ਨੇਪਾਲ ਵਿਚ ਗੁਰੂ ਨਾਨਕ ਨਾਲ ਸਬੰਧਤ ਸਥਾਨ ਅਤੇ ਵਸਤਾਂ

ਦਲਬਾਰਾ ਸਿੰਘ ਮਾਂਗਟ
ਫੋਨ: 269-267-9621
ਗੁਰੂ ਸਾਹਿਬ ਦੀ ਛੋਹ ਤੋਂ ਬਣੇ ਪਵਿਤਰ ਸਥਾਨਾਂ ਦੀ ਸਾਂਭ-ਸੰਭਾਲ ਸਿੱਖਾਂ ਦਾ ਫਰਜ਼ ਰਿਹਾ ਹੈ ਅਤੇ ਇਹ ਨਿਭਾਉਂਦੇ ਵੀ ਆਏ ਹਨ। 1984 ਵਿਚ ਭਾਰਤੀ ਹਾਕਮਾਂ ਨੇ ਦਰਬਾਰ ਸਾਹਿਬ ‘ਤੇ ਹਮਲਾ ਕੀਤਾ। ਇਹੀ ਨਹੀਂ, ਉਸੇ ਸਾਲ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਸਿੱਖਾਂ ਦਾ ਦਿਨ ਦਿਹਾੜੇ ਕਤਲੇਆਮ ਹੋਇਆ। ਇਨ੍ਹਾਂ ਘਟਨਾਵਾਂ ਨਾਲ ਸਿੱਖਾਂ ਉਤੇ ਬਹੁਤ ਅਸਰ ਪਿਆ। ਅਜਿਹੇ ਹਾਲਾਤ ਵਿਚ ਕੋਈ ਸ਼ਖਸ ਆਪਣਾ ਸੰਤੁਲਨ ਗੁਆ ਲੈਂਦਾ ਹੈ, ਸਗੋਂ ਉਸ ਦਾ ਅਸਲੀਅਤ ਨਾਲੋਂ ਸੰਪਰਕ ਵੀ ਟੁੱਟ ਜਾਂਦਾ ਹੈ।

ਨਿਰਾਸ਼ਾ ਅਤੇ ਅਵਿਸ਼ਵਾਸ ਦੀ ਅਜਿਹੀ ਹਾਲਤ ਕਿ ਇਹ ਕਿਉਂ ਹੋਇਆ, ਦਾ ਉਤਰ ਲੱਭਣ ਲਈ ਇਨਸਾਨ ਮਜਬੂਰ ਹੋ ਜਾਂਦਾ ਹੈ। ਇਸ ਘਟਨਾ ਦਾ ਅਸਰ ਉਸ ਵਕਤ ਦਿੱਲੀ ਵਿਚ ਰਹਿੰਦੇ ਮਨਜੀਤ ਸਿੰਘ ਖਾਲਸਾ ਉਪਰ ਵੀ ਪਿਆ, ਜੋ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ। ਉਹ ਦਿੱਲੀ ਛੱਡ ਕੇ ਚੰਡੀਗੜ੍ਹ/ਪੰਜਾਬ ਚਲਾ ਗਿਆ ਅਤੇ ਨਵਾਂ ਕਾਰੋਬਾਰ ਸ਼ੁਰੂ ਕੀਤਾ ਪਰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।
ਉਂਜ, ਇਨ੍ਹਾਂ ਹਾਲਾਤ ਨੇ ਉਸ ਦੀ ਸੋਚ ਬਦਲ ਦਿੱਤੀ ਅਤੇ ਉਹ ਕਰੀਬ ਸੱਤ ਸਾਲ ਬਾਅਦ ਗੁਰਦੁਆਰਾ ਸੀਸਗੰਜ ਦਿੱਲੀ ਗਿਆ, ਜਿਥੇ ਉਸ ਨੇ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਬਾਰੇ ਪੜ੍ਹਿਆ ਕਿ ਗੁਰੂ ਸਾਹਿਬ ਕਾਠਮੰਡੂ (ਨੇਪਾਲ) ਵੀ ਗਏ ਸਨ। ਇਸ ਬਾਰੇ ਉਸ ਨੇ ਪਹਿਲਾਂ ਨਾ ਕਦੇ ਸੁਣਿਆ ਅਤੇ ਨਾ ਹੀ ਕਿਸੇ ਨੇ ਦੱਸਿਆ ਸੀ। ਉਥੇ ਹੀ ਲਾਇਬਰੇਰੀ ਵਿਚ ਉਸ ਨੇ ਆਪਣੇ ਆਪ ਨਾਲ ਵਾਅਦਾ ਕੀਤਾ ਕਿ ਜੀਵਨ ਦਾ ਬਾਕੀ ਸਮਾਂ ਉਹ ਨੇਪਾਲ ਵਿਚ ਗੁਰੂ ਨਾਨਕ ਦੇਵ ਜੀ ਦੇ ਸਥਾਨ ਲੱਭਣਗੇ। ਫਿਰ ਇਕ ਸਾਲ ਲੰਘਣ ਪਿਛੋਂ 1992 ਵਿਚ ਉਹ ਨੇਪਾਲ ਚਲਾ ਗਿਆ। ਚਾਰ-ਪੰਜ ਦਿਨਾਂ ਪਿੱਛੋਂ ਉਹ ਨੇਮ ਮੁਨੀ ਨਾਂ ਦੇ ਸ਼ਖਸ ਨੂੰ ਮਿਲਿਆਂ, ਜਿਸ ਨੇ ਦੱਸਿਆ ਕਿ ਬਹੁਤ ਸਮਾਂ ਪਹਿਲਾਂ ਇਕ ਭਾਰਤੀ ਪੀਰ ਗੁਰੂ ਨਾਨਕ ਦੇਵ ਜੀ ਨੇ 1515 ਵਿਚ ਨੇਪਾਲ ਦਾ ਦੌਰਾ ਕੀਤਾ ਸੀ। ਇਸ ਸ਼ਖਸ ਨੇ ਉਹ ਗੱਲਾਂ ਸੁਣਾਈਆਂ, ਜੋ ਉਨ੍ਹਾਂ ਦੀਆਂ 13 ਪੀੜ੍ਹੀਆਂ ਅਗਾਂਹ ਤੋਂ ਅਗਾਂਹ ਸੁਣਦੀਆਂ ਆਈਆਂ ਹਨ। ਮਨਜੀਤ ਸਿੰਘ ਖਾਲਸਾ ਅੱਜ ਕੱਲ੍ਹ ਅਮਰੀਕਾ ਵਿਚ ਰਹਿੰਦੇ ਹਨ। ਪੇਸ਼ ਹਨ ਉਨ੍ਹਾਂ ਨਾਲ ਖਾਸ ਮੁਲਾਕਾਤ ਦੇ ਅੰਸ਼:
ਸਵਾਲ: ਤੁਸੀਂ ਅਮਰੀਕਾ ਕਦੋਂ ਆਏ ਅਤੇ ਸੁਸਾਇਟੀ ਦਾ ਗਠਨ ਕਦੋਂ ਤੇ ਕਿਨ੍ਹਾਂ ਗੱਲਾਂ ਨੂੰ ਮੁੱਖ ਰੱਖ ਕੇ ਕੀਤਾ?
ਉਤਰ: ਮੈਂ 2006 ਵਿਚ ਅਮਰੀਕਾ ਆਇਆ। ਸ੍ਰੀ ਗੁਰੂ ਨਾਨਕ ਦੇਵ ਜੀ ਸੇਵਾ ਸੁਸਾਇਟੀ ਇੰਟਰਨੈਸ਼ਨਲ ਦੀ ਸਥਾਪਨਾ 2012 ਵਿਚ ਕੀਤੀ, ਜਿਸ ਦੀਆਂ ਭਾਰਤ ਅਤੇ ਨੇਪਾਲ ਵਿਚ ਵੀ ਸ਼ਾਖਾਵਾਂ ਹਨ। ਇਸ ਦਾ ਮਿਸ਼ਨ ਸਿੱਖੀ ਦੀ ਖੋਜ ਅਤੇ ਸਾਂਭ-ਸੰਭਾਲ ਹੈ। ਸੰਗਤ ਦੇ ਸਹਿਯੋਗ ਨਾਲ ਬਹੁਤ ਕਾਮਯਾਬੀ ਹਾਸਲ ਕੀਤੀ ਹੈ, ਪਰ ਮੰਜ਼ਿਲ ਅਜੇ ਬੜੀ ਦੂਰ ਹੈ, ਕੋਸ਼ਿਸ਼ ਜਾਰੀ ਹੈ।
ਸਵਾਲ: ਤੁਸੀਂ ਆਪਣੇ ਨੇਪਾਲ ਦੌਰੇ ਵਿਚ ਕਿਹੜੇ-ਕਿਹੜੇ ਸਥਾਨਾਂ ਦੀ ਖੋਜ ਕੀਤੀ?
ਉਤਰ: ਨੇਪਾਲ ਦੌਰੇ ਵਿਚ ਜਿਨ੍ਹਾਂ ਪਵਿਤਰ ਸਥਾਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਅਤੇ ਖੋਜ ਕੀਤੀ, ਉਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ-
ਸਿਖਨਪੁਰਾ: ਕਾਠਮੰਡੂ (ਨੇਪਾਲ) ਤੋਂ ਕਰੀਬ 450 ਕਿਲੋਮੀਟਰ ਦੂਰ ਇਹ ਪੁਰਾਤਨ ਇਤਿਹਾਸਕ ਸਥਾਨਾਂ ਵਿਚੋਂ ਇਕ ਹੈ। ਇਹ ਸਥਾਨ ਗੁਰੂ ਨਾਨਕ ਦੇਵ ਜੀ ਦੀ ਯਾਤਰਾ ਨਾਲ ਸਬੰਧਤ ਹੈ। ਪਿੰਡ ਦੇ ਬਜੁਰਗਾਂ ਅਨੁਸਾਰ ਉਨ੍ਹਾਂ ਦੇ ਪੁਰਖੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਸਨ। ਨਿਰੰਜਣ ਸਿੰਘ ਸੋਢੀ ਦੇ ਕਹਿਣ ਮੁਤਾਬਕ ਉਹ ਕਰਨ ਸਿੰਘ ਸੋਢੀ ਦੀ ਚੌਥੀ ਪੀੜ੍ਹੀ ਹੈ, ਜੋ ਅਸਲ ਵਿਚ ਮਹਾਰਾਣੀ ਜਿੰਦ ਕੌਰ ਨਾਲ ਇਥੇ ਆਏ ਸਨ। ਉਦੋਂ ਨੇਪਾਲ ਦੇ ਰਾਜਾ ਜੰਗ ਬਹਾਦਰ ਰਾਣਾ ਨੇ ਮਹਾਰਾਣੀ ਦੇ ਠਹਿਰਨ ਲਈ ਇੰਤਜ਼ਾਮ ਕੀਤੇ ਸਨ। ਇਸ ਸਥਾਨ ਦਾ ਮੁੜ ਨਿਰਮਾਣ ਸੁਸਾਇਟੀ (ਯੂ.ਐਸ਼ਏ.) ਦੀ ਦੇਖ-ਰੇਖ ਹੇਠ ਕੀਤਾ ਜਾ ਰਿਹਾ ਹੈ। ਮਹਾਰਾਣੀ ਨਾਲ ਆਏ ਸਾਰੇ ਖਾਲਸਾ ਫੌਜੀਆਂ ਨੂੰ ਨਿਵਾਸ ਲਈ 200 ਏਕੜ ਜ਼ਮੀਨ ਰਾਜੇ ਨੇ ਦਿੱਤੀ ਸੀ। ਸਮੇਂ ਨਾਲ ਇਨ੍ਹਾਂ ਦੀ ਵਰਤਮਾਨ ਪੀੜ੍ਹੀ ਆਪਣੀ ਮਾਂ ਬੋਲੀ ਤੋਂ ਤਾਂ ਦੂਰ ਹੋ ਗਈ, ਪਰ ਉਹ ਸਾਰੇ ਸਿੱਖੀ ਸਰੂਪ ਵਿਚ ਹਨ ਅਤੇ ਸਭਿਆਚਾਰਕ ਵਿਰਾਸਤ ਨੂੰ ਪ੍ਰਨਾਏ ਹੋਏ ਹਨ। ਮਜ਼ਦੂਰੀ ਜਾਂ ਖੇਤੀਬਾੜੀ ਕਰਕੇ ਗੁਜ਼ਾਰਾ ਕਰਦੇ ਹਨ। ਉਨ੍ਹਾਂ ਨੇ ਪੁਰਾਤਨ ਬਰਤਨ, ਬਾਜਾ (ਹਾਰਮੋਨੀਅਮ), ਚਿਮਟਾ, ਤਸਵੀਰਾਂ ਅਤੇ ਉਨ੍ਹਾਂ ਦੇ ਪੁਰਖਿਆਂ ਨਾਲ ਸਬੰਧਤ ਹੋਰ ਚੀਜ਼ਾਂ ਦਿਖਾਈਆਂ, ਜੋ 1849 ਵਿਚ ਮਹਾਰਾਣੀ ਜਿੰਦ ਕੌਰ ਨਾਲ ਆਈਆਂ ਸਨ। ਇਥੋਂ ਹੀ 1860 ਵਿਚ ਮਹਾਰਾਣੀ ਜਿੰਦ ਕੌਰ ਕਲਕੱਤੇ ਗਈ, ਜਿਥੇ ਅੰਗਰੇਜ਼ਾਂ ਨੇ ਮਹਾਰਾਜਾ ਦਲੀਪ ਸਿੰਘ ਦੀ ਮੁਲਾਕਾਤ ਕਰਵਾਈ ਗਈ। ਇਥੇ ਮਹਾਰਾਣੀ ਜਿੰਦ ਕੌਰ ਦੇ ਨਾਂ ‘ਤੇ ਹਾਈ ਸਕੂਲ ਵੀ ਹੈ। ਪਿੰਡ ਸਿਖਨਪੁਰਾ 165 ਸਾਲ ਪਹਿਲਾਂ ਬਣਿਆ ਜਿਥੇ ਅੱਜ 400 ਪਰਿਵਾਰ ਸਿੱਖੀ ਸਰੂਪ ਵਿਚ ਰਹਿੰਦੇ ਹਨ। ਇਥੇ ਗੁਰਦੁਆਰਾ ਵੀ ਮੌਜੂਦ ਹੈ।
ਗੁਰੂ ਨਾਨਕ ਮਠ ਸੇਵਾ ਭਗਵਤੀ ਅਤੇ ਮਠ ਭਸਮੇਸ਼ਵਰ: ਇਸ ਸਥਾਨ ਨੂੰ ਵੀ ਗੁਰੂ ਜੀ ਦੀ ਚਰਨ ਛੋਹ ਪ੍ਰਾਪਤ ਹੈ ਅਤੇ ਇਥੇ ਗੁਰਦੁਆਰੇ ਵਿਚ ਛਾਪੇ ਵਾਲੇ ਛੋਟੇ, ਪੁਰਾਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹਨ। ਇਸ ਮਠ ਦੇ ਵਿਹੜੇ ਵਿਚ ਪੁਰਾਤਨ ਟੱਲ ਹੈ, ਜਿਸ ‘ਤੇ ਗੁਰਬਾਣੀ ਲਿਖੀ ਹੋਈ ਹੈ। ਇਸ ਇਲਾਕੇ ਵਿਚ ਗੁਰੂ ਨਾਨਕ ਦੇਵ ਜੀ ਰਹੇ ਸਨ। ਗੁਰਦੁਆਰਾ ਪਹਿਲੀ ਮੰਜ਼ਿਲ ‘ਤੇ ਹੈ। ਇਸ ਸਥਾਨ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਕ ਪੁਰਾਤਨ ਹੱਥ ਲਿਖਤ ਸਰੂਪ ਵੀ ਹੈ।
ਗਿਆਨਧਾਰਾ: ਇਹ ਉਹ ਥਾਂ ਹੈ, ਜਿਥੇ ਲੋਕ ਪਾਣੀ ਦੀ ਘਾਟ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਸਨ। ਵਿਸ਼ਵਾਸ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਛੋਟੀ ਪਹਾੜੀ ‘ਤੇ ਆਪਣੇ ਅੰਗੂਠੇ ਦੀ ਛੋਹ ਨਾਲ ਪਾਣੀ ਦੀ ਧਾਰਾ ਪ੍ਰਗਟ ਕੀਤੀ। ਉਦੋਂ ਤੋਂ ਪਾਣੀ ਦੀ ਧਾਰਾ ਲਗਾਤਾਰ ਵਗ ਰਹੀ ਹੈ। ਲੋਕ ਅੱਜ ਵੀ ਇਥੋਂ ਆਪਣੀ ਰੋਜ਼ਾਨਾ ਵਰਤੋਂ ਲਈ ਪਾਣੀ ਲੈ ਕੇ ਜਾਂਦੇ ਹਨ। ਬਹੁਤ ਸਾਰੇ ਲੋਕ ਇਥੇ ਇਸ਼ਨਾਨ ਕਰਨਾ ਪਵਿਤਰ ਸਮਝਦੇ ਹਨ। ਇਥੇ ਨੇਪਾਲ ਦਾ ਰਾਜਾ ਗੁਰੂ ਜੀ ਨੂੰ ਤੀਜੀ ਵਾਰ ਮਿਲਣ ਆਇਆ ਸੀ।
ਗਿਆਨੇਸ਼ਵਰ ਅਤੇ ਨਿਰਮਲ ਅਖਾੜਾ: ਇਹ ਗਿਆਨਧਾਰਾ ਤੋਂ ਅੱਗੇ ਜਗ੍ਹਾ ਹੈ, ਜਿਥੇ ਗੁਰੂ ਨਾਨਕ ਦੇਵ ਜੀ ਇਕ ਰੁੱਖ ਹੇਠ 6 ਦਿਨ, 6 ਰਾਤਾਂ ਲਈ ਬੈਠੇ, ਜੋ ਗਿਆਨੇਸ਼ਵਰ ਵਜੋਂ ਜਾਣਿਆ ਜਾਂਦਾ ਹੈ। ਇਥੇ ਗੁਰਦੁਆਰਾ ਪਹਿਲੀ ਮੰਜ਼ਿਲ ‘ਤੇ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ। ਇਹ ਉਹ ਸਥਾਨ ਹੈ, ਜਿਥੇ ਨੇਪਾਲ ਦਾ ਰਾਜਾ ਜੈ ਜਗਤ ਮਲ ਗੁਰੂ ਜੀ ਨੂੰ ਚੌਥੀ ਵਾਰ ਦੇਖਣ ਆਇਆ। ਗੁਰਦੁਆਰਾ ਨਿਰਮਲ ਅਖਾੜਾ ਪ੍ਰਾਚੀਨ ਸਥਾਨ ਹੈ, ਜੋ ਪਸ਼ੂਪਤੀ ਮੰਤਰ ਦੇ ਇਲਾਕੇ ਵਿਚ ਹੈ। ਇਸ ਸਥਾਨ ਨੂੰ ਵੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ। ਇਸ ਦਾ ਮੂਲ ਢਾਂਚਾ ਢਾਹ ਦਿੱਤਾ ਗਿਆ ਸੀ ਅਤੇ ਨਵਾਂ ਢਾਂਚਾ ਨੇਪਾਲ ਸਰਕਾਰ 50 ਲੱਖ ਰੁਪਏ ਦੀ ਲਾਗਤ ਨਾਲ ਬਣਾ ਰਹੀ ਹੈ। ਇਥੇ ਦੋ ਪੁਰਾਤਨ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮੌਜੂਦ ਹਨ।
ਉਦਾਸੀਨ ਅਖਾੜਾ: ਮਹੰਤ ਨੇਮ ਮੁਨੀ ਨੇ ਦਸਿਆ ਕਿ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਬਾਬਾ ਸ੍ਰੀਚੰਦ ਜੀ ਵੀ ਕਾਠਮੰਡੂ ਦੇ ਥਾਪਾਥਲੀ ਇਲਾਕੇ ਵਿਚ ਆਏ ਸਨ, ਜਿਨ੍ਹਾਂ ਨੇ ਨੇਪਾਲ ਦੇ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਲੰਗਰ ਜਾਰੀ ਰਖਿਆ, ਜਿਸ ਦੀ ਸ਼ੁਰੂਆਤ ਗੁਰੂ ਸਾਹਿਬ ਜੀ ਨੇ ਕੀਤੀ ਸੀ। ਨੇਮ ਮੁਨੀ ਨੇ ਇਹ ਵੀ ਦੱਸਿਆ ਕਿ 1709-10 ਵਿਚ ਸਿੱਖਾਂ ਦੇ ਮੁਗਲਾਂ ਨਾਲ ਟਾਕਰੇ ਦੌਰਾਨ ਬੰਦਾ ਸਿੰਘ ਬਹਾਦਰ ਨੇ ਇਨ੍ਹਾਂ ਸਾਰੇ ਸਰੂਪਾਂ ਅਤੇ ਕਈ ਛੋਟੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਪੋਥੀਆਂ ਪੰਜ ਸਿੰਘਾਂ ਨਾਲ ਘੋੜੇ ਵਾਲੀ ਬੱਘੀ ਵਿਚ ਭੇਜੇ ਸਨ। ਉਸ ਸਮੇਂ ਦੀਆਂ ਯਾਤਰਾਵਾਂ ਨਾਲ ਜੁੜੀਆਂ ਵਸਤੂਆਂ ਜਿਵੇਂ ਮਿੱਟੀ ਦੇ 117 ਭਾਂਡੇ, ਭਾਈ ਮਰਦਾਨਾ ਜੀ ਨਾਲ ਸਬੰਧਤ ਰਬਾਬ, ਵੱਡੀਆਂ ਲੱਕੜ ਦੀਆਂ ਕੜਛੀਆਂ, ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਤਾਂਬੇ ਤੇ ਕਾਂਸੀ ਦੇ ਬਰਤਨ ਵੀ ਹਨ। ਸੋਨੇ ਦੀ ਮੁਠ ਵਾਲਾ ਚੌਰ ਸਾਹਿਬ, ਜਿਸ ਦੀ ਬਣਤਰ ਤਾਰੀਖ ਦਰਜ ਹੈ, ਬਾਬਾ ਸ੍ਰੀਚੰਦ ਜੀ ਦਾ ਚਿਮਟਾ ਵੀ ਇਸ ਸਥਾਨ ‘ਤੇ ਮਿਲਦਾ ਹੈ। ਇਨ੍ਹਾਂ ਵਸਤੂਆਂ ਨੂੰ ਸੁਸਾਇਟੀ ਨੇ ਅਜਾਇਬ ਘਰ ਬਣਾ ਕੇ ਸੁਰੱਖਿਅਤ ਰੱਖ ਦਿੱਤਾ ਹੈ। ਇਸ ਸਥਾਨ ‘ਤੇ ਗੁਰਦੁਆਰਾ ਪਹਿਲੀ ਮੰਜ਼ਿਲ ‘ਤੇ ਹੈ ਅਤੇ ਹੇਠਲੀ ਮੰਜ਼ਿਲ ‘ਤੇ ਅਜਾਇਬ ਘਰ ਹੈ।
ਗੁਰੂ ਨਾਨਕ ਮੱਠ, ਬਾਲਾਜੂ: ਇਹ ਜਗ੍ਹਾ ਨੇਮ ਮੁਨੀ ਨੇ ਦਿਖਾਈ ਅਤੇ ਦੱਸਿਆ ਕਿ ਇਹ ਉਹ ਥਾਂ ਹੈ ਜਿਥੇ ਗੁਰੂ ਸਾਹਿਬ ਪਹਿਲੀ ਵਾਰ 1515 ਵਿਚ ਆਏ ਸਨ। ਉਹ ਮਹੰਤ ਹਰੀਦਾਸ ਦੇ ਡੇਰੇ ਵਿਚ ਇਕ ਸਾਲ 14 ਦਿਨ ਠਹਿਰੇ। ਨੇਮ ਮੁਨੀ ਮੁਤਾਬਕ ਗੁਰੂ ਜੀ ਇਸ ਸਥਾਨ ‘ਤੇ ਬੈਠਦੇ ਸਨ ਅਤੇ ਵਾਹਿਗੁਰੂ ਦੀ ਉਸਤਤ ਕਰਦੇ ਸਨ। ਨੇਮ ਮੁਨੀ ਨੇ ਉਹ ਘਰ ਵੀ ਦਿਖਾਇਆ, ਜਿਸ ਵਿਚ ਗੁਰੂ ਨਾਨਕ ਦੇਵ ਜੀ ਇਕ ਸਾਲ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਨਾਲ ਰਹੇ। ਉਨ੍ਹਾਂ ਕੋਲ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪ ਵੀ ਹਨ। ਇਹ ਸਥਾਨ ਗੁਰੂ ਨਾਨਕ ਮਠ, ਬਾਲਾਜੂ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਸਵਾਲ: ਸੁਸਾਇਟੀ ਨੇ ਆਉਣ ਵਾਲੇ ਸਮੇਂ ਵਿਚ ਹੋਰ ਕੀ ਪ੍ਰੋਗਰਾਮ ਉਲੀਕੇ ਹਨ?
ਉਤਰ: ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪਹਿਲਾ ਕੌਮਾਂਤਰੀ ਨਗਰ ਕੀਰਤਨ 4 ਅਕਤੂਬਰ ਨੂੰ ਕਾਠਮੰਡੂ (ਨੇਪਾਲ) ਤੋਂ ਡੇਰਾ ਬਾਬਾ ਨਾਨਕ ਅਤੇ ਸੁਲਤਾਨਪੁਰ ਲੋਧੀ ਤਕ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਸਮੂਹ ਸਿੱਖ ਸੰਗਤ ਅਤੇ ਜਥੇਬੰਦੀਆਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ। ਪ੍ਰਕਾਸ਼ ਪੁਰਬ ਮੌਕੇ ਨੇਪਾਲ ਸਰਕਾਰ ਤਿੰਨ ਸਿੱਕੇ ਅਤੇ ਇਕ ਡਾਕ ਟਿਕਟ ਜਾਰੀ ਕਰੇਗੀ। ਦੂਸਰਾ ਪ੍ਰੋਗਰਾਮ ਇਹ ਹੈ ਕਿ ਜਪੁਜੀ ਸਾਹਿਬ ਦੇ ਅਸਲ ਮਾਇਨੇ ਦੱਸਣ ਬਾਰੇ ਯੂਨਾਈਟਿਡ ਨੇਸ਼ਨਜ਼ ਦੀ ਸਟੇਜ ਤੋਂ 197 ਮੁਲਕਾਂ ਨੂੰ ਸੰਦੇਸ਼ ਦਿੱਤਾ ਜਾਣਾ ਹੈ। ਇਸ ਤੋਂ ਇਲਾਵਾ ਇਕ ਐਨੀਮੇਸ਼ਨ ਫਿਲਮ ਤਿਆਰ ਕੀਤੀ ਜਾ ਰਹੀ ਹੈ, ਜੋ ਸੰਸਾਰ ਪੱਧਰ ‘ਤੇ ਦਿਖਾਈ ਜਾਵੇਗੀ।
ਸਵਾਲ: ਤੁਸੀਂ ਸਿੱਖਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
ਉਤਰ: ਸਿੱਖ ਰਾਜ ਕਿਵੇਂ ਆਇਆ ਅਤੇ ਕਿਵੇਂ ਗਿਆ, ਇਸ ਬਾਰੇ ਸਿੱਖ ਭਾਈਚਾਰਾ ਇਤਿਹਾਸ ਤੋਂ ਪੂਰੀ ਤਰ੍ਹਾਂ ਜਾਣੂ ਹੈ ਪਰ ਆਉਣ ਵਾਲੇ ਸਮੇਂ ਵਿਚ ਕਿਸੇ ਵੀ ਪ੍ਰਾਪਤੀ ਜਾਂ ਮਿਸ਼ਨ ਨੂੰ ਹਾਸਲ ਕਰਨ ਲਈ ਸਿੱਖਾਂ ਨੂੰ ਇਕ ਨਿਸ਼ਾਨ ਸਾਹਿਬ ਹੇਠਾਂ ਚਲਣਾ ਚਾਹੀਦਾ ਹੈ। ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਅਤੇ ਗੁਰੂ ਨਾਨਕ ਦੇਵ ਜੀ ਦੇ ਦੂਰ-ਅੰਦੇਸ਼ ਸੰਦੇਸ਼ ਸਾਰੇ ਜਗਤ ਤੱਕ ਪਹੁੰਚਾਉਣ ਲਈ ਹਰ ਹੀਲਾ ਕਰਨਾ ਚਾਹੀਦਾ ਹੈ। ਇਹ ਅੱਜ ਦੇ ਸਮੇਂ ਦੀ ਮੰਗ ਹੈ।
___
ਨੇਪਾਲ ਤੋਂ ਪ੍ਰਾਪਤ ਹੋਈਆਂ ਵਸਤਾਂ
ਮਨਜੀਤ ਸਿੰਘ ਖਾਲਸਾ ਨੂੰ ਨੇਪਾਲ ਤੋਂ ਸਿੱਖੀ ਸਬੰਧੀ ਕੁਝ ਵਸਤਾਂ ਪ੍ਰਾਪਤ ਹੋਈਆਂ ਹਨ। ਦਾਅਵਾ ਹੈ ਕਿ ਇਹ ਕਈ ਸੌ ਸਾਲ ਤੋਂ ਉਥੇ ਪਈਆਂ ਸਨ। ਇਹ ਵਸਤਾਂ ਚਲਦੇ-ਫਿਰਦੇ ਅਜਾਇਬਘਰ ਰਾਹੀਂ ਵੱਖ-ਵੱਖ ਸਥਾਨਾਂ ‘ਤੇ ਸੰਗਤਾਂ ਨੂੰ ਤਸਵੀਰਾਂ ਦੇ ਰੂਪ ਵਿਚ ਦਿਖਾਈਆਂ ਜਾ ਰਹੀਆਂ ਹਨ: ਗਾਗਰ, ਗਲਾਸ, ਕਮੰਡਲ, ਸ੍ਰੀ ਸਾਹਿਬ, ਪੋਥੀ, ਚੌਰ ਸਾਹਿਬ, ਸਿੱਕੇ ਤੇ ਨੋਟ ਅਤੇ ਕੁਝ ਮੈਡਲ ਜੋ ਸਿੱਖਾਂ ਦੇ ਸਤਿਕਾਰ ਵਿਚ ਨੇਪਾਲ ਸਰਕਾਰ ਨੇ ਸਮੇਂ-ਸਮੇਂ ਜਾਰੀ ਕੀਤੇ।
ਮਨਜੀਤ ਸਿੰਘ ਮੁਤਾਬਕ ਗੁਰੂ ਨਾਨਕ ਦੀ ਅਸਲੀ ਸਾਖੀ, ਭਾਈ ਮਨੀ ਸਿੰਘ ਵਾਲੀ ਸਾਖੀ ਅਤੇ ਜਪੁਜੀ ਸਾਹਿਬ ਵੀ ਸਾਧੂ ਕੋਲ ਪਏ ਹਨ। ਇਕ ਨਗਾਰਾ ਵੀ ਮਿਲਿਆ ਹੈ। ਇਹੀ ਨਹੀਂ, ਗੁਰੂ ਗੋਬਿੰਦ ਸਿੰਘ ਜੀ ਦੇ 52 ਕਵੀਆਂ ਵਿਚੋਂ ਇਕ ਭਾਈ ਮੰਗਲ ਸੈਣ ਦੀਆਂ ਲਿਖੀਆਂ ਕਵਿਤਾਵਾਂ ਵੀ ਮਿਲੀਆਂ ਹਨ। ਇਸ ਬਾਰੇ ਹੋਰ ਜਾਣਕਾਰੀ ਲਈ ਮਨਜੀਤ ਸਿੰਘ ਨਾਲ ਫੋਨ 408-887-7361 ਉਤੇ ਸੰਪਰਕ ਕੀਤਾ ਜਾ ਸਕਦਾ ਹੈ।