-ਜਤਿੰਦਰ ਪਨੂੰ
ਜਿਨ੍ਹਾਂ ਲੋਕਾਂ ਨੇ ਸਿੱਖੀ ਦਾ ਬੂਟਾ ਲਾਉਣ ਵਾਲੇ ਗੁਰੂ ਦਾ 500ਵਾਂ ਪ੍ਰਕਾਸ਼ ਉਤਸਵ ਮਨਾਏ ਜਾਣ ਨੂੰ ਪੰਜਾਹ ਸਾਲ ਪਹਿਲਾਂ ਵੇਖਿਆ ਤੇ ਇਸ ਵਿਚ ਸ਼ਾਮਲ ਹੋਏ ਸਨ, ਅਸੀਂ ਉਨ੍ਹਾਂ ਲੋਕਾਂ ਵਿਚੋਂ ਹਾਂ। ਸਾਨੂੰ ਛੋਟੀ ਉਮਰੇ ਇਹ ਕਹਿ ਕੇ ਉਦੋਂ ਅੰਮ੍ਰਿਤ ਵੇਲੇ ਲਿਆ ਕੇ ਸੜਕਾਂ ‘ਤੇ ਖੜੇ ਕਰ ਦਿੱਤਾ ਗਿਆ ਸੀ ਕਿ ਨਗਰ ਕੀਰਤਨ ਲੰਘਣਾ ਹੈ, ਜੋ ਦਰਸ਼ਨ ਕਰ ਲਵੇਗਾ, ਉਸ ਦਾ ਭਲਾ ਹੋ ਜਾਵੇਗਾ। ਸਾਰੇ ਲੋਕ ਗਏ ਅਤੇ ਅਸੀਂ ਵੀ ਗਏ ਸਾਂ।
ਕਈ ਸਾਲਾਂ ਪਿੱਛੋਂ ਸਾਨੂੰ ਸਮਝ ਆਈ ਕਿ ਸਿਰਫ ਦਰਸ਼ਨ ਕਰਨ ਨਾਲ ਭਲਾ ਨਹੀਂ ਹੁੰਦਾ, ਅਸਲ ਵਿਚ ਗੁਰੂ ਸਾਹਿਬ ਦਾ ਸੰਦੇਸ਼ ਸਮਝਣ ਦੀ ਲੋੜ ਹੈ ਤੇ ਗੁਰੂ ਸਾਹਿਬ ਜਦੋਂ ਮੱਕੇ, ਬਗਦਾਦ ਜਾਂ ਹੋਰ ਥਾਂਵਾਂ ਦੇ ਲੋਕਾਂ ਕੋਲ ਗਏ ਸਨ, ਉਹ ਦਰਸ਼ਨ ਦੇਣ ਨਹੀਂ ਸਨ ਗਏ, ਇੱਕ ਸੁੱਚੇ ਸਿਧਾਂਤ ਦਾ ਸੰਦੇਸ਼ ਵੰਡਣ ਗਏ ਸਨ। ਅੱਜ ਜਦੋਂ ਇੱਕ ਵਾਰ ਫਿਰ ਓਹੀ ਮਾਹੌਲ ਬਣ ਗਿਆ ਹੈ ਤੇ ਬਾਬੇ ਦੇ ਸਿਧਾਂਤ ਨੂੰ ਸੋਚ ਦਾ ਵਿਸ਼ਾ ਬਣਾਉਣ ਦੀ ਥਾਂ ਫਿਰ ਨਗਰ ਕੀਰਤਨਾਂ ਤੇ ਦਰਸ਼ਨਾਂ ਦੀ ਚਰਚਾ ਹਰ ਪਾਸੇ ਚੱਲ ਰਹੀ ਹੈ ਤਾਂ ਖਿਆਲ ਆਉਂਦਾ ਹੈ ਕਿ ਪੰਜਾਹ ਸਾਲਾਂ ਵਿਚ ਕਿਸੇ ਤਰ੍ਹਾਂ ਦਾ ਫਰਕ ਹੀ ਨਹੀਂ ਪਿਆ। ਜਿਹੜੇ ਪਾਸੇ ਲੋਕਾਂ ਨੂੰ ਓਦੋਂ ਲਾਇਆ ਜਾ ਰਿਹਾ ਸੀ, ਅੱਜ ਵੀ ਲਾਇਆ ਜਾ ਰਿਹਾ ਹੈ, ਬਾਬੇ ਦੇ ਸੰਦੇਸ਼ ਦੀ ਚਰਚਾ ਹੀ ਨਹੀਂ ਹੋ ਰਹੀ।
ਚੰਗੇ ਚੱਲਦੇ ਗੁਜ਼ਾਰੇ ਵਾਲੇ ਪਰਿਵਾਰ ਵਿਚ ਪੈਦਾ ਹੋਏ ਗੁਰੂ ਨਾਨਕ ਸਾਹਿਬ ਨੇ ਬਾਲ ਉਮਰ ਤੋਂ ਨਿਕਲਦੇ ਸਾਰ ਹੀ ਜਦੋਂ ਸਮਾਜ ਦੀ ਹਾਲਤ ਵੇਖੀ ਤਾਂ ਉਨ੍ਹਾਂ ਨੇ ਇਹ ਉਚਾਰਿਆ ਸੀ,
ਕਲਿ ਕਾਤੀ ਰਾਜੇ ਕਾਸਾਈ
ਧਰਮੁ ਪੰਖ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ
ਦੀਸੈ ਨਾਹੀ ਕਹ ਚੜਿਆ॥
ਹਉ ਭਾਲਿ ਵਿਕੁੰਨੀ ਹੋਈ॥
ਆਧੇਰੈ ਰਾਹੁ ਨ ਕੋਈ॥
ਵਿਚਿ ਹਉਮੈ ਕਰਿ ਦੁਖੁ ਰੋਈ॥
ਕਹੁ ਨਾਨਕ ਕਿਨਿ ਬਿਧਿ ਗਤਿ ਹੋਈ॥
ਭਾਵ ਇਹ ਕਲਿਯੁਗੀ ਦੌਰ ਹੈ, ਜਿੱਥੇ ਰਾਜੇ ਬੁੱਚੜ ਬਣੇ ਹੋਏ ਹਨ ਤੇ ਧਰਮ ਖੰਭ ਲਾ ਕੇ ਉਡ ਜਾਣ ਪਿੱਛੋਂ ਝੂਠ ਦੇ ਪਰਪੰਚ ਵਾਲੀ ਮੱਸਿਆ ਦੀ ਰਾਤ ਵਾਲੀ ਹਾਲਤ ਵਿਚ ਸੱਚ ਦਾ ਚੰਦ ਚੜ੍ਹਿਆ ਕਿਤੇ ਨਹੀਂ ਦਿੱਸਦਾ। ਉਨ੍ਹਾਂ ਕਿਹਾ ਸੀ ਕਿ ਇਸ (ਸੱਚ) ਦੀ ਭਾਲ ਕਰਨ ਵਾਲਾ ਉਲਝਦਾ ਜਾਂਦਾ ਹੈ, ਹਨੇਰੇ ਵਿਚ ਕੋਈ ਰਾਹ ਨਹੀਂ ਦਿੱਸਦਾ, ਹੰਕਾਰ ਨਾਲ ਭਰੇ ਹੋਏ ਲੋਕ ਅੰਦਰੂਨੀ ਪੀੜ ਨਾਲ ਤੜਫਦੇ ਰੋ ਰਹੇ ਹਨ, ਹੇ ਨਾਨਕ ਇਨ੍ਹਾਂ ਦਾ ਬਚਾਅ ਕਿੱਦਾਂ ਹੋਵੇਗਾ?
ਇਸ ਹਾਲਤ ਵਿਚ ਆਪਣੇ ਪਰਿਵਾਰ ਦੀਆਂ ਜਿੰਮੇਵਾਰੀਆਂ ਤੱਕ ਸੀਮਤ ਰਹਿਣ ਦੀ ਥਾਂ ਸੰਸਾਰ ਨੂੰ ਸੱਚ ਚੰਦਰਮਾ ਵੱਲ ਵੇਖਣ ਦਾ ਰਾਹ ਦੱਸਣ ਲਈ ਉਨ੍ਹਾਂ ਉਪਰਾਲਾ ਸ਼ੁਰੂ ਕੀਤਾ ਅਤੇ ਚਾਰ ਉਦਾਸੀਆਂ ਵਿਚ ਹਜ਼ਾਰਾਂ ਮੀਲ ਪੈਂਡਾ ਪੈਦਲ ਗਾਹ ਕੇ ਇੱਕ ਸੰਦੇਸ਼ ਦਿੱਤਾ ਸੀ। ਉਨ੍ਹਾਂ ਦੇ ਇਸ ਉਪਰਾਲੇ ਬਾਰੇ ਭਾਈ ਗੁਰਦਾਸ ਨੇ ‘ਚੜਿਆ ਸੋਧਣਿ ਧਰਤਿ ਲੋਕਾਈ’ ਵਾਲੀ ਗੱਲ ਆਪਣੀ ਸਭ ਤੋਂ ਪਹਿਲੀ ਵਾਰ ਵਿਚ ਜਦੋਂ ਕਹੀ ਤਾਂ ਐਵੇਂ ਨਹੀਂ ਸੀ ਕਹੀ। ਇਸ ਯਤਨ ਵਿਚ ਜਦੋਂ ਗੁਰੂ ਸਾਹਿਬ ਦਾ ਵਾਸਤਾ ਇੱਕ ਵਾਰੀ ਇਸਲਾਮ ਦੇ ਪ੍ਰਚਾਰਕਾਂ ਅਤੇ ਹਾਜੀਆਂ ਨਾਲ ਹੋਇਆ ਤਾਂ ਉਨ੍ਹਾਂ ਨੇ ਸਿੱਧਾ ਸਵਾਲ ਪੁੱਛਿਆ ਸੀ ਕਿ ਬਾਕੀ ਸਭ ਵਿਵਾਦ ਛੱਡ ਕੇ ਤੁਸੀਂ ਸਿਰਫ ਇਹ ਦੱਸੋ ਕਿ ਹਿੰਦੂ ਵੱਡਾ ਹੈ ਕਿ ਮੁਸਲਮਾਨ, ਕਿਉਂਕਿ ਉਦੋਂ ਤੱਕ ਸੰਸਾਰ ਦੇ ਇਸ ਪਾਸੇ ਦੋ ਧਰਮ ਹਿੰਦੂਆਂ ਤੇ ਮੁਸਲਮਾਨਾਂ ਦੇ ਹੀ ਸਨ।
ਜਵਾਬ ਵਿਚ ਜੋ ਕੁਝ ਗੁਰੂ ਸਾਹਿਬ ਨੇ ਕਿਹਾ, ਉਹ ਭਾਈ ਗੁਰਦਾਸ ਇਨ੍ਹਾਂ ਸ਼ਬਦਾਂ ਵਿਚ ਲਿਖਦੇ ਹਨ ਕਿ ‘ਬਾਬਾ ਆਖੇ ਹਾਜੀਆ ਸ਼ੁਭਿ ਅਮਲਾ ਬਾਝਹੁ ਦੋਨੋ ਰੋਈ।’ ਕਿਸੇ ਇੱਕ ਜਾਂ ਦੂਸਰੇ ਧਰਮ ਦੇ ਹੋਣ ਨੂੰ ਵੱਡਾ ਜਾਂ ਛੋਟਾ ਕਹਿਣ ਦੀ ਥਾਂ ਜਿਹੜੇ ਗੁਰੂ ਬਾਬੇ ਨੇ ਇਹ ਕਿਹਾ ਕਿ ਜੇ ਅਮਲ ਸ਼ੁਭ ਨਹੀਂ ਤਾਂ ਦੋਹਾਂ ਨੂੰ ਰੋਣਾ ਪੈਣਾ ਹੈ ਤਾਂ ਇਹ ਯਕੀਨੀ ਸਮਝਣਾ ਚਾਹੀਦਾ ਹੈ ਕਿ ਜੇ ਅਮਲ ਸ਼ੁਭ ਨਾ ਹੋਏ ਤਾਂ ਅੱਜ ਵਾਲੇ ਦੌਰ ਵਿਚ ਸਿਰਫ ਸਿੱਖ ਅਖਵਾਉਣ ਨਾਲ ਵੀ ਗੱਲ ਨਹੀਂ ਬਣਨੀ, ਅਮਲਾਂ ਨਾਲ ਨਿਬੇੜਾ ਹੋਣਾ ਹੈ। ਜਿਨ੍ਹਾਂ ਅਮਲਾਂ ਨਾਲ ਨਿਬੇੜਾ ਹੋਣਾ ਹੈ, ਉਹ ਕਿਤੋਂ ਪੁੱਛਣ ਦੀ ਲੋੜ ਨਹੀਂ, ਗੁਰੂ ਬਾਬੇ ਦੀ ਰਚਨਾ ਅਤੇ ਜੀਵਨ ਦੇ ਅਮਲ ਵਿਚੋਂ ਮਿਲ ਜਾਂਦੇ ਹਨ।
ਗੁਰੂ ਬਾਬੇ ਨੇ ਸਮਾਜ ਵਿਚ ਚੱਲਦੇ ਜਾਤ-ਪਾਤ ਦੇ ਵਿਤਕਰੇ ਦਾ ਸਖਤ ਵਿਰੋਧ ਕੀਤਾ ਤੇ ਆਖਿਆ,
ਜਾਤੀ ਦੈ ਕਿਆ ਹਥਿ ਸਚੁ ਪਰਖੀਐ॥
ਮਹੁਰਾ ਹੋਵੈ ਹਥਿ ਮਰੀਐ ਚਖੀਐ॥
ਭਾਵ ਜਾਤ ਨਾਲ ਕਿਸੇ ਤਰ੍ਹਾਂ ਦਾ ਫਰਕ ਨਹੀਂ ਪੈਂਦਾ, ਪਰਖ ਸੱਚ ਨਾਲ ਹੋਣੀ ਹੁੰਦੀ ਹੈ ਤੇ ਪਰਖ ਇਹ ਹੈ ਕਿ ਜ਼ਹਿਰ ਭਾਵੇਂ ਦੋਹਾਂ ਵਿਚੋਂ ਕਿਸੇ ਦੇ ਹੱਥ ਉਤੇ ਰੱਖ ਲਓ, ਖਾ ਲਿਆ ਤਾਂ ਜਾਤ ਦੇ ਵਖਰੇਵੇਂ ਹੁੰਦਿਆਂ ਵੀ ਮੌਤ ਦੋਹਾਂ ਦੀ ਹੋ ਜਾਂਦੀ ਹੈ। ਇਸ ਕਾਰਨ ਹੀ ਉਨ੍ਹਾਂ ਨੇ ਜਾਤ-ਪਾਤ ਦਾ ਸਖਤ ਵਿਰੋਧ ਕਰਨ ਵਾਸਤੇ ਅਗਲੀ ਗੱਲ ਕਹੀ ਸੀ,
ਨੀਚਾ ਅੰਦਰਿ ਨੀਚ ਜਾਤਿ
ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ
ਵਡਿਆ ਸਿਉ ਕਿਆ ਰੀਸ॥
ਗੁਰੂ ਬਾਬਾ ਸਾਨੂੰ ਇਹ ਕਹਿੰਦੇ ਰਹੇ ਕਿ ਨੀਵੀਂ ਤੋਂ ਨੀਵੀਂ ਜਾਤ ਤੇ ਅੱਤ ਦੀ ਨੀਵੀਂ ਜਾਤ ਵੀ ਹੋਵੇ ਤਾਂ ਨਾਨਕ ਉਨ੍ਹਾਂ ਦੇ ਨਾਲ ਖੜਾ ਹੋਵੇਗਾ, ਵਡਿਆਂ ਨਾਲ ਅਸੀਂ ਨਹੀਂ ਖੜੇ ਹੋਣਾ, ਪਰ ਪੰਜ ਸੌ ਸਾਲਾ ਪ੍ਰਕਾਸ਼ ਪੁਰਬ ਮਨਾਉਣ ਵੇਲੇ ਵੀ ਪੰਜਾਬ ਵਿਚ ਗੁਰੂ ਸਾਹਿਬ ਦੇ ਸੰਦੇਸ਼ ਦੇ ਉਲਟ ਜਾਤ-ਪਾਤ ਦੇ ਆਧਾਰ ਉਤੇ ਗੁਰਦੁਆਰੇ ਚੱਲਦੇ ਸਨ ਤੇ ਪੰਜ ਸੌ ਪੰਜਾਹਵੇਂ ਪ੍ਰਕਾਸ਼ ਪੁਰਬ ਦੇ ਵਕਤ ਵੀ ਜਾਤ ਦਾ ਵਿਤਕਰਾ ਗੁਰੂ ਸਾਹਿਬ ਦੇ ਨਾਮ ਲੇਵਿਆਂ ਦਾ ਖਹਿੜਾ ਨਹੀਂ ਛੱਡਦਾ ਜਾਪਦਾ।
ਇਹੋ ਨਹੀਂ, ਗੁਰੂ ਬਾਬੇ ਨੇ ਲੋਕਾਂ ਨੂੰ ਗ੍ਰਹਿਸਥ ਦਾ ਜੀਵਨ ਜਿਉਣ ਅਤੇ ਜੀਵਨ ਵਿਚ ਚੰਗੇ ਅਮਲ ਕਰਨ ਦੇ ਨਾਲ ਕਿਰਦਾਰ ਦੇ ਸੰਤ ਬਣਨ ਲਈ ਕਿਹਾ ਸੀ, ਪਰ ਅੱਜ ਉਸੇ ਗੁਰੂ ਬਾਬੇ ਦੇ ਨਾਂ ‘ਤੇ ਬਣੇ ਹੋਏ ਡੇਰਿਆਂ ਵਿਚ ਬੈਠੇ ਸੰਤ ਕਹਾਉਂਦੇ ਲੋਕ ਉਲਟ ਵਿਹਾਰ ਕਰਦੇ ਨਜ਼ਰ ਆਉਂਦੇ ਹਨ। ਗੁਰੂ ਬਾਬਾ ਜੀ ਨੇ ਕਰਤਾਰਪੁਰ ਵਿਚ ਹਲ ਵਾਹਿਆ ਅਤੇ ਕਿਸਾਨ ਦੇ ਜੀਵਨ ਨਾਲ ਜੁੜੇ ਤਾਂ ਇਸ ਦਾ ਅਮਲ ਖੁਦ ਪੇਸ਼ ਕਰਨ ਪਿਛੋਂ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਸੀ,
ਮਨੁ ਹਾਲੀ ਕਿਰਸਾਣੀ ਕਰਣੀ
ਸਰਮੁ ਪਾਣੀ ਤਨੁ ਖੇਤੁ॥
ਨਾਮੁ ਬੀਜੁ ਸੰਤੋਖੁ ਸੁਹਾਗਾ
ਰਖੁ ਗਰੀਬੀ ਵੇਸੁ॥
ਭਾਵ ਮਨ ਦੇ ਹਲ ਨਾਲ ਚੰਗੇ ਕੰਮਾਂ ਦੀ ਕਿਸਾਨੀ ਕਰ, ਸ਼ਰਮ ਦਾ ਪਾਣੀ ਦੇ ਕੇ ਆਪਣੇ ਤਨ ਦੇ ਖੇਤ ਅੰਦਰ ਨਾਮ ਦਾ ਬੀਜ ਬੀਜਣ ਪਿਛੋਂ (ਮਨ ਵਿਚ ਸੰਤ-ਗਿਰੀ ਦਾ ਹੰਕਾਰ ਨਾ ਆ ਜਾਵੇ), ਉਸ ‘ਤੇ ਸਬਰ-ਸੰਤੋਖ ਦਾ ਸੁਹਾਗਾ ਫੇਰ ਕੇ ਗਰੀਬੀ (ਨਿਰਮਾਣਤਾ) ਦੀ ਭਾਵਨਾ ਨਾਲ ਜੀਵਨ ਬਤੀਤ ਕਰਿਆ ਕਰਿਓ। ਸਾਡੇ ਅਜੋਕੇ ਸੰਤ ਜਦੋਂ ਕਰੋੜਾਂ ਦੀ ਕੀਮਤ ਵਾਲੀਆਂ ਕਾਰਾਂ ‘ਤੇ ਘੁੰਮਦੇ ਹਨ ਤਾਂ ਇਸ ਸ਼ਬਦ ਦਾ ਅਰਥ ਲੋਕਾਂ ਨੂੰ ਨਹੀਂ ਦੱਸ ਸਕਦੇ।
ਕਿਉਂਕਿ ਗੁਰੂ ਬਾਬਾ ‘ਵਡਿਆ ਸਿਉ ਕਿਆ ਰੀਸ’ ਦਾ ਉਪਦੇਸ਼ ਦੇ ਕੇ ਗਏ ਸਨ, ਗੁਰੂ ਸਾਹਿਬ ਨੇ ਕਿਰਤ ਕਰ ਕੇ ਖਾਣ ਵਾਲੇ ਭਾਈ ਲਾਲੋ ਨੂੰ ਪਹਿਲ ਦਿੱਤੀ ਸੀ, ਇਸ ਲਈ ਅੱਜ ਜਦੋਂ ਉਸੇ ਗੁਰੂ ਸਾਹਿਬ ਦਾ 550ਵਾਂ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ ਹੈ, ਉਸ ਦੇ ਸੰਦੇਸ਼ ਦੀ ਮਹਿਮਾ ਪਛਾਨਣੀ ਵੀ ਭਾਈ ਲਾਲੋਆਂ ਦਾ ਫਰਜ਼ ਹੈ। ਜਿਹੋ ਜਿਹਾ ਮਾਹੌਲ ਬਣੀ ਜਾਂਦਾ ਹੈ, ਸਾਨੂੰ ਲੱਗਦਾ ਹੈ ਕਿ ਇੱਕ ਵਾਰ ਫਿਰ ਗੁਰੂ ਦਾ ਸੰਦੇਸ਼ ਲਾਂਭੇ ਰੱਖ ਕੇ ਵੱਡੇ ਪੰਡਾਲਾਂ ਦੇ ਸਮਾਗਮਾਂ ਦੀ ਮੁਕਾਬਲੇਬਾਜ਼ੀ ਹੀ ਲੋਕਾਂ ਦੇ ਪੱਲੇ ਪਵੇਗੀ। ਇਹ ਉਸ ਗੁਰੂ ਬਾਬੇ ਨੂੰ ਯਾਦ ਕਰਨ ਦਾ ਅਸਲ ਤਰੀਕਾ ਨਹੀਂ ਕਿਹਾ ਜਾ ਸਕਦਾ, ਜਿਸ ਗੁਰੂ ਬਾਰੇ ਭਾਈ ਗੁਰਦਾਸ ਨੇ ‘ਚੜਿਆ ਸੋਧਣਿ ਧਰਤਿ ਲੋਕਾਈ’ ਕਿਹਾ ਸੀ ਅਤੇ ਜਿਹੜੇ ਗੁਰੂ ਸਾਹਿਬ ਨੇ ਲੋਕਾਂ ਦੀ ਕਿਰਤ-ਕਮਾਈ ‘ਤੇ ਐਸ਼ ਕਰਨ ਵਾਲਿਆਂ ਬਾਰੇ ਕਿਹਾ ਸੀ, ‘ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥’ ਸੰਦੇਸ਼ ਤਾਂ ਸੁੱਚਾ ਹੈ ਗੁਰੂ ਬਾਬੇ ਦਾ, ਪਰ ਇਸ ਦਾ ਚੇਤਾ ਭੁਲਾ ਦਿੱਤਾ ਗਿਆ ਜਾਪਦਾ ਹੈ।