ਗੁਰਦਾਸ ਮਾਨ ਦੇ ਓਹਲੇ ‘ਚ ਕਿਤੇ ਅਸਲ ਦੁਸ਼ਮਣ ਸੁੱਕਾ ਨਾ ਬਚ ਜਾਵੇ

ਗੁਰਭਜਨ ਗਿੱਲ
ਹਿੰਦੀ ਦਿਵਸ ਮੌਕੇ ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ‘ਇੱਕ ਰਾਸ਼ਟਰ, ਇੱਕ ਭਾਸ਼ਾ’ ਵਾਲੀ ਆਖੀ ਗੱਲ ਸਾਨੂੰ ਕਿਸੇ ਨੂੰ ਵੀ ਨਹੀਂ ਪੁੱਗਦੀ। ਦੇਸ਼ ਨੂੰ ਵੀ ਨਹੀਂ ਪੁੱਗਦੀ। 22 ਰਾਸ਼ਟਰੀ ਭਾਸ਼ਾਵਾਂ ‘ਚ ਹਿੰਦੀ ਸੰਪਰਕ ਭਾਸ਼ਾ ਪਹਿਲਾਂ ਹੀ ਹੈ, ਪਰ ਕੌਮੀ ਭਾਸ਼ਾ ਨਹੀਂ।

ਸ਼ਬਦ ਜਾਲ ‘ਚ ਉਲਝ ਕੇ ਗੁਰਦਾਸ ਮਾਨ ਠੇਡਾ ਖਾ ਕੇ ਮੂਧੇ ਮੂੰਹ ਡਿੱਗ ਪਿਆ ਹੈ। ਲੋਕਾਂ ਨਾਲੋਂ ਟੁੱਟ ਕੇ ਮਾਤ ਭਾਸ਼ਾਵਾਂ ਦੇ ਅਸਲ ਯੋਗਦਾਨ ਨੂੰ ਸਮਝਣ ਸਮਝਾਉਣ ਦੀ ਉਕਾਈ ਕਰ ਗਿਆ ਹੈ। ਮਾਂ ਦੀ ਥਾਂ ਮਾਸੀ ਦਾ ਹੇਜ ਜਾਗਣਾ ਸਾਡੇ ਪਿੰਡਾਂ ਵੱਲ ਚੰਗਾ ਨਹੀਂ ਗਿਣਿਆ ਜਾਂਦਾ। ਮਾਂ ਦੀ ਮੈਲੀ ਚੁੰਨੀ ਦੀ ਥਾਂ ਜੇ ਮਾਸੀ ਦੀ ਨੀਅਤ ਮੈਲੀ ਹੋਵੇ ਤਾਂ ਘਰਾਂ ਨੂੰ ਵੀਰਾਨ ਕਰ ਦਿੰਦੀ ਹੈ।
ਪੰਜਾਬੀ ਨੂੰ ਤਾਂ ਇਸ ਵੇਲੇ ਸਭ ਤੋਂ ਵੱਧ ਖਤਰਾ ਹਿੰਦੀ ਤੋਂ ਹੈ, ਗੁਆਂਢ ਮੱਥਾ ਹੋਣ ਕਰਕੇ। ਰਾਜਸਥਾਨੀ, ਹਿਮਾਚਲੀ, ਪਹਾੜੀ, ਹਰਿਆਣਵੀ ਨੂੰ ਹਿੰਦੀ ਦੀ ਅਮਰਵੇਲ ਕਰੀਬ ਕਰੀਬ ਚੱਟ ਗਈ ਹੈ।
ਹਰਜਿੰਦਰ ਥਿੰਦ ਨਾਲ ਗੁਰਦਾਸ ਮਾਨ ਦੀ ਮੁਲਾਕਾਤ ਵਿਚ ਹਿੰਦੀ ਦਾ ਹੇਜ ਉਨ੍ਹਾਂ ਦਿਨਾਂ ‘ਚ ਉਜਾਗਰ ਹੋਣਾ ਸ਼ੁਭ ਸ਼ਗਨ ਨਹੀਂ ਮੰਨਿਆ ਜਾ ਸਕਦਾ।
ਪਰ ਹਰ ਗੱਲ ਨੂੰ ਗਰਜ਼ ਨਾਲ ਜੋੜ ਕੇ ਵੇਖਣਾ ਵੀ ਬਹੁਤੀ ਚੰਗੀ ਪਰਵਿਰਤੀ ਨਹੀਂ। ਗੁਰਦਾਸ ਕੋਈ ਭਾਸ਼ਾ ਮਾਹਿਰ ਨਹੀਂ, ਬਾਕੀ ਗਾਇਕਾਂ ਨਾਲੋਂ ਉਸ ਦਾ ਵੱਖਰਾ ਵਿਹਾਰ ਨਹੀਂ। ਦੱਖਣੀ ਫਿਲਮ ਅਦਾਕਾਰ ਕਮਲ ਹਸਨ ਵਾਂਗ ਸੁਚੇਤ ਕਲਾਕਾਰ ਨਹੀਂ।
ਗਾਇਕ ਦੋਸਤ ਬੁਰਾ ਨਾ ਮੰਨਣ, ਹਰਭਜਨ ਮਾਨ, ਡਾ. ਸਤਿੰਦਰ ਸਰਤਾਜ, ਭਗਵੰਤ ਮਾਨ, ਬੱਬੂ ਮਾਨ, ਵਾਰਿਸ ਭਰਾਵਾਂ ਤੇ ਪੰਮੀ ਬਾਈ ਤੋਂ ਬਿਨਾ ਸਾਡੇ ਗਾਇਕ ਸਮਾਜਕ ਸਰੋਕਾਰਾਂ ਤੇ ਸਮਾਜਕ ਜਿੰਮੇਵਾਰੀ ਦੇ ਓਨੇ ਭੇਤੀ ਨਹੀਂ ਹਨ, ਜਿੰਨੇ ਹੋਣੇ ਚਾਹੀਦੇ ਹਨ।
ਐਬਟਸਫੋਰਡ ਘਟਨਾ ‘ਚ ਗੁਰਦਾਸ ਮਾਨ ਦਾ ਬੋਲਿਆ ਵਾਕ ਉਸ ਦੇ ਕੱਦ ਬੁੱਤ ਤੋਂ ਕਿਤੇ ਹੌਲਾ ਹੈ। ਮੰਦਭਾਗਾ ਹੈ ਇੰਜ ਪਾਰਾ ਚੜ੍ਹਨਾ। ਵਿਰੋਧ ਨਾ ਜਰਨਾ ਵੀ ਸਿਖਰੋਂ ਹੇਠ ਸੁੱਟਦਾ ਹੈ। ਇੱਕ ਬਦਬੋਲ ਲੜੀ ਬਣ ਗਿਆ ਐਡਮੰਟਨ ਤੀਕ। ਚਾਲੀ ਸਾਲ ਦੀ ਬੇਦਾਗ ਸੰਗੀਤ ਯਾਤਰਾ ਇੱਕੋ ਬੋਲ ਨਾਲ ਥੱਲੇ ਜਾ ਡਿੱਗੀ।
ਮੈਂ ਨਿਜੀ ਤੌਰ ‘ਤੇ ਬੇਹੱਦ ਉਦਾਸ ਹਾਂ।
ਜੋ ਕੁਝ ਹੋਇਆ ਜਾਂ ਹੋ ਰਿਹਾ ਹੈ, ਇਹ ਸਾਡੀ ਹਿੰਸਕ ਮਾਨਸਿਕਤਾ ਤੇ ਅਨਪੜ੍ਹਤਾ ਦਾ ਪਰਛਾਵਾਂ ਹੈ। ਗਾਇਕ ਭਰਾ ਜੇ ਮੀਡੀਏ ਨਾਲ ਗੱਲਬਾਤ ਕਰਨ ਤਾਂ ਸਾਫ ਕਹਿ ਦਿਆ ਕਰਨ ਕਿ ਸਾਨੂੰ ਇਸ ਮਸਲੇ ਦਾ ਕੱਖ ਵੀ ਪਤਾ ਨਹੀਂ, ਅਗਿਆਨ ਮਿਹਣਾ ਨਹੀਂ, ਪਰ ਗੈਰਪ੍ਰਸੰਗਕ ਉਤਰ ਮਰਵਾ ਦਿੰਦੇ ਹਨ।
ਪੰਜਾਬੀ ਪਿਆਰਿਉ! ਕਿਤੇ ਗੁਰਦਾਸ ਮਾਨ ਨਾਲ ਲੇਖਾ ਮੁਕਾਉਂਦੇ ਅਸਲ ਦੁਸ਼ਮਣ ਸੁੱਕਾ ਨਾ ਬਚ ਜਾਵੇ। ਅਸਲ ਦੁਸ਼ਮਣ ਮਾਰਨ ਲਈ ਆਪਣੇ ਘਰੀਂ ਪੰਜਾਬੀ ਕਿਤਾਬਾਂ ਲਿਆਈਏ ਹਰ ਮਹੀਨੇ। ਵਿਸ਼ਾ ਭਾਵੇਂ ਕੋਈ ਹੋਵੇ, ਪੜ੍ਹੀਏ ਜਰੂਰ। ਬੱਚਿਆਂ ਨੂੰ ਪੜ੍ਹਨ, ਲਿਖਣ ਤੇ ਬੋਲਣ ਦੀ ਲਿਆਕਤ ਨਾਲ ਸ਼ਸਤਰ ਬੱਧ ਕਰੀਏ।
ਤਲਖੀ ਤੋਂ ਮੁਕਤੀ ਹਾਸਲ ਕਰਕੇ ਆਤਮ ਚਿੰਤਨ ਜ਼ਰੂਰੀ ਹੈ।
ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਉਤਸਵ ਸਾਲ ‘ਚ ਗੋਸ਼ਟਿ ਪਰੰਪਰਾ ਸੁਰਜੀਤ ਕਰੀਏ।
ਸਾਨੂੰ ਭਰਾ ਮਾਰ ਜੰਗ ‘ਚ ਉਲਝਾਉਣਾ ਦੁਸ਼ਮਣ ਦੀ ਲੋੜ ਹੈ, ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਲੋੜ ਨਹੀਂ।