ਸੱਤਾ ਦੀ ਸੌੜੀ ਸਿਆਸਤ ਬਨਾਮ ਕਤਲੇਆਮਾਂ ਦਾ ਸਿਲਸਿਲਾ

ਮਜੀਦ ਸ਼ੇਖ
ਅੱਜ ਅਸੀਂ ਜਦੋਂ ਟੈਲੀਵਿਜ਼ਨ ਉਤੇ ਇਰਾਕ ਵਿਚ ਗਿਣ-ਮਿਥ ਕੇ ਹੋ ਰਹੇ ਕਤਲੇਆਮ ਜਾਂ ਨਸਲਕੁਸ਼ੀਆਂ ਦੇਖਦੇ ਹਾਂ ਤਾਂ ਇਸ ਤੋਂ ਬਿਨਾ ਹੋਰ ਕੁਝ ਨਹੀਂ ਸੋਚ ਸਕਦੇ। ਉਥੇ ਦਿਨ-ਰਾਤ ਲਗਾਤਾਰ ਅਜਿਹਾ ਚੱਲ ਰਿਹਾ ਹੈ ਤੇ ਅਸੀਂ ਮਹਿਜ਼ ਇਸ ਦੇ ਬੰਦ ਹੋਣ ਦੀ ਦੁਆ ਹੀ ਕਰ ਸਕਦੇ ਹਾਂ। ਜੋ ਕੁਝ ਫਲਸਤੀਨ ਵਿਚ ਹੋ ਰਿਹਾ ਹੈ, ਉਸ ਨੂੰ ਦੇਖਦਿਆਂ ਅਸੀਂ ਅਜਿਹੀਆਂ ਨਸਲਕੁਸ਼ੀਆਂ ਦੀ ਹੀ ਉਮੀਦ ਕਰ ਸਕਦੇ ਹਾਂ। ਕਤਲੇਆਮ ਤਾਂ ਕਤਲੇਆਮ ਹੈ। ਇਸ ਤੋਂ ਸਾਨੂੰ ਚੰਗੇਜ਼ ਖਾਨ ਦੀ ਯਾਦ ਆਉਂਦੀ ਹੈ ਜੋ ਅਜਿਹਾ ਬੰਦਾ ਸੀ ਜਿਸ ਨੇ ਤਕਰੀਬਨ 900 ਸਾਲ ਪਹਿਲਾਂ ਬਗਦਾਦ ਅਤੇ ਲਾਹੌਰ ਦੋਵਾਂ ਵਿਚ ਲੁੱਟਮਾਰ ਕੀਤੀ, ਵੱਡੇ ਪੱਧਰ ‘ਤੇ ਬਲਾਤਕਾਰ ਕੀਤੇ।

ਮੈਂ ਇਕ ਪੁਰਾਣੀ ਤੇ ਪਸੰਦੀਦਾ ਕਿਤਾਬ ‘ਸੈਵਨ ਪਿਲਰਜ਼ ਆਫ ਵਿਜ਼ਡਮ’ ਪੜ੍ਹ ਰਿਹਾ ਸਾਂ ਜਿਹੜੀ ਟੀ.ਈ. ਲਾਰੈਂਸ ਉਰਫ ਲਾਰੈਂਸ ਔਫ ਅਰੇਬੀਆ (ਅਰਬ ਦਾ ਲਾਰੈਂਸ) ਨੇ ਲਿਖੀ ਹੈ। ਇਹ ਉਹ ਬੰਦਾ ਸੀ ਜਿਸ ਨੇ ਅਰਬ ਖਿੱਤੇ ਅਤੇ ਅਰਬਾਂ ਦੀ ਤੇਲ ਦੀ ਦੌਲਤ ਨੂੰ ਬਰਤਾਨੀਆ ਦੇ ਹੱਥਾਂ ਵਿਚ ਸੌਂਪਿਆ। ਉਹ ਲਿਖਦਾ ਹੈ: “ਮੈਂ ਦਜਲਾ (ਟਿਗਰਿਸ) ਦਰਿਆ ਤੋਂ ਪਾਰ ਪੁੱਜਾ। ਮੇਰੇ ਨਾਲ ਡੈਵੋਨ ਟੈਰੀਟੋਰੀਅਲ (ਬਰਤਾਨਵੀ ਫੌਜ ਦੀ ਰੈਜੀਮੈਂਟ) ਦੇ 100 ਜਵਾਨ ਸਨ, ਦਲੇਰ ਤੇ ਬਾਂਕੇ ਜਵਾਨ। ਅਸੀਂ ਭਿਆਨਕ ਤੋਂ ਭਿਆਨਕ ਮੌਤ ਲਈ ਤਿਆਰ ਸਾਂ, ਜੰਗ ਜਿੱਤਣ ਲਈ ਨਹੀਂ ਸਗੋਂ ਇਸ ਲਈ ਕਿ ਮੱਕੀ ਤੇ ਚੌਲ ਅਤੇ ਮੈਸੋਪੋਟੇਮੀਆ ਦਾ ਤੇਲ ਸਾਡਾ ਹੋ ਜਾਵੇ।”
ਇਹ ਉਸ ਦਾ ਨਪਿਆ-ਤੁਲਿਆ ਵਿਚਾਰ ਸੀ, ਉਹ ਵਿਚਾਰ ਜਿਸ ਦੀ ਬਰਨਾਰਡ ਸ਼ਾਅ ਨੇ ਵੀ ਤਾਈਦ ਕੀਤੀ, ਅਜਿਹਾ ਵਿਚਾਰ ਜਿਸ ਲਈ ਸਥਾਪਤੀ ਨੇ ਕਦੇ ਵੀ ਟੀ.ਈ. ਲਾਰੈਂਸ ਨੂੰ ਮੁਆਫ ਨਹੀਂ ਕੀਤਾ। ਉਨ੍ਹਾਂ ਆਖਰ ਉਸ ਨੂੰ ‘ਬਹੁਤੀ ਹੀ ਗੰਦਾ ਹਮਜਿਨਸੀ’ ਕਰਾਰ ਦੇ ਦਿੱਤਾ ਅਤੇ ਕਰਾਚੀ ਸਥਿਤ ਹਵਾਈ ਅੱਡੇ ਉਤੇ ਭੇਜ ਦਿੱਤਾ ਪਰ ਲਾਰੈਂਸ ਬੇਪ੍ਰਵਾਹ ਕਿਸਮ ਦਾ ਇਨਸਾਨ ਸੀ, ਬੜਾ ਰੰਗੀਨ-ਮਿਜ਼ਾਜ ਤੇ ਇਸ ਮਕਸਦ ਲਈ ਕਿਤੇ ਵੀ ਤੁਰ ਜਾਂਦਾ, ਜਾਂ ਉਸ ਬਾਰੇ ਆਖਿਆ ਜਾ ਸਕਦਾ ਹੈ ਕਿ ਉਸ ਵਿਚ ਮਨੁੱਖ ਦੇ ਰੰਗੀਨ-ਮਿਜ਼ਾਜੀ ਵਾਲੇ ਪੱਖ ਦੇ ਵਧੀਆ ਅੰਸ਼ ਸਨ। ਉਹ ਕੋਈ ਨਾ ਕੋਈ ਬਹਾਨਾ ਲੱਭ ਕੇ ਹਵਾਈ ਬੇਸ ਤੋਂ ਉਡਾਰੀ ਮਾਰ ਜਾਂਦਾ ਤੇ ਪੁਰਾਣਾ ਖਸਤਾਹਾਲ ਜਿਹਾ ਹਵਾਈ ਜਹਾਜ਼ ਲੈ ਕੇ ਲਾਹੌਰ ਆਣ ਪੁੱਜਦਾ ‘ਜਿੱਥੇ ਜ਼ਿੰਦਗੀ ਸੰਵੇਦਨਸ਼ੀਲ ਤੇ ਵਧੀਆ ਸੀ ਅਤੇ ਮਰਦ ਤੇ ਔਰਤਾਂ ਸਮਝਦਾਰ ਤੇ ਸਿਆਣੇ ਸਨ’। ਉਹ ਗੜ੍ਹੀ ਸ਼ਾਹੂ ਵਿਖੇ ਆਕਸਫੋਰਡ ਦੇ ਆਪਣੇ ਪੁਰਾਣੇ ਦੋਸਤ ਕੋਲ ਰੁਕਦਾ ਤੇ ਬੇਪ੍ਰਵਾਹ ਹੋ ਕੇ ਮਰਜ਼ੀ ਮੁਤਾਬਿਕ ਸਮਾਂ ਬਿਤਾਉਂਦਾ।
ਲੋਕ-ਕਥਾਵਾਂ ਵਿਚ ਲਾਰੈਂਸ ਦੀ ਪਛਾਣ ਅਰਬ ਦੇ ਲਾਰੈਂਸ ਵਾਲੀ ਹੀ ਬਣੀ ਰਹੇਗੀ, ਅਜਿਹਾ ਵਿਅਕਤੀ ਜਿਸ ਨੇ ਅਰਬਾਂ ਦਾ ਤੇਲ ਹਥਿਆਉਣ ਲਈ ਅੰਨ੍ਹੇਵਾਹ ਲੜਾਈ ਲੜੀ। ਉਸ ਨੇ ਇਜ਼ਰਾਈਲ ਦੀ ਖਤਰਨਾਕ ਧਾਰਮਿਕ ‘ਕਲਪਨਾ’ ਦਾ ਮੁੱਢ ਬੰਨਿ੍ਹਆ ਜੋ ਅਜਿਹਾ ਜ਼ਾਲਮਾਨਾ ਵਿਚਾਰ ਸੀ ਜਿਸ ਨੇ ਸਮੁੱਚੇ ਲੋਕਾਂ ਨੂੰ ਖਤਰੇ ਵਿਚ ਪਾ ਦਿੱਤਾ। ਇਹ ਕਤਲੇਆਮ ਮਨੁੱਖੀ ਹੱਕਾਂ ਦੀ ਉਲੰਘਣਾ ਦੇ ਘੇਰੇ ਨੂੰ ਹੋਰ ਵਧਾਉਂਦਾ ਹੈ। ਮਨੁੱਖੀ ਲਾਲਚ ਦੀ ਕੋਈ ਹੱਦ ਨਹੀਂ ਹੁੰਦੀ ਪਰ ਜੇ ਲਾਰੈਂਸ ਲਾਹੌਰ ਆਇਆ ਸੀ, ਤਾਂ ਇੰਜ ਹੀ ਚੰਗੇਜ਼ ਖਾਨ ਆਇਆ ਸੀ; ਤੇ ਫਿਰ ਚੰਗੇਜ਼ ਖਾਨ ਬਗਦਾਦ ਵੀ ਗਿਆ ਤਾਂ ਕਿ ਉਹ ਉਥੋਂ ਦੀਆਂ ਸਾਰੀਆਂ ਕਿਤਾਬਾਂ ਅਤੇ ਗਿਆਨ ਭੰਡਾਰ ਨੂੰ ਸਾੜ ਕੇ ਸੁਆਹ ਕਰ ਸਕੇ। ਅਰਬ ਹਮੇਸ਼ਾਂ ਹੀ ਬਹੁਤ ਸਭਿਅਕ ਲੋਕ ਰਹੇ ਹਨ ਤੇ ਹਮਲਾਵਰਾਂ ਨੇ ਹਮੇਸ਼ਾਂ ਉਨ੍ਹਾਂ ਦਾ ਨੁਕਸਾਨ ਕੀਤਾ ਹੈ। ਅਰਬਾਂ ਨੂੰ ਹਰਾਉਣ ਦਾ ਇਕੋ ਤਰੀਕਾ ਸੀ ਕਿ ਉਨ੍ਹਾਂ ਦੀਆਂ ਕਿਤਾਬਾਂ ਸਾੜ ਦਿਉ। ਚੰਗੇਜ਼ ਖਾਨ ਨੇ ਇਹੋ ਕੁਝ ਲਾਹੌਰ ਵਿਚ ਕੀਤਾ।
ਚੰਗੇਜ਼ ਖਾਨ (1167-1227) ਦਾ ਅਸਲ ਨਾਂ ਤੇਮੂਜਿਨ ਸੀ ਜਿਸ ਦਾ ਜਨਮ ਮੰਗੋਲ ਸਰਦਾਰ ਯੇਸੂਕਾਈ ਦੇ ਘਰ ਹੋਇਆ। ਉਸ ਦਾ ਪਿਤਾ ਆਮੁਰ ਦਰਿਆ ਤੇ ਚੀਨ ਦੀ ਮਹਾਨ ਦੀਵਾਰ ਵਿਚਲੇ ਵੱਡੇ ਇਲਾਕੇ ਦਾ ਹਾਕਮ ਸੀ। ਤੇਮੂਜਿਨ ਮਹਿਜ਼ 13 ਸਾਲਾਂ ਦੀ ਉਮਰ ਵਿਚ ਆਪਣੇ ਪਿਤਾ ਦੇ ਜਾਨਸ਼ੀਨ ਵਜੋਂ ਕਬਾਇਲੀ ਸਰਦਾਰ ਬਣਿਆ। ਸਾਲ 1206 ਤੱਕ ਤੇਮੂਜਿਨ ਤਕਰੀਬਨ ਸਾਰੇ ਮੰਗੋਲੀਆ ‘ਤੇ ਕਬਜ਼ਾ ਕਰ ਚੁੱਕਾ ਸੀ। ਉਸੇ ਸਾਲ ਅਧੀਨ ਕਬੀਲਿਆਂ ਦੀ ਇਕ ਇਕੱਤਰਤਾ ਵਿਚ ਉਸ ਨੂੰ ਚੰਗੇਜ਼ ਖਾਨ ਦਾ ਖਿਤਾਬ ਦਿੱਤਾ ਗਿਆ (ਇਹ ਚੀਨੀ ਭਾਸ਼ਾ ਦੇ ਸ਼ਬਦਾਂ ‘ਚੇਂਗ-ਜ਼ੇ’ ਭਾਵ ‘ਸ਼ਾਨਦਾਰ ਲੜਾਕਾ’ ਅਤੇ ਤੁਰਕ ਭਾਸ਼ਾ ਦੇ ‘ਖਾਨ’ ਭਾਵ ‘ਮਾਲਕ’ ਤੋਂ ਬਣਿਆ)। ਉਹ ਇਕਜੁੱਟ ਮੰਗੋਲਾਂ ਅਤੇ ਤਾਤਾਰ ਕਬੀਲਿਆਂ ਦਾ ਆਗੂ ਸੀ। ਕਰਾਕੋਰਮ ਸ਼ਹਿਰ ਨੂੰ ਉਸ ਦੀ ਰਾਜਧਾਨੀ ਬਣਾਇਆ ਗਿਆ (ਇਹ ਸ਼ਹਿਰ ਮੰਗੋਲੀਆ ਦੇ ਓਵੋਰਖਾਨਗਈ ਸੂਬੇ ਵਿਚ ਸੀ ਜੋ ਹੁਣ ਤਬਾਹ ਹੋ ਚੁੱਕਾ ਹੈ)।
ਚੰਗੇਜ਼ ਖਾਨ ਨੇ ਫਿਰ ਚੀਨ ‘ਤੇ ਹੱਲਾ ਬੋਲਿਆ ਅਤੇ 1208 ਤੱਕ ਉਸ ਨੇ ਮਹਾਨ ਦੀਵਾਰ ਦੇ ਅੰਦਰ ਪੈਰ ਜਮਾ ਲਏ। 1213 ਤੱਕ ਉਸ ਦੀਆਂ ਫੌਜਾਂ ਨੇ ਦੱਖਣ ਤੇ ਪੱਛਮ ਵਲ ਚੜ੍ਹਾਈਆਂ ਕੀਤੀਆਂ। ਇਹ ਇਲਾਕਾ ਜੁਚੇਨ ਚਿਨ ਸ਼ਾਹੀ ਖਾਨਦਾਨ (1122-1234) ਦੇ ਕਬਜ਼ੇ ਹੇਠ ਸੀ। ਚੰਗੇਜ਼ ਦੀ ਇਹ ਜੇਤੂ ਮੁਹਿੰਮ ਸ਼ਾਨਤੁੰਗ ਪ੍ਰਾਇਦੀਪ ਤੱਕ ਪੁੱਜਣ ਤੱਕ ਜਾਰੀ ਰਹੀ। ਉਸ ਦੀਆਂ ਫੌਜਾਂ ਨੇ 1215 ਵਿਚ ਯੇਨਕਿੰਗ (ਹੁਣ ਪੇਈਚਿੰਗ) ਉਤੇ ਕਬਜ਼ਾ ਕਰ ਲਿਆ ਜਿਹੜਾ ਉਤਰੀ ਚੀਨ ਵਿਚ ਚਿਨ ਖਾਨਦਾਨ ਦਾ ਬਚਿਆ ਆਖਰੀ ਗੜ੍ਹ ਸੀ। ਫਿਰ 1218 ਵਿਚ ਕੋਰਿਆਈ ਪ੍ਰਾਇਦੀਪ ਵੀ ਮੰਗੋਲਾਂ ਦੇ ਕਬਜ਼ੇ ਵਿਚ ਆ ਗਿਆ।
ਚੰਗੇਜ਼ ਖਾਨ ਨੇ 1219 ਵਿਚ ਕੁਝ ਮੰਗੋਲ ਵਪਾਰੀਆਂ ਦੇ ਕਤਲਾਂ ਦਾ ਬਦਲਾ ਲੈਣ ਦੇ ਨਾਂ ‘ਤੇ ਆਪਣੀਆਂ ਫੌਜਾਂ ਦੀਆਂ ਮੁਹਾਰਾਂ ਪੱਛਮ ਵਲ ਮੋੜ ਦਿੱਤੀਆਂ। ਅਸਲ ਵਿਚ ਅਜਿਹੇ ਕਤਲ ਤਾਂ ਮਹਿਜ਼ ਹਮਲਾ ਕਰਨ ਦੇ ਆਮ ਬਹਾਨੇ ਹੁੰਦੇ ਸਨ ਤੇ ਕਈ ਵਾਰ ਇਹ ਮਿਥ ਕੇ ਕਰਵਾਏ ਜਾਂਦੇ ਸਨ। ਉਸ ਨੇ ਤੇਜ਼ੀ ਨਾਲ ਅੱਗੇ ਵਧਦਿਆਂ ਤੁਰਕ ਸਾਮਰਾਜ ਦੇ ਵੱਡੇ ਹਿੱਸੇ ਉਤੇ ਕਬਜ਼ਾ ਜਮਾ ਲਿਆ ਜਿਸ ਵਿਚ ਮੌਜੂਦਾ ਇਰਾਨ, ਇਰਾਕ ਅਤੇ ਸਾਰਾ ਤੁਰਕਿਸਤਾਨ ਸ਼ਾਮਲ ਸੀ (ਤੁਰਕਿਸਤਾਨ, ਭਾਵ ਮੱਧ ਏਸ਼ੀਆ ਦਾ ਉਹ ਇਲਾਕਾ ਜਿਹੜਾ ਉਤਰ ਵਿਚ ਰੂਸ ਦੇ ਸਾਇਬੇਰੀਆ, ਪੂਰਬ ਵਿਚ ਗੋਬੀ ਰੇਗਿਸਤਾਨ, ਪੱਛਮ ਵਿਚ ਕੈਸਪੀਅਨ ਸਾਗਰ ਅਤੇ ਦੱਖਣ ਵਿਚ ਇਰਾਨ, ਅਫਗਾਨਿਤਸਾਨ ਤੇ ਤਿੱਬਤ ਦਰਮਿਆਨ ਪੈਂਦਾ ਹੈ। ਇਸ ਵਿਚ ਮੁੱਖ ਤੌਰ ‘ਤੇ ਕਜ਼ਾਖਸਤਾਨ, ਤੁਰਕਮੇਨਿਸਤਾਨ, ਤਾਜਿਕਸਤਾਨ, ਉਜ਼ਬੇਕਿਸਤਾਨ, ਕਿਰਗਿਜ਼ਸਤਾਨ ਤੋਂ ਇਲਾਵਾ ਅਫਗਾਨਿਸਤਾਨ, ਚੀਨ ਤੇ ਰੂਸ ਦੇ ਸਾਇਬੇਰੀਆ ਦੇ ਕੁਝ ਇਲਾਕੇ ਆਉਂਦੇ ਹਨ)।
ਮੰਗੋਲ ਧਾੜਵੀਆਂ ਨੇ ਪੂਰੇ ਇਲਾਕੇ ਵਿਚ ਖੂਬ ਲੁੱਟ ਮਚਾਈ ਅਤੇ ਕਤਲੇਆਮ ਮਚਾਉਂਦਿਆਂ ਬੁਖਾਰਾ ਤੇ ਸਮਰਕੰਦ ਵਰਗੇ ਸ਼ਹਿਰਾਂ ਵਿਚ ਲਾਸ਼ਾਂ ਦੇ ਢੇਰ ਲਾ ਦਿੱਤੇ। ਫਿਰ ਉਸ ਨੇ ਭਾਰਤ ਵਲ ਰੁਖ ਕਰਦਿਆਂ ਪਿਸ਼ਾਵਰ ਤੇ ਲਾਹੌਰ ਨੂੰ ਵੀ ਫਤਹਿ ਕਰ ਲਿਆ। ਲਾਹੌਰ ਵਿਚ ਉਸ ਨੇ ਉਹੋ ਰਸਮ ਦੁਹਰਾਈ ਜਿਹੜੀ ਪਹਿਲਾਂ ਬਗਦਾਦ ਵਿਚ ਕੀਤੀ ਗਈ। ਉਸ ਨੇ ਹੁਕਮ ਦਿੱਤਾ ਕਿ ਮਰਦਾਂ ਦੇ ਕਤਲੇਆਮ ਅਤੇ ਔਰਤਾਂ ਦੀ ਪੱਤ ਲੁੱਟਣ ਤੋਂ ਪਹਿਲਾਂ ਲਾਹੌਰ ਵਿਚ ਮੌਜੂਦ ਹਰ ਕਿਤਾਬ ਨੂੰ ਅੱਗ ਵਿਚ ਸਾੜ ਦਿੱਤਾ ਜਾਵੇ। ਚੰਗੇਜ਼ ਖਾਨ ਵਰਗੇ ਹੀ ਦੋ ਹੋਰ ਹਮਲਾਵਰਾਂ ਤੈਮੂਰ ਲੰਗ ਤੇ ਬਾਬਰ ਨੇ ਵੀ ਲਾਹੌਰ ਨਾਲ ਇੰਜ ਹੀ ਕੀਤੀ। ਵਕਤ ਬੀਤਣ ਨਾਲ ਵੀ ਹਮਲਾਵਰਾਂ ਵਿਚ ਬਹੁਤਾ ਫਰਕ ਨਹੀਂ ਆਉਂਦਾ ਪਰ ਇਹ ਭਾਵੇਂ ਲਾਰੈਂਸ ਹੋਵੇ ਜਿਸ ਨੇ ਤੁਰਕਾਂ ਨੂੰ ਭਜਾ ਕੇ ਅਰਬ ਨੂੰ ਸਾਊਦਾਂ ਜਾਂ ਰਾਜਸ਼ਾਹੀ ਦੇ ਹਵਾਲੇ ਕੀਤਾ ਅਤੇ ਭਾਵੇਂ ਚੰਗੇਜ਼ ਖਾਨ ਹੋਵੇ ਜਿਸ ਨੇ ਮਹਿਜ਼ ਇਸ ਕਾਰਨ ਬਗਦਾਦ ਤੇ ਲਾਹੌਰ ਨੂੰ ਤਬਾਹ ਕੀਤਾ, ਕਿਉਂਕਿ ਉਹ ਕਿਤਾਬਾਂ ਅਤੇ ਸਭਿਆ ਸਮਾਜ ਨੂੰ ਆਪਣੇ ਜਿਊਣ-ਢੰਗ ਲਈ ਖਤਰਾ ਸਮਝਦਾ ਸੀ। ਅਸੀਂ ਇਨ੍ਹਾਂ ਨੂੰ ਇਨ੍ਹਾਂ ਵਲੋਂ ਮਚਾਏ ਕਤਲੇਆਮਾਂ ਕਾਰਨ ਹੀ ਜਾਣਦੇ ਹਾਂ।
ਕਤਲੇਆਮ ਕਿਉਂਕਿ ਹੁੰਦੇ ਰਹਿਣਗੇ ਅਤੇ ਇਤਿਹਾਸ ਵਿਚ ਉਹ ਕਤਲੇਆਮਾਂ ਲਈ ਹੀ ਚੇਤੇ ਕੀਤੇ ਜਾਂਦੇ ਰਹਿਣਗੇ, ਰੈੱਡ ਇੰਡੀਅਨਾਂ, ਅਫਰੀਕਾ ਦੇ ਗ਼ੁਲਾਮਾਂ ਜਾਂ ਵੀਅਤਨਾਮ ਲਈ। ਬਹੁਤੇ ਲੋਕਾਂ ਨੂੰ ਜਾਪਦਾ ਸੀ ਕਿ ਬਗਦਾਦ ਤੋਂ ਬਾਅਦ ਸ਼ਾਇਦ ਕੋਈ ਨਵਾਂ ਚੰਗੇਜ਼ ਖਾਨ ਲਾਹੌਰ ਦਾ ਰੁਖ ਕਰੇ ਪਰ ਸਾਡੇ ਕੋਲ ਤਾਂ ਕੋਈ ਤੇਲ ਨਹੀਂ ਹੈ ਤੇ 14 ਕਰੋੜ ਪਾਕਿਸਤਾਨੀਆਂ ਦਾ ਕੋਈ ਕੀ ਕਰੇਗਾ? ਇਕ ਤਰ੍ਹਾਂ ਕੁਝ ਵੀ ਨਹੀਂ ਬਦਲੇਗਾ ਤੇ ਕਤਲੇਆਮ ਜਾਰੀ ਰਹਿਣਗੇ- ਸਿਰਫ ਤਰੀਕੇ ਹੋਰ ਸੁਧਰੇ ਹੋਣਗੇ ਤੇ ਸਪਸ਼ਟੀਕਰਨ ਵਧੇਰੇ ਨਰਮੀ ਵਾਲੇ। ਉਂਜ, ਅਮਰੀਕਾ ਦੇ ਮੂਲ ਵਾਸੀਆਂ – ਜਿਨ੍ਹਾਂ ਨੂੰ ਰੈੱਡ ਇੰਡੀਅਨ ਆਖਿਆ ਜਾਂਦਾ ਹੈ – ਵਿਚ ਆਖਿਆ ਜਾਂਦਾ ਹੈ: ‘ਮਿੱਠਬੋਲੜੇ ਮੱਕਾਰ ਦੋ-ਧਾਰੀ ਤਲਵਾਰ’। ਅਸੀਂ ਬਹੁਤ ਹੀ ਉਦਾਸੀ ਵਾਲੇ ਸਮੇਂ ਵਿਚ ਜੀਅ ਰਹੇ ਹਾਂ।