ਸੁਰਿੰਦਰ ਸਿੰਘ ਸੀਰਤ ਦਾ ਨਾਵਲ ‘ਭਰਮ ਭੁਲੱਈਆਂ’ ਪੜ੍ਹਦਿਆਂ…

ਸੁਰਿੰਦਰ ਸੋਹਲ
ਸੁਰਿੰਦਰ ਸਿੰਘ ਸੀਰਤ ਦੇ ਹੁਣ ਤੱਕ ਚਾਰ ਗਜ਼ਲ-ਸੰਗ੍ਰਿਹਾਂ (‘ਅਰੂਪੇ ਅੱਖਰਾਂ ਦਾ ਅਕਸ’, ‘ਸੇਜ, ਸੂਲੀ ਤੇ ਸਲੀਬ’, ‘ਸੂਰਤ, ਸੀਰਤ ਤੇ ਸਰਾਬ’ ਅਤੇ ‘ਕਿਰਚਾਂ’) ਦੇ ਨਾਲ-ਨਾਲ ਤਿੰਨ ਕਾਵਿ-ਸੰਗ੍ਰਿਹ (‘ਕਿੱਕਰ ਕੰਡੇ’, ‘ਖਲਾਅ ‘ਚ ਟੰਗੇ ਹਰਫ’ ਅਤੇ ‘ਛੱਲਾਂ’ ਛਪ ਚੁਕੇ ਹਨ। ਵੱਖ-ਵੱਖ ਗਾਇਕਾਂ ਦੀ ਆਵਾਜ਼ ਦਾ ਸ਼ਿੰਗਾਰ ਬਣੀਆਂ ਉਸ ਦੀਆਂ ਗਜ਼ਲਾਂ ਐਲਬਮ ‘ਤਿਸ਼ਨਗੀ’ ਦੇ ਰੂਪ ‘ਚ ਆਪਣੀ ਹਾਜ਼ਰੀ ਲਵਾ ਚੁਕੀਆਂ ਹਨ।

ਕਵੀ ਦੇ ਤੌਰ ‘ਤੇ ਆਪਣਾ ਲੋਹਾ ਮੰਨਵਾ ਚੁਕੇ ਸੁਰਿੰਦਰ ਸਿੰਘ ਸੀਰਤ ਨੇ ਕੁਝ ਕਹਾਣੀਆਂ ਵੀ ਲਿਖੀਆਂ। ਜਦੋਂ ਕਵੀ ਗਲਪ ਦੇ ਖੇਤਰ ‘ਚ ਪੈਰ ਧਰਦਾ ਹੈ ਤਾਂ ਉਹ ਆਪਣੇ ਪਾਠਕਾਂ/ਸਰੋਤਿਆਂ ਦਾ ਧਿਆਨ ਜ਼ਰੂਰ ਖਿੱਚਦਾ ਹੈ। ਇਸ ਦੇ ਕਈ ਕਾਰਨ ਹੁੰਦੇ ਹਨ। ਸਭ ਤੋਂ ਵੱਡੀ ਗੱਲ ਇਹ ਕਿ ਉਸ ਦੇ ਪਾਠਕਾਂ/ਸਰੋਤਿਆਂ ਨੇ ਇਹ ਦੇਖਣਾ ਹੁੰਦਾ ਹੈ ਕਿ ਉਹ ਜੇ ਨਵੀਂ ਵਿਧਾ ਵੱਲ ਵਧਿਆ ਹੈ ਤਾਂ ਕਿੰਨਾ ਕੁ ਸਫਲ ਹੋਇਆ ਹੈ। ਇਹੀ ਵਜ੍ਹਾ ਸੁਰਿੰਦਰ ਸਿੰਘ ਸੀਰਤ ਦਾ ਨਾਵਲ ‘ਭਰਮ ਭੁਲੱਈਆਂ’ ਪੜ੍ਹਨ ਦੀ ਉਤਸੁਕਤਾ ਦਾ ਬਾਇਸ ਬਣੀ ਤੇ ਖੁਸ਼ੀ ਦੀ ਗੱਲ ਇਹ ਕਿ ਸੀਰਤ ਦੇ ਇਸ ਨਾਵਲ ਨੇ ਉਸ ਅੰਦਰਲੀ ਅਥਾਹ ਪ੍ਰਤਿਭਾ ਦਾ ਕਹਿਕਸ਼ਾਂ ਸੋਚ ਵਿਚ ਚਮਕਾ ਦਿੱਤਾ ਹੈ।
ਇਸ ਨਾਵਲ ‘ਚ ਬਾਹਰੀ ਤੌਰ ‘ਤੇ ਕੁਝ ਨਹੀਂ ਵਾਪਰਦਾ, ਸਾਰੇ ਘਟਨਾਕ੍ਰਮ ਦੇ ਮਹਾਭਾਰਤ ਦਾ ਕੁਰੂਕਸ਼ੇਤਰ ਮੁੱਖ ਪਾਤਰ ਦਾ ਮਨ ਹੀ ਹੈ। ਰਿਸ਼ਤਿਆਂ ਦੀ ਕੁਟਲਨੀਤੀ, ਸਮਾਜਕ ਬਣਤਰ ਦਾ ਤਾਣਾ-ਪੇਟਾ, ਸਿਆਸੀ ਮੁਫਾਦ ਦਾ ਖੇਲ੍ਹ ਚੇਤਨਾ-ਪ੍ਰਵਾਹ ਦੀ ਸ਼ੈਲੀ ਰਾਹੀਂ ਨਾਵਲਕਾਰ ਨੇ ਬਾਖੂਬੀ ਚਿਤਰਿਆ ਹੈ।
ਨਾਵਲ ‘ਭਰਮ ਭੁਲੱਈਆਂ’ ਹਰ ਉਸ ਮਨੁੱਖ ਦੀ ਕਹਾਣੀ ਹੈ, ਜੋ ਚੇਤੰਨ ਹੈ, ਜੋ ਤੁਰਨ ਵਿਚ ਵਿਸ਼ਵਾਸ ਰੱਖਦਾ ਹੈ, ਜਿਸ ਨੂੰ ਰੋਸ਼ਨੀ ਦੀ ਤਲਾਸ਼ ਹੈ, ਜਿਸ ਅੰਦਰ ਬੇਗਮਪੁਰਾ ਵਰਗਾ ਸਮਾਜ ਸਿਰਜਣ ਦੀ ਅਭਿਲਾਸ਼ਾ ਹੈ, “ਮੈਂ ਤੁਰ ਰਿਹਾ ਹਾਂ, ਬਾਮਕਸਦ ਆਪਣੀ ਮੰਜ਼ਿਲ ਵੱਲ। ਉਸ ਅਣਦੇਖੀ ਮੰਜ਼ਿਲ ਵੱਲ, ਜਿੱਥੇ ਮੈਂ ਕੇਵਲ ‘ਉਸ’ ਨੂੰ ਹੀ ਅਨੁਭਵ ਕਰ ਰਿਹਾ ਹਾਂ। ਮੇਰੇ ਆਪਣੇ ਘਰ ਵਿਚ…। ਹਾਂ ਉਸ ਘਰ ਵਿਚ, ਉਸੇ ਬਸਤੀ ਵਿਚ, ਜਿੱਥੇ ਹਰਿਆਲੀ ਏ, ਜੋਬਨ ਏ, ਹਰ ਪਾਸੇ ਰੋਸ਼ਨੀ ਹੀ ਰੋਸ਼ਨੀ। ਜਿੱਥੇ ਮੈਂ ਹੋਣੈਂ, ‘ਉਹ’ ਹੋਣੀ ਏਂ। ਸਾਰਾ ਆਲਾ-ਦੁਆਲਾ ਆਪਣਾ ਆਪਣਾ, ਜਿੱਥੇ ਸਾਡੀ ਪਛਾਣ ਹੋਵੇਗੀ, ਜਿੱਥੇ ਸਾਡੀ ਖੁਸ਼ੀ ਸਰਬੱਤ ਦੀ ਖੁਸ਼ੀ ਹੋਵੇਗੀ, ਜਿੱਥੇ ਸਾਡਾ ਦੁੱਖ-ਸੁੱਖ ਸਾਂਝਾ ਹੋਵੇਗਾ। ਅਸੀਂ ਭੁੱਖੇ ਹੋਈਏ ਤਾਂ ਇਹ ਸਾਨੂੰ ਬੇਬਸ ਨਾ ਕਰੇ, ਆਪਣੇ ਅਧੀਨ ਨਾ ਕਰੇ। ਅਸੀਂ ਨੰਗੇ ਹੋਈਏ ਤਾਂ ਕੋਈ ਸੈਨਤ ਨਾ ਕਰੇ ਕਿ ਅਸੀਂ ਨੰਗੇ ਹਾਂ, ਹਵਾ ਵਾਂਗ ਤੁਰਦੇ ਜਾਈਏ ਜਿੱਧਰ ਮਰਜ਼ੀ…।” (ਪੰਨਾ 40)
ਨਾਵਲ ਦੀ ਬਣਤਰ, ਬੁਣਤਰ ਅਤੇ ਪੇਸ਼ਕਾਰੀ ਨਿਵੇਕਲੀ ਹੈ। ਮਨ ਦੇ ਪਰਦੇ ‘ਤੇ ਕਾਲ (ਭਵਿੱਖ, ਵਰਤਮਾਨ ਅਤੇ ਅਤੀਤ) ਆਪਣੇ ਅਕਸ ਉਤਾਰਦਾ, ਨਿਖਾਰਦਾ ਅਤੇ ਮਿਟਾਉਂਦਾ ਜਾਂਦਾ ਹੈ। ਨਾਵਲ ਦਾ ਮੁੱਖ ਪਾਤਰ ਦੇਖਣ ਨੂੰ ਤਾਂ ‘ਉਸ’ ਲੜਕੀ ਦੀ ਤਲਾਸ਼ ਵਿਚ ਹੈ, ਜਿਸ ਨੂੰ ਉਸ ਨੇ ਮੁਹੱਬਤ ਕੀਤੀ, ਪਰ ਅਪਨਾ ਨਾ ਸਕਿਆ। ਹਾਲਾਤ ਦਾ ਝੰਬਿਆ ਨਿਰਬਲ ਏਨਾ ਕਿ ਕਿਤੇ ਲਿਜਾ ਵੀ ਨਹੀਂ ਸਕਿਆ। ਅਸਲ ਵਿਚ ‘ਉਸ’ ਦੀ ਤਲਾਸ਼ ‘ਰੋਸ਼ਨੀ’ ਦੀ ਤਲਾਸ਼ ਹੈ, ਗਵਾਚੇ ਇਤਿਹਾਸ ਦੀ ਤਲਾਸ਼ ਹੈ। ਨਾਇਕ ਉਸੇ ਇਤਿਹਾਸ ਦੀ ਭਾਲ ‘ਚ ਸਫਰ-ਦਰ-ਸਫਰ ਕਰਦਾ ਭਟਕ ਰਿਹਾ ਹੈ, “ਮੈਂ ਕਿੱਥੇ ਹਾਂ? ਮੈਂ ਕਿੱਥੇ ਸਾਂ? ਮੈਨੂੰ ਇਸ ਸਭ ਦਾ ਪਤਾ ਕਿਉਂ ਨਹੀਂ? ਸ਼ਾਇਦ ਮੈਂ ਇਕ ਲੰਮਾ, ਇਕ ਮਹੱਤਵਪੂਰਨ ਇਤਿਹਾਸ ਗਵਾ ਬੈਠਾ ਹਾਂ!…ਪਰ ਇਹ ਕਾਲ, ਜੋ ਮੈਂ ਹੰਢਾਇਆ ਏ, ਜੋ ਮਨਫੀ ਹੋ ਗਿਆ ਏ, ਇਸ ਦਾ ਆਦਿ ਕਿਵੇਂ ਹੋਇਆ? ਇਸ ਦਾ ਇਹ ਅੰਤ ਕਿਵੇਂ ਹੋਇਆ? ਉਫ! ਮੈਨੂੰ ਤਾਂ ਕੁਝ ਵੀ ਚੇਤੇ ਨਹੀਂ। ਇਹ ਤਾਂ ਅਵੱਸ਼ ਏ ਕਿ ਮੇਰਾ ਇਕ ਕਾਲ ਗਵਾਚ ਗਿਆ ਏ। ਮੈਨੂੰ ਇਸ ਦੀ ਭਾਲ ਕਰਨੀ ਚਾਹੀਦੀ ਏ, ਮੈਂ ਇਸ ਦੀ ਭਾਲ ਕਰਾਂਗਾ।” (ਪੰਨਾ 57-58)
ਨਾਵਲ ਦੀ ਸ਼ੈਲੀ ਚਿੰਨ੍ਹਾਤਾਮਕ ਹੈ। ਉਹ ਸਪਾਟ ਗੱਲ ਨਹੀਂ ਕਰਦਾ। ਇਸ਼ਾਰੇ ਕਰਦਾ ਹੈ। ਨਾਵਲ ਵਿਚ ਥਾਂ-ਥਾਂ ਭਾਂਡੇ ਖੜਕਣ ਤੇ ਟੁੱਟਣ ਦੀ ਆਵਾਜ਼ ਖਾਮੋਸ਼ ਫਿਜ਼ਾ ਵਿਚ ਤਰੇੜਾਂ ਪਾਉਂਦੀ ਹੈ। ਇਹ ਆਵਾਜ਼ ਕਦਰਾਂ-ਕੀਮਤਾਂ, ਰਿਸ਼ਤੇ-ਨਾਤੇ, ਵਿਸ਼ਵਾਸ ਆਦਿ ਟੁੱਟਣ ਵੱਲ ਸੰਕੇਤ ਕਰਦੀ ਜਾਂਦੀ ਹੈ, “ਪਰ ਇਹ ਆਵਾਜ਼ ਤਾਂ ਲਗਾਤਾਰ ਸੁਣਾਈ ਦੇ ਰਹੀ ਏ, ਇਕ ਤਰਸ-ਭਿੰਨੀ ਸੰਘਣੀ ਆਵਾਜ਼, ਡਰੀ-ਡਰੀ, ਸਹਿਮੀ-ਸਹਿਮੀ, ਭਾਂਡੇ ਟੁੱਟਣ ਦੀ ਆਵਾਜ਼!” (ਪੰਨਾ 88)
ਪਰ ਕਦੇ-ਕਦੇ ਟੁੱਟ-ਭੱਜ ਏਨੀ ਹੋ ਜਾਂਦੀ ਹੈ ਕਿ ਚੇਤਨਾ ਮਹਿਸੂਸ ਕਰਨੋ ਹੀ ਹਟ ਜਾਂਦੀ ਹੈ, “ਕੁਝ ਵੀ ਹੁਣ ਮੇਰੇ ਸਫਰ ਵਿਚ ਰੁਕਾਵਟ ਪੈਦਾ ਨਹੀਂ ਕਰ ਰਿਹਾ, ਨਾ ਹੀ ਹਿਚਕੋਲੇ, ਨਾ ਤਰਲੇ, ਨਾ ਹੀ ਭਾਂਡਿਆਂ ਦੇ ਟੁੱਟਣ ਦੀ ਆਵਾਜ਼। ਮੈਂ ਨਿਰੰਤਰ ਆਪਣੀ ਨਗਰੀ ਵਿਚ ਪਰਵੇਸ਼ ਕਰਦਾ ਜਾ ਰਿਹਾ ਹਾਂ।” (ਪੰਨਾ 95)
ਨਾਵਲ ਦੇ ਇਕ-ਇਕ ਵਾਕ ਨੂੰ ‘ਡੀਕੋਡ’ ਕੀਤਾ ਜਾ ਸਕਦਾ ਹੈ। ਸਤਰਾਂ ਦੀ ਥਾਂ ਸਤਰਾਂ ਵਿਚ ਲਿਖਿਆ ਗਿਆ ਵੱਧ ਅਹਿਮ ਹੁੰਦਾ ਹੈ। ਨਾਵਲ ਵਿਚ ਆਏ ਹਵਾਲੇ ਧਿਆਨ ਮੰਗਦੇ ਹਨ। ਇਹ ਮਹਿਜ ਖਾਨਾਪੂਰਤੀ ਲਈ ਨਹੀਂ ਵਰਤੇ ਗਏ। ਲੇਖਕ ਇਨ੍ਹਾਂ ਰਾਹੀਂ ਆਪਣੀ ਗੱਲ ਵੱਧ ਸ਼ਿੱਦਤ ਨਾਲ ਪੇਸ਼ ਕਰਨ ‘ਚ ਸਫਲ ਹੋਇਆ ਹੈ, “ਜੇ ਤੂੰ ਮੈਨੂੰ ਆਪਣਾ ਅੰਗ-ਸੰਗ ਸਮਝਦੀ ਏਂ ਤਾਂ ਮੈਂ ਤੇਰੀ ਅਗਨੀ ਪ੍ਰੀਖਸ਼ਾ ਨਹੀਂ ਲਵਾਂਗਾ!” (ਪੰਨਾ 89)
“ਤੈਨੂੰ ਇਹ ਵੀ ਡਰ ਹੈ ਕਿ ਤੇਰਾ ਭਰਾ ਅਤੇ ਚਾਚਾ ਤੈਨੂੰ ਜ਼ਹਿਰ ਦੇ ਕੇ ਮਾਰ ਦੇਣਗੇ…।” (ਪੰਨਾ 91)
ਜੇ ‘ਅਗਨੀ ਪ੍ਰੀਖਸ਼ਾ’ ਪੁਰਾਤਨ ਕਾਲ ਵਿਚ ਔਰਤ ਦੀ ਸਮਾਜਕ ਦਸ਼ਾ ਤੇ ਤ੍ਰਾਸਦੀ ਵੱਲ ਸੰਕੇਤ ਹੈ ਤਾਂ ‘ਜ਼ਹਿਰ’ ਦੇਣ ਵਾਲੇ ਮਧਕਾਲੀ ਕੈਦੋਂਆਂ ਦਾ ਵਰਤਮਾਨ ਵਿਚ ਜ਼ਿਕਰ ਅਚੇਤ ਹੀ ਦਰਸਾ ਜਾਂਦਾ ਹੈ ਕਿ ਆਧੁਨਿਕ ਯੁਗ ਵਿਚ ਵੀ ਔਰਤ ਦੀ ਦਸ਼ਾ ‘ਚ ਬਹੁਤਾ ਫਰਕ ਨਹੀਂ ਪਿਆ।
ਪਰ ਰੋਸ਼ਨੀ ਦੀ ਭਾਲ ਵਿਚ ਨਿਕਲਿਆ ਨਾਇਕ ਜੇ ਆਪਣੀ ਮਹਿਬੂਬਾ ਦੀ ‘ਅਗਨੀ ਪ੍ਰੀਖਸ਼ਾ’ ਨਾ ਲੈਣ ਦਾ ਸੰਕੇਤ ਕਰਦਾ ਹੈ ਤੇ ਉਸ ਨੂੰ ਜ਼ਹਿਰੀਲੇ ਰੁਝਾਨ ਤੋਂ ਬਚਾਉਣ ਦੀ ਗੱਲ ਕਰਦਾ ਹੈ ਤਾਂ ਸਿੱਧਾ ਅਰਥ ਹੈ ਕਿ ਉਹ ਰੌਸ਼ਨ, ਬਰਾਬਰ, ਖੁਸ਼ਹਾਲ ਸਮਾਜ ਦੀ ਸਿਰਜਣਾ ਵਾਸਤੇ ਧਰਮ ਦੇ ਠੇਕੇਦਾਰਾਂ ਅਤੇ ਅਖੌਤੀ ਕਦਰਾਂ-ਕੀਮਤਾਂ ਦੇ ਅਲੰਬਰਦਾਰਾਂ ਨਾਲ ਸਿੱਧੀ ਟੱਕਰ ਲੈਣ ਦੀ ਜੁਰਅਤ ਰੱਖਦਾ ਹੈ।
ਮੁਹੱਬਤ ਦੇ ਰਾਹ ‘ਚ ਧਰਮ ਤੇ ਜਾਤ ਡੂੰਘੀਆਂ ਖਾਈਆਂ ਬਣ ਕੇ ਪੇਸ਼ ਹੋਏ। ਨਾਇਕ ਦੇ ਦੋਸਤ ਨੇ ਅਮਾਨਤ ਵਿਚ ਖਿਆਨਤ ਕੀਤੀ। ਰੌਸ਼ਨੀਆਂ ਦੇ ਨਗਰ ਦੀ ਤਲਾਸ਼ ‘ਚ ਨਿਕਲਿਆ ਨਾਇਕ ਹਨੇਰੀ ਗਾਰ ‘ਚ ਜਾ ਪਿਆ, ਪਰ ਇਸ ਦੇ ਬਾਵਜੂਦ ਨਾਇਕ ਦੇ ਅੰਦਰੋਂ ਬੰਦਾ ਮਰਿਆ ਨਹੀਂ, ਬੰਦਿਆਈ ਕਾਇਮ-ਦਾਇਮ ਰਹੀ। ਉਸ ਅੰਦਰੋਂ ਕੁਰਬਾਨੀ ਦਾ ਜਜ਼ਬਾ ਖਤਮ ਨਹੀਂ ਹੋਇਆ। ਮੁਹੱਬਤ ਦੀ ਚਿਣਗ ਬੁਝੀ ਨਹੀਂ। ਉਹ ਆਪਣੀ ਮੁਹੱਬਤ ਨੂੰ ਇਸ ਆਸ ਨਾਲ ਅਲਵਿਦਾ ਕਹਿ ਰਿਹਾ ਹੈ, ਜਿਵੇਂ ਉਸ ਮੁਹੱਬਤ ਨੇ ਕਿਤੇ ਹੋਰ ਥਾਂ ਜਾ ਕੇ ਰੋਸ਼ਨੀ ਕਰਨੀ ਹੋਵੇ। ਤਾਂ ਹੀ ਤਾਂ ਉਹ ਚਾਹ ਕੇ ਵੀ ਅਲਵਿਦਾਈ ਹੱਥ ਰੋਕ ਨਹੀਂ ਸਕਿਆ, “ਭੀੜ ਵੱਲ, ਪਥਰਾਈ ਭੀੜ ਵੱਲ ਉਸ ਦਾ ਹੱਥ ਹਿੱਲ ਰਿਹਾ ਏ, ਲਗਾਤਾਰ। ਹੈਂ! ਇਹ ਕੀ? ਮੇਰਾ ਹੱਥ, ਇਹ ਕਿਉਂ ਹਿੱਲ ਰਿਹਾ ਏ? ਇਹ ਕਦੋਂ ਦਾ ਹਿੱਲ ਰਿਹਾ ਏ? ਨਹੀਂ ਨਹੀਂ, ਇਸ ਨੂੰ ਰੁਕਣਾ ਚਾਹੀਦਾ ਏ, ਇਹ ਮੇਰੇ ਆਖੇ ਕਿਉਂ ਨਹੀਂ ਰੁਕ ਰਿਹਾ? ਕਾਸ਼! ਮੈਂ ਆਪਣਾ ਹੱਥ ਹਿੱਲਣੋਂ ਰੋਕ ਸਕਦਾ!” (ਪੰਨਾ 104)
ਸੁਰਿੰਦਰ ਸਿੰਘ ਸੀਰਤ ਨੇ ਬਤੌਰ ਕਵੀ ਤਾਂ ਸਾਹਿਤ ਵਿਚ ਆਪਣੀ ਥਾਂ ਬਣਾਈ ਹੈ, ਇਸ ਨਾਵਲ ਨਾਲ ਉਸ ਨੇ ਸਾਬਿਤ ਕਰ ਦਿੱਤਾ ਹੈ ਕਿ ਉਸ ਅੰਦਰ ‘ਗਲਪਕਾਰ’ ਵੀ ਮੌਜੂਦ ਹੈ। ਭਵਿੱਖ ਵਿਚ ਉਸ ਤੋਂ ਹੋਰ ਵੱਡੀ ਗਲਪ ਰਚਨਾ ਦੀ ਆਸ ਕੀਤੀ ਜਾ ਸਕਦੀ ਹੈ।
ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ ਵਲੋਂ ਛਾਪੇ ਗਏ ਇਸ ਨਾਵਲ ਦੇ 104 ਪੰਨੇ ਹਨ ਤੇ ਕੀਮਤ 200 ਰੁਪਏ, ਜੋ ਥੋੜ੍ਹੀ ਵੱਧ ਜਾਪਦੀ ਹੈ।
ਪੋਸਟ-ਸਕ੍ਰਿਪਟ: ਇਹ ਨਾਵਲ ਪਹਿਲਾਂ 1986 ਵਿਚ ਛਪਿਆ ਸੀ ਤੇ ਦੂਜੀ ਵਾਰ 2018 ‘ਚ। ਨਾਵਲ ਦਾ ਅਨੰਦ ਦੁੱਗਣਾ-ਚੌਗੁਣਾ ਹੋ ਜਾਣਾ ਸੀ, ਜੇ ਪਰੂਫ-ਰੀਡਿੰਗ ਪ੍ਰੋਫੈਸ਼ਨਲ ਪਰੂਫ-ਰੀਡਰ ਤੋਂ ਕਰਵਾਈ ਹੁੰਦੀ।