ਜਸਵੰਤ ਸਿੰਘ ਕੰਵਲ ਦਾ ‘ਮੁਹੱਬਤਨਾਮਾ’ ਜਾਂ ਕੁਝ ਹੋਰ?

ਪ੍ਰਿੰ. ਸਰਵਣ ਸਿੰਘ ਦੇ ਲਿਖੇ ਲੰਮੇ ਲੇਖ ‘ਜਸਵੰਤ ਸਿੰਘ ਕੰਵਲ ਦਾ ਮੁਹੱਬਤਨਾਮਾ’ (ਅੰਕ 34 ਅਤੇ 35, 2019) ਬਾਰੇ ਪ੍ਰੋ. ਕਸ਼ਮੀਰਾ ਸਿੰਘ ਦਾ ਇਹ ਲੇਖ ਰਸੀਦ ਹੋਇਆ ਹੈ। ਲੇਖ ਵਿਚ ਬੜੀਆਂ ਤਿੱਖੀਆਂ ਟਿੱਪਣੀਆਂ ਹਨ ਅਤੇ ਲੇਖਕ ਨੇ ਸਵਾਲ ਵੀ ਬੜੇ ਉਠਾਏ ਹਨ। ਉਂਜ, ਇਹ ਲੇਖ ਇਸ ਕਰਕੇ ਵਧੇਰੇ ਦਿਲਚਸਪ ਹੈ, ਕਿਉਂਕਿ ਜਸਵੰਤ ਸਿੰਘ ਕੰਵਲ ਦੇ ਨਾਵਲਾਂ ਵਿਚ ਜੋ ਜਗੀਰੂ ਢਾਂਚਾ ਅਤੇ ਸੋਚ ਥਾਂ-ਪੁਰ-ਥਾਂ ਪੁੜੀ ਮਿਲਦੀ ਹੈ, ਪ੍ਰੋ. ਕਸ਼ਮੀਰਾ ਸਿੰਘ ਦੀ ਇਹ ਲਿਖਤ ਇਕ ਤਰ੍ਹਾਂ ਨਾਲ ਇਸੇ ਜਗੀਰੂ ਢਾਂਚੇ ਅਤੇ ਸੋਚ ਦੀ ਪੁਸ਼ਟੀ ਕਰਦੀ ਜਾਪਦੀ ਹੈ। ਬਿਨਾ ਸ਼ੱਕ, ਪੰਜਾਬੀ ਸਾਹਿਤ ਜਗਤ ਵਿਚ ਕੰਵਲ ਦਾ ਆਪਣਾ ਉਚ-ਦੁਮਾਲੜਾ ਮੁਕਾਮ ਹੈ, ਪਰ ਕੰਵਲ ਦੇ ਜੀਵਨ ਦੇ ਅਣਛੋਹੇ ਪੱਖਾਂ ਅਤੇ ਸਵਾਲਾਂ ਵਾਲੀ ਇਹ ਲਿਖਤ ਅਸੀਂ ਇੰਨ-ਬਿੰਨ ਪਾਠਕਾਂ ਦੀ ਕਚਹਿਰੀ ਵਿਚ ਰੱਖ ਰਹੇ ਹਾਂ।

-ਸੰਪਾਦਕ

ਕਸ਼ਮੀਰਾ ਸਿੰਘ (ਪ੍ਰੋ.)
ਫੋਨ: 801-414-0171

‘ਜਸਵੰਤ ਸਿੰਘ ਕੰਵਲ ਦਾ ਮੁਹੱਬਤਨਾਮਾ’ ਸਿਰਲੇਖ ਹੇਠ ਦੋ ਕਿਸ਼ਤਾਂ ਵਿਚ ਪ੍ਰਿੰ. ਸਰਵਣ ਸਿੰਘ ਨੇ ਕੰਵਲ ਦੇ ਇਕ ਡਾਕਟਰ ਕੁੜੀ ਜਸਵੰਤ ਗਿੱਲ ਨਾਲ ਲੁਕ ਛਿਪ ਕੇ ਕਈ ਵਰ੍ਹੇ ਪਿਆਰ ਮੁਹੱਬਤ ਕਰਨ ਅਤੇ ਫਿਰ ਗੁਪਤ ਵਿਆਹ ਦੀ ਕਹਾਣੀ ਬਿਆਨ ਕੀਤੀ ਹੈ। ਆਪਣੇ ਕਿਸੇ ਜਿਗਰੀ ਦੋਸਤ ਦੇ ਨਿੱਜੀ ਜੀਵਨ ਦੀ ਤਹਿ ਤਕ ਜਾ ਕੇ ਇਸ ਤਰ੍ਹਾਂ ਖੁੱਲ੍ਹ ਕੇ ਲਿਖਣਾ ਚੰਗਾ ਹੈ ਜਾਂ ਨਹੀਂ, ਇਹ ਤਾਂ ਪ੍ਰਿੰਸੀਪਲ ਸਾਹਿਬ ਹੀ ਜਾਣਦੇ ਹਨ, ਜਿਨ੍ਹਾਂ ਨੇ ਅਜਿਹਾ ਲਿਖਣ ਦਾ ਹੌਸਲਾ ਕੀਤਾ ਹੈ; ਪਰ ਜੋ ਉਨ੍ਹਾਂ ਨੇ ਬਿਆਨ ਕੀਤਾ ਹੈ, ਉਸ ਤੋਂ ਕੰਵਲ ਵੱਲ ਉਂਗਲ ਜ਼ਰੂਰ ਉਠਦੀ ਹੈ।
ਕੰਵਲ ਨੇ ਆਪਣੀ ਧਰਮ ਪਤਨੀ ਨੂੰ ਜਿਉਂਦੀ ਨੂੰ ਹੀ ਜਿਵੇਂ ਮਾਰ ਦਿੱਤਾ ਹੋਵੇ। ਬੀਬੀ ਮੁਖਤਿਆਰ ਕੌਰ ਦੀ ਹਾਲਤ ਉਸ ਸਮੇਂ ਕੀ ਸੀ? ਇਹ ਉਹੀ ਜਾਣਦੀ ਸੀ, ਜਦੋਂ ਕੰਵਲ ਨੇ ਉਸ ਨੂੰ ਆਪਣੀ ਦੂਜੀ ਪਤਨੀ ਬਾਰੇ ਭਰੋਸੇ ਵਿਚ ਲੈਣਾ ਚਾਹਿਆ। ਕੰਵਲ ਇਹ ਵੀ ਮੰਨਦਾ ਹੈ ਕਿ ਦੂਜੀ ਪਤਨੀ ਉਸ ਦੀ ਸਾਹਿਤਕ ਅਗਵਾਈ ਨਹੀਂ ਕਰ ਸਕੀ, ਜਿਸ ਦਾ ਬਹਾਨਾ ਲਾ ਕੇ ਉਹ ਆਪਣੀ ਪਤਨੀ ਬੀਬੀ ਮੁਖਤਿਆਰ ਕੌਰ ਨੂੰ ਕਹਿੰਦਾ ਸੀ ਕਿ ਉਹ ਉਸ ਨੂੰ ਸਾਹਿਤਕ ਹੁੰਗਾਰਾ ਦੇਣ ਵਿਚ ਮਦਦ ਨਹੀਂ ਕਰ ਸਕਦੀ, ਇਸ ਲਈ ਹੀ ਉਹ ਦੂਜੀ ਪਤਨੀ ਨੂੰ ਵਸਾਉਣਾ ਚਾਹੁੰਦਾ ਹੈ। ਕੰਵਲ ਤਾਂ ਕਿਸੇ ਵਲੋਂ ਸਾਹਿਤਕ ਹੁੰਗਾਰੇ ਤੋਂ ਬਿਨਾ ਹੀ ਇਸ ਤੋਂ ਪਹਿਲਾਂ ਕਈ ਕੁਝ ਲਿਖ ਚੁਕਾ ਸੀ, ਫਿਰ ਉਸ ਨੂੰ ਹੋਰ ਕਿਹੜੇ ਸਾਹਿਤਕ ਹੁੰਗਾਰੇ ਦੀ ਲੋੜ ਸੀ?
ਕੰਵਲ ਨੇ ਡਾ. ਗਿੱਲ ਦੀ ਘਰੇਲੂ ਮਜਬੂਰੀ ਦਾ ਨਾਜਾਇਜ਼ ਲਾਭ ਲਿਆ ਅਤੇ ਉਸ ਨੂੰ ਆਪਣੇ ਚੁੰਗਲ ਵਿਚ ਫਸਾ ਲਿਆ। ਪ੍ਰਿੰਸੀਪਲ ਸਾਹਿਬ ਦੇ ਲਿਖਣ ਅਨੁਸਾਰ ਡਾ. ਗਿੱਲ ਆਪਣੀ ਮਾਂ ਅਤੇ ਆਪਣੇ ਚੜ੍ਹਾਈ ਕਰ ਚੁਕੇ ਭਰਾ ਦੇ ਬੱਚਿਆਂ ਦੀ ਦੇਖ-ਭਾਲ ਕਰਦੀ ਸੀ, ਜਿਸ ਲਈ ਉਹ ਆਪਣੇ ਵਿਆਹ ਨੂੰ ਟਾਲਦੀ ਰਹੀ ਅਤੇ ਇਹ ਦੇਖ-ਭਾਲ ਹੀ ਉਸ ਦੀ ਮਜਬੂਰੀ ਸੀ। ਕੰਵਲ ਵਲੋਂ ਜੇ ਡਾ. ਗਿੱਲ ਨੂੰ ਉਤਸ਼ਾਹਤ ਕੀਤਾ ਜਾਂਦਾ ਕਿ ਉਹ ਵਿਆਹ ਕਰਾ ਕੇ ਆਪਣੇ ਪਰਿਵਾਰ ਵਿਚ ਰਹਿ ਕੇ ਵੀ ਦੇਖ-ਭਾਲ ਕਰ ਸਕਦੀ ਤਾਂ ਬਹੁਤ ਚੰਗਾ ਹੁੰਦਾ ਪਰ ਕੰਵਲ ਨੇ ਇੰਜ ਨਹੀਂ ਕੀਤਾ।
ਇੱਕ ਵਾਰੀ ਕੰਵਲ ਵਲੋਂ ਅਜੇ ਤਕ ਵਿਆਹ ਨਾ ਕਰਾਉਣ ਬਾਰੇ ਪੁੱਛਣ ‘ਤੇ ਡਾ. ਗਿੱਲ ਨੇ ਕਿਹਾ ਸੀ ਕਿ ਉਸ ਨੂੰ ਅਜੇ ਤੱਕ ਉਸ ਦਾ ਹਾਣੀ ਨਹੀਂ ਲੱਭਾ। ਕੰਵਲ ਵਲੋਂ ਡਾ. ਗਿੱਲ ਨੂੰ ਉਸ ਦੇ ਵਿਆਹ ਨਾ ਕਰਾਉਣ ਬਾਰੇ ਪੁੱਛਣਾ ਡਾਕਟਰ ਉਤੇ ਪਿਆਰ ਦੇ ਡੋਰੇ ਪਾਉਣ ਵਾਲੀ ਗੱਲ ਜਾਪਦੀ ਹੈ। ਜਦੋਂ ਡਾ. ਗਿੱਲ ਨੇ ਆਪਣੀਆਂ ਘਰੇਲੂ ਮਜਬੂਰੀਆਂ ਬਾਰੇ ਕੰਵਲ ਨੂੰ ਭਾਵੁਕ ਹੋ ਕੇ ਦੱਸਿਆ, ਕੰਵਲ ਦਾ ਫਰਜ਼ ਬਣਦਾ ਸੀ ਕਿ ਉਹ ਯੋਗ ਵਰ ਲੱਭਣ ਵਿਚ ਉਸ ਦੀ ਮਦਦ ਕਰਦਾ ਅਤੇ ਉਸ ਨੂੰ ਹੌਸਲਾ ਦਿੰਦਾ, ਨਾ ਕਿ ਉਸ ਨੂੰ ਆਪਣੇ ਹੀ ਲੜ ਲਾਉਣ ਦੀ ਸੋਚਦਾ। ਡਾ. ਗਿੱਲ ਦੀ ਮਾਂ ਇਸ ਖੁੱਲ੍ਹੇ ਮੇਲ-ਜੋਲ ਤੋਂ ਨਾਰਾਜ਼ ਸੀ, ਫਿਰ ਵੀ ਕੰਵਲ ਪਿੱਛੇ ਨਹੀਂ ਮੁੜਦਾ ਅਤੇ ਇਸ ਮਾਂ ਦੀ ਆਤਮਾ ਨੂੰ ਦੁਖੀ ਕਰਦਾ ਹੈ।
ਇਕ ਇੰਟਰਵਿਊ ਵਿਚ ਕੰਵਲ ਕਹਿੰਦਾ ਹੈ ਕਿ ਮਲਾਇਆ ਵਿਚ ਜਾਣ ਸਮੇਂ ਵੀ ਉਸ ਦਾ ਇਕ ਚੀਨੀ ਕੁੜੀ ਨਾਲ ਪਿਆਰ ਹੋ ਗਿਆ ਸੀ। ਚੀਨੀ ਕੁੜੀ ਦੇ ਮਾਪੇ ਕੰਵਲ ਨੂੰ ਵਿਆਹ ਕਰਾ ਕੇ ਉਥੇ ਰਹਿਣ ਲਈ ਕਹਿੰਦੇ ਸਨ। ਕੰਵਲ ਆਪਣੀ ਮਾੜੀ ਪਰਿਵਾਰਕ ਹਾਲਤ ਦੱਸ ਕੇ ਅਜਿਹਾ ਨਹੀਂ ਕਰਦਾ ਅਤੇ ਕਹਿੰਦਾ ਹੈ ਕਿ ਉਸ ਨੂੰ ਵਾਪਸ ਜਾਣਾ ਪੈਣਾ ਹੈ। ਕੰਵਲ ਕਹਿੰਦਾ ਹੈ ਕਿ 3 ਸਾਲਾਂ ਬਾਅਦ ਉਹ ਉਸ ਚੀਨੀ ਕੁੜੀ ਨੂੰ ਮਿਲਣ ਮਲਾਇਆ ਗਿਆ ਤਾਂ ਉਹ ਉਥੋਂ ਕਿਤੇ ਚਲੀ ਗਈ ਸੀ। ਕੰਵਲ ਦੇ ਇਸ ਮਿਜ਼ਾਜ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਡਾ. ਗਿੱਲ ਨੂੰ ਵੀ ਆਪਣੇ ਮਨ ਦੀ ਭਟਕਣਾ ਕਾਰਨ ਹੀ ਆਪਣਾ ਸ਼ਿਕਾਰ ਬਣਾਇਆ।
ਪ੍ਰਿੰ. ਸਰਵਣ ਸਿੰਘ ਦੇ ਕਹਿਣ ਅਨੁਸਾਰ ਕੰਵਲ ਨੂੰ ਸ਼ਰੀਕੇ ਵਿਚ ਆਪਣੀ ਇਜ਼ਤ ਖਰਾਬ ਹੋਣ ਦਾ ਤਾਂ ਡਰ ਹੈ, ਜਦੋਂ ਉਹ ਡਾ. ਗਿੱਲ ਨੂੰ ਕਹਿੰਦਾ ਹੈ ਕਿ ਉਹ ਚੰਡੀਗੜ੍ਹ ਆ ਕੇ ਉਸ ਦੇ ਨਾਲ ਉਸ ਦੀ ਦੋ ਕਨਾਲਾਂ ਵਿਚ ਬਣੀ ਕੋਠੀ ਵਿਚ ਨਹੀਂ ਰਹਿ ਸਕਦਾ ਅਤੇ ਆਪਣਾ ਪਿੰਡ ਨਹੀਂ ਛੱਡ ਸਕਦਾ, ਕਿਉਂਕਿ ਉਹ ਸਮਾਜ ਵਿਚ ਸਿਰ ਕੱਢ ਬੰਦਾ ਹੈ ਅਤੇ ਅਜਿਹਾ ਕਰਨ ਨਾਲ ਉਸ ਦੀ ਬੇਇਜ਼ਤੀ ਹੋਵੇਗੀ। ਉਹ ਡਾ. ਗਿੱਲ ਨੂੰ ਮਜਬੂਰ ਕਰਦਾ ਹੈ ਕਿ ਉਹ ਚੰਡੀਗੜ੍ਹ ਛੱਡ ਕੇ ਢੁੱਡੀਕੇ ਆ ਵੱਸੇ ਪਰ ਕੰਵਲ ਇਹ ਨਹੀਂ ਦੇਖਦਾ ਕਿ ਡਾ. ਗਿੱਲ ਦੀ ਵੀ ਇਜ਼ਤ ਹੈ ਅਤੇ ਉਸ ਦੇ ਵੀ ਭਰਾ ਤੇ ਹੋਰ ਸਾਕ-ਸਬੰਧੀ ਹਨ, ਤੇ ਉਹ ਕੀ ਕਹਿਣਗੇ ਕਿ ਡਾ. ਗਿੱਲ ਆਪਣੀ ਕੋਠੀ ਛੱਡ ਕੇ ਢੁੱਡੀਕੇ ਕੀਹਦੇ ਮਗਰ ਚਲੀ ਗਈ!
ਡਾ. ਗਿੱਲ ਨੂੰ ਵੱਖਰੀ ਰਿਹਾਇਸ਼ ਬਣਾ ਕੇ ਦੇਣੀ ਅਤੇ ਉਸ ਦਾ ਖਾਣਾ ਕੰਵਲ ਦੇ ਘਰੋਂ ਆਉਣਾ ਤਾਂ ਡਾ. ਗਿੱਲ ਦੀ ਆਜ਼ਾਦੀ ਉਤੇ ਵੀ ਸਵਾਲ ਚੁੱਕਦਾ ਹੈ ਜਿਸ ਦਾ ਅਰਥ ਹੈ ਕਿ ਗਿੱਲ ਆਪਣੀ ਪਸੰਦ ਦਾ ਖਾਣਾ ਵੀ ਆਪ ਨਹੀਂ ਬਣਾ ਸਕਦੀ ਸੀ ਅਤੇ ਉਸ ਨੂੰ ਕਿਸੇ ਹੋਰ ‘ਤੇ ਨਿਰਭਰ ਕਰ ਦਿੱਤਾ ਗਿਆ। ਜੋ ਖਾਣਾ ਅੰਦਰਲੇ ਘਰੋਂ ਬਣਿਆ ਆਉਂਦਾ ਸੀ, ਗਿੱਲ ਨੂੰ ਉਹੀ ਖਾਣਾ ਪੈਂਦਾ ਸੀ। ਜੋ ਸਹੂਲਤ ਅਤੇ ਆਜ਼ਾਦੀ ਡਾ. ਗਿੱਲ ਨੂੰ ਉਸ ਦੀ ਚੰਡੀਗੜ੍ਹ ਵਾਲੀ ਕੋਠੀ ਵਿਚ ਪ੍ਰਾਪਤ ਸੀ, ਉਹ ਸਾਰੀ ਢੁੱਡੀਕੇ ਆ ਕੇ ਖੁੱਸ ਗਈ ਅਤੇ ਜਾਪਦਾ ਹੈ ਕਿ ਉਹ ਇਸ ਦੁੱਖ ਨੂੰ ਵੀ ਵਿਚੇ ਵਿਚ ਪੀ ਗਈ। ਕੰਵਲ ਨੇ ਗਿੱਲ ਲਈ ਵੱਖਰੀ ਰਿਹਾਇਸ਼ ਬਣਾ ਕੇ ਲੋਕਾਂ ਵਿਚ ਸ਼ਾਇਦ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਉਹ ਇਕ ਕਿਰਾਏਦਾਰ ਵਜੋਂ ਇਥੇ ਰਹਿ ਰਹੀ ਹੈ ਅਤੇ ਕੰਵਲ ਨਾਲ ਉਸ ਦਾ ਕੋਈ ਹੋਰ ਰਿਸ਼ਤਾ ਨਹੀਂ ਹੈ।
ਪ੍ਰਿੰ. ਸਰਵਣ ਸਿੰਘ ਨੇ ਡਾ. ਗਿੱਲ ਵਲੋਂ ਇਕ ਵਾਰੀ ਕਰਵਾਏ ਗਰਭਪਾਤ ਦੀ ਵੀ ਗੱਲ ਕੀਤੀ ਹੈ ਪਰ ਇਹ ਤਾਂ ਗਿੱਲ ਹੀ ਜਾਣਦੀ ਹੋਵੇਗੀ ਕਿ ਉਸ ਨੂੰ ਅਜਿਹਾ ਕਦਮ ਕਿੰਨੀ ਵਾਰੀ ਚੁੱਕਣਾ ਪਿਆ ਹੋਵੇਗਾ ਜਿਸ ਦੀ ਭਿਣਕ ਕਿਸੇ ਨੂੰ ਵੀ ਨਾ ਲੱਗੀ ਹੋਵੇ। ਫਿਰ ਕੰਵਲ ਨੂੰ ਭਰੋਸੇ ਵਿਚ ਲੈਣ ਤੋਂ ਬਿਨਾ ਹੀ ਗਿੱਲ ਦਿੱਲੀ ਜਾ ਕੇ ਗਰਭਪਾਤ ਕਰਵਾ ਆਉਂਦੀ ਹੈ ਜੋ ਬੜੀ ਅਜੀਬ ਗੱਲ ਜਾਪਦੀ ਹੈ। ਕੰਵਲ ਉਸ ਨੂੰ ਝਿੜਕਦਾ ਵੀ ਹੈ ਕਿ ਉਸ ਨੂੰ ਅਜਿਹਾ ਨਹੀਂ ਸੀ ਕਰਨਾ ਚਾਹੀਦਾ। ਕੰਵਲ ਦੀ ਸਲਾਹ ਤੋਂ ਬਿਨਾ ਹੀ ਗਿੱਲ ਵਲੋਂ ਗਰਭਪਾਤ ਕਰਵਾਉਣਾ ਉਨ੍ਹਾਂ ਦੇ ਡੂੰਘੇ ਪਿਆਰ ਵਿਚ ਤ੍ਰੇੜ ਜ਼ਰੂਰ ਪਾਉਂਦਾ ਜਾਪਦਾ ਹੈ।
ਇਸ ਭਰੂਣ ਹੱਤਿਆ ਦਾ ਜ਼ਿੰਮੇਵਾਰ ਵੀ ਕੰਵਲ ਹੀ ਜਾਪਦਾ ਹੈ ਜਿਸ ਨੇ ਡਾ. ਗਿੱਲ ਨੂੰ ਕਿਸੇ ਸਮੇਂ ਗਰਭ ਠਹਿਰ ਜਾਣ ਦੀ ਹਾਲਤ ਵਿਚ ਸ਼ਾਇਦ ਅਗਾਊਂ ਕੋਈ ਰਾਇ ਨਹੀਂ ਦਿੱਤੀ ਅਤੇ ਗਿੱਲ ਤੋਂ ਪਾਪ ਕਰਵਾ ਦਿੱਤਾ, ਭਾਵੇਂ ਲੇਖਕ ਇਸ ਘਟਨਾ ਨੂੰ ਗਿੱਲ ਦੀ ਕੁਰਬਾਨੀ ਮੰਨਦਾ ਹੈ। ਆਪਣੇ ਹੋਣ ਵਾਲੇ ਬੱਚੇ ਦੀ ਹੱਤਿਆ ਕਰ ਕੇ ਕੇਵਲ ਸ਼ੱਕ ਵਜੋਂ ਕੰਵਲ ਦੇ ਘਰ ਵਿਚ ਸੰਭਾਵੀ ਫੁੱਟ ਨੂੰ ਬਚਾਉਣ ਦਾ ਭਰਮ ਪਾਲਣਾ ਇਹ ਕੋਈ ਕੁਰਬਾਨੀ ਵਾਲੀ ਗੱਲ ਨਹੀਂ ਜਾਪਦੀ। ਹਰ ਔਰਤ ਨੂੰ ਆਪਣੀ ਗੋਦ ਹਰੀ ਹੋਣ ਵਿਚ ਮਾਣ ਹੁੰਦਾ ਹੈ ਪਰ ਡਾ. ਗਿੱਲ ਦਾ ਸੰਸਾਰ ਤੋਂ ਬੇਔਲਾਦ ਜਾਣ ਦਾ ਕਾਰਨ ਵੀ ਕੰਵਲ ਹੀ ਹੈ ਜਿਸ ਨੇ ਉਸ ਨੂੰ ਆਪਣੇ ਨਾਲ ਕਈ ਸਾਲ ਬੰਨ੍ਹ ਕੇ ਵੀ ਸੰਸਾਰ ਤੋਂ ਬੇਔਲਾਦ ਹੀ ਤੋਰਿਆ।
ਪ੍ਰਿੰ. ਸਾਹਿਬ ਨੇ ਇਹ ਨਹੀਂ ਦੱਸਿਆ ਕਿ ਕੰਵਲ ਅਤੇ ਡਾ. ਗਿੱਲ ਨੇ ਕਿਸੇ ਗੁਰਦੁਆਰੇ ਵਿਚ ਅਨੰਦ ਕਾਰਜ ਦੀ ਰਸਮ ਵੀ ਕੀਤੀ ਸੀ ਕਿ ਉਵੇਂ ਹੀ ਇਕ ਦੂਜੇ ਨੂੰ ਪਤੀ-ਪਤਨੀ ਮੰਨ ਲਿਆ ਜੋ ਸਮਾਜਿਕ ਰੀਤੀ ਦੇ ਉਲਟ ਹੈ। ਗੁਰਦੁਆਰਾ ਨਾਡਾ ਸਾਹਿਬ ਵਿਚ ਦੋਹਾਂ ਵਲੋਂ ਜਾ ਕੇ ਮੱਥਾ ਟੇਕਣ ਅਤੇ ਕੌਲ ਇਕਰਾਰ ਕਰਨ ਦੀ ਘਟਨਾ ਤਾਂ ਪ੍ਰਿੰ. ਸਾਹਿਬ ਨੇ ਲਿਖੀ ਹੈ ਪਰ ਅਨੰਦ ਕਾਰਜ ਦੀ ਨਹੀਂ।
ਇਕ ਗੱਲ ਮੱਥਾ ਟੇਕਦਿਆਂ, ਜੋ ਕੰਵਲ ਨੇ ਕਹੀ ਸੀ, ਉਹ ਧਿਆਨ ਮੰਗਦੀ ਹੈ। ਕੰਵਲ ਨੇ ਕਿਹਾ ਸੀ, “ਅਸੀਂ ਤੇਰੇ ਭਟਕੇ ਹੋਏ ਬੱਚੇ ਹਾਂ, ਲਾਜ ਰੱਖੀਂ।” ਲੋਕ ਤਾਂ ਮੱਥਾ ਟੇਕਣ ਸਮੇਂ ਭਟਕਣਾ ਤੋਂ ਬਚਾਉਣ ਲਈ ਅਰਦਾਸਾਂ ਕਰਦੇ ਹਨ ਪਰ ਕੰਵਲ ਦੇ ਮਨ ਵਿਚ ਪਹਿਲਾਂ ਹੀ ਚੋਰ ਹੈ ਤੇ ਆਪਣੇ ਆਪ ਨੂੰ ਭਟਕਣਾ ਵਿਚ ਪੈ ਜਾਣ ਲਈ ਹੀ ਅਰਦਾਸ ਕਰਦਾ ਹੈ, ਕਿਉਂਕਿ ਉਸ ਨੂੰ ਪਤਾ ਹੈ ਕਿ ਉਹ ਭਟਕਣਾ ਵਾਲਾ ਕੰਮ ਹੀ ਕਰਨ ਲੱਗਾ ਹੈ। ਕੰਵਲ ਇਕ ਤਰ੍ਹਾਂ ਕਹਿ ਰਿਹਾ ਹੈ ਕਿ ਉਹ ਗਲਤ ਕੰਮ ਕਰਨ ਲੱਗਾ ਹੈ ਤੇ ਇਸ ਗਲਤ ਕੰਮ ਵਿਚ ਸਹਾਈ ਹੋਵੀਂ।
ਇੰਜ ਕੰਵਲ ਦਾ ਆਪਣੀ ਘਰਵਾਲੀ ਦੇ ਜ਼ਿੰਦਾ ਹੁੰਦਿਆਂ ਕਿਸੇ ਦੂਜੀ ਔਰਤ ਨਾਲ ਪਿਆਰ ਵਿਚ ਪੈ ਕੇ ਫਿਰ ਉਸ ਨੂੰ ਪਤਨੀ ਬਣਾਉਣਾ ਗਲਤ ਕੰਮ ਹੀ ਤਾਂ ਸੀ, ਜਿਸ ਨੂੰ ਉਹ ਮੱਥਾ ਟੇਕਣ ਸਮੇਂ ਆਪ ਮੰਨਦਾ ਹੈ ਅਤੇ ਉਸ ਦੀ ਆਤਮਾ ਵੀ ਇਸ ਨੂੰ ਭਟਕਣਾ ਮੰਨਦੀ ਹੈ। ਘਰ ਵਿਚ ਚਾਰ ਧੀਆਂ ਹੋਣ ‘ਤੇ ਵੀ ਲੁਕ ਛਿਪ ਕੇ ਡਾ. ਜਸਵੰਤ ਗਿੱਲ ਨਾਲ ਪਿਆਰ ਪੀਂਘਾਂ ਪਾਉਣੀਆਂ ਗਲਤ ਕੰਮ ਅਤੇ ਭਟਕਣਾ ਹੀ ਤਾਂ ਸੀ।
ਪ੍ਰਿੰ. ਸਾਹਿਬ ਨੇ ਕੰਵਲ ਨੂੰ ਇਸ ਗੱਲ ਦੀ ਸ਼ਾਬਾਸ਼ ਜ਼ਰੂਰ ਦਿੱਤੀ ਹੈ ਕਿ ਉਸ ਨੇ ਗਿੱਲ ਨਾਲ ਸਾਲਾਂ ਬੱਧੀ ਕੀਤੇ ਜਾਂਦੇ ਗੁਪਤ ਮੇਲ-ਮਿਲਾਪ ਦੀ ਕਿਸੇ ਨੂੰ ਭਿਣਕ ਤਕ ਵੀ ਲੱਗਣ ਨਹੀਂ ਦਿੱਤੀ। ਜੇ ਉਦੋਂ ਭਿਣਕ ਨਹੀਂ ਲੱਗਣ ਦਿੱਤੀ ਤਾਂ ਕੀ ਹੋਇਆ, ਹੁਣ ਤਾਂ ਜੱਗ ਜ਼ਾਹਰ ਹੋ ਹੀ ਗਿਆ ਹੈ ਜੋ ਉਸ ਨੇ ਆਪਣੀ ਪਤਨੀ ਦੇ ਘਰ ਹੁੰਦਿਆਂ ਕਿਸੇ ਦੂਜੀ ਔਰਤ ਨਾਲ ਕੀਤਾ ਹੈ।
ਡਾ. ਗਿੱਲ ਨੇ ਵੀ ਉਦੋਂ ਕੰਵਲ ਨਾਲ ਪਤੀ-ਪਤਨੀ ਵਾਲੇ ਆਪਣੇ ਇਸ ਰਿਸ਼ਤੇ ਨੂੰ ਸਾਹਿਤਕ ਦੋਸਤੀ ਹੀ ਦੱਸਿਆ, ਜਦੋਂ ਪ੍ਰਿੰ. ਸਰਵਣ ਸਿੰਘ ਦੇ ਕਾਲਜ ਵਿਚ ਭਾਸ਼ਨ ਦੇਣ ਪਿਛੋਂ ਕਿਸੇ ਵਿਦਿਆਰਥੀ ਨੇ ਡਾ. ਗਿੱਲ ਨੂੰ ਕੰਵਲ ਨਾਲ ਉਸ ਦੇ ਰਿਸ਼ਤੇ ਬਾਰੇ ਸਵਾਲ ਪੁੱਛ ਲਿਆ ਸੀ। ਸੱਚ ਨੂੰ ਛੁਪਾ ਕੇ ਸਦਾ ਡਰ ਦੇ ਸਾਏ ਹੇਠ ਜੀਵਨ ਗੁਜ਼ਾਰਨ ਦੀ ਸਥਿਤੀ ਮਨ ਦੀ ਭਟਕਣਾ ਵਿਚੋਂ ਹੀ ਪੈਦਾ ਹੁੰਦੀ ਹੈ। ਕੰਵਲ ਨਾਲ ਸਰੀਰਕ ਸਬੰਧ ਨੂੰ ਛੁਪਾਉਣ ਲਈ ਹੀ ਸ਼ਾਇਦ ਡਾ. ਗਿੱਲ ਨੇ ਗਰਭਪਾਤ ਕਰਵਾਇਆ ਹੋਵੇ। ਕੰਵਲ ਨੂੰ ਵੀ ਇਸ ਰਿਸ਼ਤੇ ਦਾ ਏਨਾ ਡਰ ਸੀ ਕਿ ਉਹ ਗਿੱਲ ਨੂੰ ਆਪਣੀ ਪਤਨੀ ਬਣਾ ਕੇ ਵੀ ਉਸ ਨਾਲ ਪ੍ਰਿੰ. ਸਰਵਣ ਸਿੰਘ ਦੇ ਕਾਲਜ ਵਿਚ ਉਸ ਦੇ ਨਾਲ ਬੈਠਣ ਅੰਦਰ ਨਹੀਂ ਜਾਂਦਾ ਅਤੇ ਕਾਲਜ ਦੇ ਗੇਟ ਤੋਂ ਬਾਹਰ ਹੀ ਗਿੱਲ ਨੂੰ ਛੱਡ ਕੇ ਸਾਈਕਲ ਉਤੇ ਵਾਪਸ ਚਲਾ ਜਾਂਦਾ ਹੈ ਪਰ ਜੇ ਉਸ ਦੀ ਅਸਲੀ ਪਤਨੀ ਮੁਖਤਿਆਰ ਕੌਰ ਵਲੋਂ ਭਾਸ਼ਨ ਹੁੰਦਾ ਤਾਂ ਕੰਵਲ ਉਸ ਦੇ ਨਾਲ ਅੰਦਰ ਜਾ ਕੇ ਜ਼ਰੂਰ ਬੈਠਦਾ ਅਤੇ ਮਾਣ ਮਹਿਸੂਸ ਕਰਦਾ।
ਇਸ ਘਟਨਾ ਤੋਂ ਪਤਾ ਲੱਗਦਾ ਹੈ ਕਿ ਗਰਭਪਾਤ ਪਿਛੋਂ ਕੰਵਲ ਦਾ ਡਾ. ਗਿੱਲ ਨੂੰ ਡਾਂਟਣਾ ਵੀ ਫਰਜ਼ੀ ਹੀ ਸੀ, ਕਿਉਂਕਿ ਅੰਦਰੋਂ ਕੰਵਲ ਵੀ ਡਰਦਾ ਹੈ ਕਿ ਬੱਚਾ ਪੈਦਾ ਹੋਣ ‘ਤੇ ਗਿੱਲ ਨਾਲ ਉਸ ਦੇ ਸਬੰਧਾਂ ਦੀ ਕਿਤੇ ਪੋਲ ਨਾ ਖੁੱਲ੍ਹ ਜਾਵੇ। ਜਿਹੜਾ ਕੰਵਲ ਆਪਣੀ ਬਣਾਈ ਦੂਜੀ ਪਤਨੀ ਗਿੱਲ ਦੇ ਨਾਲ ਕਾਲਜ ਵਿਚ ਜਾ ਕੇ ਬੈਠਣ ਨੂੰ ਤਿਆਰ ਨਹੀਂ ਕਿ ਕਿਤੇ ਉਸ ਨੂੰ ਵੀ ਗਿੱਲ ਨਾਲ ਰਿਸ਼ਤੇ ਬਾਰੇ ਕੋਈ ਪੁੱਛ ਨਾ ਲਵੇ, ਉਹ ਕਿਵੇਂ ਬਰਦਾਸ਼ਤ ਕਰੇਗਾ ਕਿ ਗਿੱਲ ਦੇ ਕੋਈ ਬੱਚਾ ਪੈਦਾ ਹੋ ਜਾਵੇ ਅਤੇ ਉਹ ਉਸ ਦਾ ਬਾਪ ਬਣ ਜਾਏ? ਕੰਵਲ ਨੇ ਗਿੱਲ ਨੂੰ ਆਪਣੇ ਲੋਭ ਲਈ ਨਾਲ ਨਚਾਇਆ ਜ਼ਰੂਰ, ਪਰ ਦੋਵੇਂ ਘੁੰਡ ਕੱਢ ਕੇ ਨੱਚਦੇ ਰਹੇ। ਧੂੰਆਂ ਤਾਂ ਧੂੰਆਂ ਹੀ ਹੈ, ਨਿਕਲੇਗਾ ਜ਼ਰੂਰ ਜੇ ਕਿਤੇ ਅੱਗ ਲੱਗੀ ਹੋਵੇ!