ਕੇਂਦਰ ਵੱਲੋਂ ਦਰਿਆਈ ਪਾਣੀਆਂ ਦਾ ਮੁੱਦਾ ਗੱਲਬਾਤ ਰਾਹੀਂ ਹੱਲ ਕਰਨ ਦੀ ਸਲਾਹ

ਚੰਡੀਗੜ੍ਹ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੱਖ-ਵੱਖ ਸੂਬਿਆਂ ਵਿਚਲੇ ਦਰਿਆਈ ਪਾਣੀਆਂ ਦੇ ਮੁੱਦਿਆਂ ਨੂੰ ਆਪਸੀ ਸਹਿਮਤੀ ਨਾਲ ਹੱਲ ਕਰਨ ਦੀ ਸਲਾਹ ਦਿੱਤੀ ਹੈ ਤਾਂ ਜੋ ਦੇਸ਼ ਦੇ ਸੰਘੀ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।

ਉਨ੍ਹਾਂ ਕਿਹਾ ਕਿ ਦਰਿਆਈ ਪਾਣੀਆਂ ਦੇ ਮੁੱਦੇ ਲਈ ਰਾਜਾਂ ਨੂੰ ਖੁਦ ਅੱਗੇ ਆ ਕੇ ਹੱਲ ਲੱਭਣੇ ਚਾਹੀਦੇ ਹਨ। ਦੇਸ਼ ਦੇ ਸਮੂਹ ਰਾਜਾਂ ਨੂੰ ਪਾਣੀਆਂ ਦੇ ਲੰਮੇ ਸਮੇਂ ਤੋਂ ਬਕਾਇਆ ਪਏ ਮੁੱਦਿਆਂ ਨੂੰ ਸਿਆਸਤ ਤੋਂ ਉੱਪਰ ਉੱਠ ਕੇ ਹੱਲ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਤੇ ਹਰਿਆਣਾ ਵਿਚਾਲੇ ਚੱਲ ਰਹੇ ਦਰਿਆਈ ਪਾਣੀਆਂ ਦੇ ਵਿਵਾਦ ਨੂੰ ਹੱਲ ਕਰਨ ਲਈ ਪਹਿਲਾਂ ਤੋਂ ਸੰਜੀਦਾ ਹੈ ਅਤੇ ਇਸ ਲੜੀ ‘ਚ ਕਈ ਯਤਨ ਕੀਤੇ ਜਾ ਚੁੱਕੇ ਹਨ। ਉਂਜ ਮੀਟਿੰਗ ਦੌਰਾਨ ਫੈਸਲਾ ਹੋਇਆ ਕਿ ਸਬੰਧਤ ਰਾਜਾਂ ਦੇ ਮੁੱਖ ਮੰਤਰੀ ਅਤੇ ਅਧਿਕਾਰੀ ਕੇਂਦਰੀ ਪੱਧਰ ‘ਤੇ ਇਕੱਠੇ ਹੋ ਕੇ ਦਰਿਆਈ ਪਾਣੀਆਂ ਦੇ ਮਾਮਲੇ ਦਾ ਹੱਲ ਕੱਢਣ ਦਾ ਯਤਨ ਕਰਨਗੇ।
ਸ੍ਰੀ ਸ਼ਾਹ ਇਥੇ ਹਰਿਆਣਾ ਸਰਕਾਰ ਵੱਲੋਂ ਵਿਉਂਤੀ ਉੱਤਰੀ ਖੇਤਰ ਪ੍ਰੀਸ਼ਦ ਦੀ 29ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਉੱਤਰੀ ਸੂਬਿਆਂ ਦੇ ਮੁੱਖ ਮੰਤਰੀਆਂ ਤੇ ਅਧਿਕਾਰੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪਾਣੀ ਦੇ ਮੁੱਦੇ ਉਪਰ ਆਪੋ-ਆਪਣੇ ਰਾਜਾਂ ਦਾ ਪੱਖ ਰੱਖਿਆ ਅਤੇ ਪਾਣੀ ਦੀ ਸਮੱਸਿਆ ਤੋਂ ਜਾਣੂ ਕਰਵਾਇਆ। ਸ੍ਰੀ ਸ਼ਾਹ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕੇਂਦਰ ਸਰਕਾਰ, ਭਾਰਤੀ ਦੰਡ ਸੰਹਿਤਾ ਤੇ ਅਪਰਾਧਿਕ ਦੰਡ ਪ੍ਰਕਿਰਿਆ ਸੰਹਿਤਾ ਦੇ ਅੰਗਰੇਜ਼ਾਂ ਦੇ ਸਮੇਂ ਤੋਂ ਚੱਲੇ ਆ ਰਹੇ ਪੁਰਾਣੇ ਕਾਨੂੰਨਾਂ ਵਿਚ ਸੋਧ ਕਰਨ ਲਈ ਮਾੜਾ-ਮੋਟਾ ਬਦਲਾਅ ਕਰ ਰਹੀ ਹੈ।
ਉਨ੍ਹਾਂ ਭਾਰਤੀ ਪੁਲਿਸ ਸੇਵਾ ਦੇ ਸੀਨੀਅਰ ਅਧਿਕਾਰੀਆਂ ਦੀ ਇਕ ਕਮੇਟੀ ਤੁਰਤ ਬਣਾਉਣ ਅਤੇ ਕੇਂਦਰ ਸਰਕਾਰ ਨੂੰ ਆਪਣੇ ਸੁਝਾਅ ਭੇਜਣ ਲਈ ਕਿਹਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਛੇਤੀ ਹੀ ਕੇਂਦਰੀ ਫੋਰੈਂਸਿਕ ਵਿਗਿਆਨ ਯੂਨੀਵਰਸਿਟੀ ਸਥਾਪਤ ਕਰਨ ਜਾ ਰਹੀ ਹੈ। ਇਸ ਲਈ ਸਾਰੇ ਸੂਬੇ ਘੱਟੋ-ਘੱਟ ਇਕ ਕੇਂਦਰੀ ਫੋਰੈਂਸਿਕ ਵਿਗਿਆਨ ਕਾਲਜ ਖੋਲ੍ਹਣ ਦੀ ਪਹਿਲ ਕਰਨ। ਉਨ੍ਹਾਂ ਮੁੱਖ ਸਕੱਤਰਾਂ ਨੂੰ ਆਦੇਸ਼ ਦਿੱਤੇ ਕਿ ਉਹ ਪੁਲਿਸ ਵਿਭਾਗ ਨਾਲ ਜੁੜੇ ਮਾਮਲੇ ਸਿਰਫ ਪੁਲਿਸ ਉਪਰ ਹੀ ਨਾ ਛੱਡਣ, ਸਗੋਂ ਸੂਬੇ ਦੇ ਪ੍ਰਸ਼ਾਸਨਿਕ ਮੁਖੀ ਹੋਣ ਦੇ ਨਾਤੇ ਅਜਿਹੇ ਮੁੱਦਿਆਂ ਨਾਲ ਸਬੰਧਤ ਅੰਕੜੇ ਉਨ੍ਹਾਂ ਦੀਆਂ ਉਂਗਲੀਆਂ ਉਤੇ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਨਾਰਕੋਟਿਕਸ ਨਾਲ ਜੁੜੇ ਮਾਮਲਿਆਂ ‘ਤੇ ਜ਼ੀਰੋ ਟੌਲਰੈਂਸ ਦੀ ਨੀਤੀ ਹੈ।
————————————-
ਹਰਿਆਣਾ ਦੀ ਜੀਵਨ ਰੇਖਾ ਹੈ ਐਸ਼ਵਾਈ.ਐਲ: ਖੱਟਰ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਸਤਲੁਜ ਯਮੁਨਾ ਲਿੰਕ ਨਹਿਰ (ਐਸ਼ਵਾਈ.ਐਲ਼) ਹਰਿਆਣਾ ਦੀ ਜੀਵਨ ਰੇਖਾ ਹੈ। ਉਨ੍ਹਾਂ ਕੌਂਸਲ ਦੀ ਪਿਛਲੀ ਮੀਟਿੰਗ ਮਗਰੋਂ ਯਮੁਨਾ ਤੇ ਇਸ ਦੀਆਂ ਸਹਾਇਕ ਨਦੀਆਂ ‘ਤੇ ਰੇਣੂਕਾ ਅਤੇ ਲਖਵਾਰ ਵਿਆਸੀ ਬੰਨ੍ਹ ਬਣਾਉਣ ਲਈ ਕੇਂਦਰ ਸਰਕਾਰ ਅਤੇ ਸਬੰਧਤ ਰਾਜ ਸਰਕਾਰਾਂ ਦਾ ਧੰਨਵਾਦ ਕਰਦਿਆਂ ਆਸ ਜਤਾਈ ਕਿ ਕਿਸ਼ਾਊ ਬੰਨ੍ਹ ਲਈ ਵੀ ਐਮ.ਓ.ਯੂ. ਜਲਦੀ ਸਹੀਬੰਦ ਹੋਵੇਗਾ।
————————————-
ਪੰਜਾਬ ਕੋਲ ਕਿਸੇ ਹੋਰ ਨੂੰ ਦੇਣ ਲਈ ਵਾਧੂ ਪਾਣੀ ਨਹੀਂ: ਕੈਪਟਨ
ਦਰਿਆਈ ਪਾਣੀਆਂ ਦੇ ਮੁੱਦੇ ‘ਤੇ ਮੁੱਖ ਮੰਤਰੀ ਨੇ ਸਪੱਸ਼ਟ ਆਖਿਆ ਕਿ ਪੰਜਾਬ ਕੋਲ ਕਿਸੇ ਹੋਰ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ। ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਇਸ ਮੁੱਦੇ ਦੇ ਛੇਤੀ ਹੱਲ ਲਈ ਅੰਤਰਰਾਜੀ ਪਾਣੀ ਦਾ ਵਿਵਾਦ ਵੱਖਰੇ ਤੌਰ ਉਤੇ ਵਿਚਾਰਨ ਦੀ ਅਪੀਲ ਕੀਤੀ ਕਿਉਂਕਿ ਇਹ ਮਾਮਲਾ ਪਹਿਲਾਂ ਹੀ ਅਦਾਲਤੀ ਕਾਰਵਾਈ ਅਧੀਨ ਹੈ। ਉਨ੍ਹਾਂ ਇਹ ਵੀ ਕਿਹਾ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗਣ ਅਤੇ ਦਰਿਆਵਾਂ ਦਾ ਵਹਾਅ ਘਟਣ ਕਰਕੇ ਪੰਜਾਬ ਬਹੁਤ ਗੰਭੀਰ ਸੰਕਟ ਵੱਲ ਵੱਧ ਰਿਹਾ ਹੈ, ਜਿਸ ਕਰਕੇ ਪਾਣੀ ਦੀ ਸੁਚੱਜੀ ਵਰਤੋਂ ਅਤੇ ਬਹੁਮੁੱਲੇ ਸਰੋਤਾਂ ਦੀ ਸੰਭਾਲ ਲਈ ਸਹਿਯੋਗ ਕੀਤਾ ਜਾਵੇ।
————————————-
ਹੁਣ ਵੱਡੇ ਭਰਾ ਵਾਲੀ ਰੱਟ ਬੰਦ ਕਰੋ: ਰਾਜੇਵਾਲ
ਚੰਡੀਗੜ੍ਹ: ਕੇਂਦਰੀ ਗ੍ਰਹਿ ਮੰਤਰੀ ਵੱਲੋਂ ਹਰਿਆਣੇ ਨਾਲ ਐਸ਼ਵਾਈ.ਐਲ਼ ਦੇ ਮੁੱਦੇ ਉਤੇ ਪੰਜਾਬ ਨੂੰ ਵੱਡੇ ਭਰਾ ਵਾਲਾ ਵਤੀਰਾ ਅਪਣਾਉਣ ਦੀ ਸਲਾਹ ਦੇਣ ਦੀ ਨਿੰਦਾ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪੰਜਾਬ ਕੋਲ ਇਕ ਬੂੰਦ ਵੀ ਵਾਧੂ ਪਾਣੀ ਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਵੱਡੇ ਭਰਾ ਦੀ ਰੱਟ ਨੇ ਪੰਜਾਬ ਦਾ ਪਹਿਲਾਂ ਹੀ ਬਹੁਤ ਨੁਕਸਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਜਸਥਾਨ ਪੰਜਾਬ ਦੇ ਪਾਣੀਆਂ ਵਿਚੋਂ ਮੁਫਤ ਵਿਚ ਬਹੁਤ ਵੱਡਾ ਹਿੱਸਾ ਲੈ ਰਿਹਾ ਹੈ, ਜਿਸ ਦੀ ਕੋਈ ਕੀਮਤ ਵੀ ਨਹੀਂ ਤਾਰਦਾ। ਹਰਿਆਣੇ ਨੂੰ ਪਾਣੀ ਦੀ ਵੰਡ ਕਦੇ ਵੀ ਕਿਸੇ ਕਾਨੂੰਨ ਅਨੁਸਾਰ ਨਹੀਂ ਕੀਤੀ ਗਈ। ਇੰਜ ਜਦੋਂ ਵੀ ਹਰਿਆਣੇ ਨੂੰ ਪਾਣੀ ਦਿੱਤਾ ਤਾਂ ਹਰਿਆਣੇ ਵਿਚ ਵਗਦੀਆਂ ਨਦੀਆਂ ਯਮੁਨਾ, ਸਰਸਵਤੀ ਆਦਿ ਦਾ ਪਾਣੀ ਕਦੀ ਵੀ ਹਿਸਾਬ ਵਿਚ ਨਹੀਂ ਗਿਣਿਆ। ਹੁਣ ਜਦੋਂ ਪੰਜਾਬ ਕੋਲ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਹੀ ਪਾਣੀ ਨਹੀਂ, ਅਜਿਹੇ ਸਮੇਂ ਕੇਂਦਰੀ ਗ੍ਰਹਿ ਮੰਤਰੀ ਦਾ ਪੰਜਾਬ ਨੂੰ ਵੱਡੇ ਭਰਾ ਕਹਿ ਕੇ ਵਡਿਆਉਣਾ ਇਕ ਹੋਰ ਠੱਗੀ ਦੀ ਤਿਆਰੀ ਦਾ ਸੰਕੇਤ ਹੈ।