ਹਰਫਨ ਮੌਲਾ ਕਲਾਕਾਰ ਹਰਜੀਤ ਸਿੰਘ ਸੰਧੂ

ਪ੍ਰਿੰ. ਸਰਵਣ ਸਿੰਘ
ਸਾਲਾਂਬੱਧੀ ਸੰਘਰਸ਼ ਦਾ ਨਾਂ ਹੈ, ਹਰਜੀਤ ਸਿੰਘ ਸੰਧੂ। ਕਦੇ ਉਹ ਚੋਟੀ ਦਾ ਫੁੱਟਬਾਲ ਖਿਡਾਰੀ ਸੀ, ਫਿਰ ਪੀ. ਟੀ. ਮਾਸਟਰ ਬਣਿਆ ਤੇ ਹੁਣ ਹਰਫਨ ਮੌਲਾ ਮੋਜ਼ੇਕ ਕਲਾਕਾਰ ਹੈ, ਕੱਚ ਦੇ ਬਾਰੀਕ ਟੁਕੜਿਆਂ ਨਾਲ ਕਲਾਤਮਕ ਚਿੱਤਰ ਚਿੱਤਰਨ ਵਾਲਾ ਕਲਾਕਾਰ। ਲਲਿਤ ਕਲਾ ਅਕੈਡਮੀ, ਚੰਡੀਗੜ੍ਹ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਤੋਂ ਲੈ ਕੇ ਟੋਰਾਂਟੋ ਤੇ ਨਿਊ ਯਾਰਕ ਦੇ ਕਲਾ ਕਦਰਦਾਨਾਂ ਵੱਲੋਂ ਉਸ ਨੂੰ ਅਨੇਕਾਂ ਅਵਾਰਡ ਮਿਲੇ ਹਨ। ਉਸ ਨੂੰ ਕਲਾ ਦੀ ਚੇਟਕ ਰੌਕ ਗਾਰਡਨ, ਚੰਡੀਗੜ੍ਹ ਵਾਲੇ ਨੇਕ ਚੰਦ ਨੂੰ ਵੇਖ ਕੇ ਲੱਗੀ। ਲੱਗਦੈ ਉਹ ਵੀ ਨੇਕ ਚੰਦ ਵਾਂਗ ਨਿਵੇਕਲੀਆਂ ਪੈੜਾਂ ਛੱਡੇਗਾ।

ਉਹਦੀਆਂ ਗੱਲਾਂ ਹੁਣ ਮੋਗੇ ਤੋਂ ਨਿਊ ਯਾਰਕ ਤਕ ਹੁੰਦੀਆਂ ਹਨ। ਦੇਸ਼ ਵਿਦੇਸ਼ ਵਿਚ ਉਹਦੇ ਮੋਜ਼ੇਕ ਚਿੱਤਰਾਂ ਦੀਆਂ ਨੁਮਾਇਸ਼ਾਂ ਲੱਗਦੀਆਂ ਹਨ। ਮਾਣ ਸਨਮਾਨ ਮਿਲਦੇ ਹਨ। ਵੇਖਣ ਨੂੰ ਉਹ ਸਿੱਧੜ ਜਿਹਾ ਜਾਪਦੈ। ਪੱਕਾ ਰੰਗ, ਕਰੜ ਬਰੜੀ ਦਾੜ੍ਹੀ, ਸੰਘਣੀਆਂ ਸਿਹਲੀਆਂ, ਤਿੱਖੀਆਂ ਬਾਰੀਕ ਅੱਖਾਂ, ਫੁੱਲੀਆਂ ਹੋਈਆਂ ਗੰਨੀਆਂ, ਢਾਲੂ ਮੁੱਛਾਂ ਤੇ ਅੱਟਣਾਂ ਵਾਲੇ ਹੱਥ। ਚੁੱਪ ਰਹੇ ਤਾਂ ਚੁੱਪ, ਪਰ ਜਦੋਂ ਬੋਲਦੈ ਤਾਂ ਵਾਰੀ ਨਹੀਂ ਲੈਣ ਦਿੰਦਾ। ਤਿੱਖੀ ਆਵਾਜ਼ ਵਿਚ ਤੇਜ਼ ਤਰਾਰ ਗੱਲਾਂ ਕਰਦਾ ਕੁਝ ਬੜਬੋਲਾ ਵੀ ਲੱਗਦੈ, ਪਰ ਹੈ ਨਿਰਾ ਅਫਲਾਤੂਨ। ਸੱਤਰ ਸਾਲਾਂ ਦਾ ਹੋ ਕੇ ਵੀ ਜੁਆਨ ਦਿਸਦਾ ਹੈ ਅਤੇ ਜੁਆਨਾਂ ਵਰਗੇ ਜੋਸ਼ ਨਾਲ ਹੀ ਭਰਿਆ ਹੋਇਆ ਹੈ।
ਉਹਦੇ ਬਾਰੇ ਬਲਦੇਵ ਸਿੰਘ ਸੜਕਨਾਮਾ ਨੇ ਪੁਸਤਕ ਲਿਖੀ ਹੈ, ਜੋ ਮੋਮੀ ਕਾਗਜ਼ ਉਤੇ ਉਹਦੀਆਂ ਕਲਾ ਕਿਰਤਾਂ ਨਾਲ ਸ਼ਿੰਗਾਰੀ ਹੋਈ ਹੈ। ਲਿਖਿਆ ਹੈ ਕਿ ਬਚਪਨ ਤੋਂ ਹੀ ਹਰਜੀਤ ਦੇ ਹੱਥ ਕਦੇ ਨਿਚੱਲੇ ਨਹੀਂ ਰਹੇ। ਸ਼ਾਇਦ ਹੀ ਕੋਈ ਸ਼ਰਾਰਤ ਹੋਵੇ, ਜੋ ਉਸ ਨੇ ਬਚਪਨ ਵਿਚ ਨਾ ਕੀਤੀ ਹੋਵੇ ਤੇ ਮਾਂ ਪਿਉ ਤੋਂ ਕੁੱਟ ਨਾ ਖਾਧੀ ਹੋਵੇ। ਕੌਡੀਆਂ-ਬਾਂਟੇ ਖੇਡਣ, ਪਤੰਗਾਂ ਦੇ ਪੇਚੇ ਪਾਉਣ ਤੇ ਘਰ ਦੇ ਨੌਕਰ ਦੀ ਬੋਦੀ ਪੁੱਟਣ ਦੀਆਂ ਇੱਲਤਾਂ ਨਾ ਕੀਤੀਆਂ ਹੋਣ। ਪੇਂਟਿੰਗ ਤੇ ਕਲੇਅ ਮਾਡਲਿੰਗ ਤੋਂ ਲੈ ਕੇ ਸ਼ੀਸ਼ਾਕਾਰੀ ਤਕ ਸ਼ਾਇਦ ਹੀ ਕੋਈ ਕਲਾ ਹੋਵੇ, ਜਿਸ ਨਾਲ ਉਹਦੇ ਪੋਟਿਆਂ ਨੇ ਪੰਗੇ ਨਾ ਲਏ ਹੋਣ। ਤਦੇ ਬਲਦੇਵ ਸਿੰਘ ਨੇ ਉਹਦੇ ਜੀਵਨ ਤੇ ਕਲਾ ਬਾਰੇ ਲਿਖੀ ਪੁਸਤਕ ਦਾ ਨਾਂ ਰੱਖਿਆ: Ḕਪੋਟੇ ਬੋਲ ਪਏ।Ḕ
ਬਲਦੇਵ ਸਿੰਘ ਲਿਖਦਾ ਹੈ, “ਕੀ ਕੋਈ ਸੋਚ ਸਕਦਾ ਹੈ, ਦਸਵੀਂ ਵਿਚੋਂ ਦੋ ਵਾਰ ਫੇਲ੍ਹ ਹੋਣ ਵਾਲਾ ਵਿਦਿਆਰਥੀ, ਛੱਪੜਾਂ ਦੀ ਚੀਕਣੀ ਮਿੱਟੀ ਨਾਲ ਬਲਦ, ਘੋੜੇ ਬਣਾਉਂਦਾ ਫਾਈਨ ਆਰਟਸ ਦੀ ਐਮ. ਏ. ਕਰ ਸਕਦਾ ਹੈ ਤੇ ਆਪਣੀ ਵਿਸ਼ੇਸ਼ ਕਲਾ ‘ਮੋਜ਼ੇਕ ਆਰਟ’ ਵਿਚ ਅਜਿਹੀਆਂ ਕਲਾ-ਕਿਰਤਾਂ ਤਿਆਰ ਕਰਦਾ ਹੈ ਕਿ ਵਿਸ਼ਵ ਭਰ ਦੇ ਕਲਾਕਾਰ, ਉਸ ਦੀ ਕਲਾ ਦਾ ਲੋਹਾ ਮੰਨਦੇ ਹਨ।”
ਗੱਲ ਉਦੋਂ ਦੀ ਹੈ, ਜਦੋਂ ਮੈਂ ਢੁੱਡੀਕੇ ਕਾਲਜ ਵਿਚ ਲੈਕਚਰਾਰ ਸਾਂ। ਭਿੰਦਰ ਸਿੰਘ ਸੋਹੀ ਡੀ. ਪੀ. ਈ. ਸੀ। ਅਸੀਂ ਕਾਲਜ ਦੀਆਂ ਕਬੱਡੀ, ਹਾਕੀ ਤੇ ਫੁੱਟਬਾਲ ਦੀਆਂ ਟੀਮਾਂ ਬਣਾਉਣੀਆਂ ਅਤੇ ਪੰਜਾਬ ਯੂਨੀਵਰਸਿਟੀ ਦੇ ਇੰਟਰ ਕਾਲਜ ਮੈਚ ਜਿੱਤਣੇ ਸ਼ੁਰੂ ਕਰ ਲਏ ਸਨ। ਦੋ-ਤਿੰਨ ਸਾਲਾਂ ਵਿਚ ਹੀ ਅਸੀਂ ਕਬੱਡੀ ਤੇ ਹਾਕੀ ਦੇ ਯੂਨੀਵਰਸਿਟੀ ਚੈਂਪੀਅਨ ਬਣਨ ਲੱਗ ਪਏ ਸਾਂ। ਆਏ ਸਾਲ ਲਾਜਪਤ ਰਾਏ ਖੇਡ ਮੇਲਾ ਖੂਬ ਭਰਦਾ। ਕਬੱਡੀ, ਹਾਕੀ ਤੇ ਫੁੱਟਬਾਲ ਦੀਆਂ ਟੀਮਾਂ ਦੂਰੋਂ ਦੂਰੋਂ ਢੁੱਡੀਕੇ ਦੇ ਖੇਡ ਮੇਲੇ ਵਿਚ ਹਿੱਸਾ ਲੈਣ ਆਉਂਦੀਆਂ। ਉਥੇ ਰੰਗ ਬਰੰਗੇ ਝੰਡੇ ਝੂਲਦੇ, ਖਿਡਾਰੀਆਂ ਦੇ ਭਖੇ ਹੋਏ ਜੁੱਸੇ ਲਿਸ਼ਕਦੇ, ਖੇਡ ਮੈਦਾਨ ਵਿਚ ਵੱਜਦੀਆਂ ਵਿਸਲਾਂ ਅਤੇ ਦਰਸ਼ਕਾਂ ਦੀਆਂ ਤਾੜੀਆਂ ਨਾਲ ਆਲਾ-ਦੁਆਲਾ ਗੂੰਜ ਉਠਦਾ। ਕਿਧਰੇ ਕਬੱਡੀਆਂ ਪੈਂਦੀਆਂ, ਕਿਧਰੇ ਹਾਕੀ ਦੀਆਂ ਗੇਂਦਾਂ ਨਾਲ ਫੱਟੇ ਖੜਕਦੇ ਤੇ ਕਿਧਰੇ ਫੁੱਟਬਾਲ ਦੀਆਂ ਕਿੱਕਾਂ ਲੱਗਦੀਆਂ।
ਉਦੋਂ ਕੁ ਹੀ ਮੈਂ ਇਕ ਸਕੂਲ ਦੇ ਪੀ. ਟੀ. ਨੂੰ ਫੁੱਟਬਾਲ ਖੇਡਦੇ ਵੇਖਿਆ। ਉਹਦਾ ਨਾਂ ਹਰਜੀਤ ਸਿੰਘ ਸੀ। ਉਹਦੀਆਂ ਕਿੱਕਾਂ ਵਿਚ ਜਾਨ ਸੀ। ਤੇਜ਼ ਦੌੜਦਾ ਹੋਇਆ ਪਾਸ ਦਿੰਦਾ ਤੇ ਲੈਂਦਾ। ਉਦੋਂ ਉਹ ਪੈਰਾਂ ਦੀ ਕਲਾਕਾਰੀ ਵਿਖਾਉਂਦਾ ਸੀ ਜਦ ਕਿ ਹੁਣ ਹੱਥਾਂ ਦੀ ਕਲਾਕਾਰੀ ਵਿਖਾ ਰਿਹੈ। ਹੈਰਾਨ ਹੋਈਦੈ ਕਿ ਉਹ ਰੰਗੀਨ ਸ਼ੀਸ਼ਿਆਂ ਨੂੰ ਕੱਟ ਤਰਾਸ਼ ਕੇ ਉਨ੍ਹਾਂ ਦੇ ਨਿੱਕੇ ਨਿੱਕੇ ਟੁਕੜਿਆਂ ਨੂੰ ਕਿਵੇਂ ਜੋੜ ਲੈਂਦੈ ਕਿ ਕਦੇ ਉਹ ਬਾਬਾ ਫਰੀਦ ਦੇ ਦੁਆਵਾਂ ਮੰਗਦੇ ਹੱਥ ਤੇ ਮਿਹਰਬਾਨ ਚਿਹਰਾ ਮੁਹਰਾ ਬਣ ਜਾਂਦੀਆਂ ਹਨ ਤੇ ਕਦੇ ਮਦਰ ਟੈਰੇਸਾ ਦੇ ਸੇਵਾ ਭਾਵ ਦਾ ਬਿੰਬ ਬਣਦੀਆਂ ਹਨ। ਕਦੇ ਬਾਰੀਕ ਟੁਕੜਿਆਂ ਨਾਲ ਬਣਾਏ ਦਰਬਾਰ ਸਾਹਿਬ ਦੀ ਸੁਨਹਿਰੀ ਝਲਕ ਸਰੋਵਰ ਵਿਚ ਲਹਿਰਾਉਂਦੀ ਦਿਸਦੀ ਹੈ। ਸ਼ੀਸ਼ੇ ਦੇ ਟੁਕੜਿਆਂ ਵਿਚ ਦੀ ਪਾਣੀ ‘ਚ ਪੈਂਦੀ ਝਲਕ ਨੂੰ ਠੋਸ ਕਲਾਕ੍ਰਿਤੀ ਰਾਹੀਂ ਵਿਖਾਉਣਾ ਸੌਖਾ ਕਾਰਜ ਨਹੀਂ। ਇਕ ਦੋ ਦਿਨ ਨਹੀਂ, ਮਹੀਨੇ ਲੱਗ ਜਾਂਦੇ ਹਨ ਅਜਿਹੇ ਕਾਰਜ ਨੂੰ ਨੇਪਰੇ ਚਾੜ੍ਹਦਿਆਂ। ਅਜਿਹੀ ਕਲਾ ਦੀ ਕਦਰ ਮੋਜ਼ੇਕ ਕਲਾ ਦੇ ਜੌਹਰੀ ਹੀ ਪਾ ਸਕਦੇ ਹਨ।
ਹਰਜੀਤ ਸੰਧੂ ਦੇ ਵਡੇਰੇ ਮਾਝੇ ਦੇ ਵਸਨੀਕ ਸਨ। ਉਹਦਾ ਦਾਦਾ ਕਲਕੱਤੇ ਟੈਕਸੀ ਚਲਾਉਂਦਾ ਰਿਹਾ। ਉਹਦੇ ਘਰ ਹਰਜੀਤ ਦਾ ਪਿਤਾ ਬਣਨ ਵਾਲਾ ਮੇਲਾ ਸਿੰਘ 1908 ਵਿਚ ਜੰਮਿਆ, ਜੋ ਬੀ. ਏ. ਕਰ ਕੇ ਰੇਲਵੇ ਦਾ ਅਫਸਰ ਬਣ ਗਿਆ। ਉਹ ਮੋਗੇ ਦੇ ਪਿੰਡ ਕਾਲੀਏ ਵਾਲੇ ਵਿਆਹਿਆ ਗਿਆ ਤੇ ਤਰੱਕੀ ਕਰਦਾ ਦੇਸ਼ ਵੰਡ ਸਮੇਂ ਯੂ. ਪੀ. ਵਿਚ ਮੁਗਲ ਸਰਾਏ ਸਟੇਸ਼ਨ ਦਾ ਸਭ ਤੋਂ ਵੱਡਾ ਅਫਸਰ ਬਣ ਗਿਆ। ਉਥੇ ਵੱਡਾ ਬੰਗਲਾ ਤੇ ਨੌਕਰ ਚਾਕਰ ਮਿਲ ਗਏ। ਮੇਲਾ ਸਿੰਘ ਦੇ ਤਿੰਨ ਪੁੱਤਰ ਹੋਏ ਤੇ ਦੋ ਧੀਆਂ।
ਹਰਜੀਤ ਦਾ ਜਨਮ 7 ਜਨਵਰੀ 1949 ਨੂੰ ਭਾਵੇਂ ਮੋਗੇ ‘ਚ ਹੋਇਆ, ਪਰ ਬਚਪਨ ਮੁਗਲ ਸਰਾਏ ਦੇ ਬੰਗਲੇ, ਵਧੀਆ ਸਕੂਲਾਂ ਤੇ ਵਧੀਆ ਗਰਾਊਂਡਾਂ ਵਿਚ ਖੇਡਦਿਆਂ ਬੀਤਿਆ। ਬਾਪ ਅਸੂਲਾਂ ਦਾ ਪੱਕਾ ਤੇ ਅਨੁਸ਼ਾਸਨ ਦਾ ਪਾਬੰਦ ਸੀ ਤੇ ਬੱਚਿਆਂ ਨੂੰ ਖਿੱਚ ਕੇ ਰੱਖਦਾ। ਉਹ ਚਾਹੁੰਦਾ ਸੀ, ਉਹਦੇ ਬੱਚੇ ਕਿਸੇ ਕਲਾਕਾਰੀ ਵੱਲ ਜਾਣ ਦੀ ਥਾਂ ਵਧੀਆ ਵਿਦਿਆਰਥੀ, ਵਧੀਆ ਖਿਡਾਰੀ ਤੇ ਵੱਡੇ ਅਫਸਰ ਬਣਨ; ਪਰ ਹੋਣੀ ਨੂੰ ਕੌਣ ਮੋੜੇ?
ਹਰਜੀਤ ਬਾਰਾਂ ਕੁ ਸਾਲਾਂ ਦਾ ਸੀ ਕਿ ਬਾਪ ਦਾ ਸਾਇਆ ਸਿਰ ਤੋਂ ਉਠ ਗਿਆ। ਵਿਧਵਾ ਮਾਂ ਪੰਜਾਂ ਬੱਚਿਆਂ ਨੂੰ ਲੈ ਕੇ ਮੋਗੇ ਬਿਰਧ ਬਾਪ ਦੇ ਬੂਹੇ ਆ ਬੈਠੀ। ਬਾਪ ਦੇ ਚਾਰ ਧੀਆਂ ਹੀ ਧੀਆਂ ਸਨ, ਪੁੱਤਰ ਕੋਈ ਨਹੀਂ ਸੀ। ਦੋ ਧੀਆਂ ਵਿਧਵਾ ਹੋ ਗਈਆਂ ਸਨ। ਉਨ੍ਹਾਂ ਦੇ ਸਾਰੇ ਬੱਚੇ ਵਿਦਿਆਰਥੀ ਸਨ। ਪਰਿਵਾਰ ਦੀ ਆਮਦਨ ਕੋਈ ਹੈ ਨਹੀਂ ਸੀ। ਨਾਨੇ ਦੀ ਜ਼ਮੀਨ ਦੇ ਠੇਕੇ ਨਾਲ ਹੀ ਪਰਿਵਾਰ ਦੀ ਗੱਡੀ ਰਿੜ੍ਹਨੀ ਸ਼ੁਰੂ ਹੋਈ। ਹਰਜੀਤ ਮੋਗੇ ਦੇ ਆਰੀਆ ਸਕੂਲ ਵਿਚ ਦਾਖਲ ਹੋ ਗਿਆ। ਅਰਜ਼ੀ ਦੇ ਕੇ ਫੀਸ ਮੁਆਫ ਕਰਾਈ, ਪਰ ਉਹ ਪੜ੍ਹਨ ਦੀ ਥਾਂ ਮਿੱਟੀ ਦੇ ਬਲਦ-ਘੋੜੇ ਬਣਾਉਂਦਾ ਰਹਿੰਦਾ, ਸਿੱਟੇ ਵਜੋਂ ਦਸਵੀਂ ‘ਚੋਂ ਦੋ ਵਾਰ ਫੇਲ੍ਹ ਹੋ ਗਿਆ। ਫਿਰ ਕਰੇ ਤਾਂ ਕੀ ਕਰੇ?
ਹਾਰ ਕੇ ਹਰਜੀਤ ਨੂੰ ਮੋਗੇ ਦੀ ਨੈਸਲੇ ਡੇਅਰੀ ਵਿਚ ਚੌਥਾ ਦਰਜਾ ਮੁਲਾਜ਼ਮ ਬਣਨਾ ਪਿਆ। ਜਦੋਂ ਚਾਰ ਪੈਸੇ ਹੱਥ ਆਏ ਤਾਂ ਮੁੜ ਮਿਸ਼ਨ ਸਕੂਲ ਵਿਚ ਪੜ੍ਹਨ ਲੱਗ ਪਿਆ। ਹਮਦਰਦ ਅਧਿਆਪਕਾਂ ਦੀ ਹੱਲਾਸ਼ੇਰੀ ਨਾਲ ਦਸਵੀਂ ਪਾਸ ਕਰ ਗਿਆ। ਮਿਸ਼ਨ ਸਕੂਲ ਵਿਚ ਪੜ੍ਹਦਿਆਂ ਉਹ ਪੰਜਾਬ ਪੱਧਰ ‘ਤੇ ਫੁੱਟਬਾਲ ਖੇਡਿਆ ਅਤੇ ਡਰਾਇੰਗ ਵਿਚ ਸਭ ਤੋਂ ਵਧੀਆ ਵਿਦਿਆਰਥੀ ਸਾਬਤ ਹੋਇਆ। ਮਾਸਟਰ ਨਿਰਮਲ ਸਿੰਘ ਗਿੱਲ ਨੇ ਉਸ ਨੂੰ ਬੀ. ਐਡ ਕਾਲਜ ਦੇ ਆਰਟ ਪ੍ਰੋਫੈਸਰ ਡੀ. ਐਸ਼ ਰਾਠੌਰ ਦੇ ਲੜ ਲਾ ਦਿਤਾ। ਰਾਠੌਰ ਦੀ ਸੰਗਤ ਵਿਚ ਹਰਜੀਤ ਦੀ ਪ੍ਰਤਿਭਾ ਨੂੰ ਸੇਧ ਮਿਲ ਗਈ। ਉਹ ਕਿਸੇ ਆਰਟ ਕਾਲਜ ਵਿਚ ਦਾਖਲਾ ਲੈਣਾ ਚਾਹੁੰਦਾ ਸੀ, ਪਰ ਗੇੜ ਅਜਿਹਾ ਬਣਿਆ ਕਿ ਪਟਿਆਲੇ ਦੇ ਸਰੀਰਕ ਸਿੱਖਿਆ ਕਾਲਜ ਵਿਚ ਜਾ ਦਾਖਲ ਹੋਇਆ। ਉਥੇ ਉਹਦੀ ਕਲਾ ਪ੍ਰਤਿਭਾ ਵੀ ਚਮਕਣੀ ਸ਼ੁਰੂ ਹੋ ਗਈ। ਖਿਡਾਰੀ ਵੀ ਤਕੜਾ ਬਣ ਗਿਆ, ਪਰ ਨਾ ਕਲਾ ਵਿਚ ਰੁਜ਼ਗਾਰ ਸੀ, ਨਾ ਖੇਡ ਵਿਚ।
ਫਿਰ ਰੁਜ਼ਗਾਰ ਦਫਤਰਾਂ ਦੇ ਧੱਕੇ ਖਾਂਦਾ ਕਦੇ ਕਿਸੇ ਸਕੂਲ ‘ਚ ਪੀ. ਟੀ. ਕਰਾਉਣ ਲੱਗਦਾ, ਕਦੇ ਕਿਸੇ ਸਕੂਲ ਵਿਚ। ਉਹ ਜਿਸ ਸਕੂਲ ਵਿਚ ਵੀ ਪੀ. ਟੀ. ਲੱਗਦਾ, ਉਹਦੀਆਂ ਹੀ ਟੀਮਾਂ ਜਿੱਤਣ ਲੱਗਦੀਆਂ। ਅੱਜ ਵੀ ਉਹਦੇ ਸਮਕਾਲੀ ਅਧਿਆਪਕ ਦੱਸਦੇ ਹਨ, “ਹਰਜੀਤ ਬਣਨਾ ਬਹੁਤ ਔਖਾ ਹੈ। ਉਹ ਤਾਂ ਦੂਜੇ ਅਧਿਆਪਕਾਂ ਦੇ ਖਾਲੀ ਪੀਰੀਅਡ ਵਿਚ ਵੀ ਕਲਾਸਾਂ ਵਿਚ ਜਾ ਵੜਦਾ। ਬੱਚਿਆਂ ਨੂੰ ਗਰਾਊਂਡ ਵਿਚ ਲੈ ਜਾਂਦਾ। ਕਦੇ ਗਿੱਲੀ ਮਿੱਟੀ ਨਾਲ ਜਾਨਵਰ ਬਣਾਉਣੇ ਸਿਖਾਉਂਦਾ, ਕਦੇ ਪੇਂਟਿੰਗ ਸਿਖਾਉਂਦਾ, ਕਦੇ ਲੱਕੜ ਤਰਾਸ਼ੀ। ਹਰਜੀਤ ਦੇ ਸਕੂਲ ਵਿਚ ਹੁੰਦਿਆਂ, ਮਜਾਲ ਹੈ ਕੋਈ ਕਲਾਸ ਵਿਹਲੀ ਹੋਵੇ ਤੇ ਬੱਚੇ ਰੌਲਾ ਪਾਉਂਦੇ ਹੋਣ। ਪੂਰਾ ਸਕੂਲ ਕੰਟਰੋਲ ਵਿਚ ਹੁੰਦਾ ਸੀ। ਸੱਚ ਆਖੀਏ, ਹਰਜੀਤ ਦਾ ਰੰਗ ਗਰਾਊਂਡਾਂ ਵਿਚ ਬੱਚਿਆਂ ਨੂੰ ਪ੍ਰੈਕਟਿਸ ਕਰਵਾਉਂਦਿਆਂ ਹੀ ਧੁੱਪਾਂ ‘ਚ ਕਾਲਾ ਹੋਇਆ। ਉਹ ਤਾਂ ਛੁੱਟੀ ਵਾਲੇ ਦਿਨ ਵੀ ਬੱਚਿਆਂ ਨੂੰ ਸਕੂਲ ਵਿਚ ਬੁਲਾ ਲੈਂਦਾ ਤੇ ਆਪ ਮੋਗਿਓਂ ਸਵੇਰੇ ਹੀ ਸਾਈਕਲ ‘ਤੇ ਨਿਕਲ ਜਾਂਦਾ, ਕਦੇ ਡਾਲੇ, ਕਦੇ ਮਹਿਣੇ, ਕਦੇ ਘੱਲ ਕਲਾਂ, ਕਦੇ ਦੀਨਾ ਸਾਹਿਬ ਤੇ ਕਦੇ ਦੌਲਤਪੁਰੇ…। ਅੱਜ ਕੱਲ੍ਹ ਤਾਂ ਮਾਸਟਰ ਕੰਮ ਵਾਲੇ ਦਿਨ ਨ੍ਹੀਂ ਬੱਚਿਆਂ ਨੂੰ ਪੜ੍ਹਾਉਂਦੇ, ਛੁੱਟੀ ਵਾਲੇ ਦਿਨ ਕੌਣ ਜਾਂਦੈ? ਹਰਜੀਤ ਬਣਨਾ ਬਹੁਤ ਔਖਾ ਹੈ।”
ਪੀ. ਟੀ. ਹੁੰਦਿਆਂ ਉਸ ਨੇ ਪ੍ਰਾਈਵੇਟ ਤੌਰ ‘ਤੇ ਬੀ. ਏ. ਕਰ ਲਈ, ਉਹ ਵੀ ਫਸਟ ਕਲਾਸ ਵਿਚ। ਫਿਰ ਸਕੂਲੋਂ ਛੁੱਟੀ ਲੈ ਕੇ ਹੁਸ਼ਿਆਰਪੁਰ ਦੇ ਸਰਕਾਰੀ ਕਾਲਜ ਤੋਂ ਫਾਈਨ ਆਰਟਸ ਦੀ ਐਮ. ਏ. ਕੀਤੀ। 1983 ਵਿਚ ਉਸ ਨੂੰ ਸਟੇਟ ਪੱਧਰ ਦਾ ਕਲਾ ਅਵਾਰਡ ਮਿਲਿਆ। ਪੰਜਾਬ ਦੇ ਗਵਰਨਰ ਨੇ ਉਚੇਚਾ ਪ੍ਰਸ਼ੰਸਾ ਪੱਤਰ ਦਿੱਤਾ। ਬਾਬਾ ਫਰੀਦ ਮੇਲੇ ਵਿਚ ਡੀ. ਸੀ. ਫਰੀਦਕੋਟ ਅਤੇ ਲਾਜਪਤ ਰਾਏ ਮੇਲਾ ਢੁੱਡੀਕੇ ਵਿਚ ਮੁੱਖ ਸਕੱਤਰ ਨੇ ਅਵਾਰਡ ਦਿੱਤੇ। ਫਿਰ ਉਹ ਆਪਣੀ ਭੈਣ ਕੋਲ ਨਿਊ ਯਾਰਕ ਚਲਾ ਗਿਆ। ਉਥੇ ਸਾਈਨ ਬੋਰਡ ਲਿਖਣ ਦੀ ਮਜ਼ਦੂਰੀ ਕਰਦਾ ਰਿਹਾ। ਆਖਰ 2010 ਤੋਂ ਉਹਦੀ ਮੋਜ਼ੇਕੀ ਦਾ ਮੁੱਲ ਪੈਣ ਲੱਗਾ। ਚਿੱਤਰਾਂ ਦੀ ਮਾਣ ਭੇਟਾ ਹਜ਼ਾਰਾਂ ਡਾਲਰਾਂ ਤਕ ਚਲੀ ਗਈ। ਉਥੋਂ ਦੇ ਕਲਾ ਪਾਰਖੂਆਂ ਨੇ ਕਿਹਾ, “ਇਹ ਤਾਂ ਛੁਪਿਆ ਰੁਸਤਮ ਨਿਕਲਿਆ!”
ਉਸ ਨੇ ਕੱਚ ਦੇ ਬਾਰੀਕ ਟੁਕੜੇ ਜੋੜ ਕੇ ਬਾਬਾ ਫਰੀਦ ਦਾ ਚਿੱਤਰ ਬਣਾਇਆ, ਜਿਸ ਵਿਚ ਚਿਹਰੇ ਦੀ ਰੂਹਾਨੀਅਤ ਵੀ ਉਜਾਗਰ ਕੀਤੀ। ਮੋਜ਼ੇਕ ਸ਼ੈਲੀ ਵਿਚ ‘ਆਸਕਰ ਅਵਾਰਡ’ ਦੇ ਘੁੰਮਦੇ ਹੋਣ ਦਾ ਪ੍ਰਭਾਵ ਪੂਰੀ ਪ੍ਰਵੀਨਤਾ ਨਾਲ ਸਿਰਜਿਆ। ਹਰਿਮੰਦਰ ਸਾਹਿਬ ਦਾ ਚਿੱਤਰ ਇਕ ਸਾਲ ਦੀ ਮਿਹਨਤ ਨਾਲ ਤਿਆਰ ਕੀਤਾ। ਉਸ ਵਿਚ ਸਰੋਵਰ ‘ਤੇ ਪੈਂਦਾ ਅਕਸ ਚਮਤਕਾਰੀ ਮਹਿਸੂਸ ਹੁੰਦਾ ਹੈ। ਨੀਲੇ ਤੇ ਸੁਨਹਿਰੀ ਰੰਗ ਅਧਿਆਤਮਕ ਰੂਪ ਨੂੰ ਨਿਖਾਰਦੇ ਹਨ। ਕਲਾ ਪਾਰਖੂ ਮੋਨਿਕਾ ‘ਨਾਰਥ ਅਮੈਰੀਕਨ ਸਿੱਖ ਰੀਵਿਊ’ ਵਿਚ ਲਿਖਦੀ ਹੈ, “ਹਰਜੀਤ ਦਾ ਆਰਟ ਵਰਕ ਆਪਣੇ ਮੂੰਹੋਂ ਆਪ ਬੋਲਦਾ ਹੈ, ਜੋ ਉਹਦੇ ਸਬਰ ਸੰਤੋਖ, ਸਖਤ ਮਿਹਨਤ, ਲਗਨ, ਦ੍ਰਿੜਤਾ ਤੇ ਤਿਆਗ ਦੀ ਗਵਾਹੀ ਦਿੰਦਾ ਹੈ।”
ਡਾ. ਸਰੋਦ ਪਾਂਡੇ ਨੇ ਲਿਖਿਆ, “ਹਰਜੀਤ ਮਿੱਟੀ, ਲੱਕੜ ਤੇ ਪੱਥਰਾਂ ਨਾਲ ਆਪਣੀ ਪਿਛਲੇ ਜਨਮ ਦੀ ਸਾਂਝ ਦੱਸਦਾ ਹੈ। ਉਹ ਮਿੱਟੀ ਵਿਚ ਸਿਰਜੇ ਚਿਹਰੇ ਤੇ ਪੰਜਾਂ ਇੰਦਰੀਆਂ ਦਾ ਮੇਲ ਇੰਜ ਮੇਲਦਾ ਹੈ ਜਿਵੇਂ ਖਾਸ ਮਿੱਟੀ, ਖਾਸ ਆਦਮੀ ਦੇ ਚਰਿਤਰ ਲਈ ਹੀ ਬਣੀ ਹੋਵੇ। ਹਰਜੀਤ ਟੋਭਿਆਂ ਦੀ ਮਿੱਟੀ ਨੂੰ ਸਾਕਾਰ ਰੂਪ ਦੇਣ ਵਾਲਾ ਕਲਾਕਾਰ ਹੈ।”
ਉਸ ਦੇ ਆਰਟ ਗੁਰੂ ਪ੍ਰੋ. ਡੀ. ਐਸ਼ ਰਾਠੌਰ, ਜੋ ਪੈਨਸਿਲ ਵਰਕ, ਵਾਟਰ-ਕਲਰ, ਆਇਲ ਕਲਰ ਤੇ ਬੁੱਤ ਤਰਾਸ਼ੀ ਵਿਚ ਮਾਹਿਰ ਸਨ, ਨੇ ਹਰਜੀਤ ਨੂੰ ਐਸਾ ਚੰਡਿਆ ਕਿ ਫਿਰ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਹਰਜੀਤ ਆਪਣੀ ਮਿਹਨਤ ਤੇ ਲਗਨ ਬਾਰੇ ਦੱਸਦਾ ਹੈ, “ਇਕ ਵਾਰ ਮੈਂ ਰਾਠੌਰ ਸਾਹਿਬ ਕੋਲ ਬੈਠਾ ਸ਼ਹੀਦ ਭਗਤ ਸਿੰਘ ਦਾ ਮਿੱਟੀ ਦਾ ਬੁੱਤ ਰਿਹਾ ਸਾਂ। ਮੈਂ ਆਪਣੇ ਕੰਮ ਵਿਚ ਏਨਾ ਮਗਨ ਸਾਂ ਕਿ ਪਤਾ ਹੀ ਨਾ ਲੱਗਾ, ਕਿੰਨੇ ਘੰਟੇ ਮੈਂ ਪੈਰਾਂ ਭਾਰ ਬੈਠਾ ਆਪਣੀ ਧੁਨ ਵਿਚ ਲੱਗਾ ਰਿਹਾ? ਜਦੋਂ ਸ਼ਾਮ ਨੂੰ ਕੰਮ ਖਤਮ ਕਰ ਕੇ ਉੱਠਣ ਲੱਗਾ ਤਾਂ ਧੜੰਮ ਕਰ ਕੇ ਪਿੱਠ ਪਰਨੇ ਡਿੱਗ ਪਿਆ। ਪੈਰਾਂ ਨੇ ਭਾਰ ਹੀ ਨਾ ਝੱਲਿਆ। ਪੈਰ ਤਾਂ ਜਿਵੇਂ ਮੇਰੇ ਨਾਲ ਈ ਨਹੀਂ ਸਨ। ਸੁੰਨ ਮਸੁੰਨ, ਭਾਵੇਂ ਹੌਲੀ ਹੌਲੀ ਵੱਢ ਦਿਉ, ਮੈਨੂੰ ਭੋਰਾ ਪੀੜ ਨਾ ਹੋਵੇ। ਖੜਕਾ ਸੁਣ ਕੇ ਗੁਰੂ ਰਾਠੌਰ ਭੱਜੇ ਆਏ ਤੇ ਚੁੱਕਿਆ।”
ਦਰਅਸਲ ਸਿਰਜਣਾ ਵਿਚ ਲੀਨ ਹੋਏ ਨੇ ਮਹਿਸੂਸ ਹੀ ਨਾ ਕੀਤਾ ਕਿ ਪੈਰਾਂ ਨੂੰ ਉਸ ਦੀ ਬਲੱਡ ਸਰਕੁਲੇਸ਼ਨ ਰੁਕ ਚੁਕੀ ਹੈ। ਤਦੇ ਕਿਹਾ ਜਾਂਦਾ ਹੈ ਕਿ ਕਲਾਕਾਰ ਕਲਾ ਸਿਰਜਣਾ ਵਿਚ ਅਕਸਰ ਡੁੱਬ ਜਾਂਦੇ ਹਨ।
ਹਰਜੀਤ ਸੰਧੂ ਨੇ ਬਾਬਾ ਫਰੀਦ ਤੋਂ ਲੈ ਕੇ ਦਰਬਾਰ ਸਾਹਿਬ, ਮਦਰ ਟਰੀਸਾ, ਬਰਾਕ ਓਬਾਮਾ, ਆਸਕਰ ਅਵਾਰਡ, ਮੇਅਰ ਬਲੂਮ ਬਰਗ ਤੇ ਸ਼ਹੀਦ ਭਗਤ ਸਿੰਘ ਆਦਿ ਦੇ ਮੋਜ਼ੇਕ ਸਿਰਜੇ ਹਨ ਅਤੇ ਮਿੱਟੀ ਤੇ ਲੱਕੜ ਦੀਆਂ ਕਲਾ ਕਿਰਤਾਂ ਵੀ ਹਨ। ਉਹਦਾ ਇਹ ਸਫਰ ਜਾਰੀ ਹੈ, ਜੋ ਅੰਤਲੇ ਦਮ ਤਕ ਜਾਰੀ ਰਹੇਗਾ। ਕਿਸੇ ਕਵੀ ਦੀਆਂ ਸਤਰਾਂ ਹਨ,
ਜਦੋਂ ਵਾਰੀ ਆਈ ਤਾਂ ਜਹਾਨ ਛੱਡ ਜਾ
ਪਿੱਛੇ ਪਰ ਪੈੜਾਂ ਦੇ ਨਿਸ਼ਾਨ ਛੱਡ ਜਾ।
ਲੱਖਾਂ ਆਏ ਮੇਲਿਆਂ ‘ਚ ਗੁੰਮ ਹੋ ਗਏ
ਵੱਖਰੀ ਕੋਈ ਆਪਣੀ ਪਛਾਣ ਛੱਡ ਜਾ।