ਧਰਤੀ ਦੀ ਮੇਰ-ਤੇਰ ਅਤੇ ਵਕਤ ਦੇ ਹੇਰ-ਫੇਰ ਦੀ ਵੇਦਨਾ ਤੇ ਦਾਸਤਾਨ

ਗੁਲਜ਼ਾਰ ਸਿੰਘ ਸੰਧੂ
ਕਸ਼ਮੀਰ ਬਾਰੇ ਧਾਰਾ 370 ਹਟਾਏ ਜਾਣ ਨੇ ਜੰਮੂ ਕਸ਼ਮੀਰ ਦੀ ਮੇਰ-ਤੇਰ ਤੇ 1947 ਦੀ ਦੇਸ਼ ਵੰਡ ਦੀ ਹੀ ਨਹੀਂ, ਬੰਗਲਾ ਦੇਸ਼ ਦੇ ਪਾਕਿਸਤਾਨ ਨਾਲੋਂ ਟੁੱਟਣ ਦੀ ਦਾਸਤਾਨ ਵੀ ਮੀਡੀਆ ਦੇ ਫੋਕਸ ਵਿਚ ਲੈ ਆਂਦੀ ਹੈ। ਪਰਮਜੀਤ ਸਿੰਘ ਢੀਂਗਰਾ ਨੇ ਸੰਤਾਲੀ ਦੀ ਵੰਡ ਤੋਂ ਲੈ ਕੇ ਧਾਰਾ 370 ਦੇ ਖਤਮ ਹੋਣ ਤੱਕ ਦੀ ਰਚਨਾ ‘ਕਸ਼ਮੀਰਨਾਮਾ’ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਮੀਡੀਆ ਅੱਗੇ ਪੇਸ਼ ਕੀਤਾ ਹੈ। ‘ਕਸ਼ਮੀਰਨਾਮਾ’ ਦਾ ਮੂਲ ਲੇਖਕ ਅਸ਼ੋਕ ਕੁਮਾਰ ਪਾਂਡੇ ਹੈ, ਜਿਸ ਨੇ ਧਾਰਾ 370 ਨਾਲ ਜੁੜੀਆਂ ਰਾਜਨੀਤਕ ਤੇ ਸਭਿਆਚਾਰਕ ਗਤੀਵਿਧੀਆਂ ਦਾ ਵੇਰਵਾ ਏਨੇ ਵਿਸਥਾਰ ਵਿਚ ਦਿੱਤਾ ਹੈ ਕਿ ਧਾਰਾ 370 ਦੇ ਹਟਾਏ ਜਾਣ ਪਿਛੋਂ ਜੰਮੂ ਕਸ਼ਮੀਰ ਦੇ ਭਵਿੱਖ ਦੀ ਹੀ ਨਹੀਂ, ਪੂਰੇ ਦੇਸ਼ ਦੀ ਤਸਵੀਰ ਸਾਹਮਣੇ ਆ ਜਾਂਦੀ ਹੈ।

ਇਹਦੇ ਨਾਲ ਇੱਕ ਦੇਸ਼ ਤੇ ਇੱਕ ਭਾਸ਼ਾ ਦੇ ਸੱਜਰੇ ਨਾਅਰੇ ਤੋਂ ਉਪਜਣ ਵਾਲੇ ਸੰਭਾਵੀ ਖਦਸ਼ੇ ਦਾ ਨਕਸ਼ਾ ਵੀ ਆ ਜੁੜਦਾ ਹੈ।
ਏਧਰ ਮੇਰੇ ਪਰਮ ਮਿੱਤਰ ਐਸ਼ ਐਸ਼ ਮੀਸ਼ਾ ਦੇ ਅੱਧੀ ਸਦੀ ਪੁਰਾਣੇ ਸਹਿਜ ਭਾਵਨਾ ਵਾਲੇ ਬੋਲ ਧਰਤੀ ਦੀ ਮੇਰ-ਤੇਰ ਤੇ ਵਕਤ ਦੇ ਹੇਰ-ਫੇਰ ਦੀ ਆਵਾਜ਼ ਬਣ ਕੇ ਹਵਾ ਵਿਚ ਤੈਰਦੇ ਦੇਖੇ ਤੇ ਸੁਣੇ ਜਾ ਸਕਦੇ ਹਨ। ਇਨ੍ਹਾਂ ਬੋਲਾਂ ਦਾ ਅਸਲ ਸੰਦੇਸ਼ ਵੀ ਸਹਿਜ ਭਾਵਨਾ ਨਾਲ ਅੱਗੇ ਆਇਆ ਹੈ। ਫਿਰੋਜ਼ਦੀਨ ਸ਼ਰਫ ਦੀ ਧਾਰਨਾ ਸਮੇਤ:
ਸਤਲੁਜ ਬਿਆਸ ਜਾਂ ਜਿਹਲਮ ਚਨਾਬ ਦੀ ਗੱਲ
ਰਾਵੀ ਕਰੇ ਹੁਣ ਕਿਹੜੇ ਪੰਜਾਬ ਦੀ ਗੱਲ।
ਪੱਤੀ ਪੱਤੀ ਵਲੂੰਦਰੀ ਗਈ ਉਸ ਦੀ
ਸ਼ਰਫ ਕਰਦਾ ਸੀ ਜਿਹੜੇ ਗੁਲਾਬ ਦੀ ਗੱਲ।
ਇਨ੍ਹਾਂ ਬੋਲਾਂ ਦਾ ਅੱਜ ਦੇ ਦਿਨ ਹਵਾ ਵਿਚ ਉਡਣਾ ਇਸ ਲਈ ਅਰਥ ਭਰਪੂਰ ਹੈ ਕਿ ਕਸ਼ਮੀਰ ਦੇ ਮਸਲੇ ਨਾਲ ਸਾਰੀ ਦੀ ਸਾਰੀ ਤਾਣੀ ਦੇ ਉਲਝਣ ਦਾ ਡਰ ਹੈ। ਮੀਸ਼ਾ ਅਜਿਹੀਆਂ ਹਾਲਤਾਂ ਨੂੰ ਤੇਰ-ਮੇਰ ਦੀ ਗੱਲ ਕਹਿ ਕੇ ਵਕਤ ਦੇ ਹੇਰ-ਫੇਰ ਨਾਲ ਜੋੜਦਾ ਹੈ,
ਸ਼ਾਮ ਦੀ ਨਾ ਸਵੇਰ ਦੀ ਗੱਲ ਹੈ,
ਵਕਤ ਦੇ ਹੇਰ-ਫੇਰ ਦੀ ਗੱਲ ਹੈ।
ਏਥੇ ਬਣਨੀ ਨਹੀਂ ਸੀ ਗੱਲ ਆਪਣੀ,
ਏਥੇ ਤਾਂ ਤੇਰ-ਮੇਰ ਦੀ ਗੱਲ ਹੈ।
ਕਿਹੜੀ ਸਭਿਅਤਾ ਦੀ ਬਾਤ ਪਾਉਂਦੇ ਹੋ
ਕਿਹੜੇ ਮਿੱਟੀ ਦੇ ਢੇਰ ਦੀ ਗੱਲ ਹੈ।
ਜੇ ਸੱਚ ਪੁੱਛੋ ਤਾਂ ਮੀਸ਼ਾ ਦੀ ਇਹ ਪਹੁੰਚ ਤੇ ਧਾਰਨਾ ਮੇਰੇ ਲਈ ਵੀ ਮਿੱਟੀ ਵਿਚ ਰੁਲ ਜਾਣੀ ਸੀ, ਜੇ ਬਰਜਿੰਦਰ ਸਿੰਘ ਹਮਦਰਦ ਦੀਆਂ ਦੋ ਨਵੀਆਂ ਸੰਗੀਤ ਐਲਬਮਾਂ ਮੇਰੇ ਵਿਹੜੇ ਪਰਵੇਸ਼ ਨਾ ਕਰਦੀਆਂ। ਇਨ੍ਹਾਂ ਕੈਸਟਾਂ ਦੇ ਨਾਂ ਹਨ (1) ਸੰਵੇਦਨਾ ਤੇ (2) ਦਾਸਤਾਂ। ਇਨ੍ਹਾਂ ਵਿਚ ਉਹ ਸਭ ਕੁਝ ਹੈ, ਜਿਸ ਦੀ ਅੱਜ ਦੇ ਸਮੇਂ ਨੂੰ ਲੋੜ ਹੈ। ਮਲ੍ਹਮ ਪੱਟੀ ਤੇ ਸੋਚ ਸਮਝ ਹੀ ਨਹੀਂ, ਮੀਸ਼ਾ ਦੀਆਂ ਮੱਤਾਂ ਦਾ ਸੱਚ ਵੀ,
ਏਥੇ ਕੁਝ ਵੀ ਆਪਣਾ ਨਹੀਂ
ਸਭ ਕੁਝ ਤੇਰਾ-ਮੇਰਾ ਹੈ।
ਇੱਕੋ ਘਰ ਦੇ ਜੀਆਂ ਦਾ
ਵੱਖੋ ਵਖਰਾ ਘੇਰਾ ਹੈ।
ਇਹ ਵੇਦਨਾ ਤੇ ਸੰਵੇਦਨਾ ਮੀਸ਼ਾ ਦੀਆਂ ਗਜ਼ਲਾਂ ਤੱਕ ਹੀ ਸੀਮਤ ਨਹੀਂ, ਉਸ ਦੇ ਗੀਤ ਵੀ ਮਾਨਵ ਜਾਤ ਦਾ ਧੀਰਜ ਬੰਨਾਉਣ ਦਾ ਉਨਾ ਹੀ ਦਾਅਵਾ ਕਰਦੇ ਹਨ। ‘ਧਰਤੀ ਦੇ ਬੋਲ’ ਨਾਂ ਦਾ ਗੀਤ ਬੰਦੇ ਨੂੰ ਸਹਿਜ ਸਿਆਣਪਾਂ ਪਾਲਣ ਲਈ ਪ੍ਰੇਰਦਾ ਹੈ,
ਦੋ ਪਲ ਕੋਲ ਖਲੋ ਵੇ ਮਾਹੀਆ
ਦੋ ਪਲ ਕੋਲ ਖਲੋਅ।
ਪੂੰਝ ਦਿਆਂ ਤੇਰੇ ਮੱਥੇ ਉਤੋਂ
ਮੁੜ੍ਹਕਾ ਰਿਹਾ ਏ ਚੋਅ।
ਦੱਸ ਖਾਂ ਬੀਬਾ ਕਾਹਦੀ ਜਲਦੀ
ਖਿੱਚ ਹੈ ਤੈਨੂੰ ਕਿਸ ਮੰਜ਼ਿਲ ਦੀ
ਕਿਸ ਵਾਅਦੇ ਤੋਂ ਡਰਦਾ ਏਂ ਤੂੰ
ਦੇਰ ਨਾ ਜਾਵੇ ਹੋ।
ਦੱਸ ਜਾ ਆਪਣਾ ਥਹੁ ਟਿਕਾਣਾ
ਕਿੱਥੋਂ ਤੁਰਿਆ ਕਿੱਥੇ ਜਾਣਾ
ਕਿਸ ਪੈਂਡੇ ਦੀ ਭਟਕਣ
ਤੇਰੇ ਪੈਰੀਂ ਗਈ ਸਮੋਅ।
ਤੱਕ ਲੈ ਮਹਿਕਦੀਆਂ ਗੁਲਜ਼ਾਰਾਂ
ਮਾਣ ਲੈ ਕੁੱਝ ਚਿਰ ਮੌਜ ਬਹਾਰਾਂ
ਜਾਂਦਾ ਪੱਲੇ ਬੰਨ੍ਹ ਲੈ ਜਾਵੀਂ
ਫੁੱਲਾਂ ਦੀ ਖੁਸ਼ਬੋ।
ਧਰਤੀ ਦੇ ਫੁੱਲਾਂ ਦੀ ਖੁਸ਼ਬੋ ਨੂੰ ਪਛਾਣਨ ਤੇ ਮਾਣਨ ਵਾਲਾ ਸਾਡਾ ਸਵਰਗਵਾਸੀ ਮਿੱਤਰ ਮੀਸ਼ਾ ਹੀ ਨਹੀਂ, ਇੰਨੇ ਵਰ੍ਹੇ ਪਹਿਲਾਂ ਦੀ ਸੁਗੰਧ ਨੂੰ ਮੀਸ਼ਾ ਦੇ ਪਾਠਕਾਂ ਤੇ ਮੱਦਾਹਾਂ ਤੱਕ ਪਹੁੰਚਾਉਣ ਵਾਲਾ ਉਸ ਦਾ ਜੂਨੀਅਰ ਮਿੱਤਰ ਬਰਜਿੰਦਰ ਸਿੰਘ ਹਮਦਰਦ ਵੀ ਹੈ, ਜਿਸ ਨੇ ਆਪਣੀ ਸਹਿਜ ਭਿੰਨੀ ਆਵਾਜ਼ ਵਿਚ ਇਸ ਖੁਸ਼ਬੋ ਨੂੰ ਮਾਣਿਆ, ਗਾਵਿਆ ਹੈ। ਇਸ ਧਰਤੀ ਦੀ ਖੁਸ਼ਬੋ ਨੂੰ ਮੇਰੇ ਦੋਵੇਂ ਮਿੱਤਰ ਲਹਿਜਾ ਤੇ ਪੈਂਤੜਾ ਬਦਲ ਕੇ ਦੁਹਰਾਉਂਦੇ ਹਨ,
ਖਬਰੇ ਕਦੋਂ ਕੁ ਹੋਏਗਾ ਜੱਗ ਸਾਰਾ ਆਪਣਾ
ਹਾਲੇ ਤਾਂ ਮਰ ਕੇ ਸਿਲਸਿਲਾ ਹੈ ਤੇਰ-ਮੇਰ ਤੱਕ।
ਹਾਂ ਠੀਕ ਹੈ ਇਹੋ ਹੀ ਬੱਸ ਜੀਵਨ ਦਾ ਮੁਅਜਜ਼ਾ
ਸਾਹਾਂ ਦਾ ਜੋ ਸੰਘਰਸ਼ ਹੈ ਮਿੱਟੀ ਦੇ ਢੇਰ ਤੱਕ।
ਸਮੁੱਚੀ ਮਾਨਵਤਾ ਤੇ ਦੁਨੀਆਂ ਭਰ ਦੇ ਦੇਸ਼ਾਂ ਦੇ ਇੱਕ ਜੁੱਟ ਹੋਣ ਦਾ ਸੁਪਨਾ ਤਾਂ ਕੀ ਲਈਏ, ਨਵੀਂਆਂ ਪੌਣਾਂ ਟੁਕੜੇ ਟੁਕੜੇ ਹੋਏ ਹਿੰਦੁਸਤਾਨ ਨੂੰ ਹੋਰ ਵੀ ਖੇਰੂੰ ਖੇਰੂੰ ਕਰਨ ਦਾ ਦਾਈਆ ਲਾਉਂਦੀਆਂ ਲਗਦੀਆਂ ਹਨ। ਕਵੀ ਦਾ ਮਨ ਡਗਮਗਾ ਰਿਹਾ ਹੈ। ਇਕ ਮਨ ਨਿਰਾਸ਼ ਹੋ ਕੇ ਹੇਠ ਲਿਖੇ ਬੋਲ ਬੋਲਦਾ ਹੈ,
ਛੱਡੋ ਸੁਪਨੇ ਦੇ ਵਿਚ ਹੋਈਆਂ
ਗੱਲਾਂ ਪਿਛਲੇ ਪਹਿਰ ਦੀਆਂ।
ਸਾਗਰ ਦੇ ਪਿੱਛੇ ਨੇ ਰਹੀਆਂ
ਪੈੜਾਂ ਕਿਹੜੀ ਲਹਿਰ ਦੀਆਂ।
ਤਾਂ ਦੂਜਾ ਮਨ ਧਰਵਾਸ ਦੇਣੋਂ ਵੀ ਪਿੱਛੇ ਨਹੀਂ ਹਟਦਾ ਅਤੇ ਉਦਾਸ ਮਨ ਨੂੰ ਥਾਪੜਾ ਦਿੰਦਾ ਬੋਲ ਪੈਂਦਾ ਹੈ,
ਵਕਤ ਦੇ ਪੈਰਾਂ ਹੇਠ ਨਾ ਵਿਛੀਏ ਸੜਕਾ ਵਾਂਗੂ
ਗੜ੍ਹਕਦਿਆਂ ਬੱਦਲਾਂ ਦੇ ਵਾਂਗੂ ਸਿਰ ‘ਤੇ ਛਾਈਏ।
ਕਵੀ ਦੀ ਇਹ ਸੋਚ ਵਕਤ ਦੇ ਹੇਰ-ਫੇਰ ਨੂੰ ਵੀ ਲਿਤਾੜਦੀ ਹੈ ਤੇ ਮਾਨਵਤਾ ਦੀ ਮੇਰ-ਤੇਰ ਦੀ ਭਾਵਨਾ ਨੂੰ ਵੀ। ਇਹ ਐਸ਼ ਐਸ਼ ਮੀਸ਼ਾ ਮੇਰਾ ਤੇ ਮੀਸ਼ੇ ਦਾ ਸਾਂਝਾ ਮਿੱਤਰ ਬਰਜਿੰਦਰ ਸਿੰਘ, ਮੀਸ਼ੇ ਦੀਆਂ ਗਜਲਾਂ ਤੇ ਗੀਤਾਂ ਦੀਆਂ ਅੱਧੀ ਦਰਜਨ ਸੰਗੀਤਕ ਐਲਬਮਾਂ ਭਰਵਾ ਚੁਕਾ ਹੈ। ‘ਸੰਵੇਦਨਾ’ ਤੇ ‘ਦਾਸਤਾਂ’ ਉਪਰ ਥੱਲੇ ਭਰੇ ਜਾਣਾ ਬਰਜਿੰਦਰ ਸਿੰਘ ਦੇ ਸ਼ੌਕ ਦੀ ਇੰਤਹਾ ਹੈ। ਗਾਇਕ ਨੂੰ ਉਸ ਦਾ ਸ਼ੌਕ ਮੁਬਾਰਕ ਤੇ ਸਾਨੂੰ ਉਸ ਦੀ ਸੋਅ!
ਗੁਰਦੇਵ ਰੁਪਾਣਾ ਨੂੰ ਢਾਹਾਂ ਪੁਰਸਕਾਰ: ਕੈਨੇਡਾ ਵਾਲਾ ਢਾਹਾਂ ਪੁਰਸਕਾਰ ਇਸ ਵਾਰੀ ਏਧਰਲੇ ਪੰਜਾਬ ਦੇ ਜਤਿੰਦਰ ਹਾਂਸ ਤੇ ਗੁਰਦੇਵ ਸਿੰਘ ਰੁਪਾਣਾ ਨੂੰ ਮਿਲਿਆ ਹੈ। ਰੁਪਾਣਾ ਦੇ ਪੁਰਸਕਾਰ ਦੀ ਰਾਸ਼ੀ ਸਵਾ ਪੰਜ ਲੱਖ ਰੁਪਏ ਹੈ ਤੇ ਹਾਂਸ ਦੀ ਇਸ ਤੋਂ ਢਾਈ ਗੁਣਾ। ਸਨਮਾਨਤ ਪੁਸਤਕਾਂ ਵਿਚ ਮੇਰੀ ਨਜ਼ਰੋਂ ਕੇਵਲ ਰੁਪਾਣਾ ਦਾ ਕਹਾਣੀ ਸੰਗ੍ਰਿਹ ‘ਆਮ ਖਾਸ’ ਲੰਘਿਆ ਹੈ, ਜਿਸ ਵਿਚ ਉਸ ਨੇ ਆਪਣੀ ਪਹਿਲਾਂ ਵਾਲੀ ਰਚਨਾਵਲੀ ਸਾਹਿਤਕ ਉਤਮਤਾ ਬਰਕਰਾਰ ਰੱਖੀ ਹੈ। ਨਿੱਕ-ਸੁੱਕ ਵਲੋਂ ਜੇਤੂਆਂ ਨੂੰ ਮੁਬਾਰਕਾਂ ਤੇ ਬਰਜਿੰਦਰ ਢਾਹਾਂ ਲਈ ਸ਼ੁਭ ਇਛਾਵਾਂ, ਜੋ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਵਿਚੋਂ ਇਹ ਪੁਰਸਕਾਰ ਸਥਾਪਤ ਕਰਕੇ ਆਪਣੇ ਪਿਤਾ ਬੁੱਧ ਸਿੰਘ ਢਾਹਾਂ ਦਾ ਨਾਂ ਵੀ ਰੌਸ਼ਨ ਕਰ ਰਿਹਾ ਹੈ।
ਅੰਤਿਕਾ: ਐਸ਼ ਐਸ਼ ਮੀਸ਼ਾ
ਦੱਸਿਆ ਮੁਸਾਫਰਾਂ ਨੂੰ ਹੈ ਮੰਜ਼ਿਲ ਦਾ ਫਾਸਲਾ
ਮੰਨਿਆਂ ਕਿ ਮੀਲ ਵਾਂਗ ਹਾਂ ਇੱਕ ਥਾਂ ਖੜੇ ਰਹੇ।