ਗੁਰਮਤਿ ਅਤੇ ਸਿੱਖ ਧਰਮ

ਹਾਕਮ ਸਿੰਘ
ਸਿੱਖ ਧਰਮ ਵਿਚ ਗੁਰੂ ਗ੍ਰੰਥ ਸਾਹਿਬ ਨੂੰ ਇਸ਼ਟ ਮੰਨਿਆ ਜਾਂਦਾ ਹੈ। ਹਰ ਸਿੱਖ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਦਾ ਅਤੇ ਭੇਟਾ ਅਰਪਣ ਕਰਦਾ ਹੈ। ਇਸ ਤੋਂ ਪ੍ਰਭਾਵ ਪੈਣਾ ਸੁਭਾਵਕ ਹੈ ਕਿ ਸਿੱਖ ਧਰਮ ਦਾ ਆਧਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ; ਪਰ ਐਸਾ ਨਹੀਂ ਹੈ। ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਭੂ ਰੂਪ ਗੁਰੂ ਮੰਨ ਕੇ ਪੂਜਦੇ ਤਾਂ ਹਨ, ਪਰ ਗੁਰਬਾਣੀ ਪ੍ਰਤੀ ਉਨ੍ਹਾਂ ਦਾ ਰਵੱਈਆ ਰਾਜ ਵਿਚ ਸਿੱਖ ਧਰਮ ਦੀ ਸਥਿਤੀ ਅਨੁਸਾਰ ਬਦਲਦਾ ਰਹਿੰਦਾ ਹੈ। ਸੰਕਟ ਸਮੇਂ ਸਿੱਖਾਂ ਵਿਚ ਗੁਰਬਾਣੀ ਨੂੰ ਜਾਣਨ ਦੀ ਇੱਛਾ ਅਤੇ ਸ਼ਰਧਾ ਵਧ ਜਾਂਦੀ ਹੈ ਅਤੇ ਸੰਕਟ ਟਲਣ ‘ਤੇ ਘਟ ਜਾਂਦੀ ਹੈ। ਗੁਰਬਾਣੀ ਨਾਲ ਨੇੜਤਾ ਉਨ੍ਹਾਂ ਦੇ ਨੈਤਿਕ ਜੀਵਨ ਵਿਚ ਸੁਧਾਰ ਲੈ ਆਉਂਦੀ ਹੈ ਅਤੇ ਕੁਝ ਸਮੇਂ ਲਈ ਸਿੱਖ ਧਰਮ ਦਾ ਸਨਮਾਨ ਵਧ ਜਾਂਦਾ ਹੈ।

ਗੁਰੂ ਗ੍ਰੰਥ ਸਾਹਿਬ ਵਿਚ ਗੁਰਬਾਣੀ ਨੂੰ ‘ਖਸਮ ਕੀ ਬਾਣੀ’ ਕਿਹਾ ਗਿਆ ਹੈ,
ਜੈਸੀ ਮੈ ਆਵੈ ਖਸਮ ਕੀ ਬਾਣੀ
ਤੈਸੜਾ ਕਰੀ ਗਿਆਨੁ ਵੇ ਲਾਲੋ॥ (ਪੰਨਾ 722)
ਇਹ ਪ੍ਰਭੂ ਵਲੋਂ ਗੁਰੂ ਨੂੰ ਬਖਸ਼ਿਸ਼ ਕੀਤਾ ਗਿਆਨ ਹੈ, ਜੋ ਉਸ ਨੇ ਗੁਰੂ ਨੂੰ ਸੰਸਾਰ ਨਾਲ ਸਾਂਝਾ ਕਰਨ ਲਈ ਪ੍ਰਦਾਨ ਕੀਤਾ ਹੈ। ਇਸ ਗਿਆਨ ਨੂੰ ਗੁਰਮਤਿ ਆਖਿਆ ਜਾਂਦਾ ਹੈ। ਗੁਰਮਤਿ ਮੂਲ ਰੂਪ ਵਿਚ ਪ੍ਰਭੂ, ਉਸ ਵਲੋਂ ਸ੍ਰਿਸ਼ਟੀ ਦੀ ਸਿਰਜਣਾ ਅਤੇ ਸੰਸਾਰ ਵਿਚ ਮਨੁੱਖ ਦੇ ਉਸ ਨਾਲ ਸਬੰਧਾਂ ਦਾ ਗਿਆਨ ਹੈ।
ਗੁਰਮਤਿ ਅਨੁਸਾਰ ਪ੍ਰਭੂ ਸ੍ਰਿਸ਼ਟੀ ਦਾ ਸਿਰਜਣਹਾਰ ਹੈ ਅਤੇ ਆਪ ਉਸ ਵਿਚ ਵਿਆਪਕ ਹੈ। ਗੁਰੂ ਗ੍ਰੰਥ ਸਾਹਿਬ ਦੇ ਮੰਗਲਾਚਰਨ ਵਿਚ ਮਨੁੱਖ ਨੂੰ ਸਮਝ ਆਉਣ ਵਾਲੇ ਪ੍ਰਭੂ ਦੇ ਕੁਝ ਗੁਣਾਂ ਦਾ ਵਰਣਨ ਹੈ; ਪਰ ਗੁਰਬਾਣੀ ਪ੍ਰਭੂ ਨੂੰ ਅਨੰਤ ਆਖਦੀ ਹੈ। ਉਸ ਨੂੰ ਬਿਆਨ ਕਰਨਾ ਸੰਭਵ ਨਹੀਂ,
ਅਗਮ ਅਗੋਚਰਾ ਤੇਰਾ ਅੰਤੁ ਕਿਨੇ ਨ ਪਾਇਆ॥ (ਪੰਨਾ 918)
ਅਤੇ
ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ॥
ਨਾਨਕ ਵਡਾ ਆਖੀਐ ਆਪੇ ਜਾਣੈ ਆਪੁ॥ (ਪੰਨਾ 5)
ਗੁਰਬਾਣੀ ਮਨੁੱਖਾ ਜੀਵਨ ਦਾ ਮਨੋਰਥ ਪ੍ਰਭੂ ਦਾ ਗਿਆਨ ਪ੍ਰਾਪਤ ਕਰਕੇ ਉਸ ਨਾਲ ਮਿਲਾਪ ਦੱਸਦੀ ਹੈ,
ਭਈ ਪਰਾਪਤਿ ਮਾਨੁਖ ਦੇਹੁਰੀਆ॥
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥ (ਪੰਨਾ 12)
ਪਰ ਪ੍ਰਭੂ ਅਦ੍ਰਿਸ਼ਟ ਹੈ। ਉਸ ਨਾਲ ਮਿਲਾਪ ਤਾਂ ਦੂਰ ਦੀ ਗੱਲ, ਮਨੁੱਖ ਲਈ ਉਸ ਦੇ ਰੂਪ ਦੀ ਕਲਪਨਾ ਕਰਨੀ ਵੀ ਸੰਭਵ ਨਹੀਂ। ਇਸ ਲਈ ਗੁਰਬਾਣੀ ਪ੍ਰਭੂ ਦੇ ਗਿਆਨ ਦੀ ਪ੍ਰਾਪਤੀ ਨੂੰ ਹੀ ਮਿਲਾਪ ਨਾਲ ਸਮਾਨਤਾ ਦਿੰਦੀ ਹੈ,
ਐਸਾ ਗਿਆਨੁ ਬੀਚਾਰੈ ਕੋਈ॥
ਤਿਸ ਤੇ ਮੁਕਤ ਪਰਮ ਗਤਿ ਹੋਈ॥ (ਪੰਨਾ 878)
ਪ੍ਰਭੂ ਦਾ ਗਿਆਨ ਪ੍ਰਾਪਤ ਕਰਨ ਅਤੇ ਵਿਚਾਰਨ ਲਈ ਗੁਰਬਾਣੀ ਮਨੁੱਖ ਨੂੰ ਸਤ, ਸੰਤੋਖ ਅਤੇ ਦਇਆ ਦੇ ਗੁਣ ਧਾਰ ਕੇ ਧਰਮ ਦੇ ਮਾਰਗ ‘ਤੇ ਚੱਲਣ ਦਾ ਉਪਦੇਸ਼ ਦਿੰਦੀ ਹੈ,
ਸਤੁ ਕਾਰਜਿ ਸਤੁ ਸੰਤੋਖੁ ਦਇਆ ਧਰਮੁ ਹੈ
ਗੁਰਮੁਖਿ ਬੂਝੈ ਕੋਈ॥ (ਪੰਨਾ 351)
ਗਿਆਨ ਦੀ ਪ੍ਰਾਪਤੀ ਮਨੁੱਖ ਦੇ ਜੀਵਨ ਵਿਚ ਅਨੰਦ ਲੈ ਆਉਂਦੀ ਹੈ,
ਗਿਆਨ ਖੰਡ ਮਹਿ ਗਿਆਨੁ ਪਰਚੰਡੁ॥
ਤਿਥੈ ਨਾਦ ਬਿਨੋਦ ਕੋਡ ਅਨੰਦੁ॥ (ਪੰਨਾ 7)
ਹੋਰ ਉਦਮ ਕਰਨ ਨਾਲ ਮਨੁੱਖ ਦੇ ਮਾਨਸਕ ਰੂਪ ਵਿਚ ਨਿਖਾਰ ਆ ਜਾਂਦਾ ਹੈ ਅਤੇ ਉਸ ਦੀ ਸੁਰਤ, ਮਤ, ਮਨ ਅਤੇ ਬੁਧੀ ਨਿਪੁੰਨ ਹੋ ਜਾਂਦੇ ਹਨ, ਜੀਵਨ ਸਿੱਧਾਂ ਵਾਲਾ ਹੋ ਜਾਂਦਾ ਹੈ,
ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ॥
ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ॥ (ਪੰਨਾ 7)
ਪ੍ਰਭੂ ਦੀ ਮਿਹਰ ਹੋਣ ‘ਤੇ ਮਨੁੱਖ ਨੂੰ ਆਤਮ-ਬਲ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਉਹ ਸੱਚ ਖੰਡ ਵਿਚ ਪਰਵੇਸ਼ ਕਰ ਜਾਂਦਾ ਹੈ।
ਪ੍ਰਭੂ ਦਾ ਗਿਆਨ ਪ੍ਰਾਪਤ ਕਰਨ ਲਈ ਧਰਮ ਦੇ ਮਾਰਗ ‘ਤੇ ਚਲਣ ਤੋਂ ਮਨੁੱਖ ਨੂੰ ਦੋ ਭਰਮ ਅਤੇ ਉਨ੍ਹਾਂ ਦਾ ਮੋਹ ਰੋਕੀ ਰਖਦੇ ਹਨ: ਪਹਿਲਾ, ਸੰਸਾਰ ਦੀ ਮਾਇਆ ਅਤੇ ਦੂਜਾ, ਮਨੁੱਖੀ ਮਨ ਦੀ ਹਉਮੈ। ਗੁਰਬਾਣੀ ਵਿਚ ਮਾਇਆ ਕੋਈ ਧਨ, ਦੌਲਤ ਜਾਂ ਸੰਪੱਤੀ ਦਾ ਸੰਕਲਪ ਨਹੀਂ ਹੈ, ਉਹ ਤਾਂ ਮਨੁੱਖੀ ਮਨ ਨੂੰ ਪ੍ਰਭੂ ਵਲ ਧਿਆਨ ਦੇਣ ਤੋਂ ਰੋਕਣ ਵਾਲੀ ਭਾਵਨਾ ਦੇ ਸਰੋਤ ਦਾ ਸੰਕਲਪ ਹੈ। ਇਹ ਭਾਵਨਾ ਸੰਸਾਰ ਵਿਚ ਛਾਏ ਮਾਇਆ ਦੇ ਤ੍ਰੈਗੁਣਾਂ ਦੀ ਉਪਜ ਹੁੰਦੀ ਹੈ, ਜਿਨ੍ਹਾਂ ਨੂੰ ਗੁਰਬਾਣੀ ‘ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ॥’ (ਪੰਨਾ 1123) ਆਖਦੀ ਹੈ। ਇਨ੍ਹਾਂ ਤ੍ਰੈਗੁਣਾਂ, ਰਜੋ ਗੁਣ (ਮਿਹਨਤ, ਸ਼ਕਤੀ), ਤਮੋ ਗੁਣ (ਅੰਧਕਾਰ, ਅਗਿਆਨ, ਜੜ੍ਹਤਾ) ਅਤੇ ਸਤੋ ਗੁਣ (ਜਤ ਸਤ, ਸ਼ਾਂਤੀ) ਦਾ ਮਿਸ਼ਰਣ ਮਨੁੱਖ ਦੀ ਮਨੋਬਿਰਤੀ ਨਿਰਧਾਰਤ ਕਰਦਾ ਹੈ ਅਤੇ ਉਸ ਨੂੰ ਸਿਰਜਣਹਾਰ ਪ੍ਰਭੂ ਵਲ ਧਿਆਨ ਦੇਣ ਤੋਂ ਹੋੜਦਾ ਹੈ।
ਮਨੁੱਖ ਵਿਚ ਵੀ ਪ੍ਰਭੂ ਦਾ ਵਾਸਾ ਹੈ, ‘ਪਾਰਬ੍ਰਹਮੁ ਜਨੁ ਰਹਿਆ ਸਮਾਇ॥’ (ਪੰਨਾ 193), ਪਰ ਮਨੁੱਖ ਆਪਣੇ ਅੰਦਰ ਵਸ ਰਹੇ ਪ੍ਰਭੂ (ਆਤਮਾ) ਨੂੰ ਦੇਖਣ, ਮਿਲਣ ਅਤੇ ਉਸ ਨਾਲ ਗੱਲਬਾਤ ਕਰਨਯੋਗ ਨਹੀਂ ਹੁੰਦਾ, ਵਿਚਾਲੇ ਹਉਮੈ ਨੇ ਪਰਦਾ ਪਾਇਆ ਹੋਇਆ ਹੈ,
ਅੰਤਰਿ ਅਲਖੁ ਨ ਜਾਈ ਲਖਿਆ
ਵਿਚਿ ਪੜਦਾ ਹਉਮੈ ਪਾਈ॥
ਮਾਇਆ ਮੋਹਿ ਸਭੋ ਜਗੁ ਸੋਇਆ
ਇਹੁ ਭਰਮੁ ਕਹਹੁ ਕਿਉ ਜਾਈ॥1॥
ਏਕਾ ਸੰਗਤਿ ਇਕਤੁ ਗ੍ਰਿਹਿ ਬਸਤੇ
ਮਿਲਿ ਬਾਤ ਨ ਕਰਤੇ ਭਾਈ॥ (ਪੰਨਾ 205)
ਹਉਮੈ ਮਨੁੱਖ ਵਿਚ ਸੁਤੰਤਰ ਹੋਂਦ ਦੇ ਵਿਸ਼ਵਾਸ ਨੂੰ ਆਖਿਆ ਜਾਂਦਾ ਹੈ। ਇਹ ਵਿਸ਼ਵਾਸ ਮਨੁੱਖ ਦੇ ਨਾਲ ਜਨਮ ਲੈਂਦਾ ਹੈ,
ਹਉਮੈ ਕਰਿ ਕਰਿ ਜੰਤ ਉਪਾਇਆ॥ (ਪੰਨਾ 466)
ਹਉਮੈ ਮਨੁੱਖ ਨੂੰ ਜੀਵਨ ਦੀ ਰਖਿਅਕ ਅਤੇ ਸ਼ਕਤੀ ਹੋਣ ਦਾ ਭਰਮ ਪਾਈ ਰੱਖਦੀ ਹੈ। ਪ੍ਰਭੂ ਦੀ ਕਿਰਪਾ ਨਾਲ ਹੀ ਇਸ ਨੂੰ ਮਾਰਿਆ ਜਾ ਸਕਦਾ ਹੈ,
ਜਾ ਹਰਿ ਪ੍ਰਭਿ ਕਿਰਪਾ ਧਾਰੀ॥
ਤਾ ਹਉਮੈ ਵਿਚਹੁ ਮਾਰੀ॥ (ਪੰਨਾ 879)
ਸੰਸਾਰ ਵਿਚ ਪ੍ਰਭੂ ਦਾ ਵਾਸਾ ਹੈ ਅਤੇ ਗੁਰਬਾਣੀ ਸੰਸਾਰ ਨੂੰ ਉਸ ਦਾ ਰੂਪ ਆਖਦੀ ਹੈ,
ਇਹੁ ਜਗੁ ਸਚੇ ਕੀ ਹੈ ਕੋਠੜੀ
ਸਚੇ ਕਾ ਵਿਚਿ ਵਾਸੁ॥ (ਪੰਨਾ 463)
ਅਤੇ
ਏਹੁ ਵਿਸੁ ਸੰਸਾਰ ਤੁਮ ਦੇਖਦੇ
ਇਹੁ ਹਰਿ ਕਾ ਰੂਪ ਹੈ
ਹਰਿ ਰੂਪ ਨਦਰੀ ਆਇਆ॥ (ਪੰਨਾ 922)
ਪ੍ਰਭੂ ਸੰਸਾਰ ਵਿਚ ਵਸਦਾ ਹੈ, ਪਰ ਮਨੁੱਖਾਂ ਨੂੰ ਦਿਸਦਾ ਨਹੀਂ, ਕਿਉਂਕਿ ਉਥੇ ਮਾਇਆ ਦੇ ਤ੍ਰੈਗੁਣ ਛਾਏ ਹੁੰਦੇ ਹਨ,
ਤਿਹੁ ਗੁਣ ਮਹਿ ਵਰਤੈ ਸੰਸਾਰਾ॥ (ਪੰਨਾ 389)
ਅਤੇ
ਮਾਇਆ ਮੋਹੁ ਜਗਤੁ ਸਬਾਇਆ॥
ਤ੍ਰੈਗੁਣ ਦੀਸਹਿ ਮੋਹੇ ਮਾਇਆ॥ (ਪੰਨਾ 129)
ਪ੍ਰਭੂ ਤ੍ਰੈਗੁਣੀ ਸੰਸਾਰ ਵਿਚ ਸਮਾਇਆ ਹੋਇਆ ਹੈ, ਪਰ ਨਜ਼ਰ ਨਹੀਂ ਆਉਂਦਾ ਕਿਉਂਕਿ ਉਹ ਉਥੇ ਵਸਦਾ ਨਹੀਂ। ਉਹ ਤ੍ਰੈਗੁਣਾਂ ਤੋਂ ਬਾਹਰ ਚੌਥੇ ਪਦ ਵਿਚ ਵਸਦਾ ਹੈ,
ਤੀਨਿ ਸਮਾਵੈ ਚਉਥੇ ਵਾਸਾ॥ (ਪੰਨਾ 839)
ਅਤੇ
ਤ੍ਰੈ ਵਰਤਾਇ ਚਉਥੈ ਘਰਿ ਵਾਸਾ॥ (ਪੰਨਾ 1038)
ਉਸ ਨੂੰ ਚੌਥੇ ਪਦ ਵਿਚ ਪਰਵੇਸ਼ ਕਰਕੇ ਹੀ ਜਾਣਿਆ ਜਾ ਸਕਦਾ ਹੈ, ਜਿਸ ਵਿਚ ਪਰਵੇਸ਼ ਲਈ ਮਨੁੱਖ ਨੂੰ ਹਉਮੈ ਮਾਰਨੀ ਪੈਂਦੀ ਹੈ। ਚੌਥਾ ਪਦ ਅਸਲ ਵਿਚ ਹਉਮੈ ਰਹਿਤ ਮਨੁੱਖ ਦੀ ਮਾਨਸਕ ਅਵਸਥਾ ਦਾ ਸੰਕਲਪ ਹੈ। ਹਉਮੈ ਰਹਿਤ ਮਨੁੱਖੀ ਮਨ ਹੀ ਮਾਇਆ ਰਹਿਤ ਸੰਸਾਰ ਦੇ ਚੌਥੇ ਪਦ ਵਿਚ ਪਰਵੇਸ਼ ਕਰਕੇ ਪ੍ਰਭੂ ਦਾ ਗਿਆਨ ਪ੍ਰਾਪਤ ਕਰ ਸਕਦਾ ਹੈ,
ਚਉਥੇ ਪਦ ਕਉ ਜੋ ਨਰੁ ਚੀਨੈ
ਤਿਨ ਹੀ ਪਰਮ ਪਦੁ ਪਾਇਆ॥ (ਪੰਨਾ 1123)
ਆਮ ਮਨੁੱਖ ਲਈ ਮਾਇਆ ਦੇ ਤ੍ਰੈਗੁਣਾਂ ਨੂੰ ਤਿਆਗਣਾ ਬਹੁਤ ਔਖਾ ਹੈ, ਕਿਉਂਕਿ ਮਾਇਆ ਦੇ ਪੰਜ ਵਿਸ਼ੇ ਵਿਕਾਰ-ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਉਸ ਨੂੰ ਆਪਣੇ ਭਰਮਜਾਲ ਵਿਚ ਫਸਾਈ ਰਖਦੇ ਹਨ। ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋਣ ਲਈ ਗੁਰਬਾਣੀ ਮਨੁੱਖ ਨੂੰ ਸ਼ਬਦ ਨੂੰ ਗੁਰੂ ਮੰਨ ਕੇ ਉਸ ਨਾਲ ਸੁਰਤ ਜੋੜਨ ਦਾ ਉਪਦੇਸ਼ ਦਿੰਦੀ ਹੈ,
ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ (ਪੰਨਾ 943)
ਸੁਰਤ ਜੋੜ ਕੇ ਸ਼ਬਦ ਦੀ ਵਿਚਾਰ ਕਰਨ ਅਤੇ ਉਸ ਦੀ ਓਟ ਲੈਣ ‘ਤੇ ਮਾਇਆ ਦਾ ਭਰਮ ਮਿਟ ਜਾਂਦਾ ਹੈ,
ਏਹੁ ਮਨੁ ਮਾਇਆ ਮੋਹਿਆ
ਅਉਧੂ ਨਿਕਸੈ ਸਬਦਿ ਵੀਚਾਰੀ॥ (ਪੰਨਾ 908)
ਤ੍ਰੈਗੁਣੀ ਸੰਸਾਰ ਵਿਚ ਪ੍ਰਭੂ ਦਾ ਵਾਸਾ ਨਾ ਹੋਣ ਕਾਰਨ ਗੁਰਬਾਣੀ ਉਸ ਨੂੰ ਮਾਇਆ ਰੂਪ, ਦੂਜਾ, ਖੇਲ੍ਹ, ਭਰਮ, ਸੁਪਨਾ, ਝੂਠ ਅਤੇ ਭੌਜਲ ਆਖਦੀ ਹੈ। ਗੁਰ ਫੁਰਮਾਨ ਹਨ,
ਇਨਿ ਮਾਇਆ ਜਗ ਮੋਹਿਆ
ਵਿਰਲਾ ਬੂਝੈ ਕੋਇ॥ (ਪੰਨਾ 595)
ਨਾਨਕ ਸਚਾ ਏਕੁ ਹੈ
ਦੁਹੁ ਵਿਚਿ ਹੈ ਸੰਸਾਰੁ॥ (ਪੰਨਾ 950)
ਸਦਾ ਸਦਾ ਤੂੰ ਏਕੁ ਹੈ
ਤੁਧੁ ਦੂਜਾ ਖੇਲੁ ਰਚਾਇਆ॥ (ਪੰਨਾ 139)
ਮਾਧਵੇ ਕਿਆ ਕਹੀਐ ਭ੍ਰਮ ਐਸਾ॥
ਜੈਸਾ ਮਾਨੀਐ ਹੋਇ ਨ ਤੈਸਾ॥ (ਪੰਨਾ 657)
ਛਛੈ ਛਾਇਆ ਵਰਤੀ ਸਭ ਅੰਤਰਿ
ਤੇਰਾ ਕੀਆ ਭਰਮੁ ਹੋਆ॥ (ਪੰਨਾ 433)
ਜੈਸਾ ਸੁਪਨਾ ਰੈਨਿ ਕਾ ਤੈਸਾ ਸੰਸਾਰ॥ (ਪੰਨਾ 808)
ਢੰਢਲਿਮੁ ਢੂਢਿਮੁ ਡਿਠੁ ਮੈ
ਨਾਨਕ ਜਗੁ ਧੂਏ ਕਾ ਧਵਲਹਰੁ॥ (ਪੰਨਾ 138)
ਜਗ ਰਚਨਾ ਸਭ ਝੂਠ ਹੈ
ਜਾਨਿ ਲੇਹੋ ਰੇ ਮੀਤ॥ (ਪੰਨਾ 1428)
ਅਤੇ
ਦ੍ਰਿਸਟਮਾਨ ਹੈ ਸਗਲ ਮਿਥੇਨਾ॥ (ਪੰਨਾ 1083)
ਇਹ ਗੁਰਬਾਣੀ ਦਾ ਮੂਲ ਸਿਧਾਂਤ ਹੈ। ਗੁਰਬਾਣੀ ਮਨੁੱਖ ਨੂੰ ਅਧਿਆਤਮਕ ਜੀਵਨ ਨਾਲ ਸਬੰਧਤ ਹੋਰ ਵੀ ਕਈ ਉਪਦੇਸ਼ ਕਰਦੀ ਹੈ, ਜਿਵੇਂ ਮਨੁੱਖ ਨੂੰ ਗੁਰਮੁਖਾਂ ਵਾਲਾ ਜੀਵਨ ਧਾਰਨ ਕਰਕੇ ਨਿਰਭੈਤਾ ਅਤੇ ਨਿਰਵੈਰਤਾ ਦੇ ਗੁਣ ਧਾਰਨ ਕਰਨੇ ਚਾਹੀਦੇ ਹਨ, ਕਿਉਂਕਿ ‘ਵਿਣੁ ਗੁਣ ਕੀਤੇ ਭਗਤਿ ਨ ਹੋਇ॥’ (ਪੰਨਾ 4) ਸੰਸਾਰ ਵਿਚ ਪ੍ਰਭੂ ਦਾ ਹੁਕਮ ਵਰਤ ਰਿਹਾ ਹੈ, ਇਸ ਲਈ ਆਪਣੀ ਇੱਛਾ ਦੀ ਥਾਂ ਮਨੁੱਖ ਨੂੰ ਪ੍ਰਭੂ ਦੇ ਹੁਕਮ ਅਤੇ ਰਜ਼ਾ ਅਨੁਸਾਰ ਚਲਣਾ ਚਾਹੀਦਾ ਹੈ,
ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ (ਪੰਨਾ 1)
ਅਤੇ
ਜੋ ਪ੍ਰਭੁ ਕਰੈ ਸੋਈ ਭਲ ਮਾਨਹੁ
ਸੁਖਿ ਦੁਖਿ ਓਹੀ ਧਿਆਈਐ ਰੇ॥ (ਪੰਨਾ 209)
ਗੁਰਬਾਣੀ ਦੀ ਸਮਝ ਪੜ੍ਹਨ ਜਾਂ ਪਾਠ ਕਰਨ ਨਾਲ ਨਹੀਂ, ਵਿਚਾਰ ਕਰਨ ਨਾਲ ਆਉਂਦੀ ਹੈ ਅਤੇ ਜੀਵਨ ਪਰਉਪਕਾਰੀ ਬਣ ਜਾਂਦਾ ਹੈ,
ਪੜਿਐ ਨਾਹੀ ਭੇਦੁ ਬੁਝੀਐ ਪਾਵਣਾ॥ (ਪੰਨਾ 148)
ਅਤੇ
ਵਿਦਿਆ ਵੀਚਾਰੀ ਤਾ ਪਰਉਪਕਾਰੀ॥ (ਪੰਨਾ 356)
ਕਰਮ ਜੀਵਨ ਦਾ ਆਧਾਰ ਹੁੰਦੇ ਹਨ,
ਜੇਹੇ ਕਰਮ ਕਮਾਇ ਤੇਹਾ ਹੋਇਸੀ॥ (ਪੰਨਾ 730)
ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ॥ (ਪੰਨਾ 470-471)
ਅਤੇ
ਆਪੇ ਬੀਜਿ ਆਪ ਹੀ ਖਾਹੁ॥ (ਪੰਨਾ 4)
ਅਭਿਮਾਨ ਨਹੀਂ ਕਰਨਾ ਚਾਹੀਦਾ ਅਤੇ ਨੇਕੀ ਕਰਕੇ ਭੁਲਾ ਦੇਣੀ ਚਾਹੀਦੀ ਹੈ,
ਕਬੀਰਾ ਰੋੜਾ ਹੋਇ ਰਹੁ ਬਾਟ ਕਾ
ਤਜਿ ਮਨ ਕਾ ਅਭਿਮਾਨ॥ (ਪੰਨਾ 1372)
ਅਤੇ
ਜੇ ਲੋੜਹਿ ਚੰਗਾ ਆਪਣਾ
ਕਰਿ ਪੁੰਨਹੁ ਨੀਚੁ ਸਦਾਈਐ॥ (ਪੰਨਾ 485)
ਪ੍ਰਭੂ ਨੇ ਹਰ ਬੰਦੇ ਨੂੰ ਨਿੱਜੀ ਆਜ਼ਾਦੀ ਅਤੇ ਬਰਾਬਰੀ ਦੀ ਬਖਸ਼ਿਸ਼ ਕੀਤੀ ਹੈ। ਬੰਦੇ ਦਾ ਸਤਿਕਾਰ ਕਰਨਾ ਅਤੇ ਉਸ ਦੇ ਹੱਕਾਂ ਦੀ ਰਾਖੀ ਕਰਨੀ ਪ੍ਰਭੂ ਦੀ ਬੰਦਗੀ ਹੈ, ਕਿਉਂਕਿ ‘ਘਟ ਘਟ ਅੰਤਰਿ ਬ੍ਰਹਮ ਸਮਾਹੂ॥’ (ਪੰਨਾ 259), ਆਦਿ।
ਗੁਰਬਾਣੀ ਅਦ੍ਰਿਸ਼ਟ ਪ੍ਰਭੂ ਅਤੇ ਉਸ ਦੀ ਸਿਰਜੀ ਕਾਇਨਾਤ ਤੇ ਉਨ੍ਹਾਂ ਦੇ ਸਬੰਧਾਂ ਦਾ ਗਿਆਨ ਹੈ। ਇਹ ਗਿਆਨ ਮਨੁੱਖੀ ਅਨੁਭਵ ਤੋਂ ਉਪਜੀ ਜਾਣਕਾਰੀ, ਵਿਗਿਆਨ ਅਤੇ ਸਮਾਜ ਵਿਚ ਪ੍ਰਚਲਿਤ ਸੋਚ ਅਤੇ ਵਿਸ਼ਵਾਸ ਤੋਂ ਭਿੰਨ ਹੈ। ਸਮਾਜਕ ਸੰਗਠਨ ਹੋਣ ਦੇ ਨਾਤੇ ਸਿੱਖ ਧਰਮ ਨੇ ਸਮਾਜ ਵਿਚ ਪ੍ਰਚਲਿਤ ਸੋਚ ਨੂੰ ਅਪਨਾਇਆ ਹੋਇਆ ਹੈ। ਉਹ ਆਪਣੇ ਸ਼ਰਧਾਲੂਆਂ ਨੂੰ ਸਫਲਤਾ, ਵਡਿਆਈ, ਸੰਪੱਤੀ, ਸ਼ਕਤੀ ਅਤੇ ਸੁਖ ਲਈ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਨ ਲਈ ਪ੍ਰੇਰਿਤ ਕਰਦਾ ਹੈ। ਗੁਰਮਤਿ ਗੁਰਬਾਣੀ ਨੂੰ ਮਨੁੱਖ ਦੀ ਰਹਿਨੁਮਾ ਮੰਨਦੀ ਹੈ, ਪਰ ਸਿੱਖ ਧਰਮ ਪਰੰਪਰਾਗਤ ਰਹਿਤ ਨੂੰ ਧਾਰਮਿਕ ਜੀਵਨ ਦਾ ਆਧਾਰ ਮੰਨਦਾ ਹੈ। “ਸਿੱਖ ਰਹਿਤ ਮਰਯਾਦਾ” (1945) ਵਿਚ ‘ਗੁਰਮਤਿ ਦੀ ਰਹਿਣੀ’ (ਪੰਨਾ 17) ਸੁਰਖੀ ਹੇਠ ਲਿਖਿਆ ਹੈ,
“ਸਿੱਖ ਦੀ ਰਹਿਣੀ, ਕ੍ਰਿਤ, ਵਿਰਤ, ਗੁਰਮਤਿ ਅਨੁਸਾਰ ਹੋਵੇ। ਗੁਰਮਤਿ ਇਹ ਹੈ,…(ਹ) ਖਾਲਸਾ ਸਾਰੇ ਮਤਾਂ ਤੋਂ ਨਿਆਰਾ ਰਹੇ, ਪਰ ਕਿਸੇ ਅਨਧਰਮੀ ਦਾ ਦਿਲ ਨਾ ਦੁਖਾਵੇ। (ਕ) ਹਰ ਕੰਮ ਕਰਨ ਤੋਂ ਪਹਿਲਾਂ ਵਾਹਿਗੁਰੂ ਅੱਗੇ ਅਰਦਾਸ ਕਰੇ। (ਖ) ਸਿੱਖ ਲਈ ਗੁਰਮੁਖੀ ਵਿਦਿਆ ਪੜ੍ਹਨੀ ਜ਼ਰੂਰੀ ਹੈ। ਹੋਰ ਵਿਦਿਆ ਭੀ ਪੜ੍ਹੇ। (ਗ) ਸੰਤਾਨ ਨੂੰ ਗੁਰ ਸਿੱਖੀ ਦੀ ਵਿਦਿਆ ਦਿਵਾਉਣੀ ਸਿੱਖ ਦਾ ਫਰਜ਼ ਹੈ। (ਘ) ਕੇਸ ਲੜਕੇ ਕੇ ਜੋ ਹੋਏ ਸੋ ਉਨ੍ਹਾਂ ਦਾ ਬੁਰਾ ਨਾ ਮੰਗੇ। ਕੇਸ ਉਹੀ ਰਖੇ, ਨਾਮ ਸਿੰਘ ਰਖੇ। ਸਿੱਖ ਆਪਣੇ ਲੜਕੇ ਲੜਕੀਆਂ ਦੇ ਕੇਸ ਸਾਬਤ ਰਖੇ। (ਙ) ਸਿੱਖ ਭੰਗ, ਅਫੀਮ, ਸ਼ਰਾਬ, ਤਮਾਕੂ ਆਦਿ ਨਸ਼ੇ ਨਾ ਕਰੇ। ਅਮਲ ਪ੍ਰਸ਼ਾਦੇ ਦਾ ਹੀ ਰਖੇ। (ਚ) ਸਿੱਖ ਮਰਦ ਅਥਵਾ ਇਸਤਰੀ ਨੂੰ ਨੱਕ ਕੰਨ ਛੇਦਨਾ ਮਨ੍ਹਾਂ ਹੈ। (ਛ) ਗੁਰੂ ਕਾ ਸਿੱਖ ਕੰਨਿਆ ਨਾ ਮਾਰੇ, ਕੁੜੀ ਮਾਰ ਨਾਲ ਨਾ ਵਰਤੇ…।”
ਸਿੱਖ ਧਰਮ ਵਿਚ ਗੁਰਬਾਣੀ ਸੰਚਾਰ ਨੂੰ ਨਿਤ ਨੇਮ ਕਰਨ, ਸ਼ਬਦਾਂ ਦੀ ਵਿਆਖਿਆ ਅਤੇ ਕੀਰਤਨ ਸੁਣਨ ਤੇ ਅਖੰਡ ਜਾਂ ਸਾਧਾਰਨ ਪਾਠ ਕਰਵਾਉਣ ਤਕ ਸੀਮਤ ਰਖਿਆ ਗਿਆ ਹੈ। ਗੁਰਬਾਣੀ ਦੀ ਵਿਆਖਿਆ ਗੁਰਮਤਿ ਸਿਧਾਂਤ ਦੀ ਥਾਂ ਸਮਾਜ ਵਿਚ ਪ੍ਰਚਲਿਤ ਸੋਚ ਅਨੁਸਾਰ ਕੀਤੀ ਜਾਂਦੀ ਹੈ ਜਾਂ ਉਸ ਨੂੰ ਇਤਿਹਾਸਕ ਵਾਰਦਾਤਾਂ ਰਾਹੀਂ ਸਮਝਾਇਆ ਜਾਂਦਾ ਹੈ, ਜੋ ਗੁਰਬਾਣੀ ਦੀ ਸਹੀ ਤਰਜਮਾਨੀ ਕਰਨਯੋਗ ਨਹੀਂ ਹਨ। ਗੁਰਦੁਆਰੇ ਗੁਰਬਾਣੀ ਦੀ ਸਿਖਿਆ ਦੇਣ ਨਾਲੋਂ ਧਾਰਮਿਕ ਰਹਿਤ ਅਤੇ ਸਮਾਜਕ ਵਿਹਾਰ ਦੀ ਪਾਲਣਾ ਨੂੰ ਅਹਿਮੀਅਤ ਦਿੰਦੇ ਹਨ। ਸਿੱਖ ਧਾਰਮਿਕ ਸੰਸਥਾਵਾਂ ਗੁਰਮਤਿ ‘ਤੇ ਆਪਣਾ ਹੱਕ ਜਮਾਉਂਦੀਆਂ ਅਤੇ ਉਸ ‘ਤੇ ਆਪਣੀ ਇਜਾਰੇਦਾਰੀ ਸਮਝਦੀਆਂ ਹਨ। ਉਹ ਪੁਜਾਰੀਆਂ ਤੇ ਅੰਮ੍ਰਿਤਧਾਰੀਆਂ ਨੂੰ ਹੀ ਗੁਰਬਾਣੀ ਪੜ੍ਹਨ ਤੇ ਵਿਚਾਰਨ ਦੇ ਹੱਕਦਾਰ ਮੰਨਦੀਆਂ ਹਨ ਅਤੇ ਸਿੱਖ ਵਿਦਵਾਨਾਂ ਨੂੰ ਗੁਰਬਾਣੀ ਬਾਰੇ ਸੁਤੰਤਰ ਤੇ ਸੰਸਥਾਵਾਂ ਤੋਂ ਵਖਰੇ ਵਿਚਾਰ ਪੇਸ਼ ਕਰਨ ਤੋਂ ਰੋਕਦੀਆਂ ਹਨ।
ਗੁਰਮਤਿ ਅਤੇ ਸਿੱਖ ਧਰਮ ਦਾ ਉਗਮਨ ਸਮਾਨੰਤਰ ਧਾਰਮਿਕ ਲਹਿਰਾਂ ਦੇ ਰੂਪ ਵਿਚ ਹੋਇਆ। ਗੁਰਮਤਿ ਵਿਚਾਰਧਾਰਾ ਗੁਰਬਾਣੀ ਵਿਚ ਪ੍ਰਗਟ ਹੋਈ ਅਤੇ ਸਿੱਖ ਧਾਰਮਿਕ ਲਹਿਰ ਗੁਰਗੱਦੀ ਦੀ ਉਪਜ ਸੀ। ਗੁਰਗੱਦੀ ਦਾ ਸੰਕਲਪ ਗੁਰਮਤਿ ਦੇ ਉਲਟ ਹੈ ਅਤੇ ਗੁਰੂ ਸਾਹਿਬਾਨ ਨੇ ਗੱਦੀ ਵਿਚ ਕੋਈ ਦਿਲਚਸਪੀ ਨਹੀਂ ਸੀ ਦਿਖਾਈ, ਪਰ ਗੁਰ-ਪਰਿਵਾਰਾਂ ਦੇ ਬਹੁਤੇ ਮੈਂਬਰ ਗੁਰਗੱਦੀ ‘ਤੇ ਆਪਣਾ ਹੱਕ ਸਮਝਦੇ ਸਨ। ਗੁਰਗੱਦੀ ਦੇ ਅਭਿਲਾਸ਼ੀ ਗੁਰਮਤਿ ਦੀ ਥਾਂ ਲੋਕਾਂ ਦੇ ਪਸੰਦੀਦਾ, ਪ੍ਰਭਾਵੀ, ਸੁਖਾਲੇ ਅਤੇ ਵੱਖਰੇ ਧਾਰਮਿਕ ਵਿਹਾਰ ਦੇ ਸਮਰਥਕ ਅਤੇ ਗੱਦੀ ਦੀ ਸੰਪੱਤੀ ਵਿਚ ਵਾਧਾ ਕਰਨ ਦੇ ਚਾਹਵਾਨ ਸਨ। ਗੁਰਬਾਣੀ ਵਿਚ ਉਨ੍ਹਾਂ ਨੂੰ ‘ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ॥’ ਅਤੇ ‘ਜਿ ਬਿਨੁ ਸਤਿਗੁਰ ਸੇਵੇ ਆਪੁ ਗਣਾeਦੇ ਤਿਨ ਅੰਦਰਿ ਕੂੜੁ ਫਿਟੁ ਫਿਟੁ ਮੁਹ ਫਿਕੇ॥’ (ਪੰਨਾ 304) ਆਖਿਆ ਗਿਆ ਹੈ। ਗੁਰੂ ਅਰਜਨ ਦੇਵ ਜੀ ਵਲੋਂ ਪੋਥੀ ਸਾਹਿਬ ਦੇ ਸੰਪਾਦਨ ਪਿਛੋਂ ਪੋਥੀ ਸਾਹਿਬ ਨੂੰ ਵੀ ਸਿੱਖ ਧਾਰਮਿਕ ਲਹਿਰ ਦੇ ਵਿਕਾਸ ਦਾ ਅੰਗ ਬਣਾ ਲਿਆ ਗਿਆ ਸੀ।
ਪੰਚਮ ਪਾਤਿਸ਼ਾਹ ਦੀ ਸ਼ਹੀਦੀ ਪਿਛੋਂ ਦਰਬਾਰ ਸਾਹਿਬ ‘ਤੇ ਪ੍ਰਿਥੀ ਚੰਦ ਅਤੇ ਉਸ ਦੀ ਸੰਤਾਨ ਦਾ ਕਬਜ਼ਾ ਹੋ ਗਿਆ। ਕਰਤਾਰਪੁਰ ਅਤੇ ਪੋਥੀ ਸਾਹਿਬ ਧੀਰ ਮੱਲ ਦੀ ਮਲਕੀਅਤ ਬਣ ਗਏ। ਉਸ ਦੀ ਸੰਤਾਨ ਨੇ ਗੁਰਗੱਦੀ ਦੇ ਹੱਕ ਦਾ ਇੰਦਰਾਜ ਵੀ ਪੋਥੀ ਸਾਹਿਬ ਵਿਚ ਕਰ ਲਿਆ। ਗੁਰੂ ਹਰਿਗੋਬਿੰਦ ਸਾਹਿਬ ਨੂੰ ਅੰਮ੍ਰਿਤਸਰ ਛੱਡ ਕੇ ਕੀਰਤਪੁਰ ਸਾਹਿਬ ਟਿਕਾਣਾ ਬਣਾਉਣਾ ਪਿਆ। ਗੁਰੂ ਹਰਿਕ੍ਰਿਸਨ ਜੀ ਦੇ ਜੋਤੀ ਜੋਤਿ ਸਮਾਉਣ ਸਮੇਂ ਗੁਰਗੱਦੀ ਦੇ ਦਾਅਵੇਦਾਰਾਂ ਦੀ ਭੀੜ ਲੱਗੀ ਹੋਈ ਸੀ। ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੀ ਸੰਤਾਨ ਨੂੰ ਗੁਰੂ ਪਦਵੀ ਤੇ ਉਸ ਦੀ ਰਾਖੀ ਲਈ ਭਾਰੀ ਮੁੱਲ ਤਾਰਨਾ ਪਿਆ।
ਬੰਦਾ ਬਹਾਦਰ ਦੇ ਮੁਗਲ ਰਾਜ ‘ਤੇ ਹਮਲੇ ਨੇ ਸਿੱਖ ਧਾਰਮਿਕ ਲਹਿਰ ਵਿਚ ਮੂਲ ਤਬਦੀਲੀ ਲੈ ਆਂਦੀ। ਇਸ ਵਿਚ ਸਿਆਸਤ ਪਰਵੇਸ਼ ਕਰ ਗਈ। ਗੁਰਮਤਿ ਦਾ ਪ੍ਰਚਾਰ ਬੰਦ ਹੋ ਗਿਆ। ਉਦਾਸੀ ਅਤੇ ਨਿਰਮਲੇ ਸਾਧੂਆਂ ਨੂੰ ਮੁਗਲ ਪ੍ਰਸ਼ਾਸਨ ਵਿਚ ਧਾਰਮਿਕ ਪ੍ਰਚਾਰ ਦੀ ਖੁੱਲ੍ਹ ਸੀ। ਉਨ੍ਹਾਂ ਗੁਰਮਤਿ ਦੇ ਪ੍ਰਚਾਰ ਕੇਂਦਰਾਂ ‘ਤੇ ਕਬਜ਼ੇ ਕਰ ਲਏ, ਉਦਾਸੀ ਮੱਤ ਨਾਲ ਗੁਰਬਾਣੀ ਦੇ ਅੰਸ਼ ਮਿਲਾ ਕੇ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਦੀ ਰੀਤ ਚਲਾ ਦਿੱਤੀ ਅਤੇ ਗੁਰਮਤਿ ਤੋਂ ਵਖਰੇ ਸਿੱਖ ਧਰਮ ਦੀ ਸਥਾਪਨਾ ਕਰ ਦਿੱਤੀ। ਸਿੱਖ ਮਿਸਲਾਂ ਅਤੇ ਰਣਜੀਤ ਸਿੰਘ ਦੇ ਰਾਜ ਸਮੇਂ ਸਿੱਖ ਧਰਮ ਦੇ ਪੈਰੋਕਾਰਾਂ ਵਿਚ ਬਹੁਤ ਵਾਧਾ ਹੋਇਆ। ਉਦਾਸੀ ਅਤੇ ਨਿਰਮਲੇ ਵਿਦਵਾਨਾਂ ਨੇ ਸਿੱਖ ਧਰਮ ਦਾ ਪ੍ਰਭਾਵਸ਼ਾਲੀ ਮਿੱਥਕ ਇਤਿਹਾਸ ਰਚ ਦਿੱਤਾ ਅਤੇ ਆਪਣੇ ਵਿਰਸੇ ‘ਤੇ ਮਾਣ ਕਰਨ ਦੀ ਪ੍ਰਥਾ ਪਾ ਦਿੱਤੀ।
ਸਿੱਖ ਧਰਮ ਇੱਕ ਸਮਾਜਕ ਸੰਗਠਨ ਵਜੋਂ ਪੰਜਾਬ ਤੋਂ ਦਿੱਲੀ ਤਕ ਲੋਕਪ੍ਰਿਅ ਹੋ ਗਿਆ, ਪਰ ਬ੍ਰਿਟਿਸ਼ ਰਾਜ ਵਿਚ ਆਰੀਆ ਸਮਾਜ ਨੇ ਸਿੱਖ ਧਰਮ ਦੀ ਵਖਰੀ ਹੋਂਦ ਨੂੰ ਖਤਮ ਕਰਨ ਲਈ ਗੁਰੂ ਨਾਨਕ ਸਾਹਿਬ ਦਾ ਅਪਮਾਨ ਅਤੇ ਉਨ੍ਹਾਂ ਦੀ ਵਿਚਾਰਧਾਰਾ ਦਾ ਖੰਡਨ ਕਰਨਾ ਸ਼ੁਰੂ ਕਰ ਦਿੱਤਾ। ਗੁਰਮਤਿ ਵਿਰੋਧੀ ਉਦਾਸੀ ਅਤੇ ਨਿਰਮਲੇ ਮਹੰਤ ਪਹਿਲੋਂ ਹੀ ਗੁਰਦੁਆਰਿਆਂ ‘ਤੇ ਕਾਬਜ਼ ਸਨ। ਆਰੀਆ ਸਮਾਜੀਆਂ ਦੇ ਪ੍ਰਚਾਰ ਦੇ ਟਾਕਰੇ, ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਅਤੇ ਗੁਰਮਤਿ ਦਾ ਪ੍ਰਸਾਰ ਕਰਨ ਲਈ ਨਵੀਂ ਸੋਚ ਵਾਲੀਆਂ ਸਿੰਘ ਸਭਾਵਾਂ ਹੋਂਦ ਵਿਚ ਆਈਆਂ। ਗੁਰਦੁਆਰਿਆਂ ਨੂੰ ਮਹੰਤਾਂ ਦੇ ਕੰਟਰੋਲ ਤੋਂ ਆਜ਼ਾਦ ਕਰਵਾਉਣ ਲਈ ਸਿੱਖਾਂ ਨੂੰ ਸੰਘਰਸ਼ ਕਰਨਾ ਪਿਆ, ਜੋ ਸਿਆਸੀ ਰੂਪ ਧਾਰ ਗਿਆ। ਸਿੱਖ ਧਰਮ ਮੁੜ ਨਵੀਂ ਸਿਆਸਤ ਨਾਲ ਜੁੜ ਗਿਆ ਅਤੇ ਆਰੀਆਂ ਸਮਾਜੀਆਂ ਦੇ ਸਿਰਤੋੜ ਵਿਰੋਧ ਦੇ ਬਾਵਜੂਦ ਦੁਨੀਆਂ ਦਾ ਪੰਜਵਾਂ ਵੱਡਾ ਧਰਮ ਬਣਨ ਵਿਚ ਸਫਲ ਹੋ ਗਿਆ।
ਜਦੋਂ ਹਿੰਦੂਤਵ ਦੀ ਫਾਸ਼ਿਸਟ ਵਿਚਾਰਧਾਰਾ ਭਾਰਤੀ ਰਾਜਨੀਤੀ ਵਿਚ ਉਭਰ ਰਹੀ ਸੀ ਅਤੇ ਆਰੀਆ ਸਮਾਜੀ ਭਾਰਤੀ ਰਾਜ ਸ਼ਕਤੀ ਦੇ ਪ੍ਰਭਾਵਸ਼ਾਲੀ ਭਾਈਵਾਲ ਸਨ, ਸਿੱਖਾਂ ਨੇ ਭਾਰਤੀ ਸੰਵਿਧਾਨ ਦੀ ਧਾਰਾ 25 ਵਿਚ ਸੋਧ ਤੇ ਅਨੰਦਪੁਰ ਸਾਹਿਬ ਦਾ ਮਤਾ ਪਾਸ ਕਰਕੇ ਭਾਰਤੀ ਸੰਘੀ ਵਿਧਾਨ ਵਿਚ ਵਿਸ਼ੇਸ਼ ਹੱਕਾਂ ਦੀ ਮੰਗ ਰੱਖ ਦਿੱਤੀ। ਅਜਿਹੇ ਨਾਜ਼ੁਕ ਸਮੇਂ ਸਿੱਖਾਂ ਦਾ ਭਾਵਨਾਵਾਂ ਦੀ ਰੌ ਵਿਚ ਸਿਆਸਤ ਵਿਚ ਅਨਾੜੀ ਧਾਰਮਿਕ ਆਗੂ ਪਿਛੇ ਲੱਗ ਕੇ ਭਾਰਤ ਸਰਕਾਰ ਵਿਰੁਧ ਸਿਆਸੀ ਜੰਗ ਛੇੜਨ ਦੀ ਗਲਤੀ ਦਾ ਸਿੱਖ ਜਗਤ ਨੂੰ ਵੀਹਵੀਂ ਸ਼ਤਾਬਦੀ ਦੇ ਪਿਛਲੇ ਦੋ ਦਹਾਕੇ ਭਾਰੀ ਸੰਤਾਪ ਹੰਢਾਉਣਾ ਪਿਆ।
ਗੁਰਮਤਿ ਮਨ ਸਾਧ ਕੇ ਪ੍ਰਭੂ ਦਾ ਗਿਆਨ ਪ੍ਰਾਪਤ ਕਰਨ ਦੀ ਵਿਧੀ ਹੈ। ਇਹ ਕਿਸੇ ਸਮਾਜਕ ਸੰਗਠਨ ਦੀ ਮਲਕੀਅਤ ਨਹੀਂ ਹੈ ਅਤੇ ਨਾ ਹੀ ਇਸ ‘ਤੇ ਕਿਸੇ ਦਾ ਕਾਪੀਰਾਈਟ ਹੈ। ਹਰ ਬੰਦੇ ਨੂੰ ਇਸ ‘ਤੇ ਵਿਚਾਰ ਅਤੇ ਵਿਸ਼ਵਾਸ ਕਰਨ ਤੇ ਇਸ ਦਾ ਉਪਾਸ਼ਕ ਬਣਨ ਜਾਂ ਵਿਰੋਧ ਕਰਨ ਦਾ ਹੱਕ ਹੈ। ਇਸ ਦੇ ਉਲਟ ਸਿੱਖ ਧਰਮ ਸਰੀਰਕ ਜ਼ਾਬਤੇ ਰਾਹੀਂ ਮਨ ਨੂੰ ਸਾਧਣ ਦੇ ਵਿਸ਼ਵਾਸ ‘ਤੇ ਆਧਾਰਿਤ ਧਾਰਮਿਕ ਸਭਿਆਚਾਰ ਹੈ, ਜਿਸ ਨੂੰ ਆਪਣੀ ਹੋਂਦ ਅਤੇ ਵਿਕਾਸ ਲਈ ਸ਼ਕਤੀ ਦੀ ਲੋੜ ਪੈਂਦੀ ਹੈ। ਸ਼ਕਤੀ ਪ੍ਰਾਪਤ ਕਰਨ ਲਈ ਉਹ ਰਾਜਨੀਤੀ ਵਿਚ ਹਿੱਸਾ ਲੈਂਦਾ ਹੈ ਅਤੇ ਧਾਰਮਿਕ ਭਾਵਨਾਵਾਂ ਨੂੰ ਵੀ ਉਸੇ ਮੰਤਵ ਲਈ ਵਰਤਦਾ ਹੈ।
ਸਿੱਖ ਧਰਮ ਗੁਰਮਤਿ ਨਹੀਂ ਹੈ। ਗੁਰਮਤਿ ਗਿਆਨ ਦੇ ਅਭਿਲਾਸ਼ੀਆਂ ਦੀ ਕੋਈ ਸੰਸਾਰਕ ਇੱਛਾ ਨਹੀਂ ਹੁੰਦੀ। ਉਹ ਤਾਂ ਹਰ ਹਾਲ ਗੁਰਬਾਣੀ ਦੀ ਓਟ ਲੈ ਕੇ ਆਪਣਾ ਮਨ ਸਾਧਣ ਦਾ ਯਤਨ ਕਰਦੇ ਰਹਿੰਦੇ ਹਨ।