ਬਠਿੰਡਾ: ਪੰਜਾਬ ਸਰਕਾਰ ਵੱਲੋਂ ਸਰਕਾਰੀ ਖਜਾਨੇ ਵਿਚੋਂ ਮੌਜੂਦਾ ਵਿਧਾਇਕਾਂ/ਸਾਬਕਾ ਵਿਧਾਇਕਾਂ ਦੀ ਸਿਹਤ ਉਤੇ ਰੋਜ਼ਾਨਾ ਔਸਤਨ ਕਰੀਬ 40 ਹਜ਼ਾਰ ਰੁਪਏ ਖਰਚੇ ਜਾਂਦੇ ਹਨ। ਸਰਕਾਰੀ ਨਿਯਮ ਹੀ ਏਦਾਂ ਦੇ ਹਨ ਕਿ ਵਿਧਾਇਕ ਤੇ ਸਾਬਕਾ ਵਿਧਾਇਕ ਦੇ ਸਿਹਤ ਖਰਚ ਦੀ ਕੋਈ ਸੀਮਾ ਨਹੀਂ ਹੈ।
ਪੰਜਾਬ ਵਿਧਾਨ ਸਭਾ ਸਕੱਤਰੇਤ ਤੋਂ ਆਰ.ਟੀ.ਆਈ. ਵਿਚ ਪ੍ਰਾਪਤ ਤਾਜ਼ਾ ਵੇਰਵਿਆਂ ਅਨੁਸਾਰ ਲੰਘੇ ਬਾਰਾਂ ਵਰ੍ਹਿਆਂ ਵਿਚ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਦੇ ਇਲਾਜ ਉਤੇ 16.72 ਕਰੋੜ ਰੁਪਏ ਦਾ ਖਰਚਾ ਆਇਆ ਹੈ। ਸਾਲ 2007-08 ਤੋਂ 2018-19 ਦੌਰਾਨ ਵਿਧਾਇਕਾਂ ਦੇ ਇਲਾਜ ਉਤੇ 6.24 ਕਰੋੜ ਰੁਪਏ ਖਰਚ ਆਇਆ ਹੈ ਜਦੋਂਕਿ ਸਾਬਕਾ ਵਿਧਾਇਕਾਂ ਦੀ ਸਿਹਤਯਾਬੀ ‘ਤੇ ਇਸੇ ਸਮੇਂ ਦੌਰਾਨ 10.48 ਕਰੋੜ ਖਰਚ ਕੀਤੇ ਗਏ ਹਨ। ਵਿਧਾਇਕਾਂ/ਸਾਬਕਾ ਵਿਧਾਇਕਾਂ ਦੇ ਇਲਾਜ ਉਤੇ ਸਰਕਾਰੀ ਖਜ਼ਾਨੇ ਵਿਚੋਂ ਔਸਤਨ ਰੋਜ਼ਾਨਾ ਕਰੀਬ 38,717 ਰੁਪਏ ਖਰਚੇ ਜਾ ਰਹੇ ਹਨ ਅਤੇ ਪ੍ਰਤੀ ਮਹੀਨਾ ਇਹੋ ਖਰਚ 11.61 ਲੱਖ ਰੁਪਏ ਬਣ ਜਾਂਦਾ ਹੈ। ਇਸੇ ਤਰ੍ਹਾਂ ਸਾਲਾਨਾ ਸਿਹਤ ਖਰਚਾ 1.39 ਕਰੋੜ ਬਣਦਾ ਹੈ।
ਤੱਥਾਂ ਅਨੁਸਾਰ ਵਿਧਾਇਕਾਂ ਦੇ ਇਲਾਜ ਉਤੇ ਔਸਤਨ ਰੋਜ਼ਾਨਾ ਕਰੀਬ 14,453 ਰੁਪਏ ਖਰਚ ਹੋ ਰਹੇ ਹਨ ਜਦੋਂ ਕਿ ਸਾਬਕਾ ਵਿਧਾਇਕਾਂ ਦੇ ਇਲਾਜ ‘ਤੇ ਰੋਜ਼ਾਨਾ ਔਸਤਨ ਕਰੀਬ 24,264 ਰੁਪਏ ਦਾ ਖਰਚਾ ਆ ਰਿਹਾ ਹੈ। ਵਿਧਾਇਕਾਂ ਉਤੇ ਨਜ਼ਰ ਮਾਰੀਏ ਤਾਂ ਲੰਘੇ 12 ਵਰ੍ਹਿਆਂ ਦੌਰਾਨ ਹਰ ਸਾਲ ਔਸਤਨ 41 ਵਿਧਾਇਕਾਂ ਦੇ ਇਲਾਜ ਦਾ ਖਰਚਾ ਸਰਕਾਰੀ ਖਜ਼ਾਨੇ ਨੇ ਝੱਲਿਆ ਜਦੋਂ ਕਿ ਔਸਤਨ 152 ਸਾਬਕਾ ਵਿਧਾਇਕਾਂ ਨੇ ਹਰ ਵਰ੍ਹੇ ਖਜ਼ਾਨੇ ਦੀ ਮਦਦ ਨਾਲ ਆਪਣਾ ਇਲਾਜ ਕਰਾਇਆ। ਏਨਾ ਸਾਫ ਹੈ ਕਿ ਸਾਬਕਾ ਬਣਨ ਮਗਰੋਂ ਇਲਾਜ ਦਾ ਖਰਚਾ ਵਧਿਆ ਹੈ। ਮਿਸਾਲ ਵਜੋਂ ਲੰਘੇ ਮਾਲੀ ਵਰ੍ਹੇ ਦੌਰਾਨ ਸਿਰਫ 19 ਵਿਧਾਇਕਾਂ ਨੇ ਇਲਾਜ ਦਾ ਖਰਚਾ ਲਿਆ ਹੈ ਜਦੋਂਕਿ ਇਸੇ ਦੌਰਾਨ 215 ਸਾਬਕਾ ਵਿਧਾਇਕਾਂ ਦਾ ਇਲਾਜ ਬਿੱਲ ਖਜ਼ਾਨੇ ਨੇ ਚੁੱਕਿਆ ਹੈ।
ਸੂਤਰ ਦੱਸਦੇ ਹਨ ਕਿ ਕਾਫੀ ਸਾਬਕਾ ਵਿਧਾਇਕ ਬੁੱਢੇ ਹੋ ਗਏ ਹਨ ਅਤੇ ਉਨ੍ਹਾਂ ਦੀ ਸਿਹਤ ਸੰਭਾਲ ਦਾ ਖਰਚਾ ਵੀ ਕਾਫੀ ਵਧ ਗਿਆ ਹੈ। ਸਾਲ 2018-19 ਦੌਰਾਨ ਵਿਧਾਇਕਾਂ ਦਾ ਸਿਹਤ ਖਰਚ 33.37 ਲੱਖ ਰੁਪਏ ਅਤੇ ਸਾਬਕਾ ਵਿਧਾਇਕਾਂ ਦਾ ਇਸੇ ਸਾਲ ਦੌਰਾਨ 1.18 ਕਰੋੜ ਰੁਪਏ ਇਲਾਜ ਖਰਚ ਰਿਹਾ ਹੈ। ਲੰਘੇ ਬਾਰਾਂ ਸਾਲਾਂ ਦੌਰਾਨ ਸਭ ਤੋਂ ਵੱਡਾ ਇਲਾਜ ਖਰਚਾ ਬਾਦਲ ਤੇ ਬਰਾੜ ਪਰਿਵਾਰ ਦਾ ਰਿਹਾ ਹੈ। ਬਾਦਲ ਪਰਿਵਾਰ ਨੇ ਇਸ ਸਮੇਂ ਦੌਰਾਨ 4.50 ਕਰੋੜ ਰੁਪਏ ਇਲਾਜ ਖਰਚ ਵਜੋਂ ਖਜ਼ਾਨੇ ਵਿਚੋਂ ਲਏ ਹਨ ਜਦੋਂ ਕਿ ਮਰਹੂਮ ਵਿਧਾਇਕ ਕੰਵਰਜੀਤ ਸਿੰਘ ਬਰਾੜ ਦੇ ਇਲਾਜ ਉਤੇ ਵੀ 3.43 ਕਰੋੜ ਦਾ ਖਰਚ ਆਇਆ ਸੀ। ਵਿਧਾਨ ਸਭਾ ਦੇ ਸਪੀਕਰ ਅਤੇ ਡਿਪਟੀ ਸਪੀਕਰ (ਮੌਜੂਦਾ/ਸਾਬਕਾ) ਦਾ ਇਲਾਜ ਖਰਚਾ ਵੀ ਇਸ ਤੋਂ ਵੱਖਰਾ ਹੈ।
ਪੰਜਾਬ ਵਿਚ ਦੋ ਤਰ੍ਹਾਂ ਦੇ ਲੋਕਾਂ ਉਤੇ ਖਜ਼ਾਨੇ ਵਿਚੋਂ ਇਲਾਜ ਵਾਸਤੇ ਖਰਚ ਦੀ ਕੋਈ ਸੀਮਾ ਨਹੀਂ ਹੈ। ਵਿਧਾਇਕ ਅਤੇ ਸਾਬਕਾ ਵਿਧਾਇਕ ਇਲਾਜ ਵਾਸਤੇ ਕੋਈ ਖਰਚ ਸੀਮਾ ਨਹੀਂ। ਦੂਜਾ ਜੇਲ੍ਹਾਂ ਦੇ ਬੰਦੀਆਂ ਦੇ ਇਲਾਜ ਉਤੇ ਖਰਚ ਦੀ ਕੋਈ ਹੱਦ ਨਹੀਂ ਹੈ। ਸੂਤਰਾਂ ਅਨੁਸਾਰ ਵਿਧਾਇਕ ਕਿਸੇ ਵੀ ਮਹਿੰਗੇ ਹਸਪਤਾਲ ਵਿਚੋਂ ਮਹਿੰਗਾ ਇਲਾਜ ਕਰਵਾ ਸਕਦੇ ਹਨ। ਪੰਜਾਬ ਦੇ ਆਮ ਲੋਕਾਂ ਦੀ ਸਿਹਤ ਦਾਅ ਉਤੇ ਲੱਗੀ ਹੋਈ ਹੈ। ਗਰੀਬ ਆਦਮੀ ਦੀ ਜ਼ਿੰਦਗੀ ਵਿਚ ਤਾਂ ਅਰਦਾਸ ਤੋਂ ਸਿਵਾ ਕੁਝ ਬਚਿਆ ਨਹੀਂ ਹੈ। ਪੰਜਾਬ ਸਰਕਾਰ ਤਰਫੋਂ 20 ਫਰਵਰੀ 2004 ਤੋਂ ਵਿਧਾਇਕਾਂ ਨੂੰ ਖੁੱਲ੍ਹਾ ਮੈਡੀਕਲ ਖਰਚ ਦਿੱਤਾ ਜਾਂਦਾ ਹੈ ਜਦੋਂਕਿ ਪਹਿਲਾਂ ਅਜਿਹਾ ਨਹੀਂ ਸੀ।