈਸੇ ਭੇਜੋ, ਅਸੀਂ ਆਪਣੇ ਖਰਚੇ ਵੀ ਤੋਰਨੇ ਆ।” ਮੈਂ ਕਿਹਾ, “ਸੱਚ ਲਿਖਿਆ ਹੈ! ਐਨੀ ਮਿਹਨਤ ਕੀਤੀ ਤੇ ਪੈਸੇ ਕਾਹਦੇ?” “ਸੱਚ ਜਾਂ ਝੂਠ, ਸਾਨੂੰ ਨ੍ਹੀਂ ਪਤਾ, ਪੈਸੇ ਭੇਜੋਗੇ ਠੀਕ ਹੈ ਨਹੀ ਤਾਂ ਨਹੀ ਲੱਗੇਗਾ,” ਕਹਿ ਕੇ ਉਹਨੇ ਫੋਨ ਬੰਦ ਕਰ ਦਿਤਾ।
ਦੋ ਅਖਬਾਰਾਂ ਵਿਚ ਦਿਨ ਦਿਹਾਰ ‘ਤੇ ਮੈਂ ਵਧਾਈ ਲੁਆਈ ਤੇ ਦੋ ਲਫਾਫਿਆਂ ਵਿਚ ਪੈਸੇ ਪਾ ਕੇ ਇਕ ਅਖਬਾਰ ਦੇ ਸੰਪਾਦਕ ਨੂੰ ਦੋਵੇਂ ਲਿਫਾਫੇ ਫੜਾ ਦਿਤੇ ਕਿ ਦੂਜੇ ਨੂੰ ਵੀ ਫੜਾ ਦੇਵੀਂ। ਹੁਣ ਕਈ ਸਾਲ ਹੋ ਗਏ, ਉਹ ਪੈਸੇ ਉਸ ਅਖਬਾਰ ਕੋਲ ਅੱਜ ਤੱਕ ਨਹੀਂ ਪਹੁੰਚੇ।
ਅਮੋਲਕ ਭਾਜੀ, ਤੁਸੀਂ ਬੜੇ ਸਹਿਨਸ਼ੀਲ ਹੋ। ਸਿਹਤ ਦੀਆਂ ਮਜ਼ਬੂਰੀਆਂ ਦੇ ਬਾਵਜੂਦ ਕੋਈ ਪ੍ਰਵਾਹ ਨਹੀਂ ਕਰਦੇ। ਜੇ ਕੋਈ ਹੋਰ ਹੁੰਦਾ ਤਾਂ ਅਗਲੇ ਦਾ ਜਲੂਸ ਕੱਢ ਦਿੰਦਾ। ਕਿਸੇ ਦਾ ਹੱਕ ਖਾਣਾ ਕਈਆਂ ਦਾ ਸੁਭਾਅ ਬਣ ਗਿਆ ਹੁੰਦੈ। ਉਹ ਆਦਤ ਤੋਂ ਮਜ਼ਬੂਰ ਹੁੰਦੇ ਹਨ। ‘ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥’ ਤੁਸੀਂ ਬਾਬੇ ਨਾਨਕ ਦਾ ਇਹ ਫੁਰਮਾਨ ਉਨ੍ਹਾਂ ਨੂੰ ਯਾਦ ਕਰਾ ਕੇ ਠੀਕ ਹੀ ਕੀਤਾ ਹੈ। ਵੇਖਣਾ ਹੈ ਕਿ ਉਨ੍ਹਾਂ ‘ਤੇ ਕੋਈ ਅਸਰ ਹੁੰਦਾ ਵੀ ਹੈ ਜਾਂ ਨਹੀਂ।
‘ਪੰਜਾਬ ਟਾਈਮਜ਼’ ਦੀ 13ਵੀਂ ਵਰ੍ਹੇਗੰਢ ‘ਤੇ ਇਸ ਦੇ ਸਟਾਫ, ਸਰਪ੍ਰਸਤਾਂ, ਕਾਲਮਨਵੀਸਾਂ ਅਤੇ ਪਾਠਕਾਂ ਨੂੰ ਵਧਾਈ। ਰਾਜਾ ਸਾਹਿਬ ਸਪੋਰਟਸ ਕਲੱਬ ਦੇ ਮੈਂਬਰਾਂ ਦੀ ਦੁਆ ਹੈ ਕਿ ਪੰਜਾਬ ਟਾਈਮਜ਼ ਦਿਨ ਦੂਣੀ ਰਾਤ ਚੌਗੁਣੀ ਤਰੱਕੀ ਕਰੇ।
-ਇਕਬਾਲ ਜੱਬੋਵਾਲੀਆ
ਨਿਊ ਯਾਰਕ।

Be the first to comment

Leave a Reply

Your email address will not be published.