ਬੰਦਿਆਂ ਆਲੀ ਗੱਲ

ਜਗਮੀਤ ਸਿੰਘ ਪੰਧੇਰ
ਫੋਨ: 1-431-887-7222
ਸਿਰ ਵੱਢਵਾਂ ਵੈਰ ਸੀ, ਸੰਗਰੂਰ ਜਿਲੇ ਦੇ ਪਿੰਡ ਕੌਹਰੀਆਂ ਦੇ ਸਰਦਾਰ ਜੰਗੀਰ ਸਿਹੁੰ ਅਤੇ ਬਹਾਦਰ ਅਲੀ ਵਿਚਾਲੇ। ਕੋਈ ਵੀ ਇਕ ਦੂਜੇ ਤੋਂ ਘੱਟ ਨਹੀਂ ਸੀ ਕਹਾਉਂਦਾ। ਜੇ ਜੰਗੀਰ ਸਿਹੁੰ ਮੁਰੱਬਿਆਂ ਦੇ ਸਿਰ ‘ਤੇ ਸਰਦਾਰ ਕਹਾਉਂਦਾ ਸੀ ਤਾਂ ਬਹਾਦਰ ਅਲੀ ਜਮੀਨ ਦੇ ਨਾਲ ਨਾਲ ਡੰਗਰਾਂ ਦੇ ਵਪਾਰ ਦਾ ਬਾਦਸ਼ਾਹ ਕਹਾਉਂਦਾ ਸੀ। ਜੇ ਇਲਾਕੇ ਵਿਚ ਜੰਗੀਰ ਸਿਹੁੰ ਦੇ ਨਾਂ ਦਾ ਡੰਕਾ ਵੱਜਦਾ ਸੀ ਤਾਂ ਬਹਾਦਰ ਅਲੀ ਬਿਨਾ ਪਸੂਆਂ ਦੀ ਕੋਈ ਵੀ ਮੰਡੀ ਸੁੰਨੀ ਲਗਦੀ ਸੀ। ਦੋਵੇਂ ਉਮਰ ਦੇ ਕਰੀਬ ਹਾਣੀ, ਠਾਠ ਬਾਠ ਇਕੋ ਜਿਹੀ, ਆਦਤਾਂ ਸੁਭਾਅ ਇਕੋ ਜਿਹੇ ਅਤੇ ਦੋਵੇਂ ਹਰੇਕ ਦੇ ਦੁੱਖ-ਸੁੱਖ ਦੇ ਸਾਂਝੀ, ਪਰ ਆਪਸ ਵਿਚ ਦੋਵੇਂ ਇਕ ਦੂਜੇ ਨੂੰ ਫੁੱਟੀ ਅੱਖ ਨਹੀਂ ਸੀ ਭੌਂਦੇ। ਬਚਪਨ ਦੀ ਇਕ ਧੁੰਦਲੀ ਜਿਹੀ ਯਾਦ ਦੋਹਾਂ ਦੇ ਮਨਾਂ ‘ਚ ਕੁੜਿੱਤਣ ਬਣ ਕੇ ਘਰ ਕਰੀ ਬੈਠੀ ਸੀ।

ਇਕ ਵਾਰ ਖੇਤਾਂ ਦੀ ਸਾਂਝੀ ਵੱਟ ‘ਤੇ ਖੜੀ ਕਿੱਕਰ ਉਨ੍ਹਾਂ ਦੋਹਾਂ ਦੇ ਪਿਉਆਂ ਵਿਚਾਲੇ ਝਗੜੇ ਦਾ ਕਾਰਨ ਬਣ ਗਈ। ਕਿੱਕਰ ਦੋਹਾਂ ਖੇਤਾਂ ਦੀ ਫਸਲ ਨੂੰ ਤਾਂ ਮਾਰ ਕਰਦੀ ਹੀ ਸੀ, ਪਰ ਸੂਲਾਂ ਵਾਧੂ ਦੀਆਂ ਖਿੰਡਾਉਂਦੀ। ਬਹਾਦਰ ਅਲੀ ਦੇ ਅੱਬਾ ਨੇ ਕਿੱਕਰ ਛਾਂਗ ਦਿੱਤੀ, ਜਿਸ ਤੋਂ ਜੰਗੀਰ ਸਿਹੁੰ ਦੇ ਪਿਉ ਨੂੰ ਗੁੱਸਾ ਆ ਗਿਆ। ਕਿੱਕਰ ਦੀ ‘ਮੇਰ’ ਨੇ ਗੱਲ ਤੂੰ-ਤੂੰ, ਮੈਂ-ਮੈਂ ਤੋਂ ਵਧਾ ਕੇ ਗਾਲੀ ਗਲੋਚ ਤੇ ਕਿਰਪਾਨਾਂ, ਗੰਡਾਸਿਆਂ ਤੱਕ ਅਪੜਾ ਦਿੱਤੀ। ਪਿੰਡ ਦੇ ਸਿਆਣੇ ਲੋਕਾਂ ਨੇ ਵਿਚ ਪੈ ਕੇ ਕੋਈ ਵੱਡਾ ਨੁਕਸਾਨ ਹੋਣੋਂ ਤਾਂ ਬਚਾ ਲਿਆ, ਪਰ ਅੰਦਰੋ ਅੰਦਰੀ ਗੱਲ ਸੁਲਘਦੀ ਰਹੀ। ਮੁੜ ਕਿਸੇ ਨੇ ਕਿੱਕਰ ਨਾ ਛਾਂਗੀ, ਉਹ ਵਧਦੀ ਫੁਲਦੀ ਰਹੀ। ਸੂਲਾਂ ਹੋਰ ਵੱਡੀਆਂ ਹੁੰਦੀਆਂ ਗਈਆਂ। ਭਾਵੇਂ ਦੋਹਾਂ ਧਿਰਾਂ ਦਾ ਸਿੱਧਾ ਟਕਰਾਅ ਕਦੇ ਨਹੀਂ ਸੀ ਹੋਇਆ, ਪਰ ਮੁਕਾਬਲੇਬਾਜ਼ੀ ਤੇ ਖਹਿਬਾਜ਼ੀ ਨੇ ਕਿਰਪਾਨਾਂ, ਗੰਡਾਸਿਆਂ ਤੋਂ ਸ਼ੁਰੂ ਹੋਈ ਗੱਲ ਰਫਲਾਂ ਤੱਕ ਪਹੁੰਚਾ ਦਿੱਤੀ। ਸਾਰੇ ਪਿੰਡ ਵਿਚ ਦੋ ਹੀ ਬੰਦੇ ਸਨ-ਜੰਗੀਰ ਸਿਹੁੰ ਅਤੇ ਬਹਾਦਰ ਅਲੀ, ਜਿਨ੍ਹਾਂ ਕੋਲ ਲਸੰਸੀ ਦੋ-ਨਾਲੀਆਂ ਸਨ।
1986 ਵਿਚ ਬੰਗਾਲ ਵਿਚ ਸ਼ੁਰੂ ਹੋਏ ਹਿੰਦੂ-ਮੁਸਲਮਾਨ ਫਿਰਕੂ ਫਸਾਦਾਂ ਦੀ ਚੰਗਿਆੜੀ ਪੰਜਾਬ ਤੱਕ ਵੀ ਅੱਪੜ ਗਈ ਸੀ। ਅਜ਼ਾਦੀ ਦੀਆਂ, ਦੇਸ਼ ਦੇ ਬਟਵਾਰੇ ਦੀਆਂ ਖਬਰਾਂ ਦੇ ਨਾਲ ਨਾਲ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਦੇ ਦਿਮਾਗਾਂ ਵਿਚ ਆਪਸੀ ਨਫਰਤ ਵਧਾਉਣ ਦੀ ਚੱਲੀ ਸ਼ੈਤਾਨੀ ਚਾਲ ਵੀ ਪੰਜਾਬ ਦੇ ਪਿੰਡਾਂ ਤੱਕ ਆ ਪਹੁੰਚੀ। ਪੇਸ਼ਾਵਰ ਲੋਟੂ ਬਦਮਾਸ਼ਾਂ ਦੇ ਟੋਲੇ ਬਾਣੇ ਬਦਲ ਕੇ ਇਕੱਠੇ ਹੋ ਕੇ ਪਿੰਡਾਂ ਵਿਚ ਵਸਦੇ ਮੁਸਲਮਾਨਾਂ ਨੂੰ ਮਾਰਨ, ਲੁੱਟਣ ਦੀਆਂ ਸਕੀਮਾਂ ਬਣਾਉਣ ਲੱਗੇ। ਚਾਰੇ ਪਾਸਿਓਂ ਕਤਲੇਆਮ ਦੀਆਂ ਖਬਰਾਂ ਆਉਣ ਲੱਗੀਆਂ।
ਪਿੰਡ ਕੌਹਰੀਆਂ ਵਿਚ ਵੀ ਸ਼ੈਤਾਨ ਦੀ ਹਲਕੀ ਹੋਈ ਰੂਹ ਆ ਦਾਖਲ ਹੋਈ। ਅੱਗ ਲਾਉਣ ਵਾਲੇ ਡੱਬੂਆਂ ਨੂੰ ਤਾਂ ਮਸਾਂ ਮੌਕਾ ਥਿਆਇਆ। ਘੁੱਦੇ ਅਮਲੀ ਨੇ ਮੂੰਹ ਹਨੇਰੇ ਹੀ ਬਹਾਦਰ ਅਲੀ ਦਾ ਜਾ ਕੁੰਡਾ ਖੜਕਾਇਆ। “ਓਏ ਕਿਹੜੈ ਬਈ?” ਅੰਦਰੋਂ ਦਰਵਾਜੇ ਵੱਲ ਆਉਂਦੇ ਬਹਾਦਰ ਅਲੀ ਨੇ ਉਚੀ ਆਵਾਜ਼ ਵਿਚ ਪੁੱਛਿਆ।
“ਮੈਂ ਆਂ…ਘੁੱਦਾ। ਬਹਾਦਰਾ! ਕੁੰਡਾ ਖੋਲ੍ਹ।” ਅਮਲੀ ਨੇ ਦੱਬਵੀਂ ਆਵਾਜ਼ ਵਿਚ ਜਵਾਬ ਦਿੱਤਾ। ਬਹਾਦਰ ਅਲੀ ਨੇ ਕੁੰਡਾ ਖੋਲ੍ਹਿਆ ਤਾਂ ਘੁੱਦੇ ਨੇ ਛੇਤੀ ਛੇਤੀ ਅੰਦਰ ਹੋ ਕੇ ਬਾਰ ਭੇੜ ਲਿਆ।
“ਕੀ ਗੱਲ, ਸੁੱਖ ਤਾਂ ਹੈ? ਸਾਹ ਕਿਉਂ ਚੜ੍ਹਾਇਐ ਸਵੇਰੇ ਸਵੇਰੇ ਅਮਲੀਆ?” ਬਹਾਦਰ ਅਲੀ ਨੇ ਹੈਰਾਨੀ ਨਾਲ ਉਹਦੇ ਵੱਲ ਦੇਖਦਿਆਂ ਪੁੱਛਿਆ।
“ਸੁੱਖ ਕਿੱਥੇ ਐ। ਸਾਰੇ ‘ਲਾਕੇ ‘ਚ ਤਾਂ ਘਮਸਾਣ ਮੱਚਿਆ ਪਿਐ। ਤੈਨੂੰ ਨ੍ਹੀਂ ਪਤਾ? ਥੋਡੇ ‘ਤੇ ਬਿਪਤਾ ਆ ਪਈ ਐ। ਕਹਿੰਦੇ ਐ, ਬਈ ਅਜ਼ਾਦੀ ਮਿਲ’ਗੀ। ਥੋਡਾ ਦੇਸ਼ ਅੱਡ ਬਣ ਗਿਆ। ਮੁਸਲਮਾਨਾਂ ਨੂੰ ਇਥੋਂ ਭਜਾ ਦੇਣੈ।” ਕਾਹਲੀ ਕਾਹਲੀ ਗੱਲ ਮੁਕਾਉਣ ਕਰਕੇ ਘੁੱਦੇ ਅਮਲੀ ਦਾ ਸਾਹ ਚੜ੍ਹ ਜਿਹਾ ਗਿਆ।
“ਸੁਣਿਆ ਤਾਂ ਮੈਂ ਵੀ ਆ, ਪਰ ਆਪਾਂ ਕਿਸੇ ਦਾ ਕੀ ਵਿਗਾੜਿਐ। ਆਪਾਂ ਨੂੰ ਕਾਹਦਾ ਡਰ ਐ? ਨਾਲੇ ਆਪਾਂ ਅੱਡ ਦੇਸ਼ ਤੋਂ ਕੀ ਲੈਣੈ, ਆਪਾਂ ਤਾਂ ਏਥੇ ਈ ਲੋਟ ਆਂ।” ਬਹਾਦਰ ਅਲੀ ਦਾ ਬੇਪ੍ਰਵਾਹੀ ਨਾਲ ਦਿੱਤਾ ਜਵਾਬ ਘੁੱਦੇ ਨੂੰ ਹੋਰ ਅੱਗ ਲਾ ਗਿਆ।
“ਲੈਅ…ਡਰ ਕਿਉਂ ਨ੍ਹੀਂ? ਉਧਰ ਜੰਗੀਰ ਸਿਹੁੰ ਰਫਲ ‘ਚ ਫੁਲਤਰੂ ਫੇਰੀ ਜਾਂਦੈ। ਖਿਆਲ ਰੱਖੀਂ ਭਾਈ ਆਪਦਾ। ਮੈਂ ਤਾਂ ਮਸਾਂ ਅੱਖ ਬਚਾ ਕੇ ਬਿੜਕ ਦੇਣ ਆਇਆਂ।” ਹਮਦਰਦੀ ਦਾ ਦਿਖਾਵਾ ਕਰਦਾ ਡੱਬੂ ਫਟਾਫਟ ਕੰਧ ਟੱਪ ਗਿਆ।
ਘੁੱਦੇ ਅਮਲੀ ਦੇ ਚਲੇ ਜਾਣ ਪਿਛੋਂ ਬਹਾਦਰ ਅਲੀ ਦੇ ਦਿਮਾਗ ਵਿਚ ਖਲਬਲੀ ਜਿਹੀ ਮੱਚ ਗਈ। ਮਾੜੀਆਂ ਖਬਰਾਂ ਤਾਂ ਹਰ ਰੋਜ਼ ਹੀ ਸੁਣਨ ਨੂੰ ਮਿਲਦੀਆਂ ਸਨ। ‘ਪਰ ਕੀਤਾ ਕੀ ਜਾਵੇ?’ ‘ਉਹ ਜਾਣੇ, ਦੇਖੀ ਜਾਊ ਜੋ ਅੱਲ੍ਹਾ ਨੂੰ ਭਾਊ।’ ਇੰਨਾ ਕੁ ਸੋਚ ਕੇ ਉਹ ਬਾਰ ਭੇੜਦਾ ਪਿੱਛੇ ਮੁੜ ਤਾਂ ਪਿਆ, ਪਰ ਇੱਕ ਲੁਕਵਾਂ ਜਿਹਾ ਡਰ ਉਹਦੇ ਚਿੱਤ ਅੰਦਰ ਸ਼ੰਕਾ ਜਿਹੀ ਪੈਦਾ ਕਰ ਗਿਆ। ਵੈਰ ਹੁੰਦੇ ਹੋਏ ਵੀ ਭਾਵੇਂ ਬਹਾਦਰ ਅਲੀ ਨੂੰ ਜੰਗੀਰ ਸਿਹੁੰ ਤੋਂ ਕਿਸੇ ਘਟੀਆ ਹਰਕਤ ਦੀ ਆਸ ਨਹੀਂ ਸੀ, ਪਰ ਫੇਰ ਵੀ ਮਨ ਦੇ ਕਿਸੇ ਖੂੰਜੇ ਵਿਚ ਡਰ ਬੈਠਾ ਸੀ। ‘ਕੀ ਪਤਾ ਹੁੰਦਾ?’ ਵਾਰ ਵਾਰ ਉਹਦੇ ਮਨ ਵਿਚ ਆ ਰਿਹਾ ਸੀ।
ਅੱਜ ਉਸ ਦਾ ਦਿਲ ਕਿਸੇ ਵੀ ਕੰਮ ਵਿਚ ਨਹੀਂ ਸੀ ਲੱਗ ਰਿਹਾ। ਬੱਸ ਡੰਗ ਟਪਾਈ ਕਰ ਰਿਹਾ ਸੀ। ਸੂਰਜ ਛਿਪਦਿਆਂ ਘੁੱਦੇ ਅਮਲੀ ਨੇ ਜੰਗੀਰ ਸਿਹੁੰ ਦੇ ਘਰ ਜਾ ਅਲਖ ਜਗਾਈ। ਅੰਦਰ ਵੜਦੇ ਅਮਲੀ ਵੱਲ ਦੇਖ ਕੇ ਜੰਗੀਰ ਸਿਹੁੰ ਤਾਂ ਭੌਚੱਕਾ ਹੀ ਰਹਿ ਗਿਆ।
“ਓਏ ਆ ਬਈ ਅਮਲੀਆ। ਓਏ ਆਹ ਕੀ ਬਣਿਆਂ ਫਿਰਦੈਂ, ਸਾਲਿਆ ਨਿਹੰਗਾਂ ਆਲਾ ਬਾਣਾ ਪਾ ਕੇ? ਤੂੰ ਤਾਂ ਪਛਾਣ ਈ ਨ੍ਹੀਂ ਹੁੰਦਾ ਓਏ। ਆਹ ਬਰਛਾ ਕਾਸ ਨੂੰ ਚੱਕਿਐ? ਕੀ ਹੋ ਗਿਆ ਤੈਨੂੰ ਓਏ?” ਜੰਗੀਰ ਸਿਹੁੰ ਨੇ ਹੈਰਾਨੀ ਰਲਿਆ ਮਖੌਲ ਕੀਤਾ।
“ਮੈਨੂੰ ਕੀ ਹੋਣੈ? ਬੱਸ ਸਰਦਾਰਾ ਆਪਾਂ ਤਾਂ ਗੁਰੂ ਵਾਲੇ ਬਣ’ਗੇ। ਹੁਣ ਈ ਤਾਂ ਲੋਟ ਆਈ ਐ ਗੱਲ। ਹੁਣ ਮੁਸਲੇ ਸੂਤ ਆਏ ਨੇ। ਹੁਣ ਦੱਸਾਂਗੇ ਕਿਹੜੇ ਭਾਅ ਵਿਕਦੀ ਐ? ਬਹਾਦਰ ਅਲੀ ਤਿੱਪ ਤਿੱਪ ਮੂਤਦਾ ਫਿਰਦੈ। ਡਰਦਾ ਅੰਦਰੋਂ ਨੀ ਨਿਕਲਦਾ। ਹੁਣ ਟੱਕਰਾਂਗੇ ਓਹਨੂੰ ਮਲੰਗ ਨੂੰ, ਲੱਗੂ ਪਤਾ ਬਈ ਸਰਦਾਰ ਜੰਗੀਰ ਸਿਹੁੰ ਨਾਲ ਕਿਵੇਂ ਵੈਰ ਪਾਈਦੈ?” ਘੁੱਦੇ ਅਮਲੀ ਨੇ ਜੰਗੀਰ ਸਿਹੁੰ ਨੂੰ ਖੁਸ਼ ਕਰਨ ਲਈ ਇਕੋ ਸਾਹ ਸਾਰਾ ਕੁਝ ਉਗਲ ਦਿੱਤਾ।
“ਐਵੇਂ ਨੀ ਮੰਦਾ-ਚੰਗਾ ਬੋਲੀਦਾ। ਕੋਈ ਬੰਦਿਆਂ ਆਲੀ ਗੱਲ ਕਰੀਦੀ ਐ। ਬਹਿ ਜਾਹ ਚਾਹ ਦੀ ਘੁੱਟ ਪੀ ਲੈ। ਨਾਲੇ ਐਂ ਨ੍ਹੀਂ ਗੁਰੂ ਵਾਲੇ ਬਣ ਹੁੰਦਾ, ਲੀੜੇ ਬਦਲ ਕੇ। ਇਹ ਔਖਾ ਕੰਮ ਐ। ਮਨ ਬਦਲਨਾ ਪੈਂਦੈ, ਕੁਰਬਾਨੀ ਕਰਨੀ ਪੈਂਦੀ ਐ। ਮਜ਼ਲੂਮਾਂ ਦੀ ਰਾਖੀ ਖਾਤਰ ਸਰਬੰਸ ਵਾਰਨਾ ਪੈਂਦੈ। ਪਾਣੀ ਦੀ ਤਿੱਪ ਤਾਂ ਤੂੰ ਕਦੇ ਪਿੰਡੇ ‘ਤੇ ਪੈਣ ਨ੍ਹੀਂ ਦਿੱਤੀ, ਆਹ ਨੀਲੇ ਪਾ ਕੇ ਐਵੇਂ ਨ੍ਹੀਂ ਗੁਰੂ ਦਾ ਨਾਂ ਬਦਨਾਮ ਕਰੀਦਾ। ਮਗਜੌਲੀ ਨ੍ਹੀਂ ਮਾਰੀਦੀ।” ਜੰਗੀਰ ਸਿਹੁੰ ਨੇ ਸਿਆਣਪ ਤੇ ਠਰੰਮੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਕੇ ਅਮਲੀ ਦਾ ਸਾਰਾ ਨਸ਼ਾ ਹੀ ਲਾਹ ਦਿੱਤਾ।
“ਚੱਲ ਠੀਕ ਐ, ਮੈਨੂੰ ਤਾਂ ਅਕਲ ਹੈ ਨ੍ਹੀਂ, ਪਰ ਤੇਰੀ ਤਾਂ ਗੁੱਲੀ ਹੁਣ ਦਾਣੇ ਪੈ’ਗੀ!” ਅਮਲੀ ਇਕ ਅੱਖ ਦਬਦਾ ਜੰਗੀਰ ਸਿਹੁੰ ਵੱਲ ਟੇਢਾ ਜਿਹਾ ਝਾਕਦਾ ਬੋਲਿਆ।
“ਓਹ ਕਿਵੇਂ?” ਜੰਗੀਰ ਸਿਹੁੰ ਦੇ ਮੂੰਹੋਂ ਇਕਦਮ ਨਿਕਲਿਆ।
“ਲੈ ਭੋਲਾ ਬਣਦੈਂ? ਕਢਾ ਦੇ ਹੁਣ ਰੰਘਿਆਟ ਬਹਾਦਰ ਅਲੀ ਦੇ। ਹੁਣ ਮੌਕੈ। ਦੱਸ ਦੇ ਹੁਣ, ਕਿਵੇਂ ਵੈਰ ਪਾਈਦੈ ਜੱਟ ਨਾਲ। ਚੱਕ ਦੁਨਾਲੀ, ਮੈਂ ਤੇਰੇ ਨਾਲ ਆਂ। ਉਹ ਤਾਂ ਪੈਰੀਂ ਡਿੱਗੂ ਤੇਰੇ। ਮੈਂ ਸਾਰਾ ਭੇਤ ਲੈ ਕੇ ਆਇਆਂ ਉਹਦੇ ਘਰੇ ਜਾ ਕੇ।” ਅਮਲੀ ਨੇ ਹਿੱਕ ‘ਤੇ ਹੱਥ ਮਾਰ ਕੇ ਜੰਗੀਰ ਸਿਹੁੰ ਨੂੰ ਭੜਕਾਉਣ ਲਈ ਦਾਅ ਖੇਡਿਆ।
“ਸਾਲੀਏ ਜੂਠੇ!” ਕਾੜ ਕਰਦਾ ਥੱਪੜ ਅਮਲੀ ਦੇ ਮੂੰਹ ‘ਤੇ ਐਨੇ ਜ਼ੋਰ ਨਾਲ ਵੱਜਾ ਕਿ ਉਸ ਦੀ ਤਾਜ਼ੀ ਬੰਨੀ ਨੀਲੀ ਪੱਗ ਸਿਰ ਤੋਂ ਲਹਿ ਕੇ ਥੱਲੇ ਜਾ ਡਿੱਗੀ ਅਤੇ ਬਰਛਾ ਹੱਥੋਂ ਛੁੱਟ ਗਿਆ। “ਜਾਹ ਦਫਾ ਹੋ ਜਾ ਐਥੋਂ। ਵੈਰੀ ‘ਤੇ ਬਿਪਤਾ ਪਈ ਦੇਖ ਕੇ ਦਾਅ ਲਾਉਣਾ ਲੰਡੂਪੁਣਾ ਹੁੰਦੈ। ਕੁੱਤਿਆ! ਜਾਹ ਭੱਜ ਜਾਹ ਇਥੋਂ ਜੇ ਚੰਗੀ ਚਾਹੁਨੈਂ। ਗੁਰੂ ਵਾਲਾ ਬਣਨ ਨੂੰ ਫਿਰਦੈ! ਪਤਾ ਵੀ ਐ ਬਈ ਗੁਰੂ ਕੀ ਸੀ?” ਜੰਗੀਰ ਸਿਹੁੰ ਆਪੇ ਤੋਂ ਬਾਹਰ ਹੋ ਕੇ ਦੂਜਾ ਥੱਪੜ ਉਗਰ ਕੇ ਅਮਲੀ ਵੱਲ ਨੂੰ ਹੋਇਆ ਹੀ ਸੀ ਕਿ ਉਹ ਉਲਝੀਆਂ ਜਟੂਰੀਆਂ ਲੋਟ ਕਰਦਾ, ਪੱਗ ਨੂੰ ਕੱਛ ਵਿਚ ਦੇ ਬਰਛਾ ਚੁੱਕ ਕੇ ਕਾਹਲੀ ਕਾਹਲੀ ਖਿਸਕ ਤੁਰਿਆ।
“ਨਾਲੇ ਹੋਰ ਸੁਣ ਲੈ, ਥੋਡਾ ਤੁਖਮ ਮਿਟਾ ਦੂੰ ਕੰਜਰੋ, ਜੇ ਕੋਈ ਬਹਾਦਰ ਅਲੀ ਵੱਲ ਝਾਕਿਆ ਵੀ। ਤੇਰੇ ਨਾਲ ਦੇ ਹੋਰਨਾਂ ਲੰਡੂਆਂ ਨੂੰ ਵੀ ਦੱਸ ਦਈਂ।” ਜੰਗੀਰ ਸਿਹੁੰ ਨੇ ਦਰਵਾਜੇ ਤੋਂ ਬਾਹਰ ਨਿਕਲਦੇ ਅਮਲੀ ਨੂੰ ਪਿੱਛੋਂ ਦਬਕਾ ਮਾਰਿਆ।
ਅਮਲੀ ਦੇ ਕਦਮ ਹੋਰ ਤੇਜ਼ ਹੋ ਗਏ। ਉਸ ਵਿਚ ਪਿੱਛੇ ਮੁੜ ਕੇ ਦੇਖਣ ਦੀ ਹਿੰਮਤ ਨਾ ਰਹੀ, ਪਰ ਉਸ ਨੂੰ ਜੰਗੀਰ ਸਿਉਂ ਦੇ ਅਜਿਹੇ ਵਰਤਾਉ ਬਾਰੇ ਗੱਲ ਪੱਲੇ ਨਹੀਂ ਸੀ ਪੈ ਰਹੀ। ‘ਆਹ ਜੰਗੀਰ ਸਿਹੁੰ ਦੇ ਡਮਾਕ ਨੂੰ ਕੀ ਹੋ ਗਿਆ? ਮੈਂ ਤਾਂ…ਕੀ ਸੋਚ ਕੇ…!’ ਅਜਿਹੀ ਉਲਝਣ ਵਿਚ ਫਸਿਆ ਉਹ ਫਟਾ ਫਟ ਤੁਰ ਪਿਆ।
‘ਵੱਡੇ ਆਏ ਐ ਗੁਰੂ ਆਲੇ…ਅਕਲ ਨਾ ਮੌਤ!’ ਗੁੱਸੇ ਨਾਲ ਭਰਿਆ ਜੰਗੀਰ ਸਿਹੁੰ ਬੁੜ ਬੁੜ ਕਰਦਾ ਡੰਗਰਾਂ ਨੂੰ ਪੱਠੇ ਪਾਉਣ ਤੁਰ ਤਾਂ ਪਿਆ ਪਰ ਉਸ ਦੇ ਦਿਮਾਗ ‘ਤੇ ਇਕ ਅਜੀਬ ਕਿਸਮ ਦਾ ਬੋਝ ਜਿਹਾ ਪੈ ਗਿਆ। ‘ਐਹੋ ਜਿਹੇ ਲੱਗ-ਲਬੇੜਾਂ ਦਾ ਕੀ ਭਰੋਸੈ? ਕਿਤੇ ‘ਕੱਠੇ ਹੋ ਕੇ ਬਹਾਦਰ ਅਲੀ ਦਾ ਕੋਈ ਨੁਕਸਾਨ ਹੀ ਕਰ ਦੇਣ? ਚੱਲ ਫੇਰ ਮੈਨੂੰ ਕੀ? ਮੈਂ ਕੀ ਲੈਣੈ!’ ਉਸ ਦਾ ਬੇਚੈਨ ਮਨ ਇਕ ਭਿਆਨਕ ਘੁੰਮਣਘੇਰੀ ਵਿਚ ਫਸ ਕੇ ਡਿੱਕੋ ਡੋਲੇ ਖਾਂਦਾ ਰਿਹਾ।
ਦੋ ਦਿਨ ਹੋਰ ਲੰਘ ਗਏ। ਜੰਗੀਰ ਸਿਹੁੰ ਦੇ ਦੋਚਿੱਤੀ ਵਿਚ ਫਸੇ ਮਨ ਦਾ ਤਣਾਅ ਹੋਰ ਵੀ ਵਧ ਗਿਆ। ਪਿੰਡ ਵਿਚੋਂ ਮੁਸਲਮਾਨਾਂ ਦੇ ਕੁਝ ਪਰਿਵਾਰ ਚੁੱਪ ਚਪੀਤੇ ਹੀ ਹਨੇਰੇ ਸਵੇਰੇ ਟੱਬਰ ਟੀਹਰ ਲੈ ਕੇ ਖਿਸਕ ਗਏ। ਥਾਂ-ਥਾਂ ਲੁੱਟ ਖੋਹ ਤੇ ਕਤਲਾਂ ਦੀਆਂ ਵਾਰਦਾਤਾਂ ਲਗਾਤਾਰ ਹੋਣ ਲੱਗੀਆਂ। ਅਜਿਹੇ ਮਾਹੌਲ ਨੇ ਬਹਾਦਰ ਅਲੀ ਦੀ ਚਿੰਤਾ ਹੋਰ ਵੀ ਵਧਾ ਦਿੱਤੀ।
ਓਧਰ ਜੰਗੀਰ ਸਿਹੁੰ ਦੇ ਮਨ ਨੂੰ ਲੱਗੀ ਅੱਚਵੀ ਕਾਰਨ ਅੱਜ ਨੀਂਦ ਨਹੀਂ ਸੀ ਆ ਰਹੀ। ਸਾਰੀ ਰਾਤ ਮੰਜੇ ‘ਤੇ ਪਾਸੇ ਮਾਰਦੇ ਦੀ ਨਿਕਲ ਗਈ। ਜਦੋਂ ਵੀ ਮਾੜੀ ਮੋਟੀ ਅੱਖ ਲੱਗੇ ਤਾਂ ਬਹਾਦਰ ਅਲੀ ਦੇ ਭੈੜੇ ਤੇ ਡਰਾਉਣੇ ਸੁਪਨੇ ਨਾਲ ਫਟੱਕ ਖੁੱਲ੍ਹ ਜਾਵੇ। ਅਖੀਰ ਉਹ ਉਠ ਕੇ ਮੰਜੇ ‘ਤੇ ਚੱਪ ਮਾਰ ਕੇ ਬੈਠ ਗਿਆ ਅਤੇ ‘ਵਾਹਿਗੁਰੂ ਵਹਿਗੁਰੂ’ ਜਪਦਾ ਸੋਚਾਂ ਵਿਚ ਡੁੱਬ ਗਿਆ। ਪਹੁ ਫੁੱਟਦੀ ਨਾਲ ਹੀ ਉਸ ਦਾ ਮਾਨਸਿਕ ਦਵੰਦ ਤੋਂ ਵੀ ਖਹਿੜਾ ਛੁੱਟ ਗਿਆ। ਆਪਣੇ ਹੀ ਮਨ ਨਾਲ ਪੱਕਾ ਫੈਸਲਾ ਕਰਕੇ ਉਹ ਬਿਨਾ ਘਰ ਦੱਸੇ ਹੀ ਖੇਸੀ ਦੀ ਬੁੱਕਲ ਮਾਰ ਕੇ ਬਹਾਦਰ ਅਲੀ ਦੇ ਘਰ ਨੂੰ ਤੁਰ ਪਿਆ। ਭੇੜਿਆ ਬਾਰ ਖੋਲ੍ਹ ਕੇ ਅੰਦਰ ਵੜਦੇ ਜੰਗੀਰ ਸਿਹੁੰ ਨੇ ਬੜੀ ਔਖ ਨਾਲ ਝਕਦੇ ਝਕਦੇ ਹਾਕ ਮਾਰੀ, “ਬਹਾਦਰਾ…ਘਰੇ ਈ ਐਂ?”
“ਹੈਂਅ! ਇਹ ਕੀ? ਜੰਗੀਰ ਸਿਹੁੰ ਐਸ ਵੇਲੇ?” ਅੰਦਰੋਂ ਮੋਰੀ ਵਿਚੋਂ ਦੇਖ ਕੇ ਬਹਾਦਰ ਅਲੀ ਇਕ ਵਾਰੀ ਤਾਂ ਕੰਬ ਗਿਆ ਅਤੇ ਉਸ ਦਾ ਹੱਥ ਇਕ ਦਮ ਕੌਲੇ ਨਾਲ ਖੜੀ ਰਫਲ ਵੱਲ ਗਿਆ, ਪਰ ਜੰਗੀਰ ਸਿਹੁੰ ਨੂੰ ਵਿਹੜੇ ਵਿਚ ਸ਼ਾਂਤੀ ਨਾਲ ਖੜ੍ਹੇ ਦੇਖ ਕੇ ਉਸ ਦਾ ਚਿੱਤ ਕੁਝ ਟਿਕਾਣੇ ਹੋ ਗਿਆ।
“ਆਹੋ। ਆ ਜਾਹ ਜੰਗੀਰ ਸਿੰਹਾਂ, ਲੰਘ ਆ।” ਰਫਲ ਤੋਂ ਹੱਥ ਹਟਾਉਂਦਾ ਬਹਾਦਰ ਅਲੀ ਬੁਝੇ ਜਿਹੇ ਮਨ ਨਾਲ ਅੰਦਰੋਂ ਹੀ ਬੋਲਿਆ ਤੇ ਬਾਹਰ ਵਿਹੜੇ ਵਿਚ ਆ ਗਿਆ। “ਆ, ਬਹਿ ਜਾਹ।” ਬਹਾਦਰ ਅਲੀ ਨੇ ਜੰਗੀਰ ਸਿਹੁੰ ਦੀ ਬੁੱਕਲ ਵੱਲ ਤਾੜਦਿਆਂ ਮੰਜਾ ਡਾਹ ਦਿੱਤਾ।
ਮੰਜੇ ‘ਤੇ ਬੈਠਦਿਆਂ ਜੰਗੀਰ ਸਿਹੁੰ ਨੇ ਬੇਝਿਜਕ ਹੋ ਕੇ ਸਪੱਸ਼ਟ ਗੱਲ ਛੇੜੀ, “ਊਂ ਤਾਂ ਤੇਰੀ ਮਰਜ਼ੀ ਐ ਬਹਾਦਰਾ, ਪਰ ਮੈਂ ਤਾਂ ਤੈਨੂੰ ਏਹੀ ਸਲਾਹ ਦੇਣ ਆਇਆਂ ਬਈ ਕੁਝ ਟਾਈਮ ਲਈ ਜੁਆਕ ਜੱਲੇ ਲੈ ਕੇ ਇਥੋਂ ਖਿਸਕ ਈ ਜਾਹ। ਇਥੇ ਤਾਂ ਟਿੱਡੀ ਪਲਪੀਹੀ ਵੀ ਭੂਤਰੀ ਫਿਰਦੀ ਐ।”
“ਬਿੜਕ ਤਾਂ ਮੈਨੂੰ ਲੱਗੀ ਜਾਂਦੀ ਐ ਸਾਰੀ, ਪਰ ਜੰਗੀਰ ਸਿੰਹਾਂ, ਮੈਂ ਜਾਊਂ ਕਿੱਥੇ? ਨਾਲੇ ‘ਗਾਹਾਂ ਵੀ ਕਿਸੇ ਦਾ ਕੀ ਭਰੋਸੈ? ਸਾਰਾ ਕੁਝ ਤਾਂ ਐਥੈ ਐ।” ਮੰਜੇ ਦੀ ਪੈਂਦ ਵੱਲ ਜੰਗੀਰ ਸਿਹੁੰ ਦੇ ਨਾਲ ਬੈਠਦਿਆਂ ਬਹਾਦਰ ਅਲੀ ਨੇ ਦੋਹਾਂ ਹੱਥਾਂ ਨਾਲ ਆਪਣਾ ਮੂੰਹ ਢਕ ਕੇ ਅੱਖਾਂ ‘ਚੋਂ ਆਏ ਹੰਝੂ ਲੁਕੋ ਲਏ।
“ਤੂੰ ਦਿਲ ਛੋਟਾ ਨਾ ਕਰ, ਮੈਂ ਤੇਰੇ ਨਾਲ ਖੜੂੰ। ਤੂੰ ਅੱਜ ਈ ਤਿਆਰੀ ਕਰ ਲੈ। ਮਾੜਾ ਮੋਟਾ ਲੋੜ ਦਾ ਸਮਾਨ ਗੱਡੇ ‘ਤੇ ਲੱਦ ਲਵੀਂ। ਮੂੰਹ ‘ਨੇਰਾ ਹੁੰਦੇ ਈ ਤੁਰ ਪਾਂ’ਗੇ। ਮੈਂ ਦੁਨਾਲੀ ਲੈ ਕੇ ਮੂਹਰੇ ਲੱਗੂੰ। ਤੂੰ ਫਿਕਰ ਨਾ ਕਰ।” ਜੰਗੀਰ ਸਿਹੁੰ ਨੇ ਹੌਸਲਾ ਦਿੰਦਿਆਂ ਪਿਆਰ ਨਾਲ ਬਹਾਦਰ ਅਲੀ ਦੇ ਦੋਵੇਂ ਹੱਥ ਆਪਣੇ ਹੱਥਾਂ ਵਿਚ ਫੜ ਲਏ।
“ਓਏ ਬਾਈ, ਮੈਂ ਤਾਂ…।” ਬਹਾਦਰ ਅਲੀ ਤੋਂ ਗੱਲ ਪੂਰੀ ਨਾ ਹੋਈ। ਉਸ ਨੇ ਜੰਗੀਰ ਸਿਹੁੰ ਨੂੰ ਜੱਫੀ ‘ਚ ਜਕੜ ਕੇ ਭੁੱਬ ਮਾਰੀ।
“ਤੂੰ ਚਿੰਤਾ ਨਾ ਕਰੀਂ, ਥੋੜ੍ਹੇ ਦਿਨਾਂ ‘ਚ ਗੱਲ ਠੰਡੀ ਹੋ ਜੂ। ਚੁੱਪ ਕਰਕੇ ਮੁੜ ਆਇਓ। ਓਨਾ ਚਿਰ ਫਸਲ ਬਾੜੀ ਤੇ ਪਸੂ ਢਾਂਡੇ ਦੀ ਜਿੰਮੇਵਾਰੀ ਮੇਰੀ।” ਭਰੇ ਮਨ ਨਾਲ ਜੰਗੀਰ ਸਿਹੁੰ ਨੇ ਭਰੋਸਾ ਬੰਨਾਉਂਦਿਆਂ ਬਹਾਦਰ ਅਲੀ ਨੂੰ ਮਸਾਂ ਆਪਣੇ ਨਾਲੋਂ ਲਾਹੁੰਦਿਆਂ ਬਰਾਬਰ ਬਿਠਾਇਆ।
“ਲੈ ਮੈਂ ਤਾਂ ਚਲਦਾਂ ਹੁਣ, ਤੁਸੀਂ ਤਿਆਰੀ ਰੱਖਿਓ। ਮੈਂ ਮੂੰਹ ‘ਨੇਰਾ ਹੁੰਦੇ ਈ ਥੋਡੇ ਕੋਲ ਆ ਜੂੰ। ਕਿਸੇ ਨੂੰ ਬਿੜਕ ਨਾ ਈ ਲੱਗੇ ਤਾਂ ਚੰਗੈ। ਆਪਾਂ ਰਾਤੋ ਰਾਤ ਮਲੇਰਕੋਟਲੇ ਦੀ ਜੂਹ ‘ਚ ਜਾ ਵੜੀਏ ਤਾਂ ਠੀਕ ਰਹੂ।” ਸਿਆਣਪ ਭਰੀ ਤਾਕੀਦ ਕਰਕੇ ਜੰਗੀਰ ਸਿਹੁੰ ਕੁਝ ਹੌਲੇ ਜਿਹੇ ਮਨ ਨਾਲ ਆਪਣੇ ਘਰ ਨੂੰ ਤੁਰ ਪਿਆ।
ਅਣਮੰਨੇ ਜਿਹੇ ਮਨ ਨਾਲ ਬਹਾਦਰ ਅਲੀ ਨੇ ਕੁਝ ਸਮਾਨ ਅੰਦਰ ਖੜੇ ਗੱਡੇ ‘ਤੇ ਲੱਦ ਲਿਆ। ਮੂੰਹ ਹਨੇਰਾ ਹੁੰਦੇ ਹੀ ਜੰਗੀਰ ਸਿਹੁੰ ਪੂਰੀ ਤਿਆਰੀ ਨਾਲ ਘੋੜੀ ਅਤੇ ਰਫਲ ਲੈ ਕੇ ਆ ਪਹੁੰਚਿਆ। ਭਰੇ ਮਨਾਂ ਨਾਲ ਬੁਸ-ਬੁਸ ਕਰਦੇ ਚਾਰੇ ਜੀਆਂ ਨੂੰ ਸਮਾਨ ਦੇ ਨਾਲ ਗੱਡੇ ‘ਤੇ ਬਿਠਾ ਕੇ ਬਲਦ ਜੋੜ ਲਏ। ਬਹਾਦਰ ਅਲੀ ਨੇ ਜੂਲੇ ‘ਤੇ ਬੈਠ ਕੇ ਰਫਲ ਪੱਟ ‘ਤੇ ਰੱਖ ਲਈ ਤੇ ਬਲਦ ਹੱਕ ਦਿੱਤੇ। ਜੰਗੀਰ ਸਿਹੁੰ ਨੇ ਰਫਲ ਮੋਢੇ ਪਾ ਕੇ ਘੋੜੀ ਗੱਡੇ ਦੇ ਮੂਹਰੇ ਲਾ ਲਈ। ਘੁੱਦੇ ਅਮਲੀ ਵਰਗੇ ‘ਨਵੇਂ ਸਜੇ ਸਿੰਘ’ ਬਿੜਕਾਂ ਤਾਂ ਭੰਨਦੇ ਰਹੇ, ਪਰ ਚਾਰ ਨਾਲੀਆਂ ਦਾ ਸਾਹਮਣਾ ਕਰਨ ਦਾ ਦਮ ਕਿਥੋਂ ਲਿਆਉਂਦੇ?
“ਥੋੜ੍ਹੀ ਜੀ ਆਰ ਲਾਈ ਚੱਲੀਂ, ਬਹਾਦਰਾ। ਜਿੰਨੀ ਛੇਤੀ ਵਾਟ ਨਿਬੜ’ਜੇ ਓਨਾ ਈ ਚੰਗੈ।” ਜੰਗੀਰ ਸਿਹੁੰ ਨੇ ਬਹਾਦਰ ਅਲੀ ਨੂੰ ਸੁਚੇਤ ਕੀਤਾ।
ਮੱਠੀ ਚਾਲ ਤੁਰਦੀ ਘੋੜੀ ਦੇ ਮਗਰ ਚੀਕੂੰ-ਚੀਕੂੰ ਦਾ ਵਿਰਲਾਪ ਕਰਦਾ ਗੱਡਾ ਤੁਰ ਪਿਆ। ਜੰਗੀਰ ਸਿਹੁੰ ਨੇ ਜਾਣ ਬੁੱਝ ਕੇ ਪਿੰਡਾਂ ਵਾਲੇ ਕੱਚੇ ਰਸਤੇ ਜਾਣ ਦੀ ਸਕੀਮ ਬਣਾਈ ਸੀ। ਰਾਹ ਵਿਚ ਪੈਂਦੇ ਸੁਨਾਮ, ਸੰਗਰੂਰ ਤੇ ਧੂਰੀ ਸ਼ਹਿਰਾਂ ਦੇ ਬਾਹਰ ਬਾਹਰ ਦੀ ਹੁੰਦਿਆਂ ਉਹ ਪਹੁ ਫੁਟਦੀ ਨੂੰ ਪਿੰਡ ਸੰਗਾਲਾ-ਸੰਗਾਲੀ ਕੋਲ ਅੱਪੜ ਗਏ। ਹੁਣ ਕੋਈ ਖਤਰੇ ਵਾਲੀ ਗੱਲ ਨਹੀਂ ਸੀ। ਜੰਗੀਰ ਸਿਹੁੰ ਨੇ ਘੋੜੀ ਰੋਕ ਲਈ ਅਤੇ ਥੱਲੇ ਉਤਰ ਆਇਆ।
ਬਹਾਦਰ ਅਲੀ ਦਾ ਗੱਡਾ ਮੱਲੋ ਮੱਲੀ ਰੁਕ ਗਿਆ ਅਤੇ ਜੂਲੇ ਤੋਂ ਛਾਲ ਮਾਰ ਕੇ ਉਸ ਨੇ ਜੰਗੀਰ ਸਿਹੁੰ ਨੂੰ ਗਲਵੱਕੜੀ ਪਾ ਕੇ ਧਾਹ ਮਾਰੀ, “ਜੰਗੀਰ ਸਿਆਂ! ਤੇਰਾ ਦੇਣਾ ਮੈਂ…ਕਿੱਥੇ…।” ਧੁਰ ਅੰਦਰੋਂ ਨਿਕਲੇ ਸ਼ਬਦਾਂ ਦਾ ਜੀਭ ਸਾਥ ਨਹੀਂ ਸੀ ਦੇ ਰਹੀ।
“ਚੰਗਾ ਫੇਰ! ਡੋਲਿਓ ਨਾ, ਰੱਬ ਭਲੀ ਕਰੂ। ਟਿਕ ਟਿਕਾ ਹੋਏ ਤੋਂ ਛੇਤੀ ਆ ਜਿਓ।” ਏਨਾ ਆਖ ਜੰਗੀਰ ਸਿਹੁੰ ਪੱਗ ਦੇ ਲੜ ਨਾਲ ਅੱਖਾਂ ਪੂੰਝਦਾ ਘੋੜੀ ‘ਤੇ ਚੜ੍ਹ ਗਿਆ।
“ਜੰਗੀਰ ਸਿੰਹਾਂ, ਇੱਕ ਹੋਰ ਹਸਾਨ ਕਰੀਂ, ਪਿੰਡ ਜਾਣ ਸਾਰ ਆਪਣੀ ਵੱਟ ‘ਤੇ ਖੜੀ ਕਿੱਕਰ ਨੂੰ ਜੜੋਂ ਪੱਟ ਕੇ ਪਰ੍ਹੇ ਵਗਾਹ ਮਾਰੀਂ।” ਬਹਾਦਰ ਅਲੀ ਨੇ ਪੂਰਾ ਮਨ ਕਰੜਾ ਕਰਕੇ ਤੁਰਨ ਲੱਗੇ ਜੰਗੀਰ ਸਿਹੁੰ ਨੂੰ ਆਵਾਜ਼ ਦਿੱਤੀ। ਜੰਗੀਰ ਸਿਹੁੰ ਨੇ ਬਿਨਾ ਬੋਲੇ ਬੱਸ ਇਕ ਹੱਥ ਖੜਾ ਕਰਕੇ ਘੋੜੀ ਨੂੰ ਅੱਡੀ ਲਾ ਦਿੱਤੀ।