ਭਾਈ ਛੈਲਾ

ਭਾਈ ਛੈਲਾ ਦੀ ਪੈਦਾਇਸ਼ 13 ਦਸੰਬਰ 1895 ਨੂੰ ਮਾਝੇ ਦੀ ਧਰਤ ‘ਤੇ ਵੱਸੇ ਸ਼ਹਿਰ ਤਰਨ ਤਾਰਨ ਦੇ ਮੁਸਲਿਮ ਰਬਾਬੀ ਖਾਨਦਾਨ ਵਿਚ ਹੋਈ। ਜਵਾਨੀ ਦਾ ਬਹੁਤਾ ਸਮਾਂ ਪਟਿਆਲਾ ਗੁਜ਼ਾਰਨ ਸਦਕਾ ਉਸ ਦੇ ਨਾਮ ਪਿੱਛੇ ‘ਪਟਿਆਲਾ’ ਪੱਕੇ ਤੌਰ ‘ਤੇ ਜੁੜ ਗਿਆ। ਉਸ ਨੇ ਭਾਵੇਂ ਬਕਾਇਦਗੀ ਨਾਲ ਸੰਗੀਤ ਦੀ ਤਾਲੀਮ ਹਾਸਲ ਨਹੀਂ ਕੀਤੀ ਸੀ ਪਰ ਹਲਕੇ-ਫੁਲਕੇ ਲੋਕ ਗੀਤ ਗਾਉਣ ਸਦਕਾ ਉਹ ਹਰ ਵਰਗ ਦੇ ਲੋਕਾਂ ਵਿਚ ਹਰਦਿਲ ਅਜ਼ੀਜ਼ ਜ਼ਰੂਰ ਸੀ।

ਮਨਦੀਪ ਸਿੰਘ ਸਿੱਧੂ
ਫੋਨ: +91-97805-09545

ਸਾਂਝੇ ਪੰਜਾਬ ਦੇ ਦੋ ਮਸ਼ਹੂਰ ਲੋਕ ਗਵੱਈਆਂ ਦੀ 1930 ਦੌਰਾਨ ਪੰਜਾਬੀ ਅਤੇ ਹਿੰਦੀ ਸਿਨੇਮਾ ਵਿਚ ਆਮਦ ਹੋਈ। ਪਹਿਲਾ ਅੰਮ੍ਰਿਤਸਰ ਦੇ ਰਬਾਬੀਆਂ ਦਾ ਫਰਜ਼ੰਦ ਭਾਈ ਦੇਸਾ (1905-1973) ਅਤੇ ਦੂਜਾ ਸੀ ਪਟਿਆਲਾ ਦਰਬਾਰ ਦਾ ਖਾਸ ਗਵੱਈਆ ਭਾਈ ਛੈਲਾ ਪਟਿਆਲਾ ਵਾਲਾ। ਭਾਈ ਛੈਲਾ ਨੇ ਸਿਰਫ ਇਕੋ ਪੰਜਾਬੀ ਫਿਲਮ ਵਿਚ ਅਦਾਕਾਰੀ ਕੀਤੀ ਅਤੇ 7 ਹਿੰਦੀ ਫਿਲਮਾਂ ਦਾ ਸੰਗੀਤ ਤਿਆਰ ਕੀਤਾ। ਇਨ੍ਹਾਂ ਵਿਚੋਂ 3 ਫਿਲਮਾਂ ਵਿਚ ਆਪਣੀ ਅਦਾਕਾਰੀ ਦੀ ਨੁਮਾਇਸ਼ ਵੀ ਕੀਤੀ। ਫਿਲਮੀ ਦੁਨੀਆ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਭਾਈ ਛੈਲਾ ਸ਼ਬਦ ਕੀਰਤਨ, ਗਜ਼ਲਾਂ, ਮਜ਼ਾਹੀਆ ਗੀਤ, ਪੰਜਾਬੀ ਲੋਕ ਗੀਤ ਤੇ ਬੋਲੀਆਂ ਰਾਹੀਂ ਆਵਾਮ ਵਿਚ ਆਪਣੀ ਪੁਖਤਾ ਸ਼ਨਾਖਤ ਰੱਖਦਾ ਸੀ।
ਭਾਈ ਛੈਲਾ ਦੀ ਪੈਦਾਇਸ਼ 13 ਦਸੰਬਰ 1895 ਨੂੰ ਮਾਝੇ ਦੀ ਧਰਤ ‘ਤੇ ਵੱਸੇ ਸ਼ਹਿਰ ਤਰਨ ਤਾਰਨ ਦੇ ਮੁਸਲਿਮ ਰਬਾਬੀ ਖਾਨਦਾਨ ਵਿਚ ਹੋਈ। ਜਵਾਨੀ ਦਾ ਬਹੁਤਾ ਸਮਾਂ ਪਟਿਆਲਾ ਗੁਜ਼ਾਰਨ ਸਦਕਾ ਉਸ ਦੇ ਨਾਮ ਪਿੱਛੇ ‘ਪਟਿਆਲਾ’ ਪੱਕੇ ਤੌਰ ‘ਤੇ ਜੁੜ ਗਿਆ। ਉਸ ਨੇ ਭਾਵੇਂ ਬਕਾਇਦਗੀ ਨਾਲ ਸੰਗੀਤ ਦੀ ਤਾਲੀਮ ਹਾਸਲ ਨਹੀਂ ਕੀਤੀ ਸੀ ਪਰ ਹਲਕੇ-ਫੁਲਕੇ ਲੋਕ ਗੀਤ ਗਾਉਣ ਸਦਕਾ ਉਹ ਹਰ ਵਰਗ ਦੇ ਲੋਕਾਂ ਵਿਚ ਹਰਦਿਲ ਅਜ਼ੀਜ਼ ਜ਼ਰੂਰ ਸੀ। ਉਸ ਨੇ ਸ਼ਬਦ ਕੀਰਤਨ ਤਾਂ ਭਾਵੇਂ ਘੱਟ ਕੀਤਾ ਪਰ ਪੰਜਾਬੀ ਲੋਕ ਗੀਤ, ਮਜ਼ਾਹੀਆ ਗੀਤ, ਪੰਜਾਬੀ ਬੋਲੀਆਂ, ਗ਼ਜ਼ਲਾਂ (ਉਰਦੂ-ਪੰਜਾਬੀ) ਜ਼ਰੀਏ ਬੇਪਨਾਹ ਮਕਬੂਲੀਅਤ ਜ਼ਰੂਰ ਪਾਈ।
1920 ਦੇ ਦਹਾਕੇ ਵਿਚ ਉਸ ਦੀ ਦਿਲਕਸ਼ ਆਵਾਜ਼ ਦੇ ਚਰਚੇ ਰਿਆਸਤ ਪਟਿਆਲਾ ਤੋਂ ਲੈ ਕੇ ਅੰਮ੍ਰਿਤਸਰ, ਲਾਹੌਰ ਦੇ ਹਰ ਗਲੀ-ਬਾਜ਼ਾਰ ਵਿਚ ਸਨ। ਭਾਈ ਛੈਲਾ ਦੇ 1924-25 ਵਿਚ ਗਾਏ ਤੇ ਪੱਥਰ ਦੇ ਰਿਕਾਰਡਾਂ ‘ਚ ਆਏ ਇਹ ਮਸ਼ਹੂਰ ਜ਼ਮਾਨਾ ਪੰਜਾਬੀ ਲੋਕ ਗੀਤ, ਹਿੰਦੀ ਗੀਤ, ਮਜ਼ਾਹੀਆ ਗੀਤ ਤੇ ਗਜ਼ਲਾਂ ਦੇ ਖੂਬਸੂਰਤ ਬੋਲ ਹਨ ‘ਮੇਲ ਮਹਿਬੂਬ ਖੁਦਾ ਕਰਕੇ’ (ਪਹਾੜੀ) ਤੇ ‘ਹਾੜਾ ਨੀ ਵਿਚ ਪਟਿਆਲੇ ਸ਼ਹਿਰ ਦੇ ਸੋਹਣਾ ਯਾਰ ਨਜ਼ਰ ਨਾ ਆਵੇ’ (ਬੋਲੀਆਂ ਪੀ. 4703), ‘ਭਾਈ ਜੀ ਬਸਰੇ ਨੂੰ ਜਾਣ ਵਾਲਿਆ’ (ਗਿੱਧਾ ਭਾਈ ਜੀ) ਤੇ ‘ਭਲਾ ਭਲਾ ਬਦਨਾਮੀ ਸਾਰ ਜਗ ਦੀ’ (ਬੋਲੀਆਂ ਪੀ. 4376), ‘ਪ੍ਰੇਮ ਨਗਰ ਦੀਆਂ ਕੁੜੀਆਂ ਤਾਅਨੇ ਮਾਰਦੀਆਂ’ (ਮਾਂਡ), ‘ਚੂੜੇ ਵਾਲੀ ਬਾਂਹ ਕੱਢ ਕੇ’ (ਪਹਾੜੀ/ਪੀ. 4377), ‘ਘਰ ਪੱਖੀ ਦੀ ਲੋੜ ਢੋਲਾ ਮੇਰਾ’, ‘ਆ ਵੜ ਵਿਹੜੇ ਜੀਅ ਲੋਚਦਾ’ (ਪੀ. 4430), ‘ਘੱਗਰੇ ਵਿਚ ਪੈਣ ਘੁੰਮਰਾਂ’ ਤੇ ‘ਜੇ ਤੂੰ ਚੱਲੀਓਂ ਮੇਲੇ ਨੂੰ’ (ਬੋਲੀਆਂ/ਪੀ. 4578), ‘ਲੈ ਦੇ ਪਿਸ਼ੌਰੀ ਪੱਖੇ ਝਿੜਕਾਂ ਨਾ ਦੇਹ ਤੂੰ’, ‘ਨਾਗ ਇਸ਼ਕ ਵਾਲਾ ਡੰਗ ਨੀ ਗਿਆ’ ਆਦਿ ਸਨ।
ਭਾਈ ਛੈਲਾ ਦੀਆਂ ਹਿੰਦੀ ਗ਼ਜ਼ਲਾਂ ‘ਮੁਸਕਰਾਤੇ ਜਾਤੇ ਹੈਂ ਸਬ ਕੁਛ ਮੂੰਹ ਸੇ ਫਰਮਾਨੇ ਕੇ ਬਾਅਦ’ (ਗਜ਼ਲ/ ਪੀ. 5807), ‘ਤੋਹਮਤ ਤੁਮਹਾਰੇ ਇਸ਼ਕ ਕੀ ਹਮ ਪਰ ਲਗੀ ਹੂਈ’ (ਪੀ. 10548), ‘ਆਪਕੀ ਨਜ਼ਰ-ਏ-ਇਨਾਇਤ ਮੁਝ ਪਰ ਗਰ ਹੋ ਜਾਏਗੀ’ (ਪੀ. 6309), ‘ਮਜੇ ਕੇ ਦਿਨ ਹੈਂ ਤੁਮਹਾਰੇ’ (ਐਫ.ਟੀ. 436), ‘ਤੋਬਾ ਅੰਧੇਰੀ ਰਾਤ ਮੇਂ’ (ਪੀ. 7013) ਆਦਿ ਭਾਈ ਛੈਲਾ ਦੀ ਦਿਲਕਸ਼ ਆਵਾਜ਼ ਦਾ ਸ਼ਾਹਕਾਰ ਹਨ। ਖਾਮੋਸ਼ ਫਿਲਮਾਂ ਤੋਂ ਬਾਅਦ ਜਦੋਂ ਬੋਲਦੀਆਂ ਫਿਲਮਾਂ ਦਾ ਦੌਰ ਸ਼ੁਰੂ ਹੋਇਆ ਤਾਂ ਫਿਲਮਸਾਜ਼ਾਂ ਨੇ ਅਜਿਹੇ ਚਿਹਰਿਆਂ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਜੋ ਅਦਾਕਾਰੀ ਦੇ ਨਾਲ-ਨਾਲ ਗਾਉਣ ਵਿਚ ਵੀ ਮੁਹਾਰਤ ਰੱਖਦੇ ਸਨ। ਪੰਜਾਬੀ ਫਿਲਮਾਂ ਵਿਚ ਸਭ ਤੋਂ ਪਹਿਲਾਂ ਇਹ ਖੂਬਸੂਰਤ ਮੌਕਾ ਮਿਲਿਆ ਭਾਈ ਦੇਸਾ, ਭਾਈ ਛੈਲਾ ਤੇ ਮਿਸ ਖੁਰਸ਼ੀਦ ਬਾਨੋ ਨੂੰ ਕਿਉਂਕਿ ਤਿੰਨੋਂ ਉਸ ਵੇਲੇ ਪੰਜਾਬੀ ਲੋਕ ਮੌਸੀਕੀ ਦੇ ਅੰਬਰ ‘ਤੇ ਛਾਏ ਹੋਏ ਸਨ। ਹਿੰਦਮਾਤਾ ਸਿਨੇਟੋਨ ਕੰਪਨੀ, ਬੰਬਈ ਨੇ ਜਦੋਂ ਸਰਜ਼ਮੀਨ ਪੰਜਾਬ ਦੇ ਮਸ਼ਹੂਰ ਇਸ਼ਕੀਆ ਅਫਸਾਨੇ ‘ਮਿਰਜ਼ਾ ਸਾਹਿਬਾਂ’ ‘ਤੇ ਸਾਂਝੇ ਪੰਜਾਬ ਦੀ ਪਹਿਲੀ ਬੋਲਦੀ ਪੰਜਾਬੀ ਫੀਚਰ ਫਿਲਮ ‘ਇਸ਼ਕ-ਏ-ਪੰਜਾਬ’ ਉਰਫ ‘ਮਿਰਜ਼ਾ-ਸਾਹਿਬਾਂ’ (1935) ਬਣਾਈ ਤਾਂ ‘ਮਿਰਜ਼ਾ’ ਦੇ ਕਿਰਦਾਰ ਲਈ ਭਾਈ ਦੇਸਾ ‘ਅੰਮ੍ਰਿਤਸਰੀ’, ਮਿਸ ਖੁਰਸ਼ੀਦ ਨੂੰ ‘ਸਾਹਿਬਾਂ’ ਅਤੇ ਭਾਈ ਛੈਲਾ ਨੂੰ ਵੀ ਅਹਿਮ ਭੂਮਿਕਾ ਨਿਭਾਉਣ ਨੂੰ ਦਿੱਤੀ। ਫਿਲਮ ਦਾ ਸੰਗੀਤ ਪ੍ਰੋਫੈਸਰ ਨਵਾਬ ਖਾਨ ਨੇ ਤਾਮੀਰ ਕੀਤਾ। ਇਹ ਫਿਲਮ 29 ਮਾਰਚ 1935 ਨੂੰ ਨਿਰੰਜਨ ਟਾਕੀਜ਼, ਲਾਹੌਰ ਵਿਖੇ ਨੁਮਾਇਸ਼ ਹੋਈ। ਇਸ ਫਿਲਮ ਨੇ ਪੰਜਾਬੀ ਸਿਨਮਾ ਦੀ ਮਜ਼ਬੂਤ ਬੁਨਿਆਦ ਰੱਖ ਦਿੱਤੀ ਸੀ, ਜਿਸ ‘ਤੇ ਖਲੋਤਾ ਪੰਜਾਬੀ ਸਿਨਮਾ ਅੱਜ ਸਫਲਤਾ ਦੀ ਬੁਲੰਦ ਪਰਵਾਜ਼ ਭਰ ਰਿਹਾ ਹੈ।
ਇਸ ਫਿਲਮ ਵਿਚ ਕਿਰਦਾਰਨਿਗਾਰੀ ਕਰਨ ਤੋਂ ਬਾਅਦ ਭਾਈ ਛੈਲਾ ਫਿਲਮਾਂ ਦੇ ਵੱਡੇ ਮਰਕਜ਼ ਬੰਬੇ ਟੁਰ ਗਿਆ। ਉਥੇ ਉਸ ਨੇ ਸ਼ਕਤੀ ਮੂਵੀਟੋਨ, ਬੰਬਈ ਦੀ ਚੂੰਨੀ ਲਾਲ ਪਾਰਿਖ ਨਿਰਦੇਸ਼ਿਤ ਪੌਰਾਣਿਕ ਫਿਲਮ ‘ਸਤੀ ਤੋਰਲ’ (1935) ਵਿਚ ਪਹਿਲੀ ਵਾਰ ਕਿਸੇ ਹਿੰਦੀ ਫਿਲਮ ਦਾ ਸੰਗੀਤ ਤਿਆਰ ਕੀਤਾ। ਮੁਣਸ਼ੀ ‘ਸ਼ਾਮ’ ਦੇ ਲਿਖੇ 12 ਗੀਤਾਂ ‘ਚੋਂ ਚੰਦ ਗੀਤਾਂ ਦੇ ਬੋਲ ਹਨ: ‘ਜਨਮ ਸੁਧਾਰ ਲੋ ਮੇਰੇ ਸਾਧੂ ਭਜ ਲੋ ਹਰੀ’, ‘ਤਾਰੇ ਗਿਨਤੇ ਹੀ ਗਿਨਤੇ ਸਹਰ ਹੋ ਗਈ’, ‘ਕੁਛ ਤੋ ਮੁਖ ਸੇ ਬੋਲੋ ਰੇ’, ‘ਮੁਝਸੇ ਰੂਠੀ ਹੈ ਮੇਰੀ ਤਕਦੀਰ ਭੀ ਸੱਯਾਦ ਭੀ’, ‘ਸਦਗੁਰੂ ਮਿਲ ਗਏ ਸਭ ਹੀ ਸੰਸ਼ਯ ਟਲ ਗਏ’ ਆਦਿ। ਫਿਲਮ ਦੇ ਕੇਂਦਰੀ ਕਿਰਦਾਰਾਂ ਵਜੋਂ ਆਸ਼ਾਲਤਾ ਨੇ ‘ਸਤੀ’ ਦਾ ਅਤੇ ਭਵਾਨੀ ਸ਼ੰਕਰ ਨੇ ‘ਜੇਸਲ’ ਦਾ ਕਿਰਦਾਰ ਅਦਾ ਕੀਤਾ।
ਇਸੇ ਬੈਨਰ ਦੀ ਹੀ ਐਸ.ਐਫ. ਹਸਨੈਨ ਨਿਰਦੇਸ਼ਿਤ ਦੂਜੀ ਫਿਲਮ ‘ਸਜੀਵ ਮੂਰਤੀ’ ਉਰਫ ‘ਦਿਸ ਇਜ਼ ਲਾਈਫ’ (1935) ‘ਚ ਇਕ ਵਾਰ ਫਿਰ ਭਾਈ ਛੈਲਾ ਸੰਗੀਤਕਾਰ ਅਤੇ ਅਦਾਕਾਰ ਵਜੋਂ ਆਪਣੇ ਫਨ ਦੀ ਨੁਮਾਇਸ਼ ਕਰ ਰਿਹਾ ਸੀ। ਹੋ ਸਕਦਾ ਹੈ ਕਿ ਇਸ ਫਿਲਮ ਵਿਚ ਉਸ ਨੇ ਗੀਤ ਵੀ ਗਾਏ ਹੋਣ ਪਰ ਗੀਤਾਂ ਦੇ ਗਾਇਕਾਂ ਦਾ ਕੋਈ ਹਵਾਲਾ ਨਹੀਂ ਮਿਲਦਾ। ਫਿਲਮ ਵਿਚ ਕੁਲ 8 ਗੀਤ ਸਨ: ‘ਜ਼ਖਮੋਂ ਸੇ ਕਲੇਜੇ ਕੋ ਭਰ ਦੋ’, ‘ਤਾਰੋਂ ਕੀ ਚਮਕ ਸੋ ਗਈ ਚਾਂਦ ਊਂਘ ਰਹਾ’, ‘ਪ੍ਰੇਮ ਕਲੀ ਮੁਰਝਾਏ ਰਹੀ’, ‘ਹੈ ਬਾਰੀ ਬਲਿਹਾਰੀ ਤੇਰੀ ਕੁਦਰਤ ਕੀ ਗੁਲਕਾਰੀ’ ਆਦਿ।
ਭਾਈ ਛੈਲਾ ਦੀ ਤੀਸਰੀ ਫਿਲਮ ਵੀ ਆਰ. ਸ਼ਰਮਾ ਦੀ ਹਿਦਾਇਤਕਾਰੀ ‘ਚ ਬਣੀ ਸਟੰਟ ਫਿਲਮ ‘ਆਜ਼ਾਦੀ’ ਉਰਫ ‘ਘੂੰਘਟ ਕੇ ਪਟ ਖੋਲ੍ਹ’ (1935) ਸੀ। ਫਿਲਮ ਵਿਚ ਭਾਈ ਛੈਲਾ ਨੇ ਅਦਾਕਾਰੀ ਕਰਨ ਦੇ ਨਾਲ-ਨਾਲ ਸੰਗੀਤ ਵੀ ਤਰਤੀਬ ਕੀਤਾ। ਹੋਰਨਾਂ ਫਨਕਾਰਾਂ ‘ਚ ਵਿਜੈ ਕੁਮਾਰ, ਐਸ. ਡੀ.ਕੇ. ਦਰਪਨ, ਫਤਿਹ ਸਿੰਘ, ਦੀਨਾ ਨਾਥ, ਨਾਜ਼ਨੀਨ ਬੇਗ਼ਮ, ਆਸ਼ਾ ਲਤਾ, ਨੂਰਜਹਾਂ, ਲੇਡੀ ਸੈਂਡੋ (ਮਿਸ ਗੌਹਰ), ਨੰਦ ਕਿਸ਼ੋਰ ਮਹਿਰਾ ਆਦਿ ਸ਼ਾਮਿਲ ਸਨ। ਪੈਰਾਮਾਊਂਟ ਕੰਪਨੀ, ਬੰਬਈ ਦੀ ਏ.ਐਮ. ਖਾਨ ਨਿਰਦੇਸ਼ਿਤ ਫਿਲਮ ‘ਬੰਸਰੀ ਬਾਲਾ’ ਉਰਫ ‘ਫੇਅਰੀ ਆਫ ਦਿ ਫਲੂਟ’ (1936) ‘ਚ ਭਾਈ ਛੈਲਾ ਸਹਾਇਕ ਅਦਾਕਾਰ ਦਾ ਪਾਰਟ ਨਿਭਾ ਰਿਹਾ ਸੀ, ਜਦਕਿ ਮੁੱਖ ਕਿਰਦਾਰ ਗੌਹਰ ਕਰਨਾਟਕੀ ਤੇ ਮਾਸਟਰ ਸ਼ੰਕਰ ਵਜ਼ਰੇ ਅਦਾ ਕਰ ਰਹੇ ਸਨ। ਸੰਗੀਤ ਦਾਮੋਦਰ ਸ਼ਰਮਾ ਤੇ ਮੰਜ਼ਰਨਾਮਾ ਕੀਕੂਭਾਈ ਦੇਸਾਈ ਅਤੇ ਗੀਤਾਂ ਦੀ ਤਾਦਾਦ 13 ਸੀ।
ਟੌਲੀਵੁੱਡ ਸਟੂਡੀਓ, ਕਲਕੱਤਾ ਦੀ ਨਾਨੂੰ ਭਾਈ ਦੇਸਾਈ ਨਿਰਦੇਸ਼ਿਤ ਫਿਲਮ ‘ਨਾਰੀ ਰਾਜ’ ਉਰਫ ‘ਮਿਸ ਕਲਕੱਤਾ’ (1936) ‘ਚ ਭਾਈ ਛੈਲਾ ਨੇ ਮਾਸਟਰ ਛੈਲਾ ਦੇ ਨਾਮ ਨਾਲ 19 ਗੀਤਾਂ ਦਾ ਸੰਗੀਤ ਦਿੱਤਾ। ਸਟਾਰ ਫਿਲਮਜ਼ ਕਲਕੱਤਾ ਦੀ ਸੋਰਾਬਜੀ ਕੇਰਾਵਾਲਾ ਨਿਰਦੇਸ਼ਿਤ ਫਿਲਮ ‘ਪ੍ਰੇਮ ਕੀ ਦੇਵੀ’ (1936) ਵਿਚ ਵੀ ਭਾਈ ਛੈਲਾ ਨੇ ਸੰਗੀਤ ਦਿੱਤਾ ਪਰ ਗੀਤਾਂ ਦੀ ਕੋਈ ਜਾਣਕਾਰੀ ਨਹੀਂ ਮਿਲ ਸਕੀ। ਫਿਲਮ ਵਿਚ ਹੀਰੋਇਨ ਦਾ ਪਾਰਟ ਰਾਣੀ ਪ੍ਰੇਮਲਤਾ ਤੇ ਹੀਰੋ ਦਾ ਰੋਲ ਸੋਰਾਬਜੀ ਕੇਰਾਵਾਲਾ ਅਦਾ ਕਰ ਰਿਹਾ ਸੀ। ਸਟਾਰ ਫਿਲਮਜ਼, ਕਲਕੱਤਾ ਦੀ ਸੋਰਾਬਜੀ ਡੀ. ਕੇਰਾਵਾਲਾ ਨਿਰਦੇਸ਼ਿਤ ਫਿਲਮ ‘ਮਿਸਟਰ 420’ (1937) ਬਤੌਰ ਸੰਗੀਤਕਾਰ ਭਾਈ ਛੈਲਾ ਦੀ ਆਖਰੀ ਫਿਲਮ ਸੀ ਜਿਸ ਵਿਚ ਉਨ੍ਹਾਂ ਨੇ 11 ਗੀਤਾਂ ਦਾ ਸੰਗੀਤ ਤਿਆਰ ਕੀਤਾ। ਅਨਵਰੀ ਤੇ ਸੋਰਾਬਜੀ ਕੇਰਾਵਾਲਾ ਦੀ ਮੁੱਖ ਭੂਮਿਕਾ ਵਾਲੀ ਇਸ ਫਿਲਮ ਵਿਚ ਕੇ. ਸਫੀਰ ਅਹਿਮਦ, ਅਕਬਰ ਪੇਸ਼ਾਵਰੀ, ਮੰਜ਼ਰ ਹੁਸੈਨ, ਆਗਾ ਅਲੀ ਤੇ ਇੰਦੂ ਬਾਲਾ ਨੇ ਵੀ ਅਹਿਮ ਕਿਰਦਾਰ ਨਿਭਾਏ।
1947 ਵਿਚ ਮੁਲਕ ਤਕਸੀਮ ਤੋਂ ਬਾਅਦ ਹੋਰਨਾਂ ਫਨਕਾਰਾਂ ਵਾਂਗ ਭਾਈ ਛੈਲਾ ਵੀ ਪਟਿਆਲਾ ਨੂੰ ਛੱਡ ਕੇ ਲਾਹੌਰ ਟੁਰ ਗਿਆ। ਉਹ ਥੋੜ੍ਹਾ ਸਮਾਂ ਰੇਡੀਓ ਪਾਕਿਸਤਾਨ ਪਿਸ਼ਾਵਰ ਵਿਚ ਰਬਾਬ ਵਜਾਉਂਦਾ ਰਿਹਾ। 10 ਜੁਲਾਈ, 1983 ਨੂੰ 88 ਸਾਲਾਂ ਦੀ ਉਮਰੇ ਭਾਈ ਛੈਲਾ ਲਾਹੌਰ ਵਿਚ ਇੰਤਕਾਲ ਫਰਮਾ ਗਿਆ। ਉਨ੍ਹਾਂ ਦਾ ਇਕ ਪੁੱਤਰ ਜਾਵੇਦ ਰੇਡੀਓ ਪਾਕਿਸਤਾਨ ਲਾਹੌਰ ਵਿਚ ਸੰਗੀਤਕਾਰ ਰਹਿ ਚੁੱਕਾ ਹੈ ਅਤੇ ਦੂਸਰਾ ਪੁੱਤਰ ਨਿਊ ਯਾਰਕ (ਅਮਰੀਕਾ) ਰਹਿੰਦਾ ਹੈ।