ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਸੁੰਨ ਦੀਆਂ ਪਰਤਾਂ ਫਰੋਲਦਿਆਂ ਕਿਹਾ ਸੀ, “ਘਰ ਦੀ ਉਹ ਸੁੰਨ ਸਭ ਤੋਂ ਖਤਰਨਾਕ ਜਿਸ ਵਿਚ ਸੁਪਨਿਆਂ ਨੂੰ ਅੱਖ ਖੋਲ੍ਹਣ ਦੀ ਮਨਾਹੀ ਹੋਵੇ। ਬੋਲਾਂ ਦੇ ਮੂੰਹ ਵਿਚ ਘੁੰਗਣੀਆਂ। ਕਦਮਾਂ ਨੂੰ ਜ਼ੰਜ਼ੀਰਾਂ। ਕੰਧਾਂ ਵੀ ਹੁੰਗਾਰਾ ਬਣਨ ਤੋਂ ਤ੍ਰਹਿਣ। ਘਰ ਨੂੰ ਆਪਣੇ ਅਰਥਾਂ ਤੋਂ ਕੋਫਤ ਹੋਵੇ।…ਜੋ ਲੋਕ ਕਿਸੇ ਦੀ ਸੁੰਨ ਨਹੀਂ ਸਮਝਦੇ, ਉਨ੍ਹਾਂ ਲਈ ਸ਼ਬਦਾਂ ਦੇ ਕੋਈ ਅਰਥ ਨਹੀਂ ਹੁੰਦੇ, ਬੋਲ-ਬਾਣੀ ਕੋਈ ਮਾਅਨੇ ਨਹੀਂ ਰੱਖਦੀ।”
ਹਥਲੇ ਲੇਖ ਵਿਚ ਡਾ. ਭੰਡਾਲ ਨੇ ਆਪਣਿਆਂ ਤੇ ਪਰਾਇਆਂ ਦੇ ਫਰਕ ਦੀ ਗੱਲ ਕੀਤੀ ਹੈ। ਆਪਣੇ ਸਿਰਫ ਉਹ ਹੀ ਨਹੀਂ ਹੁੰਦੇ ਜਿਨ੍ਹਾਂ ਨਾਲ ਖੂਨ ਦੀ ਸਾਂਝ ਹੋਵੇ, ਸਗੋਂ ਆਪਣੇ ਤਾਂ ਉਹ ਹੁੰਦੇ ਹਨ, ਜਿਨ੍ਹਾਂ ਨਾਲ ਰੂਹ ਦੀ ਸਾਂਝ ਹੋਵੇ। ਉਹ ਕਹਿੰਦੇ ਹਨ, “ਆਪਣਿਆਂ ਨੂੰ ਪਰਾਏ ਹੋਣ ਵਿਚ ਪਲ ਨਹੀਂ ਲੱਗਦਾ ਜਦ ਕਿ ਪਰਾਇਆਂ ਨੂੰ ਆਪਣਾ ਬਣਾਉਣ ਵਿਚ ਮੁੱਦਤਾਂ ਲੱਗ ਜਾਂਦੀਆਂ। ਆਪਣੇ ਕਦੇ ਵੀ ਪਰਾਏ ਹੋ ਸਕਦੇ ਨੇ, ਪਰ ਜੇ ਪਰਾਏ ਆਪਣੇ ਬਣ ਜਾਣ ਤਾਂ ਉਨ੍ਹਾਂ ਦਾ ਪਰਾਏ ਹੋਣਾ ਬਹੁਤ ਹੀ ਅਸੰਭਵ ਹੁੰਦਾ।” ਉਨ੍ਹਾਂ ਦੀ ਰੀਝ ਹੈ, “ਲੋੜ ਹੈ, ਆਪਣੇ ਕਦੇ ਵੀ ਪਰਾਏ ਨਾ ਹੋਣ; ਸਗੋਂ ਪਰਾਇਆਂ ਨੂੰ ਆਪਣੇ ਬਣਾਉਣ ਦੀ ਜੁਗਤ ਜੀਵਨ-ਜਾਚ ਬਣਾ ਲਈ ਜਾਵੇ ਤਾਂ ਇਸ ਸੁੰਦਰ ਦੁਨੀਆਂ ਨੂੰ ਹੋਰ ਖੂਬਸੂਰਤ ਬਣਾਇਆ ਜਾ ਸਕਦਾ।” -ਸੰਪਾਦਕ
ਡਾ. ਗੁਰਬਖਸ਼ ਸਿੰਘ ਭੰਡਾਲ
ਕੁਝ ਲੋਕ ਆਪਣੇ ਹੁੰਦਿਆਂ ਵੀ ਪਰਾਏ ਹੁੰਦੇ, ਜਦ ਕਿ ਕੁਝ ਲੋਕ ਪਰਾਏ ਹੋਣ ‘ਤੇ ਆਪਣੇ ਹੀ ਮਹਿਸੂਸ ਹੁੰਦੇ।
ਆਮ ਨਜ਼ਰ ਵਿਚ ਪਰਾਏ ਉਹ ਹੁੰਦੇ, ਜਿਨ੍ਹਾਂ ਨਾਲ ਕੋਈ ਸਮਾਜਕ ਰਿਸ਼ਤਾ ਨਾ ਹੋਵੇ, ਕੋਈ ਲੈਣ-ਦੇਣ ਨਾ ਹੋਵੇ, ਸਰੋਕਾਰਾਂ ਦੀ ਸਾਂਝ ਨਾ ਹੋਵੇ ਅਤੇ ਨਾ ਹੀ ਵਿਚਾਰਾਂ ਤੇ ਮੁਫਾਦ ਦਾ ਟਕਰਾਓ ਹੋਵੇ। ਵੱਖੋ-ਵੱਖ ਰਾਹਾਂ ‘ਤੇ ਤੁਰੇ ਜਾਂਦੇ ਰਾਹੀ ਬੇਪਛਾਣ ਹੀ ਹੁੰਦੇ ਅਤੇ ਪਰਾਏ ਵੀ। ਉਨ੍ਹਾਂ ਦੇ ਕੋਲ ਦੀ ਲੰਘ ਜਾਣ ‘ਤੇ ਹਵਾ ਵਿਚ ਸਰਗੋਸ਼ੀ ਨਹੀਂ ਪੈਦਾ ਹੁੰਦੀ; ਪਰ ਜਦ ਕੋਈ ਆਪਣਾ ਮੂੰਹ ਭਵਾਂ ਕੇ ਕੋਲ ਦੀ ਲੰਘ ਜਾਵੇ ਤਾਂ ਹਵਾ ਵਿਚਲੀਆਂ ਨਰਮ-ਗੋਸ਼ੀਆਂ ਤੇ ਚੁਗਲੀਆਂ ਨੂੰ ਕੀ ਕਹੋਗੇ, ਜੋ ਪਰਾਏਪਣ ਨੂੰ ਫਿਜ਼ਾ ਦੇ ਨਾਮ ਲਾ, ਤੁਹਾਡੇ ਕੋਲੋਂ ਲੰਘ ਗਏ ਸ਼ਖਸ ਨਾਲ ਸਬੰਧਾਂ ਦੀ ਪੁਣਛਾਣ ਕਰਨ ਲੱਗ ਪਵੇ?
ਆਪਣੇ ਤੋਂ ਪਰਾਏ ਬਣਦਿਆਂ ਦੇਰ ਨਹੀਂ ਲਗਦੀ, ਜਦ ਸੋਚ ਵਿਚ ਨਿੱਜੀ ਮੁਫਾਦ ਹਾਵੀ ਹੋ ਜਾਵੇ, ਤਰਜ਼ੀਹਾਂ ਵਿਚ ਟਕਰਾਓ ਪੈਦਾ ਹੋਵੇ, ਤਦਬੀਰਾਂ ਵਿਚ ਅਣਬਣ ਹੋ ਜਾਵੇ ਜਾਂ ਆਪਣਾ ਬਣ ਕੇ ਨਿੱਜ ਪਾਲਣ ਲੱਗ ਪਵੇ।
ਆਪਣੇ ਪਰਾਏ ਹੀ ਹੋ ਜਾਂਦੇ, ਜਦ ਘਰਾਂ ਦੀ ਵੰਡ ਵੰਡਾਈ ਦਾ ਸਵਾਲ ਪੈਦਾ ਹੁੰਦਾ; ਖੇਤਾਂ ਵਿਚ ਪੈਂਦੀਆਂ ਵੱਟਾਂ ਵਿਚੋਂ ਕਤਲਾਂ ਦੀ ਪਰਿਭਾਸ਼ਾ ਸੁਰਖਦੀ ਜਾਂ ਆਪਣਿਆਂ ਦੇ ਹੱਕਾਂ ‘ਤੇ ਡਾਕਾ ਮਾਰਨ ਦੀ ਭਾਵਨਾ ਭਾਰੂ ਹੋ ਜਾਂਦੀ।
ਆਪਣੇ ਹੀ ਪਰਾਏ ਹੁੰਦੇ, ਜਦ ਜਾਇਦਾਦ ਦੇ ਲਾਲਚ ਕਾਰਨ ਲਾਲ ਖੂਨ ਵੀ ਸਫੈਦ ਹੋ ਜਾਂਦਾ, ਰਿਸ਼ਤਿਆਂ ਦੀ ਪਾਕੀਜ਼ਗੀ ਲੀਰਾਂ ਹੋ ਜਾਂਦੀ, ਬੰਧਨਾਂ ਦੇ ਧਾਗੇ ਜ਼ਰਜ਼ਰੇ ਹੋ ਜਾਂਦੇ ਜਾਂ ਸਬੰਧਾਂ ਵਿਚਲਾ ਨਿੱਘ ਸੀਤ ਹੋ ਜਾਂਦਾ।
ਆਪਣੇ ਹੀ ਪਰਾਇਆਂ ਦਾ ਰੂਪ ਧਾਰ ਜਾਂਦੇ, ਜਦ ਉਹ ਰੰਗ ਬਦਲਣ ਲੱਗ ਪੈਂਦੇ, ਮੁਖੌਟਿਆਂ ਦੀ ਰੁੱਤ ਦੇ ਜਸ਼ਨ ਮਨਾਉਂਦੇ, ਜਾਂ ਬਹੁ-ਰੂਪੀਏ ਬਣ ਕੇ ਆਪਣਿਆਂ ਦੀਆਂ ਮਨੋ-ਭਾਵਨਾਵਾਂ ਨਾਲ ਖਿਲਵਾੜ ਕਰਦੇ।
ਆਪਣੇ ਤਾਂ ਪਰਾਏ ਹੀ ਹੋਣੇ ਹੁੰਦੇ, ਜਦ ਉਹ ਆਪਣਿਆਂ ਦੀ ਕਬਰ ਨੂੰ ਵੀ ਵਿਉਂਤਣ ਲੱਗ ਪੈਣ, ਮਾਪਿਆਂ ਦੀ ਮਰਨ-ਮਿੱਟੀ ਨੂੰ ਉਛਾਲਣ ਲੱਗ ਪੈਣ ਜਾਂ ਆਪਣੇ ਦਾ ਸਿਵਾ ਸੇਕਣ ਲਈ ਆਪਣੀਆਂ ਹੋਛੀਆਂ ਹਰਕਤਾਂ ‘ਤੇ ਉਤਾਰੂ ਹੋ ਜਾਣ।
ਆਪਣੇ ਪਰਾਏ ਹੀ ਹੁੰਦੇ, ਜਦ ਉਨ੍ਹਾਂ ਵਿਚੋਂ ਖੁਦਗਰਜ਼ੀ ਦੀ ਬੋਅ ਆਉਣ ਲੱਗ ਪਵੇ। ਹੰਕਾਰ, ਹਉਮੈ ਅਤੇ ਅੜਬਪੁਣਾ ਆਦਤ ਬਣ ਜਾਵੇ ਜਾਂ ਸਦਭਾਵਨਾ, ਹਮਦਰਦੀ, ਅਪਣੱਤ ਅਤੇ ਸੂਖਮ-ਅੰਦਾਜ਼ ਨੂੰ ਕਮਜ਼ੋਰੀ ਸਮਝ ਕੇ ਇਸ ਦਾ ਮਖੌਲ ਉਡਾਇਆ ਜਾਵੇ।
ਪਰਾਏ ਤਾਂ ਉਹ ਹੁੰਦੇ, ਜਿਨ੍ਹਾਂ ਨੂੰ ਅੱਥਰੂਆਂ ਦਾ ਕੋਈ ਲਿਹਾਜ ਨਹੀਂ, ਭੁੱਖੇ ਪੇਟ ਲਈ ਦੁਆ ਵਿਚ ਨਹੀਂ ਜੁੜਦੇ ਹੱਥ ਅਤੇ ਨਾ ਹੀ ਉਨ੍ਹਾਂ ਦੇ ਸੁਰ-ਵਾਦ ਵਿਚ ਤੁਹਾਡੇ ਲਈ ਕੋਈ ਸੁਖਦ-ਸੁਨੇਹਾ ਜਾਂ ਇਲਹਾਮ ਹੁੰਦਾ। ਪਰਾਏ ਤਾਂ ਉਹ ਹੁੰਦੇ, ਜਿਨ੍ਹਾਂ ਨੂੰ ਆਪਣੇ ਆਪ ਤੋਂ ਹੀ ਵਿਹਲ ਨਹੀਂ ਮਿਲਦੀ ਤਾਂ ਕਿ ਅੱਖਰਹੀਣਾਂ ਵੰਨੀਂ ਧਿਆਨ ਧਰਨ ਜਾਂ ਬਸਤਿਆਂ ਵਿਚ ਵਿਲਕਦੀਆਂ ਪੁਸਤਕਾਂ ਤੇ ਸਿਸਕਦੇ ਪੂਰਨਿਆਂ ਨੂੰ ਵਰਾ ਲੈਣ।
ਪਰਾਏ ਤਾਂ ਉਹ ਹੁੰਦੇ ਹੀ ਜਿਨ੍ਹਾਂ ਦੇ ਮਨ ਵਿਚ ਝੁੱਗੀਆਂ ਵਿਚ ਸਾਹ ਵਰੋਲਦੀ ਜਿੰ.ਦਗੀ ਲਈ ਕੋਈ ਹਉਕਾ ਨਹੀਂ ਪੈਦਾ ਹੁੰਦਾ ਜਾਂ ਉਹ ਕਿਸੇ ਦੀ ਹੂੰਗਰ ਦਾ ਹੁੰਗਾਰਾ ਭਰਨਾ ਆਪਣੀ ਤੌਹੀਨ ਸਮਝਦੇ।
ਆਪਣਿਆਂ ਨੂੰ ਪਰਾਏ ਹੋਣ ਵਿਚ ਪਲ ਨਹੀਂ ਲੱਗਦਾ ਜਦ ਕਿ ਪਰਾਇਆਂ ਨੂੰ ਆਪਣਾ ਬਣਾਉਣ ਵਿਚ ਮੁੱਦਤਾਂ ਲੱਗ ਜਾਂਦੀਆਂ। ਆਪਣੇ ਕਦੇ ਵੀ ਪਰਾਏ ਹੋ ਸਕਦੇ ਨੇ, ਪਰ ਜੇ ਪਰਾਏ ਆਪਣੇ ਬਣ ਜਾਣ ਤਾਂ ਉਨ੍ਹਾਂ ਦਾ ਪਰਾਏ ਹੋਣਾ ਬਹੁਤ ਹੀ ਅਸੰਭਵ ਹੁੰਦਾ।
ਉਸ ਆਪਣੇ ਨੂੰ ਕਿੰਜ ਆਪਣਾ ਕਹੋਗੇ, ਜੋ ਮਾਪਿਆਂ ਦੀ ਜਾਇਦਾਦ ਹੜੱਪਣ ਲਈ ਉਨ੍ਹਾਂ ਦੀ ਮੌਤ ਦੀਆਂ ਮੰਨਤਾਂ ਮੰਗਦਾ ਹੋਵੇ, ਜੋ ਬੁੱਢੇ ਮਾਪਿਆਂ ਨੂੰ ਬਦਨਸੀਬੀ ਦੇ ਹਵਾਲੇ ਕਰ, ਬਦਤਰ ਤੋਂ ਬਦਤਰ ਜ਼ਿੰਦਗੀ ਜਿਉਣ ਲਈ ਮਜਬੂਰ ਕਰੇ। ਉਨ੍ਹਾਂ ਦੀਆਂ ਬੈਸਾਖੀਆਂ ਬਣਨ ਵਾਲੇ ਹੀ ਉਨ੍ਹਾਂ ਲਈ ਖੌਫ ਬਣ ਜਾਣ। ਘਰ ਦੇ ਪਿਛਵਾੜੇ ਵਿਚ ਪਏ ਮਾਪਿਆਂ ਦੀ ਸਾਰ ਲੈਣ ਤੋਂ ਬੇਮੁੱਖ ਹੋ ਗਈ ਔਲਾਦ ਨੂੰ ਆਪਣਾ ਕਹਿਣ ਲੱਗਿਆਂ ਵੀ ਸ਼ਰਮ ਆਉਂਦੀ।
ਆਪਣੇ ਬਣ ਕੇ ਠੱਗਣ ਵਾਲੇ ਲੋਕ ਪਰਾਇਆਂ ਤੋਂ ਵੀ ਭੈੜੇ। ਪਰਾਏ ਤਾਂ ਪਰਾਏ ਹੁੰਦੇ, ਉਨ੍ਹਾਂ ‘ਤੇ ਕਾਹਦਾ ਗਿਲਾ? ਆਪਣਿਆਂ ਦੇ ਧੋਖੇ ਦਾ ਦੋਸ਼ ਕਿਸ ਸਿਰ ਮੜੋਗੇ? ਆਪਣੀ ਹੀ ਰੂਹ ਨੂੰ ਸੂਲੀ ਚਾੜ੍ਹੋਗੇ।
ਅੱਜ ਕੱਲ ਅਕਸਰ ਲੋਕ ਆਪਣਾ ਬਣ ਕੇ ਲੁੱਟਦੇ। ਤੁਹਾਡੀ ਅਣਭੋਲਤਾ ਨੂੰ ਗੁਮਰਾਹ ਕਰ, ਤੁਹਾਡੀ ਸੋਚ-ਤਿਜੌਰੀ ਦੇ ਖਾਲੀਪਣ ਦਾ ਭਰਮ ਪਾਲਦੇ; ਪਰ ਇਹ ਭਰਮ ਹੀ ਹੁੰਦਾ ਅਤੇ ਅਜਿਹਾ ਭਰਮ ਬਹੁਤ ਜਲਦੀ ਟੁੱਟ ਜਾਂਦਾ। ਸਮੁੰਦਰ ਨੂੰ ਪਾਣੀ ਤੋਂ ਸੱਖਣਾ ਕਿੰਜ ਕਰੋਗੇ? ਭਰ ਲਈਆਂ ਕੁਝ ਕੁ ਚੁੱਲੀਆਂ ਤਾਂ ਇਸ ਨੂੰ ਖਾਲੀ ਕਰਨ ਦਾ ਸਿਰਫ ਭਰਮ ਹੀ ਪਾਲ ਸਕਦੀਆਂ।
ਆਪਣੇ ਸਿਰਫ ਉਹ ਨਹੀਂ ਹੁੰਦੇ, ਜਿਨ੍ਹਾਂ ਨਾਲ ਖੂਨ ਦਾ ਰਿਸ਼ਤਾ ਹੋਵੇ, ਜਿਨ੍ਹਾਂ ਨਾਲ ਸਮਾਜਕ ਬੰਧਨ ਵਿਚ ਬੱਝੇ ਹੋਈਏ, ਜਿਨ੍ਹਾਂ ਨਾਲ ਸਮਾਜਕ ਸਰੋਕਾਰਾਂ ਦੀ ਸਾਂਝ ਹੋਵੇ। ਆਪਣੇ ਤਾਂ ਉਹ ਹੁੰਦੇ, ਜਿਨ੍ਹਾਂ ਨਾਲ ਵਿਚਾਰਾਂ ਦੀ ਸਾਂਝ ਹੋਵੇ, ਸੋਚਾਂ ਵਿਚ ਸਮਾਨਤਾ ਹੋਵੇ, ਭਾਵਾਂ ਵਿਚ ਇਕਸੁਰਤਾ ਹੋਵੇ, ਚਾਅ ਸਾਂਝੇ ਹੋਣ ਅਤੇ ਅਹਿਸਾਸਾਂ ਵਿਚਲੀ ਧੜਕਣ ਨੂੰ ਇਕਸਾਰਤਾ ਮਿਲੇ। ਇਕ ਦੀ ਆਹ ‘ਚ ਦੂਜੇ ਦੀ ਜਿੰਦ ਨਿਕਲੇ। ਇਕ ਦੀ ਅੱਖ ਵਿਚ ਕੱਖ ਪੈਣ ‘ਤੇ ਦੂਜੇ ਦੀ ਅੱਖ ਰੜਕਦੀ ਰਹੇ। ਇਕ ਦੇ ਦਰਦ ਵਿਚ ਦੂਜਾ ਪੀੜ-ਪੀੜ ਹੁੰਦਾ ਰਹੇ ਜਾਂ ਇਕ ਦੀ ਸੰਵੇਦਨਾ ਵਿਚ ਦੂਜੇ ਦੀ ਵੇਦਨਾ ਘੁਲੀ ਹੋਵੇ।
ਆਪਣੇ ਤਾਂ ਉਹ ਵੀ ਹੁੰਦੇ, ਜੋ ਤੁਹਾਡੀ ਪੀੜ ਨੂੰ ਆਪਣੀ ਕਿਆਸ ਤੁਹਾਡੇ ਲਈ ਮਰਹਮ ਬਣਦੇ। ਉਨ੍ਹਾਂ ਦੀਆਂ ਦੁਆਵਾਂ ਵਿਚੋਂ ਤੁਹਾਨੂੰ ਤਸਕੀਨ ਮਿਲਦੀ। ਕਿਸੇ ਦੇ ਸ਼ੁਭ-ਚਿੰਤਨ ਵਿਚੋਂ ਤੁਹਾਡੀਆਂ ਆਸਾਂ ਨੂੰ ਬੂਰ ਪੈਂਦਾ ਅਤੇ ਕਿਸੇ ਦੀ ਫਿਕਰਮੰਦੀ ਵਿਚ ਤੁਹਾਨੂੰ ਫੱਕਰਤਾ ਦਾ ਇਲਹਾਮ ਹੁੰਦਾ।
ਆਪਣੇ ਤਾਂ ਉਹ ਹੁੰਦੇ, ਜੋ ਕਿਸੇ ਦੇ ਨੀਵੇਂ ਦਰਾਂ ਨੂੰ ਵੀ ਉਚਾ ਸਮਝ ਕੇ ਨਤਮਸਤਕ ਹੁੰਦੇ, ਹੀਣ-ਭਾਵਨਾ ਨੂੰ ਦਰ-ਕਿਨਾਰ ਕਰ ਮੋਹ ਦਾ ਰਿਸ਼ਤਾ ਜੋੜਦੇ ਅਤੇ ਤੁਹਾਡੀਆਂ ਦੇਣਦਾਰੀਆਂ ਨੂੰ ਵੀ ਆਪਣੀਆਂ ਕੀਰਤੀਆਂ ਦਾ ਹਾਸਲ ਬਣਾਉਂਦੇ।
ਆਪਣੇ ਉਹ ਵੀ ਹੁੰਦੇ, ਜਿਨ੍ਹਾਂ ਦੀ ਲੋਅ ਵਿਚ ਦੀਦਿਆਂ ਨੂੰ ਨਵੇਂ ਦਿਸਹੱਦਿਆਂ ਦੀ ਨਿਸ਼ਾਨਦੇਹੀ ਕਰਨ ਵਿਚ ਮਦਦ ਮਿਲਦੀ, ਜਿਸ ਦੀ ਪੈੜ ਵਿਚ ਪੈਰ ਧਰਦਿਆਂ ਕਦਮਾਂ ਨੂੰ ਨਵੀਂਆਂ ਲੀਹਾਂ ਸਿਰਜਣ ਦੀ ਸੁਮੱਤ ਮਿਲਦੀ ਜਾਂ ਜਿਨ੍ਹਾਂ ਦੀ ਪ੍ਰੇਰਨਾ ਵਿਚੋਂ ਹੀ ਸੁਪਨ-ਉਡਾਣ ਤੇ ਸੁਪਨ-ਸਾਜ਼ਗਾਰੀ ਦੇ ਸ਼ਰਫ ਦਾ ਝਲਕਾਰਾ ਪੈਂਦਾ।
ਆਪਣੇ ਤਾਂ ਉਹ ਹੱਥ ਵੀ ਹੁੰਦੇ, ਜੋ ਬਜੁਰਗੀ ਅਸੀਸ ਨਾਲ ਨਿਵਾਜਦੇ, ਉਦਾਸੀਨ ਪਲਾਂ ਵਿਚ ਬੇਫਿਕਰੀ ਦਾ ਪੈਗਾਮ ਬਣਦੇ ਅਤੇ ਨਾਕਾਮੀਆਂ ਨੂੰ ਨਵੀਨਤਮ ਬੁਲੰਦੀਆਂ ਦਾ ਹਾਸਲ ਬਣਾਉਣ ਵਿਚ ਮਦਦ ਕਰਦੇ।
ਆਪਣੇ ਤਾਂ ਉਹੀ ਹੁੰਦੇ, ਜੋ ਤੁਹਾਡੇ ਇਕੱਲ ਨੂੰ ਸਹਿਹੋਂਦ ਨਾਲ ਭਰਦੇ। ਨਿੱਕੀ ਨਿੱਕੀ ਗੁਫਤਗੂ ਨਾਲ ਸਕੂਨ ਦਾ ਆਬਸ਼ਾਰ ਸਿਰਜਦੇ। ਨਿੱਕੀਆਂ ਨਿੱਕੀਆਂ ਬਾਤਾਂ ਤੇ ਹੁੰਗਾਰਿਆਂ ਨਾਲ ਜੀਵਨ-ਜੋਤ ਨੂੰ ਨਵੀਂ ਜ਼ਿੰਦਗੀ ਦਿੰਦੇ। ਮੋਹ ਦੇ ਚਿਰਾਗ ਜਗਾਉਂਦੇ ਅਤੇ ਬੁੱਝਣ ਲਈ ਉਕਤਾਏ ਦੀਦਿਆਂ ਵਿਚ ਲੋਅ ਉਪਜਾਉਂਦੇ। ਆਪੇ ਸਿਰਜੇ ਖੋਲ ਵਿਚੋਂ ਬਾਹਰ ਨਿਕਲਣ ਵਿਚ ਮਦਦਗਾਰ ਸਾਬਤ ਹੁੰਦੇ। ਜਿੰਦ-ਦਰ ‘ਤੇ ਚਾਵਾਂ ਦਾ ਸੰਧਾਰਾ ਲੈ ਕੇ ਆਉਂਦੇ। ਜ਼ਿੰਦਗੀ ਨੂੰ ਜਿਉਣ ਲਾਉਂਦੇ ਅਤੇ ਮਨ ਵਿਚ ਹਰ ਪਲ ਨੂੰ ਮਾਣਨ ਦਾ ਚਾਅ ਉਪਜਾਉਂਦੇ।
ਆਪਣੇ ਤਾਂ ਉਹੀ ਹੁੰਦੇ, ਜੋ ਨਬਜ਼ ਪਛਾਣਦੇ ਅਤੇ ਰੂਹ-ਰਮਜ਼ ਦਾ ਹੁੰਗਾਰਾ ਬਣਦੇ। ਰੂਹ ਤੋਂ ਰੂਹ ਤੀਕ ਰਸਾਈ ਹੁੰਦੀ। ਇਕ ਦੂਜੇ ਦੀ ਰੂਹ ਵਿਚ ਬਸੇਰਾ ਕਰਕੇ, ਜੀਵਨ ਦੀਆਂ ਉਚਤਮ ਤੇ ਅਸੀਮਤ ਖੁਸ਼ੀਆਂ-ਖੇੜਿਆਂ ਨੂੰ ਦਿਲ ਜਾਨੀ ਦੇ ਨਾਮ ਕਰਦੇ ਅਤੇ ਚਿਰੰਜੀਵਤਾ ਦਾ ਦਮ ਹਰਦਮ ਭਰਦੇ।
ਆਪਣੇ ਤਾਂ ਉਹੀ ਹੁੰਦੇ, ਜਿਨ੍ਹਾਂ ਨਾਲ ਸੁੱਖ-ਦੁੱਖ ਫਰੋਲਿਆ ਜਾਂਦਾ, ਜਿਨ੍ਹਾਂ ਦੇ ਸਾਥ ਵਿਚ ਦਿਲ ਦੀ ਵੇਦਨਾ ਨੂੰ ਰਾਹਤ ਮਿਲਦੀ ਅਤੇ ਜੋ ਦੂਰ ਹੋ ਕੇ ਸਭ ਤੋਂ ਕਰੀਬ ਹੁੰਦੇ। ਅਮੀਰ ਹੋ ਕੇ ਨਿਮਾਣਾ ਜਿਹਾ ਗਰੀਬ ਹੁੰਦਾ ਅਤੇ ਤੁਹਾਡੀਆਂ ਤਰਜ਼ੀਹਾਂ, ਤਮੰਨਾਵਾਂ, ਤਦਬੀਰਾਂ ਤੇ ਤਕਦੀਰਾਂ ਦਾ ਮੁਰੀਦ ਹੁੰਦਾ।
ਆਪਣੇ ਤਾਂ ਉਹ ਹੁੰਦੇ ਜਿਨ੍ਹਾਂ ਨਾਲ ਸੁਪਨਿਆਂ, ਸਾਧਨਾ, ਸਮਰਥਾਵਾਂ ਅਤੇ ਸੂਖਮਤਾ ਭਰੀ ਸਾਂਝ ਹੋਵੇ, ਜਿਸ ਵਿਚੋਂ ਤੁਹਾਡਾ ਹੀ ਮੁਹਾਂਦਰਾ ਨਜ਼ਰ ਆਵੇ, ਜੋ ਤੁਹਾਡੇ ਮਨ ਦੀਆਂ ਜਾਣੇ, ਤੁਹਾਨੂੰ ਖੁਦ ‘ਚ ਰਚਾਵੇ ਅਤੇ ਤੁਹਾਡੇ ਸਾਹਾਂ ਦੀ ਮਹਿਕ ਬਣ ਜਾਵੇ।
ਆਪਣੇ ਤਾਂ ਉਹ ਹੀ ਹੁੰਦੇ, ਜੋ ਲੋੜ ਵੇਲੇ ਬਾਂਹ ਫੜਦੇ, ਜੀਵਨ-ਮੰਝਧਾਰ ਵਿਚੋਂ ਬਾਹਰ ਨਿਕਲਣ ਵਿਚ ਮਦਦ ਕਰਦੇ ਅਤੇ ਤੁਹਾਨੂੰ ਦੁੱਖਾਂ ਦਾ ਦਰਿਆ ਪਾਰ ਕਰਵਾ, ਚੁੱਪ-ਚੁਪੀਤੇ ਹੀ ਤੁਹਾਡੇ ਖਿਆਲਾਂ ਵਿਚੋਂ ਅਲੋਪ ਹੋ ਜਾਂਦੇ। ਫਰਿਸ਼ਤਿਆਂ ਵਰਗੇ ਅਜਿਹੇ ਲੋਕ ਆਪਣਿਆਂ ਤੋਂ ਵੀ ਵੱਧ ਹੁੰਦੇ।
ਆਪਣੇ ਉਹ ਹੁੰਦੇ, ਜਿਨ੍ਹਾਂ ਦੀ ਸੋਚ ਵਿਚ ਤੁਹਾਡੇ ਲਈ ਖਾਲੀ ਥਾਂ ਹੋਵੇ, ਜਿਨ੍ਹਾਂ ਦੇ ਜਿਹਨ ਵਿਚ ਤੁਹਾਡਾ ਧਿਆਨ ਹੋਵੇ, ਜਿਨ੍ਹਾਂ ਦੇ ਮਸਤਕ ਵਿਚ ਤੁਹਾਡੀਆਂ ਕਰਮ-ਰੇਖਾਵਾਂ ਦੀ ਕਲਾ-ਨਕਾਸ਼ੀ ਹੋਵੇ ਅਤੇ ਜਿਨ੍ਹਾਂ ਨੂੰ ਆਪਣੇ ਤੋਂ ਵੀ ਵੱਧ ਤੁਹਾਡੀ ਚਿੰਤਾ ਹੋਵੇ।
ਆਪਣੇ ਉਹ ਹੁੰਦੇ, ਜਿਨ੍ਹਾਂ ਦੇ ਹਰਫਾਂ ਵਿਚੋਂ ਤੁਹਾਡੀ ਕਰਮਸ਼ੀਲਤਾ ਦੇ ਅਰਥਾਂ ਦੀ ਪੇਸ਼ੀਨਗੋਈ ਹੋਵੇ, ਜਿਸ ਦੇ ਵਿਯੋਗ ਵਿਚ ਤੁਹਾਡੀ ਅੱਖ ਰੋਵੇ, ਜਿਨ੍ਹਾਂ ਲਈ ਤੁਹਾਡੇ ਮਨ ਦੀ ਧਰਾਤਲ ਵਿਚ ਨਰੋਏ ਵਿਚਾਰਾਂ ਦੀ ਫਸਲ ਲਹਿਰਾਵੇ ਅਤੇ ਹਵਾਵਾਂ ਵਿਚ ਹਮਜੋਲਤਾ ਦਾ ਨਗਮਾ ਗੁਣਗੁਣਾਵੇ।
ਆਪਣੇ ਹੀ ਹੁੰਦੇ, ਜਿਨ੍ਹਾਂ ਦੀ ਖੁਸ਼ਬੂ ਹਵਾ ਦੇ ਪਿੰਡੇ ‘ਤੇ ਤੁਹਾਡੇ ਅਹਿਸਾਸਾਂ ਨੂੰ ਉਕਰਾਵੇ, ਜਿਸ ਦੀਆਂ ਸ਼ਕਲਾਂ ਬੱਦਲਾਂ ‘ਚੋਂ ਨਜ਼ਰ ਆਉਣ ਅਤੇ ਜੋ ਅੰਬਰਾਂ ਨੂੰ ਹੱਥ ਲਾਉਣ ਲਈ ਤੁਹਾਡੇ ਲਈ ਉਦਮ ਤੇ ਸਾਧਨ ਜੁਟਾਏ।
ਆਪਣੇ ਉਹ ਹੁੰਦੇ, ਜੋ ਸੋਚ, ਵਿਚਾਰ, ਕਰਮ, ਹਾਵ-ਭਾਵ ਅਤੇ ਦਿੱਭ-ਦ੍ਰਿਸ਼ਟੀ ਵਿਚੋਂ ਵੀ ਉਜਾਗਰ ਹੋਵੇ, ਜਿਸ ਦੀਆਂ ਸੋਚਾਂ ਤੁਹਾਡੇ ਲਈ ਅਸੀਸ ਦਾ ਜਾਗ ਲਾਵਣ ਅਤੇ ਹਮਦਮ, ਹਮਜੋਲੀ, ਹਮਦਰਦ ਤੇ ਹਮ-ਖਿਆਲ ਬਣ ਅਪਨਾਵੇ।
ਆਪਣੇ ਉਹ ਹੁੰਦੇ, ਜੋ ਕਿਸੇ ਰੁਤਬੇ, ਅਮੀਰੀ, ਪਛਾਣ ਜਾਂ ਹਸਤੀ ਦੇ ਗੁਲਾਮ ਨਹੀਂ ਹੁੰਦੇ, ਸਗੋਂ ਉਨ੍ਹਾਂ ਵਿਚ ਮਾਨਵਤਾ ਦਾ ਵਾਸਾ, ਚੌਗਿਰਦੇ ਵਿਚ ਆਭਾ-ਮੰਡਲੀ ਹਾਸਾ ਅਤੇ ਉਨ੍ਹਾਂ ਦੀ ਹੋਂਦ ਵਿਚ ਕਦੇ ਨਹੀਂ ਸਤਾਉਂਦਾ ਚੌਮਾਸਾ। ਸਗੋਂ ਤੁਹਾਡੇ ਸੋਚ-ਦਾਇਰਿਆਂ ਵਿਚ ਹਮੇਸ਼ਾ ਉਗਮਦਾ ਏ ਚੰਗਿਆਈ ਵਾਲਾ ਖਾਸਾ, ਜਿਸ ਨੇ ਤੁਹਾਡੇ ਵਿਅਕਤੀਤਵ ਨੂੰ ਬਣਾਇਆ ਹੁੰਦਾ ਏ, ਚਾਨਣ-ਪਾਸਾ।
ਆਪਣੇ ਉਹ ਹੀ ਹੁੰਦੇ, ਜਿਨ੍ਹਾਂ ਦੀ ਸੋਹਬਤ ਵਿਚ ਰੂਹ ਦੀ ਤਿਸ਼ਨਗੀ ਨੂੰ ਤ੍ਰਿਪਤੀ ਹਾਸਲ ਹੁੰਦੀ, ਅੰਤਰੀਵ ਨੂੰ ਭਰਪੂਰਤਾ ਦਾ ਅਹਿਸਾਸ ਹੁੰਦਾ। ਇਸ ਭਰਪੂਰਤਾ ਵਿਚੋਂ ਹੀ ਕੁਝ ਹੋਰ ਚੰਗਾ ਕਰ ਗੁਜ਼ਰਨ ਅਤੇ ਅਪਨਾਉਣ ਲਈ ਹਰਫ-ਹੌਸਲਾ ਸ਼ਰਫ ਬਣਦਾ।
ਆਪਣੇ ਉਹ ਹੁੰਦੇ, ਜੋ ਰੂਹ-ਰੇਜ਼ਾ ਬਣ ਕੇ ਦੁਆਵਾਂ ਲਈ ਹੱਥਾਂ ਨੂੰ ਅੰਬਰ ਵੱਲ ਉਛਾਲਦੇ ਅਤੇ ਹਰ ਪਲ ਤੁਹਾਡਾ ਸੰਗ ਭਿਆਲਦੇ। ਉਨ੍ਹਾਂ ਦੀ ਹਮਦਰਦੀ ਵਿਚੋਂ ਹੀ ਜ਼ਿੰਦਗੀ ਨੂੰ ਰੱਜ਼, ਸਬਰ, ਸੁਖਨ-ਸਬੂਰੀ ਅਤੇ ਸੁੰਦਰਤਾ ਹਾਸਲ ਹੁੰਦੀ। ਇਹ ਹਾਸਲ ਜ਼ਿੰਦਗੀ ਦੇ ਅਰਥਾਂ ਵਿਚ ਸੰਦਲੀ ਰੰਗ ਭਰਦਾ ਅਤੇ ਤੁਹਾਡੀ ਆਭਾ ਨੂੰ ਜਿਉਣ-ਜੋਗਾ ਕਰਦਾ।
ਆਪਣੇ ਉਹ ਹੁੰਦੇ, ਜਿਨ੍ਹਾਂ ਦੀ ਕੋਮਲਤਾ ਮਨ ਨੂੰ ਪਿਘਲਾਉਂਦੀ, ਜਿਨ੍ਹਾਂ ਦਾ ਸੁਹਜ ਸੂਖਮ ਕਲਾ ਜਗਾਉਂਦਾ, ਜਿਨ੍ਹਾਂ ਦੀ ਦਿੱਭ-ਦ੍ਰਿਸ਼ਟੀ ਅੱਖਰਾਂ ਨੂੰ ਜੁਗਨੂੰ ਬਣਾਉਂਦੀ, ਜਿਨ੍ਹਾਂ ਦੀ ਸੰਗਤ ਬੋਲਾਂ ਨੂੰ ਅਪਣੱਤ ਨਾਲ ਭਿਉਂਦੀ ਅਤੇ ਜੀਵਨ-ਚਾਹਤਾਂ ਨੂੰ ਸੰਪੂਰਨਤਾ ਦੇ ਰਾਹ ਪਾਉਂਦੀ।
ਆਪਣਿਆਂ ਨੂੰ ਆਪਣੇ ਹੀ ਬਣਾਈ ਰੱਖੋ, ਪਰ ਜੇ ਆਪਣੇ ਪਰਾਏ ਹੋਣ ਲਈ ਬਜਿੱਦ ਹੋਣ ਤਾਂ ਮਨ ਮਸੋਸ ਕੇ ਰਹਿ ਜਾਂਦਾ ਅਤੇ ਇਸ ਹੋਣੀ ‘ਤੇ ਹੰਝੂ ਵਹਾਉਣ ਤੋਂ ਬਿਨਾ ਨਹੀਂ ਰਹਿੰਦਾ ਕੋਈ ਚਾਰਾ, ਮਨ ‘ਚ ਉਡਦਾ ਇਕ ਦਰਦ-ਕੁੰਵਾਰਾ ਅਤੇ ਜੀਵਨ ਨੂੰ ਬਣਾ ਦਿੰਦਾ ਹੋਰ ਦੁਖਿਆਰਾ।
ਕਈ ਵਾਰ ਆਪਣਿਆਂ ਦੀ ਬੇਰੁਖੀ, ਦਰਦ ਦਾ ਅਸੀਮ ਸਾਗਰ ਬਣ ਕੇ ਅੰਤਰੀਵ ਨੂੰ ਖਾਰਾ ਕਰ ਦਿੰਦੀ ਤਾਂ ਕਲਮ ਕੂਕਦੀ:
ਆਪਣਿਆਂ ਜਦ ਆਪਣੇ ਬਣ ਕੇ
ਆਂਦਰੀਂ ਰੁੱਗ ਭਰੇ
ਤਾਂ ਨੈਣਾਂ ਦੇ ਉਛਲੇ ਸਰਵਰ
ਸਾਹਾਂ ਔਖੇ ਤਰੇ
ਚਾਵਾਂ ਦਾ ਇਕ ਮਿਰਗ ਤ੍ਰਿਹਾਇਆ
ਮਾਰੂਥਲੀਂ ਚਰੇ
ਅਤੇ ਆਸਾਂ ਦੀ ਬੇਵਾ ਰੁੱਤ ਵੀ
ਹਉਕਾ ਨਿੱਤ ਭਰੇ
ਪਿੰਡ ਨੂੰ ਜਾਂਦੇ ਰਾਹਾਂ ਉਤੇ
ਪਰਛਾਵਾਂ ਨਿੱਤ ਮਰੇ।
ਪਰ
ਉਦਾਸ ਨਾ ਹੋ ਵੇ ਰਾਹੀਆ!
ਅਜਿਹੇ ਵੇਲੇ ਜਾਂ ਨੂਰ-ਇਲਾਹੀ
ਆਪਣੀ ਨਦਰਿ ਕਰੇ
ਤਾਂ ਜ਼ਿੰਦਗੀ ਦੇ ਮੱਥੇ ਉਤੇ
ਸਗਵਾਂ ਚੰਦ ਚੜ੍ਹੇ
ਪਤਝੜਾਂ ਨੇ ਥਿਰ ਨਹੀਂ ਰਹਿਣਾ,
ਹੋਣੇ ਬਾਗ ਹਰੇ
ਅਤੇ ਪਲ ਪਲ ਮਰਦੀ ਜ਼ਿੰਦਗੀ ਨੂੰ
ਜਿਉਣ ਜੋਗਾ ਕਰੇ।
ਜੇ ਸੱਚੇ ਸੁੱਚੇ ਹੋਣ ਤਾਂ ਆਪਣੇ, ਆਪਣੇ ਹੀ ਹੁੰਦੇ। ਉਨ੍ਹਾਂ ਦਾ ਕੋਈ ਬਦਲ ਨਹੀਂ ਹੁੰਦਾ। ਉਨ੍ਹਾਂ ਲਈ ਹਰਫ-ਰੁੱਤ ਮੌਲਦੀ:
ਆਪਣਿਆਂ ਕਾਰਨ ਹੀ ਜਿੰਦ-ਬੀਹੀਏ
ਗੂੰਜੇ ਹਰਦਮ ਨਾਦ
ਆਪਣੇ ਹੋਣ ਤਾਂ ਉਜੜੇ ਬਾਗ ਵੀ
ਕਰਦੇ ਆਣ ਅਬਾਦ
ਆਪਣੇ ਹੋਣ ਭਾਵੇਂ ਵਿਚ ਪਰਦੇਸੀਂ
ਪਰ ਮਨ ਵਸੇਂਦੀ ਯਾਦ
ਆਪਣਿਆਂ ਨਾਲ ਚੇਤ-ਅਚੇਤੇ
ਕਰੀਏ ਵਾਦ-ਸੰਵਾਦ
ਆਪਣਿਆਂ ਦੀ ਇਕ ਮੁਸਕਣੀ
ਦਿਲ ਨੂੰ ਕਰਦੀ ਸ਼ਾਦ
ਆਪਣਿਆਂ ਦਾ ਹਾਕ-ਹੁੰਗਾਰਾ
ਰਹਿਮਤ ਦੀ ਫਰਿਆਦ
ਆਪਣਿਆਂ ਦੀ ਰੂਹ-ਰੇਜ਼ਤਾ
ਬਣਦੀ ਖੰਭ-ਖੁਆਬ।
ਕਦੇ ਕਦੇ ਵਤਨ ਜਾਵਾਂ ਤਾਂ ਕੁਝ ਕੁ ਆਪਣਿਆਂ ਦਾ ਮੋਹ ਤੇ ਅਪਣੱਤ, ਸੱਖਣੇ ਮੁਹੱਬਤੀ ਭੰਡਾਰਾਂ ਨੂੰ ਨੱਕੋਨੱਕ ਭਰ ਦਿੰਦੀ। ਕਿਰਤ-ਲਗਰਾਂ ਦੀ ਜ਼ਰਖੇਜਤਾ ਅੱਖਰਾਂ ਦਾ ਰੂਪ ਧਾਰ ਸਫਿਆਂ ‘ਤੇ ਫੈਲਦੀ:
ਆਪਣਿਆਂ ਨੇ ਘਰ ਪੈਰ ਧਰਦਿਆਂ
ਡੰਗਿਆ ਚਾਅ-ਚਿਰਾਗ
ਕਿ ਬੰਦ ਦਰਵਾਜੀਂ ਚਾਨਣ ਚਾਨਣ
ਤੇ ਸੁੱਤੇ ਜਾਗੇ ਭਾਗ
ਆਪਣਿਆਂ ਨੇ ਸਾਹ-ਸੁਰੰਗੀ ‘ਤੇ
ਸਰਗਮ ਐਸਾ ਖੁਣਿਆ
ਕਿ ਰੂਹ ਦੀ ਨਗਰੀ ਵੱਸਦੀ ਹੋ’ਗੀ
ਰੂਹ-ਨਾਦ ਜਦ ਸੁਣਿਆ
ਆਪਣਿਆਂ ਨੇ ਮਨ-ਮੰਮਟੀ ‘ਤੇ
ਐਸੀ ਅਲਖ ਜਗਾਈ
ਕਿ ਵਿਚ ਫਿਜਾਵੀਂ ਹਵਾ ਹੋ ਗਈ
ਮਸਤਕ ਦੀ ਤਨਹਾਈ
ਆਪਣਿਆਂ ਨੇ ਵਕਤ-ਸਫੇ ‘ਤੇ
ਉਕਰੀ ਅਜਿਹੀ ਇਬਾਰਤ
ਕਿ ਉਨ੍ਹਾਂ ਵਰਕਿਆਂ ਦੀ ਹਰਫ-ਬੰਧਨਾ
ਜਾਪੇ ਨਿਰੀ ਇਬਾਦਤ।
ਲੋੜ ਹੈ, ਆਪਣੇ ਕਦੇ ਵੀ ਪਰਾਏ ਨਾ ਹੋਣ; ਸਗੋਂ ਪਰਾਇਆਂ ਨੂੰ ਆਪਣੇ ਬਣਾਉਣ ਦੀ ਜੁਗਤ ਜੀਵਨ-ਜਾਚ ਬਣਾ ਲਈ ਜਾਵੇ ਤਾਂ ਇਸ ਸੁੰਦਰ ਦੁਨੀਆਂ ਨੂੰ ਹੋਰ ਖੂਬਸੂਰਤ ਬਣਾਇਆ ਜਾ ਸਕਦਾ। ਜਦ ਪਰਾਏ ਵੀ ਆਪਣੇ ਬਣ ਕੇ ਤੁਹਾਡੀਆਂ ਬਾਹਾਂ ਬਣਦੇ ਅਤੇ ਸੋਚਾਂ ਵਿਚਲੀ ਤਦਬੀਰ ਤੇ ਤਕਦੀਰ ਬਣਦੇ ਤਾਂ ਜ਼ਿੰਦਗੀ ਨੂੰ ਹੋਰ ਹੁਸੀਨ ਹੋਣ ਦਾ ਸ਼ਰਫ ਹਾਸਲ ਹੁੰਦਾ। ਅਜਿਹਾ ਸ਼ਰਫ ਹੋਣਾ ਤਾਂ ਮਨੁੱਖ ਦੀ ਹਮੇਸ਼ਾ ਹੀ ਪਹਿਲ ਰਹੀ ਏ ਅਤੇ ਪਹਿਲ ਬਣੀ ਰਹੇਗੀ।
ਕਲਮ ਅਜਿਹੀ ਤਵੱਕੋਂ ਤਾਂ ਕਰ ਹੀ ਸਕਦੀ ਆ। ਆਮੀਨ!