ਸੁਆਦਲੀ ਗੱਲ

ਬਲਜੀਤ ਬਾਸੀ
ਹਥਲੇ ਸ਼ਬਦ-ਚਿੱਤਰ ਦਾ ਸਿਰਲੇਖ ਬਲਵੰਤ ਗਾਰਗੀ ਦੇ ਇੱਕ ਇਕਾਂਗੀ ਦਾ ਨਾਂ ਵੀ ਹੈ। ਇਸ ਵਿਚ ਸ਼ਹਿਰੀ ਮੱਧ ਵਰਗ ਦੇ ਕੁਝ ਯਾਰ ਮਿੱਤਰ ਮਹਿਫਿਲ ਲਾ ਕੇ ਬੈਠੇ ਹੁੰਦੇ ਹਨ। ਉਹ ਨਾਲ ਦੀ ਨਾਲ ਖਾ-ਪੀ ਵੀ ਰਹੇ ਹੁੰਦੇ ਹਨ। ਕੁਝ ਇਧਰ-ਉਧਰ ਦੀਆਂ ਮਾਰਨ ਪਿਛੋਂ ਅਛੋਪਲੇ ਉਨ੍ਹਾਂ ਦੀਆਂ ਗੱਲਾਂ ਵਿਚ ਮਲੀਨਤਾ ਆ ਵੜਦੀ ਹੈ, ਜਿਸ ਦਾ ਉਹ ਖੂਬ ਸੁਆਦ ਮਾਣਨ ਲਗਦੇ ਹਨ; ਪਰ ਅਚਾਨਕ ਉਨ੍ਹਾਂ ਨੂੰ ਖਿਆਲ ਆਉਂਦਾ ਹੈ ਕਿ ਅਜਿਹੀਆਂ ਗੱਲਾਂ ਉਨ੍ਹਾਂ ਜਿਹੀ ਭੱਦਰ ਸੁਸਾਇਟੀ ਨੂੰ ਸੋਭਦੀਆਂ ਨਹੀਂ। ਕਿਸੇ ਵਲੋਂ ਸੁਝਾਅ ਆਉਂਦਾ ਹੈ ਕਿ ਗੰਦ-ਮੰਦ ਛੱਡ ਕੇ ਉਨ੍ਹਾਂ ਨੂੰ ਹੋਰ ਕੋਈ ਸੁਆਦਲੀ ਗੱਲ ਕਰਨੀ ਚਾਹੀਦੀ ਹੈ। ਨਤੀਜਨ ਕੁਝ ਦੇਰ ਬੇਤੁਕੀਆਂ ਤੇ ਫਿਕੀਆਂ ਜਿਹੀਆਂ ਸੁਆਦਲੀਆਂ ਮਾਰਨ ਪਿਛੋਂ ਗੱਲ ‘ਚੋਂ ਗੱਲ ਨਿਕਲਦੀ ਫਿਰ ਮਲ-ਮੂਤਰ ਦੇ ਵਿਸ਼ੇ ‘ਤੇ ਆ ਜਾਂਦੀ ਹੈ।

ਜ਼ਰਾ ਝਾਕੀ ਦੇਖੋ: ਇਕ ਜਣਾ, ‘ਯਾਰ ਕੀ ਦੱਸਾਂ, ਬੜੇ ਚਿਰ ਤੋਂ ਮੈਨੂੰ ਕਬਜ਼ ਦੀ ਸ਼ਿਕਾਇਤ ਰਹਿੰਦੀ ਹੈ, ਬੜਾ ਓਹੜ-ਪੋਹੜ ਕੀਤਾ ਪਰ ਕੋਈ ਅਸਰ ਨਹੀਂ ਹੁੰਦਾ।’ ਦੂਜਾ ਜਣਾ ਹੋਰ ਅੱਗੇ ਵਧਦਾ ਹੈ, ‘ਐਧਰ ਤਾਂ ਹਮੇਸ਼ਾ ਗੈਸ ਦੀ ਬੜੀ ਟ੍ਰਬਲ ਰਹਿੰਦੀ ਹੈ। ਹੁਣ ਵੀ ਡਰ ਹੈ ਕਿਧਰੇ…।’ ਤੇ ਫਿਰ ਉਹ ਪੱਦਾਂ ਦੇ ਚੁਟਕਲੇ ਸੁਣਾਉਣ ਲਗਦਾ ਹੈ। ਤੀਜਾ ਜਣਾ ਆਪਣੇ ਰੋਣੇ ਰੋਂਦਾ ਹੈ, ‘ਮੇਰੀ ਘਰ ਵਾਲੀ ਨੂੰ ਤਾਂ ਚੱਤੋ ਪਹਿਰ ਖੱਟੇ ਖੱਟੇ ਡੱਕਾਰ ਆਉਂਦੇ ਰਹਿੰਦੇ ਹਨ, ਕੋਲ ਬੈਠਿਆ ਨਹੀਂ ਜਾਂਦਾ।’ ਇਸ ਤਰ੍ਹਾਂ ਗੱਲਬਾਤ ਵਿਚ ਵਾਰ ਵਾਰ ਮਲੀਨਤਾ ਦੀ ਸਿਖਰ ਹੋ ਜਾਣ ਪਿਛੋਂ ਉਨ੍ਹਾਂ ਨੂੰ ਖਿਲਾਰੀ ਜਾ ਰਹੀ ਅਸਭਿਅਤਾ ਦਾ ਖਿਆਲ ਆਉਂਦਾ ਹੈ ਤਾਂ ਤੋੜਾ ਝਾੜਦੇ ਹਨ, ‘ਕੋਈ ਸੁਆਦਲੀ ਗੱਲ ਕਰੋ ਯਾਰ!’ ਪਰ ਸੁਆਦਲੀ ਗੱਲ ਥੋੜ੍ਹ-ਚਿਰੀ ਹੀ ਰਹਿੰਦੀ ਹੈ। ਗਾਰਗੀ ਦਾ ਇਹ ਇਕਾਂਗੀ ਮੱਧ ਵਰਗ ਦੀ ਮਨੋਰਥ-ਰਹਿਤ ਫੁਸਫੁਸੀ ਜ਼ਿੰਦਗੀ ‘ਤੇ ਇਕ ਚੋਟ ਹੈ।
ਲੱਗਦੇ ਹੱਥ ਕਿਸੇ ਗੈਰ-ਪੰਜਾਬੀ ਵਲੋਂ ਪੰਜਾਬੀਆਂ ਬਾਰੇ ਸੁਣਾਇਆ ਲਤੀਫਾ ਵੀ ਸੁਣਾ ਦੇਵਾਂ। ਪੰਜਾਬੀ ‘ਸੁਆਦ ਆ ਗਿਆ’ ਤਕੀਆ-ਕਲਾਮ ਦੀ ਬਹੁਤ ਵਰਤੋਂ ਕਰਦੇ ਹਨ। ਕੋਈ ਖਾਣ-ਪੀਣ ਵਾਲਾ ਚੰਗਾ-ਚੋਸਾ ਡੱਫਿਆ ਹੋਵੇ ਤਾਂ ‘ਸੁਆਦ ਆ ਗਿਆ’ ਕਹਿਣਾ ਬਣਦਾ ਹੈ, ਪਰ ਸਾਡੇ ਸੁਆਦਾਂ-ਪੱਟੇ ਪੰਜਾਬੀ ਅਨੇਕਾਂ ਗੈਰ-ਖਾਧਕ ਅਨੁਭਵਾਂ ਵਿਚ ਵਿਚਰਦੇ ਵੀ ਖੂਬ ਸੁਆਦ ਲੈ ਲੈਂਦੇ ਹਨ, ਮਸਲਨ: ਸ਼ੋਅਲੇ ਵਿਚ ਗੱਬਰ ਸਿੰਘ ਦਾ ਰੋਲ ਦੇਖ ਕੇ ਸੁਆਦ ਆ ਗਿਆ; ਏਨੇ ਲੂਏ ਪਿਛੋਂ ਮੀਂਹ ਪਿਆ, ਸੁਆਦ ਆ ਗਿਆ; ਲੋਕਾਂ ਨੇ ਚੋਰ ਦੀ ਏਨੀ ਛਿੱਤਰ ਪਰੇਡ ਕੀਤੀ, ਸੁਆਦ ਆ ਗਿਆ; ਹੋਰ ਤਾਂ ਹੋਰ, ਕਈ ਦਿਨ ਪੇਟ ਵਿਚ ਬੰਨ ਪਿਆ ਰਿਹਾ, ਅੱਜ ਟੱਟੀ ਗਿਆ, ਸੁਆਦ ਆ ਗਿਆ।…ਭੋਗ ਦੇ ਅਨੰਦ ਲਈ ਪੰਜਾਬੀਆਂ ਨੂੰ ਸੁਆਦ ਤੋਂ ਬਿਨਾ ਸ਼ਾਇਦ ਹੋਰ ਕੋਈ ਢੁਕਵਾਂ ਬੋਲ ਨਹੀਂ ਆਉਂਦਾ। ਜੇ ਬਾਂਦਰ ਨੂੰ ਅਦਰਕ ਦੇ ਸਵਾਦ ਦਾ ਨਹੀਂ ਪਤਾ ਤਾਂ ਪੰਜਾਬੀਆਂ ਨੂੰ ਹਰ ਚੀਜ਼ ਦੇ ਸਵਾਦ ਦਾ ਪਤਾ ਹੈ!
ਖੈਰ! ਸੁਆਦ ਸਿਰਫ ਜੀਭ ਦਾ ਸਵਾਦ ਹੀ ਨਹੀਂ, ਹੋਰ ਇੰਦਰੀਆਂ ਅਤੇ ਰੂਹ ਦੇ ਅਨੁਭਵ ਵੱਲ ਵੀ ਸੰਕੇਤ ਕਰਦਾ ਹੈ। ਇਸ ਵਿਚ ਅਨੰਦ, ਨਸ਼ਾ, ਨਿਸ਼ਾ, ਤਸੱਲੀ, ਸ਼ਾਂਤੀ ਦੇ ਭਾਵ ਵੀ ਹਨ। ਮਰਾਠੀ ਵਿਚ ਸਵਾਦ ਸ਼ਬਦ ਖੁਸ਼ਬੂ, ਸੁਗੰਧੀ ਦੇ ਅਰਥਾਂ ਵਜੋਂ ਵੀ ਲਿਆ ਜਾਂਦਾ ਹੈ, ‘ਗੁਲਾਬਾਚੇ ਫੁਲਾਚਾ ਸਵਾਦ ਦੂਸਰਿਆ ਫੁਲਾਚਾ ਨਾਹੀਂ।’ ਗੁਲਾਬ ਦੀ ਸੁਗੰਧੀ ਸਵੀਟ ਹੋਣ ਦੀ ਗੱਲ ਸ਼ੇਕਸਪੀਅਰ ਨੇ ਵੀ ਕੀਤੀ ਸੀ। ਸੁਆਦਲੀ ਗੱਲ ਹੈ ਕਿ ਸਾਡੀ ਭਾਸ਼ਾ ਵਿਚ ਸੁਆਦ ਤੋਂ ਬਣੇ ਇੱਕ ਵਿਕੋਲਿਤਰੇ ਜਿਹੇ ਬਹੁਵਚਨ ‘ਸਵਾਦੇ’ ਵਿਚ ਤਾਂ ਕੌੜੇ ਤਜਰਬੇ ਜਾਂ ਕਹਿ ਲਵੋ ਬੇਸੁਆਦੀ ਦੇ ਭਾਵ ਹਨ, ‘ਬੜਾ ਤੀਂਘੜਦਾ ਸੀ। ਕਿਤੇ ਮੁੜ ਕੈਪਟਨ ਦਾ ਰਾਜ ਆ ਜਾਵੇ, ਲੈ ਲਏ ਸਵਾਦੇ ਨਾ!’
ਐਪਰ ਸੁਆਦ ਸ਼ਬਦ ਆਪਣੇ ਆਪ ਵਿਚ ਨਿਰਪੱਖ ਵੀ ਹੈ। ਸੁਆਦ ਮਿੱਠਾ, ਕੌੜਾ, ਖੱਟਾ, ਸਲੂਣਾ, ਕਿਰਕਿਰਾ, ਕੁਸੈਲਾ, ਬਕਬਕਾ ਆਦਿ ਹੋ ਸਕਦਾ ਹੈ। ਨਾਂਵ ਵਜੋਂ ਇਸ ਸ਼ਬਦ ਦਾ ਸੰਸਕ੍ਰਿਤ ਰੂਪ ‘ਸਵਾਦ’ ਹੈ ਅਤੇ ਵਿਸ਼ੇਸ਼ਣ ਵਜੋਂ ਸਵਾਦੁ। ਪੰਜਾਬੀ ਤੇ ਕੁਝ ਹੋਰ ਭਾਸ਼ਾਵਾਂ ਵਿਚ ਨਾਂਵ ਤੇ ਵਿਸ਼ੇਸ਼ਣ ਰੂਪ ਸਵਾਦ/ਸੁਆਦ ਜਿਹੇ ਹੀ ਹੋ ਗਏ। ਅਰਧ ਸਵਰ ‘ਵ’ ਅਕਸਰ ਹੀ ਪੂਰਨ ਸਵਰ ਵਿਚ ਬਦਲ ਜਾਂਦਾ ਹੈ। ਹੋਰ ਮਿਸਾਲ ਹੈ, ਸਵਾਹ/ਸੁਆਹ। ਤਦ ਵੀ ਗੁਰਮੁਖ ਸਿੰਘ ਮੁਸਾਫਿਰ ਜਿਹੇ ਲੇਖਕ ਨੇ ਸਵਾਦ ਤੇ ਸੁਆਦ ਵਿਚ ਫਰਕ ਪਾਇਆ ਲਗਦਾ ਹੈ, “ਨਿੱਕੇ ਹੁੰਦਿਆਂ ਦੀਆਂ ਕਈ ਗੱਲਾਂ ਮੈਨੂੰ ਕੱਲ੍ਹ ਵਾਂਗ ਚੇਤੇ ਹਨ। ਢਾਈਆਂ ਪੈਸਿਆਂ ਦਾ ਦੁੱਧ ਤੇ ਧੇਲੇ ਦਾ ਮਿੱਠਾ, ਬਾਟੀ ਭਰ ਜਾਂਦੀ ਸੀ। ਐਡੇ ਸਵਾਦ ਨਾਲ ਪੀਵੀਦਾ ਸੀ ਕਿ ਅੱਜ ਜ਼ਿਕਰ ਕਰਦਿਆਂ ਵੀ ਸੁਆਦ ਆ ਰਿਹਾ ਏ।”
ਸਵਾਦ ਦਾ ਪ੍ਰਾਕ੍ਰਿਤ ਰੂਪ ਸਾਯ ਜਿਹਾ ਹੈ। ਦੂਜੇ ਪਾਸੇ ਸੁਆਦੀ ਦੇ ਅਰਥਾਂ ਵਾਲੇ ਸਵਾਦ ਵਿਸ਼ੇਸ਼ਣ ਦਾ ਪ੍ਰਾਕ੍ਰਿਤ ਰੂਪ ਸਾਉ ਹੋਇਆ ਤੇ ਪਾਲੀ ਸਾਦੁ। ਗੁਰੂ ਗ੍ਰੰਥ ਸਾਹਿਬ ਵਿਚ ਇਸ ਦੇ ਰੂਪ ਸੁਆਦ, ਸ੍ਵਾਦ, ਸ੍ਵਾਦੁ, ਸਾਦੁ, ਸਾਦ ਮਿਲਦੇ ਹਨ: ‘ਨਿਮਖ ਕਾਮ ਸੁਆਦ ਕਾਰਣਿ ਕੋਟਿ ਦਿਨਸ ਦੁਖੁ ਪਾਵਹਿ॥’ (ਗੁਰੂ ਅਰਜਨ ਦੇਵ); ‘ਅਧਿਕ ਸੁਆਦ ਰੋਗ ਅਧਿਕਾਈ॥’ (ਗੁਰੂ ਨਾਨਕ ਦੇਵ); ‘ਜਿਨ ਬੂਝਿਆ ਤਿਸੁ ਆਇਆ ਸ੍ਵਾਦ॥’ (ਗੁਰੂ ਅਰਜਨ ਦੇਵ); ‘ਏਕੋ ਏਕੁ ਬਖਾਨੀਐ ਬਿਰਲਾ ਜਾਣੈ ਸ੍ਵਾਦੁ॥’; ‘ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ॥’ (ਗੁਰੂ ਨਾਨਕ ਦੇਵ); ‘ਪੰਡਿਤ ਪੜਹਿ ਸਾਦੁ ਨ ਪਾਵਹਿ॥’ (ਗੁਰੂ ਅਮਰ ਦਾਸ)।
ਵਾਰਸ ਸ਼ਾਹ ਨੇ ਆਪਣੀ ਰਚਨਾ ਵਿਚ ਖੂਬ ਸਵਾਦ ਲਏ ਹਨ,
ਚਲੋ ਝਗੜੀਏ ਬੈਠ ਕੇ ਪਾਸ ਕਾਜ਼ੀ,
ਏਹ ਗੱਲ ਨਾ ਜਾਏ ਬਰਬਾਦ ਮੀਆਂ।
ਵਾਰਿਸ ਅਹਿਮਕਾਂ ਨੂੰ ਬਿਨਾ ਫਾਟ ਖਾਧੇ,
ਨਹੀਂ ਆਂਵਦਾ ਇਸ਼ਕ ਦਾ ਸਵਾਦ ਮੀਆਂ।

ਸੁੱਟੂੰ ਮਾਰ ਚਪੇੜ ਤੇ ਦੰਦ ਭੰਨੂੰ,
ਸਵਾਦ ਆਵਸੀ ਚੁਹਲਿਆਂ ਮੁਹਲਿਆਂ ਦੇ।

ਹੀਰੇ ਇਸ਼ਕ ਨਾ ਮੂਲ ਸਵਾਦ ਦਿੰਦਾ,
ਨਾਲ ਚੋਰੀਆਂ ਅਤੇ ਉਧਾਲਿਆਂ ਦੇ।
ਗੌਰਤਲਬ ਹੈ ਕਿ ਸੰਸਕ੍ਰਿਤ ਵਿਚ ਸਵਾਦੁ ਦੇ ਅਰਥ ਮਿੱਠਾ ਸਵਾਦ ਜਾਂ ਮਿੱਠਤ ਵੀ ਹੈ ਤੇ ਅੱਗੇ ਰਾਬ ਜਾਂ ਸੀਰਾ ਵੀ ਹੈ। ਦਰਅਸਲ ਸੰਸਕ੍ਰਿਤ ਵਿਚ ਇਸ ਨਾਲ ਹੋਰ ਸ਼ਬਦ ਲੱਗ ਕੇ ਬਣੇ ਅਨੇਕਾਂ ਸਮਾਸੀ ਸ਼ਬਦਾਂ ਵਿਚ ਮਿੱਠਾ ਦਾ ਭਾਵ ਹੈ। ਮਿਸਾਲ ਵਜੋਂ ਸਵਾਦ-ਫਲ ਦਾ ਮਤਲਬ ਮਿੱਠਾ ਫਲ ਹੈ ਤੇ ਵਿਸ਼ੇਸ਼ ਅਰਥ ਬੇਰ। ਸੰਸਕ੍ਰਿਤ ਵਿਚ ਸਵਦ ਕ੍ਰਿਆ ਦਾ ਅਰਥ ਹੈ-ਸਵਾਦ ਲੈਣਾ, ਚਖਣਾ; ਸਵਾਦ ਹੋਣਾ, ਸਵਾਦੀ ਬਣਾਉਣਾ ਆਦਿ। ਪਰ ਪੰਜਾਬੀ ਵਿਚ ਅਜਿਹੀ ਕੋਈ ਕ੍ਰਿਆ ਪ੍ਰਚਲਿਤ ਨਹੀਂ ਹੈ। ‘ਗੂੰਗੇ ਦਾ ਗੁੜ’ ਮੁਹਾਵਰੇ ਦਾ ਸ਼ਾਬਦਿਕ ਅਰਥ ਹੈ, ‘ਬੋਲਣ ਦੀ ਸਮਰਥਾ ਤੋਂ ਹੀਣਾ ਇਹ ਅਪਾਹਜ ਗੁੜ ਦਾ ਸਵਾਦ ਦੱਸ ਨਹੀਂ ਸਕਦਾ।’
ਦਰਅਸਲ ਕਿਸੇ ਸ਼ਬਦ ਦੇ ਜਨਮ ਤੋਂ ਪਹਿਲਾਂ ਮਨੁੱਖ ਦੀ ਅਵਸਥਾ ਗੂੰਗੇ ਦੇ ਗੁੜ ਜਿਹੀ ਹੀ ਹੁੰਦੀ ਹੈ। ਅਸੀਂ ਕਿਸੇ ਮਨ ਆਏ ਭਾਵ ਦਾ ਦੂਜੇ ਵੱਲ ਸੰਚਾਰ ਤਦ ਹੀ ਕਰ ਸਕਦੇ ਹਾਂ ਜੇ ਦੂਜਾ ਸਾਡੇ ਵਲੋਂ ਵਿਅਕਤ ਕੀਤੇ ਸ਼ਬਦਾਂ ਦੇ ਅਰਥ ਜਾਣਦਾ ਹੋਵੇ। ਪਰ ਜੇ ਮਨ ‘ਚ ਆਇਆ ਭਾਵ ਬਿਲਕੁਲ ਨਵਾਂ ਹੋਵੇ, ਜਿਸ ਲਈ ਕੋਈ ਸ਼ਬਦ ਮੌਜੂਦ ਨਾ ਹੋਵੇ ਤਾਂ ਕੀ ਹੱਲ ਹੈ? ਸਪੱਸ਼ਟ ਹੈ ਕਿ ਨਵਾਂ ਸ਼ਬਦ ਘੜਿਆ ਜਾਵੇਗਾ ਪਰ ਇਸ ਅਵਸਥਾ ਵਿਚ ਦੂਜਾ ਵਿਅਕਤੀ ਉਸ ਨੂੰ ਕਿਵੇਂ ਸਮਝੇਗਾ?
ਆਮ ਤੌਰ ‘ਤੇ ਨਵਾਂ ਘੜਿਆ ਸ਼ਬਦ ਪਹਿਲਾਂ ਮੌਜੂਦ ਸ਼ਬਦ ਦਾ ਹੀ ਕੁਝ ਬਦਲਿਆ ਰੂਪ ਹੁੰਦਾ ਹੈ, ਜਿਸ ਵਿਚ ਅਰਥ ਦਾ ਕੁਝ ਵਾਧਾ ਘਾਟਾ ਕਰ ਦਿੱਤਾ ਜਾਂਦਾ ਹੈ। ਪ੍ਰਸੰਗ ਅਨੁਸਾਰ ਸਰੋਤਾ ਇਸ ਦੇ ਅਰਥ ਦਾ ਲੱਖਣ ਲਾ ਲੈਂਦਾ ਹੈ। ਮੁਢਲੇ ਤੌਰ ‘ਤੇ ਸਵਾਦ ਦੇ ਪਰਾਰੂਪਾਂ ਦਾ ਕੁਝ ਹੋਰ ਹੀ ਅਰਥ ਹੋ ਸਕਦਾ ਹੈ। ਅਸੀਂ ਕਹਿ ਸਕਦੇ ਹਾਂ ਕਿ ਸਵਾਦ ਦਾ ਪਹਿਲਾ ਅਰਥ ਮਿੱਠਾਸ ਹੋਵੇਗਾ ਤੇ ਫਿਰ ਬਦਲਦਾ ਬਦਲਦਾ ਸੁਖਾਵਾਂਪਣ, ਅਨੰਦ, ਮਜ਼ਾ, ਸ਼ੌਕ, ਆਦਤ, ਚਸਕਾ ਆਦਿ ਹੋ ਗਏ। ਇਸ ਤੋਂ ਉਲਟ ਗੱਲ ਵੀ ਹੋ ਸਕਦੀ ਹੈ। ਪਹਿਲਾਂ ਕਿਸੇ ਵੀ ਇੰਦਰੀ ਲਈ ਸੁਖਾਵਾਂ ਤੇ ਫਿਰ ਸੁੰਗੜਦਾ ਸੁੰਗੜਦਾ ਮਿੱਠਾ। ਇਹ ਚਰਚਾ ਮੈਂ ਇਸ ਲਈ ਛੇੜ ਰਿਹਾ ਹਾਂ ਕਿ ਮਿੱਠਾ ਦੇ ਅਰਥਾਂ ਵਾਲਾ ਅੰਗਰੇਜ਼ੀ ਸ਼ਬਦ ਸਵੀਟ (ੰੱeeਟ) ਸਵਾਦ ਦਾ ਸਜਾਤੀ ਹੈ।
ਪੁਰਾਣੀ ਅੰਗਰੇਜ਼ੀ ਵਿਚ ਸਵੀਟ ਸ਼ਬਦ ਕਿਸੇ ਵੀ ਇੰਦਰੀ, ਮਨ ਜਾਂ ਭਾਵਨਾ ਲਈ ਅਨੰਦਮਈ ਹੋਣ ਦਾ ਸੰਕੇਤਕ ਸੀ, ਪਰ ਪਿਛੋਂ ਇਸ ਦਾ ਮੁਖ ਅਰਥ ਮਿੱਠਾ ਹੋ ਗਿਆ। ਇਸ ਦਾ ਭਾਰੋਪੀ ਮੂਲ ‘ਸਵਾਦ’ ਕਲਪਿਆ ਗਿਆ ਹੈ, ਜਿਸ ਵਿਚ ਅਨੰਦਮਈ, ਮਜ਼ੇਦਾਰ, ਮਿੱਠਾ ਆਦਿ ਦੇ ਭਾਵ ਹਨ। ਜਰਮੈਨਿਕ ਤੇ ਹੋਰ ਹਿੰਦ-ਆਰਿਆਈ ਭਾਸ਼ਾਵਾਂ ਵਿਚ ਇਸ ਤੋਂ ਰਲਦੇ-ਮਿਲਦੇ ਸ਼ਬਦ ਬਣੇ ਹਨ, ਜਿਨ੍ਹਾਂ ਵਿਚ ਅਜਿਹੇ ਹੀ ਭਾਵ ਹਨ। ਗਰੀਕ ਭਾਸ਼ਾ ਵਿਚ ‘ਸ’ ਧੁਨੀ ‘ਹ’ ਵਿਚ ਬਦਲ ਗਈ ਤਾਂ ਇਸ ਭਾਸ਼ਾ ਦੇ ਸ਼ਬਦ ਨੇ ੍ਹeਦੇਸ ਜਿਹਾ ਰੂਪ ਧਾਰ ਲਿਆ, ਜਿਸ ਦਾ ਮਤਲਬ ਮਿੱਠਾ, ਅਨੰਦਦਾਇਕ ਆਦਿ ਹੁੰਦਾ ਹੈ। ਲਾਤੀਨੀ ਵਿਚ ੁੰਅਵਸਿ ਸ਼ਬਦ ਬਣਿਆ, ਪਰ ਇਸ ਵਿਚ ਮੁਖ ਭਾਵ ਜੀਭ ਦੀ ਮਿਠਾਸ ਨਹੀਂ, ਸਗੋਂ ਕਿਸੇ ਵੀ ਇੰਦਰੀ ਨੂੰ ਪੁਹੰਦਾ ਜਾਂ ਸੁਖਾਵਾਂ ਹੋਣ ਦਾ ਆਸ਼ਾ ਹੈ। ਇਸ ਤੋਂ ਬਣੇ ਲਾਤੀਨੀ ੁੰਅਦeਰe ਦਾ ਅਰਥ ਹੈ-ਸਲਾਹ ਦੇਣਾ, ਮਾਨੋ ਕਿਸੇ ਨੂੰ ਲਾਭ ਪਹੁੰਚਾਉਣ ਵਾਲੀ ਸੁਖਾਵੀਂ ਗੱਲ ਕਰਨੀ।
‘ਸਵਾਦ’ ਮੂਲ ਨਾਲ ਜਾ ਜੁੜਦੇ ਕੁਝ ਅੰਗਰੇਜ਼ੀ ਦੇ ਸ਼ਬਦ ਵਿਚਾਰਦੇ ਹਾਂ: ਅੰਗਰੇਜ਼ੀ ਸ਼ਬਦ ਫeਰਸੁਅਦe ਦਾ ਮਾਅਨਾ ਹੈ, ਕਿਸੇ ਨੂੰ ਮਨਾਉਣਾ। ਇਹ ਲਾਤੀਨੀ ਵਲੋਂ ਅੰਗਰੇਜ਼ੀ ਵਿਚ ਗਿਆ ਹੈ। ਇਸ ਵਿਚ ਫeਰ ਤਾਂ ਇਕ ਅਗੇਤਰ ਹੀ ਹੈ ਤੇ ਅਗਲਾ ਜੁਜ਼ ਲਾਤੀਨੀ ੁੰਅਦeਰe ਦਾ ਬਦਲਿਆ ਰੂਪ ਹੈ, ਜਿਵੇਂ ਪਹਿਲਾਂ ਦੱਸਿਆ ਜਾ ਚੁਕਾ ਹੈ, ਇਸ ਦਾ ਅਰਥ ਹੈ-ਲੁਭਾਉਣਾ, ਸੁਖਾਵੀਂ ਗੱਲ ਕਰਨੀ। ਅੰਗਰੇਜ਼ੀ ੁੰਅਵe ਦਾ ਮਤਲਬ ਹੈ-ਲੁਭਾਵਣਾ, ਸੁਖਾਵਾਂ, ਮਧੁਰ। ਇਹ ਉਪਰ ਵਰਣਿਤ ੁੰਅਵਸਿ ਦਾ ਹੀ ਵਿਉਤਪਤ ਰੂਪ ਹੈ। ਇਸ ਦਾ ਵਿਪਰੀਤਾਰਥਕ ਹੈ, ਧਸੁਅਦe। ਜੋ ਜ਼ਿੰਦਗੀ ਵਿਚ ਸੁਖ ਨੂੰ ਹੀ ਮੂਲ ਸਮਝਦਾ ਹੈ, ਉਸ ਨੂੰ ੍ਹeਦੋਨਸਿਟ ਕਿਹਾ ਜਾਂਦਾ ਹੈ। ਅਜਿਹੇ ਲੋਕਾਂ ਬਾਰੇ ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ, ‘ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ॥’ ਅਸੀਂ ਪੰਜਾਬੀ ਵਿਚ ਇਸ ਨੂੰ ਸੁਖਵਾਦੀ, ਅਨੰਦਜੀਵੀ ਕਹਿ ਸਕਦੇ ਹਾਂ। ਇਹ ਗਰੀਕ ੍ਹeਦੇਸ ਦਾ ਵਿਉਤਪਤ ਰੂਪ ਹੈ। ਅੰਗਰੇਜ਼ੀ Aਸਸੁਅਗe ਦਾ ਮਤਲਬ ਹੈ-ਕਿਸੇ ਦੇ ਭੜਕੇ ਜਜ਼ਬਾਤ ਆਦਿ ਬੁਝਾਉਣਾ, ਸ਼ਾਂਤ ਕਰਨਾ, ਠੰਡਾ ਕਰਨਾ। ਇਹ ਲਾਤੀਨੀ ੁੰਅਵਸਿ ਤੋਂ ਬਣਿਆ, ਜਿਸ ਵਿਚ ਮਿੱਠਾ ਦੇ ਭਾਵ ਸਮਝੇ ਜਾ ਸਕਦੇ ਹਨ।
ਇਕ ਜਰਮਨ ਨਿਰੁਕਤਸ਼ਾਸਤਰੀ ਦਾ ਵਿਚਾਰ ਹੈ ਕਿ ਦੂਰ ਤੱਕ ਜਾਇਆਂ ਸਵੀਟ ਸ਼ਬਦ ਪਿਛੇ (ਫਲਾਂ ਦੇ) ਰਸ ਦਾ ਭਾਵ ਪ੍ਰਤੀਤ ਹੁੰਦਾ ਹੈ। ਇਸ ਮੱਤ ਪਿਛੇ ਕੁਝ ਵਜ਼ਨ ਹੈ। ਇੱਕ ਭਾਰਤੀ ਭਾਸ਼ਾ ਵਿਚ ਸਵਦ ਤੋਂ ਬਣੇ ‘ਇਸਪਾ’ ਸ਼ਬਦ ਦਾ ਅਰਥ ‘ਫਲਾਂ ਦਾ ਰਸ’ ਹੈ। ਦੂਜੇ ਪਾਸੇ ਰਸ ਸ਼ਬਦ ਦਾ ਹੀ ਇੱਕ ਅਰਥ ਸਵਾਦ, ਜ਼ਾਇਕਾ, ਲੁਤਫ ਹੈ। ਪੱਕੇ ਤੌਰ ‘ਤੇ ਨਿਰਣਾ ਕਰਨਾ ਬਹੁਤ ਕਠਿਨ ਹੈ ਕਿ ਕਿਸੇ ਵੀ ਸ਼ਬਦ ਦਾ ਬਹੁਤ ਅਤੀਤ ਵਿਚ ਰਿਹਾ ਰੂਪ ਕਾਹਦਾ ਸੰਕੇਤਕ ਸੀ। ਕਹਿੰਦੇ ਹਨ, ਔਲੇ ਦੇ ਸੁਆਦ ਦਾ ਬਾਅਦ ਵਿਚ ਹੀ ਪਤਾ ਲਗਦਾ ਹੈ।