ਨੀਲੇ ਰੰਗ ਦੇ ਰੰਗ: ਗੁਲਾਮ ਮਾਨਸਿਕਤਾ ਤੋਂ ਨਾਬਰੀ ਤਕ

ਡਾ. ਧਰਮ ਸਿੰਘ
ਫੋਨ: 91-98889-69808
ਸਮੁੱਚੀ ਗੁਰਬਾਣੀ ਬੇਸ਼ੱਕ ਰੱਬੀ ਰਮਜ਼ਾਂ ਅਤੇ ਰਹੱਸ ਖੋਲ੍ਹਦੀ ਹੈ, ਪਰ ਇਸ ਦਾ ਸਮਾਜਕ ਅਤੇ ਸਭਿਆਚਾਰਕ ਮਹੱਤਵ ਵੀ ਘੱਟ ਨਹੀਂ। ਕਾਰਨ ਇਹ ਹੈ ਕਿ ਹਰ ਲੇਖਕ ਆਪਣੇ ਯੁੱਗ ਦੀ ਪੈਦਾਵਾਰ ਹੁੰਦਾ ਹੈ ਅਤੇ ਤਤਕਾਲੀ ਸਮਾਜਕ ਤੇ ਸਭਿਆਚਾਰਕ ਸਰੋਕਾਰਾਂ ਵਲੋਂ ਉਸ ਦਾ ਅਭਿੱਜ ਰਹਿਣਾ ਸੰਭਵ ਨਹੀਂ। ਇਸ ਲਈ ਗੁਰਬਾਣੀ ਵਿਚੋਂ ਜੋ ਸਮਾਜਕ ਤੇ ਸਭਿਆਚਾਰਕ ਪ੍ਰਮਾਣ ਮਿਲਦੇ ਹਨ, ਉਹ ਤਤਕਾਲ ਨੂੰ ਸਮਝਣ ਵਿਚ ਬਹੁਤ ਸਹਾਈ ਹੁੰਦੇ ਹਨ।

ਗੁਰੂ ਨਾਨਕ ਦੇਵ ਜੀ ਦੀਆਂ ਲਮੇਰੀਆਂ ਬਾਣੀਆਂ ਵਿਚੋਂ ਇਕ ‘ਆਸਾ ਦੀ ਵਾਰ’ ਹੈ। ਇਸ ਵਾਰ ਵਿਚ ਸਮਾਜਕ ਅਤੇ ਸਭਿਆਚਾਰਕ ਸੰਕਟਾਂ ਦਾ ਜੋ ਨਿਰੂਪਣ ਗੁਰੂ ਸਾਹਿਬ ਨੇ ਕੀਤਾ ਹੈ, ਉਹ ਬਹੁ-ਪਰਤੀ ਹੈ। ਇਨ੍ਹਾਂ ਵਿਚੋਂ ਇਕ ਹੈ, ਉਸ ਸਮੇਂ ਦੇ ਭਾਰਤੀ ਸਮਾਜ ਦੀ ਗੁਲਾਮ ਮਾਨਸਿਕਤਾ। ਗੁਰੂ ਜੀ ਤਕ ਇਸ ਗੁਲਾਮ ਮਾਨਸਿਕਤਾ ਦੀ ਉਮਰ ਕੋਈ ਸੱਤ ਸਦੀਆਂ ਦੀ ਹੋ ਚੁਕੀ ਸੀ, ਜਿਸ ਕਰਕੇ ਲੋਕਾਂ ਨੇ ਆਤਮ-ਪਛਾਣ ਭੁੱਲ ਕੇ ਹੁਕਮਰਾਨਾਂ ਦਾ ਲਿਬਾਸ, ਖਾਣ-ਪੀਣ ਅਤੇ ਉਨ੍ਹਾਂ ਦੀ ਜੀਵਨ-ਸ਼ੈਲੀ ਆਪਨਾ ਲਈ ਸੀ। ਗੁਰੂ ਨਾਨਕ ਦੇਵ ਜੀ ਦੀ ਬਾਣੀ ‘ਚੋਂ ਪ੍ਰਮਾਣ ਹਨ:
ਆਦਿ ਪੁਰਖ ਕਉ ਅਲਹੁ ਕਹੀਐ
ਸੇਖਾਂ ਆਈ ਵਾਰੀ॥
ਦੇਵਲ ਦੇਵਤਿਆ ਕਰੁ ਲਾਗਾ
ਐਸੀ ਕੀਰਤਿ ਚਾਲੀ॥
ਕੂਜਾ ਬਾਂਗ ਨਿਵਾਜ ਮੁਸਲਾ
ਨੀਲ ਰੂਪ ਬਨਵਾਰੀ॥ (ਗੁਰੂ ਗ੍ਰੰਥ ਸਾਹਿਬ, ਪੰਨਾ 1191)
ਅੱਜ ਅਸੀਂ ਸਿਰਫ ‘ਨੀਲ ਰੂਪ ਬਨਵਾਰੀ’ ਦੀ ਹੀ ਗੱਲ ਕਰਨੀ ਹੈ। ਉਸ ਵੇਲੇ ਦੇ ਬ੍ਰਾਹਮਣੀ ਵਿਹਾਰ ਨੂੰ ਗੁਰੂ ਜੀ ਪਖੰਡ ਕਹਿ ਕੇ ਇਸ ਨੂੰ ਛੱਡਣ ਦੀ ਨਸੀਹਤ ਕਰਦੇ ਹਨ। ਹੁਕਮਰਾਨਾਂ ਦੀਆਂ ਨਜ਼ਰਾਂ ਵਿਚ ਪ੍ਰਵਾਨ ਚੜ੍ਹਨ ਲਈ ਜਾਂ ਉਨ੍ਹਾਂ ਦੀ ਖੁਸ਼ਨੂਦੀ ਲਈ ਬ੍ਰਾਹਮਣਾਂ ਨੇ ਉਨ੍ਹਾਂ ਵਰਗੇ ਹੀ ਨੀਲੇ ਕੱਪੜੇ ਪਹਿਨਣੇ ਸ਼ੁਰੂ ਕਰ ਦਿੱਤੇ। ਨੀਲਾ ਜਾਂ ਨੀਲ ਫਾਰਸੀ ਸ਼ਬਦ ਹੈ। ਨੀਲ ਇਕ ਪੌਦਾ ਹੈ, ਜਿਸ ਵਿਚੋਂ ਰੰਗ ਨਿਕਲਦਾ ਹੈ। ਲਾਜਵਰਦ ਨੂੰ ਵੀ ਨੀਲ ਕਹਿੰਦੇ ਹਨ। ਤੁਰਕ ਨੀਲੇ ਰੰਗ ਦੇ ਕੱਪੜੇ ਪਾਉਂਦੇ ਸਨ। ਬਾਬਰ ਤੁਰਕ (ਤੁਰਕੀ ਦਾ ਰਹਿਣ ਵਾਲਾ) ਸੀ। ਬਾਬਰ ਵੀ ਤੁਰਕੀ ਸ਼ਬਦ ਹੈ। ਨੀਲੇ ਕੱਪੜੇ ਪਹਿਨਣਾ ਮੁਸਲਮਾਨਾਂ ਲਈ ਫੈਸ਼ਨ ਬਣ ਚੁਕਾ ਸੀ। ਹਿੰਦੂ ਲੋਕ ਮੁਸਲਮਾਨ ਹਾਕਮਾਂ ਨੂੰ ਖੁਸ਼ ਕਰਨ ਲਈ ਇਸੇ ਰੰਗ ਦੇ ਕੱਪੜੇ ਪਹਿਨਣ ਲੱਗ ਪਏ। ਗੁਰੂ ਨਾਨਕ ਇਸ ਵਰਤਾਰੇ ਜਾਂ ਕਹਿ ਲਵੋ ਕਿ ਨੀਲੇ ਕੱਪੜਿਆਂ ਨੂੰ ਗੁਲਾਮੀ ਦਾ ਚਿੰਨ੍ਹ ਸਮਝ ਕੇ ਇਸ ਦੀ ਨਿੰਦਾ ਕਰਦੇ ਹਨ:
ਮਥੈ ਟਿਕਾ ਤੇੜਿ ਧੋਤੀ ਕਖਾਈ॥
ਹਥਿ ਛੁਰੀ ਜਗਤ ਕਾਸਾਈ॥
ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ॥
ਮਲੇਛ ਧਾਨੁ ਲੇ ਪੂਜਹਿ ਪੁਰਾਣੁ॥ (ਗੁਰੂ ਗ੍ਰੰਥ ਸਾਹਿਬ, ਪੰਨਾ 871)
‘ਪੰਜਾਬੀ ਲੋਕ ਧਾਰਾ ਵਿਸ਼ਵ ਕੋਸ਼’ ਦੇ ਕਰਤਾ ਡਾ. ਵਣਜਾਰਾ ਬੇਦੀ ਤਾਂ ਇਥੋਂ ਤੱਕ ਲਿਖਦੇ ਹਨ ਕਿ ਹਿੰਦੂ ਜਾਂ ਗੈਰ ਮੁਸਲਮਾਨ ਨੀਲੇ ਰੰਗ ਦੇ ਕੱਪੜੇ ਪਾ ਕੇ ਹੀ ਤੁਰਕ ਹਾਕਮਾਂ ਪਾਸ ਜਾਂਦੇ ਸਨ, ਤਾਂ ਹੀ ਉਨ੍ਹਾਂ ਨੂੰ ਮਿਲਣ ਦੀ ਆਗਿਆ ਦਿੱਤੀ ਜਾਂਦੀ ਸੀ (ਜਿਲਦ ਛੇਵੀਂ, ਪੰਨਾ 1824)। ਗੁਰੂ ਨਾਨਕ ਦੇਵ ਜੀ ਜਦ ਮੱਕੇ ਗਏ ਤਾਂ ਉਨ੍ਹਾਂ ਆਪਣੇ ਓਪਰੇਪਨ ਜਾਂ ਵਿਦੇਸ਼ੀਪਨ ਨੂੰ ਲੁਕਾਉਣ ਲਈ ਨੀਲੇ ਵਸਤਰ ਹੀ ਪਾਏ ਸਨ, ਜਿਸ ਦੀ ਗਵਾਹੀ ਭਾਈ ਗੁਰਦਾਸ ਜੀ ਨੇ ਦਿੱਤੀ ਹੈ:
ਫਿਰ ਬਾਬਾ ਮੱਕੇ ਗਇਆ,
ਨੀਲ ਬਸਤਰ ਧਾਰੇ ਬਨਵਾਰੀ। (ਵਾਰ ਪਹਿਲੀ, ਪਉੜੀ 32)
ਪੁਰਾਤਨ ਜਨਮ ਸਾਖੀ ਅਨੁਸਾਰ ਜਦ ਬਾਬਾ ਜੀ ਚੌਥੀ ਉਦਾਸੀ ‘ਤੇ ਗਏ ਤਾਂ ਉਨ੍ਹਾਂ ਨੀਲੇ ਕੱਪੜੇ ਪਹਿਨੇ ਹੋਏ ਸਨ, ‘ਤਬ ਨੀਲੇ ਬਸਤ੍ਰ ਥੇ, ਖੇਡਦਾ ਖੇਡਦਾ ਹੱਜ ਵਿਚ ਆਇ ਨਿਕਲਿਆ।’ (ਪੰਨਾ 182)
ਇਥੇ ਇਹ ਸਪਸ਼ਟ ਕਰਨਾ ਜ਼ਰੂਰੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਜੇ ਨੀਲੇ ਵਸਤਰ ਪਾਏ ਹਨ ਤਾਂ ਇਸ ਦਾ ਮਤਲਬ ਇਹ ਹਰਗਿਜ਼ ਨਹੀਂ ਕਿ ਉਹ ਇਨ੍ਹਾਂ ਨੂੰ ਮਾਨਤਾ ਦੇ ਰਹੇ ਹਨ। ਇਹ ਤਾਂ ਹਿਕਮਤ-ਏ-ਅਮਲੀ ਹੈ, ਜੋ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਵਰਤੀ, ਜਦ ਉਹ ਮਾਛੀਵਾੜੇ ਵਿਚੋਂ ਨਬੀ ਖਾਂ ਅਤੇ ਗਨੀ ਖਾਂ ਦੀ ਮਦਦ ਨਾਲ ਉਚ ਦਾ ਪੀਰ ਬਣ ਕੇ ਮੁਗਲ ਸੈਨਾ ਦੇ ਘੇਰੇ ਵਿਚੋਂ ਨਿਕਲੇ ਸਨ। ਚਮਕੌਰ ਦੀ ਗੜ੍ਹੀ ਛੱਡਣ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਵਿਚ ਗੁਲਾਬ ਚੰਦ ਮਸੰਦ ਦੇ ਘਰ ਕੁਝ ਸਮਾਂ ਟਿਕੇ ਪਰ ਮੁਸਲਮਾਨ ਸੈਨਾ ਨੂੰ ਸੂਹ ਮਿਲ ਗਈ ਤੇ ਉਸ ਨੇ ਮਾਛੀਵਾੜੇ ਨੂੰ ਘੇਰਾ ਪਾ ਲਿਆ। ਪੁਰਾਣੀ ਵਫਾਦਾਰੀ ਨਿਭਾਉਣ ਖਾਤਰ ਦੋ ਪਠਾਣ ਨਬੀ ਖਾਂ ਅਤੇ ਗਨੀ ਖਾਂ ਅੱਗੇ ਆਏ। ਪਠਾਣਾਂ ਦੇ ਕੱਪੜੇ ਤਾਂ ਪਹਿਲਾਂ ਹੀ ਨੀਲੇ ਰੰਗ ਦੇ ਸਨ, ਪਰ ਉਨ੍ਹਾਂ ਨੇ ਗੁਰੂ ਜੀ ਅਤੇ ਉਨ੍ਹਾਂ ਨਾਲ ਆਏ ਸਿੱਖਾਂ ਦੇ ਵਸਤਰ ਵੀ ਨੀਲੇ ਰੰਗ ਵਿਚ ਰੰਗ ਦਿੱਤੇ ਅਤੇ ਗੁਰੂ ਜੀ ਨੂੰ ਉਚ (ਅੱਜ ਕੱਲ੍ਹ ਬਹਾਵਲਪੁਰ ਰਿਆਸਤ, ਪਾਕਿਸਤਾਨ) ਦਾ ਪੀਰ ਬਣਾ ਕੇ ਘੇਰੇ ‘ਚੋਂ ਬਾਹਰ ਕੱਢ ਲਿਆਏ।
ਜਿਸ ਮੱਟ ਵਿਚ ਗੁਰੂ ਜੀ ਅਤੇ ਬਾਕੀ ਸਿੰਘਾਂ ਦੇ ਕੱਪੜੇ ਨੀਲੇ ਰੰਗ ਵਿਚ ਰੰਗੇ ਗਏ ਸਨ, ਉਹ ਮੱਟ ਅੱਜ ਵੀ ਮਾਛੀਵਾੜੇ ਦੇ ਗੁਰਦੁਆਰਾ ਚੌਬਾਰਾ ਸਾਹਿਬ ਵਿਚ ਸੁਰੱਖਿਅਤ ਹੈ। ਉਸ ਵੇਲੇ ਦਾ ਸਮਾਜ ਧਾਰਮਿਕ ਤੌਰ ‘ਤੇ ਤਾਂ ਅਧੋਗਤੀ ਦਾ ਸ਼ਿਕਾਰ ਹੋਇਆ ਹੀ ਸੀ, ਉਨ੍ਹਾਂ ਦੀ ਸਭਿਆਚਾਰਕ ਅਧੋਗਤੀ ਦੀ ਜੋ ਤਸਵੀਰ ਆਸਾ ਦੀ ਵਾਰ ਵਿਚ ਮਿਲਦੀ ਹੈ, ਉਹ ਹੋਰ ਕਿਧਰੇ ਘੱਟ ਹੀ ਨਜ਼ਰ ਪੈਂਦੀ ਹੈ। ਹਿੰਦੂ ਪਰਜਾ ਸੀ, ਇਸੇ ਕਰਕੇ ਇਹ ਸੰਬੋਧਨ ਇਸ ਬਾਣੀ ਵਿਚ ਬਹੁਲਤਾ ਸਹਿਤ ਪ੍ਰਾਪਤ ਹੈ। ਪਰਜਾ ਨੂੰ ਅੰਨ੍ਹੀ ਤੱਕ ਕਹਿ ਕੇ ਗਿਆਨਵਾਨ (ਸੁਜਾਖੀ) ਬਣਨ ਦੀ ਨਸੀਹਤ ਕੀਤੀ ਗਈ ਹੈ।
ਮੈਂ ਇਥੇ ‘ਗਿਆਨ’ ਸ਼ਬਦ ਦੇ ਅਰਥ ਸਭਿਆਚਾਰਕ ਚੇਤਨਾ ਜਾਂ ਜਾਗਰੂਕਤਾ ਦੇ ਲੈਂਦਾ ਹਾਂ, ਕਿਉਂਕਿ ਹਿੰਦੂਆਂ (ਵਿਸ਼ੇਸ਼ ਕਰਕੇ ਬ੍ਰਾਹਮਣਾਂ) ਨੂੰ ਵੇਦਾਂ, ਪੌਰਾਣਾਂ, ਉਪਨਿਸ਼ਦਾਂ ਅਤੇ ਹੋਰ ਧਾਰਮਿਕ ਗ੍ਰੰਥਾਂ ਦਾ ਗਿਆਨ ਤਾਂ ਪਹਿਲਾਂ ਹੀ ਸੀ, ਪਰ ਸਭਿਆਚਾਕ ਚੇਤਨਾ ਅਤੇ ਦ੍ਰਿੜ੍ਹਤਾ ਨਹੀਂ ਸੀ। ਗੁਰੂ ਨਾਨਕ ਦੇਵ ਜੀ ਇਸੇ ਚੇਤਨਾ ਵਲ ਹੀ ਸੰਕੇਤ ਕਰਦੇ ਹਨ:
ਅੰਧੀ ਰਯਤਿ ਗਿਆਨ ਵਿਹੂਣੀ
ਭਾਹਿ ਭਰੇ ਮੁਰਦਾਰੁ॥
ਗਿਆਨੀ ਨਚਹਿ ਵਾਜੇ ਵਾਵਹਿ
ਰੂਪ ਕਰਹਿ ਸੀਗਾਰੁ॥
ਹੁਣ ਥੋੜ੍ਹੀ ਜਿਹੀ ਗੱਲ ਨਿਹੰਗ ਸਿੰਘਾਂ ਦੇ ਨੀਲੇ ਬਾਣੇ ਬਾਰੇ। ਅਸੀਂ ਵਿਚਾਰਿਆ ਹੈ ਕਿ ਗੁਰੂ ਨਾਨਕ ਦੇਵ ਨੇ ਨੀਲੇ ਕੱਪੜਿਆਂ ਨੂੰ ਹੁਕਮਰਾਨੀ ਪੁਸ਼ਾਕ ਕਹਿ ਕੇ ਕਠੋਰ ਸ਼ਬਦਾਂ ਵਿਚ ਨਿੰਦਿਆ ਹੈ। ਸਵਾਲ ਉਠਦਾ ਹੈ ਕਿ ਗੁਰੂ ਨਾਨਕ ਦੀ ਹੀ ਗੱਦੀ ਦੇ ਇਕ ਵਾਰਿਸ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀਆਂ ਲਾਡਲੀਆਂ ਫੌਜਾਂ ਲਈ ਇਹੋ ਹੀ ਰੰਗ ਕਿਉਂ ਚੁਣਿਆ? ਦੂਜੇ ਸ਼ਬਦਾਂ ਵਿਚ ਕਹਿ ਲਓ ਕਿ ਇਸ ਤਬਦੀਲੀ ਪਿੱਛੇ ਕੀ ਦਲੀਲ ਹੈ?
ਗੁਰੂ ਗੋਬਿੰਦ ਸਿੰਘ ਜੀ ਨੇ ਜਦ ਅੰਮ੍ਰਿਤ ਛਕਾਇਆ ਤਾਂ ਸਿੱਖਾਂ ਦੇ ਮਨਾਂ ਵਿਚੋਂ ਹਕੂਮਤ ਦਾ ਡਰ, ਭੈਅ ਦੂਰ ਕਰਨ ਹਿੱਤ ਸੱਤਾ ਦੇ ਪ੍ਰਤੀਕ ਉਹ ਸਾਰੇ ਚਿੰਨ੍ਹ ਧਾਰਨ ਕਰਨਾ ਜ਼ਰੂਰੀ ਕਰਾਰ ਦਿੱਤੇ। ਅੰਮ੍ਰਿਤ ਸੰਚਾਰ ਸੰਸਕਾਰ ਦੇ ਪੁਰਾਣੇ ਚਿੱਤਰਾਂ ਵਿਚ ਪੰਜ ਪਿਆਰੇ ਅਤੇ ਖੁਦ ਗੁਰੂ ਗੋਬਿੰਦ ਸਿੰਘ ਜੀ ਵੀ ਨੀਲੇ ਬਾਣੇ ਵਿਚ ਦਰਸਾਏ ਗਏ ਹਨ, ਜਿਸ ਤੋਂ ਸਾਡੀ ਧਾਰਨਾ ਦੀ ਪੁਸ਼ਟੀ ਹੁੰਦੀ ਹੈ। ਇੰਜ ਨੀਲੇ ਵਸਤਰ ਜੋ ਗੁਰੂ ਨਾਨਕ ਦੇਵ ਜੀ ਦੇ ਸਮੇਂ ਹਕੂਮਤੀ ਲਿਬਾਸ ਸੀ, ਹੁਣ ਨਾਬਰੀ ਅਤੇ ਹਕੂਮਤੀ ਅਵੱਗਿਆ ਦਾ ਪ੍ਰਤੀਕ ਬਣ ਗਿਆ ਸੀ। ਭਾਈ ਗੁਰਦਾਸ (ਦੂਜਾ) ਦੀ ਵਾਰ ਦਾ ਇਹ ਬੰਦ ਵੀ ਇਸੇ ਤੱਥ ਦੀ ਪੁਸ਼ਟੀ ਕਰਦਾ ਹੈ:
ਜਿਨ ਪੰਥ ਚਲਾਯੋ ਖਾਲਸਾ ਧਰ ਤੇਜ ਕਰਾਰਾ।
ਸਿਰ ਕੇਸ ਧਾਰਿ ਗਹਿ ਖੜਗ ਕਉ ਸਭ ਦੁਸ਼ਟ ਪਛਾਰਾ।
ਇਉ ਉਪਜੇ ਸਿੰਘ ਭੁਜੰਗੀਏ, ਨੀਲੰਬਰ ਧਾਰਾ। (ਪਉੜੀ 15)
ਗੁਰੂ ਨਾਨਕ ਦੇਵ ਜੀ ਰਚਿਤ ਲੰਮੇਰੀਆਂ ਬਾਣੀਆਂ ਵਿਚ ਕਿਸੇ ਨਾ ਕਿਸੇ ਵਿਸ਼ੇਸ਼ ਪੱਖ ‘ਤੇ ਵਧੇਰੇ ਜੋਰ ਦਿੱਤਾ ਗਿਆ ਮਿਲਦਾ ਹੈ; ਜਿਵੇਂ ‘ਜਪੁ ਜੀ ਸਾਹਿਬ’ ਵਧੇਰੇ ਦਾਰਸ਼ਨਿਕ ਹੈ, ਦੱਖਣੀ ਓਅੰਕਾਰ ਬੁੱਧੀਜੀਵੀ ਵਰਗ ਨੂੰ ਸੰਬੋਧਿਤ ਹੈ ਅਤੇ ‘ਸਿੱਧ ਗੋਸਟਿ’ ਨਾਥਾਂ ਜੋਗੀਆਂ ਨੂੰ; ਠੀਕ ਇਸੇ ਤਰ੍ਹਾਂ ‘ਆਸਾ ਦੀ ਵਾਰ’ ਦਾ ਮਹੱਤਵ ਗੁਰੂ ਜੀ ਦੇ ਤਤਕਾਲੀ ਸਭਿਆਚਾਰਕ ਵਰਤਾਰਿਆਂ ਨੂੰ ਉਜਾਗਰ ਕਰਨ ਵਿਚ ਵਧੇਰੇ ਹੈ। ਅਸੀਂ ਜਾਣਦੇ ਹਾਂ ਕਿ ਗੁਰਦੁਆਰਿਆਂ ਵਿਚ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੇ ਕੀਰਤਨ ਦੀ ਮਰਿਆਦਾ ਹੈ। ਸਵਾਲ ਹੈ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬਾਈ ਵਾਰਾਂ ਵਿਚੋਂ ਇਹ ਮਾਣ ਕੇਵਲ ਆਸਾ ਦੀ ਵਾਰ ਨੂੰ ਹੀ ਕਿਉਂ ਮਿਲਿਆ? ਸਾਡਾ ਅੰਦਾਜ਼ਾ ਹੈ ਕਿ ਅਜਿਹਾ ਇਸ ਲਈ ਹੋਇਆ, ਕਿਉਂਕਿ ਇਹ ਵਾਰ ਬਾਰ-ਬਾਰ ਪੜ੍ਹਨ ਅਤੇ ਸੁਣਨ ਦਾ ਮਨੋਰਥ ਗੁਰੂ ਨਾਨਕ ਜਾਂ ਗੁਰੂ ਅੰਗਦ ਦੇਵ ਜੀ ਦੀ ਲੋਕਾਂ ਵਿਚ ਸਭਿਆਚਾਰਕ ਚੇਤਨਾ ਜਗਾਈ ਰੱਖਣਾ ਸੀ। ਸਭਿਆਚਾਰਕ ਅਧੋਗਤੀ ਹੀ ਕਿਸੇ ਸਮਾਜ ਦੇ ਪਤਨ ਦਾ ਕਾਰਨ ਬਣਦੀ ਹੈ, ਇਸ ਲਈ ਚੌਕੰਨੇ ਰਹਿਣ ਦੀ ਲੋੜ ਹੈ ਅਤੇ ਆਸਾ ਦੀ ਵਾਰ ਇਹ ਲੋੜ ਬੜੀ ਕੁਸ਼ਲਤਾ ਨਾਲ ਪੂਰਿਆਂ ਕਰਦੀ ਹੈ।