ਅਣਖੀ ਦੇ ‘ਕਹਾਣੀ ਪੰਜਾਬ’ ਦੇ ਸੌਵੇਂ ਅੰਕ ਦਾ ਦੂਜਾ ਹਿੱਸਾ

ਬੇਅੰਤ ਬਾਜਵਾ
ਫੋਨ: 91-70878-00168
ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਪੰਜਾਬੀ ਨਾਵਲਕਾਰ, ਕਥਾਕਾਰ ਰਾਮ ਸਰੂਪ ਅਣਖੀ ਨੇ ਪੰਜਾਬੀ ਕਥਾ ਸਾਹਿਤ ਨੂੰ ਸਮਰਪਿਤ ਤ੍ਰੈ ਮਾਸਿਕ ਰਸਾਲਾ ‘ਕਹਾਣੀ ਪੰਜਾਬ’ ਦਾ (ਅਕਤੂਬਰ-ਦਸੰਬਰ 1993) ਅੰਕ ਤੋਂ ਸੰਪਾਦਨ- ਪ੍ਰਕਾਸ਼ਨ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਦਸਵੇਂ ਅੰਕ ਦੀ ਸੰਪਾਦਕੀ ਵਿਚ ਆਸ ਪ੍ਰਗਟ ਕੀਤੀ ਸੀ ਕਿ ਇਸ ਦੇ ਘੱਟੋ ਘੱਟ ਸੌ ਅੰਕ ਜਰੂਰ ਛਾਪਾਂਗੇ।

ਪਰ ਅਣਖੀ 67ਵਾਂ ਅੰਕ ਆਪਣੇ ਪਾਠਕਾਂ ਦੀ ਝੋਲੀ ਪਾ ਕੇ ਅਚਾਨਕ ਹੀ ਇਸ ਫਾਨੀ ਸੰਸਾਰ ਤੋਂ ਵਿਦਾ ਲੈ ਗਏ। ਉਦੋਂ ਤੱਕ ‘ਕਹਾਣੀ ਪੰਜਾਬ’ ਪਾਠਕਾਂ ਦਾ ਪਸੰਦੀਦਾ ਰਸਾਲਾ ਬਣ ਚੁਕਾ ਸੀ। ਖਾਸ ਕਰ ਪੰਜਾਬੀ ਕਹਾਣੀ ਵਿਚ ਬਹੁਤ ਸਾਰੀਆਂ ਗੱਲਾਂ, ਜੋ ਅਣਖੀ ਦੇ ਮਨ ਵਿਚ ਸਨ, ਉਹ ਉਨ੍ਹਾਂ ਨੇ ਲਾਗੂ ਕੀਤੀਆਂ। ਰਸਾਲੇ ਵਿਚ ਨਵੇਂ ਲੇਖਕਾਂ ਨੂੰ ਵਿਸ਼ੇਸ਼ ਥਾਂ ਮਿਲੀ। ਸਾਲ ਦੀ ਸਭ ਤੋਂ ਸ੍ਰੇਸ਼ਟ ਕਹਾਣੀ ਨੂੰ ਇੱਕ ਪੁਰਸਕਾਰ ਨਾਲ ਨਿਵਾਜਿਆ ਜਾਂਦਾ। ਨਵੇਂ ਕਥਾਕਾਰਾਂ ਦੀਆਂ ਕਹਾਣੀਆਂ ਦਾ ਸੰਕਲਨ ਸਥਾਪਿਤ ਕੀਤਾ ਜਾਂਦਾ। ਸਾਲਾਨਾ ਕਹਾਣੀ ਗੋਸ਼ਟੀ ਦਾ ਸਿਲਸਿਲਾ ਜਾਰੀ ਕੀਤਾ ਗਿਆ। 68ਵੇਂ ਅੰਕ ਤੋਂ ਹੁਣ ਤੱਕ ਸੰਪਾਦਨ ਦੀ ਕਮਾਨ ਅਣਖੀ ਦੇ ਸਪੁਤਰ ਡਾ. ਕ੍ਰਾਂਤੀ ਪਾਲ ਨੇ ਸੰਭਾਲੀ ਹੋਈ ਹੈ ਅਤੇ ਸਹਿਯੋਗੀ ਸੰਪਾਦਕ ਵਜੋਂ ਡਾ. ਜਸਵਿੰਦਰ ਕੌਰ ਵੀਨੂੰ ਆਪਣਾ ਫਰਜ਼ ਨਿਭਾ ਰਹੇ ਹਨ।
ਡਾ. ਕ੍ਰਾਂਤੀ ਪਾਲ 1998 ਵਿਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਅਲੀਗੜ੍ਹ ‘ਚ ਭਾਰਤੀ ਭਾਸ਼ਾਵਾਂ ਦੇ ਵਿਭਾਗ ਵਿਚ ਪੜ੍ਹਾਉਣ ਲਈ ਗਏ, ਜਿਸ ਰਾਹੀਂ ‘ਕਹਾਣੀ ਪੰਜਾਬ’ ਦੇ ਭਾਰਤੀ ਅਤੇ ਵਿਸ਼ਵ ਦੀਆਂ ਹੋਰ ਭਸ਼ਾਵਾਂ ਦੇ ਰਾਹ ਖੁੱਲ੍ਹ ਗਏ। ਅੱਜ ‘ਕਹਾਣੀ ਪੰਜਾਬ’ ਵਿਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਅਦਬੀ ਫਿਜ਼ਾ ਦੀ ਮਹਿਕ ਵੀ ਬਾਖੂਬੀ ਮਹਿਸੂਸ ਕੀਤੀ ਜਾ ਸਕਦੀ ਹੈ। ਪੰਜਾਬੀ ਪਾਠਕਾਂ ਲਈ ਰਸਾਲੇ ਦਾ ਵੱਖਰਾ ਕੀਰਤੀਮਾਨ ਹੈ, ਜਿਸ ਦੀ ਝਲਕ ਸੌਵੇਂ ਅੰਕ ਦੇ ਭਾਗ ਪਹਿਲਾ ਅਤੇ ਭਾਗ ਦੂਜਾ ਵਿਚ ਵੇਖੀ ਜਾ ਸਕਦੀ ਹੈ। ਸਿਰਫ ਕਥਾ ਸਾਹਿਤ ਹੀ ਨਹੀਂ, ਵਿਚਾਰਧਾਰਕ ਅਹਿਮ ਲੇਖਾਂ ਲਈ ਵੀ ਰਸਾਲਾ ਪਾਠਕਾਂ ਅਤੇ ਵਿਦਵਾਨਾਂ ਵਿਚ ਬਹੁਤ ਪ੍ਰਸਿੱਧ ਹੈ। ਭਾਰਤੀ ਭਾਸ਼ਾਵਾਂ ਦੇ ਕਥਾ ਸਾਹਿਤ ਨੂੰ ਇਸ ਵਿਚ ਵਿਸ਼ੇਸ਼ ਥਾਂ ਮਿਲੀ ਹੈ। ਇਸ ਅੰਕ ਦੇ ਸੰਪਾਦਕੀ ਵਿਚ ਸੰਵਾਦ ਰਚਾਉਣ ਦਾ ਹੰਭਲਾ ਮਾਰਿਆ ਗਿਆ ਹੈ ਅਤੇ ਸੰਵਾਦ ਤਹਿਤ ਗੁਰਬਖਸ਼ ਸਿੰਘ ਫਰੈਂਕ ਦਾ ਲੇਖ ‘ਇੱਕੀਵੀਂ ਸਦੀ ਵਿਚ ਪੇਸ਼ ਆਉਣ ਵਾਲੀਆਂ ਸਮੱਸਿਆਵਾਂ’ ਦਰਜ ਹੈ। ਨਾਲ ਹੀ ਅਜਮੇਰ ਸਿੰਘ ਦਾ ਇਕ ਅਹਿਮ ਲੇਖ ਵੀ ਸ਼ਾਮਲ ਹੈ।
ਵਿਸ਼ੇਸ਼ ਲੇਖ ਤਹਿਤ ਉਦੈ ਪ੍ਰਕਾਸ਼ ਨੇ ‘ਲੇਖਕ ਅਤੇ ਪ੍ਰਤੀਬੱਧਤਾ’ ਤੇ ਹੈਰਾਲਡ ਪੀਟਰ ਨੇ ‘ਕਲਾ ਸੱਚ ਅਤੇ ਰਾਜਨੀਤੀ’ ‘ਤੇ ਵਿਸਥਾਰ ਨਾਲ ਗੱਲ ਕੀਤੀ ਹੈ। ਪੀਟਰ ਨੇ ਕਲਾ ਸੱਚ ਅਤੇ ਕਲਾ ਦੀ ਭਾਸ਼ਾ ਜਿਹੇ ਮਸਲਿਆਂ ਤੋਂ ਸ਼ੁਰੂ ਕਰਕੇ ਵਿਅੰਗਾਤਮਕ ਤਰੀਕੇ ਨਾਲ ਅਮਰੀਕੀ ਵਿਸ਼ੇਸ਼ ਨੀਤੀ ਦੀ ਆਲੋਚਨਾ ਵੀ ਕੀਤੀ ਹੈ। 31 ਅਕਤੂਬਰ 1984 ਦੇ ਲੇਖ ਵਿਚ ਜਰਨੈਲ ਸਿੰਘ ਨੇ 1984 ਦੇ ਕਤਲੇਆਮ ਦੇ ਦਰਦ ਨੂੰ ਪੇਸ਼ ਕੀਤਾ ਹੈ। ਕਾਪੀਰਾਈਟ ਅਤੇ ਸਾਹਿਤ ਦੀ ਦੁਨੀਆਂ (ਵਿਕਾਸ ਨਰਾਇਣ ਰਾਏ), 1867 ਆਜ਼ਾਦੀ ਦੀ ਪਹਿਲੀ ਜੰਗ (ਵਿਪਨ ਚੰਦਰ) ਅਤੇ ਸਮਾਜਵਾਦ ਬਾਰੇ ਪ੍ਰੋ. ਰਣਧੀਰ ਸਿੰਘ ਦੇ ਲੇਖ ਵੀ ਅਹਿਮ ਹਨ।
ਅਹਿਮਦ ਫਰਾਜ ਬਾਰੇ ਪ੍ਰੇਮ ਕੁਮਾਰ ਦੀ ਮੁਲਾਕਾਤ ‘ਅਹਿਮਦ ਫਰਾਜ ਪਾਕਿਸਤਾਨ ਆਧੁਨਿਕ ਉਰਦੂ ਸ਼ਾਇਰੀ ਦਾ ਵੱਡਾ ਨਾਮ’ ਅਤੇ ਅਸ਼ੋਕ ਕੁਮਾਰ ਦਾ ਸੰਪੂਰਨ ਤੈਲਗੂ ਨਾਵਲ ‘ਜਿਗਰੀ’ ਵਿਸ਼ੇਸ਼ ਧਿਆਨ ਖਿੱਚਦੇ ਹਨ। ਮਹਿਮਾਨ ਕਹਾਣੀਆਂ ਵਿਚ ਪ੍ਰਕਾਸ ਅਖਿਲੇਸ ਬਨਵਾਸੀ, ਅਬਦੁਲ ਵਿਸਮਿਲਾ, ਰਾਬਰਟ ਬਰਾਕੋ (ਇਟਲੀ) ਅਤੇ ਪ੍ਰਿਅਵੰਦ ਦੀਆਂ ਕਹਾਣੀਆਂ ਸ਼ਾਮਲ ਹਨ। ਇਹ ਸਭ ਉਹ ਕਹਾਣੀਆਂ ਹਨ, ਜੋ ਹਿੰਦੀ ਵਿਚ ਚਰਚਿਤ ਰਹੀਆਂ ਹਨ ਅਤੇ ਆਪਣੀ ਵਿਸ਼ੇਸ਼ ਥਾਂ ਰੱਖਦੀਆਂ ਹਨ।
ਪੰਜਾਬੀ ਵਿਚ ਅੰਜਨਾ ਸ਼ਿਵਦੀਪ, ਸਿਮਰਦੀਪ ਸਿੰਘ, ਸੁਖਜੀਤ, ਜਤਿੰਦਰ ਹਾਂਸ, ਵੀਨਾ ਵਰਮਾ, ਬਲਵੀਰ ਪਰਵਾਨਾ, ਮੁਖਤਿਆਰ ਸਿੰਘ, ਪ੍ਰੇਮ ਗੋਰਖੀ, ਅਜਮੇਰ ਸਿੰਘ, ਭਗਵੰਤ ਰਸੂਲਪੁਰੀ, ਮੋਹਨ ਭੰਡਾਰੀ, ਬਲਦੇਵ ਸਿੰਘ ਧਾਲੀਵਾਲ, ਦੇਵਨੀਤ ਸਿੰਘ, ਰਾਜਿੰਦਰ ਰਾਹੀ, ਚੰਦਨ ਨੇਗੀ ਅਤੇ ਬਲਜਿੰਦਰ ਨਸਰਾਲੀ ਦੀਆਂ ਕਹਾਣੀਆਂ ਸ਼ਾਮਲ ਹਨ।
‘ਕਹਾਣੀ ਪੰਜਾਬ’ ਦੇ ਸੌਵੇਂ ਅੰਕ ਦਾ ਭਾਗ ਦੂਜਾ ਪਿਛਲੇ ਦਿਨੀਂ ਪਰਿਵਾਰ ਤੋਂ ਵਿਛੜ ਗਈ ਮਾਤਾ ਸ਼ੋਭਾ ਅਣਖੀ ਨੂੰ ਸਮਰਪਿਤ ਹੈ। ਡਾ. ਭੁਪਿੰਦਰ ਸਿੰਘ ਬੇਦੀ ਦਾ ਲਿਖਿਆ ਇੱਕ ਲੇਖ ਵੀ ਇਸ ਅੰਕ ਵਿਚ ਸ਼ਾਮਲ ਹੈ। ਪਿਛਲੇ 99 ਅੰਕਾਂ ਵਿਚੋਂ ਅਹਿਮ ਸਮੱਗਰੀ ਲੈ ਕੇ ਇਹ ਵਿਸ਼ੇਸ਼ ਅੰਕ ਸੰਪਾਦਿਤ ਕੀਤੇ ਗਏ ਹਨ। ਸੌਵੇਂ ਅੰਕ ਦੇ ਭਾਗ ਦੂਜਾ ਵਿਚ ਡਾ. ਕ੍ਰਾਂਤੀ ਪਾਲ ਦੀ ਸੂਝ ਬੂਝ ਅਤੇ ਸੰਪਾਦਨ ਦੀ ਕਲਾ ਸਾਫ ਝਲਕਾਰੇ ਮਾਰਦੀ ਹੈ। ਇਨ੍ਹਾਂ ਵਿਸ਼ੇਸ਼ ਅੰਕਾਂ ਤੋਂ ਜਾਹਰ ਹੈ ਕਿ ‘ਕਹਾਣੀ ਪੰਜਾਬ’ ਨੇ ਸੌ ਅੰਕਾਂ ਦਾ ਸਫਰ ਸਾਰਥਕਤਾ ਦੇ ਨਾਲ ਪੂਰਾ ਕੀਤਾ ਹੈ। ਨਿਸ਼ਚਿਤ ਹੀ ਕਈ ਕੀਰਤੀਮਾਨ ਸਿਰਜੇ ਹਨ।
‘ਕਹਾਣੀ ਪੰਜਾਬ’ ਨੇ ਪੰਜਾਬੀ ਕਥਾ ਸਾਹਿਤ ਦੇ ਖੇਤਰ ਵਿਚ ਅਹਿਮ ਯੋਗਦਾਨ ਪਾ ਕੇ ਰੇਖਾਕਿਤ ਕੀਤਾ ਹੈ, ਜੋ ਜਰੂਰੀ ਵੀ ਸੀ। ਭਾਰਤੀ ਅਤੇ ਹੋਰ ਭਾਸ਼ਾਵਾਂ ਦੇ ਸਾਹਿਤ ਤੋਂ ਸੰਵਾਦ ਰਚਾਉਂਦਿਆਂ ਪੰਜਾਬੀ ਕਹਾਣੀ ਦੇ ਪ੍ਰਚਾਰ ਤੇ ਪਸਾਰ ਦੇ ਮਿਸ਼ਨ ਵਿਚ ਸੌ ਫੀਸਦੀ ਕਾਮਯਾਬ ਹੋਇਆ ਹੈ।