ਕਸ਼ਮੀਰ: ਕੇਸਰ ਵੀ ਰੁਲ ਗਿਆ ਕੇਸੂਆਂ ਦੇ ਭਾਅ

ਹਰਜਿੰਦਰ ਦੋਸਾਂਝ
ਬਚਪਨ ਬਹੁਤ ਕੁਝ ਤੁਹਾਡੇ ਅੰਦਰ ਧਰ ਜਾਂਦੈ। ਮੇਰਾ ਬਾਪ ਪੰਜਾਬ ਦੇ ਆਵਾਜਾਈ ਵਿਭਾਗ Ḕਚ ਮੱਧ ਵਰਗੀ ਅਫਸਰ ਸੀ। ਪੰਜਾਬ ਰੋਡਵੇਜ਼ ਦੀਆਂ ਜੰਮੂ-ਕਸ਼ਮੀਰ ਜਾਂਦੀਆਂ ਬੱਸਾਂ ਦਾ ਕੰਮ-ਕਾਜ ਦੇਖਣ ਜੰਮੂ ਕਸ਼ਮੀਰ ਜਾਂਦੇ। ਉਹ ਮੁੜਦੇ ਵਕਤ ਸੁਰਖ ਰਾਜ ਮਾਂਹ, ਸੁੱਕੇ ਮੇਵੇ ਅਤੇ ਲੀਚੀਆਂ ਲੈ ਕੇ ਆਉਂਦੇ। ਮੈਂ ਖੁਰਦਰੀਆਂ ਭੂਰੇ ਰੰਗੀਆਂ ਲੀਚੀਆਂ ਛਿੱਲਦਾ, ਵਿਚੋਂ ਦੁੱਧ ਰੰਗੀਆਂ ਗੁੱਦੇਦਾਰ ਲੀਚੀਆਂ ਨਿਕਲਦੀਆਂ। ਮੇਰਾ ਬਾਪ ਕਹਿੰਦਾ, ਇਹ ਨਿਰੀਆਂ ਕਸ਼ਮੀਰ ਦੀ ਬਰਫ ਰੰਗੀਆਂ ਨੇ।

ਮੈਂ ਕਸ਼ਮੀਰ ਨਹੀਂ ਦੇਖਿਆ, ਮੇਰੇ ਲਈ ਅੱਜ ਵੀ ਖਾਕੀ ਰੰਗੀ ਖੱਲ Ḕਚ ਲਿਪਟਿਆ ਹੰਸ ਰੰਗਾ ਲੀਚੀ ਵਰਗਾ ਗੁਦਗੁਦਾ ਜਾਂ ਰਾਜ ਮਾਂਹ ਵਰਗਾ ਕਸ਼ਮੀਰ ਹੈ ਤੇ ਲਗਦੈ। ਕਸ਼ਮੀਰ ਮੇਰੇ ਖਿਆਲਾਂ Ḕਚ ਹਮੇਸ਼ਾ ਚੜ੍ਹਦੇ- ਲਹਿੰਦੇ ਸੂਰਜ ਦੇ ਰੰਗ ਵਰਗਾ ਰਾਜ ਮਾਂਹ ਹੈ ਜਾਂ ਬਰਫ ਲੱਦੇ ਪਹਾੜ ਦੀ ਦੁਪਹਿਰ ਵਾਂਗ ਛਿੱਲੀ ਲੀਚੀ ਜਿਹਾ ਦੁੱਧ ਚਿੱਟਾ।
ਧੁੰਦਲੀ ਜਿਹੀ ਯਾਦ ਹੈ। ਇੱਕ ਵਾਰ ਬਾਪੂ ਨੇ ਮੇਰੇ ਲਈ ਖਰਗੋਸ਼ ਦੀ ਅਸਲੀ ਜੱਤ ਵਾਲੇ ਬਹੁਤ ਨਰਮ ਜਿਹੇ ਮੌਜੇ ਲਿਆਂਦੇ। ਅਸਲੀ ਖੱਲ ਤੇ ਜੱਤ ਦੇ ਮੌਜਿਆਂ ਤੋਂ ਹਮ ਉਮਰ ਡਰਦੇ। ਮੈਂ ਹਾਣੀਆਂ ਨੂੰ ਡਰਾਉਣ Ḕਚ ਸੁਆਦ ਲੈਂਦਾ। ਮੇਰੇ ਤੋਂ ਕੁਝ ਵੱਡੀ ਮਾਂ ਬਾਹਰੀ ਮੇਰੇ ਪਿਉ ਦੀ ਮਸੇਰ ਭੈਣ ਜਸਵਿੰਦਰ ਭੋਲੀ ਸ਼ੇਰਗਿੱਲ ਡਰਦੀ ਸਹੇ ਦੀ ਜੱਤ ਵਾਲੇ ਮੌਜੇ ਚਿਮਟੇ ਨਾਲ ਚੁੱਕਦੀ। ਮੇਰੀ ਮਾਂ ਬਹੁਤ ਮਾਣ ਕਰਦੀ ਜਦੋਂ ਖੀਰ Ḕਚ ਪਾਉਣ ਲਈ ਗੁਆਂਢਣਾਂ ਬਾਪੂ ਦਾ ਲਿਆਂਦਾ ਕਸ਼ਮੀਰੀ ਕੇਸਰ ਮੰਗਣ ਆਉਂਦੀਆਂ। ਨਾਲੇ ਮਾਣ ਨਾਲ ਦੱਸਦੀ, ਕਸ਼ਮੀਰੀ ਉਨ ਦਾ ਹੱਥੀਂ ਬੁਣਿਆ ਸ਼ਾਲ ਕਿੰਨਾ ਹਲਕਾ ਤੇ ਨਿੱਘਾ ਹੈ। ਸੁਣ ਕੇ ਮੈਂ ਕਸ਼ਮੀਰੀ ਕੇਸਰ ਵਾਂਗ ਮਹਿਸੂਸ ਕਰਦਾ।
ਸਰਦ ਰੁੱਤੇ ਕੰਮੀਂ ਕਸ਼ਮੀਰੀ ਪੰਜਾਬ ਆਉਂਦੇ; ਪਿੰਡਾਂ Ḕਚ ਹੋਕੇ ਦਿੰਦੇ ਰੁੱਖ ਵੱਡਣ ਜਾਂ ਲੱਕੜਾਂ ਪਾੜਨ ਦੇ। ਲੰਮ-ਸਲੰਮੇ ਦਰਸ਼ਨੀ ਜੁੱਸੇ, ਖੁੱਲ੍ਹੇ ਪਹਿਰਾਵੇ Ḕਚ ਉਹ ਸਭ ਮੈਨੂੰ ਹਿੰਦੂ ਤਸਵੀਰਾਂ Ḕਚ ਦਿਖਾਏ ਪਰਸ ਰਾਮ ਜਿਹੇ ਲੱਗਦੇ, ਪਰ ਅਪਣੱਤ, ਪਿਆਰ ਤੇ ਹਲੀਮੀ ਦੇ ਮੁਦੱਸਮੇ, ਵਾਅਦੇ ਦੇ ਪੱਕੇ ਇਨਸਾਨ। ਲੱਕੜਹਾਰੇ ਮੈਨੂੰ ਕੱਠਫੋਹੜੇ ਪੰਛੀ ਵਰਗੇ ਸੁੰਦਰ ਮਨੁੱਖ ਲੱਗਦੇ।
ਸਰਦ ਰੁੱਤੇ ਹੀ ਨਰਮ ਤੇ ਲਿੱਸੇ ਜੁੱਸੇ ਵਾਲੇ ਕਸ਼ਮੀਰੀ ਰਾਸ਼ੇ ਪਿੰਡ ਹੋਕਾ ਲਾਉਂਦੇ-ਕਸ਼ਮੀਰੀ ਸ਼ਾਲ, ਕੰਬਲ ਤੇ ਅਖਰੋਟ ਵਗੈਰਾ ਵੇਚਣ ਦਾ। ਕਸ਼ਮੀਰ ਘੁੰਮਿਆ ਮੇਰਾ ਬਾਪ ਉਨ੍ਹਾਂ ਨੂੰ ਬੈਠਾ ਲੈਂਦਾ ਤੇ ਮਾਂ ਨੂੰ ਚਾਹ ਬਣਾਉਣ ਲਈ ਆਖਦਾ। ਖੁਦ ਕਸ਼ਮੀਰ ਬਾਰੇ ਗੱਲਾਂ ਕਰਦਾ, ਉਥੋਂ ਦੇ ਰੀਤੀ ਰਿਵਾਜਾਂ ਦੀਆਂ ਗੱਲਾਂ ਸਾਂਝੀਆਂ ਕਰਦਾ। ਕਸ਼ਮੀਰ ਦੀਆਂ ਸਿਫਤਾਂ ਕਰਦਾ ਕਰਦਾ ਉਨ੍ਹਾਂ ਨਾਲ ਉਲਝ ਪੈਂਦਾ ਕਿ ਤੁਸੀਂ ਲੁਧਿਆਣੇ ਤੇ ਧਾਰੀਵਾਲ ਦੇ ਬਣੇ ਨਕਲੀ ਉਨ ਦੇ ਕੰਬਲ ਕਸ਼ਮੀਰੀ ਕਹਿ ਕੇ ਵੇਚ ਰਹੇ ਹੋ, ਕੁੱਲੂ ਦੇ ਅਖਰੋਟਾਂ ਨੂੰ ਕਸ਼ਮੀਰੀ ਕਹਿ ਕੇ ਵੇਚਦੇ ਹੋ। ਉਹ ਹਲੀਮੀ ਨਾਲ ਇਹੋ ਆਖਦੇ, ਜਨਾਬ ਬਾਰਡਰ ‘ਤੇ ਬਹੁਤ ਸਖਤੀ ਹੈ, ਅਸੀਂ ਆਪਣੇ ਲਈ ਕਸ਼ਮੀਰੀ ਕੰਬਲ ਅਤੇ ਹੋਰ ਗਜ਼ਾ ਲਿਆਉਂਦੇ ਹਾਂ ਤੇ ਮੌਸਮ ਪਿਘਲਣ Ḕਤੇ ਮੁੜਨ ਵੇਲੇ ਹੀ ਅਸਲੀ ਵੇਚਦੇ ਹਾਂ।
ਸੱਚ ਬੋਲਦਿਆਂ ਉਹ ਮੈਨੂੰ ਬਹੁਤ ਚੰਗੇ ਲੱਗਦੇ, ਹੋਰ ਵੀ ਜਦੋਂ ਮੇਰੇ ਬਾਪ ਨੂੰ ਕਹਿੰਦੇ, ਸਰਦਾਰਾ ਲੈ ਲਾ ਜੋ ਲੈਣਾ, ਮਾਲ ਅਸਲੀ ਤੇ ਭਾਅ ਸਿਰ ਦੇਵਾਂਗੇ। ਗੁੱਸਾ ਆਉਂਦਾ ਜਦੋਂ ਮੇਰਾ ਬਾਪ ਬਹਿਸ ਕਰਦਾ। ਸਰਦ ਰੁੱਤੇ ਕੁਝ ਕਸ਼ਮੀਰੀ ਗੱਭਰੂਆਂ ਨਾਲ ਹਾਕੋ ਬਾਬਾ ਹਰ ਸਾਲ ਆਉਂਦਾ। ਮੇਰਾ ਬਾਬਾ ਉਨ੍ਹਾਂ ਨੂੰ ਵਾੜੇ Ḕਚ ਮੁਫਤ ਕਮਰਾ ਦੇ ਦਿੰਦਾ। ਬਾਬਾ ਦੱਸਦੈ, ਜਦੋਂ ਦੇ ਕਸ਼ਮੀਰ ਦੇ ਹਾਲਾਤ ਖਰਾਬ ਹੋਏ, ਉਹ ਪੰਜਾਬ ਆਉਣੋਂ ਹਟ ਗਏ। ਮੈਂ ਜਦ ਵੀ ਅਮਰੀਕਾ ਤੋਂ ਦੇਸ਼ ਗਿਆਂ, ਦੱਸੇ ਟਿਕਾਣਿਆਂ Ḕਤੇ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਾ ਮਿਲੇ। ਹੁਣ ਮੇਰੇ ਕੋਲ ਭਾਰਤ ਦਾ ਵੀਜ਼ਾ ਹੈ, ਪਰ ਕਸ਼ਮੀਰ ਜਾਣ ਦੀ ਮਨਾਹੀ ਹੈ। ਮੈਂ ਕਸ਼ਮੀਰੀ ਬਾਬੇ ਹਾਕੋ ਨੂੰ ਯਾਦ ਕਰਦਾ ਹਾਂ। ਹਾਕਮ ਸੂਫੀ ਦਾ ਗਾਇਆ ਲੋਕ ਗੀਤ ਯਾਦ ਆਉਂਦਾ, “ਸਾਡਾ ਕੇਸਰ ਵੀ ਤੁਲ (ਰੁਲ) ਗਿਆ, ਕੇਸੂਆਂ ਦੇ ਭਾਅ।”