ਛਪਾਰ ਮੇਲੇ ‘ਤੇ ਅਕਾਲੀਆਂ ਤੇ ਕਾਂਗਰਸੀਆਂ ਦਾ ਸਿਆਸੀ ਅਖਾੜਾ

ਕਾਨਫਰੰਸ ਦੌਰਾਨ ਜੰਮ ਕੇ ਦੂਸ਼ਣਬਾਜ਼ੀ
ਲੁਧਿਆਣਾ: ਪੰਜਾਬ ਦੇ ਇਤਿਹਾਸਕ ਛਪਾਰ ਮੇਲੇ ਵਿਚ ਅਕਾਲੀ ਦਲ ਤੇ ਕਾਂਗਰਸ ਦੀ ਸਿਆਸੀ ਕਾਨਫਰੰਸ ਦੌਰਾਨ ਜੰਮ ਕੇ ਦੂਸ਼ਣਬਾਜ਼ੀ ਕੀਤੀ ਗਈ। ਸੱਤਾਧਾਰੀ ਕਾਂਗਰਸ ਪਾਰਟੀ, ਸ਼੍ਰੋਮਣੀ ਅਕਾਲੀ ਦਲ ਬਾਦਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਆਮ ਆਦਮੀ ਪਾਰਟੀ, ਲੋਕ ਇਨਸਾਫ ਪਾਰਟੀ, ਕਮਿਊਨਿਸਟ ਪਾਰਟੀਆਂ, ਕਿਰਤੀ ਕਿਸਾਨ ਵੈੱਲਫੇਅਰ ਸੁਸਾਇਟੀ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਨੇ ਕਾਨਫਰੰਸਾਂ ਸਮੇਂ ਇਕ ਦੂਸਰੇ ਨੂੰ ਘੇਰਿਆ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਸਰਕਾਰ ‘ਤੇ ਹੜ੍ਹ ਪੀੜਤਾਂ ਨੂੰ ਕੋਈ ਮਦਦ ਨਾ ਪਹੁੰਚਾਉਣ ਦਾ ਇਲਜ਼ਾਮ ਲਾਇਆ। ਉਧਰ, ਕਾਂਗਰਸ ਨੇ ਮੋਦੀ ਸਰਕਾਰ ਉਤੇ ਆਰਥਿਕ ਮੰਦੀ ਨੂੰ ਲੈ ਕੇ ਹਮਲਾ ਬੋਲਿਆ। ਕਾਂਗਰਸ ਦੀ ਸਿਆਸੀ ਕਾਨਫਰੰਸ ਵਿਚ ਵਿਧਾਨ ਸਭਾ ਦਾਖਾ ਵਿਚ ਉਪ ਚੋਣਾਂ ਸਮੇਤ ਸੂਬੇ ਦੇ ਕਈ ਗੰਭੀਰ ਮੁੱਦੇ ਵਿਚਾਰੇ ਗਏ। ਇਸ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਆਪ ਹੜ੍ਹ ਪੀੜਤ ਇਲਾਕਿਆਂ ਵਿਚ ਜਾ ਕੇ ਆਏ ਹਨ ਪਰ ਉਥੇ ਸਰਕਾਰ ਨੇ ਕਿਸੇ ਨੂੰ ਵੀ ਮਦਦ ਨਹੀਂ ਪਹੁੰਚਾਈ। ਦਾਖਾ ਵਿਧਾਨ ਸਭਾ ਸੀਟ ਲਈ ਉਨ੍ਹਾਂ ਆਮ ਆਦਮੀ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਇਸ ਵਾਰ ਫਿਰ ਮੂੰਹ ਦੀ ਖਾਣੀ ਪਏਗੀ। ਇਸ ਤੋਂ ਇਲਾਵਾ ਬਿਕਰਮ ਮਜੀਠੀਆ ਨੇ ਵੀ ਇਲਜ਼ਾਮ ਲਾਇਆ ਕਿ ਕਾਂਗਰਸ ਸਰਕਾਰ ਨੇ ਸੂਬੇ ਨੂੰ ਆਈ.ਸੀ.ਯੂ. ਦੀ ਸਥਿਤੀ ਵਿਚ ਲਿਆ ਕੇ ਰੱਖ ਦਿੱਤਾ ਹੈ। ਕਾਂਗਰਸ ਵੱਲੋਂ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਦਾਖਾ ਵਿਧਾਨ ਸਭਾ ਖੇਤਰ ਵਿਚ ਉਪ ਚੋਣਾਂ ਲਈ ਉਹ ਬਿਲਕੁਲ ਤਿਆਰ ਹਨ।
ਸਿੱਧੂ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਨੂੰ ਹਰ ਪੱਖੋਂ ਕੰਗਾਲ ਕਰਕੇ ਸੂਬੇ ਦੀ ਆਰਥਿਕਤਾ ਨੂੰ ਵੱਡੀ ਸੱਟ ਮਾਰੀ ਤੇ ਸੂਬੇ ਨੂੰ ਕੰਗਾਲ ਕਰਕੇ ਕਾਂਗਰਸ ਸਰਕਾਰ ਹਵਾਲੇ ਕੀਤਾ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਉਸਾਰੂ ਉਪਰਾਲੇ ਕਰਕੇ ਸੂਬੇ ਨੂੰ ਮੁੜ ਲੀਹਾਂ ‘ਤੇ ਲੈ ਆਂਦਾ ਹੈ। ਕੈਬਨਿਟ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪ੍ਰਾਈਵੇਟ ਲਿਮਟਿਡ ਕੰਪਨੀ ਦਾ ਖਿਤਾਬ ਦਿੰਦਿਆਂ ਕਿਹਾ ਕਿ ਬਾਦਲ ਪਰਿਵਾਰ ਨੇ ਸੂਬੇ ਨੂੰ ਰੱਜ ਕੇ ਲੁੱਟਿਆ ਹੈ। ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ ਮੌਜੂਦਾ ਸਰਕਾਰ ਤੇ ਕਾਂਗਰਸ ਪਾਰਟੀ ਨੂੰ ਪੰਜਾਬ ‘ਚ ਹਰ ਫਰੰਟ ‘ਤੇ ਪੂਰੀ ਤਰ੍ਹਾਂ ਫੇਲਖ਼ ਕਰਾਰ ਦਿੱਤਾ। ਉਨ੍ਹਾਂ ਕਿਹਾ ਲੋਕਾਂ ਦੀ ਆਵਾਜ਼ ਕਹਿਲਾਉਣ ਦੇ ਦਾਅਵੇ ਕਰਨ ਵਾਲੀ ਪੰਜਾਬ ਕਾਂਗਰਸ ਸਿਰਫ ਸੋਨੀਆ ਦੀ ਆਵਾਜ਼ ਬਣ ਕੇ ਰਹਿ ਗਈ ਹੈ।
ਸੁਖਬੀਰ ਨੇ ਕਿਹਾ ਲੋਕਾਂ ਦੀ ਆਵਾਜ਼ ਅਕਾਲੀ ਦਲ ਪਾਰਟੀ ਹੈ, ਜਿਸ ਨੇ ਆਪਣੇ ਰਾਜ ਦੌਰਾਨ ਸੂਬੇ ਦਾ ਤੇ ਹਰ ਵਰਗ ਦੇ ਲੋਕਾਂ ਲਈ ਸਭ ਤੋਂ ਵੱਧ ਭਲਾਈ ਸਕੀਮਾਂ ਲਿਆਂਦੀਆਂ। ਉਨ੍ਹਾਂ ਕਿਹਾ ਕਿ ਵਰਕਰਾਂ ਨੇ ਹਰ ਚੋਣ ‘ਚ ਸਰਕਾਰੀ ਜਬਰ ਦਾ ਡੱਟ ਕੇ ਮੁਕਾਬਲਾ ਕੀਤਾ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਅਕਾਲੀ ਦਲ ਆਉਣ ਵਾਲੀ ਹਲਕਾ ਦਾਖਾ ਤੋਂ ਜ਼ਿਮਨੀ ਚੋਣ ਭਾਰੀ ਬਹੁਮਤ ਨਾਲ ਜਿੱਤੇਗਾ।
_________________________
ਕਾਂਗਰਸ ਤੇ ਅਕਾਲੀਆਂ ਨੇ ਪੰਜਾਬ ਨੂੰ ਰਲ ਕੇ ਲੁੱਟਿਆ: ਭਗਵੰਤ ਮਾਨ
ਡੇਹਲੋਂ: ਮੇਲਾ ਛਪਾਰ ਵਿਖੇ ਆਮ ਆਦਮੀ ਪਾਰਟੀ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਭਗਵੰਤ ਸਿੰਘ ਮਾਨ ਨੇ ਕਾਂਗਰਸ ਤੇ ਅਕਾਲੀਆਂ ਤੇ ਤਿੱਖੇ ਸ਼ਬਦਾਂ ਨਾਲ ਹਮਲਾ ਕਰਦਿਆਂ ਕਿਹਾ ਕਿ ਦੋਨਾਂ ਪਾਰਟੀਆਂ ਨੇ ਅੱਜ ਤੱਕ ਪੰਜਾਬ ਅੰਦਰ ਵੱਡੇ ਪੱਧਰ ‘ਤੇ ਲੁੱਟ ਖਸੁੱਟ ਕੀਤੀ ਹੈ, ਜਿਸ ਨਾਲ ਪੰਜਾਬ ਦਾ ਵੱਡਾ ਨੁਕਸਾਨ ਹੋਇਆ ਹੈ। ਇਸ ਮੌਕੇ ਵਿਰੋਧੀ ਧਿਰ ਦੇ ਆਗੂ ਵਿਧਾਇਕ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਅੰਦਰ ਮੌਜੂਦਾ ਸਰਕਾਰ ਹਰ ਫਰੰਟ ‘ਤੇ ਫੇਲਖ਼ ਹੋ ਚੁੱਕੀ ਹੈ ਤੇ ਸੂਬੇ ‘ਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ।