ਡਾ. ਸੁਖਪਾਲ ਸੰਘੇੜਾ
ਪ੍ਰੋਫੈਸਰ ਆਫ ਫਿਜ਼ਿਕਸ ਐਂਡ ਕੰਪਿਊਟਰ ਸਾਇੰਸ
ਹਾਲ ਹੀ ਵਿਚ ਪੰਜਾਬੀ ਅਖਬਾਰੀ ਤੇ ਸੋਸ਼ਲ ਮੀਡੀਆ ਵਿਚ ਪੰਜਾਬੀ ਸਾਹਿਤ ਤੇ ਚਿੰਤਨ ਪਰੰਪਰਾ ਦੇ ਸੰਦਰਭ ਵਿਚ ਚੱਲੀ ਬਹਿਸ ਵਿਚ ਕੁਝ ਅਹਿਮ ਮੁੱਦੇ ਤੇ ਨੁਕਤੇ ਉਠਾਏ ਗਏ ਹਨ। ਇਨ੍ਹਾਂ ‘ਚੋਂ ਕੇਂਦਰੀ ਮੁੱਦਾ ਮੌਜੂਦਾ ਪੰਜਾਬੀ ਚਿੰਤਨ ਵਿਚ ਮੌਲਿਕਤਾ ਦੀ ਘਾਟ ਦਾ ਹੈ। ਇਹ ਮੁੱਦਾ ਇਸ ਫਿਕਰ ਨਾਲ ਸਾਹਮਣੇ ਲਿਆਂਦਾ ਗਿਆ ਹੈ, “ਵੀਹਵੀਂ ਤੇ ਇੱਕੀਵੀਂ ਸਦੀ ਵਿਚ ਵੀ ਪੰਜਾਬੀ ਵਿਚ ਕੋਈ ਅਜਿਹਾ ਮੌਲਿਕ ਚਿੰਤਕ ਪੈਦਾ ਨਹੀਂ ਹੋਇਆ, ਜੋ ਪੰਜਾਬ ਨੂੰ ਦਰਪੇਸ਼ ਮਸਲਿਆਂ ਦਾ ਵਿਸ਼ਲੇਸ਼ਣ ਕਰਨ ਦੇ ਨਾਲ ਨਾਲ ਵਿਸ਼ਵ ਚਿੰਤਨ ਨਾਲ ਦੋ-ਚਾਰ ਹੁੰਦਾ ਹੋਇਆ ਮੌਲਿਕ ਚਿੰਤਨ ਵੱਲ ਵਧ ਸਕਦਾ।”
ਬਿਨਾ-ਸ਼ੱਕ, ਇਹ ਮੌਲਿਕ ਚਿੰਤਨ ਵੱਲ ਨੂੰ ਵਧਣ ਵਾਲੇ ਕਈ ਸੰਭਵ ਰਸਤਿਆਂ ‘ਚੋਂ ਇੱਕ ਸੀ ਤੇ ਹੈ। ਖੈਰ, ਇਹ ਵੀ ਕਿਹਾ ਗਿਆ ਹੈ ਕਿ ਗੁਰੂ ਨਾਨਕ ਦੇਵ, ਹੋਰ ਗੁਰੂ ਸਾਹਿਬਾਨ ਤੇ ਸੂਫੀ ਸ਼ਾਇਰਾਂ ਤੋਂ ਬਾਅਦ ਪੰਜਾਬੀ ਚਿੰਤਨ ਦੇ ਇਤਿਹਾਸ ਵਿਚ ਡੂੰਘੇ ਖੱਪੇ ਨਜ਼ਰ ਆਉਂਦੇ ਹਨ। ਇਸ ਦਾ ਮੁੱਖ ਕਾਰਨ ਕੀ ਹੈ? ਮੇਰੀ ਜਾਚੇ ਇਸ ਸੁਆਲ ਦਾ ਦੋ-ਸ਼ਬਦੀ ਜੁਆਬ ਹੈ: ਭੂਤਮੁਖੀ ਪਹੁੰਚ।
ਇਸ ਜੁਆਬ ਦੀ ਵਿਆਖਿਆ ਮੈਂ ਵਿਸ਼ਵ ਪੱਧਰ ਦੇ ਦੋ ਤੁਲਨਾਤਮਕ ਤੱਥਾਂ ਨਾਲ ਸ਼ੁਰੂ ਕਰਾਂਗਾ। ਪਹਿਲਾ ਤੱਥ, ਗਰੀਕ ਫਿਲਾਸਫਰਾਂ ਤੋਂ ਸ਼ੁਰੂ ਹੋਏ ਪੱਛਮੀ ਫਲਸਫੇ ਵਿਚ ਸ਼ੁਰੂ ਤੋਂ ਹੀ ਧਰਮ ਦੇ ਨਾਲ ਨਾਲ ਵਿਗਿਆਨ ਨੇ ਅਹਿਮ ਭੂਮਿਕਾ ਨਿਭਾਈ ਹੈ, ਜਦੋਂ ਕਿ ਪ੍ਰਾਚੀਨ ਭਾਰਤੀ ਫਲਸਫੇ ਵਿਚ ਹੋਰ ਧਾਰਮਿਕ ਮੱਤਾਂ ਦੇ ਮੁਕਾਬਲੇ ਕੱਟੜਪੰਥੀ ਯਾਨਿ ਆਰਥੋਡਾਕਸ, ਹਿੰਦੂ ਫਲਸਫਾ ਭਾਰੂ ਰਿਹਾ ਹੈ, ਤੇ ਵਿਗਿਆਨ ਕਰੀਬ ਗੈਰਹਾਜ਼ਰ। ਇਸ ਹਿੰਦੂ ਫਲਸਫੇ ‘ਚੋਂ ਜੋ ਗਿਆਨ ਵਿਦਵਾਨਾਂ ਯਾਨਿ ਬ੍ਰਾਹਮਣ ਵਰਗ ਵਲੋਂ ਦਿੱਤਾ ਗਿਆ ਤੇ ਲੋਕਾਂ ਵਿਚ ਪ੍ਰਵਾਨ ਚੜ੍ਹਿਆ, ਉਸ ਵਿਚ ਸ਼ਾਮਲ ਸੀ: ਬ੍ਰਹਮਾ, ਆਤਮਾ, ਦੇਵੀ-ਦੇਵਤੇ, ਨਿਰਵਾਣਾ, ਧਰਮ-ਕਰਮ, ਪੁਨਰ-ਜਨਮ, ਤੇ ਹੋਰ ਧਾਰਮਿਕ ਨਿੱਕ-ਸੁਕ ਬਾਰੇ ਸਿਧਾਂਤ ਤੇ ਕਹਾਣੀਆਂ। ‘ਪਹਿਲਾਂ ਸੱਤਯੁੱਗ’ ਸੀ ਅਤੇ ਤ੍ਰੇਤਾ ਤੇ ਦੁਆਪਰ ਪਿਛੋਂ ਹੁਣ ਕਲਯੁੱਗ ਹੈ’, ਭਾਵ ਬੀਤਿਆ ਸਮਾਂ ਅੱਜ ਤੇ ਭਵਿੱਖ ਤੋਂ ਵਧੀਆ ਸੀ; ਇਸ ਤੇ ਇਸ ਵਰਗੀਆਂ ਹੋਰ ਹਿੰਦੂ ਫਲਸਫੇ ਵਿਚਲੀਆਂ ਪਿਛਲ-ਖੁਰੀ ਧਾਰਨਾਵਾਂ ਨੇ ਵਿਗਿਆਨ ਤੇ ਵਿਗਿਆਨਕ ਸੋਚ ਦੀ ਗੈਰਹਾਜ਼ਰੀ ਵਿਚ ਭਾਰਤੀ ਲੋਕ ਮਾਨਸਿਕਤਾ ਵਿਚ ਭੂਤਮੁਖੀ ਪਹੁੰਚ ਕੁੱਟ ਕੁੱਟ ਕੇ ਭਰ ਦਿੱਤੀ। ਪ੍ਰਾਚੀਨ ਭਾਰਤੀ ਫਲਸਫੇ ਤੇ ਸੰਸਕ੍ਰਿਤੀ ਦੇ ਆਧਾਰ ‘ਤੇ ਪਿੱਠ-ਭੂਮੀ ‘ਚ ਵਿਕਸਿਤ ਹੋਈ ਪੰਜਾਬੀ ਜੀਵਨ ਜਾਚ ਤੇ ਪੰਜਾਬੀ ਚਿੰਤਨ ਮੁੱਢ ਤੋਂ ਹੀ ਭੂਤਮੁਖੀ ਪਹੁੰਚ ਸੰਗ ਗ੍ਰਸਤ ਰਹੇ ਨੇ।
ਦੂਜਾ ਢੁਕਵਾਂ ਤੁਲਨਾਤਮਕ ਤੱਥ ਹੈ, ਯੂਰਪ ਵਿਚ 14ਵੀਂ ਤੋਂ 17ਵੀਂ ਸਦੀ ਤੱਕ ਚੱਲੀ ‘ਰੈਨੇਸਾਂਸ’ ਨਾਂ ਦੀ ਜਾਗ੍ਰਿਤੀ ਲਹਿਰ, ਜਿਸ ਦੌਰਾਨ ਯੂਰਪ ਨੇ ਹਰ ਖੇਤਰ ਵਿਚ ਤਰੱਕੀ ਕੀਤੀ ਤੇ ਜਿਸ ਨੂੰ ਪੈਦਾ ਕਰਨ ਤੇ ਚਲਾਉਣ ਵਿਚ ਵਿਗਿਆਨ ਦਾ ਵਿਸ਼ੇਸ਼ ਹੱਥ ਰਿਹਾ। ਇਸ ਦੌਰਾਨ ਹੋਰਨਾਂ ਵਿਗਿਆਨਕ ਪ੍ਰਾਪਤੀਆਂ ਤੋਂ ਇਲਾਵਾ ਵਿਗਿਆਨਕ ਖੋਜ ਨੇ ਬ੍ਰਹਿਮੰਡ ਦਾ ਮਾਡਲ ਬਦਲ ਕੇ ਰੱਖ ਦਿੱਤਾ, ਜਿਸ ਵਿਚ ਧਰਤੀ ਹੁਣ ਬ੍ਰਹਿਮੰਡ ਦਾ ਕੇਂਦਰ ਨਹੀਂ ਸੀ, ਸਗੋਂ ਹੋਰ ਗ੍ਰਹਿਆਂ ਸਮੇਤ ਸੂਰਜ ਦੁਆਲੇ ਘੁੰਮਦੀ ਹੈ। ‘ਰੈਨੇਸਾਂਸ’ ਨੇ ਵਿਗਿਆਨ ਖੋਜਾਂ ਤੇ ਉਨ੍ਹਾਂ ਦੇ ਇਸਤੇਮਾਲ ਦੇ ਸਹਾਰੇ ਯੂਰਪ ਨੂੰ ਹੌਲੀ ਹੌਲੀ ਮੱਧਕਾਲੀਨ ਯੁੱਗ ਵਿਚੋਂ ਕੱਢ ਕੇ ਆਧੁਨਿਕ ਯੁੱਗ ਵਿਚ ਪਾ ਦਿੱਤਾ। ਜਿਸ ਸਮੇਂ ਯੂਰਪ ਵਿਚ ‘ਰੈਨੇਸਾਂਸ’ ਚੱਲ ਰਿਹਾ ਸੀ, ਉਸੇ ਦੌਰਾਨ ਪੰਜਾਬ ਵਿਚ ਸਿੱਖ ਗੁਰੂਆਂ ਦੀ ਲਹਿਰ, ਸੂਫੀ ਕਾਵਿ ਲਹਿਰ, ਤੇ ਭਗਤੀ ਲਹਿਰ ਚੱਲੀਆਂ। ਇਹ ਤਿੰਨੇ ਕਿਸੇ ਨਾ ਕਿਸੇ ਕਦਰ ਜਾਗ੍ਰਿਤੀ ਲਹਿਰਾਂ ਸਨ, ਜਿਨ੍ਹਾਂ ਨੇ ਧਾਰਮਿਕ ਕੱਟੜਤਾ, ਅਰਥਹੀਣ ਰਸਮਾਂ ਤੇ ਪਖੰਡਾਂ ਦਾ ਖੰਡਨ ਕਰਦਿਆਂ ਮਨੁੱਖੀ ਬਰਾਬਰੀ, ਪਿਆਰ ਤੇ ਰੱਬੀ ਪਿਆਰ ਦਾ ਸੰਦੇਸ਼ ਦਿੱਤਾ।
ਇਨ੍ਹਾਂ ਜਾਗ੍ਰਿਤੀ ਲਹਿਰਾਂ ਤੇ ਰੈਨੇਸਾਂਸ ਜਾਗ੍ਰਿਤੀ ਲਹਿਰ ਵਿਚ ਸਾਂਝਾ ਤੱਤ ਸੀ, ਮਾਨਵਵਾਦ। ਉਂਜ ਇਨ੍ਹਾਂ ਦੀ ਬੜੀ ਇਤਿਹਾਸਕ ਦੇਣ ਹੈ, ਅਧਿਆਤਮਵਾਦੀ ਪੈਂਤੜੇ ਤੋਂ ਚੱਲੀਆਂ ਇਹ ਲਹਿਰਾਂ ਵਿਗਿਆਨ ਦੀ ਗੈਰਹਾਜ਼ਰੀ ਵਿਚ ਪੰਜਾਬ ਵਿਚ ਯੁੱਗ ਤਬਦੀਲੀ ਨਾ ਕਰ ਸਕੀਆਂ। ਯਾਦ ਰਹੇ, ਪੰਜਾਬ ਵਿਚ ਆਧੁਨਿਕਤਾ ਗਿਆਨ-ਵਿਗਿਆਨ ਜਾਂ ਅਰਥਚਾਰੇ ਦੇ ਖੇਤਰਾਂ ਵਿਚ ਆਈਆਂ ਤਬਦੀਲੀਆਂ ਕਾਰਨ ਨਹੀਂ ਆਈ, ਸਗੋਂ ਅੰਗਰੇਜ਼ੀ ਸਾਮਰਾਜ ਦੀ ਗੁਲਾਮੀ ਹੇਠਲੇ ਬਸਤੀਵਾਦੀ ਰੂਪ ਰਾਹੀਂ ਆਈ। ਨਤੀਜਨ, ਬੁਨਿਆਦੀ ਤੌਰ ‘ਤੇ ਹਿੰਦੂ ਫਲਸਫੇ ‘ਚੋਂ ਮਿਲੀ ਭੂਤਮੁਖੀ ਪਹੁੰਚ ਤੇ ਸੋਚ ਅੱਜ ਤੱਕ ਅਮਰ ਹੈ। ਹੁਣ ਅਸੀਂ ਇਸ ਭੂਤਮੁਖੀ ਪਹੁੰਚ ਦੇ ‘ਪੰਜਾਬੀ ਚਿੰਤਨ ਦੀ ਮੌਲਿਕਤਾ’ ਸੰਗ ਰਿਸ਼ਤੇ ਦੀ ਜਾਂਚ ਪੜਤਾਲ ਕਰਦੇ ਹਾਂ।
ਪੰਜਾਬੀ ਚਿੰਤਨ ਦੀ ਮੌਲਿਕਤਾ ਦੇ ਸੰਦਰਭ ਵਿਚ ਹੀ ਵਿਸ਼ਵ ਪੱਧਰ ‘ਤੇ ਵੱਖ ਵੱਖ ਖੇਤਰਾਂ ਵਿਚ ਪੰਜਾਬੀ ਮੂਲ ਦੇ ਚਿੰਤਕਾਂ ਤੇ ਖੋਜੀਆਂ ਵਲੋਂ ਪੰਜਾਬੀ ਦੀ ਥਾਂ ਅੰਗਰੇਜ਼ੀ ਮਾਧਿਅਮ ਚੁਣਨ ‘ਤੇ ਗਿਲਾ ਕਰਦਿਆਂ ਕਿਹਾ ਗਿਆ ਹੈ, “ਆਪਣੀ ਭਾਸ਼ਾ ਤੋਂ ਬੇਗਾਨਗੀ ਕਾਰਨ ਉਹ ਮੌਲਿਕਤਾ ਤੋਂ ਦੂਰ ਰਹਿਣਗੇ।” ਪਹਿਲੀ ਗੱਲ, ਕਿਸੇ ਵੀ ਵਿਸ਼ੇ ਵਿਚ ਚਿੰਤਨ ਤੇ ਖੋਜੇ ਗਿਆਨ ਦੀ ਮੌਲਿਕਤਾ ਉਨ੍ਹਾਂ ਦੇ ਤੱਤ ਵਿਚ ਹੁੰਦੀ ਹੈ, ਇਸ ਗੱਲ ਵਿਚ ਨਹੀਂ ਕਿ ਚਿੰਤਨ ਜਾਂ ਗਿਆਨ ਕਿਸ ਮਾਧਿਅਮ ਵਿਚ ਪ੍ਰਗਟ ਕੀਤਾ ਗਿਆ ਹੈ। ਮਾਧਿਅਮ ਦੀ ਮੌਲਿਕਤਾ ਗਿਆਨ ਦੀ ਮੌਲਿਕਤਾ ਵਿਚੋਂ ਹੀ ਨਿਕਲਦੀ ਹੈ। ਦੂਜੀ ਗੱਲ, ਜੇ ਸਭ ਵਿਚ ਨਹੀਂ ਤਾਂ ਬਹੁਤੇ ਵਿਸ਼ਿਆਂ ਵਿਚ ਵਿਸ਼ਵ ਪੱਧਰ ‘ਤੇ ਪੰਜਾਬੀ ਮੂਲ ਦੇ ਚਿੰਤਕ ਤੇ ਖੋਜੀ ਜੇ ਪੰਜਾਬੀ ਮਾਧਿਅਮ ਅਪਨਾਉਣਾ ਵੀ ਚਾਹੁਣ, ਤਾਂ ਵੀ ਨਹੀਂ ਅਪਨਾ ਸਕਦੇ। ਇਹਦੇ ਦੋ ਅਮਲੀ ਕਾਰਨ ਹਨ: ਪਹਿਲਾ, ਪੰਜਾਬੀ ਕੋਲ ਬਹੁਤੇ, ਖਾਸ ਕਰ ਵਿਗਿਆਨ ਦੇ ਵਿਸ਼ਿਆਂ ਲਈ ਉਚਿੱਤ ਸ਼ਬਦਾਵਲੀ ਨਹੀਂ ਹੈ। ਦੂਜਾ, ਖੋਜੀਆਂ ਨੇ ਆਪਣੀ ਖੋਜ ਅਕਸਰ ਹੋਰ ਖੋਜੀਆਂ ਦੇ ਮਾਹੌਲ ਵਿਚ ਚਲਾਉਣੀ ਤੇ ਉਨ੍ਹਾਂ ਨਾਲ ਸਾਂਝੀ ਕਰਨੀ ਹੁੰਦੀ ਹੈ। ਇਸ ਲਈ ਮਾਧਿਅਮ ਵਾਸਤੇ ਸਾਂਝੀ ਕੌਮਾਂਤਰੀ ਭਾਸ਼ਾ ਦੀ ਵਰਤੋਂ ਇੱਕ ਲੋੜ ਬਣ ਜਾਂਦੀ ਹੈ। ਇਸ ਪ੍ਰਸੰਗ ਵਿਚ ਪੰਜਾਬੀ ਭਾਸ਼ਾ ਦੀ ਸਮੱਸਿਆਂ ਹੋਰਨਾਂ ਸਥਾਨਕ ਭਾਸ਼ਾਵਾਂ ਦੀਆਂ ਸਮੱਸਿਆਵਾਂ ਤੋਂ ਕੋਈ ਬਾਹਲੀ ਵੱਖਰੀ ਨਹੀਂ।
ਚਿੰਤਨ ਦੀ ਮੌਲਿਕਤਾ ਦੇ ਸੰਦਰਭ ਵਿਚ ਇਨ੍ਹਾਂ ਸਮੱਸਿਆਵਾਂ ਦਾ ਹੱਲ ਭੂਤਮੁਖੀ ਭਾਵੁਕ ਪਹੁੰਚ ਵਿਚੋਂ ਨਹੀਂ, ਸਗੋਂ ਮੌਜੂਦਾ ਹਕੀਕਤਾਂ ਨਾਲ ਦੋ ਹੱਥ ਹੁੰਦਿਆਂ ਭਵਿੱਖਮੁਖੀ ਪਹੁੰਚ ਅਪਨਾ ਕੇ ਹੀ ਕੱਢੇ ਜਾ ਸਕਦੇ ਨੇ। ਮਿਸਾਲ ਵਜੋਂ ਪੰਜਾਬ ਦੇ ਪੰਜਾਬੀ ਵਿਦਿਅਕ ਅਦਾਰੇ, ਵਿਦਵਾਨ ਤੇ ਸਰਕਾਰ ਅੱਜ ਦੀਆਂ ਸਮੱਸਿਆਵਾਂ ਦੇ ਵਿਸ਼ਲੇਸ਼ਣ ਮੌਜੂਦਾ ਸਥਾਨਕ ਤੇ ਵਿਸ਼ਵ ਹਾਲਾਤ ਦੇ ਪ੍ਰਸੰਗ ਵਿਚ ਕਰਨ ਅਤੇ ਉਨ੍ਹਾਂ ਦੇ ਹੱਲ ਅੱਜ ਦੇ ਸਮੇਂ ਦੀ ਹਾਣੀ ਵਿਗਿਆਨਕ ਸੋਚ ‘ਚੋਂ ਕੱਢਣ; ਤਾਂ ਉਚਿੱਤ ਸ਼ਬਦਾਵਲੀ ਦੇ ਵਿਕਸਿਤ ਹੋਣ ਸਮੇਤ ਮਾਧਿਅਮ ਭਾਸ਼ਾ ਦਾ ਸਮੁੱਚਾ ਵਿਕਾਸ ਇੱਕ ਲੋੜ ਬਣ ਜਾਂਦਾ ਹੈ; ਫਿਰ ‘ਲੋੜ ਕਾਢ ਦੀ ਮਾਂ’ ਦੇ ਕਥਨ ਅਨੁਸਾਰ ਭਾਸ਼ਾ ਦਾ ਵਿਕਾਸ ਹੋ ਹੀ ਜਾਂਦਾ ਹੈ ਜਾਂ ਕਰਨਾ ਪੈਂਦਾ ਹੈ; ਫਿਰ ਮੌਲਿਕਤਾ ਆਪਣੇ ਆਪ ਹੀ ਸਹਿਜ-ਸੁਭਾਅ ਵੱਖੋ-ਵੱਖ ਖੇਤਰਾਂ ਦੀਆਂ ਦਿਸ਼ਾਵਾਂ ਵਿਚ ਉਗਮਣ ਲੱਗ ਪੈਂਦੀ ਹੈ। ਇੰਜ ਪੰਜਾਬੀ ਕੋਲ ਬਾਹਲੇ ਵਿਸ਼ਿਆਂ ਲਈ ਉਚਿੱਤ ਸ਼ਬਦਾਵਲੀ ਨਾ ਹੋਣ ਕਾਰਨ ਉਨ੍ਹਾਂ ਵਿਸ਼ਿਆਂ ਦੀ ਮਾਧਿਅਮ ਭਾਸ਼ਾ ਬਣਨ ਤੋਂ ਪੰਜਾਬੀ ਵਾਂਝੀ ਰਹੀ; ਇਸ ਅਸਫਲਤਾ ਦਾ ਸਿਹਰਾ ਅੱਜ ਦੀ ਵਿਗਿਆਨਕ ਸੋਚ ਤੋਂ ਆਰੀ ਪੰਜਾਬ ਸਰਕਾਰ, ਪੰਜਾਬੀ ਯੂਨੀਵਰਸਿਟੀ ਤੇ ਪੰਜਾਬੀ ਵਿਦਵਾਨਾਂ ਦੀ ਸਮੂਹਕ ਭੂਤਮੁਖੀ ਪਹੁੰਚ ਦੇ ਸਿਰ ਹੀ ਬੱਝਦਾ ਹੈ। ਸਿਰਫ ਇਵੇਂ ਹੀ ਨਹੀਂ, ਹੋਰ ਵੀ ਕਈ ਢੰਗਾਂ ਨਾਲ ਭੂਤਮੁਖੀ ਪਹੁੰਚ ਪੰਜਾਬੀ ਚਿੰਤਨ ਦੀ ਮੌਲਿਕਤਾ ਨਾਲ ਦੁਸ਼ਮਣੀ ਨਿਭਾਉਂਦੀ ਰਹੀ ਹੈ।
ਪੰਜਾਬੀ ਚਿੰਤਨ ਵਿਚ ਮੌਲਿਕਤਾ ਦੀ ਗੈਰਹਾਜ਼ਰੀ ਦਾ ਮੁੱਦਾ ਉਠਾਉਣਾ ਅਤੇ ਇਸ ਸਮੱਸਿਆ ਦੇ ਕਾਰਨ ਤੇ ਹੱਲ ਲੱਭਣ ਦੀ ਕੋਸ਼ਿਸ਼ ਕਰਨਾ ਆਪਣੇ ਵਿਚ ਹੀ ਉਸਾਰੂ ਕਾਰਜ ਹੈ; ਪਰ ਜੇ ਇਹ ਕਾਰਨ ਭੂਤਮੁਖੀ ਪਹੁੰਚ ਨਾਲ ਕਰਾਂਗੇ ਤਾਂ ਨਾ ਦਰੁਸਤ ਕਾਰਨ ਲੱਭ ਸਕਾਂਗੇ ਅਤੇ ਨਾ ਹੀ ਢੁਕਵੇਂ ਹੱਲ ਡਿਜ਼ਾਇਨ ਤੇ ਲਾਗੂ ਕਰ ਸਕਾਂਗੇ। ਇਸ ਚਰਚਿਤ ਪਹਿਲਾਂ ਹੀ ਚੱਲ ਚੁੱਕੀ ਬਹਿਸ ਦੌਰਾਨ ਭੂਤਮੁਖੀ ਪਹੁੰਚ ਨਾਲ ਗ੍ਰਸਤ ਸੋਚ ਸੰਗ ਪੇਸ਼ ਕੀਤੇ ਨੁਕਤਿਆਂ ਨਾਲ ਅਜਿਹਾ ਹੀ ਕੁਝ ਵਾਪਰਿਆ ਹੈ।
ਇਸ ਲੇਖ ਦੇ ਵਿਸ਼ੇ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਨੁਕਤਿਆਂ ਦੀਆਂ ਕੁਝ ਹੋਰ ਮਿਸਾਲਾਂ ਹਨ: ਅੱਜ ਦੇ ਹਾਲਾਤਾਂ ਨੂੰ ਨਜ਼ਰਅੰਦਾਜ਼ ਕਰਦਿਆਂ ਕਿਹਾ ਗਿਆ ਹੈ, “ਹਰ ਭੂਗੋਲਿਕ ਖਿੱਤੇ ਵਿਚ ਭਾਸ਼ਾ, ਸਾਹਿਤ ਅਤੇ ਚਿੰਤਨ ਵੱਖ ਵੱਖ ਤਰ੍ਹਾਂ ਨਾਲ ਵਿਗਸਦੇ ਹਨ” ਤੇ ਇਸ ਵਿਚ ਵਿਸ਼ਵੀਕਰਨ ਦੇ ਰੋਲ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਇਸ ਸੱਚਾਈ ਤੋਂ ਅੱਖਾਂ ਨਹੀਂ ਮੀਟੀਆਂ ਜਾ ਸਕਦੀਆਂ ਕਿ 1990ਵਿਆਂ ਦੌਰਾਨ ਇੰਟਰਨੈਟ ਤੇ ਵਰਲਡ ਵਾਈਡ ਵੈਬ ਰਾਹੀਂ ਸ਼ੁਰੂ ਕੀਤੇ ਗਏ ਸੂਚਨਾ ਯੁੱਗ ਨੇ ਵਿਸ਼ਵੀਕਰਨ ਦੀ ਪ੍ਰਕ੍ਰਿਆ ਤੇ ਮਹੱਤਵ ਨੂੰ ਵਧਾਇਆ ਹੈ। ਸੋ, ਗੁਜ਼ਰ ਗਏ ਸਮੇਂ ਸਾਹਿਤ, ਚਿੰਤਨ ਤੇ ਹੋਰ ਚੀਜ਼ਾਂ ਦੇ ਵਿਕਾਸ ਵਿਚ ਵਿਸ਼ਵੀਕਰਨ ਦੇ ਰੋਲ ਨੂੰ ਸਥਾਨੀਕਰਨ ਦੇ ਮੁਕਾਬਲੇ ਸ਼ਾਇਦ ਨਜ਼ਰਅੰਦਾਜ਼ ਕੀਤਾ ਜਾ ਸਕਦਾ ਸੀ; ਪਰ ਅੱਜ ਇਸ ਦੇ ਪ੍ਰਭਾਵ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਪੰਜਾਬੀ ਚਿੰਤਨ ਦੀ ਮੌਲਿਕਤਾ ਦੇ ਸੰਦਰਭ ਵਿਚ ਹੀ ਉਠਾਇਆ ਹੇਠਲਾ ਨੁਕਤਾ ਵੀ ਆਧੁਨਿਕ ਯੁੱਗ ਦੇ ਮੌਜੂਦਾ ਹਾਲਾਤ ਨੂੰ ਨਜ਼ਰਅੰਦਾਜ਼ ਕਰਦਾ ਭੂਤਮੁਖੀ ਪਹੁੰਚ ਦਾ ਪ੍ਰਗਟਾਵਾ ਹੀ ਕਰਦਾ ਹੈ:
“ਭਾਸ਼ਾ ਰਾਹੀਂ ਪੰਜਾਬੀ ਸਭਿਆਚਾਰ ਤੇ ਇਥੋਂ ਦੇ ਭੋਇੰ-ਮੁਖੀ ਬੰਦੇ ਦੇ ਗੌਰਵ ਨੂੰ ਕਾਇਮ ਰੱਖਿਆ ਜਾ ਸਕਦਾ ਹੈ। ਆਪਣੀ ਭਾਸ਼ਾ ਤੋਂ ਬੇਗਾਨਾ ਹੋਇਆ ਬੰਦਾ ਆਪਣੇ ਸਭਿਆਚਾਰ ਤੇ ਭੋਇੰ ਤੋਂ ਟੁੱਟਦਾ ਹੈ; ਮਾਨਸਿਕ ਵਿਕਾਰਾਂ ਦਾ ਸ਼ਿਕਾਰ ਹੁੰਦਾ ਹੈ।” ਖਾਸ ਕਰ ਜਾਗੀਰੂ ਸਮਾਜ ਤੇ ਸੋਚ ਪ੍ਰਬੰਧ ਦੇ ਚੌਖਟੇ ਵਿਚ ਇਹ ਕਥਨ ਖਰਾ ਲੱਗ ਸਕਦਾ ਹੈ, ਪਰ ਸਾਨੂੰ ਇਹ ਹਕੀਕਤ ਅੱਖੋਂ ਪਰੋਖੇ ਨਹੀਂ ਕਰਨੀ ਚਾਹੀਦੀ ਕਿ ਸਮੇਂ ਸੰਗ ਸਮਾਜ ਦੀ ਤਬਦੀਲੀ ਤੇ ਵਿਕਾਸ ਦੇ ਨਾਲ ਨਾਲ ਬੰਦੇ ਦੀ ਮਾਨਸਿਕਤਾ ਦਾ ਵਿਕਾਸ ਵੀ ਹੁੰਦਾ ਹੈ (ਜਾਂ ਹੋਣਾ ਚਾਹੀਦਾ ਹੈ), ਤਾਂ ਗੌਰਵ ਦੀ ਪਰਿਭਾਸ਼ਾ ਤੇ ਪੈਮਾਨੇ ਵੀ ਬਦਲਦੇ ਰਹਿੰਦੇ ਨੇ। ਜੇ ਬੰਦੇ ਦੀ ਮਾਨਸਿਕਤਾ ਦਾ ਉਚਿਤ ਹੱਦ ਤੱਕ ਵਿਕਾਸ ਨਹੀਂ ਹੁੰਦਾ, ਤਾਂ ਉਹ ਸਮਾਜ ਪਛੜ ਜਾਂਦਾ ਹੈ। ਇਹੀ ਹੋਇਆ ਤੇ ਹੋ ਰਿਹਾ ਹੈ, ਪੰਜਾਬੀ ਤੇ ਕਿਸੇ ਹੱਦ ਤੱਕ ਸਮੁੱਚੇ ਭਾਰਤੀ ਸਮਾਜ ਨਾਲ, ਜ਼ਿਆਦਾਤਰ ਭੂਤਮੁਖੀ ਪਹੁੰਚ ਸਦਕਾ। ਉਪਰੋਤਕ ‘ਬੰਦੇ ਦੇ ਗੌਰਵ’ ਵਾਲੇ ਨੁਕਤੇ ਨੂੰ ਵਿਚਾਰਦਿਆਂ ਨੋਟ ਕਰਨਾ ਚਾਹੀਦਾ ਹੈ ਕਿ ਅੱਜ ਦੇ ਵਿਗਿਆਨਕ ਤੇ ਸੂਚਨਾ ਯੁੱਗ ਵਿਚ ਜਦੋਂ ਸੰਸਾਰ ਤੇਜ਼ੀ ਨਾਲ ਗਲੋਬਲ ਵਿਲੇਜ ਬਣਦਾ ਜਾ ਰਿਹਾ ਹੈ, ਵਿਸ਼ਵੀਕਰਨ ਦੇ ਕਾਰਕ ਨੂੰ ਕਿਸੇ ਵੀ ਖੇਤਰ ਵਿਚ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਬੰਦੇ ਦਾ ਬਹੁ-ਭਾਸ਼ਾਈ ਹੋਣਾ ਤੇ ਘੱਟੋ-ਘੱਟ ਪੱਛਮ ਵਿਚ ਕਿਸੇ ਪਰਿਵਾਰ ਦਾ ਦੋ ਸਭਿਆਚਾਰਾਂ ਦੇ ਮਿਸ਼ਰਣ ਵਿਚ ਸੁੱਖੀਂ-ਸਾਂਦੀਂ ਰਹਿਣਾ ਕੋਈ ਖਾਸ ਗੱਲ ਨਹੀਂ। ਬਹੁ-ਭਾਸ਼ਾਈ ਜਾਂ ਬਹੁ-ਸਭਿਆਚਾਰੀ ਹੋਣ ਨਾਲ ਕਿਸੇ ਇੱਕ ਭਾਸ਼ਾ ਜਾਂ ਸਭਿਆਚਾਰ ਤੋਂ ਟੁੱਟਣਾ ਜ਼ਰੂਰੀ ਨਹੀਂ, ਸਗੋਂ ਅਜਿਹੇ ਮਾਹੌਲ ਵਿਚ ‘ਮਾਨਸਿਕ ਵਿਕਾਰ ਤੇ ਦੁਬਿਧਾ ਦਾ ਸ਼ਿਕਾਰ’ ਹੋਣ ਦੀ ਥਾਂ ਬੰਦੇ ਦੀ ਮਾਨਸਿਕਤਾ ਦਾ ਵਿਕਾਸ ਹੁੰਦਾ ਹੈ; ਜੇ ਮਨ ਭਵਿੱਖ ਵੱਲ ਵੇਖਦਾ, ਅੱਜ ਵਿਚ ਜੀਵੇ, ਤੇ ਅਤੀਤ ਵਿਚ ਨਾ ਅੜਿਆ ਰਹਿ ਗਿਆ ਹੋਵੇ। ਉਲਟਾ, ਬੰਦਾ ਮਾਨਸਿਕ ਵਿਕਾਰ ਤੇ ਦੁਬਿਧਾ ਦਾ ਸ਼ਿਕਾਰ ਉਦੋਂ ਹੁੰਦਾ ਹੈ, ਜਦੋਂ ਅੱਜ ਰੋਜ਼ਾਨਾ ਹਕੀਕਤ ਵਿਚੋਂ ਭਵਿੱਖ ਥਾਪੀਆਂ ਮਾਰ ਰਿਹਾ ਹੋਵੇ ਅਤੇ ਬੰਦਾ ਆਪਣੀ ਤੇ ਆਪਣੇ ਗਿਰਦ ਪ੍ਰਬੰਧ ਦੀ ਭੂਤਮੁਖੀ ਪਹੁੰਚ ਕੋਲੋਂ ਨਿੱਤ ਢਹਿ ਰਿਹਾ ਹੋਵੇ। ਇਹ ਹੀ ਕੁਝ ਹੋਣ ਦੀਆਂ ਅਲਾਮਤਾਂ ਨੇ ਜੋ ਵਾਪਰ ਰਿਹਾ ਹੈ, ਮੌਜੂਦਾ ਪੰਜਾਬ ਵਿਚ: ਪੰਜਾਬੀ ਬੰਦਾ ਨਸ਼ਿਆਂ ਦਾ ਸ਼ਿਕਾਰ ਹੋ ਰਿਹਾ ਹੈ, ਤੇ ਜਿਨ੍ਹਾਂ ਦਾ ਜਦੋਂ ਵੀ ਸੂਤ ਲੱਗਦਾ ਹੈ, ਪੱਛਮ ਦੇ ਦੇਸ਼ਾਂ ਨੂੰ ਦੌੜ ਰਹੇ ਨੇ। ਮੁੱਕਦੀ ਗੱਲ, ਅੱਜ ਦੀਆਂ ਸਥਾਨਕ ਸਮੱਸਿਆਵਾਂ ਨੂੰ ਵਿਸ਼ਵ ਦੇ ਹਾਲਾਤਾਂ ਦੇ ਸੰਦਰਭ ਵਿਚ ਅੱਜ ਦੀ ਢੁਕਵੀਂ ਸੋਚ ਨਾਲ ਨਜਿੱਠੇ ਬਿਨਾ ਵਿਗਿਆਨ, ਚਿੰਤਨ ਜਾਂ ਕਿਸੇ ਵੀ ਵਿਸ਼ੇ ਦੀ ਮੌਲਿਕਤਾ ਵੱਲ ਨਹੀਂ ਵਧਿਆ ਜਾ ਸਕਦਾ, ਭਾਸ਼ਾ ਭਾਵੇਂ ਕੋਈ ਵੀ ਹੋਵੇ।
ਪੰਜਾਬੀ ਚਿੰਤਨ ਦੀ ਮੌਲਿਕਤਾ ਬਾਰੇ ਬਹਿਸ ਵਿਚੋਂ ਹੁਣ ਮੈਂ ਆਖਰੀ ਮਿਸਾਲ ਦਿੰਦਿਆਂ ਦਿਖਾਉਂਦਾ ਹਾਂ ਕਿ ਕਿਵੇਂ ਗੱਲੀਂ ਗੱਲੀਂ ਤਾਂ ਅਸੀਂ ਵਿਸ਼ਵ ਚਿੰਤਨ ਦੇ ਪੱਧਰ ‘ਤੇ ਪਹੁੰਚ ਜਾਂਦੇ ਹਾਂ, ਪਰ ‘ਸਵੇਰ ਦਾ ਭੁਲਿਆ ਸ਼ਾਮ ਨੂੰ ਘਰ ਮੁੜ ਆਉਣ’ ਦੀ ਕਹਾਵਤ ਵਾਂਗ ਮੁੜ-ਘਿੜ ਘੁਮਾ-ਘੁਮਾ ਕੇ ਉਸੇ ਭੂਤਮੁਖੀ ਪਹੁੰਚ ਦੀ ਖਾਈ ਵਿਚ ਆ ਢਹਿੰਦੇ ਹਾਂ। ਇੱਕ ਪਾਸੇ, ਕਿਹਾ ਜਾ ਰਿਹਾ ਹੈ, “ਵੀਹਵੀਂ ਤੇ ਇੱਕੀਵੀਂ ਸਦੀ ਵਿਚ ਵੀ ਪੰਜਾਬੀ ਵਿਚ ਕੋਈ ਅਜਿਹਾ ਮੌਲਿਕ ਚਿੰਤਕ ਪੈਦਾ ਨਹੀਂ ਹੋਇਆ, ਜੋ ਪੰਜਾਬ ਨੂੰ ਦਰਪੇਸ਼ ਮਸਲਿਆਂ ਦਾ ਵਿਸ਼ਲੇਸ਼ਣ ਕਰਨ ਦੇ ਨਾਲ ਨਾਲ ਵਿਸ਼ਵ ਚਿੰਤਨ ਨਾਲ ਦੋ-ਚਾਰ ਹੁੰਦਾ ਹੋਇਆ ਮੌਲਿਕ ਚਿੰਤਨ ਵੱਲ ਵਧ ਸਕਦਾ।”
ਉਪਰੋਤਕ ਕਥਨ ਇਸ਼ਾਰਾ ਕਰਦਾ ਹੈ ਕਿ ਮੌਲਿਕ ਚਿੰਤਨ ਵੱਲ ਵਧਣ ਲਈ ਲਾਹੇਬੰਦ ਹੁੰਦਾ ਹੈ ਕਿ ਦਰਪੇਸ਼ ਸਥਾਨਕ ਸਮੱਸਿਆਵਾਂ ਦਾ ਵਿਸ਼ਲੇਸ਼ਣ ਕਰਨ ਦੇ ਨਾਲ ਨਾਲ ਵਿਸ਼ਵ ਚਿੰਤਨ ਨਾਲ ਦੋ-ਚਾਰ ਹੋਇਆ ਜਾਵੇ। ਸੋ, ਮੌਜੂਦਾ ਵਿਸ਼ਵੀਕਰਨ ਦੇ ਜ਼ਮਾਨੇ ਵਿਚ ਸਥਾਨਕ ਸਮੱਸਿਆਵਾਂ ਦਾ ਵਿਸ਼ਲੇਸ਼ਣ ਕਰਨ ਸਮੇਂ ਵਿਸ਼ਵ ਸਮੱਸਿਆਵਾਂ ਤੇ ਚਿੰਤਨ ਦੇ ਸੰਦਰਭ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ; ਵਿਸ਼ਲੇਸ਼ਣ ਤੋਂ ਦਰੁਸਤ ਸਿੱਟੇ ਕੱਢਣ ਲਈ। ਪਰ ਭੂਤਮੁਖੀ ਪਹੁੰਚ ਇਹ ਕਰਨ ਤੋਂ ਬੰਦੇ ਨੂੰ ਨਕਾਰਾ ਕਰ ਦਿੰਦੀ ਹੈ, ਜਦੋਂ ਉਪਰੋਤਕ ਕਥਨ ਦੇ ਫਿਕਰ ਨਾਲ ਸ਼ੁਰੂ ਹੁੰਦਾ ਇਕ ਲੇਖ ਇਸ ਪਰਸਪਰ-ਵਿਰੋਧੀ ਕਥਨ ਨਾਲ ਸਮਾਪਤ ਹੋ ਜਾਂਦਾ ਹੈ, “ਸਾਨੂੰ ਗੰਭੀਰ ਚਿੰਤਕਾਂ ਦੀ ਜ਼ਰੂਰਤ ਹੈ; ਬੁੱਲ੍ਹੇ ਸ਼ਾਹ ਦੇ ਬੋਲਾਂ ‘ਐ ਸ਼ਾਹ ਅਕਲ ਤੂੰ ਆਇਆ ਕਰ? ਸਾਨੂੰ ਅਦਬ ਅਦਾਬ ਸਿਖਾਇਆ ਕਰ’ ਵਾਲਾ ਚਿੰਤਨ ਹੀ ਪੰਜਾਬ ਦਾ ਅੱਗਾ ਸੁਧਾਰਨ ਵਾਲੀ ਸੇਧ ਦੇ ਸਕਦਾ।”
ਇੱਕ ਹੋਰ ਲੇਖਕ ਨੇ ਮੌਲਿਕਤਾ ਤੱਕ ਪਹੁੰਚਣ ਲਈ ਵਾਰਿਸ ਸ਼ਾਹ ਦਾ ਨਮੂਨਾ ਪੇਸ਼ ਕੀਤਾ ਹੈ। ਸਿਰਫ ਮੌਲਿਕਤਾ ਹੀ ਨਹੀਂ, ਪੰਜਾਬੀ ਚਿੰਤਕ ਅੱਜ ਦੀ ਕਿਸੇ ਵੀ ਮਸਲੇ ਦਾ ਹੱਲ ਲੱਭਣ ਲਈ ਜਾਂ ਹੱਲ ਬਾਰੇ ਸੇਧ ਲੈਣ ਲਈ ਅਕਸਰ ਇਤਿਹਾਸਕ ਹਸਤੀਆਂ ਨੂੰ ਹਾਕਾਂ ਮਾਰਨ ਲੱਗ ਪੈਂਦੇ ਨੇ, ਜਿਵੇਂ ਬੁੱਲ੍ਹੇ ਸ਼ਾਹ, ਵਾਰਿਸ ਸ਼ਾਹ, ਮਹਾਰਾਜਾ ਰਣਜੀਤ ਸਿੰਘ, ਬਾਬਾ ਨਾਨਕ, ਤੇ ਰਿਸ਼ੀ ਮੁਨੀ ਆਦਿ। ਇੱਥੇ ਮੈਂ ਕਹਿੰਦਾ ਹਾਂ ਮਿਸਾਲ ਦੇ ਤੌਰ ‘ਤੇ, ਜੇ 19ਵੀਂ ਤੇ 20ਵੀਂ ਸਦੀ ਦੇ ਵਿਗਿਆਨੀ ਵੀ ਪੰਜਾਬੀ ਚਿੰਤਕਾਂ ਦੀ ਭੂਤਮੁਖੀ ਪਹੁੰਚ ਅਪਨਾ ਕੇ 17ਵੀਂ ਤੇ 18ਵੀਂ ਸਦੀ ਦੇ ਮਹਾਨ ਵਿਗਿਆਨੀ ਨਿਊਟਨ ਭਾਵ ਉਹਦੇ ਸਿਧਾਂਤਾਂ ਤੋਂ ਸੇਧ ਭਾਲਦੇ ਰਹਿੰਦੇ ਤਾਂ ਐਟਮ, ਇਲੈਕਟ੍ਰੋਨ ਆਦਿ ਨੂੰ ਸਮਝਣ ਲਈ ਕੁਆਂਟਮ ਭੌਤਿਕੀ ਸਣੇ ਮਾਡਰਨ ਫਿਜ਼ਿਕਸ ਦੀ ਖੋਜ ਨਾ ਹੁੰਦੀ ਅਤੇ ਭੌਤਿਕ ਵਿਗਿਆਨੀਆਂ ਦੀ ਮੌਲਿਕਤਾ ਕਾਇਮ ਨਾ ਰਹਿੰਦੀ। ਨਤੀਜੇ ਵਜੋਂ ਨਾ 20ਵੀਂ ਸਦੀ ਦਾ ਵਿਗਿਆਨਕ ਯੁੱਗ ਸ਼ੁਰੂ ਹੁੰਦਾ ਤੇ ਨਾ ਆਧੁਨਿਕ ਯੁੱਗ ਦੀਆਂ ਅਣਗਿਣਤ ਤੇ ਕਰੀਬ ਸੱਭੇ ਲੋੜਾਂ ਤੇ ਸਹੂਲਤਾਂ ਪੂਰੀਆਂ ਹੁੰਦੀਆਂ: ਜਿਵੇਂ ਬਿਜਲਈ ਚੁੱਲ੍ਹਿਆਂ, ਫਰਿੱਜਾਂ, ਏਅਰਕੰਡੀਸ਼ਨਰ ਅਤੇ ਘਰਾਂ, ਸੜਕਾਂ ਤੇ ਸ਼ਹਿਰਾਂ ਨੂੰ ਜਗਮਗਾਉਂਦੀ ਰੰਗ-ਬਰੰਗੀ ਰੋਸ਼ਨੀ ਤੋਂ ਹਰ ਉਸ ਚੀਜ਼ ਤੱਕ, ਜੋ ਬਿਜਲੀ ‘ਤੇ ਚੱਲਦੀ ਹੈ; ਰੇਡੀਓ, ਟੀ. ਵੀ., ਤੇ ਕੰਪਿਊਟਰਾਂ ਤੋਂ ਇੰਟਰਨੈਟ, ਸੋਸ਼ਲ ਮੀਡੀਆ ਤੇ ਸਮਾਰਟ ਫੋਨਾਂ ਤੱਕ; ਅਤੇ ਵੈਕਸੀਨਾਂ ਤੋਂ ਭਿੰਨ ਭਿੰਨ ਬਿਮਾਰੀਆਂ ਦੇ ਇਲਾਜਾਂ ਤੱਕ। ਨਾ ਹੀ ਫਿਰ 1990ਵਿਆਂ ਦੌਰਾਨ ਇੰਟਰਨੈਟ ਤੇ ਵਰਲਡ ਵਾਈਡ ਵੈਬ ਰਾਹੀਂ ਸ਼ੁਰੂ ਕੀਤੇ ਸੂਚਨਾ ਯੁੱਗ ਦੀ ਸ਼ੁਰੂਆਤ ਹੋ ਸਕਣੀ ਸੀ; ਨਾ ਸਮਾਰਟ ਫੋਨ ਤੇ ਫੇਸਬੁੱਕ ਸਣੇ ਸੋਸ਼ਲ ਮੀਡੀਆ ਆਦਿ। ਹੁਣ ਇਹ ਸਮਝਣਾ ਮੁਸ਼ਕਿਲ ਨਹੀਂ ਕਿ ਵਿਗਿਆਨ ਤੋਂ ਇਲਾਵਾ ਹੋਰ ਵਿਸ਼ਿਆਂ ਵਿਚ ਵੀ ਭੂਤਮੁਖੀ ਪਹੁੰਚ ਮੌਲਿਕਤਾ ਬਾਰੇ ਅਜਿਹਾ ਹੀ ਚੰਦ ਚਾੜ੍ਹੇਗੀ ਜਾਂ ਚਾੜ੍ਹਦੀ ਰਹੀ ਹੈ; ਪੰਜਾਬੀ ਚਿੰਤਨ ਦੀ ਮੌਲਿਕਤਾ ਦਾ ਨੁਕਸਾਨ ਉਨ੍ਹਾਂ ਵਿਚੋਂ ਇੱਕ ਹੀ ਹੈ।
ਇਸ ਲਈ ਪੰਜਾਬੀ ਚਿੰਤਨ ਵਿਚ ਮੌਲਿਕਤਾ ਦੀ ਗੈਰਹਾਜ਼ਰੀ ਦੂਰ ਕਰਨ ਹਿੱਤ ਅੱਜ ਦੀਆਂ ਸਮੱਸਿਆਵਾਂ ਦੇ ਹੱਲ ਅੱਜ ਵਿਚੋਂ ਲੱਭ ਕੇ, ਭੂਤਮੁਖੀ ਪਹੁੰਚ ਦੀ ਥਾਂ ਭਵਿੱਖਮੁਖੀ ਪਹੁੰਚ ਅਪਨਾ ਕੇ ਹੀ ਮੌਲਿਕ ਚਿੰਤਨ ਵੱਲ ਕਦਮ ਪੁੱਟੇ ਜਾ ਸਕਦੇ ਨੇ। ਅਸੀਂ, ਜੀਅ ਸਦਕੇ ਆਪਣੇ ਚੰਗੇ-ਬੁਰੇ ਅਤੀਤ ਤੋਂ ਸਿੱਖ ਸਕਦੇ ਹਾਂ, ਸੇਧ ਨਹੀਂ ਲੈ ਸਕਦੇ, ਖਾਸ ਕਰਕੇ ਪੰਜਾਬੀ, ਜਾਂ ਕਿਸੇ ਵੀ ਹੋਰ ਚਿੰਤਨ ਦੀ ਵਿਸ਼ਵ ਦੇ ਪ੍ਰਸੰਗ ਵਿਚ ਮੌਲਿਕਤਾ ਵਿਕਸਿਤ ਕਰਨ ਲਈ।
ਮੁੱਕਦੀ ਗੱਲ, ਮੌਲਿਕਤਾ ਵੱਲ ਕਦਮ ਵਧਾਉਣ ਲਈ ਜ਼ਰੂਰੀ ਹੈ ਕਿ ਪੰਜਾਬੀ ਚਿੰਤਨ ਹੱਲ ਲੱਭਣ ਹਿੱਤ ਦਰਪੇਸ਼ ਮਸਲਿਆਂ ਦਾ ਵਿਸ਼ਲੇਸ਼ਣ ਕਰਨ ਲਈ ਅੱਜ ਦੀ ਵਿਗਿਆਨਕ ਸੋਚ ਤੋਂ ਸੇਧ ਲਵੇ, ਅੱਜ ਦੇ ਸਥਾਨਕ ਹਾਲਾਤਾਂ ਨੂੰ ਅੱਜ ਵਿਸ਼ਵ ਦੇ ਪ੍ਰਸੰਗ ਰੱਖ ਕੇ ਸਮਝੇ ਤੇ ਇੰਜ ਭੂਤਮੁਖੀ ਪਹੁੰਚ ਦੀ ਥਾਂ ਭਵਿੱਖਮੁਖੀ ਪਹੁੰਚ ਅਪਨਾਵੇ।