ਅਵਤਾਰ ਸਿੰਘ (ਪ੍ਰੋ.)
ਫੋਨ: 91-94175-18384
ਸ਼ਾਇਦ ਝਗੜਾ ਜੀਵ ਦੀ ਮੁਢਲੀ ਪ੍ਰਕਿਰਤੀ ਹੋਵੇ। ਪਸੂ, ਪੰਛੀ ਤੇ ਕੀੜੇ-ਮਕੌੜੇ ਸਭ ਲੜਦੇ ਹਨ। ਝੱਖੜ ਝੁੱਲਦੇ ਹਨ ਤਾਂ ਵਨਸਪਤੀ ਖਹਿੰਦੀ ਹੈ। ਪਾਣੀਆਂ ਦੇ ਝਗੜੇ ਨੂੰ ਜਿਵੇਂ ਹੜ੍ਹ ਕਹਿੰਦੇ ਹੋਈਏ, ਜਮੀਨੀ ਝਗੜੇ ਦਾ ਨਾਂ ਭੁਚਾਲ ਹੋਵੇ ਤੇ ਕਾਇਨਾਤ ਦੇ ਭੇੜ ਦਾ ਨਾਂ ਪਰਲੋ।
ਝਗੜਾਲੂ ਬਿਰਤੀ ਨੂੰ ਜਾਂਗਲੀ ਬਿਰਤੀ ਮੰਨਿਆ ਜਾਂਦਾ ਹੈ ਤੇ ਝਗੜੇ ਤੋਂ ਪਰਹੇਜ਼ ਕਰਨ ਵਾਲੇ ਨੂੰ ਸੱਭਿਅਕ ਸਮਝਿਆ ਜਾਂਦਾ ਹੈ। ਕੁਝ ਵੀ ਹੋਵੇ, ਝਗੜਾ ਵਿਨਾਸ਼ ਦਾ ਮੂਲ ਹੈ। ਇਹ ਵੀ ਸੱਚ ਹੈ ਕਿ ਵਿਨਾਸ਼ ਬਿਨਾ ਨਵੀਂ ਉਤਪਤੀ ਸੰਭਵ ਨਹੀਂ ਹੁੰਦੀ, “ਕਈ ਬਾਰ ਪਸਰਿਓ ਪਾਸਾਰ॥”
ਜਿਵੇਂ ਸਾਂਖ ਸ਼ਾਸ਼ਤਰ ਵਿਚ ਪੁਰਸ਼ ਅਤੇ ਪ੍ਰਕਿਰਤੀ ਦਾ ਜੋੜਾ ਹੈ, ਇਵੇਂ ਹੀ ਪ੍ਰਕਿਰਤੀ ਤੇ ਸੰਸਕ੍ਰਿਤੀ ਦਾ ਜੋੜਾ ਹੈ। ਪੁਰਸ਼ ਕਹਿੰਦੇ ਹਨ ਪਰਮਾਤਮਾ ਨੂੰ, ਜੋ ਨਿਰਾਕਾਰ ਹੈ, ਜਿਸ ਦਾ ਜਾਗ੍ਰਿਤ ਰੂਪ ਪ੍ਰਕਿਰਤੀ ਹੈ; ਜਿਸ ਨੂੰ ਜਦ ਮਨੁਖ ਆਪਣੇ ਤਕਾਜ਼ੇ ਮੂਜਬ ਢਾਲ ਲੈਂਦਾ ਹੈ ਤਾਂ ਉਹੀ ਪ੍ਰਕਿਰਤੀ ਸੰਸਕ੍ਰਿਤੀ ਦਾ ਰੂਪ ਵਟਾ ਲੈਂਦੀ ਹੈ।
ਆਰੀਆ ਲੋਕ ਇੱਥੇ ਆਏ ਤਾਂ ਮੂਲ ਨਿਵਾਸੀਆਂ ਨਾਲ ਮੇਲ ਅਤੇ ਭਿੜੰਤ ਪਿਛੋਂ ਉਨ੍ਹਾਂ ਦੀ ਭਾਸ਼ਾ ਵਿਚ ਬਦਲਾਉ ਆਉਣੇ ਕੁਦਰਤੀ ਸਨ। ਪਾਣਨੀ ਦੀ ਪ੍ਰਧਾਨਗੀ ਹੇਠ ਪੰਡਿਤਾਂ ਨੇ ਕਠਿਨ ਜੱਦੋਜਹਿਦ ਕਰਕੇ ਉਸ ਪ੍ਰਕਿਰਤਕ ਭਾਸ਼ਾ ਨੂੰ ਸੋਧ ਕੇ ਅਤੇ ਧੋ ਮਾਂਜ ਕੇ ਗੈਰਕੁਦਰਤੀ ਰੂਪ ਦੇ ਦਿੱਤਾ, ਜਿਸ ਨੂੰ ਉਨ੍ਹਾਂ ਨੇ ਸੰਸਕ੍ਰਿਤ ਦਾ ਨਾਂ ਦੇ ਦਿੱਤਾ; ਜੋ ਇਤਨੀ ਅਪ੍ਰਕਿਰਤਕ ਸੀ, ਜੋ ਕਦੀ ਵੀ ਕਿਸੇ ਦੀ ਮਾਤਭਾਸ਼ਾ ਨਹੀਂ ਸੀ। ਭਾਰਤ ਦਾ ਕੋਈ ਵੀ ਖਿੱਤਾ ਅਜਿਹਾ ਨਹੀਂ, ਜਿੱਥੋਂ ਦੇ ਲੋਕ ਕੁਦਰਤੀ ਰੂਪ ਵਿਚ ਕਦੀ ਵੀ ਸੰਸਕ੍ਰਿਤ ਬੋਲਦੇ ਹੋਣਗੇ।
ਵਿਦੇਸ਼ੀ ਹਮਲਾਵਰਾਂ ਕਾਰਨ ਇਕ ਵਾਰ ਫਿਰ ਭਾਰਤੀ ਲੋਕਾਂ ਦੀ ਬੋਲੀ ਵਿਚ ਤਬਦੀਲੀ ਹੋਈ ਕਿ ਵਿਦੇਸ਼ੀ ਮੇਲ-ਜੋਲ ਕਾਰਨ ਅਰਬੀ ਤੇ ਫਾਰਸੀ ਦੀ ਸ਼ਬਦਾਵਲੀ ਸਾਡੀਆਂ ਕੁਦਰਤੀ ਬੋਲੀਆਂ ਵਿਚ ਰਲਗੱਡ ਹੋਣ ਲੱਗ ਪਈ।
ਅਕਬਰ ਦੇ ਸੁਲਹਕੁਲ ਰਵੱਈਏ ਕਾਰਨ, ਭਗਤੀ ਲਹਿਰ ਦੇ ਪ੍ਰੇਮਾਭਾਵ ਅਤੇ ਗੁਰੂ ਸਾਹਿਬਾਨ ਦੀ ਸਾਂਝੀਵਾਲਤਾ ਭਰਪੂਰ ਮਿਲਵਰਤਣੀ ਲਹਿਰ ਸਦਕਾ ਭਾਰਤ ਵਿਚ ਇੱਕ ਸਾਂਝੀ ਭਾਸ਼ਾ ਨੇ ਜਨਮ ਲਿਆ, ਜਿਸ ਨੂੰ ਖੜ੍ਹੀ ਬੋਲੀ ਦਾ ਨਾਂ ਦਿੱਤਾ ਗਿਆ। ਵਿਦਵਾਨਾਂ ਨੇ ਅਜਿਹੇ ਗ੍ਰੰਥ ਰਚਣੇ ਅਰੰਭ ਕਰ ਦਿੱਤੇ, ਜਿਨ੍ਹਾਂ ਵਿਚ ਅਰਬੀ ਫਾਰਸੀ ਦੀ ਸ਼ਬਦਾਵਲੀ ਸਜਣ ਤੇ ਫੱਬਣ ਲੱਗ ਪਈ। ਦਸਮੇਸ਼ ਪਿਤਾ ਨੇ ਸੰਸਕ੍ਰਿਤ ਅਤੇ ਅਰਬੀ ਫਾਰਸੀ ਦੇ ਬੇਹੱਦ ਨਵੇਂ ਸਮਾਸ ਬਣਾਏ ਅਤੇ ਬਾਣੀ ਵਿਚ ਵਰਤੇ।
ਖੜ੍ਹੀ ਬੋਲੀ ਦਾ ਭਾਵ ਸਪਸ਼ਟ ਅਤੇ ਚੁਸਤ ਦਰੁਸਤ ਭਾਸ਼ਾ ਸਮਝਣਾ ਚਾਹੀਦਾ ਹੈ, ਜਿਸ ਵਿਚ ਕਾਵਿਕ ਮੁਗਾਲਤੇ ਦੀ ਗੁੰਜਾਇਸ਼ ਖਾਰਜ ਹੋ ਗਈ ਹੋਵੇ। ਅਜਿਹੀ ਭਾਸ਼ਾ ਵਾਰਤਕ ਸਾਹਿਤ ਲਈ ਬੜੀ ਹੀ ਗੁਣਕਾਰੀ ਸਮਝੀ ਜਾਂਦੀ ਹੈ ਤੇ ਆਮ ਗੱਲਬਾਤ ਵਿਚ ਵੀ ਬੜੀ ਸਹਾਈ ਹੁੰਦੀ ਹੈ। ਅੱਜ ਵੀ ਫਾਰਸੀ ਸ਼ਬਦਾਵਲੀ ਦੀ ਮਿਲਤਰ ਨਾਲ ਪੰਜਾਬੀ ਭਾਸ਼ਾ ਵਧੇਰੇ ਪ੍ਰਭਾਵਸ਼ਾਲੀ ਪ੍ਰਤੀਤ ਹੁੰਦੀ ਹੈ। ਅੰਗਰੇਜ਼ਾਂ ਦੇ ਆਉਣ ਸਮੇਂ ਖੜ੍ਹੀ ਬੋਲੀ ਹਿੰਦੁਸਤਾਨ ਵਿਚ ਪ੍ਰਚਲਿਤ ਸੀ; ਸ਼ਾਇਦ ਇਸੇ ਲਈ ਇਸ ਨੂੰ ਹਿੰਦੁਸਤਾਨੀ ਵੀ ਕਿਹਾ ਜਾਣ ਲੱਗ ਪਿਆ ਹੋਵੇ।
ਅੰਗਰੇਜ਼ਾਂ ਦੇ ਵਰਤੋਂ ਵਿਹਾਰ ਦਾ ਅੰਤਰੀਵ ਪ੍ਰਯੋਜਨ ਵਿਸ਼ਲੇਸ਼ਣੀ ਸੀ। ਇਸੇ ਲਈ ਲਾਲਾ ਹਰਦਿਆਲ ਨੇ ਅੰਗਰੇਜ਼ਾਂ ਦੀ ਵਿਦੇਸ਼ ਨੀਤੀ ਨੂੰ ‘ਪਾੜੋ ਤੇ ਰਾਜ ਕਰੋ’ ਲਿਖ ਕੇ ਗੱਲ ਮੁਕਾ ਦਿੱਤੀ ਸੀ। ਅੰਗਰੇਜ਼ ਲੋਕ ਭਾਰਤੀ ਲੋਕਾਂ ਦੇ ਆਪਸੀ ਵਖਰੇਵਿਆਂ ਨੂੰ ਪੱਕੇ ਕਰਨ ਵਿਚ ਲੱਗੇ ਰਹਿੰਦੇ ਸਨ। ਪੰਜਾਬ ਯੂਨੀਵਰਸਿਟੀ ਵਿਚ ਪੰਜਾਬੀ, ਉਰਦੂ ਤੇ ਹਿੰਦੀ ਨੂੰ ਸ਼ਾਮਲ ਕਰਨ ਸਮੇਂ ਅੰਗਰੇਜ਼ਾਂ ਨੇ ਪੰਜਾਬੀ ਲਈ ਸਿੱਖ, ਉਰਦੂ ਲਈ ਮੁਸਲਮਾਨ ਅਤੇ ਹਿੰਦੀ ਲਈ ਹਿੰਦੂ ਪ੍ਰੋਫੈਸਰ ਭਰਤੀ ਕੀਤੇ। ਡਾ. ਮੋਹਣ ਸਿੰਘ ਦੀਵਾਨਾ ਉਰਦੂ ਵਿਚ ਪੀਐਚ. ਡੀ. ਸਨ, ਪਰ ਉਨ੍ਹਾਂ ਨੂੰ ਉਰਦੂ ਦੀ ਥਾਂ ਗੁਰਮੁਖੀ ਵਿਭਾਗ ਵਿਚ ਰੱਖਿਆ ਗਿਆ ਸੀ। ਪੰਜਾਬੀ ਵਿਭਾਗ ਦਾ ਮੁਢਲਾ ਨਾਂ ਗੁਰਮੁਖੀ ਵਿਭਾਗ ਸੀ। ਅੰਗਰੇਜ਼ਾਂ ਨੇ ਫੌਜ ਵਿਚ ਵੀ ਇਹ ਵਖਰੇਵੇਂ ਸਿਰਫ ਕਾਇਮ ਹੀ ਨਹੀਂ ਰੱਖੇ, ਸਗੋਂ ਮਜ਼ਬੂਤ ਕੀਤੇ।
ਆਪਣੇ ਅੰਗਰੇਜ਼ ਉਸਤਾਦ ਡਾ. ਗਿਲਕਰਾਇਸਟ ਦੀ ਪ੍ਰੇਰਨਾ ਅਧੀਨ ਪ੍ਰੋ. ਲੱਲੂ ਲਾਲ ਨੇ ਕਲਕੱਤੇ ਦੇ ਫੋਰਟ ਵਿਲੀਅਮ ਕਾਲਜ ਵਿਖੇ 1804 ਈਸਵੀ ਦੇ ਕਰੀਬ ਖੜ੍ਹੀ ਬੋਲੀ ਵਿਚੋਂ ਅਰਬੀ ਫਾਰਸੀ ਦੀ ਸ਼ਬਦਾਵਲੀ ਨੂੰ ਖਾਰਜ ਕਰਕੇ ‘ਪ੍ਰੇਮਸਾਗਰ’ ਗ੍ਰੰਥ ਦੀ ਵਾਰਤਕ ਰਚਨਾ ਕੀਤੀ। ਅਸਲ ਵਿਚ ਇਹ ਆਧੁਨਿਕ ਅਤੇ ਸਾਹਿਤਕ ਹਿੰਦੀ ਦਾ ਪਹਿਲਾ ਗ੍ਰੰਥ ਸੀ। ਇਸ ਤਰ੍ਹਾਂ ਅਪ੍ਰਕਿਰਤਕ ਭਾਸ਼ਾ ਦੀ ਰਚਨਾ ਹੋਈ, ਜਿਸ ਨੂੰ ਹਿੰਦੂ ਸਮਾਜ ਦੇ ਵੱਡੇ ਹਿੱਸੇ ਨੇ ਬੜੇ ਹੇਜ ਨਾਲ ਸਵੀਕਾਰ ਕਰ ਲਿਆ ਤੇ ਗਲੇ ਲਾ ਲਿਆ।
ਇਸ ਦੇ ਵਿਰੋਧ ਵਿਚ ਮੁਸਲਿਮ ਵਿਦਵਾਨਾਂ ਨੇ ਵੀ ਖੜ੍ਹੀ ਬੋਲੀ ਵਿਚੋਂ ਸੰਸਕ੍ਰਿਤ ਦੇ ਸ਼ਬਦ ਖਾਰਜ ਕਰਨੇ ਅਰੰਭ ਕਰ ਦਿੱਤੇ ਅਤੇ ਇਸ ਤਰ੍ਹਾਂ ਅਰਬੀ ਫਾਰਸੀ ਦੀ ਸ਼ਬਦਾਵਲੀ ਦੀ ਬਹੁਲਤਾ ਵਾਲੀ ਇਕ ਹੋਰ ਅਪ੍ਰਕਿਰਤਕ ਭਾਸ਼ਾ ਉਰਦੂ ਦਾ ਆਗਾਜ਼ ਹੋਇਆ।
ਹਿੰਦੂ ਸਮਾਜ ਵਿਚ ਦੋ ਸੱਭਿਆਚਾਰਕ ਵਿਚਾਰਧਾਰਾਵਾਂ ਮੁੱਢੋਂ ਚਲੀਆਂ ਆਉਂਦੀਆਂ ਹਨ; ਅਦਵੈਤਵਾਦੀ ਸਗਲੀ ਖਲਕਤ ਨੂੰ ਬ੍ਰਹਮਸਰੂਪ ਤੇ ਸਮਾਨ ਮੰਨਦੇ ਹਨ ਅਤੇ ਦਵੈਤਵਾਦੀ ਲੋਕ ਬ੍ਰਹਮ ਤੇ ਜੀਵ ਵਿਚ ਭਿੰਨਤਾ, ਊਚ ਨੀਚ ਅਤੇ ਵੱਖਵਾਦ ਵਿਚ ਵਿਸ਼ਵਾਸ ਰੱਖਦੇ ਹਨ।
ਇਸੇ ਤਰ੍ਹਾਂ ਇਸਲਾਮ ਵਿਚ ਵੀ ਵਾਹਿਦਤੁਲਵਜੂਦ ਵਾਲੇ ਲੋਕ ਕਾਦਰ ਅਤੇ ਕੁਦਰਤ ਨੂੰ ਸਮਰੂਪ ਅਨੁਮਾਨਦੇ ਹਨ ਅਤੇ ਵਾਹਿਦਤੁਲਸ਼ਹੂਦ ਵਾਲੇ ਕਾਦਰ ਅਤੇ ਕੁਦਰਤ ਵਿਚ ਫਰਕ ਮੰਨਦੇ ਹਨ।
ਦੋਹਾਂ ਸਮਾਜਾਂ ਵਿਚ ਰਾਜਸੀ ਚੜ੍ਹਤ ਹਮੇਸ਼ਾ ਊਚ-ਨੀਚ ਅਤੇ ਵੱਖਵਾਦ ਨੂੰ ਮੰਨਣ ਵਾਲਿਆਂ ਦੀ ਰਹੀ ਹੈ। ਇਸ ਲਈ ਹਿੰਦੂ ਅਤੇ ਇਸਲਾਮੀ ਸਮਾਜ ਵਿਚ ਵਿਪਰੀਤ ਵਿਚਾਰਧਾਰਾਈ ਸੰਪਰਦਾਵਾਂ ਵਿਚ ਸਮਾਨਤਾ ਜਾਂ ਸੁਮੇਲ ਦੀ ਚੇਸ਼ਟਾ ਰੱਖਣ ਵਾਲਿਆਂ ਨੂੰ ਬੇਹੱਦ ਘ੍ਰਿਣਾ ਦੇ ਪਾਤਰ ਮੰਨਿਆ ਜਾਂਦਾ ਰਿਹਾ ਹੈ। ਸੁਲਹਕੁਲ ਤੇ ਸਾਂਝੀਵਾਲਤਾ ਵਾਲੇ ਲੋਕ ਹਮੇਸ਼ਾ ਬੇਅਸਰ ਜਿਹੇ ਰਹੇ ਹਨ। ਹਿੰਦੀ ਅਤੇ ਉਰਦੂ ਦਾ ਵਿਆਕਰਣ ਇੱਕੋ ਹੈ, ਸਿਰਫ ਸ਼ਬਦਾਵਲੀ ਵੱਖਰੀ ਹੈ।
ਭਾਰਤ ਵਾਲੇ ਦਿੱਲੀ ਤੋਂ ਹਿੰਦੀ ਪਰਮੋਟ ਕਰ ਰਹੇ ਹਨ ਤੇ ਪਾਕਿਸਤਾਨੀ ਉਰਦੂ ਭਾਸ਼ਾ ਨੂੰ। ਹਿੰਦੀ ਅਤੇ ਉਰਦੂ ਦਰਮਿਆਨ ਪੰਜਾਬੀ ਅਜਿਹੀ ਭਾਸ਼ਾ ਹੈ, ਜਿਸ ਨੂੰ ਹਿੰਦੂ ਤੁਰਕ ਕੀ ਕਾਣ ਮੇਟਣ ਲਈ ਸਾਂਝੀਵਾਲਤਾ ਦੀ ਗੁੜ੍ਹਤੀ ਧੁਰੋਂ ਮਿਲੀ ਹੋਈ ਹੈ। ਪੰਜਾਬੀ ਭਾਸ਼ਾ ਸੰਸਕ੍ਰਿਤ ਅਤੇ ਅਰਬੀ ਫਾਰਸੀ ਦਾ ਸੰਗਮ ਹੈ। ਰਾਜਸੀ ਹਿੰਦੂ ਸਮਾਜ ਇਸ ਪਵਿੱਤਰ ਸੰਗਮ ਨੂੰ ਸੰਕਰ ਅਰਥਾਤ ਵਿਰੋਧ ਦੀ ਨਜ਼ਰ ਨਾਲ ਦੇਖਦਾ ਹੈ। ਉਹ ਭੁੱਲ ਜਾਂਦਾ ਹੈ ਕਿ ਪਰਾਗ ਵਿਖੇ ਸਿਤਾ ਅਸਿਤਾ, ਕਾਲੀ ਅਤੇ ਚਿੱਟੀ ਨਦੀ ਦਾ ਸੰਗਮ ਭਾਰਤ ਦਾ ਮਹਾਨ ਤੀਰਥ-ਸਥਾਨ ਹੈ। ਹਾਇਬ੍ਰੈਡਟੀ ਦੋਗਲਾਪਣ ਹੀ ਨਹੀਂ, ਸੰਗਮ ਵੀ ਹੋ ਸਕਦੀ ਹੈ।
ਅੱਜ ਵੀ ਪੰਜਾਬੀ ਵਿਚ ਵਿਪਰੀਤ ਭਾਸ਼ਾਵਾਂ ਦੇ ਸਮਾਸਾਂ ਦੀ ਭਰਮਾਰ ਹੈ। ਇਹ ਪੰਜਾਬੀ ਦਾ ਹੁਸੀਨ ਖਾਸਾ ਹੈ; ਇਸ ਬਿਨਾ ਕੋਈ ਵੀ ਭਾਸ਼ਾ ਸੰਕੀਰਨਤਾ ਅਤੇ ਸਾੜੇ ਦੀ ਭੱਠੀ ਵਿਚ ਰਿੱਝਣ ਜੋਗੀ ਰਹਿ ਜਾਂਦੀ ਹੈ।
ਜੇ ਹਿੰਦੁਸਤਾਨ ਨੇ ਜਲੌ ਨਾਲ ਜੀਣਾ ਹੈ ਤਾਂ ਉਸ ਨੂੰ ਅਪ੍ਰਕਿਰਤਕ ਹਿੰਦੀ ਦੀ ਥਾਂ ਤਕੜੇ ਹਾਜ਼ਮੇ ਅਤੇ ਸਾਂਝੀਵਾਲਤਾ ਦੀ ਤਸੀਰ ਵਾਲੀ ਭਾਸ਼ਾ ਅਪਨਾਉਣੀ ਪਵੇਗੀ। ਹਿੰਦੁਸਤਾਨ ਦੀ ਅਖੰਡਤਾ ਨੂੰ ਸਭ ਤੋਂ ਵੱਧ ਖਤਰਾ ਗਿਲਕਰਾਈਸਟ ਦੇ ਪ੍ਰਭਾਵ ਅਤੇ ਪ੍ਰੋ. ਲੱਲੂ ਲਾਲ ਦੀ ਸੰਕੀਰਣਤਾ ਤੋਂ ਹੈ। ਮੋਕਲੀ ਸੋਚ ਅਤੇ ਵਿਹਾਰ ਜ਼ਮਾਨੇ ਨੂੰ ਅੱਗੇ ਤੋਰਦੇ ਹਨ ਤੇ ਸਾਂਝੇ ਮਾਹੌਲ ਦੀ ਸਿਰਜਣਾ ਕਰਦੇ ਹਨ। ਤੰਗ ਨਜ਼ਰ ਜ਼ਮਾਨੇ ਨੂੰ ਖੁਆਰੀ ਦੇ ਖੂਹ ਵੱਲ ਲੈ ਜਾਂਦੀ ਹੈ ਤੇ ਖੁਦਕੁਸ਼ੀ ਦਾ ਕਾਰਨ ਬਣਦੀ ਹੈ।
ਪੰਜਾਬੀਆਂ ਨੂੰ ਕੁਦਰਤ ਦੇ ਇਸ ਨੇਮ ਤੋਂ ਜਾਣੂੰ ਹੋਣਾ ਚਾਹੀਦਾ ਹੈ ਕਿ ਜੇ ਅਸੀਂ ਵੀ ਪੰਜਾਬੀ ਨੂੰ ਚੰਦ ਜਿਲਿਆਂ ਤੱਕ ਸੀਮਤ ਕਰਾਂਗੇ ਤਾਂ ਸਾਡੀ ਭਾਸ਼ਾ ਵੀ ਸਾਹ-ਘੋਟੂ ਜਿਹੀ ਕਿਸੇ ਬਿਮਾਰੀ ਦੀ ਸ਼ਿਕਾਰ ਹੋ ਕੇ ਦਮ ਤੋੜ ਦੇਵੇਗੀ। ਦਿਲਾਂ ਦੇ ਬੰਦ ਦਰਵਾਜੇ ਝਗੜਿਆਂ ਨੂੰ ਹੀ ਜਨਮ ਦਿੰਦੇ ਹਨ।
ਆਧੁਨਿਕ ਭਾਰਤੀ ਭਾਸ਼ਾਵਾਂ ਸੰਸਕ੍ਰਿਤ ਨੂੰ ਅਲਵਿਦਾ ਆਖ ਕੇ ਅੱਗੇ ਵਧੀਆਂ, ਜਿਨ੍ਹਾਂ ਨੂੰ ਕਬੀਰ ਸਾਹਿਬ ਨੇ ਨਦੀਆਂ ਦੇ ਵਗਦੇ ਨਿਰਮਲ ਜਲ ਦਾ ਨਾਂ ਦਿੱਤਾ ਤੇ ਸੰਸਕ੍ਰਿਤ ਨੂੰ ‘ਕੂਪ ਜਲ’ ਅਰਥਾਤ ‘ਖੂਹ ਦਾ ਪਾਣੀ’ ਆਖਿਆ। ਸੱਚ ਇਹ ਹੈ ਕਿ ਹਿੰਦੀ ਦਾ ਮੁੱਖ ਅੱਜ ਵੀ ਸੰਸਕ੍ਰਿਤ ਵੱਲ ਹੈ, ਜਦਕਿ ਬਾਕੀ ਸਾਰੀਆਂ ਆਧੁਨਿਕ ਅਤੇ ਕੁਦਰਤੀ ਭਾਰਤੀ ਭਾਸ਼ਾਵਾਂ ਦਾ ਰੁਖ ਸਾਂਝੀਵਾਲਤਾ ਵਲ ਹੈ। ਸੰਸਕ੍ਰਿਤ ਅਤੇ ਹਿੰਦੀ ਕਦੀ ਵੀ ਅਤੇ ਕਿਸੇ ਵੀ ਖੇਤਰ ਦੇ ਲੋਕਾਂ ਦੀ ਆਮ ਬੋਲ-ਚਾਲ ਦੀਆਂ ਭਾਸ਼ਾਵਾਂ ਨਹੀਂ ਰਹੀਆਂ। ਹਿੰਦੀ ਦੀ ਨਿਸਬਤ ਪੰਜਾਬੀ ਭਾਸ਼ਾ ਦਾ ਖੇਤਰ ਬੇਹੱਦ ਵਿਸ਼ਾਲ ਹੈ, ਜਿਸ ਦਾ ਜ਼ਿਕਰ ਲਾਲਾ ਧਨੀਰਾਮ ਚਾਤ੍ਰਿਕ ਨੇ ਆਪਣੀ ਕਵਿਤਾ ‘ਪੰਜਾਬ’ ਵਿਚ ਇੰਜ ਕੀਤਾ ਹੈ,
ਸ਼ਿਮਲਾ, ਡਲਹੌਜੀ, ਮਰੀ ਤਿਰੇ,
ਕਸ਼ਮੀਰ ਤਿਰਾ, ਗੁਲਮਰਗ ਤਿਰਾ;
ਦਿਲੀ ਤੇਰੀ, ਲਾਹੌਰ ਤਿਰਾ,
ਅੰਮ੍ਰਿਤਸਰ ਸੋਹੇ ਸਵਰਗ ਤਿਰਾ।
ਭਾਸ਼ਾ ਵਿਗਿਆਨੀ ਡਾ. ਹਰਕੀਰਤ ਸਿੰਘ ਨੇ ਪੰਜਾਬੀ ਦੀਆਂ ਕੁਦਰਤਨ ਉਪ ਭਾਸ਼ਾਵਾਂ ਦੀ ਸੁਚੱਜੀ ਨਿਸ਼ਾਨਦੇਹੀ ਕੀਤੀ ਹੈ। ਉਨ੍ਹਾਂ ਆਪਣੀ ਪੁਸਤਕ ‘ਸਾਡੀ ਭਾਸ਼ਾ’ ਵਿਚ ਉਪ ਭਾਸ਼ਾ ਤੇ ਉਪ ਬੋਲੀ ਵਿਚ ਫਰਕ ਕੀਤਾ। ਉਨ੍ਹਾਂ ਨੇ ਉਪ ਭਾਸ਼ਾ ਲਈ ‘ਡਾਇਲੈਕਟ’ ਅਤੇ ਉਪ ਬੋਲੀ ਲਈ ‘ਸਬਡਾਇਲੈਕਟ’ ਸ਼ਬਦ ਇਸਤੇਮਾਲ ਕੀਤਾ। ਲਿਹਾਜ਼ਾ ਉਨ੍ਹਾਂ ਨੇ ਪੰਜਾਬੀ ਦੀਆ ਤਿੰਨ ਉਪ ਭਾਸ਼ਾਵਾਂ ਅਤੇ ਦਸ ਉਪਬੋਲੀਆਂ ਮੰਨੀਆਂ ਹਨ:
ਪੂਰਬੀ ਪੰਜਾਬੀ: ਜਿਸ ਦੀਆਂ ਉਪ ਬੋਲੀਆਂ ਮਾਝੀ, ਮਲਵਈ ਤੇ ਪੁਆਧੀ ਹਨ।
ਲਹਿੰਦੀ ਪੰਜਾਬੀ: ਜਿਸ ਦੀਆਂ ਉਪ ਬੋਲੀਆਂ ਮੁਲਤਾਨੀ, ਪੋਠੋਹਾਰੀ ਤੇ ਹਿੰਦਕੋ ਹਨ।
ਡੋਗਰੀ ਪੰਜਾਬੀ: ਜਿਸ ਦੀਆਂ ਉਪ ਬੋਲੀਆਂ ਕਾਂਗੜੀ, ਭਟਿਆਲੀ, ਜੰਮੂਆਲੀ ਤੇ ਪੁਣਛੀ ਹਨ।
ਇਸ ਤੋਂ ਵੀ ਅੱਗੇ ਈਡੀਓਲੈਕਟ ਹੁੰਦੀ ਹੈ, ਜੋ ਹਰ ਬੰਦੇ ਦੀ ਅਲਹਿਦਾ ਹੁੰਦੀ ਹੈ, ਜਿਨ੍ਹਾਂ ਦੀ ਗਿਣਤੀ ਕਿਸੇ ਤਰ੍ਹਾਂ ਵੀ ਸੰਭਵ ਨਹੀਂ। ਇੱਕੋ ਘਰ ਵਿਚ ਰਹਿਣ ਵਾਲੇ ਜੀਆਂ ਦੇ ਉਚਾਰਣ ਵੀ ਅਲੱਗ ਹੁੰਦੇ ਹਨ। ਇੱਥੋਂ ਤੱਕ ਕਿ ਇੱਕੋ ਮਨੁੱਖ ਦੀ ਜ਼ਿੰਦਗੀ ਦੇ ਪੜਾਵਾਂ ਦੇ ਉਚਾਰਣ ਵੀ ਬਦਲਦੇ ਰਹਿੰਦੇ ਹਨ। ਕੋਈ ਵਿਅਕਤੀ ਕਿਸੇ ਸ਼ਬਦ ਨੂੰ ਬਚਪਨ ਵਿਚ ਹੋਰ ਤਰ੍ਹਾਂ ਉਚਾਰਦਾ ਹੈ, ਜਵਾਨੀ ਵਿਚ ਹੋਰ ਤਰ੍ਹਾਂ, ਅਧਖੜ ਉਮਰ ‘ਚ ਹੋਰ ਤੇ ਬੁਢੇਪੇ ‘ਚ ਹੋਰ ਤਰ੍ਹਾਂ।
ਭਾਸ਼ਾ ਦੇ ਪਛਾਣ ਚਿੰਨ ਸਬੰਧਕ ਅਤੇ ਕ੍ਰਿਆ ਰੂਪ ਹੁੰਦੇ ਹਨ। ਪੰਜਾਬ ਵਿਚ ‘ਦਾ’, ‘ਦੀ’ ਅਤੇ ‘ਕਾ’, ‘ਕੀ’-ਦੋਵੇਂ ਪ੍ਰਚਲਿਤ ਹਨ। ਅਸੀਂ ਕਿਸੇ ਨੂੰ ‘ਰਾਮੇ ਕੇ, ਸ਼ਾਮੇ ਕੇ’ ਆਖ ਦਿੰਦੇ ਹਾਂ। ਕਈ ਅਨਾੜੀ ਲੋਕ ‘ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ’ ਵਿਚਲੇ ‘ਕਾ’ ਨੂੰ ‘ਦਾ’ ਅਤੇ ‘ਕੀ’ ਨੂੰ ‘ਦੀ’ ਕਹਿ ਦਿੰਦੇ ਹਨ, ਜੋ ਕੰਨਾਂ ਵਿਚ ਕਚਿਆਣ ਜਿਹੀ ਭਰ ਦਿੰਦਾ ਹੈ। ਜਗਰਾਤੇ ਵਾਲੇ ‘ਜੈ ਮਾਤਾ ਦੀ’ ਨੂੰ ਅਗਰ ‘ਜੈ ਮਾਤਾ ਕੀ’ ਆਖ ਦੇਣ ਤਾਂ ਅਵੱਗਿਆ ਜਿਹੀ ਲੱਗਦੀ ਹੈ।
ਭਾਸ਼ਾ ਦਾ ਇੱਕ ਰੂਪ ਬੋਲਿਆ ਜਾਂਦਾ ਹੈ ਤੇ ਦੂਜਾ ਅੱਖਰਾਂ ਵਿਚ ਲਿਖਿਆ ਜਾਂਦਾ ਹੈ, ਜਿਸ ਨੂੰ ਲਿਪੀ ਕਹਿੰਦੇ ਹਨ। ਲਿਪੀਆਂ ਤਿੰਨ ਤਰ੍ਹਾਂ ਦੀਆਂ ਹਨ-ਅਲਫਾਬੈਟਿਕ, ਪਿਕਟੋਰੀਅਲ ਤੇ ਸਿਲੇਬਰੀ। ਅਲਫਾਬੈਟਿਕ ਲਿਪੀਆਂ ਉਹ ਹਨ, ਜਿਨ੍ਹਾਂ ਦੇ ਅੱਖਰ ਕੇਵਲ ਇੱਕ ਧੁਨੀ ਨੂੰ ਪੇਸ਼ ਕਰਦੇ ਹਨ। ਪਿਕਟੋਰੀਅਲ ਲਿਪੀ ਉਹ ਹੈ, ਜਿੱਥੇ ਕੋਈ ਵੀ ਅੱਖਰ ਇਕ ਚਿੱਤਰ ਹੁੰਦਾ ਹੈ, ਜੋ ਕਿਸੇ ਧੁਨੀ ਨੂੰ ਨਹੀਂ, ਸਗੋਂ ਵਿਸ਼ੇਸ਼ ਅਰਥ ਨੂੰ ਪੇਸ਼ ਕਰਦਾ ਹੈ। ਸਿਲੇਬਰੀ ਲਿਪੀ ਵਿਚ ਕੋਈ ਅੱਖਰ ਧੁਨੀ ਨੂੰ ਨਹੀਂ, ਸ਼ਬਦਾਂਸ਼ ਨੂੰ ਪੇਸ਼ ਕਰਦਾ ਹੈ।
ਇਸ ਨੁਕਤੇ ਤੋਂ ਦੇਵਨਾਗਰੀ ਅਰਧ-ਸਿਲੇਬਰੀ ਲਿਪੀ ਹੈ, ਜਿਸ ਵਿਚ ਇੱਕ ਅੱਖਰ ਇਕ ਤੋਂ ਵਧੀਕ ਧੁਨੀਆਂ ਜਾਂ ਸ਼ਬਦਾਂਸ਼ ਲਈ ਨਿਸ਼ਚਿਤ ਹੁੰਦਾ ਹੈ। ਇਸ ਪੱਖ ਤੋਂ ਦੇਵਨਾਗਰੀ ਲਿਪੀ ਅਵਿਗਿਆਨਕ ਕਹੀ ਜਾਂਦੀ ਹੈ।
ਕਿਸੇ ਵੀ ਸੱਭਿਆਚਾਰ ਵਿਚ ਧੁਨੀਆਤਮਕ ਤਬਦੀਲੀ ਹੁੰਦੀ ਰਹਿੰਦੀ ਹੈ। ਭਗਤ ਤੁਲਸੀਦਾਸ ਅਤੇ ਸੂਰਦਾਸ ਦੇ ਸਮੇਂ ਸੰਸਕ੍ਰਿਤ ਦੀਆਂ ਕਈ ਧੁਨੀਆਂ ਦੀ ਹੋਂਦ ਖਤਮ ਹੋ ਚੁਕੀ ਸੀ। ਬੇਸ਼ੱਕ ਦੇਵਨਾਗਰੀ ਵਿਚ ‘ਸ਼’ ਲਈ ਦੋ ਅੱਖਰ ਨਿਸ਼ਚਿਤ ਸਨ, ਪਰ ਉਸ ਵੇਲੇ ‘ਸ਼’ ਦੀ ਧੁਨੀ ਅਲੋਪ ਹੋ ਚੁਕੀ ਸੀ। ਸੂਰਦਾਸ ਨੇ ‘ਸੂਰਸਾਗਰ’ ਵਿਚ ਸ਼ਬਦ ਨੂੰ ‘ਸਬਦ’ ਲਿਖਿਆ। ਤੁਲਸੀਦਾਸ ਨੇ ‘ਰਮਾਇਣ’ ਵਿਚ ਸ਼ੂਦਰ ਨੂੰ ‘ਸੂਦਰ’ ਅਤੇ ਪਸ਼ੂ ਨੂੰ ‘ਪਸੂ’ ਲਿਖਿਆ। ਅਚਾਰੀਆ ਰਜਨੀਸ਼ ‘ਸ਼’ ਦੀ ਧੁਨੀ ਵਾਲੇ ਸ਼ਬਦਾਂ ਨੂੰ ‘ਸ’ ਕਰਕੇ ਬੋਲਦੇ ਸਨ। ਅੱਜ ਵੀ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿਚ ‘ਸ਼’ ਨੂੰ ‘ਸ’ ਬੋਲਿਆ ਜਾਂਦਾ ਹੈ। ਕਨ੍ਹੱਈਆ ਕੁਮਾਰ ਵੀ ਸ਼ਾਸਤਰੀ ਨੂੰ ‘ਸਾਸਤਰੀ’ ਬੋਲਦਾ ਹੈ। ਇਹ ਹਿੰਦੀ ਨਹੀਂ ਹੈ। ਹਿੰਦੀ ਸਿਰਫ ਰੇਡੀਓ ‘ਤੇ ਬੋਲੀ ਜਾਂਦੀ ਹੈ ਜਾਂ ਫਿਰ ਪੜ੍ਹੇ-ਲਿਖੇ ਲੋਕ ਸਿਆਸੀ ਚੇਤਨਾ ਅਧੀਨ ਬੋਲਦੇ ਹਨ; ਉਨ੍ਹਾਂ ਨੂੰ ਆਪਣੀ ਮਾਤ ਭਾਸ਼ਾ ਵਿਚ ਬੋਲਣਾ ਅਨਪੜ੍ਹਤਾ ਲੱਗਦਾ ਹੈ।
ਗੁਰੂ ਸਾਹਿਬਾਨ ਦੇ ਸਮੇਂ ਪੰਜਾਬ ਵਿਚ ਕੇਵਲ ਪੈਂਤੀ ਧੁਨੀਆਂ ਸਨ। ਇੱਕ ਧੁਨੀ ਲਈ ਇੱਕ ਅੱਖਰ ਦੇ ਹਿਸਾਬ ਪੈਂਤੀ ਅੱਖਰ ਰੱਖੇ ਗਏ। ਗੁਰਮੁਖੀ ਨੂੰ ਪੈਂਤੀ ਵੀ ਕਹਿੰਦੇ ਹਨ। ਪੈਂਤੀ ਧੁਨੀਆਂ, ਪੈਂਤੀ ਅੱਖਰ ਅਤੇ ਪੈਂਤੀ ਨਾਂ। ਇਸੇ ਕਰਕੇ ਗੁਰਮੁਖੀ ਲਿਪੀ ਦੇਵਨਾਗਰੀ ਵਾਲੇ ਸੈਮੀ ਸਿਲੇਬਰੀ ਦੋਸ਼ ਤੋਂ ਮੁਕਤ ਹੈ।
ਭਾਸ਼ਾ ਦਾ ਸਬੰਧ ਸੱਭਿਆਚਾਰ ਨਾਲ ਹੈ। ਰਾਜਨੀਤੀ ਅਤੇ ਧਰਮ ਦੀ ਆੜ ਹੇਠ ਇਸ ਨੂੰ ਦਬੇਲ ਬਣਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਪੰਜਾਬੀ ਭਾਸ਼ਾ ਧਰਤੀ ਦੇ ਵਿਸ਼ਾਲ ਖੇਤਰਾਂ ਤੱਕ ਫੈਲੀ ਹੋਈ ਹੈ। ਕਿਸੇ ਪ੍ਰਕਿਰਤਕ ਅਤੇ ਕੁਦਰਤੀ ਭਾਸ਼ਾ ਨੂੰ ਅਪ੍ਰਕਿਰਤਕ ਭਾਸ਼ਾ ਦੀਆਂ ਧਮਕੀਆਂ ਮਿਲਣੀਆਂ ਦੇਸ਼ ਦੇ ਹਿਤ ਵਿਚ ਨਹੀਂ ਹਨ।