ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ

ਬਲਕਾਰ ਸਿੰਘ (ਪ੍ਰੋ.)
ਫੋਨ: 91-93163-01328

ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈ. ਵਿਚ ਹੋਇਆ ਸੀ, ਪਰ ਉਹ ਜਨਮ ਤੋਂ ਹੀ ਗੁਰੂ ਨਹੀਂ ਸਨ ਕਹਾਏ। ਉਨ੍ਹਾਂ ਦੇ ਗੁਰੂ ਵਜੋਂ ਪ੍ਰਗਟ ਹੋਣ ਦਾ ਸਮਾਂ 1499 ਈ. ਵਿਚ “ਵੇਈਂ ਨਦੀ ਪਰਵੇਸ਼” ਤੋਂ ਮੰਨਿਆ ਜਾਂਦਾ ਹੈ। ਭਾਈ ਗੁਰਦਾਸ ਨੇ ਇਸੇ ਨੂੰ ਆਪਣੀ ਪਹਿਲੀ ਵਾਰ ਵਿਚ “ਸੁਣੀ ਪੁਕਾਰ ਦਾਤਾਰ ਪ੍ਰਭੁ ਗੁਰੂ ਨਾਨਕ ਜਗ ਮਹਿ ਪਠਾਇਆ” ਕਿਹਾ ਹੈ। ਸਿੱਖ ਸਾਹਿਤ ਵਿਚ ਪ੍ਰਾਪਤ ਵੇਰਵਿਆਂ ਅਨੁਸਾਰ ਉਨ੍ਹਾਂ ਦੀ ਦਿੱਭ ਦ੍ਰਿਸ਼ਟੀ ਉਨ੍ਹਾਂ ਦੇ ਵਰਤਾਰਿਆਂ ਵਿਚੋਂ ਪ੍ਰਗਟ ਹੋਣੀ, ਉਨ੍ਹਾਂ ਦੇ ਬਚਪਨ ਤੋਂ ਹੀ ਸ਼ੁਰੂ ਹੋ ਗਈ ਸੀ

ਅਤੇ ਇਸੇ ਨਾਲ ਉਹ ਤੀਹ ਸਾਲ ਆਪਣੀ ਮੌਜ ਵਿਚ ਨਿਭਦੇ ਰਹੇ ਸਨ। ਇਸ ਦੀ ਪੁਸ਼ਟੀ ਉਨ੍ਹਾਂ ਸਭ ਸਾਖੀਆਂ ਤੋਂ ਵੀ ਹੋ ਜਾਂਦੀ ਹੈ, ਜੋ ਉਨ੍ਹਾਂ ਦੇ ਸਕੂਲ ਜਾਣ ਤੋਂ ਲੈ ਕੇ ਸੱਚੇ ਸੌਦੇ ਦੀ ਸਾਖੀ ਤੱਕ ਫੈਲੀਆਂ ਹੋਈਆਂ ਹਨ। ਉਨ੍ਹਾਂ ਦੀਆਂ ਸਿੱਖਿਆਵਾਂ ਦਾ ਇਤਿਹਾਸ ਬੇਸ਼ੱਕ ਇਥੋਂ ਸ਼ੁਰੂ ਹੋ ਜਾਂਦਾ ਹੈ, ਪਰ ਉਨ੍ਹਾਂ ਦੀਆਂ ਸਿੱਖਿਆਵਾਂ ਦੀ ਸਿਧਾਂਤਕਤਾ ਦਾ ਆਧਾਰ ਉਨ੍ਹਾਂ ਦੀ ਬਾਣੀ ਨਾਲ ਹੀ ਸ਼ੁਰੂ ਹੁੰਦਾ ਮੰਨਿਆ ਜਾਣਾ ਚਾਹੀਦਾ ਹੈ। ਜਿਨ੍ਹਾਂ ਸਾਖੀਆਂ ਦੇ ਸਿਧਾਂਤਕੀ ਸੰਕੇਤ ਜਾਂ ਆਧਾਰ ਉਨ੍ਹਾਂ ਦੀ ਬਾਣੀ ਵਿਚੋਂ ਮਿਲ ਜਾਂਦੇ ਹਨ, ਉਹ ਸਾਰੇ 1499 ਤੋਂ ਪਿੱਛੋਂ ਬਾਣੀ ਰਾਹੀਂ ਪ੍ਰਗਟ ਹੋਏ ਇਸ ਕਰਕੇ ਕਹਿਣੇ ਚਾਹੀਦੇ ਹਨ ਕਿ ਗੁਰੂ ਜੀ ਨੇ ਆਪਣੀਆਂ ਸਿੱਖਿਆਵਾਂ ਦਾ ਅਰੰਭ “ਨਾ ਕੋ ਹਿੰਦੂ ਨਾ ਕੋ ਮੁਸਲਮਾਨ” ਦੇ ਪ੍ਰਥਮ ਐਲਾਨਨਾਮੇ ਤੋਂ ਕੀਤਾ ਸੀ। ਇਹ ਧਰਮ ਨੂੰ ਜਨਮ ਤੋਂ ਨਾ ਮੰਨਣ ਦੀ ਸਿੱਖਿਆ ਸੀ ਅਤੇ ਹੈ ਕਿਉਂਕਿ ਧਰਮ ਧਾਰਨ ਕਰਨ ਨਾਲ ਜੁੜੀ ਹੋਈ ਆਸਥਾ ਹੈ। ਆਸਥਾ ਪੈਦਾ ਨਹੀਂ ਹੁੰਦੀ, ਪ੍ਰਾਪਤ ਕੀਤੀ ਜਾਂਦੀ ਹੈ। ਗੁਰੂ ਜੀ ਨੇ Ḕਸਿੱਖ ਸਜਣḔ ਤੋਂ ਸਿੱਖ ਧਰਮ ਦੀ ਸ਼ੁਰੂਆਤ ਕੀਤੀ ਸੀ। ਇਸ ਨੂੰ ਚੌਥੇ ਨਾਨਕ ਦੇ ਸ਼ਬਦਾਂ ਵਿਚ ਬਾਲ-ਬੁੱਧ ਤੋਂ ਸਿਆਣਪ ਤੱਕ ਦੀ ਯਾਤਰਾ ਵਾਂਗ ਸਮਝਿਆ ਜਾ ਸਕਦਾ ਹੈ,
ਮੇਰੇ ਰਾਮ ਹਮ ਬਾਰਿਕ ਹਰਿ ਪ੍ਰਭ ਕੇ ਹੈ ਇਆਣੇ॥
ਧੰਨੁ ਧੰਨੁ ਗੁਰੂ ਗੁਰੁ ਸਤਿਗੁਰੁ ਪਾਧਾ
ਜਿਨਿ ਹਰਿ ਉਪਦੇਸੁ ਦੇ ਕੀਏ ਸਿਆਣੇ॥ (ਪੰਨਾ 168)
ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਸੰਖੇਪ ਰੂਪ ਵਿਚ ਉਨ੍ਹਾਂ ਵੱਲੋਂ ਸਥਾਪਤ ਕੀਤੀਆਂ ਪਹਿਲਾਂ ਰਾਹੀਂ ਸਮਝਿਆ ਤੇ ਸਮਝਾਇਆ ਜਾ ਸਕਦਾ ਹੈ। ਇਸ ਦਾ ਅਰੰਭ ਗੁਰੂ ਜੀ ਵੱਲੋਂ ਧਰਮ ਵਿਚ ਬੰਦੇ ਦੇ ਦਖਲ ਦੀਆਂ ਸੰਭਾਵਨਾਵਾਂ ਦੇ ਹਵਾਲੇ ਨਾਲ ਆਪਣਾ ਗੁਰੂ, ਸ਼ਬਦ-ਸੁਰਤਿ (ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ ਪੰਨਾ 943) ਨੂੰ ਦੱਸ ਕੇ ਕੀਤਾ ਗਿਆ ਸੀ। ਇਸੇ ਦੀ ਨਿਰੰਤਰਤਾ ਵਿਚ ਗੁਰੂ ਗ੍ਰੰਥ ਸਾਹਿਬ, ਜਾਗਤ ਜੋਤਿ ਜ਼ਾਹਰਾ ਜ਼ਹੂਰ ਦੇ ਰੂਪ ਵਿਚ ਸ਼ਬਦ-ਗੁਰੂ ਦਾ ਸ੍ਰੋਤ ਅਤੇ ਪ੍ਰਗਟਾਵਾ ਹੋ ਗਏ ਹਨ ਅਤੇ ਇਸ ਨਾਲ ਨਿਭਣ ਦੀ ਵਚਨਬੱਧਤਾ ਦਾ ਪ੍ਰਗਟਾਵਾ ਸਿੱਖਾਂ ਦੀ ਨਿੱਤ ਦੀ ਅਰਦਾਸ ਦਾ ਹਿੱਸਾ ਹੋ ਗਿਆ ਹੈ (ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ)।
ਸ਼ਬਦ-ਗੁਰੂ ਨੂੰ ਦੇਹਧਾਰੀ-ਗੁਰੂ ਦੇ ਬਦਲ ਵਜੋਂ ਸਥਾਪਤ ਕਰਕੇ ਆਸਥਾ ਦੇ ਵਹਿਣ ਦੀ ਥਾਂ ਚੇਤਨਾ ਦੀ ਪ੍ਰਚੰਡਤਾ ਨੂੰ ਪਹਿਲ ਦੇ ਦਿੱਤੀ ਗਈ ਸੀ। ਇਹ ਰਾਹ Ḕਕੀ ਕਰਨਾ ਹੈḔ ਦੀ ਧਾਰਮਿਕ ਸਿੱਖਿਆ (ਰਹਿਤ) ਦੀ ਥਾਂ Ḕਕਿਵੇਂ ਕਰਨਾ ਹੈḔ ਦੀ ਅਧਿਆਤਮਕ ਸੁਜੱਗਤਾ ਵਾਲਾ ਗਾਡੀ ਰਾਹ ਹੋ ਗਿਆ ਸੀ ਅਤੇ ਹੈ। ਇਹ ਧਰਮੀ ਦਿੱਸਣ ਨਾਲੋਂ ਧਰਮੀ ਹੋਣ ਵੱਲ ਸੇਧਤ ਸੀ। ਇਸ ਨਾਲ ਧਰਮਾਂ ਦੇ ਇਤਿਹਾਸ ਵਿਚ ਸਿੱਖ ਹੋਏ ਬਿਨਾ ਸਿੱਖ ਹੋ ਸਕਣ ਦੀ ਸੱਜਰੀ ਅਤੇ ਵਿਲੱਖਣ ਸਿੱਖਿਆ ਦਾ ਆਗਾਜ਼ ਭਾਈ ਮਰਦਾਨਾ ਨਾਲ ਸ਼ੁਰੂ ਹੋ ਗਿਆ ਸੀ। ਇਸੇ ਦੀ ਨਿਰੰਤਰਤਾ ਵਿਚ ਇਸ ਵੇਲੇ ਨਾਨਕ ਨਾਮ ਲੇਵਿਆਂ ਵਿਚ ਮਰਦਾਨੇ ਕੇ, ਉਦਾਸੀ, ਸਿੰਧੀ ਅਤੇ ਸਹਿਜਧਾਰੀ ਆਦਿ ਵੱਡੀ ਗਿਣਤੀ ਵਿਚ ਸ਼ਾਮਲ ਹਨ। ਇਨ੍ਹਾਂ ਸਭ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਹੀ ਆਸਰਾ ਹੈ।
ਗੁਰੂ ਜੀ ਦੀਆਂ ਸਿੱਖਿਆਵਾਂ ਵਿਚ ਅੰਤਰ ਧਰਮ ਸੰਵਾਦ ਦਾ ਨਾਨਕ-ਮਾਡਲ ਵੀ ਸ਼ਾਮਲ ਹੈ। ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਭਗਤਾਂ ਦੀ ਬਾਣੀ ਨਾਲ ਇਸ ਦਾ ਆਧਾਰ ਮੁਹੱਈਆ ਹੋ ਜਾਂਦਾ ਹੈ। ਆਲਮੀ ਪ੍ਰਸੰਗ ਵਿਚ ਪੈਦਾ ਹੋ ਗਏ ਬਹੁ-ਸਭਿਆਚਾਰਕ ਵਰਤਾਰਿਆਂ ਵਿਚ ਗੁਰਦੁਆਰਾ ਸੰਸਥਾ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਨਾਲ ਵੀ ਇਸ ਦੀ ਪੁਸ਼ਟੀ ਹੋ ਜਾਂਦੀ ਹੈ। ਲੰਗਰ ਦੀ ਸਿੱਖ ਪਰੰਪਰਾ ਇਸੇ ਦਾ ਹਿੱਸਾ ਹੈ ਅਤੇ ਇਸ ਦਾ ਪ੍ਰਗਟਾਵਾ ਦੁਨੀਆਂ ਭਰ ਵਿਚ ਲੋੜਵੰਦਾਂ ਤੱਕ ਪਹੁੰਚ ਕੇ ਸਿੱਖ ਜਥੇਬੰਦੀਆਂ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ।
ਸ਼ਬਦ ਗੁਰੂ ਦੇ ਸੰਕਲਪੀ ਸਰੋਕਾਰਾਂ ਵਿਚ ਦੇਹੀ ਦਖਲ ਨੂੰ ਮਨਫੀ ਕਰ ਦੇਣ ਨਾਲ ਬਾਣੀ ਦੇ ਰੂਪ ਵਿਚ ਜੋ ਸਿਧਾਂਤਕ ਧਰਾਤਲ ਸਾਹਮਣੇ ਆ ਗਈ ਹੈ, ਉਹ ਅੱਜ ਵੀ ਆਪਣੇ ਵਰਗੀ ਆਪ ਹੋ ਗਈ ਹੈ। ਇਹ ਤਾਂ ਮੰਨ ਲਿਆ ਗਿਆ ਹੈ ਕਿ ਧਰਮਾਂ ਵਿਚਾਲੇ ਅਮਨ ਸਥਾਪਤ ਕਰਨ ਨਾਲ ਅਮਨ ਲਈ ਲੋੜੀਂਦਾ ਮਾਹੌਲ ਸਿਰਜੇ ਜਾਣ ਦੀਆਂ ਸੰਭਾਵਨਾਵਾਂ ਪੈਦਾ ਹੋ ਸਕਦੀਆਂ ਹਨ। ਸਰਬੱਤ ਦੇ ਭਲੇ ਦੀ ਉਸਾਰੂ ਸਿੱਖ ਪਹੁੰਚ ਇਸੇ ਨਾਨਕ-ਮਾਡਲ ਵੱਲ ਸੇਧਤ ਹੈ। ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਧਰਮ ਵਿਚੋਂ ਕੰਮ-ਸਭਿਆਚਾਰ ਬਿਲਕੁਲ ਮਨਫੀ ਸੀ ਅਤੇ ਇਸ ਦੇ ਸਿੱਟੇ ਵਜੋਂ ਧਾਰਮਿਕ ਸ਼੍ਰੇਣੀ ਦੀਆਂ ਲੋੜਾਂ ਦੀ ਪੂਰਤੀ ਦੀ ਜਿੰਮੇਵਾਰੀ ਸਬੰਧਤ ਧਰਮ ਨੂੰ ਮੰਨਣ ਵਾਲਿਆਂ ਦੀ ਹੁੰਦੀ ਸੀ। ਗੁਰੂ ਜੀ ਨੇ ਇਸ ਪਰੰਪਰਕ ਸੋਚ ਨੂੰ ਰੱਦ ਕਰਕੇ ਆਪਣੀਆਂ ਧਾਰਮਿਕ ਸਿੱਖਿਆਵਾਂ ਵਿਚ ਕਿਰਤ ਕਰਨ ਨੂੰ ਨਾਮ ਜਪਣ ਦੇ ਬਰਾਬਰ ਮੰਨ ਲਿਆ ਸੀ ਅਤੇ ਵੰਡ ਕੇ ਛਕਣ ਨੂੰ ਕੰਮ-ਸਭਿਆਚਾਰ ਦਾ ਹਿੱਸਾ ਬਣਾ ਦਿੱਤਾ ਸੀ। ਗੁਰੂ ਜੀ ਦੀਆਂ ਸਿੱਖਿਆਵਾਂ ਦਾ ਸ੍ਰੋਤ ਬਾਣੀ ਹੋਣ ਕਰਕੇ ਸਿੱਖਿਆਵਾਂ ਨੂੰ ਸਿਧਾਂਤਕ ਧਰਾਤਲ ‘ਤੇ ਉਸਾਰਿਆ ਜਾਣ ਕਰਕੇ ਧਾਰਮਿਕ ਲੱਗਦੀਆਂ ਸਿੱਖਿਆਵਾਂ ਅਧਿਆਤਮਕ ਰੰਗ ਵਿਚ ਜੀਵੀਆਂ ਜਾਣ ਲੱਗ ਪਈਆਂ ਸਨ ਅਤੇ ਹਨ। ਇਸੇ ਕਰਕੇ ਗੁਰੂ ਜੀ ਦੀਆਂ ਸਿੱਖਿਆਵਾਂ ਸਮੇਂ ਅਤੇ ਸਥਾਨ ਜਾਂ ਕਾਰਨ ਅਤੇ ਕਾਰਜ ਤੋਂ ਮੁਕਤ ਰਹਿ ਕੇ ਸਦਾ ਸੱਚੀਆਂ ਸਿੱਖਿਆਵਾਂ ਵਾਂਗ ਸਾਰੇ ਸਮਿਆਂ ਵਾਸਤੇ ਕੰਮ ਆਉਣ ਵਾਲੀਆਂ ਹੋ ਗਈਆਂ ਹਨ। ਗੁਰੂ ਨਾਨਕ ਦੇਵ ਜੀ ਰਾਹੀਂ ਸਾਹਮਣੇ ਲਿਆਂਦਾ ਗਿਆ ਮਾਰਗ ਦਰਸ਼ਕ ਸੱਚ ਇਸੇ ਕਰਕੇ ਸਦਾ ਸੱਜਰਾ ਰਹਿਣਾ ਹੈ।
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਇਸ ਵੇਲੇ ਵੀ ਉਸੇ ਤਰ੍ਹਾਂ ਲੋੜ ਹੈ, ਜਿਸ ਤਰ੍ਹਾਂ ਉਨ੍ਹਾਂ ਦੇ ਸਮਕਾਲੀਆਂ ਨੂੰ ਉਨ੍ਹਾਂ ਦੇ ਸਮੇਂ ਵਿਚ ਸੀ। ਗੁਰੂ ਜੀ ਨੇ ਸਿੱਖ ਧਰਮ ਨੂੰ ਭੂਤ ਅਤੇ ਭਵਿਖ ਨਾਲ ਜੁੜੀ ਹੋਈ ਪਰੰਪਰਕ ਅਸਪਸ਼ਟਤਾ ਵਿਚੋਂ ਕੱਢ ਕੇ ਵਰਤਮਾਨ ਦੇ ਧਰਮ ਵਜੋਂ ਸਕਰਮਕ ਸਪਸ਼ਟਤਾ ਵਜੋਂ ਜਿਸ ਤਰ੍ਹਾਂ ਸਥਾਪਤ ਕਰ ਦਿੱਤਾ ਸੀ, ਉਸੇ ਤਰ੍ਹਾਂ ਇਹ ਸਿੱਖਿਆਵਾਂ ਹਰ ਸਮਕਾਲ ਦੇ ਧਰਮ ਵਾਂਗ ਹਰ ਕਿਸੇ ਵਲੋਂ ਵਰਤਣਯੋਗ ਹੋ ਗਈਆਂ ਹਨ। ਮਿਸਾਲ ਵਜੋਂ ਧਰਮ ਵਿਚ ਖਾਣ ਅਤੇ ਪਹਿਨਣ ਨੂੰ ਲੈ ਕੇ ਇਕ ਰਾਏ ਨਹੀਂ ਬਣ ਪਾ ਰਹੀ ਸੀ ਅਤੇ ਇਨ੍ਹਾਂ ਵੱਖ ਵੱਖ ਧਾਰਨਾਵਾਂ ਕਰਕੇ ਅਤਿ ਲੋੜੀਂਦੇ ਅੰਤਰ ਧਰਮ ਸੰਵਾਦ ਦੇ ਰਾਹ ਵਿਚ ਰੁਕਾਵਟਾਂ ਪੈਦਾ ਹੋ ਰਹੀਆਂ ਸਨ। ਗੁਰੂ ਨਾਨਕ ਦੇਵ ਜੀ ਨੇ ਇਸ ਸਮੱਸਿਆ ਨੂੰ ਧਰਮਾਂ ਦੀ ਸਭਿਆਚਾਰਕ ਸਥਾਨਕਤਾ ਦੇ ਪ੍ਰਸੰਗ ਵਿਚ ਵਿਚਾਰਨ ਦੀ ਥਾਂ ਸਾਂਝੀ ਸਿਧਾਂਤਕਤਾ ਉਸਾਰਨ ਦੀ ਕੋਸ਼ਿਸ਼ ਇਹ ਕਹਿ ਕੇ ਕੀਤੀ ਹੋਈ ਹੈ ਕਿ ਖਾਣ ਅਤੇ ਪਹਿਨਣ ਦਾ ਸਬੰਧ ਬੰਦੇ ਦੀ ਮਾਨਸਿਕਤਾ ਨਾਲ ਹੋਣ ਕਰਕੇ ਖੁੱਲ੍ਹੀ ਪਹੁੰਚ ਇਹ ਹੋ ਸਕਦੀ ਹੈ ਕਿ ਜੋ ਖਾਣ ਅਤੇ ਪਹਿਨਣ ਸਰੀਰਕ ਅਸੁਵਿਧਾ ਪੈਦਾ ਕਰਦਾ ਹੋਵੇ ਜਾਂ ਮਾਨਸਿਕ ਵਿਚਲਨ ਪੈਦਾ ਕਰਦਾ ਹੋਵੇ, ਉਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ,
ਬਾਬਾ ਹੋਰੁ ਖਾਣਾ ਖੁਸੀ ਖੁਆਰੁ
ਜਿਤੁ ਖਾਧੈ ਤਨੁ ਪੀੜੀਐ
ਮਨ ਮਹਿ ਚਲਹਿ ਵਿਕਾਰੁ॥ (ਪੰਨਾ 16-17)
ਸਰਬ ਸਾਂਝੀਆਂ ਸਿੱਖਿਆਵਾਂ ਕਾਰਨ ਗੁਰੂ ਜੀ ਚੁਫੇਰੇ ਫੈਲੀ ਧਾਰਮਿਕ ਘੜਮੱਸ ਵਿਚ ਇਸ ਤਰ੍ਹਾਂ ਟਿਕੇ ਰਹੇ, ਜਿਵੇਂ ਭਰੇ ਹੋਏ ਦੁੱਧ ਦੇ ਕਟੋਰੇ ਵਿਚ ਚੰਬੇਲੀ ਦਾ ਫੁੱਲ ਟਿਕਾਇਆ ਜਾ ਸਕਦਾ ਹੈ। ਇਹ ਰਾਹ Ḕਕੀ ਕਰਨਾ ਹੈḔ ਦੀ ਬੰਦ ਸਿੱਖਿਆ ਦੀ ਥਾਂ Ḕਕਿਵੇਂ ਕਰਨਾ ਹੈḔ ਦੀ ਖੁਲ੍ਹੀ ਸਿੱਖਿਆ ਦਾ ਰਾਹ ਹੋ ਗਿਆ ਸੀ ਅਤੇ ਹੈ। ਇਸ ਨੂੰ ਸਿੱਖ ਹੋਏ ਬਿਨਾ ਕੋਈ ਵੀ ਅਪਨਾ ਸਕਦਾ ਹੈ। ਇਸ ਨਾਲ ਸਿੱਖ ਧਰਮ, ਆਮ ਧਰਮਾਂ ਵਾਂਗ ਲੈ ਕੇ ਦੇਣ ਵਾਲੀ ਮੰਤਰ ਵਿਧੀ ਜਾਂ ਕਰਾਮਾਤੀ ਓਹਲੇ ਦੀ ਥਾਂ ਲੈ ਸਕਣ ਦੇ ਯੋਗ ਹੋਣ ਵਾਲੀ ਸਸ਼ਕਤੀਕਰਣ ਦੀ ਵਿਧੀ ਹੋ ਗਿਆ ਸੀ ਅਤੇ ਹੈ। ਸਿੱਖਿਆਵਾਂ ਦੀ ਇਸ ਲੋੜ ਨੂੰ ਲੋੜਵੰਦਾਂ ਤੱਕ ਪਹੁੰਚਾਉਣ ਲਈ ਗੁਰੂ ਜੀ ਨੇ ਚਾਰ ਉਦਾਸੀਆਂ ਕੀਤੀਆਂ ਅਤੇ ਨਿਸ਼ਾਨਾ ਭਾਈ ਗੁਰਦਾਸ ਦੇ ਸ਼ਬਦਾਂ ਵਿਚ ਇਹ ਰੱਖਿਆ ਸੀ, “ਚੜ੍ਹਿਆ ਸੋਧਣਿ ਧਰਤ ਲੁਕਾਈ।” ਇਨ੍ਹਾਂ ਨਾਲ ਸਥਾਪਤ ਹੋ ਗਈ ਸਿੱਖਿਆ ਵਿਚ ਗ੍ਰਹਿਸਥ ਰਾਹੀਂ ਨਿਭਾਇਆ ਜਾ ਸਕਣ ਵਾਲਾ ਆਮ ਬੰਦੇ ਦਾ ਧਰਮ, ਗੁਰੂ ਨਾਨਕ ਦੇਵ ਜੀ ਦਾ ਧਰਮ ਹੋ ਗਿਆ ਸੀ ਅਤੇ ਹੈ। ਇਸ ਨਾਲ ਪੰਜ ਵਿਕਾਰਾਂ ਨੂੰ ਮਾਰਨ ਦੀ ਥਾਂ ਸ਼ਬਦ-ਗੁਰੂ ਰਾਹੀਂ ਪੰਜ ਵਿਕਾਰਾਂ ਨਾਲ ਨਿਭ ਸਕਣ ਵਾਲੀ ਸੁਚੇਤ ਮਾਨਸਿਕਤਾ ਗੁਰੂ ਜੀ ਦੀ ਸਿੱਖਿਆ ਦੀ ਚੂਲ ਹੋ ਗਈ ਸੀ ਅਤੇ ਹੈ। ਇਹੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਤਰ੍ਹਾਂ ਅੰਕਿਤ ਹੈ,
ਜਾਗਤ ਰਹੇ ਤਿਨੀ ਪ੍ਰਭੁ ਪਾਇਆ
ਸਬਦੂ ਹਉਮੈ ਮਾਰੀ॥
ਗਿਰਹੀ ਮਹਿ ਸਦਾ ਹਰਿ ਜਨ ਉਦਾਸੀ
ਗਿਆਨ ਤਤ ਬੀਚਾਰੀ॥ (ਪੰਨਾ 599-600)
ਇਨ੍ਹਾਂ ਸਾਂਝੀਆਂ ਸਿੱਖਿਆਵਾਂ ਦੇ ਆਧਾਰ ‘ਤੇ ਹੀ ਭਾਈ ਗੁਰਦਾਸ ਨੇ 24ਵੀਂ ਵਾਰ ਦੀ ਦੂਜੀ ਪਉੜੀ ਵਿਚ ਗੁਰੂ ਨਾਨਕ ਦੇਵ ਜੀ ਨੂੰ Ḕਜਗਤ ਗੁਰੂḔ ਕਹਿੰਦਿਆਂ ਸਿੱਖ ਧਰਮ ਨੂੰ ਅਟੱਲ ਨੀਂਹ ‘ਤੇ ਉਸਾਰਿਆ ਗਿਆ ਗੁਰਮੁਖਾਂ ਦਾ ਧਰਮ ਦੱਸਿਆ ਹੈ ਅਤੇ ਗੁਰਮੁਖ ਦੀ ਵਿਆਖਿਆ Ḕਮਿਠਾ ਬੋਲਣੁ ਨਿਵ ਚਲਣੁ ਗੁਰਮੁਖਿ ਭਾਉ ਭਗਤਿ ਅਰਥੇਉḔ ਕੀਤੀ ਹੈ। ਇਹ ਸਿੱਖਿਆ ਛੋਟੇ, ਵੱਡੇ-ਸਭ ਲਈ ਹੈ। ਅਜਿਹੀਆਂ ਸਿੱਖਿਆਵਾਂ ਕਰਕੇ ਹੀ Ḕਜਗਤ ਗੁਰੂ ਗੁਰੁ ਨਾਨਕ ਦੇਉḔ ਵਾਲਾ ਸਰਬ ਸਾਂਝਾ ਦਿੱਭ-ਬਿੰਬ ਸਥਾਪਤ ਹੋ ਗਿਆ ਹੈ। ਧਰਮ, ਇਸ ਤਰ੍ਹਾਂ ਗੁਰੂ ਜੀ ਵਾਸਤੇ ਮਸਲਾ ਨਹੀਂ, ਜੀਵਨ-ਮੁਕਤੀ ਵਾਸਤੇ ਸ਼ਬਦ-ਤਕਨਾਲੋਜੀ ਹੋ ਗਿਆ ਹੈ। ਇਸ ਵਾਸਤੇ ਲੋੜੀਂਦੀ ਹੈ ਸਹਿਜ, ਸੰਤੋਖ ਅਤੇ ਬਿਬੇਕ ਵਾਲੀ ਮਾਨਸਿਕਤਾ। ਗੁਰੂ ਜੀ ਦੀਆਂ ਸਿੱਖਿਆਵਾਂ ਵਿਚੋਂ ਪੂਜਕ ਮਾਨਸਿਕਤਾ ਪੈਦਾ ਕਰਨ ਵਾਲੇ ਪਰੰਪਰਕ ਸਰੋਕਾਰ ਮਨਫੀ ਹਨ। ਇਸ ਕਰਕੇ ਗੁਰੂ ਜੀ ਦੀਆਂ ਸਿੱਖਿਆਵਾਂ ਬਾਣੀ ਮੂਲਕ ਹੋਣ ਕਰਕੇ ਦੇਹਧਾਰੀ-ਵਿਚੋਲਗੀ ਦੀਆਂ ਮੁਥਾਜ ਨਹੀਂ ਹਨ। ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਪੰਜਵੇਂ ਨਾਨਕ ਗੁਰੂ ਅਰਜਨ ਦੇਵ ਜੀ ਨੇ ਮੁੰਦਾਵਣੀ ਰਾਹੀਂ ਇਕ ਬੁਝਾਰਤ ਨੂੰ ਬੁੱਝਣ ਦੀ ਲੋਕ ਸ਼ੈਲੀ ਰਾਹੀਂ ਖੋਲ੍ਹਦਿਆਂ ਸਾਰੇ ਸੰਸਾਰ ਦੀ ਭੁੱਖ ਮਿਟਾਉਣ ਵਾਲੀ ਭੁੰਚਣਯੋਗ ਵਿਧੀ ਵਾਂਗ ਪ੍ਰਸਤੁਤ ਕੀਤਾ ਹੋਇਆ ਹੈ,
ਥਾਲ ਵਿਚ ਤਿੰਨਿ ਵਸਤੂ ਪਈਓ
ਸਤੁ ਸੰਤੋਖੁ ਵੀਚਾਰੋ॥
ਅੰਮ੍ਰਿਤ ਨਾਮੁ ਠਾਕੁਰ ਕਾ ਭਇਓ
ਜਿਸ ਕਾ ਸਭਸੁ ਅਧਾਰੋ॥
ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ॥
ਏਹ ਵਸਤੁ ਤਜੀ ਨਹਿ ਜਾਈ
ਨਿਤ ਨਿਤ ਰਖੁ ਉਰਧਾਰੋ॥
ਤਮ ਸੰਸਾਰੁ ਚਰਨ ਲਗਿ ਤਰੀਐ
ਸਭੁ ਨਾਨਕ ਬ੍ਰਹਮ ਪਸਾਰੋ॥1॥ (ਪੰਨਾ 1429)
ਆਪਣੀਆਂ ਸਿੱਖਿਆਵਾਂ ਕਰਕੇ ਗੁਰੂ ਜੀ ਤ੍ਰੈਕਾਲ ਦਰਸ਼ੀ ਵੀ ਹਨ ਅਤੇ ਤ੍ਰੈਕਾਲ ਵਿਆਪਕ ਵੀ ਹਨ। ਉਨ੍ਹਾਂ ਨੇ ਆਪਣੀਆਂ ਸਿੱਖਿਆਵਾਂ ਵਿਚ ਬਿਨਸਣਹਾਰ ਵਰਤਾਰਿਆਂ ਨੂੰ ਅਬਿਨਸਣਹਾਰ ਵਰਤਾਰਿਆਂ ਨਾਲ ਉਲਝਾਉਣ ਦੀ ਥਾਂ ਦੋਹਾਂ ਦੇ ਵਿਚਕਾਰਲਾ ਗੁਰਮਤਿ ਗਾਡੀ ਰਾਹ ਸਾਹਮਣੇ ਵੀ ਲਿਆਂਦਾ ਅਤੇ ਆਮ ਬੰਦੇ ਦੀ ਸਮਝ ਵਿਚ ਉਤਾਰਨ ਵਾਸਤੇ ਆਮ ਬੰਦੇ ਦੀ ਬੋਲੀ ਅਤੇ ਮੁਹਾਵਰੇ ਦੀ ਵਰਤੋਂ ਵੀ ਕੀਤੀ। ਇਸ ਨਾਲ ਪ੍ਰਾਪਤ ਵਿਰੋਧਾਭਾਸਾਂ ਵਿਚ ਸਹਿਜ ਸਥਾਪਤ ਕਰ ਸਕਣ ਦੀ ਗੁਰਮਤਿ ਵਿਧੀ ਗੁਰੂ ਜੀ ਦੀ ਸਿੱਖਿਆ ਦੀ ਚੂਲ ਹੋ ਗਈ ਹੈ। ਜੋ ਬੰਦੇ ਨੂੰ ਬੰਦੇ ਦੀ ਕੋਸ਼ਿਸ਼ ਤੋਂ ਬਿਨਾ ਅਕਾਲਪੁਰਖ ਦੀ ਮਿਹਰ ਨਾਲ ਮਿਲਿਆ ਹੋਇਆ ਹੈ, ਉਸ ਨੂੰ ਜਪੁਜੀ ਬਾਣੀ ਵਿਚ Ḕਹੁਕਮ’ ਆਖਿਆ ਹੋਇਆ ਹੈ ਅਤੇ ਇਸ ਨਾਲ ਨਿਭਣ ਵਾਸਤੇ ਲੋੜੀਂਦੀ ਮਾਨਸਿਕਤਾ ਨੂੰ Ḕਰਜ਼ਾ’ ਆਖਿਆ ਹੋਇਆ ਹੈ। ਭਾਣਾ, ਰਜ਼ਾ ਦੀ ਨਿਰੰਤਰਤਾ ਵਿਚ ਹੈ ਅਤੇ ਸੋਹਿਲਾ ਸਾਹਿਬ ਦੇ ਪਾਠ ਉਪਰੰਤ ਸਿੱਖ ਦੀ ਇਹ ਅਰਦਾਸ ਕਿ “ਚਾਰ ਪਹਿਰ ਦਿਨ ਤੇਰੇ ਭਾਣੇ ਵਿਚ ਬਤੀਤ ਹੋਇਆ, ਆਈ ਚਾਰ ਪਹਿਰ ਰੈਣ ਤੇਰੇ ਭਾਣੇ ਵਿਚ ਬਤੀਤ ਹੋਵੇ” ਨੂੰ “ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲਿ” ਦੇ ਉਸਾਰ ਦੀ ਸਿੱਖਿਆ ਵਾਂਗ ਸਮਝਿਆ ਅਤੇ ਸਮਝਾਇਆ ਜਾ ਸਕਦਾ ਹੈ।
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਵਿਚ ਧਰਮ, ਸਮਾਜਕ ਸੰਤੁਲਨ ਸਥਾਪਤ ਕਰਨ ਵਾਸਤੇ ਖੁਲ੍ਹ ਕੇ ਵਰਤਿਆ ਹੋਇਆ ਹੈ। ਉਨ੍ਹਾਂ ਦੇ ਸਮੇਂ ਤੱਕ ਸਮਾਜਕਤਾ ਦਾ ਅਹਿਮ ਅੰਗ ਔਰਤ ਅਣਗੌਲਿਆ ਰਹਿਣ ਕਰਕੇ ਸਮਾਜਕ ਸੰਤੁਲਨ ਵਾਸਤੇ ਲੋੜੀਂਦੀ ਭੂਮਿਕਾ ਨਹੀਂ ਨਿਭਾ ਰਿਹਾ ਸੀ। ਲਿੰਗ ਵਿਤਕਰੇ ਦੀ ਸ਼ਿਕਾਰ ਨਾਰੀ ਸ਼ਕਤੀ ਦੀ ਸਥਾਪਨਾ ਉਨ੍ਹਾਂ ਨੇ ਇਹ ਕਹਿ ਕੇ ਕੀਤੀ ਸੀ ਕਿ ਔਰਤ, ਗ੍ਰਹਿਸਥ ਦਾ ਧੁਰਾ ਹੈ ਅਤੇ ਨਾਰੀ ਦੀ ਮਾਂ, ਭੈਣ ਅਤੇ ਪਤਨੀ ਦੇ ਰੂਪ ਵਿਚ ਅਹਿਮ ਭੂਮਿਕਾ ਹੋਣ ਕਰਕੇ ਨਾਰੀ ਨੂੰ ਨਿੰਦਾ ਦਾ ਪਾਤਰ ਨਹੀਂ ਬਣਾਉਣਾ ਚਾਹੀਦਾ। ਇਸ ਨਾਲ ਆ ਗਏ ਮਾਨਸਿਕ ਪਰਿਵਰਤਨ ਦੀਆਂ ਮਿਸਾਲਾਂ ਭਾਈ ਵੀਰ ਸਿੰਘ ਦੇ ਨਾਵਲਾਂ ਦੇ ਇਸਤਰੀ ਪਾਤਰ ਹੋ ਗਏ ਹਨ। ਸਿੱਖ ਇਤਿਹਾਸ ਵਿਚ ਨਾਰੀ-ਭੂਮਿਕਾ ਨਾਲ ਵੀ ਨਾਰੀ ਸਸ਼ਕਤੀਕਰਣ ਦੀ ਸਿੱਖ ਭੂਮਿਕਾ ਸਾਹਮਣੇ ਆਉਂਦੀ ਰਹੀ ਹੈ। ਇਸੇ ਤਰ੍ਹਾਂ ਵਰਣ ਵੰਡ ਨਾਲ ਪੈਦਾ ਹੋਏ ਦਲਿਤ ਵਿਰੋਧੀ ਵਰਤਾਰਿਆਂ ਨੂੰ ਲੋੜੀਂਦੀ ਮਾਨਸਿਕਤਾ ਨੂੰ ਉਸਾਰਨ ਵਿਚ ਵੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੇ ਅਹਿਮ ਭੂਮਿਕਾ ਨਿਭਾਈ ਸੀ। ਇਸ ‘ਤੇ ਆਧਾਰਤ ਦਲਿਤ-ਥੀਆਲੋਜੀ ਬਾਰੇ ਅਜੇ ਕੰਮ ਹੋਣਾ ਹੈ। ਗੁਰੂ ਜੀ ਮੁਤਾਬਕ ਵਡਾ ਕੇਵਲ ਅਕਾਲ ਪੁਰਖ ਹੈ ਅਤੇ ਉਸ ਵੱਲੋਂ ਪੈਦਾ ਕੀਤੀ ਖਲਕਤ ਵਿਚ ਊਚ ਅਤੇ ਨੀਚ ਦੀਆਂ ਵੰਡੀਆਂ ਪਾਉਣ ਤੋਂ ਇਸ ਕਰਕੇ ਗੁਰੇਜ ਕਰਨਾ ਚਾਹੀਦਾ ਹੈ ਕਿ ਕਾਦਰ ਦੀ ਕੁਦਰਤ ਵਿਚ ਦਖਲਅੰਦਾਜ਼ੀ ਬੰਦਿਆਂ ਵੱਲੋਂ ਬੰਦਿਆਂ ਦੀ ਗੁਲਾਮੀ ਵਿਚ ਹੀ ਪ੍ਰਗਟ ਹੁੰਦੀ ਰਹੀ ਹੈ। ਤਾਂ ਤੇ ਗੁਰੂ ਜੀ ਦੀ ਕਥਿਤ ਨੀਵਿਆਂ ਨੂੰ ਸੰਭਾਲਣ ਵਾਲੀ ਇਹ ਸਿੱਖਿਆ ਸਦਾ ਚੇਤੇ ਰੱਖਣੀ ਚਾਹੀਦੀ ਹੈ,
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥ (ਪੰਨਾ 15)
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਰਾਹੀਂ ਜੋ ਦਿੱਭ ਬਿੰਬ ਉਭਰਦਾ ਹੈ, ਉਸ ਨੂੰ ਜ਼ਾਹਰ ਪੀਰ, ਜਗਤ ਗੁਰ ਬਾਬਾ ਅਤੇ ਕਲਜੁੱਗ ਦੇ ਅਵਤਾਰ ਵਾਂਗ ਮਾਨਤਾ ਮਿਲਦੀ ਰਹੀ ਹੈ। ਇਤਿਹਾਸ ਵਿਚ ਪ੍ਰਗਟ ਹੋਈਆਂ ਗੁਰੂ ਜੀ ਦੀਆਂ ਇਨ੍ਹਾਂ ਸਾਰੀਆਂ ਪਰਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿਚ ੴ ਤੋਂ ਗੁਰ ਪ੍ਰਸਾਦਿ ਤੱਕ ਅਤੇ ਗੁਰਪ੍ਰਸਾਦਿ ਤੋਂ ੴ ਤੱਕ ਦੀ ਯਾਤਰਾ ਵਾਂਗ ਸਮਝਿਆ ਸਮਝਾਇਆ ਜਾ ਸਕਦਾ ਹੈ।