ਸ੍ਰੀ ਰਾਮ ਸੈਨਾ

ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐਸ਼ ਐਸ਼) ਨੇ ਆਪਣੀ ਹੋਂਦ ਦੇ ਤਕਰੀਬਨ ਨੌਂ ਦਹਾਕਿਆਂ ਦੌਰਾਨ ਬੜੇ ਉਤਰਾ-ਚੜ੍ਹਾਅ ਦੇਖੇ ਹਨ। ਅੱਜ ਕੱਲ੍ਹ ਇਸ ਦੇ ਸਿਆਸੀ ਵਿੰਗ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਹੱਥਾਂ ਵਿਚ ਭਾਰਤ ਦੀ ਹਕੂਮਤ ਹੈ। ਇਸ ਵੇਲੇ ਇਹ ਸੰਸਾਰ ਦੀ ਸਭ ਤੋਂ ਵੱਡੀ ਪਾਰਟੀ ਹੈ; ਇਸੇ ਤਰ੍ਹਾਂ ਆਰ. ਐਸ਼ ਐਸ਼ ਸੰਸਾਰ ਦੀ ਸਭ ਤੋਂ ਵੱਡੀ ਵਾਲੰਟੀਅਰ ਸੰਸਥਾ ਹੈ। ਉਘੇ ਪੱਤਰਕਾਰ ਧੀਰੇਂਦਰ ਕੁਮਾਰ ਝਾਅ ਨੇ ਵੱਖ-ਵੱਖ ਸੂਬਿਆਂ ਵਿਚ ਹਿੰਦੂਤਵੀ ਤਾਕਤਾਂ ਦੀ ਚੜ੍ਹਤ ਲਈ ਆਧਾਰ ਬਣੀਆਂ ਜਥੇਬੰਦੀਆਂ ਬਾਰੇ ਚਰਚਾ ਆਪਣੀ ਕਿਤਾਬ ‘ਸ਼ੈਡੋ ਆਰਮੀਜ਼’ (ਹਿੰਦੂਤਵੀ ਲਸ਼ਕਰ) ਵਿਚ ਕੀਤੀ ਹੈ।

ਇਸ ਕਿਸ਼ਤ ਵਿਚ ਕਰਨਾਟਕ ਵਿਚ ਸ੍ਰੀ ਰਾਮ ਸੈਨਾ ਦੀ ਪੈਦਾਇਸ਼ ਅਤੇ ਇਸ ਦੇ ਕਾਰਿਆਂ ਬਾਰੇ ਖੁਲਾਸੇ ਕੀਤੇ ਗਏ ਹਨ। -ਸੰਪਾਦਕ

ਧੀਰੇਂਦਰ ਕੁਮਾਰ ਝਾਅ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਨਵੰਬਰ 2015 ਦੇ ਤੀਜੇ ਹਫਤੇ ਆਈ ਬੇਪਛਾਣ ਫੋਨ ਕਾਲ ਨੇ ਸ੍ਰੀ ਰਾਮ ਸੇਨੇ (ਲੋਕਲ ਉਚਾਰਨ ਸੇਨੇ, ਇਸ ਲਿਖਤ ਵਿਚ ਇਸ ਨੂੰ ਸੈਨਾ ਲਿਖਿਆ ਗਿਆ ਹੈ) ਦੇ ਪ੍ਰਧਾਨ ਪ੍ਰਮੋਦ ਮੁਥਾਲਿਕ ਨੂੰ ਗੁਪਤਵਾਸ ਹੋਣ ਲਈ ਮਜਬੂਰ ਕਰ ਦਿੱਤਾ। ਕਾਲ ਕਰਨ ਵਾਲੇ ਨੇ ਆਪਣੀ ਪਛਾਣ ਨਹੀਂ ਦੱਸੀ ਪਰ ਮੁਥਾਲਿਕ ਨੂੰ ਸ਼ੱਕ ਹੈ ਕਿ ਉਹ ਮੁਸਲਿਮ ਦਹਿਸ਼ਤਗਰਦ ਜਥੇਬੰਦੀ ਦਾ ਸਰਗਨਾ ਸੀ: ‘ਭਾਰੀ ਆਵਾਜ਼ ਵਿਚ ਉਸ ਨੇ ਕਿਹਾ, ਮੈਂ ਆਪਣੇ ਦਿਨ ਗਿਣਨੇ ਸ਼ੁਰੂ ਕਰ ਦੇਵਾਂ। ਜਿਉਂ ਹੀ ਮੈਂ ਨਜ਼ਰ ਪੈ ਗਿਆ, ਉਸ ਦੇ ਆਦਮੀ ਉਸੇ ਵੇਲੇ ਗੋਲੀ ਮਾਰ ਕੇ ਗੱਡੀ ਚਾੜ੍ਹ ਦੇਣਗੇ।’
ਮੁਥਾਲਿਕ ਨੂੰ ਪਹਿਲਾਂ ਵੀ ਧਮਕੀਆਂ ਮਿਲਦੀਆਂ ਸਨ ਪਰ ਉਹ ਅਸਿੱਧੀਆਂ ਧਮਕੀਆਂ ਹੁੰਦੀਆਂ ਸਨ। ਇਸ ਵਾਰ ਵੱਖਰੀ ਤਰ੍ਹਾਂ ਦੀ ਧਮਕੀ ਸੀ। ਇਹ ਕਾਲ ਉਸ ਨੂੰ ਸਿੱਧੀ ਹੀ ਕੀਤੀ ਗਈ ਸੀ ਅਤੇ ਉਹ ਇਸ ਨੂੰ ਗੰਭੀਰਤਾ ਨਾਲ ਲੈ ਰਿਹਾ ਸੀ, ਕਿਉਂਕਿ ‘ਮੁਸਲਿਮ ਦਹਿਸ਼ਤਗਰਦ ਇਸ ਖੇਡ ਵਿਚ ਬਾਕੀਆਂ ਨਾਲੋਂ ਦੋ ਕਦਮ ਅੱਗੇ ਹਨ।’ ਸਾਵਧਾਨੀ ਦੇ ਤੌਰ ‘ਤੇ ਉਸ ਨੇ ਅਣਜਾਣ ਲੋਕਾਂ ਨੂੰ ਮਿਲਣਾ ਬੰਦ ਕਰ ਦਿੱਤਾ। ਮਿਲਣ ਵਾਲੇ ਬੰਦੇ ਦੀ ਵਿਸਤ੍ਰਿਤ ਜਾਣਕਾਰੀ ਲੈਣ ਤੋਂ ਬਾਅਦ ਹੀ ਮਿਲਣ ਦੀ ਗੁਜ਼ਾਰਿਸ਼ ਸਵੀਕਾਰ ਕੀਤੀ ਜਾਂਦੀ ਸੀ। ਕਸਬੇ ਵਿਚ ਉਸ ਨੇ ਆਪਣੀਆਂ ਸਰਗਰਮੀਆਂ ਕਾਫੀ ਸੰਕੋਚ ਲਈਆਂ। ਉਹ ਹਮੇਸ਼ਾ ਭਰੋਸੇਯੋਗ ਹਮਾਇਤੀਆਂ ਦੇ ਕਈ ਸੁਰੱਖਿਆ ਘੇਰਿਆਂ ਵਿਚ ਰਹਿੰਦਾ। ਉਸ ਮੁਤਾਬਕ, ‘ਮੇਰੇ ਕੋਲ ਹੋਰ ਕੋਈ ਚਾਰਾ ਨਹੀਂ, ਉਹ ਮੈਨੂੰ ਮਾਰ ਦੇਣਗੇ। ਤੁਸੀਂ ਉਨ੍ਹਾਂ ਬਾਰੇ ਨਹੀਂ ਜਾਣਦੇ। ਉਨ੍ਹਾਂ ਵਿਚੋਂ ਬਹੁਤ ਸਾਰੇ ਮੈਨੂੰ ਲੱਭ ਰਹੇ ਹੋਣਗੇ।’
ਇਹ ਸੀ ਮੁਥਾਲਿਕ, ਜਦੋਂ ਮੈਂ ਉਸ ਨੂੰ ਨਵੰਬਰ 2015 ਦੇ ਆਖਰੀ ਹਫਤੇ ਹੁਬਲੀ (ਕਰਨਾਟਕ) ਵਿਚ ਮਿਲਿਆ। ਸੈਨਾ ਮੁਖੀ ਕਰਨਾਟਕ ਵਿਚ ਹਿੰਦੂਤਵ ਦਾ ਸਭ ਤੋਂ ਮਸ਼ਹੂਰ ਚਿਹਰਾ ਸੀ। ਉਸ ਦੀ ਟੀ.ਵੀ. ਉਪਰ ਮੌਜੂਦਗੀ ਚੈਨਲ ਦੀ ਟੀ.ਆਰ.ਪੀ. ਨੂੰ ਇਸ ਕਦਰ ਵਧਾ ਦਿੰਦੀ ਸੀ ਕਿ ਪ੍ਰਾਈਮ ਟਾਈਮ ਸ਼ੋਅ ਵਿਚ ਉਸ ਦੀ ਹਮੇਸ਼ਾ ਜ਼ੋਰਦਾਰ ਮੰਗ ਹੁੰਦੀ। ਤਲਖ ਹਕੀਕਤ ਇਹ ਸੀ ਕਿ ਉਹ ਆਪਣੇ ਵਜੂਦ ਦਾ ਪ੍ਰਛਾਵਾਂ ਬਣ ਕੇ ਰਹਿ ਗਿਆ ਸੀ। ਹੋ ਸਕਦਾ ਹੈ, ਫੋਨ ਕਾਲ ਜਾਅਲੀ ਹੀ ਹੋਵੇ, ਲੇਕਿਨ ਇਸ ਦਾ ਉਸ ਉਪਰ ਜੋ ਅਸਰ ਪਿਆ, ਉਸ ਤੋਂ ਸਾਫ ਪਤਾ ਲੱਗਦਾ ਸੀ ਕਿ ਸਾਰਾ ਕੁਝ ਠੀਕ ਠਾਕ ਨਹੀਂ। ਸ਼ਾਇਦ ਜਿਸ ਦੁਨੀਆਂ ਵਿਚ ਉਹ ਵਿਚਰਦਾ ਰਿਹਾ ਸੀ, ਉਹ ਬਦਲ ਗਈ ਸੀ।
ਇਸ ਤੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਉਸ ਨੂੰ ਸਰਕਾਰ ਵਲੋਂ ਮੁਹੱਈਆ ਕੀਤੇ ਗਏ ਸੁਰੱਖਿਆ ਕਵਚ ‘ਤੇ ਭਰੋਸਾ ਕਿਉਂ ਨਹੀਂ ਬੱਝਦਾ ਸੀ। ਦੋ ਪੁਲਿਸ ਵਾਲੇ ਹਮੇਸ਼ਾ ਉਸ ਦੀ ਸੁਰੱਖਿਆ ਲਈ ਤਾਇਨਾਤ ਰਹਿੰਦੇ। ਉਹ ਜਦੋਂ ਸ਼ਹਿਰ ਵਿਚ ਜਾਂਦਾ ਤਾਂ ਉਸ ਨੂੰ ਐਸਕੋਰਟ ਸੁਰੱਖਿਆ ਟੁਕੜੀ ਵੀ ਮਿਲ ਜਾਂਦੀ ਲੇਕਿਨ ਉਹ ਇਸ ਸਭ ਕਾਸੇ ਨੂੰ ਨਾਕਾਫੀ ਸਮਝਦਾ। ਉਹ ਕਹਿੰਦਾ, ‘ਮੇਰੇ ‘ਤੇ ਯਕੀਨ ਕਰੋ, ਇਹ ਸੁਰੱਖਿਆ ਉਨ੍ਹਾਂ ਨੂੰ ਰੋਕਣ ਵਿਚ ਕਾਮਯਾਬ ਨਹੀਂ ਹੋਵੇਗੀ। ਨਹੀਂ, ਮੈਂ ਜੋਖਮ ਮੁੱਲ ਨਹੀਂ ਲੈ ਸਕਦਾ।’
ਮੁਥਾਲਿਕ ਦੀ ਨਿਵਾਣ ਦਾ ਮੋੜਾਂ-ਘੋੜਾਂ ਵਾਲਾ ਅਮਲ ਉਦੋਂ ਸ਼ੁਰੂ ਹੋਇਆ, ਜਦੋਂ ਉਹ ਕਾਮਯਾਬੀ ਦੀਆਂ ਸਿਖਰਾਂ ‘ਤੇ ਸੀ। ਮਾਰਚ 2014 ਵਿਚ ਜਦੋਂ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਲਹਿਰ ਬਣ ਰਹੀ ਸੀ, ਉਦੋਂ ਸ੍ਰੀ ਰਾਮ ਸੈਨਾ ਦੀਆਂ ਵਿਵਾਦਪੂਰਨ ਸਰਗਰਮੀਆਂ ਜ਼ਰੀਏ ਬਣੇ ਆਪਣੇ ਜੋਸ਼ੀਲੇ ਅਕਸ ਕਾਰਨ ਉਹ ਕਰਨਾਟਕ ਵਿਚ ਹਿੰਦੂਤਵ ਦਾ ਚਿੰਨ੍ਹ ਬਣ ਚੁੱਕਾ ਸੀ। 24 ਮਾਰਚ ਨੂੰ ਇਕ ਰਸਮੀ ਇਕੱਠ ਵਿਚ ਉਸ ਨੂੰ ਕਰਨਾਟਕ ਦੇ ਭਾਜਪਾ ਪ੍ਰਧਾਨ ਪ੍ਰਹਿਲਾਦ ਜੋਸ਼ੀ, ਸਾਬਕਾ ਮੁੱਖ ਮੰਤਰੀ ਜਗਦੀਸ਼ ਸ਼ੇਤਾਰ ਅਤੇ ਉਪ ਮੁੱਖ ਮੰਤਰੀ ਕੇ.ਐਸ਼ ਇਸ਼ਵਰੱਪਾ ਦੀ ਮੌਜੂਦਗੀ ਵਿਚ ਪੂਰੇ ਧੂਮ-ਧੜੱਕੇ ਨਾਲ ਭਾਜਪਾ ਵਿਚ ਸ਼ਾਮਲ ਕੀਤਾ ਗਿਆ, ਜਿਥੇ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਅਹਿਦ ਲਿਆ ਗਿਆ ਪਰ ਕੁਝ ਘੰਟਿਆਂ ਵਿਚ ਹੀ ਭਾਜਪਾ ਦੀ ਕੇਂਦਰੀ ਟੀਮ ਨੇ ਰਾਜ ਇਕਾਈ ਨੂੰ ਉਸ ਦੀ ਮੁੱਢਲੀ ਮੈਂਬਰਸ਼ਿਪ ਖਾਰਜ ਕਰਨ ਲਈ ਮਜਬੂਰ ਕਰ ਦਿੱਤਾ। ਸੈਨਾ ਮੁਖੀ ਦੱਸਦਾ ਹੈ, ‘ਇਹ ਸਭ ਪੰਜ ਘੰਟੇ ਵਿਚ ਹੀ ਹੋ ਗਿਆ। 11 ਵਜੇ ਸਵੇਰੇ ਮੈਨੂੰ ਪਾਰਟੀ ਵਿਚ ਸ਼ਾਮਲ ਕੀਤਾ ਗਿਆ ਅਤੇ 4 ਵਜੇ ਸ਼ਾਮ ਨੂੰ ਮੇਰੀ ਮੈਂਬਰਸ਼ਿਪ ਰੱਦ ਹੋ ਗਈ।’
ਮੈਨੂੰ ਮਿਲਣ ਵੇਲੇ ਮੁਥਾਲਿਕ ਨੇ ਦਾਅਵਾ ਕੀਤਾ ਕਿ ਨਾ ਤਾਂ ਇਸ ਘਟਨਾਕ੍ਰਮ ਨਾਲ ਉਸ ਨੂੰ ਹੈਰਾਨੀ ਹੋਈ ਅਤੇ ਨਾ ਹੀ ਉਸ ਨੂੰ ਚਿੰਤਾ ਸੀ, ਲੇਕਿਨ ਇਹ ਸਾਫ ਨਜ਼ਰ ਆਉਂਦਾ ਸੀ ਕਿ ਡੇਢ ਸਾਲ ਬੀਤਣ ਪਿਛੋਂ ਵੀ ਮੁੱਦਾ ਉਸ ਦੇ ਮਨ ‘ਤੇ ਬੋਝ ਸੀ। ਉਹ ਕਹਿੰਦਾ ਹੈ, ‘ਮੈਨੂੰ ਪਤਾ ਸੀ, ਕੀ ਵਾਪਰ ਰਿਹਾ ਹੈ। ਮੈਂ ਕਰਨਾਟਕ ਦੇ ਕੁਝ ਸਿਖਰਲੇ ਭਾਜਪਾ ਆਗੂਆਂ ਲਈ ਸੰਭਾਵੀ ਖਤਰਾ ਸੀ। ਉਹ ਕਦੇ ਵੀ ਮੈਨੂੰ ਪਾਰਟੀ ਵਿਚ ਰਹਿਣ ਦੀ ਇਜਾਜ਼ਤ ਨਹੀਂ ਦੇਣਗੇ।’ ਉਸ ਨੂੰ ਇਸ ਦੀਆਂ ਅਰਥ-ਸੰਭਾਵਨਾਵਾਂ ਵੀ ਪੂਰੀ ਤਰ੍ਹਾਂ ਸਪਸ਼ਟ ਸਨ। ‘ਮੇਰੇ ਲਈ ਪਾਰਟੀ ਨੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਸਨ, ਜਿਸ ਨੇ ਕਰਨਾਟਕ ਵਿਚ ਮੇਰੇ ਕੰਮ ਦਾ ਬੇਹੱਦ ਲਾਹਾ ਲਿਆ ਸੀ।’
ਐਪਰ, ਮੁਥਾਲਿਕ ਅੜਿਆ ਰਿਹਾ ਅਤੇ ਉਸ ਨੇ ਲੋਕ ਸਭਾ ਚੋਣਾਂ ਲਈ ਕਰਨਾਟਕ ਦੇ ਦੋ ਲੋਕ ਸਭਾ ਹਲਕਿਆਂ-ਧਾਰਵਾੜ ਤੇ ਬੰਗਲੌਰ ਤੋਂ ਕਾਗਜ਼ ਦਾਖਲ ਕਰ ਦਿੱਤੇ। ਉਸ ਨੇ ਖੁਲਾਸਾ ਕੀਤਾ, ‘ਧਾਰਵਾੜ ਇਸ ਲਈ, ਕਿਉਂਕਿ ਇਥੇ ਮੇਰਾ ਆਧਾਰ ਹੈ, ਬੰਗਲੌਰ ਸ਼ਹਿਰੀ ਇਸ ਲਈ ਕਿ ਉਸ ਹਲਕੇ ਤੋਂ ਭਾਜਪਾ ਆਗੂ ਅਨੰਤ ਕੁਮਾਰ ਚੋਣ ਲੜ ਰਿਹਾ ਸੀ। ਮੈਂ ਅਨੰਤ ਕੁਮਾਰ ਨੂੰ ਟੱਕਰ ਦੇਣੀ ਚਾਹੁੰਦਾ ਸੀ, ਕਿਉਂਕਿ ਉਸ ਨੇ ਹੀ ਭਾਜਪਾ ਵਿਚੋਂ ਮੇਰੀ ਬਰਖਾਸਤਗੀ ਕਰਵਾਈ ਸੀ।’ ਉਹ ਦੋਨਾਂ ਹਲਕਿਆਂ ਤੋਂ ਚੋਣ ਹਾਰ ਗਿਆ ਲੇਕਿਨ ਉਸ ਨੇ ਡਟਵੀਂ ਟੱਕਰ ਦਿੱਤੀ। ‘ਘੱਟੋ-ਘੱਟ ਮੈਂ ਭਾਜਪਾ ਨੂੰ ਇਹ ਸੰਦੇਸ਼ ਦੇਣ ਵਿਚ ਕਾਮਯਾਬ ਹੋਇਆ ਹਾਂ ਕਿ ਉਹ ਕਰਨਾਟਕ ਨੂੰ ਅਜਿਹੇ ਹੁਲਾਰ-ਪੈੜੇ ਵਜੋਂ ਵਰਤਣ ‘ਚ ਕਾਮਯਾਬ ਨਹੀਂ ਹੋ ਸਕੇਗੀ ਜਿਸ ਦੀ ਮਦਦ ਨਾਲ ਇਹ ਮੇਰੇ ਸਹਿਯੋਗ ਤੋਂ ਬਗੈਰ ਦੱਖਣੀ ਭਾਰਤ ਦੇ ਰਾਜਾਂ ਵਿਚ ਆਪਣਾ ਵਿਸਥਾਰ ਕਰ ਸਕੇ।’
ਸਪਸ਼ਟ ਸੀ ਕਿ ਭਾਜਪਾ ਵਿਚੋਂ ਬਰਖਾਸਤਗੀ ਉਸ ਲਈ ਸਦਮਾ ਵੀ ਸੀ ਤੇ ਅਪਮਾਨ ਵੀ, ਜਿਸ ਨੂੰ ਉਹ ਭੁਲਾ ਨਹੀਂ ਸਕਿਆ। ਭਾਜਪਾ ਨੇ ਉਸ ਦਾ ਸੁਰੱਖਿਆ ਕਵਚ ਵਾਪਸ ਲੈ ਲਿਆ। ਉਹ ਦੱਸਦਾ ਹੈ, ‘ਪਹਿਲਾਂ ਮੈਂ ਬੇਪਛਾਣ ਧਮਕੀਆਂ ਅਤੇ ਟੈਲੀਫੋਨ ਕਾਲਾਂ ਨੂੰ ਨਜ਼ਰਅੰਦਾਜ਼ ਕਰ ਦਿੰਦਾ ਸੀ। ਮਿਸਾਲ ਵਜੋਂ 2009 ਵਿਚ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਰਹੀਆਂ ਪਰ ਮੈਂ ਪ੍ਰਵਾਹ ਨਹੀਂ ਕੀਤੀ। ਹੁਣ ਹਾਲਾਤ ਬਦਲ ਗਏ ਹਨ। ਮੈਨੂੰ ਪਤਾ ਹੈ ਕਿ ਭਾਜਪਾ ਵਿਚ ਹੁਣ ਕਿਸੇ ਨੂੰ ਵੀ ਮੇਰੇ ਹੱਕ ਵਿਚ ਖੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਕਿਉਕਿ ਜੇ ਮੈਂ ਜਿਉਂਦਾ ਰਹਿ ਗਿਆ ਤਾਂ ਕੁਝ ਪਾਰਟੀ ਆਗੂਆਂ ਲਈ ਖਤਰਾ ਬਣ ਜਾਵਾਂਗਾ। ਕਾਂਗਰਸ ਵੀ ਹਰ ਤਰ੍ਹਾਂ ਨਾਲ ਸਾਡੇ ਲਈ ਦੁਸ਼ਮਣ ਪਾਰਟੀ ਹੈ।’
ਅਜਿਹੇ ਜ਼ਖਮਾਂ ਦੇ ਠੀਕ ਹੋਣ ਨੂੰ ਭਾਵੇਂ ਲੰਮਾ ਸਮਾਂ ਲੱਗਦਾ ਹੈ ਪਰ ਨਵੰਬਰ 2015 ਵਿਚ ਜਾਪਦਾ ਸੀ ਕਿ ਮਾਯੂਸੀ ‘ਚ ਘਿਰਿਆ ਮੁਥਾਲਿਕ ਭਾਜਪਾ ਨਾਲ ਝਗੜਾ ਮਿਟਾਉਣ ਲਈ ਤਤਪਰ ਸੀ। ਉਸ ਦਾ ਭਾਜਪਾ ਆਗੂਆਂ ਦੇ ਇਕ ਹਿੱਸੇ, ਖਾਸ ਕਰਕੇ ਅਨੰਤ ਕੁਮਾਰ ਨਾਲ ਰੱਟਾ ਸੀ, ਲੇਕਿਨ ਉਹ ਅਜੇ ਵੀ ਖੁਦ ਨੂੰ ਮੋਦੀ ਦਾ ‘ਕਦਰਦਾਨ’ ਕਹਿੰਦਾ ਸੀ। ਉਸ ਨੂੰ ਯਕੀਨ ਸੀ ਕਿ ਭਾਜਪਾ ‘ਚੋਂ ਉਸ ਨੂੰ ਬਾਹਰ ਧੱਕਣਾ ਮੋਦੀ ਦੀ ਸੋਚ ਨਹੀ ਹੋਵੇਗੀ।

ਮੁਥਾਲਿਕ ਨੇ ਕਿਉਂਕਿ ਆਪਣਾ ਬਚਪਨ ਅਤੇ ਜਵਾਨੀ ਆਰ. ਐਸ਼ ਐਸ਼ ਦੀ ਵਿਚਾਰਧਾਰਾ ਦੀ ਸਿੱਖਲਾਈ ਲੈਣ ਦੇ ਲੇਖੇ ਲਾ ਦਿੱਤੀ ਸੀ, ਇਸ ਲਈ ਉਹ ਕਰਨਾਟਕ ਦੇ ਕਰੀਬ ਹਰ ਸਿਆਸਤਦਾਨ ਨਾਲੋਂ ਆਪਣੇ ਬਾਰੇ ਭੇਦ ਬਰਕਰਾਰ ਰੱਖਣ ਅਤੇ ਇਸ ਉਪਰ ਵਧੇਰੇ ਕੰਟਰੋਲ ਬਣਾਈ ਰੱਖਣ ਦੇ ਯੋਗ ਸੀ। ਉਸ ਨੇ ਕੋਈ ਵੀ ਚੋਣ ਨਹੀਂ ਸੀ ਜਿੱਤੀ, ਇਸ ਲਈ ਉਹ ਕਿਸੇ ਤਰ੍ਹਾਂ ਦੀ ਜਾਂਚ ਤੋਂ ਬਚਿਆ ਰਿਹਾ ਸੀ; ਨਹੀ ਤਾਂ ਉਸ ਨੂੰ ਇਹ ਨਿੱਜੀ ਜਾਣਕਾਰੀ ਲੁਕੋਣੀ ਮੁਸ਼ਕਿਲ ਹੋ ਜਾਣੀ ਸੀ। ਸਾਨੂੰ ਉਸ ਬਾਰੇ ਜੋ ਜਾਣਕਾਰੀ ਹੈ, ਇਹ ਜਾਂ ਤਾਂ ਉਸ ਵਲੋਂ ਆਪਣੇ ਬਾਰੇ ਕੀਤੇ ਦਾਅਵਿਆਂ ਰਾਹੀਂ ਮਿਲੀ ਹੈ ਜਾਂ ਜੋ ਅਦਾਲਤਾਂ ਨੇ ਉਸ ਬਾਰੇ ਦੱਸਿਆ ਹੈ।
ਹੈਰਾਨੀ ਦੀ ਗੱਲ ਨਹੀਂ ਕਿ ਉਹ ਅਕਸਰ ਇਕ ਖਾਸ ਜੇਲ੍ਹ ਕੋਠੜੀ ਵਿਚ ਹੀ ਜਾਂਦਾ ਸੀ। ‘ਪਹਿਲੀ ਵਾਰ ਮੈਂ 1975 ‘ਚ ਇੰਦਰਾ ਗਾਂਧੀ ਦੇ ਐਮਰਜੈਂਸੀ ਵਾਲੇ ਦੌਰ ਵਿਚ ਜੇਲ੍ਹ ਗਿਆ। ਮੈਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਮੈਂ ਆਰ. ਐਸ਼ ਐਸ਼ ਦੇ ਗੁਪਤਵਾਸ ਮੈਂਬਰ ਵਜੋਂ ਕੰਮ ਕਰ ਰਿਹਾ ਸੀ।’ ਉਦੋਂ ਉਸ ਦੀ ਉਮਰ ਮੁਸ਼ਕਿਲ ਨਾਲ 20 ਕੁ ਸਾਲ ਦੀ ਹੋਵੇਗੀ ਅਤੇ ਉਸ ਨੇ ਬੀ.ਏ. ਦੀ ਪੜ੍ਹਾਈ ਅਜੇ ਮੁਕਾਈ ਹੀ ਸੀ। ‘ਮੈਨੂੰ ਬੈਲਗਾਮ ਜੇਲ੍ਹ ਵਿਚ ਇਕ ਮਹੀਨਾ ਨਜ਼ਰਬੰਦ ਰੱਖਿਆ ਗਿਆ ਅਤੇ ਮੈਂ ਜੇਲ੍ਹ ‘ਚੋਂ ਬਾਹਰ ਆਉਣ ਤਕ ਆਰ. ਐਸ਼ ਐਸ਼ ਦਾ ਕੁਲਵਕਤੀ ਪ੍ਰਚਾਰਕ ਬਣ ਚੁੱਕਾ ਸੀ।’ ਇਸ ਤੋਂ ਬਾਅਦ ਵੀ ਉਸ ਦੀ ਜੇਲ੍ਹ ਵਿਚ ਆਉਣੀ ਜਾਣੀ ਬਣੀ ਰਹੀ। 2015 ਦੇ ਅਖੀਰ ਵਿਚ ਜਦੋਂ ਸਾਡੀ ਮੁਲਾਕਾਤ ਹੋਈ, ਉਹ ਗਿਣਤੀ ਹੀ ਭੁੱਲ ਚੁੱਕਾ ਸੀ ਕਿ ਉਸ ਨੂੰ ਕਿੰਨੀ ਵਾਰ ਗ੍ਰਿਫਤਾਰ ਕੀਤਾ ਗਿਆ ਸੀ।
ਮੁਥਾਲਿਕ ਦੇ ਦੱਸਣ ਅਨੁਸਾਰ, ਉਸ ਦਾ ਅਸਲੀ ਸਫਰ ਸੀਖਾਂ ਪਿੱਛੇ ਜਾਣ ਤੋਂ ਬਾਅਦ ਹੀ ਸ਼ੁਰੂ ਹੋਇਆ। ‘ਬੈਲਗਾਮ ਜੇਲ੍ਹ ਵਿਚ ਹੀ ਮੈਨੂੰ ਕਰਨਾਟਕ ਦੇ ਆਰ. ਐਸ਼ ਐਸ਼ ਦੇ ਸੀਨੀਅਰ ਆਗੂਆਂ ਨਾਲ ਵਿਚਾਰ-ਚਰਚਾ ਕਰਨ ਦਾ ਮੌਕਾ ਮਿਲਿਆ। ਇਹ ਵਿਚਾਰਧਾਰਾ ਮੇਰੇ ਲਈ ਨਵੀਂ ਨਹੀਂ ਸੀ। ਮੇਰੇ ਪਿਤਾ ਜੀ ਵੀ ਆਰ. ਐਸ਼ ਐਸ਼ ਦੀ ਸ਼ਾਖਾ ਵਿਚ ਜਾਂਦੇ ਰਹਿੰਦੇ ਸਨ। ਇਸ ਲਈ ਮੇਰੀ ਪਰਵਰਿਸ਼ ਹੀ ਇਸ ਪਿਛੋਕੜ ਵਿਚ ਹੋਈ ਸੀ ਲੇਕਿਨ ਜੇਲ੍ਹ ਵਿਚ ਆਰ. ਐਸ਼ ਐਸ਼ ਆਗੂਆਂ ਨਾਲ ਵਿਚਾਰ ਚਰਚਾ ਨੇ ਹਿੰਦੂਤਵ ਨਾਲ ਮੇਰਾ ਐਨਾ ਗੂੜ੍ਹਾ ਰਿਸ਼ਤਾ ਬਣਾ ਦਿੱਤਾ ਕਿ ਮੈਂ ਫੈਸਲਾ ਕਰ ਲਿਆ ਕਿ ਤਾਉਮਰ ਇਸੇ ਵਿਚਾਰਧਾਰਾ ਲਈ ਕੰਮ ਕਰਨਾ ਹੈ।’
ਲੱਗਦਾ ਸੀ ਕਿ ਮੁਥਾਲਿਕ ਇਹ ਚਰਚਾ ਕਰਨ ਤੋਂ ਝਿਜਕਦਾ ਸੀ ਕਿ ‘ਅਗਲੇ 17 ਸਾਲ’ ਉਸ ਨੇ ਹਿੰਦੂਤਵ ਲਈ ਕੀ ਕੁਝ ਕੀਤਾ। ਉਸ ਦੀ ਇੰਨੀ ਹੀ ਟਿੱਪਣੀ ਸੀ: ‘ਮੈਂ ਉਸ ਰਾਹ ‘ਤੇ ਚੱਲਿਆ ਜੋ ਮੈਨੂੰ ਜੇਲ੍ਹ ਵਿਚ ਪ੍ਰਾਪਤ ਹੋਇਆ ਸੀ। ਮੈਂ ਮੁਲਕ ਦੇ ਵੱਖ-ਵੱਖ ਹਿੱਸਿਆਂ ਵਿਚ ਆਰ. ਐਸ਼ ਐਸ਼ ਦੇ ਪ੍ਰਚਾਰਕ ਦੇ ਤੌਰ ‘ਤੇ ਕੰਮ ਕਰਦਾ ਰਿਹਾ ਅਤੇ ਸੰਸਥਾ ਤੋਂ ਮਿਲੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਰਿਹਾ।’
1993 ਵਿਚ ਉਸ ਨੂੰ ਆਰ. ਐਸ਼ ਐਸ਼ ਦੇ ਭੜਕਾਊ ਸਭਿਆਚਾਰਕ ਵਿੰਗ-ਵਿਸ਼ਵ ਹਿੰਦੂ ਪ੍ਰੀਸ਼ਦ ਵਿਚ ਭੇਜ ਦਿੱਤਾ ਗਿਆ ਲੇਕਿਨ ਉਸ ਦਾ ਅਸਲੀ ਸਫਰ 1994 ਵਿਚ ਸ਼ੁਰੂ ਹੋਇਆ ਜਿਸ ਲਈ ਉਹ ‘ਤਾਂਘ’ ਰਿਹਾ ਸੀ। ਉਹ ਦੱਸਦਾ ਹੈ, ‘ਉਸ ਸਾਲ ਦੀ ਇਕ ਸੁਹਾਵਣੀ ਸਵੇਰ ਵੇਲੇ ਅਸ਼ੋਕ ਸਿੰਘਲ (ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ) ਨੇ ਮੈਨੂੰ ਬੁਲਾਇਆ ਅਤੇ ਕਰਨਾਟਕ ਵਿਚ ਬਜਰੰਗ ਦਲ ਦੀ ਇਕਾਈ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ। ਕਿਸੇ ਜਥੇਬੰਦੀ ਦੇ ਮੁਖੀ ਦੇ ਤੌਰ ‘ਤੇ ਆਪਣੇ ਰਾਜ ਵਿਚ ਕੰਮ ਕਰਨਾ ਮੇਰੀ ਹਮੇਸ਼ਾ ਖਾਹਸ਼ ਰਹੀ ਸੀ। ਲਿਹਾਜ਼ਾ ਮੈਂ ਸਿੰਘਲ ਦੀ ਤਜਵੀਜ਼ ਉਸੇ ਵਕਤ ਸਵੀਕਾਰ ਕਰ ਲਈ। ਮੈਨੂੰ ਕਰਨਾਟਕ ਵਿਚ ਬਜਰੰਗ ਦਲ ਦਾ ਕਨਵੀਨਰ ਬਣਾ ਦਿੱਤਾ ਗਿਆ। ਥੋੜ੍ਹੇ ਸਾਲਾਂ ਵਿਚ ਹੀ ਬਜਰੰਗ ਦਲ ਨੇ ਰਾਜ ਵਿਚ ਜੜ੍ਹਾਂ ਫੈਲਾ ਲਈਆਂ, ਖਾਸ ਤੌਰ ‘ਤੇ ਰਾਜ ਦੇ ਉਤਰੀ ਤੇ ਤੱਟਵਰਤੀ ਇਲਾਕਿਆਂ ਵਿਚ।’
ਮੁਥਾਲਿਕ ਨੇ ਦੱਸਿਆ, ‘1997 ਵਿਚ ਅਸੀਂ ਬਜਰੰਗ ਦਲ ਦੀ ਕਾਨਫਰੰਸ ਕੀਤੀ, ਜਿਸ ਵਿਚ 3000 ਤੋਂ ਵਧ ਮੈਂਬਰ ਸ਼ਾਮਲ ਹੋਏ। 2001 ਵਿਚ ਮੈਨੂੰ ਭਾਰਤ ਦੇ ਕਰਨਾਟਕ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਕੇਰਲ-ਚਾਰ ਦੱਖਣੀ ਰਾਜਾਂ ਦਾ ਕਨਵੀਨਰ ਬਣਾ ਦਿੱਤਾ ਗਿਆ।’ ਕੁਝ ਹੱਦ ਤਕ ਬਜਰੰਗ ਦਲ ਦੀਆਂ ਸਰਗਰਮੀਆਂ ਕਾਰਨ 2004 ਵਿਚ ਕਰਨਾਟਕ ਦੀਆਂ ਅਸੈਂਬਲੀ ਚੋਣਾਂ ਵਿਚ ਭਾਜਪਾ ਦੀ ਕਾਰਗੁਜ਼ਾਰੀ ਪ੍ਰਭਾਵਸ਼ਾਲੀ ਰਹੀ। ਇਸ ਨੂੰ 224 ਸੀਟਾਂ ਵਿਚੋਂ 79 ਸੀਟਾਂ ਉਪਰ ਜਿੱਤ ਹਾਸਲ ਹੋਈ ਜੋ 1994 ਦੀਆਂ 40 ਅਤੇ 1999 ਦੀਆਂ 44 ਸੀਟਾਂ ਦੇ ਮੁਕਾਬਲੇ ਬਹੁਤ ਵੱਡੀ ਪ੍ਰਾਪਤੀ ਸੀ। ਉਸ ਅਨੁਸਾਰ ‘2004 ਵਿਚ ਜੋ ਵਿਧਾਇਕ ਜਿੱਤੇ, ਉਨ੍ਹਾਂ ਵਿਚੋਂ ਅੱਧੇ ਤੋਂ ਵੱਧ ਦਾ ਪਿਛੋਕੜ ਬਜਰੰਗ ਦਲ ਸੀ। ਆਰ. ਐਸ਼ ਐਸ਼ ਨੂੰ ਵੀ ਸਾਡੀਆਂ ਸਰਗਰਮੀਆਂ ਦਾ ਲਾਹਾ ਮਿਲਿਆ। ਉਨ੍ਹਾਂ ਸਾਲਾਂ ਵਿਚ ਇਸ ਦੀਆਂ ਸ਼ਾਖਾਵਾਂ ਪਿੰਡਾਂ ਵਿਚ ਤੇਜ਼ੀ ਨਾਲ ਫੈਲ ਗਈਆਂ।’
2004 ਦੇ ਚੋਣ ਨਤੀਜਿਆਂ ਪਿਛੋਂ ਸੰਘ ਪਰਿਵਾਰ ਵਿਚ ਮੁਥਾਲਿਕ ਦੀ ਚੜ੍ਹਤ ਥੋੜ੍ਹ-ਚਿਰੀ ਸਾਬਤ ਹੋਈ। ਉਸ ਦੇ ਦਾਅਵੇ ਅਨੁਸਾਰ ‘ਇਹ ਪਹਿਲੀ ਵਾਰ ਹੋਇਆ ਕਿ ਕਰਨਾਟਕ ਭਾਜਪਾ ਵਿਚ ਕਈਆਂ ਨੇ ਮੈਨੂੰ ਖਤਰੇ ਵਜੋਂ ਦੇਖਿਆ। ਉਸ ਦੀ ਤਾਜ਼ਾ ਸ਼ਾਨੋ-ਸ਼ੌਕਤ ਛੇਤੀ ਹੀ ਸੰਘ ਪਰਿਵਾਰ ਵਿਚ ਉਸ ਦੇ ਅਲੱਗ-ਥਲੱਗ ਹੋਣ ਦਾ ਕਾਰਨ ਬਣ ਗਈ। ਉਸ ਨੇ ਦੱਸਿਆ, ‘ਅਫਵਾਹਾਂ ਫੈਲਣ ਲੱਗੀਆਂ ਕਿ ਮੇਰਾ ਚਾਲ-ਚਲਨ ਠੀਕ ਨਹੀਂ। ਮੈਂ ਜਥੇਬੰਦੀ ਨੂੰ ਧਨ ਕਮਾਉਣ ਲਈ ਵਰਤ ਰਿਹਾ ਹਾਂ। ਮੈਂ ਸੰਘ ਦੇ ਸਿਖਰਲੇ ਆਗੂਆਂ ਨੂੰ ਮਿਲਿਆ ਅਤੇ ਅਜਿਹੇ ਸ਼ੱਕ ਦੂਰ ਕਰਨ ਦੀ ਪੂਰੀ ਵਾਹ ਲਾਈ ਪਰ ਉਹ ਤਾਂ ਅਫਵਾਹਾਂ ਦੇ ਵਹਿਣ ਵਿਚ ਵਹਿ ਚੁੱਕੇ ਸਨ।’
2005 ਵਿਚ ਮੁਥਾਲਿਕ ਨੇ ਬਜਰੰਗ ਦਲ ਛੱਡ ਦਿੱਤਾ ਅਤੇ ਕਿਸੇ ਹੋਰ ਜਥੇਬੰਦੀ ਵਿਚ ਕਿਸਮਤ ਅਜ਼ਮਾਉਣ ਦਾ ਮਨ ਬਣਾ ਲਿਆ। ਸਭ ਤੋਂ ਪਹਿਲਾਂ ਉਸ ਦਾ ਧਿਆਨ ਸ਼ਿਵ ਸੈਨਾ ਨੇ ਖਿੱਚਿਆ। ਉਸ ਨੇ ਸ਼ਿਵ ਸੈਨਾ ਮੁਖੀ ਬਾਲ ਠਾਕਰੇ ਨਾਲ ਮੀਟਿੰਗਾਂ ਕੀਤੀਆਂ ਅਤੇ ਕਰਨਾਟਕ ਵਿਚ ਪਾਰਟੀ ਇਕਾਈਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ‘ਪਹਿਲਾਂ ਪਹਿਲ ਇਹ ਮੇਰੇ ਲਈ ਰਾਹਤ ਵਾਲਾ ਕੰਮ ਸੀ। ਕਈ ਪੱਖਾਂ ਤੋਂ ਇਥੇ ਜ਼ਿੰਦਗੀ ਬਿਹਤਰ ਸੀ। ਮੇਰੀ ਵਿਚਾਰਧਾਰਾ ਸ਼ਿਵ ਸੈਨਾ ਨਾਲ ਮੇਲ ਖਾਂਦੀ ਸੀ ਅਤੇ ਬਾਲ ਠਾਕਰੇ ਨੇ ਮੈਨੂੰ ਕਰਨਾਟਕ ਵਿਚ ਪੂਰੀ ਖੁੱਲ੍ਹ ਦੇ ਦਿੱਤੀ।’
ਬੈਲਗਾਮ ਜਿਥੇ ਮੁਥਾਲਿਕ ਦੀ ਰਿਹਾਇਸ਼ ਸੀ, ਤਕੜੀ ਮਰਾਠੀ ਆਬਾਦੀ ਵਾਲਾ ਇਲਾਕਾ ਹੈ। ਉਥੇ ਸ਼ਿਵ ਸੈਨਾ ਦੀਆਂ ਇਕਾਈਆਂ ਬਣਾਉਣਾ ਕੋਈ ਬਹੁਤੀ ਵੱਡੀ ਚੁਣੌਤੀ ਨਹੀਂ ਸੀ। ਥੋੜ੍ਹੇ ਮਹੀਨਿਆਂ ਵਿਚ ਹੀ ਮੁਥਾਲਿਕ ਨੂੰ ਸਥਾਨਕ ਲੋਕਾਂ ਤੋਂ ਵਧੀਆ ਸਹਿਯੋਗ ਮਿਲਣਾ ਸ਼ੁਰੂ ਹੋ ਗਿਆ ਅਤੇ ਰਾਜ ਦੇ ਹੋਰ ਖੇਤਰਾਂ ਵਿਚ ਵੀ ਇਕਾਈਆਂ ਬਣਨ ਲੱਗੀਆਂ। ਉਹ ਦੱਸਦਾ ਹੈ, ‘ਇਸ ਤੋਂ ਪਹਿਲਾਂ ਕਿ ਸ਼ਿਵ ਸੈਨਾ ਕਰਨਾਟਕ ਵਿਚ ਆਪਣਾ ਢੁੱਕਵਾਂ ਆਧਾਰ ਬਣਾ ਸਕਦੀ, ਮੈਨੂੰ ਅਚਾਨਕ ਮਹਿਸੂਸ ਹੋਇਆ ਕਿ ਇਸ ਤੋਂ ਹੋਰ ਅੱਗੇ ਨਹੀਂ ਵਧਿਆ ਜਾ ਸਕਦਾ। ਇਸ ਤੋਂ ਬਾਅਦ ਮਰਾਠੀ ਅਤੇ ਕੰਨੜ ਭਾਸ਼ਾ ਦੇ ਜਨੂੰਨੀ ਪ੍ਰੇਮੀਆਂ ਵਿਚਾਲੇ ਝਗੜਾ ਸ਼ੁਰੂ ਹੋ ਗਿਆ। ਬੈਲਗਾਮ ਜਿਸ ਨੂੰ ਮਹਾਰਾਸ਼ਟਰ ਆਪਣੇ ਸਭਿਆਚਾਰਕ ਖਿੱਤੇ ਦਾ ਹਿੱਸਾ ਹੋਣ ਦਾ ਦਾਅਵਾ ਕਰਦਾ ਹੈ, ਇਸ ਬਹਿਸ ਦਾ ਕੇਂਦਰ ਬਣ ਗਿਆ। ਕੰਨੜ ਭਾਸ਼ਾਈ ਗਰੁਪਾਂ ਨੇ ਸ਼ਿਵ ਸੈਨਾ ਦੀਆਂ ਮੀਟਿੰਗਾਂ ਵਿਚ ਵਿਘਨ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਕਰਨਾਟਕ ਵਿਚ ਇਸ ਪਾਰਟੀ ਲਈ ਕੰਮ ਕਰਨਾ ਅਸੰਭਵ ਹੋ ਗਿਆ।’
ਮੁਥਾਲਿਕ ਨੂੰ ਸ਼ੱਕ ਹੈ ਕਿ ਇਹ ਸਾਰਾ ਕੁਝ ਸੰਘ ਪਰਿਵਾਰ ਵਲੋਂ ਕਰਨਾਟਕ ਵਿਚ ਕਿਸੇ ਹੋਰ ਹਿੰਦੂਤਵ ਪਾਰਟੀ ਦੇ ਜੜ੍ਹਾਂ ਲਾਉਣ ਨੂੰ ਰੋਕਣ ਲਈ ਗਿਣ-ਮਿਥ ਕੇ ਕੀਤਾ ਗਿਆ। 2006 ਵਿਚ ਕਰਨਾਟਕ ਵਿਚ ਸ਼ਿਵ ਸੈਨਾ ਦੀ ਤਕਦੀਰ ਨੂੰ ਮੋਂਦਾ ਲੱਗ ਗਿਆ ਅਤੇ ਮੁਥਾਲਿਕ ਨੇ ਆਪਣੇ ਸਾਰੇ ਸੱਜਣਾਂ ਤੇ ਜੋਟੀਦਾਰਾਂ ਸਮੇਤ ਪਾਰਟੀ ਨੂੰ ਅਲਵਿਦਾ ਕਹਿ ਦਿੱਤੀ। ‘ਇਹ ਵੱਡਾ ਸਦਮਾ ਸੀ। ਮੈਂ ਮੁੜ ਸੋਚਣਾ ਸ਼ੁਰੂ ਕਰ ਦਿੱਤਾ ਕਿ ਆਪਣੀ ਪ੍ਰਸੰਗਿਕਤਾ ਕਿਵੇਂ ਬਰਕਰਾਰ ਰੱਖੀ ਜਾਵੇ।’ ਉਸੇ ਸਾਲ ਉਸ ਨੇ ਨਵੀਂ ਸਿਆਸੀ ਪਾਰਟੀ ‘ਰਾਸ਼ਟਰੀ ਹਿੰਦੂ ਸੈਨਾ’ ਬਣਾਈ ਅਤੇ ਸ਼ੁਰੂ ਵਿਚ ਹੀ ‘ਸ੍ਰੀ ਰਾਮ ਸੇਨੇ’ ਨੂੰ ਟਰੱਸਟ ਦੇ ਤੌਰ ‘ਤੇ ਰਜਿਸਟਰ ਕਰਵਾ ਲਿਆ।

ਦਿਲਚਸਪ ਗੱਲ ਇਹ ਵੀ ਹੈ ਕਿ ਸ੍ਰੀ ਰਾਮ ਸੇਨੇ ਬਣਾਉਣ ਦਾ ਵਿਚਾਰ ਮੁਥਾਲਿਕ ਦਾ ਨਹੀਂ ਸੀ। ਇਹ ਫੁਰਨਾ ਪਹਿਲਾਂ-ਪਹਿਲ ਉਸ ਦੇ ਮੰਗਲੌਰ ਵਾਲੇ ਲਫਟੈਣਾਂ ਦਾ ਸੀ ਜਿਨ੍ਹਾਂ ਨੇ ਉਸ ਨਾਲ 2005 ਵਿਚ ਬਜਰੰਗ ਦਲ ਛੱਡਿਆ ਸੀ। ਪਿਛੜੀਆਂ ਜਾਤੀਆਂ ਨਾਲ ਸਬੰਧਤ ਮੰਗਲੌਰ ਆਧਾਰਤ ਆਗੂਆਂ ਪ੍ਰਵੀਨ ਵਲਕੇ, ਅਰੁਨ ਕੁਮਾਰ ਪੁਟੀਲਾ, ਪ੍ਰਸਾਦ ਅਤਾਵਾਰ, ਆਨੰਦ ਸ਼ੈਟੀ, ਸੁਭਾਸ਼ ਪਾਡਿਲ ਅਤੇ ਹੋਰ ਕਈਆਂ ਨੇ ਤੱਟਵਰਤੀ ਕਰਨਾਟਕ ਨੂੰ ਭਗਵੇਂ ਰੰਗ ਵਿਚ ਰੰਗਣ ਵਿਚ ਕੇਂਦਰੀ ਭੂਮਿਕਾ ਨਿਭਾਈ ਸੀ। ਪ੍ਰਵੀਨ ਵਲਕੇ ਜੋ ਉਸ ਵਕਤ ਬਜਰੰਗ ਦਲ ਦਾ ਸੂਬਾ ਕਨਵੀਨਰ ਸੀ, ਦੱਸਦਾ ਹੈ, ‘2004 ਤੱਕ ਸਾਨੂੰ ਜਾਤ-ਪਾਤੀ ਲੀਹਾਂ ‘ਤੇ ਬਹੁਤਾ ਵਿਤਕਰਾ ਮਹਿਸੂਸ ਨਹੀਂ ਹੋਇਆ ਸੀ ਲੇਕਿਨ ਉਸ ਸਾਲ ਅਸੈਂਬਲੀ ਚੋਣਾਂ ਦੇ ਨਤੀਜੇ ਆਉਣ ‘ਤੇ ਉਨ੍ਹਾਂ ਨੂੰ ਲੱਗਿਆ ਕਿ ਕੰਮ ਨੇਪਰੇ ਚੜ੍ਹ ਗਿਆ ਹੈ। ਜਥੇਬੰਦੀ ਅੰਦਰ ਜਾਤੀ ਸਾਡੇ ਲਈ ਵੱਡੀ ਰੁਕਾਵਟ ਬਣ ਗਈ ਜਿਥੇ ਅਹਿਮ ਅਹੁਦੇ ਬ੍ਰਾਹਮਣਾਂ ਲਈ ਰਾਖਵੇਂ ਹਨ। ਤੁਹਾਨੂੰ ਸੰਘ ਵਿਚ ਇਸ ਬਾਰੇ ਕੋਈ ਵੀ ਨਹੀਂ ਦੱਸੇਗਾ ਲੇਕਿਨ ਉਥੇ ਸਾਰਾ ਕੁਝ ਬ੍ਰਾਹਮਣਾਂ ਦੇ ਲਾਭ ਲਈ ਕੀਤਾ ਜਾਂਦਾ ਹੈ। ਨੀਵੀਂ ਜਾਤੀ ਦੇ ਲੋਕਾਂ ਨੂੰ ਹੇਠਲੇ ਪੱਧਰ ਦੇ ਕੰਮ ਕਰਨੇ ਪੈਂਦੇ ਹਨ ਜਿਨ੍ਹਾਂ ਨੂੰ ਤੁਸੀ ਮਾੜੇ ਕੰਮ ਕਹਿ ਸਕਦੇ ਹੋ, ਜਿਵੇਂ ਗਲੀਆਂ ਵਿਚ ਲੜਾਈ-ਝਗੜੇ ਕਰਨਾ।’
ਪ੍ਰਵੀਨ ਵਲਕੇ ਨੇ ਬਜਰੰਗ ਦਲ ਵਿਚ ਆਪਣਾ ਕੰਮ ਮੁਥਾਲਿਕ ਦੇ ਨਾਲ ਹੀ ਸ਼ੁਰੂ ਕੀਤਾ ਸੀ। 1994 ਵਿਚ ਕਰਨਾਟਕ ਵਿਚ ਬਜਰੰਗ ਦਲ ਦਾ ਚਾਰਜ ਸੰਭਾਲਦੇ ਸਾਰ ਉਸ ਨੇ ਵਲਕੇ ਨੂੰ ਮੰਗਲੌਰ ਦਾ ਕਨਵੀਨਰ ਬਣਾ ਦਿੱਤਾ। ਵਲਕੇ ਜੋ ਵੈਸ਼ ਜਾਤੀ ਦਾ ਹੈ, ਨੇ ਦੱਸਿਆ, ‘ਉਸੇ ਸਾਲ ਹਾਂਪੀ ਵਿਚ ਮੀਟਿੰਗ ਹੋਈ ਜਿਸ ਵਿਚ ਕਰਨਾਟਕ ਵਿਚ ਬਜਰੰਗ ਦਲ ਨੂੰ ਜਥੇਬੰਦ ਕਰਨ ਦੀਆਂ ਜਿੰਮੇਵਾਰੀਆਂ ਸੌਪੀਆਂ ਗਈਆਂ। ਮੈਨੂੰ ਮੰਗਲੌਰ ਦੀ ਜ਼ਿੰਮੇਵਾਰੀ ਸੌਂਪੀ ਗਈ।’ ਬਹੁਤ ਹੀ ਥੋੜ੍ਹੇ ਸਮੇਂ ਵਿਚ ਵਲਕੇ ਨੇ ਸਥਾਨਕ ਆਗੂਆਂ ਦਾ ਅਜਿਹਾ ਤਾਣਾ-ਬਾਣਾ ਸਥਾਪਤ ਕੀਤਾ ਕਿ ਮੰਗਲੌਰ ਅਤੇ ਨੇੜੇ-ਤੇੜੇ ਕਾਰਕੁਨਾਂ ਦੀਆਂ ਜੜ੍ਹਾਂ ਲੱਗ ਗਈਆਂ ਅਤੇ ਹੌਲੀ-ਹੌਲੀ ਦੱਖਣੀ ਕਰਨਾਟਕ ਜੋ ਕਿਸੇ ਵੇਲੇ ਕਾਂਗਰਸ ਦਾ ਆਧਾਰ ਇਲਾਕਾ ਸੀ, ਮਜ਼ਬੂਤ ਭਗਵਾਂ ਗੜ੍ਹ ਬਣ ਗਿਆ।
ਵਲਕੇ ਅਗਾਂਹ ਕਹਿੰਦਾ ਹੈ, ‘ਜਿਉਂ-ਜਿਉਂ ਸਾਡੀ ਤਾਕਤ ਵਧਦੀ ਗਈ, ਸਾਨੂੰ ਇਹ ਵੀ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਕਿ ਸਾਡੀ ਪਿਛੜੀ ਜਾਤੀ ਕਾਰਨ ਸਾਨੂੰ ਸਾਡਾ ਬਣਦਾ ਹੱਕ ਨਹੀਂ ਮਿਲ ਰਿਹਾ। ਸਾਨੂੰ ਆਰ. ਐਸ਼ ਐਸ਼ ਦੇ ਬ੍ਰਾਹਮਣ ਆਗੂਆਂ ਦੇ ਦਿਲ-ਤੋੜੂ ਰਵੱਈਏ ਦਾ ਸ਼ਿਕਾਰ ਹੋਣਾ ਪੈ ਰਿਹਾ ਸੀ। ਲਿਹਾਜ਼ਾ, ਜਦੋਂ ਮੁਥਾਲਿਕ ਨੇ 2005 ਵਿਚ ਮੈਨੂੰ ਆਰ. ਐਸ਼ ਐਸ਼ ਛੱਡਣ ਬਾਰੇ ਦੱਸਿਆ, ਅਸੀਂ ਸਾਰੇ ਬਜਰੰਗ ਦਲ ਛੱਡ ਕੇ ਉਸ ਦੇ ਨਾਲ ਹੋ ਗਏ।’ ਕੁਝ ਸਮੇਂ ਲਈ ਵਲਕੇ ਅਤੇ ਉਸ ਦੇ ਸਾਥੀ ਸ਼ਿਵ ਸ਼ੈਨਾ ਦੇ ਮੈਂਬਰ ਵੀ ਰਹੇ ਲੇਕਿਨ ਮੁਥਾਲਿਕ ਦੇ ਨਾਲ ਹੀ ਉਨ੍ਹਾਂ ਨੇ ਵੀ ਇਸ ਜਥੇਬੰਦੀ ਨੂੰ ਅਲਵਿਦਾ ਕਹਿ ਦਿੱਤੀ। ਜਦੋਂ ਮੁਥਾਲਿਕ ਨੇ ਰਾਸ਼ਟਰੀ ਹਿੰਦੂ ਸੈਨਾ ਬਣਾਈ ਤਾਂ ਉਹ ਝਿਜਕਦੇ ਝਿਜਕਦੇ ਉਸ ਵਿਚ ਸ਼ਾਮਲ ਹੋ ਗਏ, ਕਿਉਂਕਿ ਉਹ ਨਹੀਂ ਸੀ ਚਾਹੁੰਦੇ ਕਿ ਕਿਸੇ ਸਿਆਸੀ ਪਾਰਟੀ ਦਾ ਹਿੱਸਾ ਬਣਿਆ ਜਾਵੇ।
ਵਲਕੇ ਉਸ ਵਕਤ ਨੂੰ ਚੇਤੇ ਕਰਦਿਆਂ ਦੱਸਦਾ ਹੈ, ‘2006 ਵਿਚ ਮੰਗਲੌਰ ਦੇ ਸਾਰੇ ਸਾਥੀਆਂ ਨੇ ਮੇਰੇ ਘਰ ਪੂਰਾ ਦਿਨ ਮੀਟਿੰਗ ਕੀਤੀ ਅਤੇ ਬਜਰੰਗ ਦਲ ਵਰਗੀ ਜਥੇਬੰਦੀ ਬਣਾਉਣ ਦਾ ਫੈਸਲਾ ਕੀਤਾ। ਅਰੁਨ ਪੁਟੀਲਾ ਨੇ ‘ਸ੍ਰੀ ਰਾਮ ਸੇਨੇ’ ਨਾਂ ਦੀ ਸਲਾਹ ਦਿੱਤੀ ਜੋ ਅਸੀਂ ਸਾਰਿਆਂ ਨੇ ਸਵੀਕਾਰ ਕਰ ਲਈ। ਵਲਕੇ ਅਤੇ ਪੁਟੀਲਾ ਤੋਂ ਇਲਾਵਾ ਮੰਗਲੌਰ ਦੇ ਡੋਂਗਰ ਕੇਰੀ ਇਲਾਕੇ ਵਿਚ ਹੋਈ ਮੀਟਿੰਗ ਵਿਚ ਬਜਰੰਗ ਦਲ ਦੇ ਹੋਰ ਪੁਰਾਣੇ ਕਾਰਕੁਨ ਮੋਹਨ ਭੱਟ, ਸੁਭਾਸ਼ ਪਾਟਿਲ, ਪ੍ਰਸਾਦ ਅਤਾਵਾਰ ਅਤੇ ਅਨੰਦ ਸ਼ੈਟੀ ਵੀ ਹਾਜ਼ਰ ਸਨ। ‘ਅਸੀਂ ਮੁਥਾਲਿਕ ਨੂੰ ਸ੍ਰੀ ਰਾਮ ਸੇਨੇ’ ਬਣਾਉਣ ਬਾਰੇ ਦੱਸਿਆ ਅਤੇ ਇਸ ਦੀ ਅਗਵਾਈ ਕਰਨ ਲਈ ਗੁਜ਼ਾਰਿਸ਼ ਕੀਤੀ। ਉਹ ਮੰਨ ਗਿਆ ਅਤੇ ਇਥੇ ਆ ਕੇ ਸਾਡੀ ਸਹਿਮਤੀ ਨਾਲ ਜਥੇਬੰਦੀ ਦੀ ਰਜਿਸਟਰੇਸ਼ਨ ਕਰਵਾਈ।’
ਛੇਤੀ ਹੀ ਸ੍ਰੀ ਰਾਮ ਸੈਨਾ ਮੰਗਲੌਰ ਦੇ ਆਲੇ-ਦੁਆਲੇ ਬਹੁਤ ਤੇਜ਼ੀ ਨਾਲ ਸਰਗਰਮ ਹੋ ਗਈ ਅਤੇ ਫਿਰਕੂ ਫਸਾਦਾਂ, ਲੁੱਟ-ਮਾਰ ਅਤੇ ਨੈਤਿਕ ਥਾਣੇਦਾਰੀ ਦੇ ਬਹੁਤ ਸਾਰੇ ਮਾਮਲਿਆਂ ਵਿਚ ਸ਼ਾਮਲ ਹੋ ਗਈ। ਸ਼ਹਿਰ ਵਿਚ ਕਾਨੂੰਨ ਦਾ ਰਾਜ ਕਾਲਪਨਿਕ ਕਹਾਣੀ ਬਣ ਕੇ ਰਹਿ ਗਿਆ। ਘੱਟ ਗਿਣਤੀਆਂ ਦੀ ਬੇਤਹਾਸ਼ਾ ਕੁੱਟ-ਮਾਰ, ਲੁੱਟ-ਖੋਹ ਵਗੈਰਾ ਨਿੱਤ ਦੀ ਕਹਾਣੀ ਬਣ ਗਏ। ਉਂਜ, ਆਪਣੀ ਹੋਂਦ ਦੱਸਣ ਲਈ ਬਜਰੰਗ ਦਲ ਨੇ ਵੀ ਆਪਣੀਆਂ ਸਰਗਰਮੀਆਂ ਮੁੜ ਵਿੱਢ ਦਿੱਤੀਆਂ। ਇਨ੍ਹਾਂ ਦੋ ਧੜਿਆਂ ਦੇ ਮੁਕਾਬਲੇ ਵਿਚ ਫਸੇ ਮੰਗਲੌਰ ਅਤੇ ਇਸ ਦੇ ਗੁਆਂਢੀ ਇਲਾਕਿਆਂ ਨੂੰ 2006 ਵਿਚ ਬਹੁਤ ਵੱਡੀ ਤਾਦਾਦ ਵਿਚ ਭਿਆਨਕ ਫਿਰਕੂ ਫਸਾਦਾਂ ਦਾ ਸਾਹਮਣਾ ਕਰਨਾ ਪਿਆ।
ਪ੍ਰਵੀਨ ਵਲਕੇ ਦੱਸਦਾ ਹੈ, ‘ਬਤੌਰ ਆਗੂ ਸਾਨੂੰ ਅੰਦੋਲਨਾਂ ਦਾ ਅਮੀਰ ਤਜਰਬਾ ਹੈ। ਗਲੀਆਂ ਵਿਚ ਅਜਿਹੇ ਤਮਾਸ਼ੇ ਕਰਨ ਦੇ ਮਾਹਰ ਸਾਡੇ ਲੜਕੇ ਹਮੇਸ਼ਾ ਮੋਹਰੀ ਰਹਿੰਦੇ। ਮੀਡੀਆ ਇਲਾਕੇ ਵਿਚ ਸਾਨੂੰ ਪੂਰੀ ਥਾਂ ਦੇਣ ਲੱਗਾ, ਜਿਵਂੇ ਅਸੀਂ ਹੀ ਉਸ ਖੇਤਰ ਵਿਚ ਇਕੋ-ਇਕ ਜਥੇਬੰਦੀ ਹੋਈਏ। ਅਸੀ ਪ੍ਰੈਸ ਨੂੰ ਇਸ ਤਰ੍ਹਾਂ ਬਿਆਨ ਜਾਰੀ ਕਰਨ ਲੱਗੇ, ਜਿਵੇਂ ‘ਕਾਫੀ’ ਦਾ ਆਰਡਰ ਦੇਈਦਾ ਹੈ। ਥੋੜ੍ਹੇ ਵਕਤ ਲਈ ਤਾਂ ਇਉਂ ਜਾਪਿਆ, ਜਿਵੇਂ ਬਜਰੰਗ ਦਲ ਦਾ ਸਫਾਇਆ ਹੋ ਗਿਆ ਹੋਵੇ। ਸੈਨਾ ਬਣਨ ਦੇ ਦੋ ਮਹੀਨੇ ਬਾਅਦ ਹੀ ਸਾਡੇ ਖਿਲਾਫ 42 ਕੇਸ ਦਰਜ ਹੋ ਚੁੱਕੇ ਸਨ।’
ਤੇਜ਼ੀ ਨਾਲ ਮਿਲੀ ਕਾਮਯਾਬੀ ਕਾਰਨ ਸ੍ਰੀ ਰਾਮ ਸੈਨਾ ਵਿਚ ਵੀ ਅਭਿਲਾਸ਼ਾਵਾਂ ਨੂੰ ਲੈ ਕੇ ਝਗੜੇ ਹੋਣ ਲੱਗੇ। ਸ਼ੁਰੂ ‘ਚ ਜਥੇਬੰਦੀ ਦਾ ਪੂਰਾ ਢਾਂਚਾ ਬਣਾਏ ਬਿਨਾ ਹੀ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ। ਮੁਥਾਲਿਕ ਨੂੰ ਕੌਮੀ ਪ੍ਰਧਾਨ ਅਤੇ ਵਲਕੇ ਨੂੰ ਸੂਬਾ ਕਨਵੀਨਰ ਕਿਹਾ ਜਾਂਦਾ ਸੀ। ਵਲਕੇ ਅਨੁਸਾਰ ‘2007 ਦੇ ਸ਼ੁਰੂ ਵਿਚ ਜਦੋਂ ਅਸੀਂ ਮੀਟਿੰਗ ਕਰਕੇ ਮੁਥਾਲਿਕ ਨੂੰ ਸੱਦਿਆ ਅਤੇ ਪ੍ਰਧਾਨਗੀ ਕਰਨ ਲਈ ਕਿਹਾ, ਉਸ ਨੇ ਉਸ ਮੀਟਿੰਗ ਵਿਚ ਸ੍ਰੀ ਰਾਮ ਸੈਨਾ ਦੇ ਸਾਰੇ ਅਹੁਦੇਦਾਰਾਂ ਦਾ ਐਲਾਨ ਕਰਨਾ ਸੀ ਅਤੇ ਉਨ੍ਹਾਂ ਨੂੰ ਜ਼ਿੰਮੇਵਾਰੀਆਂ ਸੌਂਪਣੀਆਂ ਸਨ। ਐਲਾਨ ਤੋਂ ਪਹਿਲਾਂ ਹੀ ਸਾਡੇ ਇਕ ਸੀਨੀਅਰ ਆਗੂ ਪ੍ਰਸਾਦ ਅਤਾਵਾਰ ਨੇ ਕਰਨਾਟਕ ਦੇ ਕੋ-ਕਨਵੀਨਰ ਦੇ ਤੌਰ ‘ਤੇ ਆਪਣਾ ਨਾਂ ਪੇਸ਼ ਕਰ ਦਿੱਤਾ। ਮੈਨੂੰ ਇਸ ਦੀ ਜਾਣਕਾਰੀ ਨਹੀਂ ਸੀ, ਕਿਉਂਕਿ ਮੈਂ ਮੀਟਿੰਗ ਦੇ ਇੰਤਜ਼ਾਮ ਵਿਚ ਰੁਝਾ ਹੋਇਆ ਸੀ। ਮੈਂ ਮੁਥਾਲਿਕ ਦੇ ਧਿਆਨ ਵਿਚ ਇਹ ਮੁੱਦਾ ਲਿਆਂਦਾ ਲੇਕਿਨ ਉਸ ਨੇ ਸਿੱਧੇ ਤੌਰ ‘ਤੇ ਦਖਲ ਦੇਣ ਤੋਂ ਟਾਲਾ ਵੱਟਦਿਆਂ ਅਹੁਦੇਦਾਰਾਂ ਦੀ ਸੋਧੀ ਹੋਈ ਲਿਸਟ ਦਾ ਐਲਾਨ ਕਰ ਦਿੱਤਾ।’
ਵਲਕੇ ਅਤੇ ਉਸ ਦੇ ਬਹੁਤ ਸਾਰੇ ਸਾਥੀਆਂ ਜਿਵੇਂ ਅਨੰਦ ਸੈਂਟੀ ਲਈ ਇਹ ਵਿਸ਼ਵਾਸਘਾਤ ਸੀ। ਉਸ ਨੇ ਕਿਹਾ, ‘ਮੇਰੀ ਦਲੀਲ ਸਿੱਧੀ ਜਿਹੀ ਸੀ ਕਿ ਦੋ ਸਟੇਟ ਕਨਵੀਨਰ ਅੰਦਰੂਨੀ ਝਗੜੇ ਦਾ ਕਾਰਨ ਬਣਨਗੇ ਅਤੇ ਧੜੇਬੰਦੀ ਪੈਦਾ ਹੋਵੇਗੀ ਜਿਸ ਕਾਰਨ ਜਥੇਬੰਦੀ ਕਮਜ਼ੋਰ ਹੋਵੇਗੀ। ਮੁਥਾਲਿਕ ਅਤੇ ਅਤਾਵਾਰ ਇਹ ਗਲਤੀ ਸੁਧਾਰਨ ਲਈ ਤਿਆਰ ਨਹੀਂ ਸਨ, ਕਿਉਂਕਿ ਅਹੁਦੇਦਾਰਾਂ ਦੀ ਇਹ ਸੂਚੀ ਪਹਿਲਾਂ ਹੀ ਐਲਾਨੀ ਜਾ ਚੁੱਕੀ ਸੀ ਅਤੇ ਮੈਂ ਫਿਰ ਜਥੇਬੰਦੀ ਤੋਂ ਬਾਹਰ ਆਉਣ ਦਾ ਫੈਸਲਾ ਕਰ ਲਿਆ।’
ਇਉਂ ਸ੍ਰੀ ਰਾਮ ਸੈਨਾ ਬਣਨ ਦੇ ਕੁਝ ਮਹੀਨਿਆਂ ਦੇ ਅੰਦਰ ਹੀ ਵਲਕੇ ਜੋ ਮੰਗਲੌਰ ਤੋਂ ਜਥੇਬੰਦੀ ਦਾ ਅਹਿਮ ਆਗੂ ਸੀ, ਜਥੇਬੰਦੀ ਵਿਚੋਂ ਨਿਕਲ ਗਿਆ। ‘ਉਸ ਵਕਤ ਮੇਰੇ ਨਾਲ ਕੁਝ ਸਥਾਨਕ ਆਗੂ ਅਤੇ ਕਾਰਕੁਨ ਵੀ ਜਥੇਬੰਦੀ ਨੂੰ ਅਲਵਿਦਾ ਕਹਿ ਗਏ। ਉਸ ਪਿਛੋਂ ਮੈਂ ਇੰਟੀਰੀਅਰ ਡੈਕੋਰੇਸ਼ਨ ਕੰਪਨੀ ਬਣਾਈ ਜਿਸ ਵਿਚ 70 ਦੇ ਕਰੀਬ ਲੋਕ ਕੰਮ ਕਰਦੇ ਸਨ। ਮੈਂ ਆਪਣੇ ਵਪਾਰ ਵਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਅਤੇ ਸੈਨਾ ਦੀਆਂ ਮੀਟਿੰਗਾਂ ਤੇ ਹੋਰ ਸਰਗਰਮੀਆਂ ਵਿਚ ਹਿੱਸਾ ਲੈਣਾ ਛੱਡ ਦਿੱਤਾ।’
ਮੰਗਲੌਰ ਵਿਚ ਸੈਨਾ ਦੀ ਲੀਡਰਸ਼ਿਪ ਕਮਜ਼ੋਰ ਹੋਣ ਕਾਰਨ ਸ਼ਰੀਕ ਜਥੇਬੰਦੀ ਬਜਰੰਗ ਦਲ ਨੂੰ ਆਪਣਾ ਖੁੱਸਿਆ ਆਧਾਰ ਮੁੜ ਹਾਸਲ ਕਰਨ ਦਾ ਮੌਕਾ ਮਿਲ ਗਿਆ। ਇਕ ਹੱਦ ਤਕ ਉਹ ਸਫਲ ਵੀ ਹੋਏ ਪਰ ਸੈਨਾ ਨੇ ਜੋ ਰਫਤਾਰ ਫੜ ਲਈ ਸੀ, ਉਸ ਵਿਚ ਕੋਈ ਫਰਕ ਨਾ ਪਿਆ। (ਚਲਦਾ)