ਭੋਤਨਾ ਖੁਦਕੁਸ਼ੀ ਕਾਂਡ ਨੇ ਵਿਖਾਈ ਕਿਸਾਨਾਂ ਦੀ ਤ੍ਰਾਸਦੀ ਬਾਰੇ ਅਸਲ ਤਸਵੀਰ

ਚੰਡੀਗੜ੍ਹ: ਕੈਪਟਨ ਸਰਕਾਰ ਭਾਵੇਂ ਕਰਜ਼ ਮੁਆਫੀ ਰਾਹੀਂ ਕਿਸਾਨਾਂ ਦੇ ਸਾਰੇ ਦੁੱਖ ਦੂਰ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਬਰਨਾਲਾ ਦੇ ਪਿੰਡ ਭੋਤਨਾ ਦੇ ਨੌਜਵਾਨ ਕਿਸਾਨ ਲਵਪ੍ਰੀਤ ਸਿੰਘ ਵੱਲੋਂ ਖੁਦਕੁਸ਼ੀ ਦੀ ਘਟਨਾ ਨੇ ਪੰਜਾਬ ਵਿਚ ਕਿਸਾਨੀ ਦੇ ਮਾੜੇ ਹਾਲਤ ਬਾਰੇ ਤਸਵੀਰ ਕਾਫੀ ਹੱਦ ਤੱਕ ਸਾਫ ਕਰ ਦਿੱਤੀ ਹੈ।

ਇਸ ਪਰਿਵਾਰ ਦੇ 5 ਜੀਅ ਪੀੜ੍ਹੀ ਦਰ ਪੀੜ੍ਹੀ ਖੁਦਕੁਸ਼ੀ ਕਰ ਚੁੱਕੇ ਹਨ। ਕੈਪਟਨ ਸਰਕਾਰ ਨੇ 5 ਜਨਵਰੀ 2018 ਨੂੰ ਕਰਜ਼ਾ ਮੁਆਫੀ ਦੀ ਸ਼ੁਰੂਆਤ ਕੀਤੀ ਤਾਂ ਠੀਕ ਉਸੇ ਦਿਨ ਲਵਪ੍ਰੀਤ ਸਿੰਘ ਦੇ ਪਿਤਾ ਕੁਲਵੰਤ ਸਿੰਘ ਨੇ ਕਰਜ਼ੇ ਕਾਰਨ ਖੁਦਕੁਸ਼ੀ ਕਰ ਲਈ। ਕੁਲਵੰਤ ਸਿੰਘ ਨੇ ਖੇਤੀ ਦੇ ਨਾਲ ਡਰਾਈਵਰੀ ਵੀ ਕੀਤੀ, ਪਰ ਫਿਰ ਵੀ ਪੱਲੇ ਕੁਝ ਨਾ ਪਿਆ। ਹੌਲੀ ਹੌਲੀ ਜ਼ਮੀਨ ਵੀ ਵਿਕਦੀ ਗਈ, ਪਰ ਕਰਜ਼ੇ ਦੀ ਪੰਡ ਹੌਲੀ ਨਾ ਹੋਈ। ਕੁਲਵੰਤ ਸਿੰਘ ਨੇ ਆਪਣੀ ਸੱਤ ਕਨਾਲਾਂ ਜ਼ਮੀਨ ਦੇ ਨਾਲ 14 ਏਕੜ ਜ਼ਮੀਨ ਠੇਕੇ ‘ਤੇ ਲੈ ਕੇ ਖੇਤੀ ਸ਼ੁਰੂ ਕੀਤੀ, ਪਰ ਗੜ੍ਹੇਮਾਰੀ ਨੇ ਉਹਦੀਆਂ ਉਮੀਦਾਂ ਉਤੇ ਪਾਣੀ ਫੇਰ ਦਿੱਤਾ। ਚੁਫੇਰੇ ਹਨੇਰਾ ਦਿੱਸਿਆ ਤਾਂ ਉਸ ਨੇ ਵੀ ਖੁਦਕੁਸ਼ੀ ਕਰ ਲਈ।
ਲਵਪ੍ਰੀਤ ਸਿੰਘ ਦੇ ਪੜਦਾਦਾ ਜੋਗਿੰਦਰ ਸਿੰਘ ਕੋਲ ਕਿਸੇ ਸਮੇਂ 13 ਏਕੜ ਜ਼ਮੀਨ ਸੀ, ਜੋ ਲਵਪ੍ਰੀਤ ਤੱਕ ਪੁੱਜਦੀ ਹੋਈ ਸਿਰਫ 6 ਕਨਾਲ ਰਹਿ ਗਈ ਸੀ। ਪਰਿਵਾਰ ਵੱਲੋਂ ਆੜ੍ਹਤੀਆਂ ਤੋਂ ਲਏ ਕਰਜ਼ੇ ਕਾਰਨ ਪਹਿਲਾਂ ਜੋਗਿੰਦਰ ਸਿੰਘ ਤੇ ਫਿਰ ਉਸ ਦੇ ਵੱਡੇ ਲੜਕੇ ਭਗਵਾਨ ਸਿੰਘ ਨੇ ਖੁਦਕੁਸ਼ੀ ਕਰ ਲਈ। ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਭਗਵਾਨ ਸਿੰਘ ਦੇ ਭਰਾ ਨਾਹਰ ਸਿੰਘ (ਲਵਪ੍ਰੀਤ ਦੇ ਦਾਦਾ) ਸਿਰ ਪੈ ਗਈ। ਨਾਹਰ ਸਿੰਘ ਕਰਜ਼ੇ ਦੀ ਪਰੇਸ਼ਾਨੀ ਕਾਰਨ ਖੁਦਕੁਸ਼ੀ ਕਰ ਗਿਆ। ਉਸ ਤੋਂ ਪਿੱਛੋਂ ਇਹ ਕਰਜ਼ਾ ਨਾਹਰ ਸਿੰਘ ਦੇ ਲੜਕੇ ਕੁਲਵੰਤ ਸਿੰਘ (ਲਵਪ੍ਰੀਤ ਸਿੰਘ ਦੇ ਪਿਤਾ) ਦੀ ਝੋਲੀ ਪੈ ਗਿਆ। ਕੁਲਵੰਤ ਸਿੰਘ ਨੇ ਖੇਤੀ ਦੇ ਨਾਲ-ਨਾਲ ਡਰਾਇਵਰੀ ਵੀ ਕੀਤੀ ਪਰ ਕਰਜ਼ੇ ਕਾਰਨ ਹੌਲੀ-ਹੌਲੀ ਇਨ੍ਹਾਂ ਦੀ ਜ਼ਮੀਨ ਵਿਕਦੀ ਗਈ। ਸਾਲ 2016 ਵਿਚ ਹੋਈ ਗੜ੍ਹੇਮਾਰੀ ਨੇ ਕੁਲਵੰਤ ਸਿੰਘ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ। ਇਸ ਸਦਮੇ ਵਿਚ ਪਿਛਲੇ ਸਾਲ ਜਨਵਰੀ ਮਹੀਨੇ ‘ਚ ਕੁਲਵੰਤ ਸਿੰਘ ਨੇ ਖੁਦਕੁਸ਼ੀ ਕਰ ਲਈ। ਕੁਲਵੰਤ ਸਿੰਘ ਦੇ ਪਰਿਵਾਰ ਸਿਰ ਪਹਿਲਾਂ ਲਗਭਗ 12 ਲੱਖ ਰੁਪਏ ਦਾ ਕਰਜ਼ਾ ਸੀ।
ਸਰਕਾਰ ਦੀ ਕਰਜ਼ਾ ਮੁਆਫੀ ਯੋਜਨਾ ਤਹਿਤ ਸਹਿਕਾਰੀ ਸਭਾ ਦਾ 57,000 ਰੁਪਏ ਦੇ ਕਰੀਬ ਕਰਜ਼ਾ ਮੁਆਫ ਹੋ ਗਿਆ। ਲਵਪ੍ਰੀਤ ਦੀ ਮਾਂ ਹਰਪਾਲ ਕੌਰ ਨੇ ਦੱਸਿਆ ਕਿ ਇਸ ਸਮੇਂ ਡੇਢ ਲੱਖ ਦਾ ਕਰਜ਼ਾ ਬੈਂਕਾਂ ਦਾ ਹੈ ਅਤੇ ਬਾਕੀ 7 ਕੁ ਲੱਖ ਰੁਪਏ ਦਾ ਕਰਜ਼ਾ ਆੜਖ਼ਤੀਏ ਅਤੇ ਹੋਰ ਪਿੰਡ ਵਾਸੀਆਂ ਦਾ ਹੈ। ਇਸ ਕਰਜ਼ੇ ਦਾ 82,000 ਛਿਮਾਹੀ ਵਿਆਜ ਦੇਣਾ ਪੈਂਦਾ ਸੀ। ਪਿਤਾ ਦੀ ਖੁਦਕੁਸ਼ੀ ਤੋਂ ਬਾਅਦ ਜ਼ਿੰਮੇਵਾਰੀ ਲਵਪ੍ਰੀਤ ‘ਤੇ ਪੈ ਗਈ। ਉਸ ਦੀ ਪੜਖ਼ਾਈ ਵੀ ਛੁੱਟ ਗਈ। ਕਰਜ਼ੇ ਕਾਰਨ ਅਤੇ ਘਰ ਵਿਚ ਵੱਡੀ ਅਣਵਿਆਹੀ ਭੈਣ ਦੇ ਵਿਆਹ ਨੂੰ ਲੈ ਕੇ ਲਵਪ੍ਰੀਤ ਸਿੰਘ ਮਾਨਸਿਕ ਤੌਰ ਉਤੇ ਕਾਫੀ ਪਰੇਸ਼ਾਨ ਰਹਿੰਦਾ ਸੀ ਅਤੇ ਇਸੇ ਪਰੇਸ਼ਾਨੀ ਕਾਰਨ ਉਸ ਨੇ ਵੀ ਖੁਦਕੁਸ਼ੀ ਕਰ ਲਈ। ਇਸ ਪਰਿਵਾਰ ਦੇ 5 ਜੀਅ ਪੀੜ੍ਹੀ ਦਰ ਪੀੜ੍ਹੀ ਖੁਦਕੁਸ਼ੀ ਕਰ ਚੁੱਕੇ ਹਨ।
10 ਸਾਲਾਂ ਦੇ ਅਕਾਲੀ-ਭਾਜਪਾ ਸ਼ਾਸਨ ਸਮੇਂ ਵੀ ਅਜਿਹੀਆਂ ਅਨੇਕਾਂ ਹੀ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ ਹਨ। 1997 ਵਿਚ ਅਕਾਲੀ-ਭਾਜਪਾ ਸਰਕਾਰ ਸਮੇਂ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਬਿਜਲੀ ਨੂੰ ਮੁਫਤ ਕਰਨ ਦਾ ਐਲਾਨ ਵੀ ਕੀਤਾ ਗਿਆ ਸੀ। ਇਹ ਸਿਲਸਿਲਾ ਹੁਣ ਤੱਕ ਵੀ ਚਲਦਾ ਆ ਰਿਹਾ ਹੈ ਪਰ ਇਸ ਨੇ ਵੀ ਕਿਸਾਨਾਂ ਦੀ ਆਰਥਿਕਤਾ ਨੂੰ ਮਜ਼ਬੂਤ ਠੁੰਮ੍ਹਣਾ ਦੇਣ ਦਾ ਕੰਮ ਨਹੀਂ ਕੀਤਾ, ਸਗੋਂ ਇਸ ਦੇ ਨਾਂਹ-ਪੱਖੀ ਅਸਰ ਵਧੇਰੇ ਸਾਹਮਣੇ ਆਉਂਦੇ ਰਹੇ ਹਨ। ਹਰ ਵਾਰ ਕੇਂਦਰ ਸਰਕਾਰ ਵੱਲੋਂ ਕੁਝ ਫਸਲਾਂ ਦੇ ਭਾਅ ਨਿਸ਼ਚਿਤ ਕਰਨ ਦੇ ਐਲਾਨ ਵੀ ਕੀਤੇ ਜਾਂਦੇ ਰਹੇ ਹਨ। ਪਿਛਲੇ ਦੋ ਸਾਲਾਂ ਵਿਚ ਪੰਜਾਬ ਦੇ 900 ਕਿਸਾਨਾਂ ਨੇ ਖੁਦਕੁਸ਼ੀ ਕੀਤੀ। ਪੰਜਾਬ ਦੀ ਕਾਂਗਰਸ ਸਰਕਾਰ ਇਸ ਵਾਅਦੇ ਨਾਲ ਸੱਤਾ ਵਿਚ ਆਈ ਸੀ ਕਿ ਉਹ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕਰ ਦੇਵੇਗੀ। ਉਸ ਨੇ ਹੁਣ ਤੱਕ ਕੁਝ ਕਦਮ ਜ਼ਰੂਰ ਉਠਾਏ ਹਨ। 36,00 ਕਰੋੜ ਦੇ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਾ ਚੁੱਕੇ ਹਨ। ਸਰਕਾਰ ਨੇ ਇਹ ਵੀ ਵਾਅਦਾ ਕੀਤਾ ਹੈ ਕਿ ਉਹ 5 ਸਾਲਾਂ ਵਿਚ ਕਿਸਾਨਾਂ ਦੇ 7,000 ਕਰੋੜ ਰੁਪਏ ਦੇ ਕਰਜ਼ੇ ਮੁਆਫ ਕਰੇਗੀ ਪਰ ਇਸ ਦੇ ਬਾਵਜੂਦ ਵੱਡੀ ਗਿਣਤੀ ਵਿਚ ਕਿਸਾਨ ਵਰਗ ਮਾਯੂਸ ਨਜ਼ਰ ਆ ਰਿਹਾ ਹੈ। ਅੰਕੜਿਆਂ ਅਨੁਸਾਰ ਦੇਸ਼ ਦੇ ਹੋਰ ਸੂਬਿਆਂ ਵਿਚ ਵੀ ਪਿਛਲੇ ਸਾਲਾਂ ਵਿਚ ਹਜ਼ਾਰਾਂ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ।
_____________________________
ਆਪਣੀ ਲਾਪਰਵਾਹੀ ‘ਤੇ ਪਰਦਾ ਪਾ ਰਿਹੈ ਪ੍ਰਸ਼ਾਸਨ
ਟੱਲੇਵਾਲ: ਪਰਿਵਾਰ ਦੇ ਜਖਮਾਂ ‘ਤੇ ਕਿਸੇ ਤਰ੍ਹਾਂ ਦਾ ਮੱਲ੍ਹਮ ਲਗਾਉਣ ਦੀ ਥਾਂ ਪ੍ਰਸ਼ਾਸਨ ਇਸ ਖੁਦਕੁਸ਼ੀ ਨੂੰ ਵੱਖਰਾ ਰੰਗ ਦੇ ਕੇ ਆਪਣਾ ਪੱਲਾ ਛੁਡਵਾ ਰਿਹਾ ਹੈ। ਲਵਪ੍ਰੀਤ ਦੀ ਮੌਤ ਤੋਂ ਤੁਰਤ ਮਗਰੋਂ ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ ਸਰਕਾਰੀ ਕਰਜ਼ਾ ਜੋ ਕੁਝ ਹਜ਼ਾਰ ਸੀ, ਉਹ ਕਾਫੀ ਪਹਿਲਾਂ ਮੁਆਫ ਕਰ ਦਿੱਤਾ ਗਿਆ ਸੀ। ਹੋਰ ਪ੍ਰਾਈਵੇਟ ਕਰਜ਼ੇ ਸਬੰਧੀ ਟਾਲਾ ਵੱਟਿਆ ਗਿਆ ਹੈ। ਪਰਿਵਾਰ ਨੂੰ ਰਾਹਤ ਦੇਣ ਜਾਂ ਦਿਵਾਉਣ ਦੀ ਬਜਾਇ ਪ੍ਰਸ਼ਾਸਨ ਪਰਿਵਾਰ ਦੇ ਕਰਜ਼ੇ ਨੂੰ ਸਰਕਾਰੀ ਤੇ ਪ੍ਰਾਈਵੇਟ ਕਰਜ਼ੇ ‘ਚ ਉਲਝਾ ਰਿਹਾ ਹੈ। ਸਰਕਾਰ ਵੱਲੋਂ ਤਾਂ ਸੁਸਾਇਟੀ ਦਾ 57,330 ਰੁਪਏ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ। ਲਵਪ੍ਰੀਤ ਦੇ ਪਿਤਾ ਕੁਲਵੰਤ ਨੇ ਖੁਦਕੁਸ਼ੀ ਕਰੀਬ ਡੇਢ ਸਾਲ ਪਹਿਲਾਂ ਕੀਤੀ ਸੀ। ਇਸ ਦਾ ਮੁਆਵਜ਼ਾ ਲੈਣ ਲਈ ਕਿਸਾਨ ਜਥੇਬੰਦੀਆਂ ਅਤੇ ਪਰਿਵਾਰ ਨੇ ਬਹੁਤ ਭੱਜ-ਨੱਠ ਕੀਤੀ। ਜੇ ਸਮਾਂ ਰਹਿੰਦੇ ਸਰਕਾਰ ਜਾਂ ਪ੍ਰਸ਼ਾਸਨ ਮੁਆਵਜ਼ੇ ਦੇ ਤਿੰਨ ਲੱਖ ਰੁਪਏ ਪਰਿਵਾਰ ਨੂੰ ਦੇ ਦਿੰਦੇ ਤਾਂ ਸ਼ਾਇਦ ਲਵਪ੍ਰੀਤ ਦੀ ਜਾਨ ਬਚ ਸਕਦੀ ਸੀ।