ਜ਼ਿਮਨੀ ਚੋਣਾਂ: ਪੰਜਾਬ ਦੀਆਂ ਸਿਆਸੀ ਧਿਰਾਂ ਲਈ ਇਕ ਹੋਰ ਪ੍ਰੀਖਿਆ

ਚੰਡੀਗੜ੍ਹ: ਚੋਣ ਕਮਿਸ਼ਨ ਵਲੋਂ ਪੰਜਾਬ ਵਿਧਾਨ ਸਭਾ ਦੀਆਂ 4 ਜ਼ਿਮਨੀ ਚੋਣਾਂ- ਦਾਖਾ, ਜਲਾਲਾਬਾਦ, ਫਗਵਾੜਾ ਤੇ ਮੁਕੇਰੀਆਂ ਲਈ ਐਲਾਨੇ ਚੋਣ ਪ੍ਰੋਗਰਾਮ ਅਨੁਸਾਰ 21 ਅਕਤੂਬਰ ਨੂੰ ਵੋਟਾਂ ਪੈਣਗੀਆਂ। ਇਹ ਜ਼ਿਮਨੀ ਚੋਣਾਂ ਸੂਬੇ ਦੀਆਂ ਮੁੱਖ ਸਿਆਸੀ ਧਿਰਾਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ, ਆਮ ਆਦਮੀ ਪਾਰਟੀ (ਆਪ) ਅਤੇ ਲੋਕ ਇਨਸਾਫ ਪਾਰਟੀ ਲਈ ਵੱਡੀ ਪ੍ਰੀਖਿਆ ਹੋਣਗੀਆਂ। ਜ਼ਿਮਨੀ ਚੋਣਾਂ ਦਾ ਐਲਾਨ ਹੁੰਦਿਆਂ ਹੀ ਸੂਬੇ ਦੇ ਚਾਰ ਵਿਧਾਨ ਸਭਾ ਹਲਕਿਆਂ ਵਿਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।

ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਸੰਦੀਪ ਸੰਧੂ ਨੂੰ ਦਾਖਾ, ਸਾਬਕਾ ਆਈæਏæਐਸ਼ ਅਧਿਕਾਰੀ ਬਲਵਿੰਦਰ ਸਿੰਘ ਧਾਲੀਵਾਲ ਨੂੰ ਫਗਵਾੜਾ ਰਾਖਵੇਂ ਹਲਕੇ, ਯੂਥ ਕਾਂਗਰਸ ਆਗੂ ਰਮਿੰਦਰ ਆਵਲਾ ਨੂੰ ਜਲਾਲਾਬਾਦ ਤੋਂ ਅਤੇ ਮਰਹੂਮ ਵਿਧਾਇਕ ਰਜਨੀਸ਼ ਬੱਬੀ ਦੀ ਪਤਨੀ ਇੰਦੂ ਬਾਲਾ ਨੂੰ ਮੁਕੇਰੀਆਂ ਤੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਤਿੰਨ ਹਲਕਿਆਂ ਤੋਂ ਪਾਰਟੀ ਨੇ ਬਾਹਰਲੇ ਉਮੀਦਵਾਰ ਉਤਾਰੇ ਹਨ। ਇਸ ਲਈ ਸਥਾਨਕ ਕਾਂਗਰਸੀ ਆਗੂ ਨਾਰਾਜ਼ ਹਨ। ਸ਼੍ਰੋਮਣੀ ਅਕਾਲੀ ਦਲ ਨੇ ਦਾਖਾ ਵਿਧਾਨ ਸਭਾ ਹਲਕੇ ਤੋਂ ਮਨਪ੍ਰੀਤ ਸਿੰਘ ਇਯਾਲੀ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਅਕਾਲੀ ਦਲ ਵਲੋਂ ਜਲਾਲਾਬਾਦ ਅਤੇ ਦਾਖਾ ਤੋਂ ਉਮੀਦਵਾਰ ਖੜ੍ਹੇ ਕੀਤੇ ਜਾਣੇ ਹਨ ਜਦੋਂਕਿ ਭਾਈਵਾਲ ਭਾਜਪਾ ਵਲੋਂ ਮੁਕੇਰੀਆਂ ਅਤੇ ਫਗਵਾੜਾ ਤੋਂ ਉਮੀਦਵਾਰ ਖੜ੍ਹੇ ਕੀਤੇ ਜਾਣੇ ਹਨ। ਜਲਾਲਾਬਾਦ, ਫਗਵਾੜਾ ਅਤੇ ਮੁਕੇਰੀਆਂ ਵਿਚ ਕਾਂਗਰਸ ਤੇ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰਾਂ ਵਿਚਾਲੇ ਮੁਕਾਬਲਾ ਹੋਣ ਦੇ ਆਸਾਰ ਹਨ ਜਦੋਂਕਿ ਲੁਧਿਆਣਾ ਜ਼ਿਲ੍ਹੇ ਦੇ ਦਾਖਾ ਵਿਧਾਨ ਸਭਾ ਹਲਕੇ ਤੋਂ ਮੁਕਾਬਲਾ ਰੌਚਕ ਹੋ ਸਕਦਾ ਹੈ ਕਿਉਂਕਿ ਲੋਕ ਸਭਾ ਚੋਣਾਂ ਦੌਰਾਨ ਇਸ ਵਿਧਾਨ ਸਭਾ ਹਲਕੇ ਤੋਂ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੇ ਦੋਹਾਂ ਰਵਾਇਤੀ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਪਛਾੜ ਦਿੱਤਾ ਸੀ।
ਜਲਾਲਾਬਾਦ ਵਿਧਾਨ ਸਭਾ ਹਲਕੇ ਦੇ ਵਿਧਾਇਕ ਸੁਖਬੀਰ ਸਿੰਘ ਬਾਦਲ ਦੇ ਫਿਰੋਜ਼ਪੁਰ ਤੋਂ ਅਤੇ ਫਗਵਾੜਾ ਦੇ ਵਿਧਾਇਕ ਸੋਮ ਪ੍ਰਕਾਸ਼ ਦੇ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਚੁਣੇ ਜਾਣ ਕਾਰਨ ਇਨ੍ਹਾਂ ਦੋਹਾਂ ਹਲਕਿਆਂ ਦੀ ਚੋਣ ਕਰਵਾਈ ਜਾ ਰਹੀ ਹੈ। ਦਾਖਾ ਤੋਂ ‘ਆਪ’ ਦੇ ਵਿਧਾਇਕ ਐਚæਐਸ਼ ਫੂਲਕਾ ਨੇ ਸਰਕਾਰ ਵਲੋਂ ਬੇਅਦਬੀ ਕਾਂਡ ਦੇ ਦੋਸ਼ੀਆਂ ਖਿਲਾਫ ਕਾਰਵਾਈ ਨਾ ਕਰਨ ਦੇ ਦੋਸ਼ ਲਾਉਂਦਿਆਂ ਅਸਤੀਫਾ ਦੇ ਦਿੱਤਾ ਸੀ। ਇਸੇ ਤਰ੍ਹਾਂ ਮੁਕੇਰੀਆਂ ਤੋਂ ਕਾਂਗਰਸ ਦੇ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦੀ ਮੌਤ ਹੋ ਜਾਣ ਕਾਰਨ ਇਸ ਹਲਕੇ ਦੀ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਪੰਜਾਬ ਵਿਧਾਨ ਸਭਾ ਵਿਚ ਇਸ ਵੇਲੇ ਕਾਂਗਰਸ ਦੇ ਕੁੱਲ ਵਿਧਾਇਕਾਂ ਦੀ ਗਿਣਤੀ 77 ਹੈ, ਅਕਾਲੀ ਦਲ ਦੇ ਵਿਧਾਇਕਾਂ ਦੀ ਗਿਣਤੀ 12, ‘ਆਪ’ ਦੇ 19 ਅਤੇ ਭਾਜਪਾ ਦੇ ਦੋ ਵਿਧਾਇਕ ਹਨ। ਕਾਂਗਰਸ ਪਾਰਟੀ ਖਾਸ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਵਿਧਾਇਕਾਂ ਦੀ ਵੱਡੀ ਗਿਣਤੀ ਪਹਿਲਾਂ ਹੀ ਸਿਆਸੀ ਸੰਕਟ ਦਾ ਕਾਰਨ ਬਣੀ ਹੋਈ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਨਾਰਾਜ਼ ਵਿਧਾਇਕਾਂ ਨੂੰ ਹਾਲ ਹੀ ‘ਚ ਸਲਾਹਕਾਰ ਨਿਯੁਕਤ ਕਰਨਾ ਪਿਆ। ਹਾਕਮ ਧਿਰ ਜੇਕਰ ਚਾਰਾਂ ਵਿਧਾਨ ਸਭਾ ਹਲਕਿਆਂ ‘ਤੇ ਜੇਤੂ ਰਹਿੰਦੀ ਹੈ ਤਾਂ ਵਿਧਾਇਕਾਂ ਦੀ ਗਿਣਤੀ 80 ਦਾ ਅੰਕੜਾ ਪਾਰ ਕਰ ਜਾਵੇਗੀ ਤੇ ਮੁੱਖ ਮੰਤਰੀ ਲਈ ਚੁਣੌਤੀਆਂ ਵਧ ਸਕਦੀਆਂ ਹਨ। ਇਸ ਦੇ ਉਲਟ ਜੇਕਰ ਸਰਕਾਰ ਦੀ ਕਾਰਗੁਜ਼ਾਰੀ ਜ਼ਿਮਨੀ ਚੋਣਾਂ ਦੌਰਾਨ ਚੰਗੀ ਨਹੀਂ ਰਹਿੰਦੀ ਤਾਂ ਪਾਰਟੀ ਅੰਦਰਲੇ ਵਿਰੋਧੀਆਂ ਦੀਆਂ ਸੁਰਾਂ ਮੁੱਖ ਮੰਤਰੀ ਖਿਲਾਫ ਤਿੱਖੀਆਂ ਹੋ ਸਕਦੀਆਂ ਹਨ। ਦੂਜੇ ਪਾਸੇ ਅਕਾਲੀ ਦਲ, ਭਾਜਪਾ ਅਤੇ ‘ਆਪ’ ਵਲੋਂ ਆਪਣੀ ਵੱਕਾਰ ਬਹਾਲ ਰੱਖਣ ਲਈ ਸੀਟਾਂ ‘ਤੇ ਕਬਜ਼ਾ ਬਣਾਈ ਰੱਖਣ ਲਈ ਲੜਾਈ ਲੜੀ ਜਾਵੇਗੀ।
ਇਸ ਦੌਰਾਨ ਸ਼ ਫੂਲਕਾ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਉਹ ਇਸ ਵਾਰ ਚੋਣ ਨਹੀਂ ਲੜਨਗੇ ਪਰ ਲਗਦਾ ਹੈ ਕਿ ਉਹ ਅੰਦਰਖਾਤੇ ਆਪਣੇ ਕਿਸੇ ਮਨਪਸੰਦ ਉਮੀਦਵਾਰ ਨੂੰ ਸਮਰਥਨ ਦੇ ਸਕਦੇ ਹਨ, ਕਿਉਂਕਿ ਹਲਕਾ ਦਾਖਾ ‘ਚ ਉਨ੍ਹਾਂ ਦਾ ਕਾਫੀ ਸਿਆਸੀ ਪ੍ਰਭਾਵ ਹੈ। ਫਗਵਾੜਾ ਤੇ ਮੁਕੇਰੀਆਂ ‘ਚ ਕਾਂਗਰਸ ਨੂੰ ਅਕਾਲੀ-ਭਾਜਪਾ ਗਠਜੋੜ ਨਾਲ ਤਕੜਾ ਲੋਹਾ ਲੈਣਾ ਪਵੇਗਾ। ਦੁਆਬੇ ‘ਚ ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ ਦਾ ਵੀ ਕਾਫੀ ਪ੍ਰਭਾਵ ਹੈ। ਇਨ੍ਹਾਂ ਉਪ ਚੋਣਾਂ ‘ਚ ਆਮ ਆਦਮੀ ਪਾਰਟੀ ਜੋ ਲਗਭਗ ਖੇਰੂੰ-ਖੇਰੂੰ ਹੋਈ ਪਈ ਹੈ, ਲਈ ਵੀ ਪ੍ਰੀਖਿਆ ਦੀ ਘੜੀ ਹੈ ਕਿ ਉਹ ਹੁਣ ਕਿੰਨੇ ਪਾਣੀ ‘ਚ ਹੈ।