ਹੋਂਦ

ਦਵਿੰਦਰ ਕੌਰ
ਚਿਰਾਂ ਪਿੱਛੋਂ ਹੋਈ ਤੇਜ ਬਰਸਾਤ ਨੇ ਅੱਜ ਮੁੜ ਉਸ ਬੰਜਰ ਜਮੀਨ ਨੂੰ ਹਰੀ ਕਰਨ ਦਾ ਯਤਨ ਕੀਤਾ, ਜੋ ਕਈ ਥਾਂਵਾਂ ਤੋਂ ਖੋਖਲੀ ਹੋ ਗਈ ਸੀ। ਜਮੀਨ ਨੂੰ ਜਿਵੇਂ ਅੰਤਾਂ ਦੀ ਉਡੀਕ ਸੀ, ਇਸ ਅਣਕਿਆਸੇ ਪਲ ਦੀ ਕਿ ਕਦੋਂ ਮੀਂਹ ਪਵੇ ਤੇ ਕਦੋਂ ਉਹ ਘੁੱਟਾਂ ਭਰ-ਭਰ ਰੱਜ-ਰੱਜ ਪਾਣੀ ਪੀਵੇ। ਉਮਰੋਂ ਲੰਬੀ ਆਸ ਨੂੰ ਅੱਜ ਸਬਰ ਨਾਲ ਧਰਤੀ ਦੀ ਹਿੱਕ ‘ਤੇ ਖੁਸ਼ਹਾਲ ਹੁੰਦੇ ਦੇਖਿਆ ਕਿ ਕਿੰਜ ਕਈ ਵਰ੍ਹੇ ਬੰਜਰ ਰਹਿ ਕੇ ਵੀ ਧਰਤੀ ਨੇ ਆਪਣਾ ਇਕ ਵੀ ਗੁਣ ਨਹੀਂ ਗਵਾਇਆ।

ਜਦੋਂ ਬੰਜਰ ਸੀ, ਉਦੋਂ ਆਪਣੀ ਕੁੱਖ ‘ਚ ਅੱਕ, ਕੰਡੇ, ਸੱਪ, ਚੂਹੇ, ਅਰਿੰਡ, ਸੋਕਾ ਤੇ ਹੋਰ ਪਤਾ ਨਹੀਂ ਕੀ ਕੁਝ ਪਾਲਿਆ। ਤੇ ਅੱਜ ਜਦੋਂ ਮੁੜ ਖੁਸ਼ਹਾਲ ਹੋਣ ਦਾ ਮੌਕਾ ਮਿਲਿਆ ਤਾਂ ਠੀਕ ਉਸੇ ਤਰ੍ਹਾਂ ਸਬਰ, ਸੰਤੋਖ ਨਾਲ ਆਪੇ ‘ਚ ਰਲ ਨਵੀਂ ਨਕੋਰ ਹੋਣ ਲੱਗੀ। ਆਪਣੇ ਅੰਦਰ ਸਾਰੇ ਭੇਦ ਲੁਕਾ ਅਭੇਦ ਬਣ, ਉਹਨੇ ਸਭ ਕੁਝ ਅੰਦਰੋਂ ਅੰਦਰੀਂ ਭਰਨਾ ਸ਼ੁਰੂ ਕੀਤਾ।
ਆਪਣਾ ਆਪ ਭਰਨਾ ਕੋਈ ਸੁਖਾਲਾ ਤਾਂ ਨਹੀਂ ਸੀ, ਪਰ ਨਾਮੁਮਕਿਨ ਵੀ ਨਹੀਂ ਸੀ। ਯਤਨ ਕਰਨਾ ਹੋਂਦ ਦਾ ਹੀ ਹਿੱਸਾ ਹੈ ਤੇ ਕੁੱਲ ਸ੍ਰਿਸ਼ਟੀ ਇਸ ਯਤਨਸ਼ੀਲ ਪ੍ਰਕ੍ਰਿਆ ਦਾ ਨਿਵੇਕਲਾ ਅੰਸ਼ ਹੈ। ਆਪੇ ‘ਚ ਰਲਦੀ ਮਿੱਟੀ ਨਾਲ ਮਿੱਟੀ ਹੁੰਦੀ ਧਰਤੀ ਮੁੜ ਮਹਿਕਣ ਲੱਗੀ। ਕੰਡਿਆਲੀਆਂ ਵੇਲਾਂ ਤੇ ਫੁੱਲ ਪੱਤੇ ਖਿੜ ਆਏ, ਬੰਜਰ ਜਮੀਨ ਆਪਣੀ ਹਿੱਕ ‘ਚ ਲੁਕੇ ਹਰ ਖੁਸ਼ਨੁਮਾ ਅਹਿਸਾਸ ਨੂੰ ਦਰਸਾਉਂਦੀ ਨਿੱਕੇ-ਨਿੱਕੇ ਹਰੇ-ਹਰੇ ਪੱਤੇ ਫੁੱਟਦੇ ਵੇਖ ਮੁਸਕਰਾਈ ਤੇ ਅਸਮਾਨ ਵੱਲ ਗਹੁ ਨਾਲ ਤੱਕਦੀ ਨੀਲੀ ਛਤਰੀ ਵਾਲੇ ਦੇ ਸ਼ੁਕਰਾਨੇ ਲਈ ਮੁੜ ਉਪਜਾਊ ਤੇ ਖੁਸ਼ਹਾਲੀ ਦੇ ਰਾਹ ਤੁਰ ਪਈ।
ਠੀਕ, ਹਰ ਉਸ ਇਨਸਾਨ ਦੀ ਮਿਹਨਤ ਦਾ ਨਤੀਜਾ ਬਣ ਸਾਹਮਣੇ ਆ ਖੜੀ ਹੋਈ, ਜੋ ਆਪਣੇ ਨੇਕ ਇਰਾਦਿਆਂ ਦੀ ਜਮੀਨ ਨੂੰ, ਜ਼ਿੰਦਗੀ ਨਾਮੀਂ ਬਲਦ ਨਾਲ ਸਹੀ ਢੰਗ ਤੇ ਚਾਲ ਨਾਲ ਮੁੜ ਤੋਂ ਉਪਜਾਊ ਬਣਾਉਣ ‘ਚ ਯਕੀਨ ਰੱਖਦਾ।
ਜ਼ਿੰਦਗੀ ਤੁਰਦੀ ਤੁਰਦੀ ਕਈ ਵਾਰ ਆਪਣੀ ਰਫਤਾਰ ਗੁਆ ਬੈਠਦੀ ਹੈ। ਕਦੀ ਹੌਲੀ, ਕਦੀ ਤੇਜ ਤੇ ਕਦੀ ਕਦਾਈਂ ਲੀਹੋਂ ਲਹਿ ਜਾਂਦੀ ਹੈ; ਪਰ ਕੀ ਇਹ ਰਫਤਾਰ ਸਾਡੀ ਜ਼ਿੰਦਗੀ ਦਾ ਅਸਲ ਫੈਸਲਾ ਕਰਦੀ ਹੈ; ਜਾਂ ਸਾਡੇ ਦ੍ਰਿੜ ਇਰਾਦੇ?
ਹਰ ਘੜੀ ਮਾੜਾ ਸੋਚਣਾ ਤੇ ਆਪਣੇ ਆਪ ਨੂੰ ਮਾੜਾ ਬੋਲਣਾ ਤਾਂ ਕੋਈ ਹੱਲ ਨਹੀਂ। ਲੀਹੋਂ ਉਤਰੀ ਗੱਡੀ ਪੱਟੜੀ ‘ਤੇ ਚੜ੍ਹਾਉਣੀ ਉਨੀ ਹੀ ਸੌਖੀ ਹੈ, ਜਿੰਨਾ ਸੌਖਾ ਮਨ ਨੂੰ ਸਮਝਾਉਣਾ ਕਿ ਮੈਂ ਇਕ ਕਾਰਜਸ਼ੀਲ ਯਤਨ ਦਾ ਹਿੱਸਾ ਹਾਂ ਤੇ ਮੈਂ ਆਪਣੇ ਹਾਲਾਤ ਤੋਂ ਡੱਰ ਕੇ ਭੱਜ ਨਹੀਂ ਸਕਦਾ।
ਇਸ ਸਮੇਂ ਦੌਰਾਨ ਦੁੱਖ ਤਕਲੀਫਾਂ ਦੇ ਹਾਲਾਤ ਤੋਂ ਗੁਜ਼ਰਦਾ ਇਨਸਾਨ ਆਪਣੇ ਆਪ ਵਿਚ ਇਸ ਕਦਰ ਭੈ ਭੀਤ ਹੋ ਜਾਂਦਾ ਹੈ ਕਿ ਉਸ ਦੇ ਅੰਦਰ ਫੈਲ ਚੁਕੀ ਰਿਸ਼ਤਿਆਂ ਦੀ ਕੰਡਿਆਲੀ ਵੇਲ ਸੱਪ ਵਾਂਗ ਉਹਦੇ ਸਾਹੀਂ ਜ਼ਹਿਰ ਭਰਦੀ ਚਲੀ ਜਾਂਦੀ ਹੈ। ਇਕਲਾਪੇ ਤੇ ਕੁੜਿੱਤਣ ਨਾਲ ਭਰਿਆ ਇਨਸਾਨ ਲੁੱਕਦਾ ਫਿਰਦਾ ਇਸ ਸੱਚ ਤੋਂ ਕਿ ਕਿਵੇਂ ਰਾਤੋ ਰਾਤ ਰਿਸ਼ਤਿਆਂ ਦੇ ਖੁਸ਼ਹਾਲ ਜੰਗਲ ‘ਚੋਂ ਉਸ ਨੂੰ ਬੰਜਰ ਤੇ ਖੋਖਲੀ ਜਮੀਨ ‘ਤੇ ਲਿਆ ਸੁੱਟਿਆ ਗਿਆ। ਉਹ ਰੋਂਦਾ ਕੁਰਲਾਉਂਦਾ ਨਸ਼ਿਆਂ ਦਾ ਸੱਪ ਗਲ ‘ਚ ਪਾ ਕੇ ਰੋਜ਼ ਕੰਡਿਆਂ ‘ਤੇ ਤੁਰਦਾ ਸਫਰ ਤੈਅ ਕਰਨ ਲੱਗਦਾ।
ਉਹਨੂੰ ਇਹ ਸਜ਼ਾ ਉਹਦੇ ਆਪਣਿਆਂ ਨੇ ਹੀ ਦਿੱਤੀ ਸੀ, ਸ਼ਾਇਦ ਇਸੇ ਲਈ ਉਹ ਮੁੜ ਮੁੜ ਪਰਛਾਵਿਆਂ ਨੂੰ ਫੜਨ ਦਾ ਯਤਨ ਕਰਦਾ! ਪਰ ਪਰਛਾਵੇਂ ਤਾਂ ਮੁੱਢ ਤੋਂ ਹੀ ਢਲਦੇ-ਛਿਪਦੇ ਰਿਸ਼ਤਿਆਂ ਦੇ ਸੂਰਜ ਨਾਲ ਆਉਂਦੇ ਤੇ ਸਦਾ ਲਈ ਹਨੇਰਿਆਂ ‘ਚ ਇਕੱਲੇ ਛੱਡ ਤੁਰ ਜਾਂਦੇ।
ਉਹਨੂੰ ਇਕਲਾਪੇ ਦੀ ਜ਼ਿੰਦਗੀ ਜਿਉਂਦੇ ਦੇਖ ਸ਼ਾਇਦ ਰੱਬ ਨੂੰ ਉਸ ‘ਤੇ ਤਰਸ ਆਇਆ ਤੇ ਸ਼ਾਹ ਕਾਲੇ ਬੱਦਲ ਉਚੀ ਉਚੀ ਤੇਜ਼ ਹਵਾ ਨਾਲ ਦੂਰ ਅਸਮਾਨੀਂ ਉਡਦੇ ਉਹਨੂੰ ਨਜ਼ਰ ਆਏ।
ਪਰ! ਉਹ ਆਪਣਿਆਂ ਹੱਥੋਂ ਲਤਾੜਿਆ ਗਿਆ ਇਨਸਾਨ ਸੀ, ਜਿਹਦੀ ਹੋਂਦ ‘ਤੇ ਉਹਨੂੰ ਖੁਦ ਨੂੰ ਸ਼ੱਕ ਸੀ! ਹੋਂਦ ਤਾਂ ਹੋਂਦ ਹੀ ਹੁੰਦੀ ਹੈ, ਉਹਨੂੰ ਕੋਈ ਨਹੀਂ ਨਕਾਰ ਸਕਦਾ। ਉਹਨੂੰ ਕਾਇਮ ਰੱਖਣ ਵਾਸਤੇ ਰੱਬ ਹਰ ਤਰ੍ਹਾਂ ਦੇ ਅੱਡ ਕਾਰਜ ਸਿਰਜਦਾ; ਉਹ ਸਿਰਜਣਹਾਰ ਬੜਾ ਹੀ ਬੇਅੰਤ ਹੈ, ਉਸ ਲਈ ਕੁਝ ਵੀ ਨਾਮੁਮਕਿਨ ਨਹੀਂ। ਸ਼ਾਇਦ ਇਹੀ ਕਾਰਨ ਸੀ ਉਨ੍ਹਾਂ ਦੇ ਮਿਲਣ ਦਾ।
ਉਹ ਕੌਣ ਸੀ? ਕਦੋਂ, ਕਿਵੇਂ ਤੇ ਕਿਥੋਂ ਆਈ?
ਕਿੰਨੇ ਹੀ ਸਵਾਲਾਂ ‘ਚ ਘਿਰਿਆ ਸੀ, ਉਹ ਕਾਲੇ ਸ਼ਾਹ ਬੱਦਲਾਂ ਤੇ ਠੰਡੀ ਹਵਾ ‘ਚ ਲੁਕਿਆ ਨਿੱਘਾ ਮੀਂਹ! ਜਿਹਦੀ ਇੱਕ ਇੱਕ ਕਣੀ ਉਸ ਬੰਜਰ ਜਮੀਨ ਨੂੰ ਮੁੜ ਖੁਸ਼ਹਾਲ ਕਰਨ ਦੇ ਯਤਨ ‘ਚ ਕਾਰਜਸ਼ੀਲ ਸਾਬਿਤ ਹੋਣ ਲੱਗੀ; ਮੀਂਹ ਪੈਂਦਾ ਗਿਆ, ਮਿੱਟੀ ‘ਚੋਂ ਆਉਂਦੀ ਸੋਂਧੀ ਸੋਂਧੀ ਮਹਿਕ ਹਵਾ ‘ਚ ਘੁਲਦੀ ਉਨ੍ਹਾਂ ਦੇ ਸਾਹੀਂ ਘੁਲਣ ਲੱਗੀ। ਮਿੱਟੀ, ਪਾਣੀ ਤੇ ਮਹਿਕ ਜਦੋਂ ਇੱਕ ਹੋਏ ਤਾਂ ਵਕਤ ਦੇ ਅੱਲੇ ਜ਼ਖਮ ਵੀ ਭਰ ਗਏ।
ਉਹ ਮੁੜ ਖੁਸ਼ਹਾਲ ਹੋਣ ਲਈ ਉਹਨੂੰ ਆਪਣੀਂ ਹੋਂਦ ‘ਚ ਵਸਾ ਵਕਤ ਦੇ ਹਰ ਇਮਤਿਹਾਨ ਲਈ ਤਿਆਰ ਬਰ ਤਿਆਰ ਸੀ। ਇਹ ਉਹਦੇ ਸਵੈ ਅੰਦਰ ਸਬਰ, ਸਹਿਜ, ਪਿਆਰ, ਸਨਮਾਨ ਤੇ ਵਿਸ਼ਵਾਸ ਦੀ ਜੋਤ ਦਾ ਚਾਨਣ ਸੀ, ਜਿਹਨੂੰ ਹੁਣ ਕੋਈ ਤੂਫਾਨ ਨਹੀਂ ਸੀ ਬੁਝਾ ਸਕਦਾ।
ਦੋਵੇਂ ਰੂਹਾਂ ਮੋਹ ਦੇ ਜੁਗਨੂੰਆਂ ਵਾਂਗ ਆਸਾਂ ਤੇ ਉਮੀਦਾਂ ਵਾਲੇ ਥੰਮ੍ਹ ਨੂੰ ਚਾਨਣ ਮੁਨਾਰੇ ਵਾਂਗ ਰੁਸ਼ਨਾਉਣ ਲੱਗੀਆਂ|